Monday, September 16, 2013

ਲੁਧਿਆਣੇ ਦੇ ਟੈਕਸਟਾਈਲ ਕਾਮੇ

ਫਿਰ ਅੰਗੜਾਈ:

ਲੁਧਿਆਣੇ ਦੇ ਟੈਕਸਟਾਈਲ ਕਾਮੇ


ਪਿਛਲੇ ਤਿੰਨ ਸਾਲਾਂ ਤੋਂ ਛੋਟੀਆਂ ਤੇ ਦਰਮਿਆਨੀਆਂ ਪਾਵਰਲੂਮਾਂ/ਟੈਕਸਟਾਈਲ ਦੇ ਮਜ਼ਦੂਰਾਂ ਨੇ ਵੱਖ ਵੱਖ ਖੇਤਰਾਂ ਵਿੱਚ ਜਥੇਬੰਦ ਹੋ ਕੇ, ਲਗਾਤਾਰ ਸੰਘਰਸ਼ ਕਰਕੇ ਪੀਸ ਰੇਟਾਂ ਅਤੇ ਤਨਖਾਹਾਂ ਵਿੱਚ ਪ੍ਰਤੀ ਸਾਲ ਵਾਧੇ, ਈ.ਐਸ.ਆਈ. ਕਾਰਡ ਸਹੂਲਤਾਂ ਦੇ ਨਾਲ ਨਾਲ ਪਿਛਲੇ ਸਾਲ ਸਾਲਾਨਾ ਬੋਨਸ ਦਾ ਵੀ ਕੁੱਝ ਹਿੱਸਾ ਸੰਘਰਸ਼ ਦੇ ਬਲਬੂਤੇ ਹਾਸਲ ਕੀਤਾ ਹੈ। ਕਾਫੀ ਹੱਦ ਤੱਕ ਮਾਲਕਾਂ ਦੀਆਂ ਮਨਮਾਨੀਆਂ, ਗਾਲੀ-ਗਲੋਚ, ਮਾਰਕੁੱਟ ਜਾਂ ਬਿਨਾ ਮਿਹਨਤਾਨਾ/ਤਨਖਾਹ ਵਗੈਰਾ ਦਿੱਤੇ ਨੌਕਰੀ ਤੋਂ ਕੱਢ ਦੇਣਾ, ਨੂੰ ਰੋਕ ਲੱਗੀ ਹੈ। ਜਿਸ ਨਾਲ ਸੰਘਰਸ਼ਸ਼ੀਲ ਮਜ਼ਦੂਰਾਂ ਦਾ ਆਪਣੀ ਏਕਤਾ-ਜਥੇਬੰਦੀ ਅਤੇ ਲੀਡਰਸ਼ਿੱਪ ਵਿੱਚ ਵਿਸ਼ਵਾਸ਼ ਹੋਰ ਪੱਕਾ ਬਣਿਆ ਹੈ। ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਇਸ ਟੈਕਸਟਾਈਲ ਕਾਮਿਆਂ ਦੇ ਸੰਘਰਸ਼ 'ਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੀ ਰਹੀ ਹੈ। 

ਪ੍ਰੰਤੂ ਲਗਾਤਾਰ ਵਧਦੀ ਮਹਿੰਗਾਈ ਇਹਨਾਂ ਸੰਘਰਸ਼ਾਂ ਰਾਹੀਂ ਕੀਤੀਆਂ ਪ੍ਰਾਪਤੀਆਂ ਨੂੰ ਖਾਂਦੀ ਰਹਿੰਦੀ ਹੈ। ਦੂਜੇ ਬੰਨੇ ਲੁਟੇਰੇ ਮਾਲਕਾਂ ਦੀ ਅੰਨ੍ਹੀਂ ਲੁੱਟ, ਵਰਕ ਲੋਡ ਵਧਣ ਕਾਰਨ ਉਹਨਾਂ ਦੇ ਮੁਨਾਫੇ ਵਧਦੇ ਜਾ ਰਹੇ ਹਨ ਅਜਿਹੀ ਹਾਲਤ 'ਤੇ ਵਿਚਾਰ-ਚਰਚਾ ਕਰਨ ਲਈ ਟੈਕਸਟਾਈਲ/ਹੌਜ਼ਰੀ ਕਾਮਗਾਰ ਯੂਨੀਅਨ (ਰਾਜਵਿੰਦਰ) ਦੀ ਅਗਵਾਈ ਵਿੱਚ 11 ਅਗਸਤ ਨੂੰ ਪੂਡਾ ਗਰਾਊਂਡ ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਮਜ਼ਦੂਰ ਪੰਚਾਇਤ ਬੁਲਾਈ ਗਈ। ਜਿਸਦੀ ਤਿਆਰੀ ਸਬੰਧੀ ਪਹਿਲਾਂ ਸਰਕਾਰ ਵੱਲੋਂ ਐਲਾਨੀਆਂ ਘੱਟੋ ਘੱਟ ਤਨਖਾਹ ਸਕੇਲ, ਛੁੱਟੀ, ਬੋਨਸ, ਪ੍ਰਾਵੀਡੈਂਟ ਫੰਡ, ਈ.ਐਸ.ਆਈ. ਆਦਿ ਨਾਲ ਸਬੰਧਤ ਸਹੂਲਤਾਂ ਨੂੰ ਹਾਸਲ ਕਰਨ ਲਈ ਜਥੇਬੰਦ ਹੋ ਕੇ ਜੂਝਣ ਦੀ ਲੋੜ ਉਭਾਰੀ ਗਈ। ਫਿਰ ਇਹਨਾਂ ਮੰਗਾਂ 'ਤੇ ਕੇਂਦਰਤ ਹੋ ਕੇ ਆਪਣੀ ਮੈਂਬਰਸ਼ਿੱਪ ਨੂੰ ਮਜ਼ਦੂਰ ਪੰਚਾਇਤ ਵਿੱਚ ਪੁੱਜਣ ਦਾ ਸੱਦਾ ਦਿੱਤਾ, ਹੱਥ ਪਰਚਾ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਵੰਡਿਆ ਗਿਆ। ਤਿਆਰੀ ਉਪਰੰਤ ਇੱਕ ਹਜ਼ਾਰ ਦੇ ਕਰੀਬ ਕਿਰਤੀ, ਜੋ ਵੱਖ ਵੱਖ ਖੇਤਰਾਂ ਦੀਆਂ ਪਾਵਰਲੂਮ ਇਕਾਈਆਂ ਨਾਲ ਸਬੰਧਤ ਸਨ, ਪੁੱਜੇ। ਇਹਨਾਂ ਨੇ ਆਪਣੀ ਫੈਕਟਰੀ ਦੀਆਂ ਕੰਮ ਹਾਲਤਾਂ ਦੀ ਚਰਚਾ ਕੀਤੀ ਨਾਲ ਹੀ ਜਥੇਬੰਦੀ ਵੱਲੋਂ ਵਧੀ ਮਹਿੰਗਾਈ ਅਨੁਸਾਰ ਚਾਲੂ ਰੇਟਾਂ ਉੱਪਰ 30 ਫੀਸਦੀ ਦਾ ਵਾਧਾ, 10 ਜਾਂ 10 ਤੋਂ ਵੱਧ ਮਜ਼ਦੂਰਾਂ ਵਾਲੇ ਕਾਰਖਾਨਿਆਂ ਵਿੱਚ ਸਾਰੇ ਮਜ਼ਦੂਰਾਂ ਦਾ ਈ.ਐਸ.