Monday, September 16, 2013

ਸੀਰੀਆ 'ਤੇ ਫੌਜੀ ਹਮਲੇ ਦੀਆਂ ਤਿਆਰੀਆਂ


ਸੱਭੇ ਕੌਮਾਂਤਰੀ ਕਾਨੂੰਨਾਂ ਨੂੰ ਠੁੱਡ ਮਾਰਦਿਆਂ, ਅਮਰੀਕੀ ਸਾਮਰਾਜੀਆਂ ਵੱਲੋਂ
ਸੀਰੀਆ 'ਤੇ ਫੌਜੀ ਹਮਲੇ ਦੀਆਂ ਤਿਆਰੀਆਂ
ਕੌਮਾਂਤਰੀ ਸਾਮਰਾਜੀ ਲੱਠਮਾਰ ਅਮਰੀਕਾ ਅਤੇ ਉਸਦੀ ਅਗਵਾਈ ਹੇਠਲੇ ਨਾਟੋ ਜੰਗੀ ਗੁੱਟ (ਫਰਾਂਸ, ਬਰਤਾਨੀਆਂ, ਜਰਮਨੀ ਆਦਿ) ਵੱਲੋਂ ਪਿਛਲੇ ਦੋ ਸਾਲਾਂ ਤੋਂ ਕਿਸੇ ਨਾ ਕਿਸੇ ਬਹਾਨੇ ਹੇਠ ਫੌਜੀ ਹਮਲੇ ਰਾਹੀਂ ਸੀਰੀਆ ਦੇ  ਰਾਸ਼ਟਰਪਤੀ ਬਸ਼ਰ-ਅਲ-ਅਸਾਦ ਦੀ ਹਕੂਮਤ ਦਾ ਤਖਤਾ ਪਲਟਣ ਲਈ ਦੰਦ ਕਰੀਚੇ ਜਾ ਰਹੇ ਹਨ। ਪਰ ਰੂਸ ਅਤੇ ਚੀਨ ਦੇ ਵਿਰੋਧ, ਖੁਦ ਅਫਗਾਨਿਸਤਾਨ ਵਿੱਚ ਉਲਝੇ ਹੋਣ, ਸਾਮਰਾਜੀ ਮੁਲਕਾਂ ਅੰਦਰ ਲੋਕਾਂ ਦਾ ਫੌਜੀ ਦਖਲਅੰਦਾਜ਼ੀ ਖਿਲਾਫ ਵਧ ਰਿਹਾ ਰੋਸ, ਆਪਣੀ ਲੜਖੜਾ ਰਹੀ ਆਰਥਿਕ ਹਾਲਤ ਅਤੇ ਲਿਬੀਆ ਤੇ ਮਿਸਰ ਅੰਦਰ ਸਾਮਰਾਜੀ ਚਾਲਾਂ ਦੇ ਪੁੱਠੇ ਪੈਣ ਦਾ ਸਾਹਮਣੇ ਆ ਰਿਹਾ ਅਮਲ ਆਦਿ ਇਸ ਸਾਮਰਾਜੀ ਫੌਜੀ ਮੁਹਿੰਮ ਦੇ ਰਾਹ ਵਿੱਚ ਰੁਕਾਵਟਾਂ ਖੜ੍ਹੀਆਂ ਕਰਦਾ ਆ ਰਿਹਾ ਹੈ। ਇਸਦੇ ਬਾਵਜੂਦ ਅਮਰੀਕੀ, ਫਰਾਂਸੀਸੀ, ਬਰਤਾਨਵੀ ਅਤੇ ਜਰਮਨ ਆਦਿ ਸਾਮਰਾਜੀ ਲਾਣੇ ਵੱਲੋਂ ਸੀਰੀਆ ਅੰਦਰ ਮੌਜੂਦਾ ਹਕੂਮਤ ਵਿਰੋਧੀ ਹਾਕਮ ਜਮਾਤੀ ਧੜੇ ਨੂੰ ਹਰ ਤਰ੍ਹਾਂ ਦੀ ਮੱਦਦ, ਖਾਸ ਕਰਕੇ ਫੌਜੀ ਹਥਿਆਰ ਤੇ ਸਾਜੋਸਮਾਨ ਨਾਲ ਲੈਸ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। 
ਇਸ ਫੌਜੀ ਦਖਲਅੰਦਾਜ਼ੀ ਨੂੰ ਯੂ.ਐਨ. ਸੁਰੱਖਿਆ ਕੌਂਸਲ ਦੀ ਮੋਹਰ ਲੱਗੀ ਹੋਣ ਦੀ ਵਾਜਬੀਅਤ ਮੁੱਹਈਆ ਕਰਵਾਉਣ ਦੀਆਂ ਇਸ ਸਾਮਰਾਜੀ ਲਾਣੇ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ। ਰੂਸ ਅਤੇ ਚੀਨ ਵੱਲੋਂ ਸੁਰੱਖਿਆ ਕੌਂਸਲ ਵਿੱਚ ਇਹਨਾਂ ਦੇ ਮਤਿਆਂ ਨੂੰ ਵੀਟੋ ਕਰਨ ਕਰਕੇ ਇਹ ਮਤੇ ਪਾਸ ਨਹੀਂ ਹੋ ਸਕੇ। ਪਰ ਇਸ ਲੱਠਮਾਰ ਸਾਮਰਾਜੀ ਲਾਣੇ ਨੂੰ ਨਾ ਇਹਨਾਂ ਦੀ ਖੁਦ-ਸਿਰਜੀ ਸੰਸਥਾ ਯੂ.ਐਨ. ਦੀ ਕੋਈ ਪ੍ਰਵਾਹ ਹੈ ਅਤੇ ਨਾ ਹੀ ਕਿਸੇ ਅਖੌਤੀ ਕੌਮਾਂਤਰੀ ਕਾਨੂੰਨ ਦੀ। ਯੂ.ਐਨ.ਓ. ਅਤੇ ਕਿਸੇ ਕੌਮਾਂਤਰੀ ਕਾਨੂੰਨ ਦਾ ਫੱਟਾ ਵਰਤੋਂ ਵਿੱਚ ਆਉਂਦਾ ਹੈ, ਤਾਂ ਇਹ ਵਰਤ ਲੈਂਦੇ ਹਨ। ਜੇ ਕੋਈ ਦਿੱਕਤ ਖੜ੍ਹੀ ਹੁੰਦੀ ਹੈ, ਤਾਂ ਇਹਨਾਂ ਫੱਟਿਆਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਕੇ ਉਹ ''ਤਕੜੇ ਦਾ ਸੱਤੀਂ-ਵੀਹੀਂ ਸੌ'' ਹੋਣ ਦੀ ਵਾਜਬੀਅਤ ਦੇ ਰੰਗ ਦਿਖਾਉਂਦੇ ਹਨ। ਆਪਣੀ ਸਾਮਰਾਜੀ ਲੱਠਮਾਰ ਤਾਕਤ ਦੀ ਵਾਜਬੀਅਤ ਘੜਦੇ ਹਨ। ਯਾਨੀ ਸਾਮਰਾਜੀ ਧਾੜਵੀ ਜੋਰਾਵਰੀ ਦੀ ਵਾਜਬੀਅਤ, ਪਛੜੇ ਮੁਲਕਾਂ ਨੂੰ ਸਾਮਰਾਜੀ ਜੁੱਤੀ ਹੇਠ ਰੱਖਣ ਦੀ ਵਾਜਬੀਅਤ। 
ਹੁਣ ਇਹ ਲੰਗੜਾ ਬਹਾਨਾ ਲੱਭ ਲਿਆ ਹੈ ਕਿ ਰਾਸ਼ਟਰਪਤੀ ਅਸਾਦ ਦੀ ਫੌਜ ਵੱਲੋਂ ਲੋਕਾਂ 'ਤੇ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ। ਇਸ ਮੁੱਦੇ 'ਤੇ ਯੂ.ਐਨ. ਪੜਤਾਲੀਆ ਟੀਮ ਸੀਰੀਆ ਜਾ ਕੇ ਆਈ ਹੈ। ਉਸ ਵੱਲੋਂ ਸੁਰੱਖਿਆ ਕੌਂਸਲ ਨੂੰ ਰਿਪੋਰਟ ਪੇਸ਼ ਕੀਤੀ ਗਈ ਹੈ। ਇਸ ਰਿਪੋਰਟ ਦੇ ਨਤੀਜੇ ਦੇ ਐਲਾਨ ਤੋਂ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਸਮੇਤ ਦੂਸਰੇ ਸਾਮਰਾਜੀ ਸਰਗਣਿਆਂ ਵੱਲੋਂ ਸੀਰੀਆ 'ਤੇ ਇੱਕਪਾਸੜ ਫੌਜੀ ਹਮਲਾ ਬੋਲਣ ਲਈ ਕਮਰਕੱਸੇ ਕਰਨ ਦੇ ਐਲਾਨ ਕੀਤੇ ਜਾ ਰਹੇ ਹਨ। ਇਹਨਾਂ ਸਾਮਰਾਜੀ ਮੁਲਕਾਂ ਅਤੇ ਦੁਨੀਆਂ ਭਰ ਅੰਦਰ ਇਸ ਸੰਭਾਵਿਤ ਫੌਜੀ ਮਹਲੇ ਖਿਲਾਫ ਜਨਤਕ ਰੋਸ ਜਾਗ ਰਿਹਾ ਹੈ, ਫੈਲ ਰਿਹਾ ਹੈ। ਬਰਤਾਨੀਆ ਵਿੱਚ ਜਨਤਕ ਵਿਰੋਧ ਅਤੇ ਖੁਦ ਹਾਕਮ ਹਲਕਿਆਂ ਵਿੱਚ ਉੱਠ ਰਹੇ ਵਿਰੋਧ ਦੇ ਹੁੰਦਿਆਂ ਇੱਕਮੱਤਤਾ ਨਾ ਹੋਣ ਕਰਕੇ ਇਹ ਮਾਮਲਾ ਬਰਤਾਨੀਆ ਦੀ ਪਾਰਲੀਮੈਂਟ (ਹਾਊਸ ਆਫ ਕਾਮਨਜ਼) ਵਿੱਚ ਬਹਿਸ ਦਾ ਮੁੱਦਾ ਬਣਾਉਣਾ ਪਿਆ ਹੈ। ਜਿੱਥੇ 272 ਦੇ ਮੁਕਾਬਲੇ 285 ਵੋਟਾਂ ਦੀ ਬਹੁਗਿਣਤੀ ਨਾਲ ਸੀਰੀਆ 'ਤੇ ਕੈਮਰੂਨ ਹਕੂਮਤ ਦੀ ਫੌਜੀ ਹਮਲੇ ਦੀ ਤਜਵੀਜ ਨੂੰ ਰੱਦ ਕਰ ਦਿੱਤਾ ਗਿਆ ਹੈ। ਜਰਮਨ ਹਕੂਮਤ ਨੂੰ ਜਨਤਕ ਰੋਸ ਅਤੇ ਆਪਣੀਆਂ ਸਿਆਸੀ ਗਿਣਤੀਆਂ-ਮਿਣਤੀਆਂ ਕਰਕੇ ਇਸ ਹਮਲੇ ਦੀ ਵਿਉਂਤ ਵਿੱਚ ਭਾਗੀਦਾਰ ਨਾ ਬਣਨ ਬਾਰੇ ਬਿਆਨ ਦੇਣਾ ਪਿਆ ਹੈ। ਪਰ ਅਮਰੀਕੀ ਅਤੇ ਫਰਾਂਸੀਸੀ ਸਾਮਰਾਜੀਏ ''ਸੀਮਤ ਫੌਜੀ ਕਾਰਵਾਈ'' ਦੇ ਨਾਂ ਹੇਠ ਸੀਰੀਆ 'ਤੇ ਹਮਲਾ ਬੋਲਣ 'ਤੇ ਉਤਾਰੂ ਹਨ। ਅਸਲ ਵਿੱਚ ਇਸ ਖਿੱਤੇ ਅੰਦਰ ਬਾਕੀ ਸਭਨਾਂ ਸਾਮਰਾਜੀਆਂ ਨਾਲੋਂ ਅਮਰੀਕੀ-ਫਰਾਂਸੀਸੀ ਸਾਮਰਾਜੀ ਹਿੱਤ ਵੱਧ ਦਾਅ 'ਤੇ ਲੱਗੇ ਹੋਏ ਹਨ। ਜਿੱਥੇ ਅਮਰੀਕੀ ਸਾਮਰਾਜੀਏ ਅਸਾਦ ਹਕੂਮਤ ਨੂੰ ਚੱਲਦਾ ਕਰਕੇ ਅਤੇ ਸੀਰੀਆ ਵਿੱਚ ਆਪਣੀ ਹੱਥਠੋਕਾ ਹਕੂਮਤ ਸਜਾ ਕੇ ਮੱਧ-ਪੂਰਬ ਅਤੇ ਅਰਬ ਜਗਤ ਅੰਦਰ ਆਪਣੀ ਸਾਮਰਾਜੀ ਜਕੜ ਨੂੰ ਹੋਰ ਤਕੜਾਈ ਦੇਣਾ ਚਾਹੁੰਦੇ ਹਨ। ਜਿੱਥੇ ਇਰਾਨ, ਲਿਬਨਾਨ ਦੇ ਕੌਮਪ੍ਰਸਤ ਮੁਸਲਿਮ ਧੜੇ ਹਿਜ਼ਬੁੱਲਾ ਅਤੇ ਫਲਸਤੀਨ ਦੇ ਹੱਕ ਵਿੱਚ ਡੱਕਾ ਸੁੱਟਣ ਵਾਲੀ ਹਕੂਮਤ ਦਾ ਫਸਤਾ ਵੱਢਦਿਆਂ, ਅਮਰੀਕੀ ਇਸਰਾਇਲੀ ਗੱਠਜੋੜ ਦੇ ਅਰਬ-ਜਗਤ ਵਿਚਲੇ ਵਿਰੋਧ ਅਤੇ ਟਾਕਰੇ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ, ਉੱਥੇ ਫਰਾਂਸੀਸੀਏ ਇਸ ਵਿਉਂਤ ਤਹਿਤ 1940 ਵਿੱਚ ਆਪਣੀ ਸਾਮਰਾਜੀ ਅਧੀਨਗੀ ਤਹਿਤ ਰਹੇ ਸੀਰੀਆ ਅਤੇ ਲਿਬਨਾਨ ਅੰਦਰ ਆਪਣੇ ਹਿੱਤਾਂ ਅਤੇ ਪ੍ਰਭਾਵ ਨੂੰ ਮੁੜ ਉਗਾਸਾ ਦੇਣ ਦੀਆਂ ਆਸਾਂ ਪਾਲ ਰਹੇ ਹਨ। 
ਇਸ ਲਈ, ਉਹਨਾਂ ਵੱਲੋਂ ਆਪਣੇ ਸਾਮਰਾਜੀ ਮਨਸੂਬਿਆਂ ਨੂੰ ਪੂਰਾ ਕਰਨ ਲਈ ਸੀਰੀਆ ਨੂੰ ਜਾੜ੍ਹ ਹੇਠ ਲੈਣ ਵਾਸਤੇ ''ਲੋਕਾਂ ਖਿਲਾਫ ਰਸਾਇਣਕ ਹਥਿਆਰਾਂ ਦੀ ਵਰਤੋਂ'' ਦਾ ਬਹਾਨਾ ਘੜਿਆ ਜਾ ਰਿਹਾ ਹੈ। ਪਹਿਲੀ ਗੱਲ- ਰਸਾਇਣਕ ਹਥਿਆਰਾਂ ਦੀ ਯੂ.ਐਨ.ਓ. ਦੀ ਪੜਤਾਲੀਆ ਟੀਮ ਵੱਲੋਂ ਹਾਲੀ ਰਿਪੋਰਟ ਦਾ ਨਤੀਜਾ ਸਾਹਮਣੇ ਨਹੀਂ ਆਇਆ। ਪਰ ਅਮਰੀਕਾ ਤੇ ਫਰਾਂਸ ਵੱਲੋਂ ਹਮਲਾ ਕਰਨ ਦੇ ਪਹਿਲਾਂ ਹੀ ਐਲਾਨ ਦਰਸਾਉਂਦੇ ਹਨ, ਕਿ ਉਹਨਾਂ ਨੂੰ ਇਸ ਬਹਾਨੇ ਦੇ ਅਸਲੀ/ਨਕਲੀ ਹੋਣ ਦੀ ਉੱਕਾ ਪ੍ਰਵਾਹ ਨਹੀਂ ਹੈ। ਦੂਜੀ ਗੱਲ- ਹਥਿਆਰ ਰਸਾਇਣਕ ਹੋਣ ਜਾਂ ਕੋਈ ਹੋਰ, ਤਲਵਾਰ ਹੋਵੇ, ਬੰਦੂਕ ਹੋਵੇ, ਤੋਪਾਂ ਹੋਣ, ਐਟਮੀ ਬੰਬ ਹੋਣ ਜਾਂ ਰਸਾਇਣ, ਇਹਨਾਂ ਦੀ ਲੋਕਾਂ ਖਿਲਾਫ ਵਰਤੋਂ ਨਿਹੱਕੀ ਹੁੰਦੀ ਹੈ, ਗਲਤ ਹੁੰਦੀ ਤੇ ਗੈਰ-ਵਾਜਬ ਹੁੰਦੀ ਹੈ। ਇੱਕ ਖੂਨੀ ਕਾਰਾ ਹੁੰਦੀ ਹੈ। ਭਾਵੇਂ ਇਹ ਕਿਸੇ ਵੀ ਮੁਲਕ ਦੇ ਹਾਕਮਾਂ ਵੱਲੋਂ ਕੀਤੀ ਜਾਂਦੀ ਹੋਵੇ। ਪਰ ਇਸਨੂੰ ਆਧਾਰ ਬਣਾ ਕੇ ਕਿਸੇ ਮੁਲਕ ਨੂੰ ਅਜਿਹੇ ਹਥਿਆਰਾਂ ਦੀ ਆਪਣੇ ਮੁਲਕ ਅੰਦਰ ਲੋਕਾਂ ਜਾਂ ਆਪਣੇ ਵਿਰੋਧੀ ਹਾਕਮ ਧੜੇ ਖਿਲਾਫ ਵਰਤੋਂ ਨੂੰ ਉਸ ਮੁਲਕ 'ਤੇ ਹਮਲੇ ਦੀ ਵਾਜਬੀਅਤ ਨਹੀਂ ਸਮਝਿਆ ਜਾ ਸਕਦਾ। ਜੇ ਕਿਸੇ ਮੁਲਕ ਨੂੰ ਇਸ ਖਿਲਾਫ਼ ਇਤਰਾਜ਼ ਹੈ ਜਾਂ ਇਉਂ ਕਰਨਾ ਨਜਾਇਜ ਲੱਗਦਾ ਹੈ ਤਾਂ ਉਹ ਸਬੰਧਤ ਮੁਲਕ ਖਿਲਾਫ ਕੌਮਾਂਤਰੀ ਸੰਸਥਾਵਾਂ/ਥੜ੍ਹਿਆਂ ਰਾਹੀਂ ਜਾਂ ਕੌਮਾਂਤਰੀ ਲੋਕ-ਰਾਇ ਲਾਮਬੰਦ ਕਰਦਿਆਂ, ਅਜਿਹੀ ਵਰਤੋਂ ਨੂੰ ਰੋਕਣ ਲਈ ਦਬਾਅ ਲਾਮਬੰਦ ਕਰ ਸਕਦਾ ਹੈ। ਇਸ ਗੱਲ ਨੂੰ ਆਪਣੀ ਫੌਜੀ ਤਾਕਤ ਦੇ ਜ਼ੋਰ ਸਬੰਧਤ ਮੁਲਕ 'ਤੇ ਹਮਲਾ ਬੋਲਣ ਅਤੇ ਹਕੂਮਤ ਬਦਲੀ ਕਰਨ ਦੀ ਕੋਈ ਵੀ ਕਾਨੂੰਨੀ, ਨੈਤਿਕ ਅਤੇ ਸਿਆਸੀ ਵਾਜਬੀਅਤ ਨਹੀਂ ਬਣਾਇਆ ਜਾ ਸਕਦਾ। ਅਗਲੀ ਗੱਲ ਅਮਰੀਕੀ ਸਾਮਰਾਜੀਆਂ ਅਤੇ ਉਸਦੀ ਅਗਵਾਈ ਹੇਠਲੇ ਨਾਟੋ ਜੰਗੀ ਗੁੱਟ ਵੱਲੋਂ ਬਣਾਏ ਜਾ ਰਹੇ ਹਥਿਆਰਾਂ ਦੇ ਭੰਡਾਰ ਲੋਕਾਂ ਦੀ ਭਲਾਈ ਨਹੀਂ ਲਈ ਹਨ। ਇਹ ਦੁਨੀਆਂ 'ਤੇ ਆਪਣਾ ਸਾਮਰਾਜੀ ਗਲਬਾ ਅਤੇ ਲੁੱਟ-ਦਾਬੇ ਦਾ ਜੂਲਾ ਬਰਕਰਾਰ ਰੱਖਣ ਅਤੇ ਹੋਰ ਪੱਕਾ ਕਰਨ ਲਈ ਹੀ ਹਨ। ਇਸ ਮਕਸਦ ਲਈ ਇਸ ਸਾਮਰਾਜੀ ਲਾਣੇ ਵੱਲੋਂ ਸਭ ਕਿਸਮ ਦੇ ਹਥਿਆਰਾਂ ਦੀ ਪੂਰੀ ਬੇਕਿਰਕੀ ਨਾਲ ਰੱਜ ਕੇ ਵਰਤੋਂ ਕੀਤੀ ਗਈ ਹੈ। ਵੀਅਤਨਾਮ ਦੀ ਕੌਮੀ ਮੁਕਤੀ ਘੋਲ ਨੂੰ ਖੂਨ ਵਿੱਚ ਡੁਬੋਣ ਲਈ ਅਮਰੀਕੀ ਸਾਮਰਾਜੀਆਂ ਵੱਲੋਂ ਹੋਰਨਾਂ ਹਥਿਆਰਾਂ ਤੋਂ ਬਿਨਾ ਰਸਾਇਣਕ ਹਥਿਆਰਾਂ ਦੀ ਬੇਲਗਾਮ ਵਰਤੋਂ ਕੀਤੀ ਗਈ ਹੈ। ਜਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ 'ਤੇ ਐਟਮ ਬੰਬ ਸੁੱਟ ਕੇ ਲੱਖਾਂ ਮਾਸੂਮ ਲੋਕਾਂ ਦਾ ਘਾਣ ਕਰਨ ਅਤੇ ਇਹਨਾਂ ਸ਼ਹਿਰਾਂ ਨੂੰ ਮਲੀਆਮੇਟ ਕਰਨ ਦਾ ਦੁਨੀਆਂ ਦੇ ਇਤਿਹਾਸ ਅੰਦਰ ਸਭ ਤੋਂ ਵੱਡਾ ਖੂਨੀ ਕਾਰਾ ਵੀ ਅਮਰੀਕੀ ਸਾਮਰਾਜੀਆਂ ਵੱਲੋਂ ਕੀਤਾ ਗਿਆ ਹੈ। ਦੋ ਵੱਡੀਆਂ ਸੰਸਾਰ ਜੰਗ ਵਿੱਚ ਕਰੋੜਾਂ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਿਆ ਗਿਆ ਹੈ। ਅੱਜ ਇਰਾਕ, ਅਫਗਾਨਿਸਤਾਨ, ਲਿਬੀਆ ਆਦਿ ਮੁਲਕਾਂ ਵਿੱਚ ਬਣਾਈ ਹਾਲਤ ਦੀ ਜਿੰਮੇਵਾਰ ਵੀ ਇਹੀ ਸਾਮਰਾਜੀ ਲਾਣੇ ਦੀ ਧਾੜਵੀ ਸਿਆਸੀ-ਫੌਜੀ ਯੁੱਧਨੀਤੀ ਹੈ। 
ਸੋ, ਅਮਰੀਕੀ ਸਾਮਰਾਜੀਆਂ ਅਤੇ ਉਸਦੇ ਸੰਗੀਆਂ ਵੱਲੋਂ ਸੀਰੀਆ ਵਿੱਚ ਉੱਕਾ ਹੀ ਨਜਾਇਜ ਫੌਜੀ ਦਖਲਅੰਦਾਜ਼ੀ ਲਈ ਘੜੇ ਜਾ ਰਹੇ ਬਹਾਨੇ ਕੋਈ ਹੋਣ। ਅਸਾਦ ਹੂਕਮਤ ਵੱਲੋਂ ਰਸਾਇਕ ਹਥਿਆਰਾਂ ਦੀ ਵਰਤੋਂ ਦੇ ਹੋਣ ਜਾਂ ਕੋਈ ਹੋਰ। ਇਹ ਸੀਰੀਆ ਅੰਦਰ ਸਾਮਰਾਜੀ ਧੌਂਸਬਾਜ਼ ਲਾਣੇ ਦੀ ਕਿਸੇ ਵੀ ਤਰ੍ਹਾਂ ਦੀ ਫੌਜੀ ਦਖਲਅੰਦਾਜ਼ੀ ਅਤੇ ਹਮਲੇ ਦੀ ਕੋਈ ਵਾਜਬੀਅਤ ਨਹੀਂ ਬਣਦੇ। ਸੀਰੀਆ ਇੱਕ ਵੱਖਰਾ ਪਛੜਿਆ ਮੁਲਕ ਹੈ। ਕੁੱਲ ਮਿਲਾ ਕੇ ਇਹ ਸਾਮਰਾਜੀ ਗਲਬੇ ਹੇਠਲਾ ਮੁਲਕ ਹੈ। ਪਰ  ਅਰਬ ਜਗਤ ਅੰਦਰ ਫਲਸਤੀਨੀ ਮੁਕਤੀ ਘੋਲ ਦੇ ਹੱਕ ਵਿੱਚ ਅਤੇ ਸਾਮਰਾਜੀਆਂ ਖਾਸ ਕਰਕੇ ਅਮਰੀਕੀ ਸਾਮਰਾਜੀ-ਵਿਰੋਧ ਰੌਂਅ ਦੇ ਪਸਾਰੇ ਦੇ ਅੰਗ ਵਜੋਂ ਸੀਰੀਆਈ ਲੋਕਾਂ ਵਿੱਚ ਇਹ ਸਾਮਰਾਜੀ-ਵਿਰੋਧ ਗੁੱਸਾ ਅਤੇ ਰੌਂਅ ਫੈਲਦਾ ਪਸਰਦਾ ਰਿਹਾ ਹੈ। ਇਸ ਜਨਤਕ ਰੌਂਅ ਦੇ ਦਬਾਅ ਹੇਠ ਰਾਸ਼ਟਰਪਤੀ ਬਸ਼ਰ-ਅਲ-ਅਸਾਦ ਦੀ ਹਕੂਮਤ ਫਲਸਤੀਨੀ ਮੁਕਤੀ ਘੋਲ, ਫਲਸਤੀਨੀ ਮੁਕਤੀ ਦੀ ਹਮਾਇਤ 'ਤੇ ਖੜ੍ਹੇ ਲਿਬਨਾਨ ਦੇ ਹਿੱਜਬੁੱਲਾ ਧੜੇ ਦੇ ਹੱਕ ਵਿੱਚ ਡੱਕਾ ਸੁੱਟਦੀ ਆ ਰਹੀ ਹੈ। ਇਸੇ ਤਰ੍ਹਾਂ ਸੱਦਾਮ ਹੁਸੈਨ ਹਕੂਮਤ ਨੂੰ ਚੱਲਦਾ ਕਰਨ ਲਈ ਅਮਰੀਕੀ ਸਾਮਰਾਜੀਆਂ ਤੇ ਨਾਟੋ ਵੱਲੋਂ ਇਰਾਕ ਅਤੇ ਫਿਰ ਅਫਗਾਨਿਸਤਾਨ 'ਤੇ ਬੋਲੇ ਹਮਲੇ ਨਾਲ ਵੀ ਗੈਰ-ਰਜ਼ਾਮੰਦੀ ਦਾ ਇਜ਼ਹਾਰ ਕਰਦੀ ਰਹੀ ਹੈ। ਇਸ ਕਰਕੇ, ਅਸਾਦ ਹਕੂਮਤ ਇਸ ਸਾਮਰਾਜੀ ਲਾਣੇ ਦੀ ਮੱਧ-ਪੂਰਬ ਅਤੇ ਅਰਬ ਮੁਲਕਾਂ ਅੰਦਰ ਆਪਣੀ ਹਮਲਾਵਰ ਸਿਆਸੀ-ਫੌਜੀ ਯੁੱਧਨੀਤਕ ਮੁਹਿੰਮ ਨੂੰ ਅੱਗੇ ਵਧਾਉਣ ਦਾ ਨੰਗਾ ਚਿੱਟਾ ਹੱਥਾ ਨਾ ਬਣਨ ਕਰਕੇ ਇਸ ਲਾਣੇ ਦੀਆਂ ਅੱਖਾਂ ਵਿੱਚ ਰੜਕਦੀ ਆ ਰਹੀ ਹੈ। ਇਸ ਲਈ, ਸਾਮਰਾਜੀ ਲਾਣੇ ਵੱਲੋਂ ਇਸ ਹਕੂਮਤ ਨੂੰ ਪਾਸੇ ਕਰਕੇ ਉੱਥੇ ਆਪਣੀ ਹੱਥਠੋਕਾ ਹਕੂਮਤ ਠੋਸਣ ਦੀਆਂ ਗੋਂਦਾਂ ਲੰਬੇ ਸਮੇਂ ਤੋਂ ਗੁੰਦੀਆਂ ਜਾ ਰਹੀਆਂ ਸਨ। ਅੱਜ ਉਹਨਾਂ ਵੱਲੋਂ ਇਹਨਾਂ ਗੋਂਦਾਂ ਨੂੰ ਹੀ ਸਿਰੇ ਲਾਉਣ ਲਈ ਕਮਰਕੱਸੇ ਜਾ ਰਹੇ ਹਨ। 
ਜਿੱਥੋਂ ਤੱਕ ਰੂਸ ਅਤੇ ਚੀਨ ਵੱਲੋਂ ਸੀਰੀਆ ਅੰਦਰ ਅਮਰੀਕੀ ਸਾਮਰਾਜੀ ਤੇ ਨਾਟੋ ਗੱਠਜੋੜ ਦੀ ਫੌਜੀ ਦਖਲਅੰਦਾਜ਼ੀ ਤੇ ਹਮਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ, ਇਹ ਇਸ ਖਿੱਤੇ ਅੰਦਰ ਰੂਸ ਤੇ ਚੀਨ ਦੇ ਅਮਰੀਕੀ ਸਾਮਰਾਜੀਆਂ ਨਾਲ ਟਕਰਾਵੇਂ ਹਿੱਤਾਂ ਦੀ ਵਜਾਹ ਕਰਕੇ ਹੈ। ਇਹ ਅੰਤਰ ਸਾਮਰਾਜੀ ਵਿਰੋਧ ਦਾ ਹੀ ਇੱਕ ਇਜ਼ਹਾਰ ਹੈ, ਪਰ ਇਹ ਵਿਰੋਧ ਸਾਮਰਾਜੀਆਂ ਅਤੇ ਦੱਬੇ-ਕੁਚਲੇ ਮੁਲਕਾਂ ਤੇ ਕੌਮਾਂ ਵਿਚਲੇ ਪ੍ਰਮੁੱਖ ਵਿਰੋਧ ਦੇ ਮਾਤਹਿਤ ਦੋਮ ਵਿਰੋਧ ਹੈ। ਇਸ ਲਈ, ਇਸ ਖਿੱਤੇ ਵਿਚਲੀਆਂ ਸਾਮਰਾਜ-ਵਿਰੋਧੀ ਤਾਕਤਾਂ ਨੂੰ ਕੁਚਲਣ-ਦਬਾਉਣ ਦੇ ਮਾਮਲੇ 'ਚ ਰੂਸ, ਚੀਨ ਅਤੇ ਅਮਰੀਕੀ ਸਾਮਰਾਜੀਆਂ ਦਰਮਿਆਨ ਕੋਈ ਗੰਭੀਰ ਰੱਟਾ ਨਹੀਂ ਹੈ। 
ਇਹ ਨੋਟ ਕਰਨ ਵਾਲੀ ਗੱਲ ਹੈ ਕਿ ਸੀਰੀਆ ਵਿੱਚ ਮੌਜੂਦਾ ਹਕੂਮਤ ਕਿਹੋ ਜਿਹੀ ਹੈ, ਲੋਕ-ਪੱਖੀ ਹੈ ਜਾਂ ਲੋਕ-ਵਿਰੋਧੀ। ਉੱਥੋਂ ਦਾ ਰਾਜ-ਭਾਗ ਕਿਹੋ ਜਿਹਾ ਹੋਣਾ  ਚਾਹੀਦਾ ਹੈ? ਇਹ ਕਿਸੇ ਵੀ ਹੋਰ ਮੁਲਕ ਦੀ ਤਰ੍ਹਾਂ ਮੁਕੰਮਲ ਤੌਰ 'ਤੇ ਸੀਰੀਆ ਦਾ ਅੰਦਰੂਨੀ ਮਾਮਲਾ ਹੈ। ਉੱਥੋਂ ਦੇ ਲੋਕਾਂ ਖੁਦਮੁਖਤਿਆਰੀ ਤੇ ਆਜ਼ਾਦਾਨਾ ਅਧਿਕਾਰ ਦਾ ਮਾਮਲਾ ਹੈ। ਮੁਲਕ ਦੀ ਖੁਦਮੁਖਤਿਆਰ ਤੇ ਆਜ਼ਾਦਾਨਾ ਹਸਤੀ ਨੂੰ ਪ੍ਰਵਾਨ ਕਰਨ ਦਾ ਮਾਮਲਾ ਹੈ। ਇਹ ਸਾਰਾ ਕੁੱਝ ਰਸਮੀ ਤੌਰ 'ਤੇ ਯੂ.