Wednesday, October 8, 2014

ਗਾਜ਼ਾ ਉੱਤੇ ਇਜ਼ਰਾਈਲੀ ਹਮਲਾ ਬਹੁਤ ਹੀ ਘਿਰਣਤ 'ਤੇ ਕਾਤਲਾਨਾ ਕਾਰਵਾਈ

ਗਾਜ਼ਾ ਉੱਤੇ ਇਜ਼ਰਾਈਲੀ ਹਮਲਾ
ਬਹੁਤ ਹੀ ਘਿਰਣਤ 'ਤੇ ਕਾਤਲਾਨਾ ਕਾਰਵਾਈ

(ਇੱਕ ਮੁਲਾਕਾਤ, 7 ਅਗਸਤ 2014) ਭਾਗ -1
(ਨੌਮ ਚੌਮਸਕੀ ਹੁਣ ਵਾਲੀ ਅਤੇ ਪਿਛਲੀਆਂ ਅਮਰੀਕਨ ਹਕੂਮਤਾਂ ਦਾ ਪੱਕਾ ਸਿਆਸੀ ਵਿਰੋਧੀ, ਜਗਤ ਪਰਸਿੱਧ ਭਾਸ਼ਾ ਵਿਗਿਆਨੀ ਤੇ ਲੇਖਕ ਹੈ। ਉਹ ਪਿਛਲੇ 50 ਸਾਲਾਂ ਤੋਂ ਅਮਰੀਕਾ ਦੀ ਮਸਾਚੂਸੈਟਸ ਵਿੱਚ ਪਰੋਫੈਸਰ ਹੈ) ਇਹ ਮੁਲਾਕਾਤ ਡੈਮੋਕਰੇਸੀ ਨਾਊ ਡਾਟ ਆਰਗ, ਦੇ ਨੁਮਾਇੰਦਿਆਂ ਵੱਲੋਂ ਨੌਮ ਚੌਮਸਕੀ ਨਾਲ ਕੀਤੀ ਗਈ। 
ਸੁਆਲ : ਨੌਮ! ਗਾਜ਼ਾ ਵਿਚ ਜੋ ਹੁਣੇ ਹੁਣੇ ਵਾਪਰਿਆ ਹੈ, ਉਸ ਬਾਰੇ ਤੁਹਾਡੀਆਂ ਟਿੱਪਣੀਆਂ ? 
ਜਾਵਾਬ : ਇਹ ਇਖਲਾਕੀ ਤੌਰ ਉਤੇ ਇਕ ਭਿਆਨਕ ਅਤਿਆਚਾਰ, ਕਿਸੇ ਨੂੰ ਤਸੀਹੇ ਦੇ ਕੇ ਸੁਆਦ ਲੈਣ ਵਾਲੀ, ਬਹੁਤ ਹੀ ਘਿਰਣਤ, ਕਾਤਲਾਨਾ ਕਾਰਵਾਈ ਹੈ। ਇਸਦਾ ਕੋਈ ਵੀ ਜਾਇਜ ਬਹਾਨਾ ਨਹੀਂ ਹੈ। ਇਹ ਇਜ਼ਰਾਈਲ ਵੱਲੋਂ ਅਰਸਾ ਵਾਰ ਕੀਤੀਆਂ ਜਾ ਰਹੀਆਂ ਉਹਨਾਂ ਕਾਰਵਾਈਆਂ ਵਿਚੋਂ ਇਕ ਹੈ ਜਿਹਨਾਂ ਨੂੰ ਉਹ ਨਰਮ ਸ਼ਬਦਾਂ ਵਿਚ ''ਬਗੀਚੇ ਵਿਚੋਂ ਘਾਹ ਕੱਢਣਾ'' ਕਹਿੰਦੇ ਹਨ। ਇਸ ਦਾ ਅਰਥ ਹੈ, ਛੱਪੜ ਵਿਚ ਮੱਛੀਆਂ ਉਤੇ ਗੋਲੀ ਚਲਾਉਣਾ ਤਾਂ ਜੋ ਤੁਹਾਡੇ ਵੱਲੋਂ ਬਣਾਏ ਪਿੰਜਰੇ ਵਿਚਲੇ ਜਾਨਵਰਾਂ ਦੇ ਚੁਪ-ਚਾਪ ਟਿਕੇ ਰਹਿਣ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਮਗਰੋਂ ਉਹ ਅਰਸਾ ਆਉਂਦਾ ਹੈ ਜਿਸਨੂੰ ''ਗੋਲੀਬੰਦੀ'' ਕਿਹਾ ਜਾਂਦਾ ਹੈ। ਜਿਸਦਾ ਅਰਥ ਹੈ ਜਦੋਂ ਇਜ਼ਰਾਈਲ ਚਾਹੁੰਦਾ ਹੈ ਹਮਾਸ ਗੋਲੀਬੰਦੀ ਉਤੇ ਅਮਲ ਕਰਦਾ ਹੈ ਜਦੋਂ ਕਿ ਇਜ਼ਰਾਈਲ ਇਸਦੀ ਉਲੰਘਣਾ ਜਾਰੀ ਰੱਖਦਾ ਹੈ। ਫੇਰ ਇਹ ਗੋਲੀਬੰਦੀ, ਇਜ਼ਰਾਈਲ ਵੱਲੋਂ ਹੋਰ ਧੱਕਾ ਕਰਨ ਕਰਕੇ ਅਤੇ ਹਮਾਸ ਵੱਲੋਂ ਮੋੜਵਾਂ ਵਾਰ ਕਰਨ ਕਰਕੇ ਖਤਮ ਹੋ ਜਾਂਦੀ ਹੈ। ਫੇਰ ਇਜ਼ਰਾਈਲ ਵਾਸਤੇ ''ਬਗੀਚੇ ਵਿੱਚੋਂ ਘਾਹ ਕੱਢਣ'' ਦਾ ਸਮਾਂ ਆ ਜਾਂਦਾ ਹੈ। ਹੁਣ ਵਾਲਾ ਇਹ ਦੌਰ ਪਹਿਲਾਂ ਨਾਲੋਂ ਵੱਧ, ਅਤਿਆਚਾਰਾਂ ਵਿੱਚੋਂ ਸੁਆਦ ਲੈਣ ਵਾਲਾ ਅਤੇ ਘਿਰਣਤ ਹੈ। 
ਸੁਆਲ : ਅਤੇ ਇਹ ਹਮਲੇ ਕਰਨ ਲਈ ਇਜ਼ਰਾਈਲ ਵੱਲੋਂ ਵਰਤੇ ਜਾਣ ਵਾਲੇ ਬਹਾਨਿਆਂ ਬਾਰੇ ਤੁਹਾਡਾ ਕੀ ਕਹਿਣਾ ਹੈ। ਤੁਸੀਂ ਕਿਸ ਹੱਦ ਤੱਕ ਮਹਿਸੂਸ ਕਰਦੇ ਹੋ ਕਿ ਇਹਨਾਂ ਬਹਾਨਿਆਂ ਦੀ ਕੋਈ ਵਾਜਵੀਅਤ ਹੈ? 
ਜਵਾਬ : ਜਿਵੇਂ ਕਿ ਵੱਡੇ ਇਸਰਾਈਲੀ ਅਫ਼ਸਰ ਮੰਨਦੇ ਹਨ ਕਿ ਉਹਨਾਂ ਨੇ ਪਿਛਲੀ ਗੋਲਬੰਦੀ ਉਤੇ 19 ਮਹੀਨੇ ਅਮਲ ਕੀਤਾ। ''ਬਗੀਚੇ ਵਿੱਚੋਂ ਘਾਹ ਕੱਢਣ'' ਵਾਲਾ ਪਿਛਲਾ ਕਾਂਡ ਨਵੰਬਰ 2012 ਵਿਚ ਵਾਪਰਿਆ ਸੀ। ਫੇਰ ਗੋਲੀਬੰਦੀ ਹੋ ਗਈ। ਗੋਲਬੰਦੀ ਦੀਆਂ ਸ਼ਰਤਾਂ ਇਹ ਸਨ ਕਿ ਹਮਾਸ ਰਾਕਟ ਨਹੀਂ ਦਾਗੂਗਾ ਜਿਸਨੂੰ ਉਹ ਰਾਕਟ ਕਹਿੰਦੇ ਹਨ ਅਤੇ ਇਜ਼ਰਾਈਲ ਗਾਜਾ ਦੀ ਘੇਰਾਬੰਦੀ ਖਤਮ ਕਰਨ ਵੱਲ ਵਧੂਗਾ। ਹਮਾਸ ਨੇ ਇਹਨਾਂ ਸ਼ਰਤਾਂ ਉਤੇ ਅਮਲ ਕੀਤਾ। ਇਜ਼ਰਾਈਲ ਇਸ ਗੱਲ ਨੂੰ ਮੰਨਦਾ ਹੈ। 
ਇਸ ਸਾਲ ਅਪਰੈਲ ਵਿੱਚ ਇੱਕ ਘਟਨਾ ਵਾਪਰੀ ਜਿਸਨੇ ਇਜ਼ਰਾਈਲ ਸਰਕਾਰ ਨੂੰ ਭੈਭੀਤ ਕਰ ਦਿੱਤਾ। ਗਾਜਾ ਅਤੇ ਪੱਛਮੀ ਪੱਛਮੀ ਕਿਨਾਰੇ ਵਿਚਕਾਰ ਹਮਾਸ ਅਤੇ ਅਲ-ਫਤਿਹ ਵਿਚਕਾਰ ਇਕ ਏਕਤਾ ਸਮਝੋਤਾ ਹੋ ਗਿਆ। ਇਜ਼ਰਾਈਲ ਇਸ ਸਮਝੋਤੇ ਨੂੰ ਰੋਕਣ ਲਈ ਇਕ ਲੰਮੇ ਸਮੇਂ ਤੋਂ ਨਿਰਾਸ਼ਾਜਨਕ ਕੋਸ਼ਿਸ਼ਾਂ ਕਰਦਾ ਆ ਰਿਹਾ ਸੀ। ਇਸਦਾ ਇੱਕ ਪਿਛੋਕੜ ਹੈ ਜਿਸ ਬਾਰੇ ਗੱਲ ਕਰਨੀ ਮਹੱਤਵਪੂਰਨ ਹੈ। ਇਜ਼ਰਾਈਲ ਅੱਗ-ਬਗੂਲਾ ਹੋਇਆ ਪਿਆ ਸੀ। ਜਦੋਂ ਅਮਰੀਕਾ ਨੇ, ਘੱਟ ਜਾਂ ਵੱਧ, ਇਸ ਸਮਝੋਤੇ ਦੀ ਹਮਾਇਤ ਕਰ ਦਿੱਤੀ, ਜੋ ਕਿ ਇਜ਼ਰਾਈਲ ਲਈ ਇੱਕ ਵੱਡੀ ਸੱਟ ਸੀ , ਉਹ ਹੋਰ ਬੇਚੈਨ ਹੋ ਗਿਆ। ਉਸ ਨੇ ਪੱਛਮੀ ਕਿਨਾਰੇ ਵਿੱਚ  ਇੱਕ ਖਰੂਦੀ ਮੁਹਿੰਮ ਸ਼ੁਰੂ ਕਰ ਦਿੱਤੀ। 
ਜੋ ਘਟਨਾ ਬਹਾਨੇ ਵਜੋਂ ਵਰਤੀ ਗਈ ਉਹ ਸੀ ਤਿੰਨ ਯਹੂਦੀ ਆਬਾਦਕਾਰ ਨੌਜਵਾਨਾਂ ਦਾ ਬੇਹਹਿਮੀ ਨਾਲ ਕੀਤਾ ਗਿਆ ਕਤਲ। ਬਹਾਨਾ ਇਹ ਸੀ ਕਿ ਉਹ ਜਿਉਂਦੇ ਹਨ ਜਦੋਂ ਕਿ ਉਹਨਾਂ ਨੂੰ ਪਤਾ ਸੀ ਕਿ ਉਹ ਮਾਰੇ ਜਾ ਚੁੱਕੇ ਹਨ। ਉਹਨਾਂ ਨੇ ਇਸਦਾ ਦੋਸ਼ ਸਿੱਧਾ ਹਮਾਸ ਉਤੇ ਮੜ• ਦਿੱਤਾ। ਉਹਨਾਂ ਨੇ ਅਜੇ ਤੱਕ ਇਸਦਾ ਭੋਰਾ ਭਰ ਵੀ ਕੋਈ ਸਬੂਤ ਨਹੀਂ ਦਿੱਤਾ। ਖੁਦ ਉਹਨਾਂ ਦੇ ਸਭ ਤੋਂ ਉੱਚ ਅਧਿਕਾਰੀਆਂ ਨੇ, ਤੁਰੰਤ ਇਹ ਸਪਸ਼ਟ ਸੰਕੇਤ ਦੇ ਦਿੱਤਾ ਸੀ ਕਿ ਕਾਤਲ ਸੰਭਵ ਤੌਰ ਤੇ ਹੈਬਰੋਂ ਸ਼ਹਿਰ ਦੇ ਇੱਕ ਬਦਮਾਸ਼ ਕਾਵਾਸਮੇਹ ਕਬੀਲੇ ਨਾਲ ਸਬੰਧਤ ਹਨ। ਲਗਦਾ ਹੈ ਕਿ ਇਹ ਗੱਲ ਅਖੀਰ ਨੂੰ ਸਹੀ ਸਾਬਤ ਹੋਈ। ਇਹ ਕਬੀਲੇ ਵਾਲੇ ਵਰਿ•ਆਂ ਤੋਂ ਹਮਾਸ ਦੀ ਅੱਖ ਦਾ ਰੋੜ ਬਣੇ ਹੋਏ ਹਨ। ਇਹ ਉਹਨਾਂ ਦੇ ਹੁਕਮ ਤੋਂ ਬਾਹਰ ਹਨ। ਇਹਨਾਂ ਨੇ ਇਜ਼ਰਾਈਲ ਨੂੰ ਪੱਛਮੀ ਕਿਨਾਰੇ ਵਿੱਚ ਹੁਲੜਬਾਜੀ ਕਰਨ ਦਾ ਮੌਕਾ ਦੇ ਦਿੱਤਾ। ਸੈਂਕੜੇ ਲੋਕਾਂ ਨੂੰ ਗਰਿਫਤਾਰ ਕਰ ਲਿਆ ਗਿਆ।  ਇਹਨਾਂ ਵਿਚੋਂ ਬਹੁਤ ਸਾਰੇ ਉਹ ਹਨ ਜਿਹਨਾਂ ਨੂੰ ਹੁਣੇ ਹੁਣੇ ਰਿਹਾਅ ਕੀਤਾ ਗਿਆ ਸੀ। ਇਸ ਖਰੂਦੀ ਮੁਹਿੰਮ ਦਾ ਸਭ ਤੋਂ ਵੱਡਾ ਨਿਸ਼ਾਨਾਂ ਹਮਾਸ ਨੂੰ ਬਣਾਇਆ ਗਿਆ। ਕਤਲਾਂ ਦੀ ਗਿਣਤੀ ਵਧ ਗਈ ਅੰਤ ਨੂੰ ਹਮਾਸ ਨੇ ਮੋੜਵੀਂ ਕਾਰਵਾਈ ਕੀਤੀ : ਅਖੌਤੀ ਰਾਕਟ ਹਮਲੇ। ਅਤੇ ਇਸਨੇ ''ਬਗੀਚੇ ਵਿੱਚੋਂ ਘਾਹ ਕੱਢਣ'' ਦਾ ਫੇਰ ਬਹਾਨਾ ਦੇ ਦਿੱਤਾ।
