Sunday, September 15, 2013

ਅਕਤੂਬਰ ਇਨਕਲਾਬ ਦੀ 96ਵੀਂ ਵਰ੍ਹੇ-ਗੰਢ 'ਤੇ

ਅਕਤੂਬਰ ਇਨਕਲਾਬ ਦੀ 96ਵੀਂ ਵਰ੍ਹੇ-ਗੰਢ 'ਤੇ
ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) ਦੇ 
ਇਤਿਹਾਸ ਦੇ ਝਰੋਖੇ 'ਚੋਂ
ਰੂਸ ਵਿਚ ਸਮਾਜਵਾਦੀ ਇਨਕਲਾਬ ਦੀ ਜਿੱਤ ਦੇ ਕਈ ਕਾਰਨ ਸਨ। ਇਹ ਹਨ ਇਸਦੇ ਮੋਟੇ ਮੋਟੇ ਕਾਰਨ:
(1) ਅਕਤੂਬਰ ਦੇ ਸਮਾਜਵਾਦੀ ਇਨਕਲਾਬ ਦਾ ਵਾਸਤਾ ਏਨੇ ਕਮਜ਼ੋਰ, ਏਨੇ ਭੈੜੇ ਜਥੇਬੰਦ ਤੇ ਏਨੇ ਸਿਆਸੀ ਤੌਰ 'ਤੇ ਨਾ ਤਜਰਬੇਕਾਰ ਦੁਸ਼ਮਣ ਨਾਲ ਪਿਆ ਜਿਵੇਂ ਰੂਸ ਦੀ ਸਰਮਾਏਦਾਰ ਜਮਾਤ। ਰੂਸੀ ਸਰਮਾਏਦਾਰ ਜਮਾਤ ਆਰਥਿਕ ਤੌਰ 'ਤੇ ਹਾਲੇ ਵੀ ਕਮਜ਼ੋਰ ਸੀ ਤੇ ਨਿਰੀ-ਪੁਰੀ ਸਰਕਾਰੀ ਠੇਕਿਆਂ ਦੇ ਸਹਾਰੇ ਚੱਲਦੀ ਸੀ। ਏਸ ਲਈ ਉਸਨੂੰ ਉਦੋਂ ਦੇ ਹਾਲਾਤ ਵਿਚੋਂ ਰਾਹ ਲੱਭ ਸਕਣ ਲਈ ਲੋੜੀਂਦਾ ਸਿਆਸੀ ਆਪਾ-ਭਰੋਸਾ ਤੇ ਪਹਿਲਕਦਮੀ ਕਰਨ ਦੀ ਜਾਚ ਨਹੀਂ ਸੀ। ਮਿਸਾਲ ਦੇ ਤੌਰ 'ਤੇ ਨਾ ਇਸਨੂੰ ਫਰਾਂਸ ਦੀ ਸਰਮਾਏਦਾਰੀ ਜਮਾਤ ਵਾਂਗ ਸਿਆਸੀ ਗੱਠਜੋੜਾਂ ਤੇ ਸਿਆਸੀ ਹੇਰਾਫੇਰੀਆਂ ਦਾ ਤਜਰਬਾ ਸੀ ਤੇ ਨਾ ਇਸਨੇ ਬਰਤਾਨੀਆ ਦੀ ਸਰਮਾਏਦਾਰ ਜਮਾਤ ਵਾਂਗ ਵਸੀਹ ਪੈਮਾਨੇ 'ਤੇ ਸੋਚ ਕੇ ਫਰੇਬੀ ਸਮਝੌਤੇ ਕਰਨੇ ਸਿੱਖੇ ਸਨ। ਇਸਨੇ ਹੁਣੇ ਹੁਣੇ ਹੀ ਜ਼ਾਰ ਨਾਲ ਸੁਰ ਮਿਲਾ ਕੇ ਚੱਲਣ ਦੀ ਕੋਸ਼ਿਸ਼ ਕੀਤੀ ਸੀ। ਤਾਂ ਵੀ ਹੁਣ ਜਦੋਂ ਫਰਵਰੀ ਇਨਕਲਾਬ ਨੇ ਜ਼ਾਰ ਨੂੰ ਉਲਟਾ ਮਾਰਿਆ ਸੀ ਤੇ ਸਰਮਾਏਦਾਰ ਜਮਾਤ ਆਪ ਸਿਆਸੀ ਸੱਤਾ ਦੀ ਮਾਲਕ ਬਣ ਚੁੱਕੀ ਸੀ, ਇਹ ਇਸ ਨਾਲੋਂ ਚੰਗਾ ਹੋਰ ਕੁੱਝ ਨਾ ਸੋਚ ਸਕੀ ਕਿ ਬੁਨਿਆਦੀ ਤੌਰ 'ਤੇ ਚੰਡਾਲ ਜ਼ਾਰ ਦੀ ਨੀਤੀ ਨੂੰ ਹੀ ਜਾਰੀ ਰੱਖੇ। ਜ਼ਾਰ ਵਾਂਗ ਇਹ ਵੀ ''ਜਿੱਤ ਤੱਕ ਜੰਗ ਜਾਰੀ ਰੱਖਣ'' ਦੀ ਨੀਤੀ 'ਤੇ ਡਟੀ ਹੋਈ ਸੀ, ਹਾਲਾਂਕਿ ਜੰਗ ਜਾਰੀ ਰੱਖਣਾ ਮੁਲਕ ਦੀ ਤਾਕਤ ਤੋਂ ਬਾਹਰ ਸੀ ਤੇ ਜੰਗ ਨੇ ਲੋਕਾਂ ਤੇ ਫੌਜ ਨੂੰ ਥਕੇਵੇਂ ਨਾਲ ਚਕਨਾਚੂਰ ਕਰ ਦਿੱਤਾ ਸੀ। ਜ਼ਾਰ ਵਾਂਗ ਇਹ  ਵੀ ਬੁਨਿਆਦੀ ਤੌਰ 'ਤੇ ਵੱਡੇ ਜਾਗੀਰਦਾਰਾਂ ਦੀਆਂ ਜਾਗੀਰਾਂ ਕਾਇਮ ਰੱਖਣ 'ਤੇ ਡਟੀ ਹੋਈ ਸੀ, ਹਾਲਾਂ ਕਿ ਕਿਸਾਨ ਜ਼ਮੀਨ ਦੀ ਥੁੜ੍ਹ ਤੇ ਜਾਗੀਰਦਾਰਾਂ ਦੇ ਜੂਲੇ ਦੇ ਭਾਰ ਹੇਠਾਂ ਦਮ ਤੋੜ ਰਹੇ ਸਨ। ਜਿਥੋਂ ਤੱਕ ਇਸਦੀ ਮਜ਼ਦੂਰਾਂ ਬਾਰੇ ਨੀਤੀ ਦਾ ਸੰਬੰਧ ਸੀ, ਰੂਸੀ ਸਰਮਾਏਦਾਰ ਜਮਾਤ ਮਜ਼ਦੂਰ ਜਮਾਤ ਨਾਲ ਨਫਰਤ ਵਿਚ ਜ਼ਾਰ ਨੂੰ ਵੀ ਮਾਤ ਪਾਉਂਦੀ ਸੀ, ਕਿਉਂਕਿ ਇਸਨੇ ਨਾ ਸਿਰਫ ਕਾਰਖਾਨਿਆਂ ਦੇ ਮਾਲਕਾਂ ਦੇ ਜੂਲੇ ਨੂੰ ਕਾਇਮ ਰੱਖਣ ਤੇ ਹੋਰ ਕਸ ਦੇਣ ਦੇ ਯਤਨ ਕੀਤੇ, ਸਗੋਂ ਆਮ ਤਾਲਾਬੰਦੀ ਕਰਕੇ ਇਸਨੇ ਮਜ਼ਦੂਰਾਂ ਦੇ ਬੋਝ ਨੂੰ ਬਿਲਕੁੱਲ ਅਸਹਿ ਬਣਾ ਦਿਤਾ। 
ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਲੋਕਾਂ ਨੂੰ ਜ਼ਾਰ ਦੀ ਨੀਤੀ ਅਤੇ ਸਰਮਾਏਦਾਰ ਜਮਾਤ ਦੀ ਨੀਤੀ ਵਿਚ ਕੋਈ ਬੁਨਿਆਦੀ ਫਰਕ ਨਜ਼ਰ ਨਾ ਆਇਆ ਅਤੇ ਉਹਨਾਂ ਨੇ ਆਪਣੀ ਜ਼ਾਰ ਲਈ ਨਫਰਤ ਸਰਮਾਏਦਾਰ ਜਮਾਤ ਦੀ ਆਰਜ਼ੀ ਹਕੂਮਤ ਲਈ ਨਫਰਤ ਵਿਚ ਬਦਲ ਦਿੱਤੀ। 
