Monday, September 16, 2013

''ਰਿਆਇਤ-ਦਿਲੀ ਵਿਰੁੱਧ ਟੱਕਰ ਲਓ''


ਕੌਮਾਂਤਰੀ ਪ੍ਰੋਲੇਤਾਰੀ ਦੇ ਮਹਾਨ ਰਹਿਬਰ ਮਾਓ-ਜ਼ੇ-ਤੁੰਗ ਦੀ 37ਵੀਂ ਵਰ੍ਹੇਗੰਢ 'ਤੇ
ਉਹਨਾਂ ਵੱਲੋਂ ਸਿਰਜੇ ਅਮਿੱਟ ਸਿਧਾਂਤਕ ਖਜ਼ਾਨੇ ਦੀ ਇੱਕ ਚਾਨਣ-ਰਿਸ਼ਮ
''ਰਿਆਇਤ-ਦਿਲੀ ਵਿਰੁੱਧ ਟੱਕਰ ਲਓ''
(7 ਸਤੰਬਰ 1937)
ਅਸੀਂ ਸਰਗਰਮ ਵਿਚਾਰਧਾਰਕ ਸੰਘਰਸ਼ ਦੀ ਹਮਾਇਤ ਕਰਦੇ ਹਾਂ, ਕਿਉਂਕਿ ਇਹ ਇੱਕ ਅਜਿਹਾ ਹਥਿਆਰ ਹੈ, ਜੋ ਸਾਡੇ ਸੰਘਰਸ਼ ਦੇ ਹਿੱਤ ਵਿੱਚ ਪਾਰਟੀ ਦੀ ਏਕਤਾ ਅਤੇ ਇਨਕਲਾਬੀ ਜਥੇਬੰਦੀਆਂ ਦੀ ਏਕਤਾ ਦੀ ਗਰੰਟੀ ਕਰਦਾ ਹੈ। ਹਰ ਕਮਿਊਨਿਸਟ ਅਤੇ ਇਨਕਲਾਬੀ ਨੂੰ ਚਾਹੀਦਾ ਹੈ ਕਿ ਉਹ ਇਸ ਹਥਿਆਰ ਦੀ ਵਰਤੋਂ ਕਰੇ। 



ਪਰ ਰਿਆਇਤ-ਦਿਲੀ ਵਿਚਾਰਧਾਰਕ ਸੰਘਰਸ਼ ਤੋਂ ਮੁਨਕਰ ਹੁੰਦੀ ਹੈ ਅਤੇ ਸਿਧਾਂਤਹੀਣ ਸ਼ਾਂਤੀ ਦੀ ਹਮਾਇਤ ਕਰਦੀ ਹੈ। ਇਸ ਤਰ੍ਹਾਂ ਇਹ ਇੱਕ ਗਲ਼ੇ-ਸੜੇ, ਕੂੜ-ਕਬਾੜ ਰੁਖ਼ ਨੂੰ ਜਨਮ ਦਿੰਦੀ ਹੈ ਅਤੇ ਪਾਰਟੀ ਅਤੇ ਇਨਕਲਾਬੀ ਜਥੇਬੰਦੀਆਂ ਦੀਆਂ ਕੁਝ ਇਕਾਈਆਂ ਅਤੇ ਵਿਅਕਤੀਆਂ ਨੂੰ ਰਾਜਨੀਤਕ ਨਿਘਾਰ ਵੱਲ ਲੈ ਜਾਂਦੀ ਹੈ। 



