Monday, September 16, 2013

ਡਾ. ਦਬ੍ਹੋਲਕਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਸੂਬਾਈ ਰੈਲੀ ਤੇ ਮੁਜਾਹਰਾ


'ਅੰਧਸ਼ਰਧਾ ਨਿਰਮੂਲਨ ਸੰਮਤੀ' ਦੇ ਬਾਨੀ ਆਗੂ ਡਾ. ਦਬ੍ਹੋਲਕਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਲਈ
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸੂਬਾਈ ਰੈਲੀ ਤੇ ਮੁਜਾਹਰਾ
ਤਿੰਨ ਸਤੰਬਰ ਨੂੰ ਤਰਕਸ਼ੀਲ ਸੁਸਾਇਟੀ ਦੇ ਸੱਦੇ 'ਤੇ ਪੰਜਾਬ ਦੀਆਂ ਵੱਖ ਇਕਾਈਆਂ ਤੋਂ ਆਏ ਵਿਗਿਆਨਕ ਸੋਚ ਦੇ ਧਾਰਨੀਆਂ ਨੇ ਜਲੰਧਰ ਦੀਆਂ ਸੜਕਾਂ 'ਤੇ ਨਾਹਰੇ ਮਾਰਦਿਆਂ ਮਾਰਚ ਕਰਕੇ ਡਿਪਟੀ ਕਮਿਸ਼ਨਰ ਨੂੰ ਉਸਦੇ ਦਫਤਰ ਜਾ ਕੇ ਮੰਗ ਪੱਤਰ ਦਿੱਤਾ। ਇਹ ਮੰਗ ਪੱਤਰ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਭੇਜਿਆ ਜਾਣਾ ਸੀ। ਇਸ ਮੰਗ ਪੱਤਰ ਰਾਹੀਂ 'ਅੰਧਸ਼ਰਧਾ ਨਿਰਮੂਲਨ ਸੰਮਤੀ' ਮਹਾਂਰਾਸ਼ਟਰ ਦੇ ਬਾਨੀ-ਆਗੂ ਡਾ. ਨਰਿੰਦਰ ਦਭੋਲਕਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਅਤੇ ਸਜ਼ਾਵਾਂ ਦਿਵਾਉਣ, ਦੇਸ਼ ਵਿੱਚ ਅੰਧ-ਵਿਸ਼ਵਾਸ਼ ਵਿਰੋਧੀ ਕਾਨੂੰਨ ਬਣਾਉਣ, ਪ੍ਰੈਸ ਤੇ ਮੀਡੀਏ ਰਾਹੀਂ ਕੀਤੇ ਜਾ ਰਹੇ ਗੈਰ-ਵਿਗਿਆਨਕ ਪ੍ਰਚਾਰ ਨੂੰ ਰੋਕਣ, ਸਿਲੇਬਸ ਵਿੱਚੋਂ ਅੰਧਿਵਿਸ਼ਵਾਸ਼ੀ ਤੇ ਰੂੜ੍ਹੀਵਾਦੀ ਸਾਹਿਤ ਕੱਢੇ ਜਾਣ ਅਤੇ ਧਰਮ ਦੀ ਆੜ ਵਿੱਚ ਜਮਹੂਰੀ ਹੱਕਾਂ ਦਾ ਘਾਣ ਕਰਨ ਵਾਲੀਆਂ ਫਿਰਕਾਪ੍ਰਸਤ ਤਾਕਤਾਂ ਨੂੰ ਨੱਥ ਪਾਏ ਜਾਣ ਦੀ ਮੰਗ ਕੀਤੀ ਗਈ। 
