Monday, October 6, 2014

ਸੰਪਾਦਕ ਦੀ ਡਾਇਰੀ ਵਿੱਚੋਂ
ਸ਼ਹੀਦ ਬਲਦੇਵ ਮਾਨ ਨੂੰ ਯਾਦ ਕਰਦਿਆਂ
''ਸਾਡੇ ਦਿਲਾਂ ਵਿੱਚ ਹੋਰ ਵੀ ਬਾਰੂਦ ਭਰਦਾ ਜਾ ਰਿਹਾ''
8 ਅਕਤੂਬਰ ਦੀ ਸਵੇਰ! ਪੰਜਾਬ ਦੇ ਕੋਨੇ ਕੋਨੇ 'ਚੋਂ ਇਨਕਲਾਬੀ ਲਹਿਰ ਨਾਲ ਸਬੰਧਤ ਹਜਾਰਾਂ ਲੋਕ ਅੰਮ੍ਰਿਤਸਰ ਜਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਬੱਗਾ ਕਲਾਂ ਲਈ ਤੁਰਦੇ ਹਨ। ਖਾਲਸਤਾਨੀ ਬੁਰਸ਼ਾਗਰਦਾਂ ਦੇ ਖੂਨੀ ਵਾਰ ਦਾ ਨਿਸ਼ਾਨਾ ਬਣੇ ਆਪਣੇ ਇਨਕਲਾਬੀ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ, ਉਹਦੇ ਰਾਹ ਤੇ ਬੇਖੌਫ ਅੱਗੇ ਵਧਣ ਦਾ ਪ੍ਰਣ ਦੁਹਰਾਉਣ ਲਈ।
ਅੰਮ੍ਰਿਤਸਰ ਅਜਨਾਲਾ ਰੋਡ ਤੇ ਕੁੱਕੜਾਂ ਵਾਲੇ ਦੇ ਅੱਡੇ 'ਤੇ ਪ੍ਰੋਗਰਾਮ 'ਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਬੱਗਾ ਕਲਾਂ ਪਹੁੰਚਾਉਣ ਲਈ ਟਰਾਲੀਆਂ ਲਗਾਤਰ ਚੱਕਰ ਲਾ ਰਹੀਆਂ ਹਨ। ਕੁਕੜਾਂ ਵਾਲਾ ਤੋਂ ਬੱਗਾ ਕਲਾਂ ਤੱਕ ਥਾਂ ਥਾਂ ਦਾਤੀ ਹਥੌੜੇ ਵਾਲੇ ਲਾਲ ਝੰਡੇ ਝੁੱਲ ਰਹੇ ਹਨ। ਖਾਲਸਤਾਨੀ ਦਰਿੰਦਿਆਂ ਨੇ ਕਾਮਰੇਡ ਮਾਨ ਨੂੰ ਸ਼ਹੀਦ ਕਰਕੇ ਇਸ ਝੰਡੇ ਨੂੰ ਮਸਲ ਦੇਣਾ ਚਾਹਿਆ ਸੀ। ਪਰ ਉਹ ਤਾਂ ਪੂਰੀ ਸ਼ਾਨ ਝੁੱਲ ਰਹੇ ਹਨ! ਝੋਨੇ ਦੇ ਉਸ ਖੇਤ 'ਚ, ਜਿੱਥੇ ਕਾਮਰੇਡ ਮਾਨ ਖਾਲਸਤਾਨੀ ਦਹਿਸ਼ਤਗਰਦਾਂ ਦਾ ਨਿਹੱਥਿਆਂ ਸੂਰਮਗਤੀ ਨਾਲ ਟਾਕਰਾ ਕਰਦਾ ਸ਼ਹੀਦ ਹੋਇਆ, ਦੋ ਸੁਰਖ ਪਰਚਮ ਲਹਿਰਾ ਰਹੇ ਹਨ!! ਸ਼ਾਂਤ ਅਡੋਲ ਬੇਖੌਫ। ਜਿਵੇਂ ਮੁਸਕਰਾ ਕੇ ਕਹਿ ਰਹੇ ਹੋਣ ''ਸਾਡੀ ਹੋਂਦ ਇੰਜ ਨਹੀਂ ਮਿਟਦੀ''!