ਜਦ ਤੱਕ ਸਮਝੌਤਾਪਸੰਦ ਸਮਾਜਵਾਦੀ-ਇਨਕਲਾਬੀਆਂ ਤੇ ਮੈਨਸ਼ਵਿਕ ਪਾਰਟੀਆਂ ਦਾ ਲੋਕਾਂ ਵਿਚ ਕਿਸੇ ਹੱਦ ਤੱਕ ਅਸਰ ਰਸੂਖ ਕਾਇਮ ਸੀ, ਸਰਮਾਏਦਾਰ ਜਮਾਤ ਉਹਨਾਂ ਨੂੰ ਓਹਲੇ ਦੇ ਤੌਰ 'ਤੇ ਵਰਤ ਸਕਦੀ ਸੀ ਤੇ ਆਪਣਾ ਰਾਜ ਕਾਇਮ ਰੱਖ ਸਕਦੀ ਸੀ। ਪਰ ਜਦੋਂ ਮੈਨਸ਼ਵਿਕ ਤੇ ਸਮਾਜਵਾਦੀ-ਇਨਕਲਾਬੀ ਸਾਮਰਾਜੀ ਸਰਮਾਏਦਾਰ ਜਮਾਤ ਦੇ ਏਜੰਟਾਂ ਦੇ ਤੌਰ 'ਤੇ ਨੰਗੇ ਹੋ ਗਏ ਤੇ ਏਸ ਤਰ੍ਹਾਂ ਲੋਕਾਂ ਵਿਚ ਉਹਨਾਂ ਦਾ ਅਸਰ ਰਸੂਖ ਖਤਮ ਹੋ ਗਿਆ, ਸਰਮਾਏਦਾਰ ਜਮਾਤ ਤੇ ਆਰਜ਼ੀ ਹਕੂਮਤ ਲਈ ਕੋਈ ਆਸਰਾ ਨਾ ਰਿਹਾ। 
(2) ਅਕਤੂਬਰ ਇਨਕਲਾਬ ਦੀ ਅਗਵਾਈ ਰੂਸ ਦੀ ਮਜ਼ਦੂਰ ਜਮਾਤ ਵਰਗੀ ਇਨਕਲਾਬੀ ਜਮਾਤ ਨੇ ਕੀਤੀ। ਰੂਸ ਦੀ ਮਜ਼ਦੂਰ ਜਮਾਤ ਉਹ ਜਮਾਤ ਸੀ, ਜਿਹੜੀ ਘੋਲ ਵਿਚ ਫੌਲਾਦ ਬਣ ਚੁੱਕੀ ਸੀ, ਜਿਹੜੀ ਥੋੜ੍ਹੇ ਜਿਹੇ ਸਮੇਂ ਵਿਚ ਦੋ ਇਨਕਲਾਬਾਂ ਵਿਚੋਂ ਦੀ ਲੰਘੀ ਸੀ ਤੇ ਜਿਹੜੀ ਤੀਜੇ ਇਨਕਲਾਬ ਤੋਂ ਝੱਟ ਪਹਿਲਾਂ ਲੋਕਾਂ ਦੇ ਅਮਨ, ਜ਼ਮੀਨ, ਆਜ਼ਾਦੀ ਤੇ ਸਮਾਜਵਾਦ ਦੇ ਘੋਲ ਵਿਚ ਉਹਨਾਂ ਦੀ ਮੰਨੀ ਪ੍ਰਮੰਨੀ ਲੀਡਰ ਬਣ ਚੁੱਕੀ ਸੀ। ਜੇ ਇਨਕਲਾਬ ਕੋਲ ਰੂਸ ਦੀ ਮਜ਼ਦੂਰ ਜਮਾਤ ਵਰਗਾ ਲੀਡਰ ਨਾ ਹੁੰਦਾ, ਅਜਿਹਾ ਲੀਡਰ ਜਿਹੜਾ ਲੋਕਾਂ ਦਾ ਭਰੋਸਾ ਕਮਾਅ ਸਕਦਾ ਸੀ, ਤਾਂ ਮਜ਼ਦੂਰਾਂ ਤੇ ਕਿਸਾਨਾਂ ਵਿਚ ਕਦੇ ਗੱਠਜੋੜ ਨਾ ਹੁੰਦਾ। ਤੇ ਇਹੋ ਜਿਹੇ ਗੱਠਜੋੜ ਦੇ ਬਗੈਰ ਅਕਤੂਬਰ ਇਨਕਲਾਬ ਦੀ ਜਿੱਤ ਅਸੰਭਵ ਹੁੰਦੀ। 