ਆਈ. ਕਾਰਡ ਬਣਾਇਆ ਜਾਵੇ। ਸਾਰੇ ਮਜ਼ਦੂਰਾਂ ਨੂੰ 8.33 ਫੀਸਦੀ ਦੀ ਦਰ ਨਾਲ ਸਾਲਾਨਾ ਬੋਨਸ ਦੀ ਗਾਰੰਟੀ, 20 ਜਾਂ 20 ਤੋਂ ਵੱਧ ਵਾਲੇ ਮਜ਼ਦੂਰਾਂ ਵਾਲੇ ਕਾਰਖਾਨਿਆਂ ਵਿੱਚ ਸਾਰੇ ਮਜ਼ਦੂਰਾਂ ਦਾ ਈ.ਪੀ.ਐਫ. ਲਾਗੂ ਹੋਵੇ, ਤਨਖਾਹ ਸਮੇਤ ਸਾਲਾਨਾ ਛੁੱਟੀਆਂ ਅਤੇ ਪਹਿਲੀ ਮਈ ਕੌਮਾਂਤਰੀ ਮਜ਼ਦਰ ਦਿਨ ਦੀ ਛੁੱਟੀ ਲਾਗੂ ਕੀਤੀ ਜਾਵੇ। ਫੈਕਟਰੀ ਪਹਿਚਾਣ-ਪੱਤਰ ਬਣਾਏ ਜਾਣ। ਰਾਤ ਨੂੰ ਕੰਮ ਚੱਲਦੇ ਸਮੇਂ ਕਾਰਖਾਨਿਆਂ ਨੂੰ ਜਿੰਦਰੇ ਲਾਉਣੇ ਬੰਦ ਕੀਤੇ ਜਾਣ। ਯੂਨੀਅਨ ਬਣਾਉਣ ਅਤੇ ਸੰਘਰਸ਼ ਕਰਨਾ ਸੰਵਿਧਾਨਕ ਅਧਿਕਾਰ ਦਿੱਤਾ ਜਾਵੇ ਤੇ ਬਦਲੇ ਦੀ ਭਾਵਨਾ ਤਹਿਤ ਮਜ਼ਦੂਰਾਂ ਨੂੰ ਕੱਢਣਾ ਬੰਦ ਕੀਤਾ ਜਾਵੇ। ਸਾਰੇ ਕਿਰਤ ਕਾਨੂੰਨ ਲਾਗੂ ਕੀਤੇ ਜਾਣ। ਕਾਰਖਾਨਿਆਂ ਵਿੱਚ ਸੇਫਟੀ ਇੰਤਜ਼ਾਮਾਂ ਦੀ ਗਾਰੰਟੀ ਤੇ ਹਾਦਸੇ ਦੀ ਸੂਰਤ ਵਿੱਚ ਉਚਿਤ ਮੁਆਵਜਾ ਦਿੱਤਾ ਜਾਵੇ ਆਦਿ ਮੰਗਾਂ 'ਤੇ ਚਰਚਾ ਕੀਤੀ ਗਈ। 
.....................................................................................................................
ਰਾਜ-ਮਿਸਤਰੀ, ਮਜ਼ਦੂਰਾਂ ਨੇ ਆਪਣਾ ਅੱਡਾ ਮੁੜ ਸਥਾਪਤ ਕਰਵਾਇਆ
ਅਕਾਲੀ-ਭਾਜਪਾ ਸੂਬਾ ਸਰਕਾਰ ਨੇ ਪਿਛਲੇ ਲੰਮੇ ਸਮੇਂ ਤੋਂ ਰੇਤ-ਬਜਰੀ ਮਾਫੀਆ ਗਰੋਹ ਸਥਾਪਤ ਕਰਕੇ ਆਪਣਾ ਕਬਜ਼ਾ ਕਰ ਲਿਆ ਹੈ- ਜਿਸ ਕਰਕੇ ਰੇਤ-ਬਜਰੀ-ਇੱਟਾਂ, ਸੀਮੈਂਟ ਦੀਆਂ ਕੀਮਤਾਂ ਅਸਮਾਨੀ ਛੂਹ ਰਹੀਆਂ ਹਨ। ਜਿਸ ਦੀ ਬਦੌਲਤ ਬਿਲਡਿੰਗ ਉਸਾਰੀ ਦਾ ਕੰਮ ਕਰਦੇ ਸਭਨਾਂ ਰਾਜ-ਮਿਸਤਰੀ ਮਜ਼ਦੂਰਾਂ ਦਾ ਕੰਮ ਠੱਪ ਪਿਆ ਹੈ। ਵਿਕਾਸ ਦੇ ਨਾਂ ਹੇਠ ਸ਼ਹਿਰਾਂ-ਕਸਬਿਆਂ ਅੰਦਰ ਚੌੜੀਆਂ ਸੜਕਾਂ-ਪੁਲ ਬਣਾਉਣ ਦੇ ਨਾਂ ਹੇਠ ਜਿੱਥੇ ਵੱਡੀਆਂ ਕੰਪਨੀਆਂ ਨੂੰ ਸਰਕਾਰ ਵੱਲੋਂ ਗੱਫੇ ਦਿੱਤੇ ਜਾ ਰਹੇ ਹਨ, ਉੱਥੇ ਸ਼ਹਿਰੀ ਲੋਕਾਂ ਦੇ ਰੁਜ਼ਗਾਰ ਉਜਾੜੇ ਦੇ ਨਾਲ ਨਾਲ, ਲੇਬਰ ਚੌਕਾਂ ਵਿੱਚ ਰੁਜ਼ਗਾਰ ਦੀ ਤਲਾਸ਼ ਵਿੱਚ ਭਟਕਦੇ ਰਾਜ ਮਿਸਤਰੀ, ਮਜ਼ਦੂਰਾਂ ਦੇ ਆਰਜੀ ਅੱਡੇ/ਸ਼ੈੱਡ ਵਗੈਰਾ ਵੀ ਪੁੱਟੇ ਗਏ। ਜਿਹਨਾਂ ਰਾਜ ਮਿਸਤਰੀ ਮਜ਼ਦੂਰਾਂ ਦੇ ਪੱਕੇ ਰੁਜ਼ਗਾਰ, ਪੱਕੀ ਤਨਖਾਹ/ਉਜਰਤ ਪ੍ਰਣਾਲੀ, ਸਮਾਜਿਕ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ, ਉਹਨਾਂ ਦੇ ਛਾਂਦਾਰ ਦਰਖਤ, ਪਾਣੀ-ਪੀਣ ਵਾਲੇ ਨਲਕੇ ਆਰਜੀ ਨੁਮਾ ਤੰਬੂ/ਟੈਂਟ ਵੀ ਪੁੱਟੇ ਗਏ। ਸਰਕਾਰ ਇਹ ਖੇਖਣ ਕਰਦੀ ਹੈ ਕਿ ਪੱਕੇ ਲੇਬਰ ਚੌਕ ਬਦਲਵੀਆਂ ਥਾਵਾਂ 'ਤੇ ਬਣਾਵਾਂਗੇ, ਸਮਾਜਿਕ ਸੁਰੱਖਿਆ ਦੀ ਗਾਰੰਟੀ ਆਦਿ ਲਈ ਉਸਾਰੀ ਮਜ਼ਦੂਰਾਂ ਦੇ ਕਾਰਡ ਲੇਬਰ ਵਿਭਾਗ ਵੱਲੋਂ ਬਣਾਏ ਜਾ ਰਹੇ ਹਨ, ਜੋ ਕਿ ਅੱਖਾਂ ਪੂੰਝਣ ਸਮਾਨ ਹਨ। ਇਹਨਾਂ ਮਜ਼ਦੂਰਾਂ ਨੂੰ ਪ੍ਰਸਾਸ਼ਨ, ਸਰਕਾਰ ਅੱਗੇ ਮੰਗ ਕਰਨ/ਸੰਘਰਸ਼ ਕਰਨ ਤੇ ਪੁਲਾਂ ਦੇ ਹੇਠਾਂ ਆਰਜੀ ਪ੍ਰਬੰਧ ਕੀਤੇ ਹਨ, ਪ੍ਰੰਤੂ ਉੱਥੇ ਵੀ ਗੱਡੀਆਂ ਮੋਟਰਾਂ ਵਾਲੇ ਗੱਡੀਆਂ ਖੜ੍ਹੀਆਂ ਕਰਕੇ ਜਗਾਹ ਮੱਲ ਲੈਂਦੇ ਹਨ ਤੇ ਮਜ਼ਦੂਰ ਥਾਂ ਥਾਂ ਭਟਕਦੇ-ਫਿਰਦੇ ਹਨ। 26 ਜੂਨ ਰਾਜ ਮਿਸਤਰੀ ਮਜ਼ਦੂਰ ਯੂਨੀਅਨ ਤੇ ਮਜ਼ਦੂਰ ਯੂਨੀਅਨ ਇਲਾਕਾ ਖੰਨਾ ਦੇ ਸੈਂਕੜੇ ਵਰਕਰਾਂ ਨੇ ਰੋਸ ਰੈਲੀ ਕਰਨ ਉਪਰੰਤ ਐਸ.ਡੀ.ਐਮ. ਖੰਨਾ ਨੂੰ ਮੰਗ ਪੱਤਰ ਦਿੱਤਾ,ਜਿਸਦੀ ਬਦੌਲਤ ਪੁਲ ਹੇਠਾਂ ਆਰਜੀ ਮਜ਼ਦੂਰ ਅੱਡੇ ਨੂੰ ਖਾਲੀ ਕਰਵਾਇਆ ਗਿਆ।

No comments:

Post a Comment