ਰਿਆਇਤ-ਦਿਲੀ ਅਨੇਕਾਂ ਰੂਪਾਂ ਵਿੱਚ ਸਾਹਮਣੇ ਆਉਂਦੀ ਹੈ। 



ਇਹ ਪਤਾ ਲੱਗਣ 'ਤੇ ਵੀ ਕਿ ਸਬੰਧਤ ਵਿਅਕਤੀ ਸਪਸ਼ਟ ਤੌਰ 'ਤੇ ਗਲਤ ਹੈ, ਪਰ ਕਿਉਂਕਿ ਉਸ ਨਾਲ ਪੁਰਾਣੀ ਜਾਣ-ਪਹਿਚਾਣ ਹੈ, ਇੱਕੋ ਹੀ ਇਲਾਕੇ ਦਾ ਹੈ, ਸਕੂਲੀ ਦੋਸਤ ਹੈ, ਗੂੜ੍ਹਾ ਦੋਸਤ ਹੈ, ਪਿਆਰਾ ਹੈ, ਪੁਰਾਣਾ ਹਮਜੋਲੀ ਹੈ ਜਾਂ ਪਹਿਲਾਂ ਮਾਤਹਿਤ ਰਹਿ ਚੁੱਕਾ ਹੈ, ਇਸ ਲਈ ਉਸ ਨਾਲ ਸਿਧਾਂਤ ਦੇ ਆਧਾਰ 'ਤੇ ਕੋਈ ਦਲੀਲਬਾਜ਼ੀ ਨਾ ਕਰਨੀ ਬਲਕਿ ਸ਼ਾਂਤੀ ਅਤੇ ਦੋਸਤੀ ਬਣਾਏ ਰੱਖਣ ਲਈ ਮਾਮਲੇ ਨੂੰ ਲਮਕਦੇ ਰਹਿਣ ਦੇਣਾ। ਜਾਂ ਫੇਰ ਮਾਮਲੇ ਨੂੰ ਮਹਿਜ  ਸਰਸਰੀ ਤੌਰ 'ਤੇ ਹੱਥ ਲੈਣਾ, ਉਸਦਾ ਪੂਰੀ ਤਰ੍ਹਾਂ ਹੱਲ ਨਾ ਕਰਨਾ, ਤਾਂ ਕਿ ਉਸ ਨਾਲ ਚੰਗੇ ਸਬੰਧ ਬਣੇ ਰਹਿਣ। ਨਤੀਜੇ ਵਜੋਂ ਜਥੇਬੰਦੀ ਅਤੇ ਸਬੰਧਤ ਵਿਅਕਤੀ ਦੋਵਾਂ ਨੂੰ ਨੁਕਸਾਨ ਪਹੁੰਚਾਉਣਾ। ਇਹ ਪਹਿਲੀ ਕਿਸਮ ਦੀ ਰਿਆਇਤ-ਦਿਲੀ ਹੈ। 



ਜਥੇਬੰਦੀ ਦੇ ਸਾਹਮਣੇ ਸਰਗਰਮ ਰੂਪ ਵਿੱਚ ਆਪਣੇ ਸੁਝਾਅ ਪੇਸ਼ ਨਾ ਕਰਕੇ ਪਾਸੇ ਜਾ ਕੇ ਗੈਰ-ਜੁੰਮੇਵਾਰੀ ਵਾਲੀ ਅਲੋਚਨਾ ਕਰਨਾ। ਲੋਕਾਂ ਨੂੰ ਮੂੰਹ 'ਤੇ ਕੁੱਝ ਨਾ ਕਹਿਣਾ ਪਰ ਪਿੱਠ ਪਿੱਛੇ ਚੁਗਲੀ ਕਰਨੀ, ਜਾਂ ਇਕੱਠ ਵਿੱਚ ਤਾਂ ਚੁੱਪ ਰਹਿਣਾ ਪਰ ਬਾਅਦ ਵਿੱਚ ਊਟ-ਪਟਾਂਗ ਬਕਣਾ। ਸਮੂਹਿਕ ਜੀਵਨ ਦੇ ਸਿਧਾਂਤਾਂ ਨੂੰ ਉੱਕਾ ਹੀ ਨਜ਼ਰਅੰਦਾਜ ਕਰਦੇ ਹੋਏ ਖੁਦ ਆਪਣੀ ਮਰਜੀ ਮੁਤਾਬਕ ਚੱਲਣਾ। ਇਹ ਦੂਜੀ ਕਿਸਮ ਦੀ ਰਿਆਇਤ-ਦਿਲੀ ਹੈ। 