''ਸ਼ਹੀਦ ਸਾਥੀਆਂ ਦਾ ਪੈਗਾਮ ਜਾਰੀ ਰੱਖਣਾ ਹੈ ਸੰਗਰਾਮ।''
''ਲੋਕ ਘੋਲ ਨਾ ਥੰਮਣ੍ਹਗੇ -ਘਰ ਘਰ ਮਾਨ ਜੰਮਣਗੇ।''
ਟਰਾਲੀ 'ਤੇ ਜਾ ਰਿਹਾ ਨੌਜਵਾਨਾਂ ਦਾ ਕਾਫਲਾ ਆਪ ਮੁਹਾਰੇ ਹੀ ਰੋਹ ਭਰੀ ਆਵਾਜ 'ਚ ਹੁੰਗ੍ਹਾਰਾ ਭਰਦਾ ਹੈ। ਦੀਵਾਰਾਂ 'ਤੇ ਲਿਖੇ ਨਾਅਰੇ ਵੀ ਇਹੋ ਕਹਿ ਰਹੇ ਹਨ।
ਨੌਜਵਾਨਾਂ ਦੇ ਕਾਫਲੇ ਜਾ ਰਹੇ ਹਨ। ਆਪਣੇ ਸੂਰਬੀਰ ਸ਼ਹੀਦ ਦੀ ਯਾਦ 'ਚ ਜੁੜ ਬੈਠਣ ਲਈ। ਉਹਨਾਂ ਦੇ ਚਿਹਰੇ ਤਣੇ ਹੋਏ ਹਨ। ਇੱਕ ਭਾਵ ਭਰੀ ਅਜੀਬ ਚੁੱਪ ਸਾਰਿਆਂ ਦੇ ਬੁਲ੍ਹਾਂ 'ਤੇ ਛਾਈ ਹੋਈ ਹੈ। ਛੇਤੀ ਕੀਤੇ ਆਪਸ ਵਿੱਚ ਵੀ ਕੋਈ ਗੱਲਬਾਤ ਨਹੀਂ ਕਰ ਰਿਹਾ। ਇਸ ਚੁੱਪ ਪਿੱਛੇ ਕੀ ਕੁੱਝ ਖੌਲ ਰਿਹਾ ਹੈ। ਸਮੇਂ ਸਮੇਂ ਇਸ ਚੁੱਪ ਨੂੰ ਤੋੜਦੇ ਰੋਹ ਭਰੇ ਨਾਅਰੇ ਇਹਦੇ ਬਾਰੇ ਦਸਦੇ ਹਨ। ਪੂਰੇ ਵੇਗ ਨਾਲ ਧੁਰ ਅੰਦਰੋਂ ਫੁਟਦੇ ਨਾਅਰਿਆਂ ਦੀ ਗੂੰਜ ਤੇ ਫੇਰ ਗਹਿਰੀ ਖਾਮੋਸ਼ੀ! ਕਾ. ਮਾਨ ਇਸ ਗੂੰਜ ਤੇ ਖਾਮੋਸ਼ੀ ਦੋਹਾਂ 'ਚ ਸਮੋਇਆ ਹੋਇਆ ਹੈ,  ਦੋਹਾਂ 'ਤੇ ਛਾਇਆ ਹੋਇਆ ਹੈ।
ਕਦੇ ਚਿੰਤਨ ਬਣਕੇ ਸਭਨਾਂ ਦੇ ਜਿਹਨ 'ਚ ਉਤਰਦੇ ਤੇ ਕਦੇ ਬੁੱਲ੍ਹਾਂ 'ਚੋਂ ਫੁਟਦੇ ਨਾਅਰਿਆਂ ਦੀ ਗੂੰਜ ਬਣ ਕੇ ਫਿਜਾ 'ਚ ਘੁਲ ਰਹੇ ਮਾਨ ਸੰਗ ਸਫਰ ਕਰਦਿਆਂ ਮੈਂ ਸ਼ਰਧਾਂਜਲੀ ਸਮਾਗਮ ਲਈ ਬਣਾਏ ਪੰਡਾਲ ਵਿਚ ਦਾਖਲ ਹੁੰਦਾ ਹਾਂ। ਝੰਡਿਆਂ ਨਾਲ ਲਾਲੋ ਲਾਲ ਪੰਡਾਲ ਦੁਆਲੇ ਕਾਮਰੇਡ ਮਾਨ ਦੀ ਫੋਟੋ ਵਾਲੇ ਕਲੰਡਰਾਂ ਅਤੇ ਇਸ਼ਤਿਹਾਰਾਂ ਦੀਆਂ ਫੋਟੋਆਂ ਹਨ। ਸਮੁੱਚੇ ਮਹੌਲ 'ਚ ਦੁੱਖ ਹੈ ਸੋਗ ਹੈ, ਰੋਹ ਅਤੇ ਨਫਰਤ ਹੈ। ਪਰ ਦਹਿਸ਼ਤ ਦਾ ਕਿਤੇ ਨਾ ਨਿਸ਼ਾਨ ਨਹੀਂ। ਕਾ. ਮਾਨ ਦੇ ਇਨਕਲਾਬੀ ਸਾਥੀਆਂ ਦੇ ਹੌਸਲੇ ਬੁਲੰਦ ਹਨ। ਸਮਾਗਮ ਦੇ ਪ੍ਰਬੰਧਕਾਂ ਨੂੰ ਪਤਾ ਲਗਦਾ ਹੈ ਕ ਗੁਰਸ਼ਰਨ ਸਿੰਘ ਨੂੰ ਕੁੱਝ ਸਨੇਹੀਆਂ ਨੇ ਸੁਰੱਖਿਆ ਨੂੰ ਧਿਆਨ ਵਿੱਚ ਰਖਦਿਆਂ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ ਦਾ ਸੁਝਾਅ ਦਿੱਤਾ ਹੈ। ਨੌਜਵਾਨਾਂ ਦੀ ਇੱਕ ਟੁਕੜੀ ਉਸ ਨੂੰ ਹਿਫਾਜਤ ਨਾਲ ਲਿਆਉਣ ਲਈ ਜੌਂਗੇ 'ਚ ਅੰਮ੍ਰਿਤਸਰ ਵੱਲ ਚਲਦੀ ਹੈ। ਪਰ ਰਸਤੇ 'ਚ ਗੁਰਸ਼ਰਨ ਸਿੰਘ ਸਕੂਟਰ 'ਤੇ ਆਪਣੀ ਜੀਵਨ ਸਾਥਣ ਨਾਲ ਆ ਰਿਹਾ ਹੈ। ਨੰਗੇ ਧੜ ਉਹਨਾਂ ਹੀ ਰਾਹਾਂ ਉਤੋਂ ਦੀ ਜਿੱਥੇ ਅਜੇ ਕੱਲ੍ਹ ਸਾਥੀ ਮਾਨ ਸ਼ਹੀਦ ਕੀਤਾ ਗਿਆ ਹੈ। ਵਿਚਾਰੇ ਖਾਲਿਸਤਾਨੀ! ਆਟੋਮੈਟਿਕ ਨਵੀਨਤਮ ਹਥਿਆਰਾਂ ਨਾਲ ਲੈਸ ਇਹ ਬੁਰਛਾਗਰਦ, ਇਨਕਲਾਬੀ ਲਹਿਰ ਦੀ ਮਿੱਟੀ ਨੂੰ ਨਹੀਂ ਜਾਣਦੇ!