ਸੁਆਲ : ਤੁਸੀਂ ਕਿਹਾ ਹੈ ਕਿ ਇਜ਼ਰਾਈਲ ਇਹ ਕਾਰਵਾਈ ਆਰਸਾਵਾਰ ਕਰਦਾ ਰਹਿੰਦਾ ਹੈ। ਨੌਮ ਚੌਮਸਕੀ! ਉਹ ਇਸਨੂੰ ਅਰਸਾਵਾਰ ਕਿਉਂ ਕਰਦੇ ਹਨ। 
ਜਵਾਬ : ਕਿਉਂਕਿ ਉਹ ਇਕ ਖਾਸ ਹਾਲਤ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਅਮਰੀਕਾ ਦੀ ਸਹਾਇਤਾ ਨਾਲ, ਗਾਜਾ ਨੂੰ ਪੱਛਮੀ ਕਿਨਾਰੇ ਤੋਂ ਅੱਡ ਕਰਨ ਲਈ, ਪਿਛਲੇ 20 ਸਾਲਾਂ ਤੋਂ ਇਜ਼ਰਾਈਲ ਦਾ ਪੂਰਾ ਤਾਣ ਲੱਗਿਆ ਹੋਇਆ ਹੈ। ਇਹ 20 ਸਾਲ ਪਹਿਲਾਂ ਹੋਏ ਉਸਲੋ ਸਮਝੌਤੇ ਦੀਆਂ ਸ਼ਰਤਾਂ ਦਾ ਸਿੱਧਾ ਉਲੰਘਣ ਹੈ। ਇਸ ਸਮਝੌਤੇ ਅਨੁਸਾਰ ਪੱਛਮੀ ਕਿਨਾਰਾ ਅਤੇ ਗਾਜ਼ਾ ਇਕ ਇਕਹਿਰੀ ਇਲਾਕਾਈ ਹਸਤੀ ਹੈ ਜਿਸਦੀ ਸਾਲਮੀਅਤ ਜਰੂਰੀ ਤੌਰ ਤੇ ਕਾਇਮ ਰੱਖੀ ਜਾਣੀ ਚਾਹੀਦੀ ਹੈ। ਪਰ ਬਦਮਾਸ਼ ਰਾਜਾਂ ਵਾਸਤੇ ਗੰਭੀਰ ਸਮਝੌਤੇ ਉਹਨਾਂ ਲਈ ਮਨਮਰਜੀ ਕਰਨ ਦਾ ਇਕ ਸੱਦਾ ਪੱਤਰ ਮਾਤਰ ਹੀ ਹੁੰਦੇ ਹਨ। ਸੋ ਅਮਰੀਕਨ ਸਹਾਇਤਾ ਨਾਲ, ਇਜ਼ਰਾਈਲ ਗਾਜਾ ਅਤੇ ਪੱਛਮੀ ਕਿਨਾਰੇ ਨੂੰ ਅੱਡ ਅੱਡ ਕਰਨ ਖਾਤਰ ਸਮਰਪਿਤ ਰਹਿੰਦਾ ਆ ਰਿਹਾ ਹੈ। ਅਤੇ ਇਸਦਾ ਇਕ ਖਾਸ ਕਾਰਨ ਹੈ। ਨਕਸ਼ੇ ਉਤੇ ਨਿਗਾਹ ਮਾਰੋ। ਆਖਰ ਨੂੰ ਬਣਨ ਵਾਲੀ ਕਿਸੇ ਵੀ ਫਲਸਤੀਨੀ ਇਲਾਕਾਈ ਹਸਤੀ ਲਈ ਬਾਹਰਲੀ ਦੁਨੀਆਂ ਵਿਚ ਦਾਖਲ ਹੋਣ ਲਈ ਗਾਜਾ ਹੀ ਬਾਹਰ ਜਾਣ ਦਾ ਇਕੋ ਇਕ ਰਸਤਾ ਹੈ। ਤਾਂ ਪੱਛਮੀ ਕਿਨਾਰਾ, ਗਾਜਾ ਨਾਲੋਂ ਵੱਖ ਕਰ ਦੇਣ ਨਾਲ ਤੱਤ ਰੂਪ ਵਿਚ ਕੈਂਦ ਹੋ ਜਾਂਦਾ ਹੈ- ਇੱਕ ਪਾਸੇ ਇਜ਼ਰਾਈਲ ਦੂਜੇ ਪਾਸੇ ਜਾਰਡਨ ਦੀ ਡਿਕਟੇਟਰਸ਼ਿਪ ਹੈ। ਹੋਰ ਇਹ ਕਿ ਇਜ਼ਰਾਈਲ ਜਾਰਡਨ ਵਾਦੀ ਵਿਚ ਖੂਹ ਲਾਕੇ, ਬਸਤੀਆਂ ਵਸਾਕੇ ਫਲਸਤੀਨੀਆਂ ਨੂੰ ਇਥੋਂ ਸਿਲਸਿਲੇਵਾਰ ਢੰਗ ਨਾਲ ਬਾਹਰ ਧੱਕ ਰਿਹਾ ਹੈ। ਉਹ ਪਹਿਲਾਂ ਇਹਨਾਂ ਇਲਾਕਿਆਂ ਨੂੰ ਫੌਜੀ ਖੇਤਰ ਕਹਿੰਦੇ ਹਨ। ਫੇਰ ਇਥੇ ਬਸਤੀਆਂ ਵਸਾ ਦਿੰਦੇ ਹਨ- ਇਹ ਆਮ ਕਹਾਣੀ ਹੈ। ਇਸ ਦਾ ਅਰਥ ਇਹ ਹੋਇਆ ਕਿ ਪੱਛਮੀ ਕਿਨਾਰੇ ਵਿਚੋਂ, ਇਜ਼ਰਾਈਲ ਵੱਲੋਂ ਮਨਚਾਹੇ ਖੇਤਰ ਆਪਣੇ ਵਿਚ ਮਿਲਾ ਲੈਣ ਤੋਂ ਬਾਅਦ ਫਲਸਤੀਨੀਆਂ ਵਾਸਤੇ ਜਿਹੜੇ ਇਲਾਕੇ ਬਚਦੇ ਹਨ ਉਹਨਾਂ ਵਿਚ ਉਹ ਪੂਰੀ ਤਰਾਂ ਕੈਦ ਹੋ ਜਾਂਦੇ ਹਨ। ਸਿਰਫ ਗਾਜ਼ਾ ਹੀ ਬਾਹਰਲੀ ਦੁਨੀਆਂ ਵਿਚ ਜਾਣ ਦਾ ਲਾਂਘਾ ਰਹਿ ਜਾਂਦਾ ਹੈ। ਇਸ ਲਈ ਗਾਜਾ ਅਤੇ ਪੱਛਮੀ ਕਿਨਾਰੇ ਨੂੰ ਅੱਡ ਅੱਡ ਰੱਖਣਾ ਅਮਰੀਕਾ ਅਤੇ ਇਜ਼ਰਾਈਲ ਦੀ ਕੀਤੀ ਦਾ ਇਕ ਵੱਡਾ ਮਕਸਦ ਹੈ। 
ਅਤੇ ਗਾਜਾ ਅਤੇ ਪੱਛਮੀ ਕਿਨਾਰੇ ਵਿਚ ਹੋਏ ਏਕਤਾ ਸਮਝੌਤੇ ਨੇ ਇਸ ਮਕਸਦ ਲਈ ਖਤਰਾ ਖੜਾ ਕਰ ਦਿੱਤਾ ਹੈ। ਇਸ ਸਮਝੌਤੇ ਨੇ ਇਕ ਹੋਰ ਗੱਲ ਲਈ ਵੀ ਖਤਰਾ ਖੜਾ ਕਰ ਦਿੱਤਾ ਜਿਸਦਾ ਦਾਅਵਾ ਇਜ਼ਰਾਈਲ ਵਰਿ•ਆਂ ਤੋਂ ਕਰਦਾ ਆ ਰਿਹਾ ਹੈ । ਫਲਸਤੀਨੀਆਂ ਨਾਲ ਸਮਝੌਤਾ-ਗੱਲਬਾਤ ਤੋਂ ਟਲਣ ਲਈ ਉਹਨਾਂ ਦੀ ਇਕ ਦਲੀਲ ਇਹ ਹੈ; ਉਹ ਫਲਸਤੀਨੀਆਂ ਨਾਲ ਗੱਲਬਾਤ ਕਿਵੇਂ ਕਰ ਸਕਦੇ ਹਨ ਜਦੋਂ ਕਿ ਉਹ ਅੱਡੋ ਫਾਟੀ ਹਨ। ਪਰ ਹੁਣ ਜਦੋਂ ਉਹ ਅੱਡੋ-ਫਾਟੀ ਨਹੀਂ ਹਨ ਤਾਂ ਇਜ਼ਰਾਈਲ ਦੀ ਇਹ ਦਲੀਲ ਖਾਰਜ ਹੋ ਜਾਂਦੀ ਹੈ। ਪਰ ਵੱਧ ਮਹੱਤਵਪੂਰਨ ਗੱਲ ਭੂਗੋਲਿਕ-ਯੁੱਧਨੀਤਕ ਹੈ ਜਿਸਦੀ ਮੈਂ ਹੁਣੇ ਵਿਆਖਿਆ ਕੀਤੀ ਹੈ। ਸੋ ਗਾਜਾ ਅਤੇ ਪੱਛਮੀ ਕਿਨਾਰੇ ਦੀ ਬਣੀ ਏਕਤਾ ਲਈ ਅਮਰੀਕਾ ਵੱਲੋਂ ਦਿੱਤੀ ਅਮਲੀ ਸਹਿਮਤੀ, ਭਾਵੇ ਨਰਮ ਸੁਰ ਵਿੱਚ ਹੀ ਸਹੀ, ਸ਼ਾਮਲ ਹੈ। ਅਤੇ ਇਜ਼ਰਾਈਲ ਨੇ ਅਮਰੀਕਨ ਸਹਿਮਤੀ ਖਿਲਾਫ ਤੁਰਤ-ਫੁਰਤ ਪ੍ਰਤੀ ਕਿਰਿਆ ਜਾਹਰ ਕੀਤੀ। 
ਸੁਆਲ : ਅਤੇ ਨੌਮ! ਤੁਸੀਂ ਇਸ ਗੱਲ ਦਾ ਕੀ ਬਣਾਉਂਦੇ ਹੋ-ਜਿਵੇਂ ਕਿ ਤੁਸੀਂ ਕਹਿੰਦੇ ਹੋ ਕਿ ਇਜ਼ਰਾਈਲ ਹਕੀਕਤ ਨੂੰ ਜਿਉਂ-ਦੀ ਤਿਉਂ ਕਾਇਮ ਰੱਖਣਾ ਚਾਹੁੰਦਾ ਹੈ ਜਦੋਂ ਕਿ ਉਸੇ ਸਮੇਂ ਉਹ ਬਸਤੀਆਂ ਦਾ ਪਸਾਰਾ ਕਰਕੇ ਜ਼ਮੀਨੀ ਪੱਧਰ ਉਤੇ ਇਕ ਨਵੀਂ ਹਕੀਕਤ ਨੂੰ ਪੈਦਾ ਕਰਨਾ ਜਾਰੀ ਰੱਖ ਰਿਹਾ? ਤੁਸੀਂ ਇਸ ਗੱਲ ਦਾ ਕੀ ਬਣਾਉਂਦੇ ਹੋ ਕਿ ਇਕ ਪਾਸੇ ਇਥੇ ਅਮਰੀਕਾ ਦੀ ਇਕ ਗੱਲ ਦਾ ਕੀ ਬਣਾਉਂਦੇ ਹੋ ਕਿ ਇਕ ਪਾਸੇ ਇਥੇ ਅਮਰੀਕਾ ਦੀ ਇਕ ਪਿੱਛੋਂ ਦੁਜੀ ਹਕੂਮਤ ਅਧਿਕਾਰਕ ਤੌਰ ਤੇ ਬਸਤੀਆਂ ਦੇ ਪਸਾਰੇ ਦਾ ਵਿਰੋਧ ਕਰਦੀ ਹੈ ਪਰ ਦੂਜੇ ਪਾਸੇ ਜਮੀਨੀ ਪੱਧਰ ਉਤੇ ਖੁਦ ਨਵੀਂ ਹਕੀਕਤ ਪੈਦਾ ਕਰਨ ਵਾਸਤੇ ਇਜ਼ਰਾਈਲ ਦੀ ਪਸਾਰੇ ਦੀ ਕੋਸ਼ਿਸ਼ ਵਿਰੁੱਧ ਉਸ ਦੀ ਪੁੱਛ-ਪੜਤਾਲ ਕਰਨ ਤੋਂ ਲਗਾਤਾਰ ਮੁਨਕਰ ਹੋ ਰਹੀ ਹੈ?
ਜਵਾਬ : ਤੁਹਾਡਾ ਇਹ ਵਾਕ-ਅੰਸ਼ ''ਅਧਿਕਾਰਕ ਤੌਰ ਤੇ ਵਿਰੋਧ'' ਬਿਲਕੁਲ ਦੁਰਸਤ ਹੈ। ਪਰ ਅਸੀਂ ਦੇਖਦੇ ਹਾਂ, ਤੁਹਾਨੂੰ ਪਤਾ ਹੀ ਹੈ, ਕਿ ਤੁਹਾਨੂੰ ਇਕ ਸਰਕਾਰ ਦੇ ਸ਼ਬਦ-ਅਡੰਬਰ ਅਤੇ ਉਸਦੀਆਂ ਕਾਰਵਾਈਆਂ ਵਿੱਚ ਅਤੇ ਸਿਆਸੀ ਲੀਡਰਾਂ ਦੇ ਸ਼ਬਦ-ਅਡੰਬਰ ਅਤੇ ਉਹਨਾਂ ਦੀਆਂ ਕਾਰਵਾਈਆਂ ਵਿੱਚ ਨਿਖੇੜਾ ਕਰਨਾ ਚਾਹੀਦਾ ਹੈ। ਇਹ ਗੱਲ ਸਵੈ-ਪ੍ਰਤੱਖ ਹੀ ਹੋਣੀ ਚਾਹੀਦੀ ਹੈ। ਸੋ ਅਸੀਂ ਸੌਖ ਨਾਲ ਹੀ ਇਹ ਦੇਖ ਸਕਦੇ ਹਾਂ ਕਿ ਅਮਰੀਕਾ ਇਸ ਨੀਤੀ ਨਾਲ ਕਿੰਨਾ ਕੁ ਪ੍ਰਤੀਬੱਧ ਹੈ। ਉਦਾਹਰਨ ਦੇ ਤੌਰ 'ਤੇ ਯੂ.ਐਨ.ਓ ਸੁਰੱਖਿਆ ਕੌਂਸਲ ਨੇ ਇੱਕ ਮਤੇ ਉੱਤੇ ਵਿਚਾਰ ਕੀਤੀ। ਇਹ ਮਤਾ ਇਜ਼ਰਾਈਲ ਨੂੰ ਬਸਤੀਆਂ ਦਾ ਪਸਾਰਾ ਨਾ ਕਰਨ ਨੂੰ ਕਹਿੰਦਾ ਸੀ। ਧਿਆਨ ਦਿਓ ਕਿ ਅਸਲ ਮਸਲਾ ਬਸਤੀਆਂ ਦੇ ਪਸਾਰੇ ਦਾ ਨਹੀਂ ਖੁਦ ਬਸਤੀਆਂ ਦਾ ਹੈ। ਬਸਤੀਆਂ, ਆਧਾਰ-ਢਾਂਚੇ ਦੀ ਉਸਾਰੀ ਇਹ ਸਭ ਕੁੱਝ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਹੈ। ਇਹ ਫੈਸਲਾ ਸੁਰੱਖਿਆ ਕੌਂਸਲ ਵੱਲੋਂ, ਇਨਸਾਫ ਦੀ ਕੌਮਾਂਤਰੀ ਕੌਂਸਲ ਵੱਲੋਂ ਕੀਤਾ ਹੋਇਆ ਹੈ। ਇਜ਼ਰਾਈਲ ਤੋਂ ਬਿਨਾ ਦੁਨੀਆਂ ਦਾ ਹਰ ਮੁਲਕ ਅਮਲੀ ਤੌਰ 'ਤੇ ਇਸ ਨੂੰ ਮੰਨਦਾ ਹੈ। ਇਹ ਇੱਕ ਅਜਿਹਾ ਮਤਾ ਸੀ, ਜੋ ਬਸਤੀਆਂ ਦੇ ਪਸਾਰੇ ਨੂੰ ਖਤਮ ਕਰਨ ਲਈ ਕਹਿੰਦਾ ਸੀ- ਜੋ ਅਮਰੀਕਾ ਦੀ ਅਧਿਕਾਰਕ ਨੀਤੀ ਸੀ। ਹੋਇਆ ਕੀ ਅਮਰੀਕਾ ਨੇ ਇਸ ਮਤੇ ਨੂੰ ਵੀਟੋ ਕਰ ਦਿੱਤਾ। ਇਸ ਤੋਂ ਤੁਹਾਨੂੰ ਕੁਝ ਪਤਾ ਲੱਗਦਾ ਹੈ। 
ਹੋਰ ਇਹ, ਕਿ ਬਸਤੀਆਂ ਦੇ ਪਸਾਰੇ ਬਾਰੇ ਦਿੱਤੇ ਅਧਿਕਾਰਕ ਬਿਆਨ ਦੇ ਨਾਲ ਹੀ ਇਜ਼ਰਾਈਲ ਨੂੰ ਇਹ ਇਸ਼ਾਰਾ ਕਰ ਦਿੱਤਾ ਗਿਆ, ਜਿਸ ਨੂੰ ਸਫਾਰਤੀ ਬੋਲੀ ਵਿੱਚ ਅੱਖ ਦੀ ਰਮਜ ਆਖਿਆ ਜਾਂਦਾ ਹੈ- ਯਾਨੀ ਚੁੱਪ ਚਾਪ ਦਿੱਤਾ ਇਹ ਸੰਕੇਤ ਕਿ ਅਸਲ ਵਿੱਚ ਸਾਡਾ ਇਹ ਮਤਲਬ ਨਹੀਂ ਹੈ। ਸੋ, ਉਦਾਹਰਨ ਦੇ ਤੌਰ 'ਤੇ, ਸਾਰੀਆਂ ਧਿਰਾਂ ਵੱਲੋਂ ਕੀਤੀ ਜਾ ਰਹੀ ਹਿੰਸਾ, ਜਿਵੇਂ ਕਿ ਓਬਾਮਾ ਨੇ ਇਸ ਨੂੰ ਪੇਸ਼ ਕੀਤਾ-ਦੀ ਓਬਾਮਾ ਵੱਲੋਂ ਕੀਤੀ ਤਾਜ਼ਾ ਨਿਖੇਧੀ ਦੇ ਨਾਲ ਹੀ ਇਜ਼ਰਾਈਲ ਨੂੰ ਹੋਰ ਫੌਜੀ ਸਹਾਇਤਾ ਭੇਜੀ ਗਈ। ਇਜ਼ਰਾਈਲੀ ਇਸਨੂੰ ਸਮਝ ਸਕਦੇ ਹਨ ਅਤੇ ਪਿਛਲੇ ਸਾਰੇ ਸਮੇਂ ਇਹ ਗੱਲ ਇਉਂ ਹੀ ਹੁੰਦੀ ਆ ਰਹੀ ਹੈ। ਅਸਲ ਵਿੱਚ ਜਦੋਂ ਓਬਾਮਾ ਰਾਸ਼ਟਰਪਤੀ ਬਣਿਆ ਉਸਨੇ ਬਸਤੀਆਂ ਦੇ ਪਸਾਰੇ ਵਿਰੁੱਧ ਓਹੀ ਬਿਆਨ ਦਿੱਤੇ ਜੋ ਆਮ ਤੌਰ 'ਤੇ ਪਹਿਲਾਂ ਤੋਂ ਹੀ ਦਿੱਤੇ ਜਾ ਰਹੇ ਸਨ। ਅਤੇ ਜਦੋਂ ਉਸਦੀ ਹਕੂਮਤ ਦੇ ਬੁਲਾਰਿਆਂ ਨੂੰ ਪ੍ਰੈਸ ਕਾਨਫਰੰਸਾਂ ਵਿੱਚ ਇਹ ਪੁੱਛਿਆ ਗਿਆ ਕਿ ਕੀ ਓਲਾਮਾ ਬਸਤੀਆਂ ਦੇ ਪਸਾਰੇ ਨੂੰ ਰੋਕਣ ਲਈ ਪਹਿਲੇ ਜਾਰਜ ਬੁਸ਼ ਵਾਂਗ ਕੁੱਝ ਕਰੇਗਾ- ਨਰਮ ਪਾਬੰਦੀਆਂ ਲਾਵੇਗਾ? ਅਤੇ ਇਸਦਾ ਜਵਾਬ ਸੀ, ''ਨਹੀਂ''। ਇਹ ਤਾਂ ਸਿਰਫ ਪ੍ਰਤੀਕ-ਮਾਤਰ ਹੈ। ਇਸ ਤੋਂ ਇਜ਼ਰਾਈਲ ਨੂੰ ਪਤਾ ਲੱਗ ਜਾਂਦਾ ਹੈ ਕਿ ਅਸਲ ਵਿੱਚ ਹੋਣ ਕੀ ਜਾ ਰਿਹਾ ਹੈ। ਅਸਲ ਵਿੱਚ ਜੇ ਤੁਸੀਂ ਚੁੱਕੇ ਜਾ ਰਹੇ ਕਦਮਾਂ ਤੇ ਨਿਗਾਹ ਮਾਰੋ, ਫੌਜੀ ਸਹਾਇਤਾ ਜਾਰੀ ਰਹਿ ਰਹੀ ਹੈ, ਆਰਥਿਕ ਸਹਾਇਤਾ ਜਾਰੀ ਰਹਿ ਰਹੀ ਹੈ, ਸਫਾਰਤੀ ਸੁਰੱਖਿਆ ਜਾਰੀ ਰਹਿ ਰਹੀ ਹੈ, ਵਿਚਾਰਧਾਰਕ ਸੁਰੱਖਿਆ ਜਾਰੀ ਰਹਿ ਰਹੀ ਹੈ। ਇਉਂ ਕਹਿਣ ਤੋਂ ਮੇਰਾ ਭਾਵ ਇਹ ਹੈ ਕਿ ਮਸਲਿਆਂ ਦੀ ਪੇਸ਼ਕਾਰੀ ਇਸ ਤਰ•ਾਂ ਕਰਨੀ ਕਿ ਉਹ ਇਜ਼ਰਾਈਲ ਦੀ ਮੰਗ ਨਾਲ ਮੇਲ ਖਾਂਦੀ ਹੋਵੇ। ਇਹ ਸਾਰਾ ਕੁੱਝ ਜਾਰੀ ਰਹਿ ਰਿਹਾ ਹੈ ਅਤੇ ਇਸਦੇ ਨਾਲ ਹੀ ਮੂੰਹ ਵਿੱਚੋਂ ਹੂੰ ਊਂ ਦੀ ਆਵਾਜ਼ ਕੱਢ ਕੇ ਕਹਿਣਾ ''ਸਾਨੂੰ ਇਹ ਸੱਚੀਉਂ ਪਸੰਦ ਨਹੀਂ ਇਹ ਅਮਨ ਲਈ ਸਹਾਈ ਨਹੀਂ।'' ਕੋਈ ਵੀ ਸਰਕਾਰ ਇਹ ਸਮਝ ਸਕਦੀ ਹੈ ਕਿ.......। 
ਸੁਆਲ: ਮੈਂ ਪ੍ਰਧਾਨ ਮੰਤਰੀ ਨੇਤਨਯਾਹੂ ਵੱਲ ਮੁੜਨਾ ਚਾਹੁੰਦਾ ਹਾਂ, ਜਿਸਨੇ ਕੱਲ ਵਿਦੇਸ਼ੀ ਪੱਤਰਕਾਰਾਂ ਨਾਲ ਗੱਲ ਕੀਤੀ। 
ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਕਿਹਾ: ਇਜ਼ਰਾਈਲ ਨੇ ਮਿਸਰ ਦੀ 15 ਜੁਲਾਈ ਦੀ ਗੋਲੀਬੰਦੀ ਦੀ ਤਜਵੀਜ਼ ਨੂੰ ਪ੍ਰਵਾਨ ਕੀਤਾ, ਹਮਾਸ ਨੇ ਰੱਦ ਕੀਤਾ। ਅਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਉਸ ਸਮੇਂ ਲੜਾਈ ਵਿੱਚ 185 ਜਾਨਾਂ ਗਈਆਂ। ਸਿਰਫ ਸੋਮਵਾਰ ਦੀ ਰਾਤ ਨੂੰ ਹੀ ਹਮਾਸ ਨੇ ਉਸੇ ਤਜਵੀਜ਼ ਨੂੰ ਪ੍ਰਵਾਨ ਕਰ ਲਿਆ, ਜਿਹੜੀ ਕੱਲ• ਸਵੇਰੇ ਲਾਗੂ ਹੋਈ ਹੈ। ਇਸਦਾ ਮਤਲਬ ਇਹ ਹੋਇਆ ਕਿ ਹਮਾਸ ਨੇ ਜਿਹੜੀ ਗੋਲੀਬੰਦੀ ਨੂੰ ਹੁਣ ਪ੍ਰਵਾਨ ਕੀਤਾ ਹੈ, ਜੇ ਇਸ ਨੂੰ ਉਦੋਂ ਹੀ ਪ੍ਰਵਾਨ ਕਰ ਲੈਂਦੇ ਤਾਂ ਹੋਏ ਜਾਨੀ ਨੁਕਸਾਨ ਦੇ 90 ਫੀਸਦੀ, ਪੂਰੇ 90 ਫੀਸਦੀ ਦੀ ਬੱਚਤ ਹੋ ਸਕਦੀ ਸੀ। ਜਾਨਾਂ ਦੇ ਹੋਏ ਇਸ ਦੁਖਾਂਤਕ ਨੁਕਸਾਨ ਬਦਲੇ ਹਮਾਸ ਨੂੰ ਜੁੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਨੌਮ ਚੌਮਸਕੀ! ਕੀ ਤੁਸੀਂ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੈਤਨਯਾਹੂ ਦਾ ਜਵਾਬ ਦੇ ਸਕਦੇ ਹੋ ? 
ਜੁਆਬ: ਇਸਦਾ ਇੱਕ ਸੰਖੇਪ ਜਵਾਬ ਹੈ, ਇੱਕ ਪੂਰਾ ਜਵਾਬ। ਸੰਖੇਪ ਜਵਾਬ ਇਹ ਹੈ ਕਿ ਬਿਨਾ ਸ਼ੱਕ ਨੇਤਨਯਾਹੂ ਨੂੰ ਪਤਾ ਹੈ ਕਿ ਗੋਲੀਬੰਦੀ ਦੀ ਤਜਵੀਜ ਮਿਸਰ ਦੀ ਫੌਜੀ ਡਿਕਟੇਟਰਸ਼ਿੱਪ ਅਤੇ ਇਜ਼ਰਾਈਲ ਵੱਲੋਂ ਤਹਿ ਕੀਤੀ ਗਈ ਸੀ। ਇਹ ਦੋਵੇਂ ਹਮਾਸ ਦੇ ਵੈਰੀ ਹਨ। ਇਸ ਤਜਵੀਜ਼ ਬਾਰੇ ਹਮਾਸ ਨੂੰ ਜਾਣਕਾਰੀ ਵੀ ਨਹੀਂ ਦਿੱਤੀ ਗਈ। ਉਹਨਾਂ ਨੂੰ ਇਸ ਬਾਰੇ ਸੋਸ਼ਲ ਮੀਡੀਏ ਤੋਂ ਪਤਾ ਲੱਗਿਆ। ਉਹਨਾਂ ਨੂੰ ਕੁਦਰਤੀ ਤੌਰ 'ਤੇ ਹੀ ਗੁੱਸਾ ਆਇਆ। ਉਹਨਾਂ ਨੇ ਕਿਹਾ ਕਿ ਇਹਨਾਂ ਸ਼ਰਤਾਂ ਉੱਤੇ ਇਸ ਨੂੰ ਪ੍ਰਵਾਨ ਨਹੀਂ ਕਰਨਗੇ। 
ਪੂਰਾ ਜਵਾਬ ਇਹ ਹੈ ਕਿ ਜਾਨੀ ਨੁਕਸਾਨ, ਤਬਾਹੀ ਅਤੇ ਭਿਆਨਕ ਉਜਾੜੇ ਤੋਂ 100 ਫੀਸਦੀ ਬਚਾਅ ਹੋ ਸਕਦਾ ਸੀ, ਜੇ ਇਜ਼ਰਾਈਲ ਨਵੰਬਰ 2012 ਵਿੱਚ ਹੋਏ ਗੋਲੀਬੰਦੀ ਦੇ ਸਮਝੌਤੇ ਮਗਰੋਂ ਇਸ ਉੱਤੇ ਪੂਰਾ ਉੱਤਰਦਾ। ਜੇ ਉਹ ਇਸਦੀ ਲਗਾਤਾਰ ਉਲੰਘਣਾ ਨਾ ਕਰਦੇ ਅਤੇ ਹਿੰਸਾ ਨੂੰ ਉਵੇਂ ਨਾ ਵਧਾਉਂਦੇ ਜਿਵੇਂ ਮੈਂ ਵਰਨਣ ਕੀਤਾ ਹੈ। ਜੇ ਉਹ ਇਹ ਸਭ ਕੁੱਝ, ਏਕਤਾ ਸਰਕਾਰ ਬਣਨ ਤੋਂ ਰੋਕਣ ਵਾਸਤੇ, ਪੱਛਮੀ ਕਿਨਾਰੇ ਦੇ ਮਨਚਾਹੇ ਇਲਾਕਿਆਂ ਨੂੰ ਖੋਹਣ ਦੀ, ਇਸ ਨੂੰ ਗਾਜ਼ਾ ਤੋਂ ਅੱਡ ਕਰਕੇ ਰੱਖਣ ਦੀ ਅਤੇ ਗਾਜ਼ਾ ਨੂੰ, ਉਹਨਾਂ ਦੇ ਸ਼ਬਦਾਂ ਵਿੱਚ ''ਸੀਮਤ ਖੁਰਾਕ'' ਜੋ ਡੌਵ ਵਿਸਗਲਾਸ ਦੀ ਮਸ਼ਹੂਰ ਟਿੱਪਣੀ ਹੈ- ਦੀ ਨੀਤੀ ਨੂੰ ਜਾਰੀ ਰੱਖਣ ਵਾਸਤੇ ਨਾ ਕਰਦੇ। ਡੌਵ ਵਿਸਗਲਾਸ ਉਹ ਬੰਦਾ ਹੈ, ਜਿਸਨੇ 2005 ਵਿੱਚ (ਇਜਰਾਈਲੀ ਨੁਮਾਇੰਦੇ ਵਜੋਂ) ਅਖੌਤੀ ਫੌਜ ਵਾਪਸੀ ਦਾ ਸਮਝੌਤਾ ਕੀਤਾ ਸੀ। ਉਸਨੇ ਕਿਹਾ ਸੀ ਕਿ ਫੌਜ ਵਾਪਸੀ ਦਾ ਮੰਤਵ ਕਿਸੇ ਸਿਆਸੀ ਸਮਝੌਤੇ ਬਾਰੇ ਹੋ ਰਹੀ ਬਹਿਸ ਦਾ ਖਾਤਮਾ ਕਰਨਾ ਹੈ ਅਤੇ ਇੱਕ ਫਲਸਤੀਨੀ ਰਾਜ ਬਣਨ ਦੀ ਕਿਸੇ ਸੰਭਾਵਨਾ ਨੂੰ ਰੋਕਣਾ ਹੈ ਅਤੇ ਇਸ ਸਮੇਂ ਦੌਰਾਨ ਗਾਜ਼ਾ ਵਾਸੀ ਘੱਟੋ ਘੱਟ ਲੋੜੀਂਦੀ ਸੀਮਤ ਖੁਰਾਕ ਉੱਤੇ ਰੱਖੇ ਜਾਣਗੇ। ਇਸਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਓਨੀਆਂ ਕਲੋਰੀਆਂ ਵਾਲੀ ਖੁਰਾਕ ਦੀ ਆਗਿਆ ਦਿੱਤੀ ਜਾਵੇਗੀ, ਜਿਸ ਨਾਲ ਸਿਰਫ ਮਰਨ ਤੋਂ ਬਚ ਸਕਣ- ਕਿਉਂਕਿ ਉਹਨਾਂ ਦਾ ਮਰਨਾ ਇਜ਼ਰਾਈਲ ਦੀ ਖਰਾਬ ਹੋ ਰਹੀ ਪੜਤ ਵਾਸਤੇ ਚੰਗਾ ਨਹੀਂ ਹੋਵੇਗਾ- ਪਰ ਇਸ ਤੋਂ ਵੱਧ ਕਿਸੇ ਖੁਰਾਕ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਆਪਣੀ ਤਕਨੀਕੀ ਯੋਗਤਾ, ਜਿਸਦੀ ਉਹ ਸ਼ੇਖੀ ਮਰਾਦੇ ਹਨ, ਦੇ ਸਿਰ ਉੱਤੇ ਇਜ਼ਰਾਈਲ ਮਾਹਰਾਂ ਨੇ ਇਹ ਹਿਸਾਬ-ਕਿਤਾਬ ਲਾਇਆ ਕਿ ਗਾਜ਼ਾ ਵਾਸੀਆਂ ਨੂੰ ਘੱਟੋ ਘੱਟ ਸੀਮਤ ਖੁਰਾਕ ਉੱਤੇ ਰੱਖਣ ਲਈ, ਕਿੰਨੀਆਂ ਕਲੋਰੀਆਂ ਦੀ ਲੋੜ ਪਵੇਗੀ, ਜਦੋਂ ਕਿ ਉਹ ਕਬਜ਼ੇ ਅਧਾਨ ਹੋਣਗੇ, ਦਰਾਮਦ ਬੰਦ ਹੋਵੇਗੀ, ਬਰਾਮਦ ਬੰਦ ਹੋਵੇਗੀ। ਮਛੇਰੇ ਮੱਛੀਆਂ ਫੜਨ ਵਾਸਤੇ ਸਮੁੰਦਰ ਵਿੱਚ ਇੱਕ ਸੀਮਤ ਹੱਦ ਤੋਂ ਬਾਹਰ ਨਹੀਂ ਜਾ ਸਕਦੇ। ਸਮੁੰਦਰੀ ਜਹਾਜ਼ ਉਹਨਾਂ ਨੂੰ ਸ਼ਿਸ਼ਕਾਰ ਕੇ ਕਿਨਾਰੇ ਉੱਤੇ ਮੋੜ ਜਿੰਦੇ ਹਨ। ਵਾਹੀਯੋਗ ਜ਼ਮੀਨ ਦੇ ਇੱਕ ਵੱਡੇ ਹਿੱਸੇ, ਸ਼ਾਇਦ ਤੀਜੇ ਹਿੱਸੇ ਤੋਂ ਵੀ ਵੱਧ ਜਾਂ ਇਸ ਤੋਂ ਵੀ ਵੱਧ, ਵਿੱਚ ਫਲਸਤੀਨੀਆਂ ਦੇ ਦਾਖਲੇ ਉੱੇਤੇ ਪਾਬੰਦੀ ਹੈ। ਇਸ ਨੂੰ ''ਬੈਰੀਅਰ'' ਆਖਿਆ ਜਾਂਦਾ ਹੈ। ਇਸ ਨੂੰ ਅਸੂਲ ਬਣਾਇਆ ਹੋਇਆ ਹੈ। ਇਹ ਹੈ ਸੀਮਤ ਖੁਰਾਕ। ਉਹ ਉਹਨਾਂ ਨੂੰ ਇਸ ਖੁਰਾਕ ਉੱਤੇ ਰੱਖਣਾ ਚਾਹੁੰਦੇ ਹਨ। 
ਸੁਆਲ: ਅਤੇ ਨੌਮ! ਜਿਵੇਂ ਇਸ ਸਾਰੇ ਮਹੀਨੇ ਦੌਰਾਨ ਇਹ ਵੱਡਾ ਖੂਨੀ ਕਤਲੇਆਮ ਵਾਪਰਦਾ ਰਿਹਾ ਹੈ ਅਤੇ ਇਸਦੀਆਂ ਤਸਵੀਰਾਂ ਸੰਸਾਰ ਭਰ ਵਿੱਚ ਫੈਲੀਆਂ ਹਨ, ਅਮਰੀਕਨ ਸਰਕਾਰ ਅਤੇ ਅਰਬ ਅਤੇ ਮੁਸਲਿਮ ਜਗਤ ਵਿਚਲੇ ਰਿਸ਼ਤੇ ਉੱਤੇ, ਜੋ ਕਿ ਪਹਿਲਾਂ ਹੀ ਬੇਥਾਹ ਮਾੜਾ ਹੈ, ਇਸਦੇ ਪੈਣ ਵਾਲੇ ਡੂੰਘੇ ਅਸਰ ਬਾਰੇ ਤੁਹਾਡਾ ਕੀ ਜਾਇਜ਼ਾ ਹੈ? 
ਜਵਾਬ: ਸਭ ਤੋਂ ਪਹਿਲਾਂ ਸਾਨੂੰ ਮੁਸਲਿਮ ਅਤੇ ਅਰਬ ਵਸੋਂ ਅਤੇ ਉਹਨਾਂ ਦੀਆਂ ਸਰਕਾਰਾਂ ਵਿੱਚ ਨਿਖੇੜਾ ਕਰਨਾ ਚਾਹੀਦਾ ਹੈ। ਸਰਕਾਰਾਂ ਆਮ ਕਰਕੇ ਡਿਕਟੇਟਰਸ਼ਿੱਪਾਂ ਹਨ। ਜਦੋਂ ਤੁਸੀਂ ਪ੍ਰੈਸ ਵਿੱਚ (ਇਜ਼ਰਾਈਲ ਵੱਲੋਂ) ਉਹ ਪੜ•ਦੇ ਹੋ ਕਿ ਅਰਬ ਸਾਡੀ ਹਮਾਇਤ ਕਰਦੇ ਹਨ ਆਦਿਕ ਆਦਿਕ ਤਾਂ ਇਸਦਾ ਮਤਲਬ ਇਹ ਹੈ ਕਿ ਡਿਕਟੇਟਰ ਸਾਡੀ ਮੱਦਦ ਕਰਦੇ ਹਨ, ਵਸੋਂ ਨਹੀਂ। ਜੋ ਕੁੱਝ ਅਮਰੀਕਾ ਅਤੇ ਇਜ਼ਰਾਈਲ ਕਰ ਰਹੇ ਹਨ, ਉਸ ਨੂੰ ਡਿਕਟੇਟਰਸ਼ਿੱਪਾਂ ਦੀ ਦਰਮਿਆਨੇ ਦਰਜ਼ੇ ਦੀ ਹਮਾਇਤ ਹਾਸਲ ਹੈ। ਇਸ ਵਿੱਚ ਮਿਸਰ ਦੀ ਡਿਕਟੇਟਰਸ਼ਿੱਪ, ਜੋ ਬਹੁਤ ਹੀ ਜ਼ਾਲਮ ਹੈ ਅਤੇ ਸਾਊਦੀ ਅਰਬ ਦੀ ਡਿਕਟੇਟਰਸ਼ਿੱਪ ਸ਼ਾਮਲ ਹੈ। ਸਾਊਦੀ ਅਰਬ, ਇਸ ਖਿੱਤੇ ਵਿੱਚ ਅਮਰੀਕਾ ਦਾ ਸਭ ਤੋਂ ਨੇੜਲਾ ਜੋਟੀਦਾਰ ਹੈ ਅਤੇ ਇਹ ਸੰਸਾਰ ਵਿੱਚ ਸਭ ਤੋਂ ਵੱਧ ਅੱੱਤਵਾਦੀ ਬੁਨਿਆਦਪ੍ਰਸਤ ਇਸਲਾਮੀ ਰਾਜ ਹੈ। ਇਹ ਸੰਸਾਰ ਭਰ ਵਿੱਚ ਸਲਾਫੀ-ਵਹਾਬੀ ਸਿਧਾਂਤਾਂ ਨੂੰ ਫੈਲਾ ਰਿਹਾ ਹੈ, ਜੋ ਕਿ ਇੱਕ ਅੱਤਵਾਦੀ ਬੁਨਿਆਦਪ੍ਰਸਤ ਸਿਧਾਂਤ ਹੈ। ਇਹ ਬਹੁਤ ਸਾਲਾਂ ਤੋਂ ਅਮਰੀਕਾ ਦਾ ਮੋਹਰੀ ਜੋਟੀਦਾਰ ਰਹਿ ਰਿਹਾ ਹੈ। ਉਵੇਂ ਜਿਵੇਂ ਇਹ ਪਹਿਲਾਂ ਬਰਤਾਨੀਆ ਦਾ ਜੋਟੀਦਾਰ ਸੀ। ਇਹ ਦੋਵੇਂ ਧਰਮ-ਨਿਰਪੱਖ ਕੌਮਪ੍ਰਸਤੀ ਅਤੇ ਜਮਹੂਰੀਅਤ ਦੇ ਖਤਰੇ ਨਾਲੋਂ ਅਤਿਵਾਦੀ ਇਸਲਾਮ ਨੂੰ ਤਰਜੀਹ ਦਿੰਦੇ ਹਨ। ਅਤੇ ਉਹ ਹਮਾਸ ਨੂੰ ਨਫਰਤ ਕਰਦੇ ਹਨ। ਉਹਨਾਂ ਦੀ ਫਲਸਤੀਨੀਆਂ ਵਿੱਚ ਕੋਈ ਦਿਲਚਸਪੀ ਨਹੀਂ। ਆਪਣੀ ਵਸੋਂ ਨੂੰ ਸ਼ਾਂਤ ਕਰਨ ਵਾਸਤੇ ਉਹਨਾਂ ਨੂੰ ਕੁੱਝ ਗੱਲਾਂ  ਕਹਿਣੀਆਂ ਪੈਂਦੀਆਂ ਹਨ। ਪਰ ਸ਼ਬਦ-ਅਡੰਬਰ ਅਤੇ ਕਾਰਵਾਈ ਵੱਖ ਵੱਖ ਚੀਜ਼ਾਂ ਹਨ। ਸੋ ਜੋ ਕੁੱਝ ਵਾਪਰ ਰਿਹਾ ਹੈ, ਡਿਕਟੇਟਰਸ਼ਿੱਪਾਂ ਉਸ ਤੋਂ ਭੈ-ਭੀਤ ਨਹੀਂ ਹੋ ਰਹੀਆਂ। ਸ਼ਾਇਦ ਉਹ ਚੁੱੱਪ-ਚਾਪ ਤਾੜੀਆਂ ਮਾਰ ਰਹੀਆਂ ਹਨ। 
ਬਿਨਾਂ ਸ਼ੱਕ, ਇਹਨਾਂ ਦੇਸ਼ਾਂ ਦੀ ਵਸੋਂ ਬਿਲਕੁੱਲ ਵੱਖਰੀ ਹੈ। ਇਹ ਗੱਲ ਹਮੇਸ਼ਾਂ ਹੀ ਸੱਚ ਰਹੀ ਹੈ। ਉਦਾਹਰਨ ਦੇ ਤੌਰ 'ਤੇ ਮਿਸਰ ਦਾ ਤਾਹਿਰ ਚੌਂਕ ਵਿੱਚ ਹੋਏ, ਮੁਬਾਰਕ ਡਿਕਟੇਟਰਸ਼ਿੱਪ ਨੂੰ ਉਲਟਾਉਣ ਵਾਲੇ, ਮੁਜਾਹਰਿਆਂ ਤੋਂ ਤੁਰਤ ਪਹਿਲਾਂ ਰਾਇ-ਸ਼ੁਮਾਰੀ ਕਰਵਾਉਣ ਵਾਲੀਆਂ ਮੋਹਰੀ ਕੰਪਨੀਆਂ ਵੱਲੋਂ ਇੱਕ ਰਾਇ-ਸ਼ੁਮਾਰੀ ਕਰਵਾਈ ਗਈ ਸੀ। ਇਸ ਰਾਇ-ਸ਼ੁਮਾਰੀ ਨੇ ਇਹ ਗੱਲ ਸਾਫ ਤੌਰ 'ਤੇ ਦਿਖਾ ਦਿੱਤੀ ਸੀ ਕਿ ਲੱਗਭੱਗ 80 ਫੀਸਦੀ ਮਿਸਰੀਆਂ ਨੇ ਇਹ ਕਿਹਾ ਕਿ ਉਹਨਾਂ ਲਈ ਮੁੱਖ ਖ਼ਤਰਾ ਇਜ਼ਰਾਈਲ ਅਤੇ ਅਮਰੀਕਾ ਹੈ। ਅਸਲ ਵਿੱਚ ਅਮਰੀਕਾ ਅਤੇ ਇਸਦੀਆਂ ਨੀਤੀਆਂ ਦੀ ਨਿਖੇਧੀ ਐਨੀ ਸਿਰੇ ਦੀ ਹੈ ਕਿ ਭਾਵੇਂ ਮਿਸਰੀ ਇਰਾਨ ਨੂੰ ਪਸੰਦ ਨਹੀਂ ਕਰਦੇ ਫੇਰ ਵੀ ਬਹੁਗਿਣਤੀ ਨੇ ਇਹ ਮਹਿਸੂਸ ਕੀਤਾ ਕਿ ਜੇ ਇਰਾਨ ਕੋਲ ਪ੍ਰਮਾਣੂੰ ਹਥਿਆਰ ਹੋਣ ਤਾਂ ਇਹ ਖਿੱਤਾ ਵੱਧ ਸੁਰੱਖਿਅਤ ਹੋ ਸਕਦਾ ਹੈ। ਬਿਨਾ ਸ਼ੱਕ, ਏਸੇ ਤਰ•ਾਂ ਹੋਰਨਾਂ ਥਾਵਾਂ ਦੀ ਮੁਸਲਿਮ ਵਸੋਂ ਵੀ ਇਜ਼ਰਾਈਲ ਨੂੰ ਪਸੰਦ ਨਹੀਂ ਕਰਦੀ। ਪਰ ਇਹ ਸਿਰਫ ਮੁਸਲਿਮ ਵਸੋਂ ਦੀ ਹੀ ਗੱਲ ਨਹੀਂ। ਉਦਾਹਰਨ ਦੇ ਤੌਰ 'ਤੇ ਹੁਣੇ ਹੁਣੇ ਲੰਡਨ ਵਿੱਚ ਇੱਕ ਮੁਜਾਹਰਾ ਹੋਇਆ ਹੈ, ਜਿਸ ਵਿੱਚ ਲੱਖਾਂ ਲੋਕ ਸ਼ਾਮਲ ਹੋਏ। ਇਸ ਵਿੱਚ, ਲੋਕ ਗਾਜ਼ਾ ਵਿੱਚ ਇਜ਼ਰਾਈਲੀ ਜ਼ੁਲਮਾਂ ਦੇ ਖਿਲਾਫ ਰੋਸ ਪ੍ਰਗਟ ਕਰ ਰਹੇ ਸਨ। ਅਜਿਹੇ ਰੋਸ ਪ੍ਰਗਟਾਵੇ ਦੁਨੀਆਂ ਵਿੱਚ ਹੋਰਨਾਂ ਥਾਵਾਂ ਉੱਤੇ ਵੀ ਹੋਏ ਹਨ। ਇਜ਼ਰਾਈਲ ਹੁਣ ਸੰਸਾਰ ਵਿੱਚ ਸਭ ਤੋਂ ਡਰਾਉਣਾ ਦੇਸ਼ ਹੈ, ਜਿਸ ਨੂੰ ਸਭ ਤੋਂ ਵੱਧ ਨਫਰਤ ਕੀਤੀ ਜਾਂਦੀ ਹੈ। ਇਜ਼ਰਾਈਲੀ ਪ੍ਰਚਾਰਕ ਇਹ ਕਹਿਣਾ ਪਸੰਦ ਕਰਦੇ ਹਨ, ਠੀਕ ਐ, ਇਹ ਸਿਰਫ ਯਹੂਦੀਵਾਦ ਦਾ ਵਿਰੋਧ ਹੈ। ਪਰ ਜਿੱਥੋਂ ਤੱਕ ਯਹੂਦੀਵਾਦ ਦੇ ਵਿਰੋਧ ਦਾ ਸਬੰਧ ਹੈ, ਇਹ ਮਾਮੂਲੀ ਹੈ। ਇਜ਼ਰਾਈਲ ਦਾ ਵਿਰੋਧ ਉਹਨਾਂ ਦੀਆਂ ਕਰਤੂਤਾਂ ਕਾਰਨ ਹੈ। ਉਸਦੀਆਂ ਨੀਤੀਆਂ ਵਿਰੁੱਧ ਪ੍ਰਤੀਕਿਰਿਆ ਹੈ। ਜਦੋਂ ਤੱਕ ਇਜ਼ਰਾਈਲ ਇਹਨਾਂ ਨੀਤੀਆਂ ਨੂੰ ਜਾਰੀ ਰੱਖੇਗਾ, ਇਹ ਵਿਰੋਧ ਜਾਰੀ ਰਹੇਗਾ। 
1971 ਵਿੱਚ ਇਜ਼ਰਾਈਲ ਨੇ ਇੱਕ ਕਿਸਮਤ-ਪਲਟਾਊ ਫੈਸਲਾ ਕੀਤਾ, ਜੋ ਮੇਰੇ ਖਿਆਲ ਵਿੱਚ ਸਭ ਤੋਂ ਵੱਧ ਕਿਸਮਤ ਪਲਟਾਊ ਫੈਸਲਾ ਸੀ। ਮਿਸਰ ਦੇ ਰਾਸ਼ਟਰਪਤੀ ਸਾਦਾਤ ਨੇ ਇਹ ਪੇਸ਼ਕਸ਼ ਕੀਤੀ ਕਿ ਜੇ ਇਜ਼ਰਾਈਲ, ਮਿਸਰ ਦੇ ਸਿਨਾਈ ਖੇਤਰ ਨੂੰ ਛੱਡੇ ਦੇਵੇ ਤਾਂ ਉਹ ਇਜ਼ਰਾਈਲ ਨਾਲ ਪੂਰੀ ਅਮਨ ਸੰਧੀ ਕਰਨ ਨੂੰ ਤਿਆਰ ਹੈ। ਉਸ ਵੇਲੇ ਇਜ਼ਰਾਈਲ ਵਿੱਚ ਲੇਬਰ ਸਰਕਾਰ ਸੀ। ਉਸ ਸਮੇਂ ਦੀ ਅਖੌਤੀ ਮੁਕਾਬਲਤਨ ਨਰਮ (ਮਾਡਰੇਟ) ਸਰਕਾਰ। ਉਹਨਾਂ ਨੇ ਇਸ ਪੇਸ਼ਕਸ਼ ਨੂੰ ਰੱਦ ਕਰ ਦਿੱਤਾ। ਉਹ ਸਿਨਾਈ ਵਿੱਚ ਇੱਕ ਵਿਆਪਕ ਵਿਕਾਸ ਦੀ ਸਕੀਮ ਬਣਾ ਰਹੇ ਸਨ। ਇਸ ਵਿੱਚ ਭੂਮੱਧ ਸਾਗਰ ਉੱਤੇ ਇੱਕ ਬਹੁਤ ਵੱਡਾ ਸ਼ਹਿਰ ਵਸਾਉਣਾ ਦਰਜਨਾ ਬਸਤੀਆਂ ਵਸਾਉਣਾ, ਇੱਕ ਸਹਿਕਾਰੀ ਖੇਤੀ ਫਾਰਮ ਬਣਾਉਣਾ ਆਦਿਕ ਅਤੇ ਬੁਨਿਆਦੀ ਢਾਂਚੇ ਦੀ ਉਸਾਰੀ ਸ਼ਾਮਲ ਸੀ। ਇਸ ਸਕੀਮ ਤਹਿਤ ਕਈ ਦਹਿ-ਹਜ਼ਾਰਾਂ ਮਾਰੂਥਲ ਦੇ ਮੁਲ ਨਿਵਾਸੀਆਂ (ਬੈਂਦੋਊਇਨਾਂ) ਨੂੰ ਉਜਾੜਨਾ ਅਤੇ ਉਹਨਾਂ ਦੇ ਪਿੰਡਾਂ ਨੂੰ ਤਬਾਹ ਕਰਨਾ ਸੀ। ਇਹ ਸੀ ਸਕੀਮ ਜਿਸ ਨੂੰ ਲਾਗੂ ਕਰਨਾ ਉਹ ਸ਼ੁਰੂ ਕਰ ਰਹੇ ਸਨ। ਅਤੇ ਇਜ਼ਰਾਈਲ ਨੇ ਸੁਰੱਖਿਆ ਨਾਲੋਂ ਆਪਣੇ ਮੁਲਕ ਦੇ ਪਸਾਰੇ ਨੂੰ ਤਰਜੀਹ ਦਿੱਤੀ। ਮਿਸਰ ਨਾਲ ਸੰਧੀ ਦਾ ਮਤਲਬ ਸੀ ਸੁਰੱਖਿਆ। ਮਿਸਰ ਅਰਬ ਜਗਤ ਵਿੱਚ ਇੱਕੋ ਇੱਕ ਮਹੱਤਵਪੂਰਨ ਫੌਜੀ ਤਾਕਤ ਸੀ, ਇਜ਼ਰਾਈਲ ਦੀ ਇਹੋ ਨੀਤੀ ਹਮੇਸ਼ਾਂ ਤੋਂ ਜਾਰੀ ਰਹਿ ਰਹੀ ਹੈ। 
ਜਦੋਂ ਤੁਸੀਂ ਸੁਰੱਖਿਆ ਦੇ ਮੁਕਾਬਲੇ ਤਸ਼ੱਦਦ ਅਤੇ ਪਸਾਰੇ ਦੀ ਨੀਤੀ ਉੱਤੇ ਚੱਲਦੇ ਹੋ ਤਾਂ ਕੁੱਝ ਗੱਲਾਂ ਅਜਿਹੀਆਂ ਹੁੰਦੀਆਂ ਹਨ, ਜਿਹਨਾਂ ਨੇ ਵਾਪਰਨਾ ਹੀ ਹੁੰਦਾ ਹੈ। ਦੇਸ਼ ਵਿੱਚ ਇਖਲਾਕੀ ਨਿਘਾਰ ਆਏਗਾ। ਮੁਲਕ ਤੋਂ ਬਾਹਰਲੀਆਂ ਅਬਾਦੀਆਂ ਵਿੱਚ ਵਿਰੋਧ, ਗੁੱਸਾ ਅਤੇ ਦੁਸ਼ਮਣੀ-ਭਾਵ ਵਧਦਾ ਜਾਵੇਗਾ। ਤੁਹਾਨੂੰ ਡਿਕਟੇਟਰਸ਼ਿੱਪਾਂ ਦੀ, ਅਮਰੀਕਨ ਹਕੂਮਤ ਦੀ ਲਗਾਤਾਰ ਹਮਾਇਤ ਮਿਲ ਸਕਦੀ ਹੈ, ਪਰ ਤੁਸੀਂ ਇਹਨਾਂ ਆਬਾਦੀਆਂ ਦੀ ਹਮਾਇਤ ਨੂੰ ਗੁਆ ਲਵੋਗੇ ਅਤੇ ਇਸਦਾ ਆਪਣਾ ਇੱਕ ਨਤੀਜਾ ਹੈ। ਇਸ ਬਾਰੇ ਇੱਕ ਭਵਿੱਖਬਾਈ ਕੀਤੀ ਜਾ ਸਕਦੀ ਹੈ। ਅਸਲ ਵਿੱਚ ਮੈਂ ਅਤੇ ਹੋਰਨਾਂ 70ਵਿਆਂ ਵਿੱਚ ਭਵਿੱਖਬਾਣੀ ਕੀਤੀ ਸੀ। ਮੇਰੇ ਆਪਣੇ ਇਹ ਸ਼ਬਦ ਸਨ: ''ਉਹ ਜਿਹੜੇ ਆਪਣੇ ਆਪ ਨੂੰ ਇਜ਼ਰਾਈਲ ਦੇ ਹਮਾਇਤੀ ਕਹਿੰਦੇ ਹਨ, ਉਹ ਅਸਲ ਵਿੱਚ ਉਸਦੇ ਇਖਲਾਕੀ ਨਿਘਾਰ ਦੇ, ਇਸਦੇ ਕੌਮਾਂਤਰੀ ਪੱਧਰ ਉੱਤੇ ਹੋਣ ਵਾਲੇ ਨਿਖੇੜੇ ਦੇ, ਅਤੇ ਬਹੁਤ ਸੰਭਵ ਹੱਦ ਤੱਕ ਅੰਤ ਨੂੰ ਇਸਦੀ ਹੋਣ ਵਾਲੀ ਤਬਾਹੀ ਦੇ ਹਮਾਇਤੀ ਹਨ।'' ਇਹ ਹੈ ਹੋਣੀ ਜੋ ਵਾਪਰ ਰਹੀ ਹੈ। 