ਕਿਸੇ ਗੱਲ ਨਾਲ ਜੇ ਸਿੱਧਾ ਵਾਸਤਾ ਨਾ ਹੋਵੇ, ਤਾਂ ਫੇਰ ਉਸ ਵੱਲ ਧਿਆਨ ਨਾ ਦੇਣਾ, ਇਹ ਚੰਗੀ ਤਰ੍ਹਾਂ ਸਮਝਦੇ ਹੋਏ ਕਿ ਗਲਤ ਕੀ ਹੈ, ਉਸ ਬਾਰੇ ਘੱਟ ਤੋਂ ਘੱਟ ਬੋਲਣਾ, ਦੁਨੀਆਂਦਾਰੀ ਤੋਂ ਕੰਮ ਲੈਣਾ ਅਤੇ ਆਪਣੀ ਚਮੜੀ ਬਚਾਉਣ ਦੀ ਕੋਸ਼ਿਸ਼ ਕਰਨੀ ਅਤੇ ਸਿਰਫ ਇਹ ਕੋਸ਼ਿਸ਼ ਹੀ ਕਰਦੇ ਰਹਿਣਾ ਕਿ ਕਿਤੇ ਇਲਜ਼ਾਮ ਆਪਣੇ ਜੁੰਮੇ ਨਾ ਆ ਜਾਵੇ। ਇਹ ਤੀਜੀ ਕਿਸਮ ਦੀ ਰਿਆਇਤਦਿਲੀ ਹੈ। 



ਹਿਦਾਇਤਾਂ ਦੀ ਪਾਲਣਾ ਨਾ ਕਰਨੀ ਬਲਕਿ ਖੁਦ ਆਪਣੀ ਰਾਇ ਨੂੰ ਦੂਜਿਆਂ ਨਾਲੋਂ ਸਰਵ-ਉੱਚ ਰੱਖਣਾ। ਜਥੇਬੰਦੀ ਪ੍ਰਤੀ ਵਿਸ਼ੇਸ਼ ਵਿਹਾਰ ਦੀ ਮੰਗ ਕਰਨਾ, ਪਰ ਉਸਦੇ ਜਾਬਤੇ ਨੂੰ ਮੰਨਣ ਤੋਂ ਇਨਕਾਰ ਕਰਨਾ। ਇਹ ਚੌਥੀ ਕਿਸਮ ਦੀ ਰਿਆਇਤਦਿਲੀ ਹੈ। 



ਏਕਤਾ ਵਧਾਉਣ, ਉੱਨਤੀ ਕਰਨ ਜਾਂ ਕੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਦੇ ਮਨੋਰਥ ਨਾਲ ਗਲਤ ਵਿਚਾਰਾਂ ਦੇ ਖਿਲਾਫ ਸੰਘਰਸ਼ ਜਾਂ ਵਾਦ-ਵਿਵਾਦ ਕਰਨ ਦੀ ਥਾਂ ਵਿਅਕਤੀਗਤ ਉਲੰਘਣਾ ਕਰਨੀ, ਝਗੜਾ ਮੁੱਲ ਲੈਣਾ, ਵਿਅਕਤੀਗਤ ਗਿਲੇ-ਸ਼ਿਕਵਿਆਂ ਨੂੰ ਅੱਗੇ ਰੱਖਣਾ ਜਾਂ ਬਦਲਾ ਲੈਣਾ। ਇਹ ਪੰਜਵੀਂ ਕਿਸਮ ਦੀ ਰਿਆਇਤਦਿਲੀ ਹੈ।



ਗਲਤ ਵਿਚਾਰਾਂ ਨੂੰ ਸੁਣ ਕੇ ਉਹਨਾਂ ਦਾ ਵਿਰੋਧ ਨਾ ਕਰਨਾ ਅਤੇ ਇੱਥੋਂ ਤੱਕ ਅੱਗੇ ਚਲੇ ਜਾਣਾ ਕਿ ਇਨਕਲਾਬ-ਵਿਰੋਧੀ ਗੱਲਾਂ ਨੂੰ ਸੁਣ ਕੇ ਵੀ ਉਹਨਾਂ ਬਾਰੇ ਆਗੂਆਂ ਨੂੰ ਖਬਰ ਤੱਕ ਨਾ ਦੇਣੀ, ਬਲਕਿ ਉਹਨਾਂ ਨੂੰ ਚੁੱਪਚਾਪ ਬਰਦਾਸ਼ਤ ਕਰ ਜਾਣਾ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਇਹ ਛੇਵੀਂ ਕਿਸਮ ਦੀ ਰਿਆਇਤਦਿਲੀ ਹੈ। 



ਜਨਤਾ ਵਿੱਚ ਰਹਿ ਕੇ ਵੀ ਪ੍ਰਚਾਰ ਅਤੇ ਸਰਗਰਮੀ ਨਾ ਕਰਨੀ, ਅਤੇ ਕੋਈ ਭਾਸ਼ਣ ਨਾ ਦੇਣਾ ਜਾਂ ਜਾਂਚ-ਪੜਤਾਲ ਅਤੇ ਸਵਾਲ-ਜਵਾਬ ਨਾ ਕਰਨੇ, ਬਲਕਿ ਲੋਕਾਂ ਨਾਲ ਕੋਈ ਵਾਸਤਾ ਹੀ ਨਾ ਰੱਖਣਾ, ਉਹਨਾਂ ਦੀਆਂ ਸੁੱਖ-ਸਹੂਲਤਾਂ ਵੱਲ ਉੱਕਾ ਹੀ ਕੋਈ ਧਿਆਨ ਨਾ ਦੇਣਾ, ਇਹ ਭੁੱਲ ਜਾਣਾ ਕਿ ਉਹ ਇੱਕ ਕਮਿਊਨਿਸਟ ਹੈ ਅਤੇ ਇਸ ਤਰ੍ਹਾਂ ਵਿਹਾਰ ਕਰਨਾ ਜਿਵੇਂ ਕਿਤੇ ਉਹ ਐਵੇਂ ਮਾਮੂਲੀ ਜਿਹਾ ਗੈਰ-ਕਮਿਊਨਿਸਟ ਹੋਵੇ। ਇਹ ਸੱਤਵੀਂ ਕਿਸਮ ਦੀ ਰਿਆਇਤਦਿਲੀ ਹੈ। 



ਇਹ ਦੇਖ ਕੇ ਕਿ ਕੋਈ ਜਨਤਾ ਦੇ ਹਿੱਤਾਂ ਦਾ ਨੁਕਸਾਨ ਕਰ ਰਿਹਾ ਹੈ, ਗੁੱਸਾ ਨਾ ਆਉਣਾ, ਅਜਿਹੇ ਆਦਮੀ ਨੂੰ ਮਨ੍ਹਾ ਨਾ ਕਰਨਾ ਜਾਂ ਰੋਕਣਾ ਨਾ, ਅਤੇ ਉਸਨੂੰ ਸਮਝਾਉਣਾ-ਸਿਖਾਉਣਾ ਨਾ, ਬਲਿਕ ਉਸ ਨੂੰ ਅਜਿਹਾ ਕਰਦੇ ਰਹਿਣ ਦੇਣਾ। ਇਹ ਅੱਠਵੀਂ ਕਿਸਮ ਦੀ ਰਿਆਇਤਦਿਲੀ ਹੈ। 



ਬਿਨਾ ਕਿਸੇ ਨਿਸਚਿਤ ਯੋਜਨਾ ਜਾਂ ਹਿਦਾਇਤ ਤੋਂ ਬੇਦਿਲੀ ਨਾਲ ਕੰਮ ਕਰਨਾ; ਲਾਪ੍ਰਵਾਹੀ ਨਾਲ ਕਿਵੇਂ ਨਾ ਕਿਵੇਂ ਗਲ ਪਿਆ ਢੋਲ ਵਜਾਉਣ ਵਾਂਗ ਕੰਮ ਕਰਨਾ, ਐਵੇਂ ਦਿਨ-ਕਟੀ ਕਰਦੇ ਰਹਿਣਾ- ''ਜਦੋਂ ਤੱਕ ਮੈਂ ਬੁੱਧ ਭਿਖਸ਼ੂ ਹਾਂ, ਘੰਟੀ ਵਜਾਉਂਦਾ ਰਹੂੰਗਾ।'' ਇਹ ਨੌਵੀਂ ਕਿਸਮ ਦੀ ਰਿਆਇਤਦਿਲੀ ਹੈ। 



ਆਪਣੇ ਬਾਰੇ ਇਹ ਸਮਝਣਾ ਕਿ ਮੈਂ ਇਨਕਲਾਬ ਵਿੱਚ ਭਾਰੀ ਹਿੱਸਾ ਪਾਇਆ ਹੈ,  ਬਹੁਤ ਤਜਰਬੇਕਾਰ ਹੋਣ ਦੀ ਸ਼ੇਖੀ ਮਾਰਨੀ, ਵੱਡੇ ਕੰਮ ਕਰਨ ਦੇ ਯੋਗ ਨਾ ਹੋਣਾ ਪਰ ਫੇਰ ਵੀ ਛੋਟੇ ਕੰਮ ਨੂੰ ਹਿਕਾਰਤ ਨਾਲ ਦੇਖਣਾ, ਕੰਮ ਲਈ ਲਾਪ੍ਰਵਾਹ ਹੋਣਾ ਅਤੇ ਪੜ੍ਹਨ-ਲਿਖਣ ਵਿੱਚ ਢਿੱਲ ਵਰਤਣੀ। ਇਹ ਦਸਵੀਂ ਕਿਸਮ ਦੀ ਰਿਆਇਤਦਿਲੀ ਹੈ। 



ਆਪਣੀਆਂ ਗਲਤੀਆਂ ਨੂੰ ਜਾਣਦੇ ਹੋਏ ਵੀ ਸੁਧਾਰਨ ਦੀ ਕੋਸ਼ਿਸ਼ ਨਾ ਕਰਨੀ ਅਤੇ ਖੁਦ ਆਪਣੇ ਬਾਰੇ ਰਿਆਇਤ-ਦਿਲ ਨਜ਼ਰੀਆ ਅਖਤਿਆਰ ਕਰਨਾ। ਇਹ ਗਿਆਰਵੀਂ ਕਿਸਮ ਦੀ ਰਿਆਇਤਦਿਲੀ ਹੈ। 