ਡਾ. ਨਰਿੰਦਰ ਦਭੋਲਕਰ ਡਾਕਟਰ ਦੀ ਸਰਕਾਰੀ ਨੌਕਰੀ ਛੱਡ ਕੇ ਵਿਗਿਆਨਕ ਸੋਚ ਦਾ ਪ੍ਰਚਾਰ-ਪ੍ਰਸਾਰ ਕਰਨ ਤੁਰ ਪਏ। ਜਾਤ-ਪਾਤ ਦੇ ਕੋਹੜ ਖਿਲਾਫ ਸਮਾਜਿਕ ਬਰਾਬਰੀ ਦਾ ਝੰਡਾ ਚੁੱਕ, ਉਹ ਮਹਾਂਰਾਸ਼ਟਰ ਦੇ ਪਿੰਡ ਪਿੰਡ 'ਇੱਕ ਪਿੰਡ- ਇੱਕ ਖੂਹ' ਦਾ ਨਾਹਰਾ ਲੈ ਕੇ ਗਏ। ਉਹ ਧਰਮ ਦੀ ਆੜ ਵਿੱਚ ਕੀਤੇ ਜਾਂਦੇ ਅਡੰਬਰਾਂ, ਅਖੌਤੀ ਚਮਤਕਾਰਾਂ ਦਾ ਗੋਰਖਧੰਦਾ ਕਰਨ ਵਾਲੇ ਅਵਤਾਰੀ ਬਾਬਿਆਂ ਤਾਂਤਰਿਕਾਂ, ਗੈਬੀ ਸ਼ਕਤੀਆਂ ਦੇ ਨਾਂ 'ਤੇ ਲੋਕਾਂ ਨੂੰ ਲੁੱਟਣ ਵਾਲੇ ਧਰਮ ਗੁਰੂਆਂ ਦੀ ਅਸਲੀਅਤ ਜੱਗ ਜ਼ਾਹਰ ਕਰਨ ਲਈ ਮੈਦਾਨ ਮੱਲੀਂ ਰੱਖਦੇ। ਨਾਲੋ ਨਾਲ, ਵਿਗਿਆਨਕ ਚੇਤਨਾ ਦੇ ਪਸਾਰ ਲਈ ਮਰਾਠੀ ਦਾ ਹਫਤਾਵਾਰੀ ਅਖਬਾਰ 'ਸਾਧਨਾ' ਦੀ ਸੰਪਾਦਨਾ ਵੀ ਕਰਦੇ ਰਹੇ। ਮਹਾਂਰਾਸ਼ਟਰ ਵਿਚ ਅੰਧਸ਼ਰਧਾ ਨਿਰਮੂਲਨ ਸੰਮਤੀ ਬਣਾ ਕੇ ਅੰਧਿ-ਵਿਸ਼ਵਾਸ਼ਾਂ ਅਤੇ ਅਗਿਆਨਤਾ ਖਿਲਾਫ ਜਨਤਕ ਸੰਘਰਸ਼ ਉਲੀਕਦੇ ਤੇ ਕਰਦੇ। ਉਸ ਸਮਝਦੇ ਸਨ ਕਿ ਗੈਰ ਵਿਗਿਆਨਕ ਤੇ ਵੇਲਾ ਵਿਹਾਅ ਚੁੱਕੀਆਂ ਰਸਮਾਂ ਮਨੁੱਖੀ ਜੀਵਨ ਦੇ ਆਜ਼ਾਦੀ ਦੇ ਰਾਹ ਵਿੱਚ ਰੋੜਾ ਹਨ। ਉਹ ਦਲਿਤਾਂ ਦੀ ਬਰਾਬਰੀ ਲਈ ਕੀਤੇ ਜਾਂਦੇ ਸੰਘਰਸ਼ਾਂ ਵਿੱਚ ਭਾਗ ਲੈਂਦੇ। ਕਰਾਮਾਤਾਂ ਪਿੱਛੇ ਕੰਮ ਕਰਦੇ ਵਿਗਿਆਨ ਬਾਰੇ ਜਾਗਰੂਕ ਕਰਨ ਲਈ ਉਹ 'ਵਿਗਿਆਨ ਬੋਧ ਵਾਹਿਨੀ' ਨਾਂ ਦੀ ਸੰਸਥਾ ਰਾਹੀਂ ਪਿੰਡ ਪਿੰਡ ਗਏ। ਉਹ ਔਰਤਾਂ ਦੀ ਤਰੱਕੀ ਅਤੇ ਬਰਾਬਰੀ ਦੇ ਹਾਮੀ ਰਹੇ। ਮਹਾਂਰਾਸ਼ਟਰ ਵਿੱਚ ਨਸ਼ਾ-ਮੁਕਤੀ, ਵਿਗਿਆਨਕ ਖੇਤੀ ਅਤੇ ਪੇਂਡੂ ਮੈਡੀਕਲ ਖੇਤਰ ਵਿੱਚ ਕੰਮ ਕਰਦੀਆਂ ਔਰਤਾਂ ਨੂੰ ਸਿੱਖਿਅਤ ਕਰਨ ਦਾ ਕੰਮ ਕਰਦੀ 'ਪਰੀਵਰਤਨ' ਨਾਂ ਦੀ ਸੰਸਥਾ ਵਿੱਚ ਵੀ ਮੋਹਰੀ ਰੋਲ ਨਿਭਾਉਂਦੇ ਰਹੇ ਹਨ। ਵਿਆਹਾਂ ਉੱਪਰ ਕੀਤੇ ਜਾਂਦੇ ਬੇਲੋੜੇ ਖਰਚੇ ਖਿਲਾਫ ਆਵਾਜ਼ ਉਠਾਈ। ਇਹਨਾਂ ਕੰਮਾਂ ਤੇ ਵਿਚਾਰਾਂ ਕਰਕੇ ਉਹ ਦੁਨੀਆਂ ਭਰ ਦੇ ਵਿਗਿਆਨਕ ਸੋਚ ਵਾਲੀਆਂ ਸੰਸਥਾਵਾਂ ਤੇ ਵਿਅਕਤੀਆਂ ਵਿੱਚ ਜਾਣੇ-ਪਛਾਣੇ ਸਨ। ਪੰਜਾਬ ਦੀ ਤਰਕਸ਼ੀਲ ਸੁਸਾਇਟੀ ਨਾਲ ਵੀ ਉਹਨਾਂ ਦਾ ਨੇੜਲਾ ਵਾਹ ਰਿਹਾ। 
ਉਹ ਪਿਛਲੇ 18 ਸਾਲਾਂ ਤੋਂ ਸੂਬਾ ਸਰਕਾਰ 'ਤੇ ਇੱਕ ਕਾਨੂੰਨ ਬਣਾਉਣ ਲਈ ਦਬਾਅ ਪਾਉਂਦੇ ਰਹੇ। ਜਿਸ ਕਾਨੂੰਨ ਦੇ ਸ਼ਿਕੰਜੇ ਵਿੱਚ ਉਹ ਸਾਰੇ ਆਉਣ, ਜੋ ਆਪਣੇ ਕੋਲ ਗੈਬੀ ਸ਼ਕਤੀ ਹੋਣ ਦਾ ਦਾਅਵਾ ਕਰਦੇ ਹਨ ਜਾਂ ਖੁਦ ਨੂੰ 'ਅਵਤਾਰੀ-ਪੁਰਖ' ਗਰਦਾਨਦੇ ਹਨ। ਮਾਨਸਿਕ ਰੋਗਾਂ ਤੋਂ ਪੀੜਤ ਲੋਕਾਂ ਨੂੰ 'ਬਦਰੂਹਾਂ' ਦਾ ਸ਼ਿਕਾਰ ਦੱਸ ਕੇ ਸਾੜ-ਫੂਕ ਕਰਦੇ ਹਨ ਅਤੇ ਆਪਣੇ ਆਪ ਨੂੰ 'ਸਰਬ-ਗਿਆਨੀ' ਦੱਸ ਕੇ 'ਪੁੱਤਰਾਂ ਦੀਆਂ ਦਾਤਾਂ' ਵੰਡਣ ਦੇ ਦਾਅਵੇ ਕਰਦੇ ਹਨ। 
ਇਹ ਕਰਦਿਆਂ ਉਹਨਾਂ ਨੂੰ ਹਿੰਦੂ ਮੂਲਵਾਦੀ ਸੰਗਠਨਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ। ਉਹਨਾਂ ਉੱਤੇ 'ਚਮਤਕਾਰੀ ਬਾਬਿਆਂ' ਦੇ ਗੁੱਸੇ ਵਿੱਚ ਆਏ ਸ਼ਰਧਾਲੂਆਂ ਨੇ ਹਮਲੇ ਕੀਤੇ ਹਨ। ਉਹ ਜਾਟ ਪੰਚਾਇਤਾਂ ਦੇ ਗਲਬੇ ਨੂੰ ਸਵਾਲ ਕਰਨ ਕਾਰਨ ਉਹਨਾਂ ਦੇ ਨਿਸ਼ਾਨੇ ਉੱਤੇ ਸਨ। ਸੁਬਾ ਸਰਕਾਰ, ਉਹਨਾਂ ਵੱਲੋਂ ਪਹਿਲਕਦਮੀ ਕਰਕੇ ਬਣਾਏ ਕਾਨੂੰਨ ਦੇ ਮਸੌਦੇ ਉੱਪਰ 