-0-
ਸ਼ਰਧਾਂਜਲੀ ਵਜੋਂ ਕਾ. ਮਾਨ ਦੀ ਫੋਟੋ ਨੂੰ ਫੁੱਲਾਂ ਦੇ ਹਾਰ ਪਹਿਨਾਏ ਜਾ ਰਹੇ ਹਨ। ਲੋਕਾਂ ਦੀ ਭੀੜ ਧਾ ਕੇ ਸਟੇਜ ਦੇ ਐਨ ਨੇੜੇ ਆ ਕੇ ਖੜ੍ਹ ਜਾਂਦੀ ਹੈ। ਲੋਕ ਸ਼ਹੀਦ ਦੀ ਕੁਝ ਦਿਨਾਂ ਦੀ ਬੱਚੀ ਨੂੰ ਵੇਖਣ ਦੀ ਇੱਛਾ ਪ੍ਰਗਟ ਕਰਦੇ ਹਨ। ਹਜ਼ਾਰਾਂ ਨਜ਼ਰਾਂ ਸਟੇਜ 'ਤੇ ਇੱਕ ਮਾਸੂਮ ਮੁਸਕਰਾਹਟ ਭਰੇ ਚਿਹਰੇ 'ਤੇ ਟਿਕੀਆਂ ਹੋਈਆਂ ਹਨ। ਜਿੰਦਗੀ ਦੀ ਉਸ ਰੌਣਕ ਦਾ ਚਿੰਨ੍ਹ ਬਣੇ ਚਿਹਰੇ 'ਤੇ ਜਿਸ ਰੌਣਕ ਨੂੰ ਖਾਲਸਤਾਨੀ ਬੁਰਸ਼ਾਗਰਦ ਬਾਰੂਦ ਦੀ ਵਾਛੜ 'ਚ ਡੋਬ ਦੇਣਾ ਚਾਹੁੰਦੇ ਹਨ।
ਕਾ. ਮਾਨ ਇਸ ਮਾਸੂਮ ਜਿੰਦਗੀ ਲਈ ਇਕ ਖਤ ਛੱਡ ਕੇ ਗਿਆ ਹੈ। ਉਨ੍ਹਾਂ ਭਾਵਨਾਵਾਂ, ਜਜਬਾਤਾਂ ਅਤੇ ਆਸਾਂ ਭਰਿਆ ਖਤ ਜੋ ਕਿਸੇ ਕਮਿਊਨਿਸਟ ਪਿਓ ਦੀ ਹਸਰਤ ਹੋ ਸਕਦੀਆਂ ਹਨ। ਕਿਸੇ ਕਮਿਊਨਿਸਟ ਪਿਓ ਲਈ ਆਪਣੇ ਬੱਚਿਆਂ ਦੇ ਸਮੂਹਕ ਹਿਤਾਂ ਨੂੰ ਪ੍ਰਣਾਏ ਸੰਗਰਾਮੀਏ ਬਣਨ ਤੋਂ ਵੱਡੀ ਹੋਰ ਕਿਹੜੀ ਰੀਝ ਹੋ ਸਕਦੀ ਹੈ? ਇਸ ਮਾਸੂਮ ਚਿਹਰੇ ਲਈ (ਜਿਹੜਾ ਸਾਥੀ ਮਾਨ ਨੇ ਨਹੀਂ ਵੇਖਿਆ) ਕਾ. ਮਾਨ ਦਾ ਵਲਵਲਿਆਂ ਭਰਿਆ ਖਤ ਇਸੇ ਧੜਕਦੀ ਰੀਝ 'ਚ ਗੁੰਨ੍ਹਿਆ ਹੋਇਆ ਹੈ। ਦੂਜੀ ਸੰਸਾਰ ਜੰਗ ਸਮੇਂ ਜਰਮਨ ਫਾਸਿਸਟਾਂ ਖਿਲਾਫ ਜੂਝਦਿਆਂ ਸ਼ਹੀਦ ਹੋਏ ਅਨੇਕਾਂ ਰੂਸੀ ਸੰਗਰਾਮੀਆਂ ਦੇ ਮੌਤ ਦੀ ਗੋਦੀ 'ਚੋਂ ਲਿਖੇ ਖਤ ਫਿਲਮ ਵਾਂਗ ਮੇਰੇ ਜ਼ਿਹਨ 'ਚੋਂ ਗੁਜਰਦੇ ਹਨ। ਆਪਣੇ ਬੱਚਿਆਂ, ਮਾਪਿਆਂ, ਭੈਣ ਭਰਾਵਾਂ ਤੇ ਸਾਥਣਾਂ ਤੋਂ ਲੋਕ ਜੰਗ ਦੇ ਸਿਪਾਹੀ ਬਣ ਕੇ ਜਿਉਣ ਦੀ ਇੱਛਾ ਨਾਲ ਭਰਭੂਰ ਖਤ। ਸਾਹਮਣੇ ਖੜ੍ਹੀ ਮੌਤ ਦੀਆਂ ਅੱਖਾਂ 'ਚ ਅਡੋਲ ਕਮਿਊਨਿਸਟ ਇਰਾਦੇ ਨਾਲ ਝਾਕ ਰਹੇ ਖਤ! ਕਾ.ਮਾਨ ਦਾ ਖਤ ਵੀ ਅਭੁੱਲ ਦਸਤਾਵੇਜ ਬਣ ਕੇ ਇਨ੍ਹਾਂ ਖਤਾਂ ਦੀ ਕਤਾਰ 'ਚ ਜਾ ਸਜਿਆ ਹੈ।
ਰੰਜ ਅਤੇ ਰੋਹ ਨਾਲ ਭਰੇ ਸਮੂਹ ਆਪਣੇ ਸ਼ਹੀਦ ਨੂੰ ਸ਼ਰਧਾਂਜਲੀ ਦੇ ਕੇ ਪਰਤ ਰਹੇ ਹਨ। ਇਸ ਤੋਂ ਵੀ ਵੱਡੀ ਗੱਲ ਉਹ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਪਰਤ ਰਹੇ ਹਨ। ਆਪਣੇ ਰੋਹ ਦੇ ਮਘਦੇ ਚੰਗਿਆੜਿਆਂ ਨੂੰ ਸੰਘਰਸ਼ ਦੇ ਅਖਾੜਿਆਂ 'ਚ ਬਖੇਰ ਕੇ ਅਮਲੀ ਸ਼ਰਧਾਂਜਲੀ ਭੇਂਟ ਕਰਨ ਲਈ ਪੰਡਾਲ ਖਾਲੀ ਹੋ ਰਿਹਾ ਹੈ। ਸੂਰਜ ਪੱਛਮ ਦੀ ਗੋਦੀ 'ਚ ਛੁਪਣ ਜਾ ਰਿਹਾ ਹੈ। ਪਰ ਲਟਕ ਰਹੇ ਇਸ਼ਤਿਹਾਰਾਂ ਦੇ ਸੀਨਿਆਂ 'ਤੇ ਇਹ ਸ਼ਬਦ ਜਿਉਂ ਦੇ ਤਿਉਂ ਮੁਸਕਰਾ ਰਹੇ ਹਨ,
''ਐ ਕਿਰਨਾਂ ਦੇ ਕਾਤਲੋ ਚਾਨਣ ਕਦੇ ਮਰਿਆ ਨਹੀਂ, ਕਾਲਖ ਦੇ ਵਣਜਾਰਿਓ ਸੂਰਜ ਕਦੇ ਹਰਿਆ ਨਹੀਂ''
ਪਰਤ ਰਹੇ ਕਾਫਲਿਆਂ ਦੀ ਥਾਂ ਥਾਂ ਇਨ੍ਹਾਂ ਸ਼ਬਦਾਂ ਨਾਲ ਮੁਲਾਕਾਤ ਹੋਵੇਗੀ-ਕੁੱਕੜਾਂੰ ਵਾਲਾ ਦੀ ਸੜਕ 'ਤੇ , ਅੰਮ੍ਰਿਤਸਰ ਤੇ ਫੇਰ ਜਲੰਧਰ ਦੇ ਬੱਸ ਅੱਡੇ ਤੇ .. ..ਇਕ ਵੰਗਾਰ ਕਾਫਲਿਆਂ ਦੇ ਸੀਨੇ 'ਚ ਲਹਿ ਰਹੀ ਤੇ ਫੇਰ ਪੰਜਾਬ ਦੇ ਕੋਨੇ ਕੋਨੇ 'ਚ ਫੈਲ ਰਹੀ ਹੈ।