ਅਸੀਂ ਰਿਆਇਤਦਿਲੀ ਦੇ ਹੋਰ ਵੀ ਅਨੇਕਾਂ ਰੂਪ ਗਿਣਾ ਸਕਦੇ ਹਾਂ। ਪਰ ਇਹ ਗਿਆਰਾਂ ਮੁੱਖ ਹਨ। 



ਇਹ ਸਭ ਰਿਆਇਤਦਿਲੀ ਦੇ ਹੀ ਰੂਪ ਹਨ। 



ਇਨਕਲਾਬੀ ਜਥੇਬੰਦੀਆਂ ਲਈ ਰਿਆਇਤਦਿਲੀ ਬੇਹੱਦ ਨੁਕਸਾਨਦੇਹ ਹੁੰਦੀ ਹੈ। ਰਿਆਇਤਦਿਲੀ ਘੁਣ ਵਰਗੀ ਹੁੰਦੀ ਹੈ ਜੋ ਏਕਤਾ ਨੂੰ ਖਾ ਜਾਂਦੀ ਹੈ, ਭਾਈਚਾਰੇ ਨੂੰ ਕਮਜ਼ੋਰ ਬਣਾ ਦਿੰਦੀ ਹੈ, ਕੰਮ ਵਿੱਚ ਖੜੋਤ ਲਿਆ ਦਿੰਦੀ ਹੈ ਅਤੇ ਮੱਤਭੇਦ ਪੈਦਾ ਕਰ ਦਿੰਦੀ ਹੈ। ਇਹ ਇਨਕਲਾਬੀ ਸਫਾਂ ਨੂੰ ਠੋਸ ਜਥੇਬੰਦੀ ਅਤੇ ਠੋਸ ਜਬਤ ਤੋਂ ਵਾਂਝਿਆਂ ਕਰ ਦਿੰਦੀ ਹੈ, ਨੀਤੀਆਂ ਨੂੰ ਲਾਗੂ ਕਰਨ ਤੋਂ ਮੁਕੰਮਲ ਤੌਰ 'ਤੇ ਰੋਕ ਦਿੰਦੀ ਹੈ ਅਤੇ ਪਾਰਟੀ ਅਗਵਾਈ ਵਿੱਚ ਚੱਲਣ ਵਾਲੀ ਲੋਕਾਈ ਨੂੰ  ਪਾਰਟੀ-ਜਥੇਬੰਦੀਆਂ ਤੋਂ ਜੁਦਾ ਕਰ ਦਿੰਦੀ ਹੈ। ਇਹ ਇੱਕ ਹੱਦ-ਦਰਜ਼ੇ ਦੀ ਬੁਰੀ ਪ੍ਰਵਿਰਤੀ ਹੈ। 



ਰਿਆਇਤਦਿਲੀ ਦਾ ਜਨਮ ਦਰਮਿਆਨੀ ਸਰਮਾਏਦਾਰੀ ਦੇ ਸਵਾਰਥੀਪਣ ਵਿੱਚ ਹੁੰਦਾ ਹੈ। ਇਹ ਵਿਅਕਤੀਗਤ ਹਿਤਾਂ ਨੂੰ ਸਰਵ-ਉੱਚ ਰੱਖਦੀ ਹੈ ਅਤੇ ਇਨਕਲਾਬ ਦੇ ਹਿੱਤਾਂ ਨੂੰ ਗੌਣ ਥਾਂ ਦਿੰਦੀ ਹੈ ਅਤੇ ਇਹ ਹਾਲਤ ਵਿਚਾਰਧਾਰਕ, ਰਾਜਨੀਤਕ ਅਤੇ ਜਥੇਬੰਦਕ ਰਿਆਇਤਦਿਲੀ ਨੂੰ ਪੈਦਾ ਕਰਦੀ ਹੈ। 
ਰਿਆਇਤਦਿਲੀ ਵਰਤਣ ਵਾਲੇ ਮਾਰਕਸਵਾਦ ਦੇ ਸਿਧਾਂਤਾਂ ਨੂੰ ਮਹਿਜ ਖੋਖਲੇ ਅਸੂਲਾਂ ਵਜੋਂ ਦੇਖਦੇ ਹਨ। ਉਹ ਮਾਰਕਸਵਾਦ ਨੂੰ ਮੰਨਦੇ ਤਾਂ ਹਨ, ਪਰ ਉਸ ਉੱਤੇ ਅਮਲ ਕਰਨ ਜਾਂ ਪੂਰਨ ਰੂਪ ਵਿੱਚ  ਅਮਲ ਕਰਨ ਲਈ ਤਿਆਰ ਨਹੀਂ ਹੁੰਦੇ। ਉਹ ਆਪਣੀ ਰਿਆਇਤਦਿਲੀ ਨੂੰ ਖਤਮ ਕਰਕੇ ਮਾਰਕਸਵਾਦ ਨੂੰ ਅਪਣਾਉਣ ਲਈ ਤਿਆਰ ਨਹੀਂ ਹੁੰਦੇ। ਅਜਿਹੇ ਬੰਦਿਆਂ ਕੋਲ ਮਾਰਕਸਵਾਦ ਤਾਂ ਹੁੰਦਾ ਹੈ ਪਰ ਨਾਲ ਦੀ ਨਾਲ ਉਹਨਾਂ ਕੋਲ ਰਿਆਇਤਦਿਲੀ ਵੀ ਹੁੰਦੀ ਹੈ- ਉਹ  ਗੱਲਾਂ ਤਾਂ ਮਾਰਕਸਵਾਦ ਦੀਆਂ ਕਰਦੇ ਹਨ ਪਰ ਅਮਲ ਵਿੱਚ ਰਿਆਇਤਦਿਲੀ ਵਰਤਦੇ ਹਨ; ਉਹ ਦੂਜਿਆਂ 'ਤੇ ਮਾਰਕਸਵਾਦ ਲਾਗੂ ਕਰਦੇ ਹਨ, ਅਤੇ ਖੁਦ ਆਪਣੇ ਬਾਰੇ ਰਿਆਇਤਦਿਲੀ ਵਰਤਦੇ ਹਨ। ਉਹਨਾਂ ਦੇ ਝੋਲਿਆਂ ਵਿੱਚ ਦੋਵੇਂ ਤਰ੍ਹਾਂ ਦਾ ਮਾਲ ਹੁੰਦਾ ਹੈ, ਜਿੱਥੇ ਜਿਹੋ ਜਿਹਾ ਮੌਕਾ ਹੋਵੇ ਉੱਥੇ ਉਸ ਤਰ੍ਹਾਂ ਦਾ ਹੀ  ਮਾਲ ਵੇਚਦੇ ਹਨ। ਕੁੱਝ ਬੰਦਿਆਂ ਦਾ ਦਿਮਾਗ ਇਸੇ ਤਰ੍ਹਾਂ ਕੰਮ ਕਰਦਾ ਹੈ। 