'ਵਿਚਾਰ' ਕਰ ਰਹੀ ਸੀ। ਹਿੰਦੂ ਜਾਗਰਿਤੀ ਸੰਮਤੀ ਵੱਲੋਂ ਆਪਣੀ ਵੈੱਬਸਾਈਟ ਰਾਹੀਂ 2010 ਤੋਂ ਉਹਨਾਂ ਖਿਲਾਫ ਭੱਦੀ ਸ਼ਬਦਾਵਲੀ ਲਿਖੀ ਗਈ ਤੇ ਹਿੰਦੂ ਫਿਰਕੂ ਜਨੂੰਨੀ ਟੋਲਿਆਂ ਨੂੰ ਉਹਨਾਂ ਖਿਲਾਫ ਭੜਕਾਇਆ ਗਿਆ। 

ਕਾਤਲਾਂÎ ਦੀ ਗਿਫ੍ਰਤਾਰੀ ਦੀ ਮੰਗ ਨੂੰ ਲੈ ਕੇ, ਇਹ ਇਕੱਠ ਦੇਸ਼ ਬਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤਾ ਗਿਆ। ਪੰਡਾਲ, ਡਾ. ਦਭੋਲਕਰ ਅਮਰ ਰਹੇ ਅਤੇ ਸੁਸਾਇਟੀ ਦੇ ਉਦੇਸ਼ਾਂ ਤੇ ਵਿਚਾਰਾਂ ਨੂੰ ਪੇਸ਼ ਕਰਦੇ ਬੈਨਰਾਂ-ਮਾਟੋਆਂ ਨਾਲ ਭਰਿਆ ਤੇ ਸਜਿਆ ਹੋਇਆ ਸੀ। ਤਰਕਸ਼ੀਲ ਸੁਸਾਇਟੀ ਦੀ ਸੂਬਾ ਕਮੇਟੀ ਦੀ ਅਗਵਾਈ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਸੁਸਾਇਟੀ ਨੇ ਆਪਣੇ ਘੱਟ ਬੁਲਾਰੇ ਬੁਲਾ ਕੇ ਭਰਾਤਰੀ ਮੋਢਾ ਲਾਉਣ ਆਈਆਂ ਜਥੇਬੰਦੀਆਂ- ਦੇਸ਼ ਭਗਤ ਯਾਦਗਾਰ ਹਾਲ ਕਮੇਟੀ, ਪੰਜਾਬ ਲੋਕ ਸਭਿਆਚਾਰਕ ਮੰਚ, ਇਨਕਲਾਬੀ ਕੇਂਦਰ ਪੰਜਾਬ, ਲੋਕ ਮੋਰਚਾ ਪੰਜਾਬ, ਜਮਹੂਰੀ ਅਧਿਕਾਰ ਸਭਾ ਦੇ ਬੁਲਾਰਿਆਂ ਨੂੰ ਮੌਕਾ ਦਿੱਤਾ। ਸਭਨਾਂ ਬੁਲਾਰਿਆਂ ਨੇ ਡਾ. ਦਭੋਲਕਰ ਦੇ ਕੀਤੇ ਕੰਮਾਂ ਨੂੰ ਉਚਿਆਉਂਦਿਆਂ ਵਿਗਿਆਨਕ ਸੋਚ ਨੂੰ ਉਭਾਰਿਆ। ਹਨੇਰੇ ਦੀਆਂ ਤਾਕਤਾਂ ਦੀ ਨਿਸ਼ਾਨਦੇਹੀ ਕੀਤੀ ਤੇ ਉਹਨਾਂ ਨਾਲ ਸਦੀਵੀਂ ਟਕਰਾਅ ਨੂੰ ਮੂਹਰੇ ਰੱਖਦਿਆਂ ਚੌਕਸ ਹੋਣ, ਸੰਗਠਨ ਮਜਬੂਤ ਕਰਨ ਅਤੇ ਸੰਘਰਸ਼ ਦੇ ਸਵੱਲੜੇ ਰਾਹ 'ਤੇ ਤੁਰਨ ਵੱਲ ਸਮਾਂ-ਸ਼ਕਤੀ ਲਾਉਣ ਦਾ ਸੱਦਾ ਦਿੱਤਾ।

No comments:

Post a Comment