ਇਹ ਇਤਿਹਾਸ ਵਿੱਚ ਇੱਕੋ ਇੱਕ ਉਦਾਹਰਨ ਨਹੀਂ ਹੈ। ਇਜ਼ਰਾਈਲ ਦੀ ਬਹੁਤ ਪੱਖਾਂ ਤੋਂ ਦੱਖਣੀ ਅਫਰੀਕਾ ਨਾਲ ਤੁਲਨਾ ਕੀਤੀ ਜਾਂਦੀ ਹੈ। ਮੇਰੇ ਖਿਆਲ ਵਿੱਚ ਇਹ ਤੁਲਨਾਵਾਂ ਬਹੁਤਾ ਕਰਕੇ ਖਾਸੀਆਂ ਸ਼ੱਕੀ ਹਨ। ਪਰ ਇੱਕ ਤੁਲਨਾ ਮੈਨੂੰ ਖਾਸੀ ਹਕੀਕੀ ਲੱਗਦੀ ਹੈ। 1958 ਵਿੱਚ ਦੱਖਣੀ ਅਫਰੀਕਨ ਨੈਸ਼ਨੇਲਿਸਟ ਸਰਕਾਰ, ਜਿਹੀ ਕਿ ਸਖਤ ਨਸਲੀ ਵਿਤਕਰੇ ਦੀ ਨੀਤੀ ਨੂੰ ਠੋਸ ਰਹੀ ਸੀ, ਨੇ ਇਹ ਪ੍ਰਵਾਨ ਕੀਤਾ ਕਿ ਉਹ ਕੌਮਾਂਤਰੀ ਪੱਧਰ ਉੱਤੇ ਨਿਖੇੜੇ ਦਾ ਸ਼ਿਕਾਰ ਹੋ ਰਹੀ ਹੈ। ਸਾਨੂੰ ਇਸ ਸਰਕਾਰ ਵੱਲੋਂ ਨਸ਼ਰ ਕੀਤੇ ਦਸਤਾਵੇਜ਼ਾਂ ਵਿੱਚੋਂ ਇਹ ਜਾਣਕਾਰੀ ਮਿਲੀ ਕਿ 1958 ਵਿੱਚ ਦੱਖਣੀ ਅਫਰੀਕੀ ਵਿਦੇਸ਼ ਮੰਤਰੀ ਨੇ ਅਮਰੀਕਨ ਰਾਜਦੂਤ ਨੂੰ ਸੱਦਿਆ। ਉਸਨੇ ਤੱਤ ਰੂਪ ਵਿੱਚ ਰਾਜਦੂਤ ਨੂੰ ਕਿਹਾ, ''ਦੇਖੋ, ਅਸੀਂ ਅਜਿਹਾ ਰਾਜ ਬਣ ਰਹੇ ਹਾਂ ਜਿਸ ਨੂੰ ਅਛੂਤ ਸਮਝਿਆ ਜਾਂਦਾ ਹੈ। ਅਸੀਂ ਸਭ ਤੋਂ ਨਿੱਖੜ ਰਹੇ ਹਾਂ। ਯੂ.ਐਨ.ਓ. ਵਿੱਚ ਹਰ ਕੋਈ ਸਾਡੇ ਖਿਲਾਫ ਵੋਟ ਪਾਉਂਦਾ ਹੈ। ਪਰ ਸਾਨੂੰ ਇਸਦਾ ਸੱਚੀਉਂ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਇੱਕ ਤੁਸੀਂ ਹੀ ਹੋ ਜਿਹਨਾਂ ਦੀ ਆਵਾਜ਼ ਦੀ ਮਹੱਤਤਾ ਹੈ। ਜਿੰਨਾ ਚਿਰ ਤੁਸੀਂ ਸਾਡੀ ਹਮਾਇਤ ਕਰਦੇ ਹੋ, ਓਨਾ ਚਿਰ ਸਾਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਿ ਦੁਨੀਆਂ ਸਾਡੇ ਬਾਰੇ ਕੀ ਸੋਚਦੀ ਹੈ।'' ਮਗਰਲੇ ਸਾਲਾਂ ਵਿੱਚ ਜੋ ਹੋਇਆ, ਜੇ ਤੁਸੀਂ ਉਸ ਉੱਤੇ ਨਿਗਾਹ ਮਾਰੋ, ਦੱਖਣੀ ਅਫਰੀਕਾ ਦੀ ਨਸਲੀ ਵਿਤਕਰੇ ਦੀ ਸਰਕਾਰੀ ਨੀਤੀ ਵਧਦੀ ਫੁੱਲਦੀ ਗਈ। ਯੂ.ਐਨ.ਓ. ਨੇ ਦੱਖਣੀ ਅਫਰੀਕਾ ਨੂੰ ਹਥਿਆਰ ਦੇਣ ਉੱਤੇ ਰੋਕ ਲਾ ਦਿੱਤੀ। ਪਾਬੰਦੀਆਂ ਸ਼ੁਰੂ ਹੋ ਗਈਆਂ। ਬਾਈਕਾਟ ਸ਼ੁਰੂ ਹੋ ਗਏ। ਇਹ ਗੱਲ ਐਨੀ ਸਿਰੇ ਪਹੁੰਚ ਗਈ ਕਿ 1980ਵਿਆਂ ਵਿੱਚ ਅਮਰੀਕਨ ਕਾਂਗਰਸ ਨੂੰ ਪਾਬੰਦੀਆਂ ਲਾਉਣ ਦਾ ਫੈਸਲਾ ਕਰਨਾ ਪਿਆ ਜੋ ਕਿ ਰਾਸ਼ਟਰਪਤੀ ਰੀਗਨ ਨੇ ਵੀਟੋ ਕਰ ਦਿੱਤਾ। ਫੇਰ ਉਸਨੇ ਇਹਨਾਂ ਪਾਬੰਦੀਆਂ ਦੀ ਉਲੰਘਣਾ ਕੀਤੀ। ਉਹ ਨਸਲੀ ਵਿਤਕਰੇ ਦੇ ਨੀਤੀ-ਨਿਜ਼ਾਮ ਦਾ ਆਖਰੀ ਹਮਾਇਤੀ ਸੀ। ਅਸਲ ਵਿੱਚ ਕਾਂਗਰਸ ਨੇ ਉਸਦੇ ਵੀਟੋ ਨੂੰ ਖਾਰਜ ਕਰਕੇ ਪਾਬੰਦੀਆਂ ਫੇਰ ਬਹਾਲ ਕਰ ਦਿੱਤੀਆਂ। ਫੇਰ ਉਸਨੇ ਉਹਨਾਂ ਦੀ ਉਲੰਘਣਾ ਕਰ ਦਿੱਤੀ। 1988 ਤੱਕ ਵੀ ਰੀਗਨ ਦੇ ਪ੍ਰਸਾਸ਼ਨ ਨੇ ਇਹ ਐਲਾਨ ਕੀਤਾ ਕਿ ਅਫਰੀਕਨ ਨੈਸ਼ਨਲ ਕਾਂਗਰ, ਮੰਡੇਲਾ ਦੀ ਅਫਰੀਕਨ ਨੈਸ਼ਨਲ ਕਾਂਗਰਸ ਦੁਨੀਆਂ ਵਿੱਚ ਸੱਭ ਤੋਂ ਵੱਧ ਬਦਨਾਮ ਦਹਿਸ਼ਤਵਾਦੀ ਗਰੁੱਪਾਂ ਵਿੱਚੋਂ ਇੱਕ ਹੈ। ਸੋ ਅਮਰੀਕਾ ਨੂੰ ਦੱਖਣੀ ਅਫਰੀਕਾ ਦਾ ਹਮਾਇਤ ਕਰਦੇ ਰਹਿਣਾ ਪਿਆ। ਇਹ ਅੰਗੋਲਾ ਵਿੱਚ ਦਹਿਸ਼ਤਗਰਦ ਗਰੁੱਪ ਯੂਨਿਟਾ ਦੀ ਹਮਾਇਤ ਕਰ ਰਿਹਾ ਸੀ। ਅੰਤ ਨੂੰ ਅਮਰੀਕਾ ਬਾਕੀ ਦੇ ਸੰਸਾਰ ਵਿੱਚ ਸ਼ਾਮਲ ਹੋ ਗਿਆ ਅਤੇ ਬਹੁਤ ਛੇਤੀ ਨਸਲੀ-ਵਿਤਕਰੇ ਦੀ ਹਕੂਮਤ ਦਾ ਭੋਗ ਪੈ ਗਿਆ। 
ਹੁਣ ਇਜ਼ਰਾਈਲ ਦੇ ਮਾਮਲੇ  ਨਾਲ ਇਹ ਤੁਲਨਾ ਕਈ ਪੱਖਾਂ ਤੋਂ ਪੂਰੀ ਤਰ•ਾਂ ਠੀਕ ਨਹੀਂ ਹੈ। ਨਸਲੀ ਵਿਤਕਰੇ ਦੇ ਨੀਤੀ-ਨਿਜ਼ਾਮ ਦੇ ਢਹਿ ਢੇਰੀ ਹੋਣ ਦੇ ਹੋਰ ਵੀ ਕਈ ਕਾਰਨ ਸਨ। ਦੋ ਕਾਰਨ ਬਹੁਤ ਮਹੱਤਵਪੂਰਨ ਸਨ। ਉਹਨਾਂ ਵਿੱਚੋਂ ਇੱਕ ਇਹ ਸੀ ਕਿ ਦੱਖਣੀ ਅਫਰੀਕਾ ਨੂੰ ਅਤੇ ਕੌਮਾਂਤਰੀ ਵਪਾਰੀਆਂ ਨੂੰ ਪ੍ਰਵਾਨ ਹੋਣ ਵਾਲਾ ਇੱਕ ਸਮਝੌਤਾ ਹੋਇਆ ਸੀ। ਇੱਕ ਸਾਧਾਰਨ ਸਮਝੌਤਾ: ਸਮਾਜਿਕ-ਆਰਥਿਕ ਪ੍ਰਬੰਧ ਨੂੰ ਕਾਇਮ ਰੱਖੋ ਅਤੇ ਜੇ ਤਸ਼ਵੀਹ ਦੇਣ ਦੇ ਰੂਪ ਵਿੱਚ ਕਹਿਣਾ ਹੋਵੇ ਤਾਂ ਕਾਲਿਆਂ ਨੂੰ, ਕੁੱਝ ਕਾਲੇ ਚਿਹਰਿਆਂ ਨੂੰ ਵੱਡੀਆਂ ਕਾਰਾਂ (ਲਿਮੋਸੀਨਜ਼) ਵਿੱਚ ਬੈਠਣ ਦੀ ਆਗਿਆ ਦਿਓ। ਇਹ ਸੀ ਸਮਝੌਤਾ, ਕਾਫੀ ਹੱਦ ਤੱਕ ਇਹੋ ਹੀ ਜੋ ਲਾਗੂ ਕੀਤਾ ਗਿਆ। ਇਸਦੀ ਤੁਲਨਾ ਇਜ਼ਰਾਈਲ-ਫਲਸਤੀਨੀ ਸਮਝੌਤੇ ਨਾਲ ਨਹੀਂ ਕੀਤੀ ਜਾ ਸਕਦੀ। ਪਰ ਇੱਕ ਬਹੁਤ ਮਹੱਵਪੂਰਨ ਅੰਸ਼ ਜਿਸਦੀ ਇੱਥੇ ਚਰਚਾ ਨਹੀਂ ਕੀਤੀ ਗਈ, ਉਹ ਸੀ ਕਿਊਬਾ। 
ਕਿਊਬਾ ਨੇ ਫੌਜਾਂ ਭੇਜੀਆਂ ਅਤੇ ਦਹਿ-ਹਜ਼ਾਰਾਂ ਤਕਨੀਕੀ ਕਾਮੇ, ਡਾਕਟਰ, ਅਧਿਆਪਕ ਅਤੇ ਹੋਰ ਕਾਮੇ ਭੇਜੇ ਅਤੇ ਉਹਨਾਂ ਨੇ ਅੰਗੋਲਾ ਵਿੱਚੋਂ ਦੱਖਣੀ ਅਫਰੀਕੀ ਧਾੜਵੀਆਂ ਨੂੰ ਖਦੇੜ ਦਿੱਤਾ ਅਤੇ ਗੈਰ-ਕਾਨੂੰਨੀ ਤੌਰ 'ਤੇ ਕਬਜ਼ੇ ਹੇਠ ਲਿਆਂਦੇ ਨਾਮੀਬੀਆ ਨੂੰ ਛੱਡਣ ਵਾਸਤੇ ਉਹਨਾਂ ਨੂੰ ਮਜਬੂਰ ਕਰ ਦਿੱਤਾ। ਅਤੇ ਇਸ ਤੋਂ ਵੱਧ ਅਸਲ ਵਿੱਚ ਜੇਲ• ਵਿੱਚੋਂ ਬਾਹਰ ਆਉਣ ਸਾਰ ਨੈਲਸਨ ਮੰਡੇਲਾ ਨੇ ਕਿਹਾ ਕਿ ਕਿਊਬਾ ਦੇ ਫੌਜੀਆਂ ਨੇ, ਜਿਹੜੇ ਸੰਯੋਗਵਸ ਕਾਲੇ ਫੌਜੀ ਸਨ, ਗੋਰੇ ਮਹਾਂ ਮਨੁੱਖਾਂ ਦੇ ਅਜਿੱਤ ਹੋਣ ਦੇ ਭਰਮ-ਵਿਸ਼ਵਾਸ਼ (ਮਿੱਥ) ਨੂੰ ਤੋੜ ਦਿੱਤਾ ਹੈ। ਇਸਦਾ ਕਾਲੇ ਅਫਰੀਕਾ ਅਤੇ ਗੋਰੇ ਸਾਊਥ ਅਫਰੀਕਾ, ਦੋਹਾਂ ਉੱਤੇ ਇੱਕ ਬਹੁਤ ਮਹੱਤਵਪੂਰਨ ਅਸਰ ਹੋਇਆ। ਇਸਨੇ ਦੱਖਣੀ ਅਫਰੀਕਨ ਸਰਕਾਰ ਅਤੇ ਵਸੋਂ ਨੂੰ ਇਹ ਸੰਕੇਤ ਦੇ ਦਿੱਤਾ ਕਿ ਉਹ ਅਜਿਹੇ ਖੇਤਰੀ ਸਹਾਇਤਾ-ਪ੍ਰਬੰਧ ਘੱਟੋ ਘੱਟ ਚੁੱਪ ਚਾਪ ਪ੍ਰਬੰਧ, ਦੀ ਆਪਣੀ ਉਮੀਦ ਨੂੰ ਠੋਸਣ ਦੇ ਯੋਗ ਨਹੀਂ ਰਹਿਣਗੇ, ਜਿਹੜਾ ਉਹਨਾਂ ਨੂੰ ਦੱਖਣੀ ਅਫਰੀਕਾ ਦੇ ਅੰਦਰ ਉਹਨਾਂ ਦੀਆਂ ਸਰਗਰਮੀਆਂ ਅਤੇ ਬਾਹਰ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਦੀ ਆਗਿਆ ਦੇਵੇਗਾ। ਦੱਖਣੀ ਅਫਰੀਕਾ ਦੀ ਮੁਕਤੀ ਦਾ ਇਹ ਵੱਡਾ ਅੰਸ਼ ਸੀ। 
ਸੁਆਲ: ਮੈਂ ਉਸ ਵੱਲ ਮੁੜਨਾ ਚਾਹੁੰਦਾ ਹਾਂ, ਜੋ ਰਾਸ਼ਟਰਪਤੀ ਓਬਾਮਾ ਨੇ ਬੁੱਧਵਾਰ ਨੂੰ ਵਾਸ਼ਿੰਗਗਟਨ ਡੀ..ਸੀ.  ਵਿੱਚ ਇੱਕ ਪੱਤਰਕਾਰ ਕਾਨਫਰੰਸ ਵਿੱਚ ਬੋਲਦਿਆਂ ਕਿਹਾ। 
ਓਬਾਮਾ ਨੇ ਕਿਹਾ: ਇਹ ਗੱਲ ਪ੍ਰਵਾਨ ਕਰਨੀ ਪੈਣੀ ਹੈ ਕਿ ਜੇ ਗਾਜ਼ਾ ਨੂੰ ਸੰਸਾਰ ਤੋਂ ਪੱਕੇ ਤੌਰ 'ਤੇ ਬੰਦ ਕਰਕੇ ਰੱਖਿਆ ਗਿਆ ਅਤੇ ਉੱਥੋਂ ਦੀ ਵਸੋਂ ਨੂੰ ਆਰਥਿਕ ਵਿਕਾਸ, ਨੌਕਰੀਆਂ ਅਤੇ ਕੁੱਝ ਹੋਰ ਮੌਕੇ ਦੇਣ ਦੇ ਅਯੋਗ ਰੱਖਿਆ ਗਿਆ, ਖਾਸ ਕਰਕੇ ਜਦੋਂ ਉੱਥੇ ਹਾਲਤ ਇਹ ਹੈ ਕਿ ਕਿੰਨੀ ਸੰਘਣੀ ਆਬਾਦੀ ਹੈ, ਅਤੇ ਉਹ ਆਬਾਦੀ ਕਿੰਨੀ ਨੌਜਵਾਨ ਹੈ ਤਾਂ ਗਾਜ਼ਾ ਆਪਣੇ ਆਪ ਨੂੰ ਕਾਇਮ ਨਹੀਂ ਰੱਖ ਸਕੇਗਾ। ਸਾਨੂੰ ਗਾਜ਼ਾ ਨੂੰ ਮੌਕੇ ਦੇਣ ਪੱਖੋਂ ਤਬਦੀਲੀ ਕਰਨ ਬਾਰੇ ਸੋਚਣਾ ਪੈਣਾ ਹੈ। ਮੈਨੂੰ ਹਮਾਸ ਨਾਲ ਕੋਈ ਹਮਦਰਦੀ ਨਹੀਂ। ਮੈਨੂੰ ਸਾਧਾਰਨ ਲੋਕਾਂ ਨਾਲ ਜਿਹੜੇ ਗਾਜ਼ਾ ਦੇ ਅੰਦਰ ਜੱਦੋਜਹਿਦ ਕਰ ਰਹੇ ਹਨ, ਵੱਡੀ ਹਮਦਰਦੀ ਹੈ। ਨੌਮ ਚੌਮਸਕੀ! ਕੀ ਤੁਸੀਂ ਇਸਦਾ ਜਵਾਬ ਦੇ ਸਕਦੇ ਹੋ ? 