-0-
''ਉਹਦੇ ਵਰਗਾ ਕੀਹਨੇ ਹੋ ਜਾਣੈਂ ਵੇ ਪੁੱਤਾ!'' ਨੇੜਲੇ ਪਿੰਡ ਨੂੰ ਵਾਪਸ ਪਰਤ ਰਹੀ ਇਕ ਬਜ਼ੁਰਗ ਔਰਤ ਡੂੰਘਾ ਹੌਕਾ ਭਰਕੇ ਮੇਰੇ ਨਾਲ ਮਨ ਸਾਂਝਾ ਕਰਦੀ ਹੈ। ਅਸੀਂ ਇੱਕ ਦੂਜੇ ਨੂੰ ਨਹੀਂ ਜਾਣਦੇ । ਪਰ ਇਕ ਸਾਂਝੀ ਪੀੜ ਸਦਕਾ ਅਸੀਂ ਬੇਹੱਦ ਕਰੀਬ ਮਹਿਸੂਸ ਕਰਦੇ ਹਾਂ। ਬਜੁਰਗ ਔਰਤ ਦਾ ਇਹ ਹੌਕਾ ਪਿੰਡ ਅਤੇ ਇਲਾਕੇ ਦੇ ਹੀ ਸੀਨੇ 'ਚ ਉਤਰ ਗਿਆ ਹੈ। ਅੱਜ ਦੇ ਸ਼ਰਧਾਂਜਲੀ ਸਮਾਗਮ 'ਚ ਸੰਵੇਦਨਸ਼ੀਲ ਹੋ ਕੇ ਵਿਚਰਨ ਵਾਲਾ ਕੋਈ ਜਣਾ ਇਸ ਹੌਕੇ 'ਚੋਂ ਉੱਗ ਰਹੇ ਬਰੂਦ ਦੀ ਮਹਿਕ ਮਹਿਸੂਸ ਕਰ ਸਕਦਾ ਹੈ। ਪਾਠਕ ਸਾਥੀਓ! ਮੈਂ ਇਸ ਸਮਾਗਮ 'ਚੋਂ ਤੁਹਾਡੇ ਲਈ ਧੁਰ ਅੰਦਰੋਂ ਉਪਜਿਆ ਇਹ ਅਹਿਸਾਸ ਤੇ  ਵਿਸ਼ਵਾਸ਼ ਲੈ ਕੇ ਆਇਆ ਹਾਂ ਕਿ ਕਾ. ਮਾਨ ਦੀ ਕੁਰਬਾਨੀ ਅਜਾਈਂ ਨਹੀਂ ਗਈ। ਆਉਂਦੇ ਦਿਨਾਂ 'ਚ ਸਾਨੂੰ ਹੋਰ ਵੀ ਕੁਰਬਾਨੀਆਂ ਦੇਣੀਆਂ ਪੈਣਗੀਆਂ-ਪਰ ਕੋਈ ਤਾਕਤ ਇਨ੍ਹਾਂ ਕੁਰਬਾਨੀਆਂ ਨੂੰ ਲੋਕ ਦੁਸ਼ਮਣਾਂ ਦੀ ਕਬਰ 'ਚ ਇੱਟਾਂ ਬਣਕੇ ਲੱਗਣੋਂ ਨਹੀਂ ਰੋਕ ਸਕੇਗੀ।
''ਤੁਸੀਂ ਦਬਾਉਣਾ ਲੋਚਦੇ ਸਾਡੇ ਦਿਲੀਂ ਬਾਰੂਦ ਖੋਭ, ਸਾਡੇ ਦਿਲਾਂ ਵਿੱਚ ਹੋਰ ਵੀ ਬਾਰੂਦ ਭਰਦਾ ਜਾ ਰਿਹਾ।''      

—ਜਸਪਾਲ ਜੱਸੀ
9 ਅਕਤੂਬਰ, 1986

—0—

No comments:

Post a Comment