ਰਿਆਇਤਦਿਲੀ ਮੌਕਾਪ੍ਰਸਤੀ ਦਾ ਇੱਕ ਰੂਪ ਹੈ ਅਤੇ ਮਾਰਕਸਵਾਦ ਦਾ ਉਸ ਨਾਲ ਬੁਨਿਆਦੀ ਵਿਰੋਧ ਹੈ। ਇਸਦਾ ਰੂਪ ਨਾਂਹ-ਵਾਚੀ ਹੈ ਅਤੇ ਬਾਹਰਮੁਖੀ ਤੌਰ 'ਤੇ ਇਹ ਦੁਸ਼ਮਣ ਲਈ ਸਹਾਈ ਬਣ ਜਾਂਦੀ ਹੈ। ਇਹੋ ਹੀ ਕਾਰਨ ਹੈ ਕਿ ਦੁਸ਼ਮਣ ਸਾਡੇ ਵਿੱਚ ਰਿਆਇਤਦਿਲੀ ਹੋਣ ਨੂੰ ਚੰਗਾ ਮੰਨਦਾ ਹੈ। ਜਦ ਉਸਦਾ ਰੂਪ ਇਸ ਤਰ੍ਹਾਂ ਦਾ ਹੈ, ਤਾਂ ਫੇਰ ਇਨਕਲਾਬੀ ਸਫਾਂ ਵਿੱਚ ਉਸ ਨੂੰ ਕੋਈ ਥਾਂ ਨਹੀਂ ਮਿਲਣੀ ਚਾਹੀਦੀ। 


ਰਿਆਇਤਦਿਲੀ, ਇੱਕ ਨਾਕਾਰਾਤਮਿਕ ਭਾਵਨਾ ਹੈ, ਇਸ 'ਤੇ ਜਿੱਤ ਹਾਸਲ ਕਰਨ ਲਈ ਸਾਨੂੰ ਮਾਰਕਸਵਾਦ, ਜੋ ਕਿ ਸਾਕਾਰਾਤਮਿਕ ਭਾਵਨਾ ਹੈ, ਦੀ ਵਰਤੋਂ ਕਰਨੀ ਚਾਹੀਦੀ ਹੈ। ਇੱਕ ਕਮਿਊਨਿਸਟ ਦਿਲ ਵਿਸ਼ਾਲ ਹੋਣਾ ਚਾਹੀਦਾ ਹੈ ਅਤੇ ਉਸਨੂੰ ਨਿਹਚਾਵਾਨ ਅਤੇ ਸਰਗਰਮ ਹੋਣਾ ਚਾਹੀਦਾ ਹੈ। 