ਜਵਾਬ: ਹਮੇਸ਼ਾਂ ਵਾਂਗ ਹੀ, ਸਾਰੇ ਰਾਜਾਂ ਅਤੇ ਸਾਰੇ ਸਿਆਸੀ ਲੀਡਰਾਂ ਦੇ ਮਾਮਲੇ ਵਿੱਚ ਸਾਨੂੰ ਸ਼ਬਦ-ਅਡੰਬਰ ਅਤੇ ਕਾਰਵਾਈ ਵਿੱਚ ਨਿਖੇੜਾ ਕਰਨਾ ਪੈਣਾ ਹੈ। ਕੋਈ ਵੀ ਸਿਆਸੀ ਲੀਡਰ ਇੱਕ ਪਿਆਰਾ ਸ਼ਬਦ-ਅਡੰਬਰ ਰਚ ਸਕਦਾ ਹੈ। ਅਸੀਂ ਇਹ ਪੁੱਛਦੇ ਹਾਂ: ਉਹ ਕਰ ਕੀ ਰਹੇ ਹਨ? ਅਮਰੀਕਨ ਸਹਾਇਤਾ ਨਾਲ ਹੋਏ ਇਜ਼ਰਾਈਲੀ ਕਬਜ਼ੇ ਬਾਰੇ, ਗਾਜ਼ਾ ਦੀ ਨਾਕਾਬੰਦੀ, ਜਿਸਨੇ ਇਹ ਹਾਲਤ ਪੈਦਾ ਕੀਤੀ ਹੈ, ਨੂੰ ਖਤਮ ਕਰਨ ਦਾ ਨਿਸ਼ਾਨਾ ਹਾਸਲ ਕਰਨ ਦੇ ਸਾਧਨ ਬਾਰੇ ਓਬਾਮਾ ਸਹੀ ਸਹੀ ਕੀ ਸੁਝਾਅ ਦਿੰਦਾ ਹੈ ਜਾਂ ਕੀ ਕਰਦਾ ਹੈ? ਪਿਛਲੇ ਸਮੇਂ ਵਿੱਚ ਉਸਨੇ ਕੀ ਕੀਤਾ ਹੈ ? ਭਵਿੱਖ ਵਿੱਚ ਉਹ ਕੀ ਕਰਨ ਦੀ ਤਜਵੀਜ਼ ਪੇਸ਼ ਕਰਦਾ ਹੈ। ਕਈ ਅਜਿਹੀਆਂ ਚੀਜਾਂ ਹਨ ਜੋ ਅਮਰੀਕਾ ਅਸਾਨੀ ਨਾਲ ਕਰ ਸਕਦਾ ਹੈ। ਮੈਂ ਫੇਰ ਇਜ਼ਰਾਈਲ ਦੀ ਦੱਖਣੀ ਅਫਰੀਕਾ ਨਾਲ ਬਹੁਤ ਨੇੜਲੀ ਤੁਲਨਾ ਨਹੀਂ ਕਰਨਾ ਚਾਹੁੰਦਾ, ਪਰ ਇਸ ਤੋਂ ਸੰਕੇਤ ਜ਼ਰੂਰ ਮਿਲਦਾ ਹੈ ਅਤੇ ਇਹ ਸਿਰਫ ਇੱਕੋ ਇੱਕ ਮਾਮਲਾ ਨਹੀਂ ਹੈ। ਤੁਹਾਨੂੰ ਪਤਾ ਹੈ ਕਿ ਇੰਡੋਨੇਸ਼ੀਆ-ਪੂਰਬੀ  ਤਿਮੋਰ ਦੇ ਮਾਮਲੇ ਵਿੱਚ ਇਹੋ ਕੁੱਝ ਵਾਪਰਿਆ ਸੀ। ਜਦੋਂ ਅਮਰੀਕਨਾਂ ਨੇ, ਕਲਿੰਟਨ ਨੇ, ਇੰਡੋਨੇਸ਼ੀਆ ਦੇ ਜਰਨੈਲਾਂ ਨੂੰ ਅੰਤਿਮ ਤੌਰ 'ਤੇ ਦੱਸ ਦਿੱਤਾ ਸੀ ਕਿ ''ਖੇਡ ਖਤਮ ਹੋ ਚੁੱਕੀ ਹੈ'' ਉਹਨਾਂ ਨੇ ਇੱਕਦਮ ਫੌਜਾਂ ਬਾਹਰ ਕੱਢ ਲਈਆਂ। ਅਮਰੀਕਨ ਤਾਕਤ ਵੱਡੀ ਹੈ ਅਤੇ ਇਜ਼ਰਾਈਲ ਦੇ ਮਾਮਲੇ ਵਿੱਚ ਇਸਦਾ ਫੈਸਲਾਕੁੰਨ ਰੋਲ ਹੈ ਅਤੇ ਇਜ਼ਰਾਈਲ ਅਮਰੀਕਨ ਸਹਾਇਤਾ ਉੱਤੇ ਲੱਗਭੱਗ ਇੱਕਤਰਫਾ ਤੌਰ ਉੱਤੇ ਨਿਰਭਰ ਹੈ। ਓਬਾਮਾ ਨੇ ਜੋ ਗੱਲਾਂ ਮਾਰੀਆਂ ਹਨ, ਉਹਨਾਂ ਨੂੰ ਲਾਗੂ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਹਨ, ਜੋ ਅਮਰੀਕਾ ਕਰ ਸਕਦਾ ਹੈ। ਸੁਆਲ ਇਹ ਹੈ, ਅਸਲ ਵਿੱਚ ਜਦੋਂ ਅਮਰੀਕਾ ਹੁਕਮ ਦਿੰਦਾ ਹੈ, ਇਜ਼ਰਾਈਲ ਮੰਨਦਾ ਹੈ। ਇਹ ਗੱਲ ਵਾਰ ਵਾਰ ਵਾਪਰੀ ਹੈ। ਤਾਕਤ ਦੇ ਹੁਣ ਵਾਲੇ ਰਿਸ਼ਤਿਆਂ ਦੇ ਹੁੰਦਿਆਂ ਇਹ ਗੱਲ ਪੂਰੀ ਤਰ•ਾਂ ਸਪਸ਼ਟ ਹੈ ਕਿ ਇਹ ਕਿਉਂ ਹੈ। ਸੋ ਇਹ ਚੀਜ਼ਾਂ ਕੀਤੀਆਂ ਜਾ ਸਕਦੀਆਂ ਹਨ। ਤਾਂ ਫੇਰ ਸਾਨੂੰ ਪਤਾ ਲੱਗੇਗਾ ਕਿ ਉਹ ਸ਼ਬਦ, ਆਮ ਵਰਗੇ ਖੁਸ਼ ਕਰਨ ਵਾਲੇ ਸ਼ਬਦ-ਅਡੰਬਰ ਤੋਂ ਬਿਨਾ ਹੋਰ ਕੁੱਝ ਨਹੀਂ ਸਨ। 
ਸੁਆਲ: ਸ਼ਬਦ-ਅਡੰਬਰ ਨਾਲੋਂ ਕਾਰਵਾਈਆਂ ਨੂੰ ਨਿਖੇੜਨ ਬਾਰੇ ਗੱਲ ਕਰਦਿਆਂ, ਇਜ਼ਰਾਈਲ ਨੇ ਹਮੇਸ਼ਾਂ ਇਹ ਦਾਅਵਾ ਕੀਤਾ ਹੈ ਕਿ ਇਹ ਹੁਣ ਗਾਜ਼ਾ ਉੱਤੇ ਕਾਬਜ਼ ਨਹੀਂ ਹੈ। ਡੈਮੋਕਰੇਸੀ ਨਾਉਂ ਨੇ ਹੁਣੇ ਹੁਣੇ ਜੋਸ਼ੂਆ ਹੰਟਮੈਨ ਨਾਲ ਗੱਲ ਕੀਤੀ ਹੈ, ਜਿਹੜਾ ਅਮਰੀਕਾ ਵਿੱਚ ਇਜ਼ਰਾਈਲੀ ਰਾਜਦੂਤ ਦਾ ਸੀਨੀਅਰ ਸਲਾਹਕਾਰ ਹੈ। ਅਤੇ ਇਜ਼ਰਾਈਲੀ ਰੱਖਿਆ ਮਹਿਕਮੇ ਦਾ ਬੁਲਾਰਾ ਹੈ। ਉਸਨੇ ਕਿਹਾ ਹੈ: ''ਅਸਲ ਵਿੱਚ ਇਜ਼ਰਾਈਲ ਨੇ 2005 ਵਿੱਚ ਗਾਜ਼ਾ ਨੂੰ ਛੱਡ ਦਿੱਤਾ ਸੀ। ਅਸੀਂ ਆਪਣੀਆਂ ਸਾਰੀਆਂ ਬਸਤੀਆਂ ਹਟਾ ਲਈਆਂ। ਅਸੀਂ ਇਜ਼ਰਾਈਲੀ ਫੌਜਾਂ ਨੂੰ ਉੱਥੋਂ ਕੱਢ ਲਿਆਂਦਾ ਅਸੀਂ ਅਮਨ ਦੀ ਖਾਤਰ, ਇੱਕ ਕਦਮ ਦੇ ਤੌਰ 'ਤੇ ਦਸ ਹਜ਼ਾਰ ਯਹੂਦੀਆਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਕੱਢ ਲਿਆਂਦਾ, ਕਿਉਂਕਿ ਇਜ਼ਰਾਈਲ ਅਮਨ ਚਾਹੁੰਦਾ ਹੈ ਅਤੇ ਇਸਨੇ ਅਮਨ ਖਾਤਰ ਆਪਣਾ ਹੱਥ ਵਧਾਇਆ।'' ਤੁਹਾਡਾ ਜੁਆਬ?
ਜਵਾਬ: ਕਈ ਨੁਕਤੇ ਹਨ। ਯੂ.ਐਨ., ਦੁਨੀਆਂ ਦਾ ਹਰ ਦੇਸ਼, ਇੱਥੋਂ ਤੱਕ ਕਿ ਅਮਰੀਕਾ ਵੀ ਇਜ਼ਰਾਈਲ ਨੂੰ ਗਾਜ਼ਾ ਵਿੱਚ ਕਾਬਜ਼ ਤਾਕਤ ਸਮਝਦਾ ਹੈ। ਇਸਦਾ ਬਹੁਤ ਸਾਧਾਰਨ ਕਾਰਨ ਹੈ: ਉੱਥੇ ਹਰ ਚੀਜ਼ ਉੱਤੇ ਉਹਨਾਂ ਦਾ ਕੰਟਰੋਲ ਹੈ। ਉਹਨਾਂ ਦਾ ਸਰਹੱਦਾਂ ਉੱਤੇ ਕੰਟਰੋਲ ਹੈ, ਜ਼ਮੀਨੀ, ਸਮੁੰਦਰੀ, ਹਵਾਈ ਸਰਹੱਦਾਂ ਉੱਤੇ। ਕੀ ਗਾਜ਼ਾ ਦੇ ਅੰਦਰ ਜਾ ਰਿਹਾ ਹੈ, ਕੀ ਬਾਹਰ ਆ ਰਿਹਾ ਹੈ, ਇਸ ਦਾ ਫੈਸਲਾ ਉਹ ਕਰਦੇ ਹਨ। ਇਸਦਾ ਫੈਸਲਾ ਉਹ ਕਰਦੇ ਹਨ ਕਿ ਗਾਜ਼ਾ ਦੇ ਬੱਚਿਆਂ ਨੂੰ ਕਿੰਨੀਆਂ ਕਲੋਰੀਆਂ ਦੀ ਲੋੜ ਹੈ, ਜਿਹਨਾਂ ਸਦਕਾ ਉਹ ਸਿਰਫ ਜਿਉਂਦੇ ਰਹਿ ਸਕਣ, ਪਰ ਵੱਧ-ਫੁੱਲ ਨਾ ਸਕਣ। ਕੌਮਾਂਤਰੀ ਕਾਨੂੰਨ ਦੇ ਅਨੁਸਾਰ ਇਹ ਕਬਜ਼ਾ ਹੈ ਅਤੇ ਇਜ਼ਰਾਈਲ ਤੋਂ ਬਾਹਰ ਕੋਈ ਵੀ ਇਸ (ਹਕੀਕਤ) ਉੱਤੇ ਕਿੰਤੂ ਨਹੀਂ ਕਰਦਾ। ਇੱਥੋਂ ਤੱਕ ਕਿ ਉਹਨਾਂ ਨੂੰ ਪੱਕਾ ਹਮਾਇਤੀ ਵੀ ਮੰਨਦਾ ਹੈ। ਇਸ ਨਾਲ ਅਸੀਂ ਇਸ ਬਹਿਸ ਨੂੰ ਬੰਦ ਕਰਦੇ ਹਾਂ ਕਿ ਕੀ ਉਹ ਕਾਬਜ਼ ਤਾਕਤ ਹੈ ਜਾਂ ਨਹੀਂ ਹੈ। 
ਅਤੇ ਅਮਨ ਚਾਹੁਣ ਬਾਰੇ ਉਸ ਅਖੌਤੀ ਵਾਪਸੀ ਉੱਤੇ ਮੁੜ ਝਾਤ ਮਾਰੋ। ਧਿਆਨ ਦਿਓ ਕਿ ਇਸ ਤੋਂ ਬਾਅਦ ਵੀ ਇਜ਼ਰਾਈਲ ਕਾਬਜ਼ ਤਾਕਤ ਹੀ ਰਿਹਾ। 2005 ਤੱਕ, ਏਰੀਅਲ ਸ਼ੇਰੋਂ, ਜੋ ਇੱਕ ਵਿਹਾਰਕ ਬਾਜ਼ ਸੀ, ਦੀ ਅਗਵਾਈ ਹੇਠਲੇ ਇਜ਼ਰਾਈਲੀ ਬਾਜਾਂ ਨੇ ਇਹ ਗੱਲ ਸਮਝ ਲਈ ਕਿ ਇਸ ਗੱਲ ਦੀ ਕੋਈ ਤੁਕ ਨਹੀਂ ਬਣਦੀ ਕਿ ਤਬਾਹ ਹੋਏ ਗਾਜ਼ਾ ਵਿੱਚ ਕੁੱਝ ਹਜ਼ਾਰ ਆਬਾਦਕਾਰਾਂ ਨੂੰ ਰੱਖਿਆ ਜਾਵੇ। ਉਹਨਾਂ ਦੀ ਰਾਖੀ ਲਈ ਇਜ਼ਰਾਈਲੀ ਫੌਜ ਨੂੰ ਉੱਥੇ ਰੱਖਿਆ ਜਾਵੇ ਅਤੇ ਬਹੁਤ ਸਾਰੇ ਹੋਰ ਖਰਚੇ ਕੀਤੇ ਜਾਣ। ਅਤੇ ਗਾਜ਼ਾ ਨੂੰ ਅੱਡ ਅੱਡ ਟੋਟਿਆਂ ਵਿੱਚ ਵੰਡਿਆ ਜਾਵੇ ਆਦਿਕ ਆਦਿਕ। ਇਸ ਤੋਂ ਵੱਧ ਇਸ ਗੱਲ ਦੀ ਤੁਕ ਬਣਦੀ ਸੀ ਕਿ ਉਹਨਾਂ ਆਬਾਦਕਾਰਾਂ ਨੂੰ, ਗਾਜ਼ਾ ਵਿਚਲੀਆਂ ਉਹਨਾਂ ਦੀ ਸਬਸਿਡੀਆਂ-ਪ੍ਰਾਪਤ ਬਸਤੀਆਂ ਵਿੱਚੋਂ ਕੱਢਿਆ ਜਾਵੇ, ਜਿੱਥੇ ਉਹ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਸਨ, ਅਤੇ ਉਹਨਾਂ ਨੂੰ ਪੱਛਮੀ ਕਿਨਾਰੇ ਵਿੱਚ, ਉਹਨਾਂ ਇਲਾਕਿਆਂ ਵਿੱਚ ਸਬਸਿਡੀਆਂ-ਪ੍ਰਾਪਤ ਬਸਤੀਆਂ ਵਿੱਚ ਵਸਾਇਆ ਜਾਵੇ, ਜਿਹੜੇ ਇਲਾਕਿਆਂ ਨੂੰ, ਇਜ਼ਰਾਈਲ ਆਪਣੇ ਕਬਜ਼ੇ ਹੇਠ ਬਿਨਾ ਸ਼ੱਕ ਗੈਰ ਕਾਨੂੰਨੀ ਤੌਰ 'ਤੇ, ਕਾਰਨਾ ਚਾਹੁੰਦਾ ਹੈ। ਇਸ ਗੱਲ ਦੀ ਵਿਹਾਰਕ ਤੁਕ ਬਣਦਾ ਸੀ।........
