Monday, October 6, 2014

''ਲੋਕ ਜਿੰਦਗੀ ਸੰਗ ਧੜਕਦੀ
ਪਾਸ਼ ਦੀ ਕਵਿਤਾ''
ਵਿਚਾਰ-ਚਰਚਾ ਤੇ ਕਵੀ ਦਰਬਾਰ
ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਵੱਲੋਂ ਬਠਿੰਡਾ ਖੇਤਰ ਦੀਆਂ ਸਹਿਤਕ/ਸਭਿਆਚਾਰਕ ਸੰਸਥਾਵਾਂ ਦੇ ਸੰਗ-ਸਾਥ ਅਤੇ ਲੋਕ-ਪੱਖੀ ਜਨਤਕ ਜਥੇਬੰਦੀਆਂ ਦੇ ਭਰਵੇਂ ਸਹਿਯੋਗ ਨਾਲ ਅੱਜ ਐਸ.ਐਸ.ਡੀ.ਗਰਲਜ਼ ਕਾਲਜ 'ਚ ਜੁੜੇ ਨਾਮਵਰ ਬੁੱਧੀਜੀਵੀਆਂ ਅਤੇ ਕਵੀਆਂ ਦੇ ਇਸ ਇਕੱਠ ਦੀ ਰੰਗ ਮੰਚ ਦੀ ਨਾਮਵਰ ਹਸਤੀ ਪ੍ਰੋ. ਅਜਮੇਰ ਸਿੰਘ ਔਲਖ, ਪ੍ਰੋ. ਬੂਟਾ ਸਿੰਘ ਬਰਾੜ ਅਤੇ ਡਾ. ਲਾਭ ਸਿੰਘ ਖੀਵਾ ਨੇ ਪ੍ਰਧਾਨਗੀ ਕੀਤੀ। ਕਹਾਣੀਕਾਰ ਅਤਰਜੀਤ ਨੇ ਪਾਸ਼ ਦੇ ਕਾਵਿ ਅਤੇ ਸਾਹਿਤਕ ਜੀਵਨ 'ਤੇ ਰੌਸ਼ਨੀ ਪਾਈ। ਮੰਚ ਸੰਚਾਲਕ ਡਾ. ਪਰਮਿੰਦਰ ਨੇ ਪਾਸ਼ ਦੀ ਕਵਿਤਾ ਅਤੇ ਅਜੋਕੀਆਂ ਚੁਣੌਤੀਆਂ ਨਾਲ ਜੂਝਦੀ ਕਵਿਤਾ ਦਾ ਜ਼ਿਕਰ ਕੀਤਾ।
ਮੁੱਖ ਵਕਤਾ ਡਾ. ਸੁਰਜੀਤ ਲੀ ਨੇ 'ਪਾਸ਼ ਦੀ ਕਵਿਤਾ 'ਚ ਪੰਜਾਬੀ ਸਭਿਆਚਾਰ' ਵਿਸ਼ੇ 'ਤੇ ਬੋਲਦਿਆਂ ਕਿਹਾ ਕਿ, ''ਸਾਹਿਤ ਅਤੇ ਕਲਾ, ਮਨੁੱਖੀ ਸਮਾਜ ਨੂੰ ਮੂਲੋਂ ਬਦਲਕੇ ਸੋਹਣਾ-ਸੁਨੱਖਾ ਬਣਾਉਣ ਦਾ ਹਥਿਆਰ ਹੈ। ਕਲਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ। ਇਹ ਮਨੁੱਖ ਨੂੰ ਤੀਜੀ ਅੱਖ ਪ੍ਰਦਾਨ ਕਰਦੀ ਹੈ।'' ਉਨ੍ਹਾਂ ਕਿਹਾ ਕਿ, ''ਸਮਾਜ ਅੰਦਰ ਨਵੀਂ ਚੇਤਨਾ ਦੀਆਂ ਕਰਾਂਤੀਕਾਰੀ ਯੁੱਗ ਪਲਟਾਊ ਤਰਥੱਲੀਆਂ, ਬੁੱਧੀਜੀਵੀਆਂ,ਕਵੀਆਂ, ਕਿਰਤੀ ਕਿਸਾਨਾਂ, ਵਿਦਿਆਰਥੀਆਂ ਵਿਚਲੀਆਂ ਰੇਖਾਵਾਂ ਮੇਟ ਦਿੰਦੀਆਂ ਹਨ। ਅਵਤਾਰ ਪਾਸ਼ ਨੇ ਲੋਕ-ਜ਼ਿੰਦਗੀ ਦੀ ਧੜਕਣ ਦੇ ਸਾਹਾਂ ਨਾਲ ਧੜਕਦੀ ਅੰਬਰ ਵੱਲ ਪਰਵਾਜ਼ ਭਰਦੀ ਨਵੀਂ ਤਰਜ਼ ਦੀ ਕਵਿਤਾ ਦੀ ਸਿਰਜਣਾ ਕੀਤੀ। ਉਨ੍ਹਾਂ ਕਿਹਾ ਕਿ ਪਾਸ਼ ਬਹੁਤ ਸਪੱਸ਼ਟ ਸੀ ਕਿ ਭਾਵੇਂ ਕਵਿਤਾ ਅਤੇ ਲੋਕ-ਪੱਖੀ ਸਾਹਿਤ ਦੀ ਸਮਾਜਕ ਪ੍ਰੀਵਰਤਨ 'ਚ ਅਹਿਮ ਭੂਮਿਕਾ ਹੈ। ਪਰ ਬੁਨਿਆਦੀ ਤਬਦੀਲੀ ਲਈ ਰਾਜਨੀਤਕ ਲਹਿਰਾਂ ਦਾ ਫੈਸਲਾਕੁੰਨ ਸਥਾਨ ਹੈ।  ਉੱਘੇ ਲੇਖਕ ਪਰਮਜੀਤ ਸਿੰਘ ਢੀਂਗਰਾ ਨੇ ਪਾਸ਼ ਦੀ ਅਮਿੱਟ ਦੇਣ ਬਾਰੇ ਮੁੱਲਵਾਨ ਪੱਖ ਉਘਾੜੇ।
ਲੋਕ ਸੰਗੀਤ ਮੰਡਲੀ ਬਠਿੰਡਾ ਦੇ ਕਲਾਕਾਰਾਂ ਨੇ  ਛੱਲਾ 'ਡੈਮੋਕਰੇਸੀ' ਅਤੇ ਪਾਸ਼ ਦੀ ਕਵਿਤਾ 'ਅਸੀਂ ਲੜਾਂਗੇ ਸਾਥੀ' ਸੰਗੀਤਕ ਰੰਗ 'ਚ ਪੇਸ਼ ਕੀਤੀ।
'ਪਾਸ਼ ਦੀ ਪ੍ਰਸੰਗਿਕਤਾ' ਡਾ. ਭੀਮਇੰਦਰ ਦੀ ਸੰਪਾਦਤ  ਪੁਸਤਕ, ਰਿਲੀਜ਼ ਕੀਤੀ ਗਈ। ਉੱਘੀ ਕਵਿੱਤਰੀ ਡਾ. ਨੀਤੂ ਅਰੋੜਾ ਦੀ ਮੰਚ ਸੰਚਾਲਨਾ 'ਚ ਹੋਏ ਕਵੀ ਦਰਬਾਰ 'ਚ ਮਲਕੀਤ ਮੀਤ, ਅਨਿਲ ਆਦਮ, ਜਗਸੀਰ ਜੀਦਾ, ਹਰਮਿੰਦਰ ਕੋਹਾਰਵਾਲਾ, ਇਕਬਾਲ ਉਦਾਸੀ, ਰਾਜਵਿੰਦਰ ਮੀਰ ਅਤੇ ਪਾਲ ਕੌਰ ਨੇ ਕਵਿਤਾਵਾਂ, ਬੋਲੀਆਂ ਪੇਸ਼ ਕੀਤੀਆਂ। ਪ੍ਰੋ. ਅਜਮੇਰ ਸਿੰਘ ਔਲਖ ਨੇ ਕਿਹਾ ਕਿ ਪਾਸ਼ ਦੇ ਕਾਵਿਕ ਸਫ਼ਰ ਤੋਂ ਇਹ ਸਿੱਖਣ ਵਾਲੀ ਗੱਲ ਹੈ ਕਿ ਬੌਧਿਕਤਾ ਸਿਰਫ਼ ਚੰਦ ਬੁੱਧੀਜੀਵੀਆਂ ਦਾ ਹੀ ਸਰਮਾਇਆ ਨਹੀਂ ਇਹ ਲੋਕਾਂ ਦਾ ਸਰਮਾਇਆ ਹੈ।

No comments:

Post a Comment