ਇਨਕਲਾਬ ਦੇ ਹਿੱਤਾਂ ਨੂੰ ਉਸਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਮੁੱਲਵਾਨ ਸਮਝਣਾ ਚਾਹੀਦਾ ਹੈ ਅਤੇ ਆਪਣੇ ਵਿਅਕਤੀਗਤ ਹਿੱਤਾਂ ਨੂੰ ਇਨਕਲਾਬ ਦੇ ਹਿੱਤਾਂ ਦੇ ਮਾਤਹਿਤ ਰੱਖਣਾ ਚਾਹੀਦਾ ਹੈ; ਉਸ ਨੂੰ ਹਰ ਜਗਾਹ ਅਤੇ ਹਮੇਸ਼ਾਂ ਸਹੀ ਸਿਧਾਂਤ 'ਤੇ ਡਟੇ ਰਹਿਣਾ ਚਾਹੀਦਾ ਹੈ ਤਾਂ ਕਿ ਪਾਰਟੀ ਦੀ ਸਮੂਹਿਕ ਜ਼ਿੰਦਗੀ ਹੋਰ ਜ਼ਿਆਦਾ ਪੱਕੀ ਬਣ ਸਕੇ ਅਤੇ ਪਾਰਟੀ ਅਤੇ ਲੋਕਾਂ ਵਿਚਕਾਰ ਦੀਆਂ ਕੜੀਆਂ ਹੋਰ ਵੀ ਮਜਬੂਤ ਹੋਣ; ਉਸਨੂੰ ਕਿਸੇ ਵਿਅਕਤੀ-ਵਿਸ਼ੇਸ਼ ਤੋਂ  ਜ਼ਿਆਦਾ ਪਾਰਟੀ ਅਤੇ ਲੋਕਾਂ ਦੀ ਚਿੰਤਾ ਹੋਣੀ ਚਾਹੀਦੀ ਹੈ ਅਤੇ ਆਪਣੇ ਤੋਂ ਜ਼ਿਆਦਾ ਦੂਸਰਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਿਰਫ ਤਾਂ ਹੀ ਉਸ ਨੂੰ ਇੱਕ ਕਮਿਊਨਿਸਟ ਮੰਨਿਆ ਜਾਵੇਗਾ। 


ਸਾਰੇ ਵਫਾਦਾਰ, ਇਮਾਨਦਾਰ, ਸਰਗਰਮ ਤੇ ਸੱਚੇ ਕਮਿਊਨਿਸਟਾਂ ਨੂੰ ਚਾਹੀਦਾ ਹੈ ਕਿ ਉਹ ਇੱਕਜੁੱਟ ਹੋ ਕੇ ਸਾਡੇ ਵਿਚਲੇ ਕੁੱਝ ਬੰਦਿਆਂ ਵਿੱਚ ਪੈਦਾ ਹੋਈਆਂ ਰਿਆਇਤਦਿਲ ਰੁਚੀਆਂ ਦਾ ਵਿਰੋਧ ਕਰਨ ਅਤੇ ਉਹਨਾਂ ਨੂੰ ਸਹੀ ਰਾਹ 'ਤੇ ਲੈ ਕੇ ਆਉਣ। ਇਹ ਵਿਚਾਰਧਾਰਕ ਮੋਰਚੇ 'ਤੇ ਸਾਡੇ ਕਾਰਜਾਂ ਵਿੱਚੋਂ ਇੱਕ ਕਾਰਜ ਹੈ। 

No comments:

Post a Comment