ਅਤੇ ਇਉਂ ਕਰਨ ਦਾ ਬੜਾ ਸੌਖਾ ਤਰੀਕਾ ਸੀ। ਉਹ ਗਾਜ਼ਾ ਵਿਚਲੇ ਆਬਾਦਕਾਰਾਂ ਨੂੰ ਬੱਸ ਐਨਾ ਕਹਿ ਸਕਦੇ ਸੀ ਕਿ ਇੱਕ ਅਗਸਤ ਨੂੰ ਇਜ਼ਰਾਈਲੀ ਫੌਜਾਂ ਇੱਥੋਂ ਪਿੱਛੇ ਹਟ ਰਹੀਆਂ ਹਨ ਅਤੇ ਉਸੇ ਦਿਨ ਉਹ, ਉਹਨਾਂ ਲਈ ਭੇਜੇ ਟਰੱਕਾਂ ਉੱਤੇ ਸਵਾਰ ਹੋਣਗੇ ਅਤੇ ਪੱਛਮੀ ਕਿਨਾਰੇ ਵਿੱਚ, ਆਪਣੀਆਂ ਗੈਰ ਕਾਨੂੰਨੀ ਬਸਤੀਆਂ ਵਿੱਚ ਚਲੇ ਜਾਣਗੇ। ਪਰ (ਇਜ਼ਰਾਈਲੀਆਂ ਨੇ) ਉਹ ਪ੍ਰਪੰਚ ਰਚਣ ਦਾ ਫੈਸਲਾ ਕੀਤਾ, ਜਿਸ ਨੂੰ ਕਦੇ ਕਦੇ ''ਕੌਮੀ ਸਦਮਾ'' ਆਖਿਆ ਜਾਂਦਾ ਹੈ। ਸੋ ਇੱਕ ਸਦਮਾ ਖੜ•ਾ ਕੀਤਾ ਗਿਆ, ਇੱਕ ਨਾਟਕ। ਬਾਰੂਚ ਕਿਮਰਲਿੰਗ ਵਰਗੇ ਇਜ਼ਰਾਈਲ ਦੇ ਪ੍ਰਸਿੱਧ  ਸਮਾਜ ਵਿਗਿਆਨੀਆਂ ਨੇ ਇਸਦਾ ਮਜ਼ਾਕ ਉਡਾਇਆ। ਇੱਕ ਸਦਮਾ ਬਣਾਇਆ ਗਿਆ ਤਾਂ ਜੋ ਤੁਸੀਂ ਛੋਟੇ ਛੋਟੇ ਮੁੰਡਿਆਂ ਦੀਆਂ, ਇਜ਼ਰਾਈਲੀ ਫੌਜੀਆਂ ਨਾਲ ਇਹ ਦਲੀਲਬਾਜ਼ੀ ਕਰਦਿਆਂ ਦੀਆਂ ਤਸਵੀਰਾਂ ਦੇਖ ਸਕੋ ''ਮੇਰਾ ਘਰ ਨਾ ਉਜਾੜੋ'' ਅਤੇ ਫੇਰ ਪਿਛੋਕੜ ਵਿੱਚੋਂ ਆਉਂਦੀਆਂ ਇਹ ਆਵਾਜ਼ਾਂ, ''ਫੇਰ ਕਦੇ ਵੀ ਨਹੀਂ''। ਉਸਦਾ ਅਰਥ ਸੀ, ਮੁੱਖ ਤੌਰ 'ਤੇ ਪੱਛਮੀ ਕਿਨਾਰੇ ਦਾ ਹਵਾਲਾ ਦਿੰਦਿਆਂ, ''ਮੁੜ ਕੇ ਸਾਥੋਂ ਕੋਈ ਚੀਜ਼ ਨਾ ਛੁਡਵਾਇਓ!'' ਅਤੇ ਇੱਕ ਨਾਟਕੀ ਕੌਮੀ ਸਦਮਾ ਜਿਹੜੀ ਇਸ ਗੱਲ ਨੂੰ ਖਾਸ ਤੌਰ 'ਤੇ ਹਾਸੇ ਦਾ ਮੌਜੂ ਬਣਾਉਂਦੀ ਸੀ, ਉਹ ਸੀ ਉਸ ਚੀਜ਼ ਦਾ ਦੁਹਰਾਓ, ਜਿਸ ਨੂੰ ਇਜ਼ਰਾਈਲੀ ਪ੍ਰੈਸ ਨੇ ਵੀ ''ਕੌਮੀ ਸਦਮਾ '82'' ਆਖਿਆ। ਉਹਨਾਂ ਨੇ ਇਸ ਸਦਮੇ ਦਾ ਨਾਟਕ ਕੀਤਾ ਸੀ। ਜਦੋਂ ਉਹਨਾਂ ਨੂੰ ਸਿਨਾਈ ਦੇ ਖੇਤਰ ਵਿੱਚ ਗੈਰ ਕਾਨੂੰਨੀ ਤੌਰ 'ਤੇ ਉਸਾਰੇ ਸ਼ਹਿਰ ਯਾਮਿਟ ਨੂੰ ਛੱਡਣਾ ਪਿਆ ਸੀ। ਪਰ ਉਹਨਾਂ ਨੇ ਉਹ ਕਬਜ਼ਾ ਬਰਕਰਾਰ ਰੱਖਿਆ। ਉਹ ਪਹਿਲਾਂ ਵਾਂਗ ਹੀ ਚੱਲਦੇ ਗਏ। 
ਜੋ ਵੇਸ ਗਲਾਸ ਨੇ ਕਿਹਾ ਸੀ, ਮੈਂ ਉਸ ਨੂੰ ਦੁਹਰਾਵਾਂਗਾ। ਯਾਦ ਕਰੋ ਉਹ ਅਮਰੀਕਾ ਨਾਲ ਸਮਝੌਤਾ ਕਰਨ ਵਾਲਾ ਸੀ, ਸ਼ੇਰੋਂ ਦਾ ਵਿਸ਼ਵਾਸ਼ ਪਾਤਰ। ਉਸਨੇ ਕਿਹਾ ਸੀ ਕਿ ਗਾਜ਼ਾ ਵਿੱਚੋਂ ਵਾਪਸੀ ਦਾ ਮੰਤਵ ਫਲਸਤੀਨੀ ਰਾਜ ਅਤੇ ਫਲਸਤੀਨੀਆਂ ਦੇ ਅਧਿਕਾਰਾਂ ਬਾਰੇ ਸਮਝੌਤੇ ਲਈ ਹੋਣ ਵਾਲੀ ਗੱਲਬਾਤ ਦੇ ਗੇੜਾਂ ਨੂੰ ਖਤਮ ਕਰਨਾ ਹੈ। ਇਸ ਨਾਲ ਇਹਨਾਂ ਦਾ ਖਾਤਮਾ ਹੋ ਜਾਵੇਗਾ। ਇਹ ਅਮਰੀਕੀ ਸਹਾਇਤਾ ਨਾਲ ਇਸ ਗੱਲਬਾਤ ਨੂੰ ਜਾਮ ਕਰ ਦੇਵੇਗਾ। ਫੇਰ ਆਉਂਦੀ ਹੈ, ਫਲਸਤੀਨੀਆਂ ਨੂੰ ਮਸਾਂ ਜਿਉਂਦੇ ਰੱਖਣ ਜੋਗਰੀ ਪਰ ਵਧਣ-ਫੁੱਲਣ ਨਾ ਦੇਣ ਵਾਲੀ ਖੁਰਾਕ ਦੀ ਮਾਤਰਾ ਠੋਸਣ ਵਾਲੀ ਗੱਲ ਅਤੇ ਉਹਨਾਂ ਉੱਤੇ ਕਬਜ਼ੇਂ ਦੀ ਗੱਲ। ਅਖੌਤੀ ਵਾਪਸੀ ਤੋਂ ਮਗਰਲੇ ਕੁੱਝ ਹਫਤਿਆਂ ਦੇ ਅੰਦਰ ਅੰਦਰ ਹੀ ਇਜ਼ਰਾਈਲ ਨੇ, ਅਮਰੀਕੀ ਸ਼ਹਿ ਨਾਲ, ਗਾਜ਼ਾ ਉੱਤੇ ਹਮਲੇ ਵਧਾ ਦਿੱਤੇ ਅਤੇ ਬਹੁਤ ਸਖ਼ਤ ਪਾਬੰਦੀਆਂ ਲਾ ਦਿੱਤੀਆਂ। ਕਾਰਨ ਇਹ ਸੀ ਕਿ ਫਲਸਤੀਨ ਵਿੱਚ ਇੱਕ ਆਜ਼ਾਦ ਚੋਣ ਹੋਈ। ਇਸਦਾ ਨਤੀਜਾ (ਅਮਰੀਕਾ ਅਤੇ ਇਜ਼ਰਾਈਲ ਵਾਸਤੇ)  ਗਲਤ ਨਿਕਲਿਆ। (ਇਹਨਾਂ ਚੋਣਾਂ ਵਿੱਚ ਹਮਾਸ ਦੀ ਜਿੱਤ ਹੋਈ ਅਤੇ ਉਸਦੀ ਸਰਕਾਰ ਬਣ ਗਈ- ਅਨੁਵਾਦਕ) ਭਾਵੇਂ ਇਜ਼ਰਾਈਲ ਅਤੇ ਅਮਰੀਕਾ ਜਮਹੂਰੀਅਤ ਨੂੰ ਪਿਆਰ ਕਰਦੇ ਸਨ ਪਰ ਸਿਰਫ ਉਦੋਂ ਹੀ ਜਦੋਂ ਚੋਣਾਂ ਦਾ ਨਤੀਜਾ ਉਹ ਨਿਕਲੇ, ਜੋ ਉਹ ਚਾਹੁੰਦੇ ਹਨ। ਸੋ ਅਮਰੀਕਾ ਅਤੇ ਇਜ਼ਰਾਈਲ ਨੇ ਤੁਰੰਤ ਸਖਤ ਪਾਬੰਦੀਆਂ ਲਾ ਦਿੱਤੀਆਂ। ਇਜ਼ਰਾਈਲੀ ਹਮਲੇ ਜਿਹੜੇ ਕਦੇ ਵੀ ਖਤਮ ਨਹੀਂ ਹੋਏ ਸਨ, ਹੋਰ ਵਧ ਗਏ। ਯੂਰਪ ਵੀ, ਬੇਸ਼ਰਮੀ ਨਾਲ, ਨਾਲ ਹੀ ਰਲ ਗਿਆ। ਫੇਰ ਇਜ਼ਾਰਈਲ ਅਤੇ ਅਮਰੀਕਾ ਨੇ ਸਰਕਾਰ ਉਲਟਾਉਣ ਵਾਸਤੇ ਫੌਜੀ ਰਾਜ ਪਲਟਾ ਕਰਨ ਲਈ ਤੁਰੰਤ ਸਕੀਮ ਬਣਾਉਣੀ ਸ਼ੁਰੂ ਕਰ ਦਿੱਤੀ। ਜਦੋਂ ਹਮਾਸ ਨੇ ਰਾਜ ਪਲਟੇ ਦੀ ਸੰਭਾਵਨਾ ਨੂੰ ਅਗਾਊਂ ਹੀ ਖਾਰਜ ਕਰ ਦਿੱਤਾ ਤਾਂ ਦੋਵੇਂ ਹਮਾਸ ਉੱਤੇ ਕਹਿਰਵਾਨ ਹੋ ਗਏ। ਪਾਬੰਦੀਆਂ ਅਤੇ ਫੌਜੀ ਹਮਲੇ ਵਧ ਗਏ। ਅਤੇ ਫੇਰ ਉਹ ਸਭ ਕੁਝ ਕਰਦੇ ਰਹੇ ਜਿਸ ਬਾਰੇ ਅਸੀਂ ਪਹਿਲਾਂ ਚਰਚਾ ਕਰ ਆਏ ਹਾਂ: ''ਬਗੀਚੇ ਵਿੱਚੋਂ ਘਾਹ ਕੱਢਣ'' ਦੇ ਅਰਸਾਵਾਰ ਕਾਂਡ।
(ਨੋਟ- ਸੁਰਖ਼ ਰੇਖਾ ਦਾ, ਇਸ ਮੁਲਾਕਾਤ ਵਿਚਲੇ ਹਰ ਵਿਚਾਰ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ।)
-0-

No comments:

Post a Comment