ਐਨ. ਦੇ ਚਾਰਟਰ ਵਿੱਚ ਦਰਜ ਵੀ ਕੀਤਾ ਹੋਇਆ ਹੈ। ਪਰ ਅਮਰੀਕੀ ਸਾਮਰਾਜੀਆਂ ਤੇ ਨਾਟੋ ਗੁੱਟ ਵੱਲੋਂ ਅਖੌਤੀ ਦਹਿਸ਼ਤਗਰਦੀ ਖਿਲਾਫ ਲੜਾਈ ਦੇ ਨਾਂ ਹੇਠ ਆਪਣੀ ਸੰਸਾਰ ਚੌਧਰ ਤੇ ਗਲਬੇ ਨੂੰ ਅੱਗੇ ਵਧਾਉਣ, ਅਰਬ ਮੁਲਕਾਂ ਅੰਦਰ ਆਪਣੇ ਗਲਬੇ ਤੇ ਧੌਂਸ ਦਾ ਸ਼ਿਕੰਜਾ ਹੋਰ ਕਸਣ ਦੇਅਤੇ ਫਲਸਤੀਨੀ ਕੌਮੀ ਮੁਕਤੀ ਘੋਲ 'ਤੇ ਇਜ਼ਰਾਈਲੀ-ਅਮਰੀਕੀ ਸ਼ਿਕੰਜਾ ਹੋਰ ਕਸਣ ਦੇ  ਮਕਸਦਾਂ ਖਾਤਰ ਸੀਰੀਆ ਵਿੱਚ ਫੌਜੀ ਦਖਲ ਤੇ ਹਮਲੇ ਲਈ ਤਿਆਰੀਆਂ ਕੱਸੀਆਂ ਜਾ ਰਹੀਆਂ ਹਨ। 
ਇਸ ਲਈ, ਸਭਨਾਂ ਇਨਕਲਾਬੀ ਜਮਹੂਰੀ, ਸਾਮਰਾਜ ਵਿਰੋਧੀ ਅਤੇ ਇਨਸਾਫਪਸੰਦ ਤਾਕਤਾਂ ਵੱਲੋਂ ਸਾਮਰਾਜੀ ਲਾਣੇ ਵੱਲੋਂ ਸੰਭਾਵਿਤ ਫੌਜੀ ਦਖਲਅੰਦਾਜ਼ੀ ਅਤੇ ਹਮਲੇ ਦੀਆਂ ਕਾਰਵਾਈਆਂ ਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ। ਇਕ ਪਛੜੇ ਮੁਲਕ ਵਿੱਚ ਫੌਜੀ ਲੱਠਮਾਰ ਤਾਕਤ ਤੇ ਧੌਂਸ ਰਾਹੀਂ ਹਕੂਮਤ ਬਦਲੀ ਕਰਨੀ ਅਤੇ ਆਪਣੀ ਹੱਥਠੋਕਾ ਹਕੂਮਤ ਠੋਸਣ ਦੀਆਂ ਸਾਜਿਸ਼ਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਸੰਸਾਰ ਅੰਦਰ ਅਖੌਤੀ ਦਹਿਸ਼ਤਗਰਦੀ ਵਿਰੋਧੀ ਮੁਹਿੰਮ ਦੇ ਕਪਟੀ ਗਰਦੋਗੁਬਾਰ ਓਹਲੇ ਆਪਣੇ ਖੂੰਖਾਰ ਸਾਮਰਾਜੀ ਮਨਸੂਬਿਆਂ ਨੂੰ ਅੱਗੇ ਵਧਾਉਣ ਦੀ ਫੌਜੀ ਹਮਲਾਵਰ ਮੁਹਿੰਮ ਦਾ ਪਰਦਾਫਾਸ਼ ਕਰਨਾ ਅਤੇ ਵਿਰੋਧ ਕਰਨਾ ਚਾਹੀਦਾ ਹੈ।

No comments:

Post a Comment