(3) ਇਨਕਲਾਬ ਵਿਚ ਰੂਸ ਦੀ ਮਜ਼ਦੂਰ ਜਮਾਤ ਦਾ ਗਰੀਬ ਕਿਸਾਨਾਂ ਵਰਗਾ ਬਾਅਸਰ ਸੰਗੀ ਸੀ, ਤੇ ਗਰੀਬ ਕਿਸਾਨ ਵਸੋਂ ਦਾ ਬਹੁਤ ਹੀ ਵੱਡਾ ਹਿੱਸਾ ਸਨ। ਇਨਕਲਾਬ ਦੇ ਅੱਠਾਂ ਮਹੀਨਿਆਂ ਦੇ ਤਜ਼ਰਬੇ ਦਾ ਮੁਕਾਬਲਾ ਬਿਨਾ ਝਿੱਜਕ ''ਸਾਧਾਰਨ'' ਤਰੱਕੀ ਦੇ ਕਈ ਦਹਾਕਿਆਂ ਦੇ ਤਜ਼ਰਬੇ ਨਾਲ ਕੀਤਾ ਜਾ ਸਕਦਾ ਸੀ। ਤੇ ਜਿਥੋਂ ਤੱਕ ਆਮ ਮਿਹਨਤਕਸ਼ ਕਿਸਾਨਾਂ ਦਾ ਸੰਬੰਧ ਸੀ, ਇਹ ਤਜਰਬਾ ਐਵੇਂ ਨਹੀਂ ਸੀ ਗਿਆ। ਇਸ ਅਰਸੇ ਵਿਚ ਉਹਨਾਂ ਨੂੰ ਰੂਸ ਦੀਆਂ ਸਾਰੀਆਂ ਪਾਰਟੀਆਂ ਨੂੰ ਅਮਲੀ ਤੌਰ 'ਤੇ ਪਰਖ ਲੈਣ ਦਾ ਮੌਕਾ ਮਿਲਿਆ ਸੀ। ਨਤੀਜੇ ਦੇ ਤੌਰ 'ਤੇ ਉਹਨਾਂ ਨੂੰ ਯਕੀਨ ਹੋ ਗਿਆ ਸੀ ਕਿ ਨਾ ਸੰਵਿਧਾਨਕ ਜਮਹੂਰੀਅਤਪਸੰਦ ਤੇ ਨਾ ਹੀ ਸਮਾਜਵਾਦੀ-ਇਨਕਲਾਬੀ ਅਤੇ ਮੈਨਸ਼ਵਿਕ ਜਾਗੀਰਦਾਰਾਂ ਦੇ ਖਿਲਾਫ ਦਿਲੋਂ ਮਨੋਂ ਲੜਨ ਲਈ ਅਤੇ ਕਿਸਾਨਾਂ ਦੇ ਹੱਕਾਂ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਹਨ। ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਰੂਸ ਵਿਚ ਸਿਰਫ ਇੱਕੋ ਪਾਰਟੀ ਬਾਲਸ਼ਵਿਕ ਪਾਰਟੀ ਹੀ ਸੀ, ਜਿਸ ਦਾ ਜਾਗੀਰਦਾਰਾਂ ਨਾਲ  ਕਿਸੇ ਕਿਸਮ ਦਾ ਕੋਈ ਸੰਬੰਧ ਨਹੀਂ ਸੀ ਤੇ ਜਿਹੜੀ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਜਾਗੀਰਦਾਰਾਂ ਨੂੰ ਕੁਚਲ ਦੇਣ ਲਈ ਵੀ ਤਿਆਰ ਸੀ। ਇਸ ਗੱਲ ਨੇ ਮਜ਼ਦੂਰ ਜਮਾਤ ਤੇ ਗਰੀਬ ਕਿਸਾਨਾਂ ਦੇ ਗੱਠਜੋੜ ਲਈ ਇੱਕ ਠੋਸ ਬੁਨਿਆਦ ਦਾ ਕੰਮ ਦਿੱਤਾ। ਮਜ਼ਦੂਰ ਜਮਾਤ ਤੇ ਗਰੀਬ ਕਿਸਾਨਾਂ ਵਿਚ ਇਸ ਗੱਠਜੋੜ ਦੀ ਹੋਂਦ ਨੇ ਦਰਮਿਆਨੇ ਕਿਸਾਨਾਂ ਦੇ ਰਵੱਈਏ ਦਾ ਵੀ ਫੈਸਲਾ ਕਰ ਦਿੱਤਾ। ਦਰਮਿਆਨੇ ਕਿਸਾਨ ਬੜੀ ਦੇਰ ਤੋਂ ਡਿੱਕਡੋਲੇ ਖਾਂਦੇ ਆ ਰਹੇ ਸਨ। ਸਿਰਫ ਅਕਤੂਬਰ ਇਨਕਲਾਬ ਤੋਂ ਝੱਟ ਪਹਿਲਾਂ ਹੀ ਉਹ ਦਿਲੋਂ ਮਨੋਂ ਇਨਕਲਾਬ ਦੇ ਹੱਕ ਵਿਚ ਹੋਏ ਤੇ ਉਹਨਾਂ ਨੇ ਗਰੀਬ ਕਿਸਾਨਾਂ ਨਾਲ ਨਾਤਾ ਜੋੜ ਲਿਆ। 
ਇਹ ਗੱਲ ਕਹਿਣ ਦੀ ਲੋੜ ਨਹੀਂ ਕਿ ਇਸ ਗੱਠਜੋੜ ਤੋਂ ਬਗੈਰ ਅਕਤੂਬਰ ਇਨਕਲਾਬ ਕਾਮਯਾਬ ਨਹੀਂ ਸੀ ਹੋ ਸਕਦਾ।
(4) ਮਜ਼ਦੂਰ ਜਮਾਤ ਦੀ ਅਗਵਾਈ ਬਾਲਸ਼ਵਿਕ ਪਾਰਟੀ ਵਰਗੀ ਸਿਆਸੀ ਘੋਲਾਂ ਵਿਚ ਹੰਢੀ ਹੋਈ ਅਤੇ ਪਰਖੀ ਹੋਈ ਪਾਰਟੀ ਦੇ ਹੱਥ ਸੀ। ਸਿਰਫ ਇੱਕ ਬਾਲਸ਼ਵਿਕ ਪਾਰਟੀ ਵਰਗੀ ਪਾਰਟੀ ਹੀ, ਜਿਹੜੀ ਏਨੀ ਦਲੇਰ ਹੋਵੇ ਕਿ ਫੈਸਲਾਕੁੰਨ ਹੱਲਿਆਂ ਵਿਚ ਲੋਕਾਂ ਦੀ ਅਗਵਾਈ ਕਰ ਸਕੇ ਤੇ ਏਨੀ ਸੋਚ ਸਮਝ ਕੇ ਚੱਲਣ ਵਾਲੀ ਹੋਵੇ ਕਿ ਨਿਸ਼ਾਨੇ ਵੱਲ ਵਧਣ ਲੱਗਿਆਂ ਅਣਦਿਸਦੇ ਕੰਡਿਆਂ ਤੋਂ ਪੈਰ ਬਚਾ ਕੇ ਅੱਗੇ ਵਧ ਸਕੇ, ਉਸ ਵੇਲੇ ਚੱਲ ਰਹੀਆਂ ਵੱਖੋ ਵੱਖ ਲਹਿਰਾਂ ਨੂੰ ਇੱਕ ਸਾਂਝੇ ਇਨਕਲਾਬੀ ਹੜ੍ਹ ਦੇ ਰੂਪ ਵਿਚ ਇਕੱਠਿਆਂ ਕਰ ਸਕਦੀ ਸੀ। ਬਾਲਸ਼ਵਿਕ ਪਾਰਟੀ ਨੇ ਬੜੀ ਹੁਸ਼ਿਆਰੀ ਤੇ ਸਿਆਣਪ ਨਾਲ ਅਮਨ ਲਈ ਆਮ ਜਮਹੂਰੀ ਲਹਿਰ, ਜਾਗੀਰਦਾਰਾਂ ਦੀਆਂ ਜਾਗੀਰਾਂ ਦੀ ਜਬਤੀ ਲਈ ਕਿਸਾਨਾਂ ਦੀ ਜਮਹੂਰੀ ਲਹਿਰ, ਦਬਾਈਆਂ ਹੋਈਆਂ ਕੌਮਾਂ ਦੀ ਕੌਮੀ ਆਜ਼ਾਦੀ ਤੇ ਕੌਮੀ ਬਰਾਬਰੀ ਲਈ ਲਹਿਰ ਤੇ ਮਜ਼ਦੂਰ ਜਮਾਤ ਦੀ ਸਰਮਾਏਦਾਰ ਜਮਾਤ ਦਾ ਤਖਤਾ ਪਲਟਾ ਕੇ ਪ੍ਰੋਲੇਤਾਰੀ ਤਾਨਾਸ਼ਾਹੀ ਕਾਇਮ ਕਰਨ ਦੀ ਸਮਾਜਵਾਦੀ ਲਹਿਰ ਨੂੰ ਇਕੱਠਿਆਂ ਕਰਕੇ ਇੱਕ ਸਾਂਝੇ ਇਨਕਲਾਬੀ ਹੜ੍ਹ ਦੀ ਸ਼ਕਲ ਦਿੱਤੀ। 
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹਨਾਂ ਵੱਖੋ ਵੱਖ ਇਨਕਲਾਬੀ ਨਦੀਆਂ ਦਾ ਮਿਲ ਕੇ ਇੱਕ ਸਾਂਝਾ ਇਨਕਲਾਬੀ ਹੜ੍ਹ ਬਣ ਜਾਣ ਨੇ ਰੂਸ ਵਿਚ ਸਰਮਾਏਦਾਰੀ ਦੀ ਹੋਣੀ ਦਾ ਫੈਸਲਾ ਕਰ ਦਿੱਤਾ। 
(5) ਅਕਤੂਬਰ ਇਨਕਲਾਬ ਅਜਿਹੇ ਸਮੇਂ ਸ਼ੁਰੂ ਹੋਇਆ ਜਦ ਸਾਮਰਾਜੀ ਜੰਗ ਅਜੇ ਆਪਣੇ ਪੂਰੇ ਜੋਬਨ 'ਤੇ ਸੀ, ਜਦੋਂ ਵੱਡੀਆਂ ਸਰਮਾਏਦਾਰ ਹਕੂਮਤਾਂ ਦੋ ਦੁਸ਼ਮਣ ਕੈਂਪਾਂ ਵਿਚ ਵੰਡੀਆਂ ਹੋਈਆਂ ਸਨ, ਤੇ ਜਦੋਂ ਇੱਕ ਦੂਜੇ ਨਾਲ ਲੜਨ ਤੇ ਇੱਕ ਦੂਜੇ ਦੀ ਤਾਕਤ ਤਬਾਹ ਕਰਨ ਵਿਚ ਜੁਟੀਆਂ ਹੋਈਆਂ ਹੋਣ ਕਰਕੇ, ਉਹ ''ਰੂਸੀ ਮਾਮਲਿਆਂ'' ਵਿਚ ਅਸਰਦਾਰ ਦਖਲ ਦੇਣ ਤੇ ਅਕਤੂਬਰ ਇਨਕਲਾਬ ਦੀ ਸਰਗਰਮ ਵਿਰੋਧਤਾ ਕਰਨ ਤੋਂ ਅਸਮਰੱਥ ਸਨ। 
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਗੱਲ ਨੇ ਅਕਤੂਬਰ ਦੇ ਸਮਾਜਵਾਦੀ ਇਨਕਲਾਬ ਦੀ ਜਿੱਤ ਨੂੰ ਸੌਖਾ ਬਣਾਉਣ ਵਿਚ ਬਹੁਤ ਹਿੱਸਾ ਪਾਇਆ।

No comments:

Post a Comment