Monday, September 16, 2013

ਬਿਜਲੀ ਚੋਰੀ ਰੋਕਣ ਦੇ ਬਹਾਨੇ ਕਿਸਾਨਾਂ 'ਤੇ ਪੁਲਸੀ ਧਾੜਾਂ ਦੀ ਚੜ੍ਹਾਈ


ਬਿਜਲੀ ਚੋਰੀ ਰੋਕਣ ਦੇ ਬਹਾਨੇ
ਕਿਸਾਨਾਂ 'ਤੇ ਪੁਲਸੀ ਧਾੜਾਂ ਦੀ ਚੜ੍ਹਾਈ
ਪਿਛਲੇ ਦਿਨੀਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (ਪਾਵਰਕੌਮ) ਨੇ ਅੱਜ ਸਰਹੱਦੀ ਖੇਤਰ ਤਰਨਤਾਰਨ ਅੰਦਰ ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ਼ ਚਲਾਈ ਮੁਹਿੰਮ ਤਹਿਤ 200 ਦੇ ਕਰੀਬ ਕਿਸਾਨਾਂ ਜਾਂ ਹੋਰ ਖਪਤਕਾਰਾਂ ਨੂੰ ਕਾਬੂ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ।
ਇਸ ਮੁਹਿੰਮ ਵਿਚ ਪੰਜਾਬ ਪੁਲੀਸ ਨੇ ਪਾਵਰਕੌਮ ਦੀ ਭਾਰੀ ਮਦਦ ਕੀਤੀ। ਬਹੁਤ ਹੀ ਗੁਪਤ ਤਰੀਕੇ ਨਾਲ ਕੀਤੇ ਗਏ ਇਸ ਅਪਰੇਸ਼ਨ ਤਹਿਤ ਸਮੁੱਚੇ ਜ਼ਿਲ੍ਹੇ ਅੰਦਰ ਬੀਤੀ ਸ਼ਾਮ ਤੋਂ ਹੀ ਥਾਂ-ਥਾਂ  ਪੁਲੀਸ ਤਾਇਨਾਤ ਕੀਤੀ ਗਈ ਸੀ। ਦਿਨ ਚੜ੍ਹਦਿਆਂ ਹੀ ਪੁਲੀਸ ਦੀ ਇਸ ਨਫਰੀ ਵਿਚ ਵਾਧਾ ਕਰ ਦਿੱਤਾ ਗਿਆ। ਜ਼ਿਲ੍ਹੇ ਅੰਦਰ ਸਰਹੱਦੀ ਖੇਤਰ ਹਰੀਕੇ, ਵਲਟੋਹਾ, ਖੇਮਕਰਨ, ਖਾਲੜਾ, ਵਰਨਾਲਾ, ਅਮਰਕੋਟ, ਰਾਜੋਕੇ ਆਦਿ ਥਾਵਾਂ 'ਤੇ ਪੁਲੀਸ ਚਾਰ ਚੁਫੇਰੇ ਤਾਇਨਾਤ ਕਰ ਦਿੱਤੀ ਗਈ।
ਪੁਲੀਸ ਦੀ ਅਗਵਾਈ ਐਸ.ਪੀ. (ਡਿਟੈਕਟਿਵ) ਹਰਮਿੰਦਰ ਸਿੰਘ ਸੰਧੂ ਕਰ ਰਹੇ ਸੀ, ਜਦੋਂਕਿ ਪਾਵਰਕੌਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਟੀਮਾਂ ਸਰਹੱਦੀ ਜ਼ੋਨ ਦੇ ਵੱਖ-ਵੱਖ ਥਾਵਾਂ ਤੋਂ ਇਥੇ ਮੰਗਵਾਈਆਂ ਹੋਈਆਂ ਸਨ।  ਸ਼ਾਮ ਦੇ ਕਰੀਬ ਪੰਜ ਵਜੇ ਤਕ ਪਾਵਰਕੌਮ ਦੀਆਂ ਟੀਮਾਂ ਨੇ ਲਾਖਣਾ ਪਿੰਡ ਤੋਂ 20, ਮਹਿੰਦੀਪੁਰ ਤੋਂ 20, ਭਾਈ ਲੱਧੂ ਤੋਂ 18, ਰਾਜੋਕੇ ਤੋਂ 50 ਦੇ ਕਰੀਬ ਟਰਾਂਸਫਾਰਮਰ ਆਪਣੇ ਕਬਜ਼ੇ ਵਿਚ ਕਰ ਲਏ। 
ਪਾਵਰਕੌਮ ਕੋਲ ਗੁਪਤ ਸੂਚਨਾ ਸੀ ਕਿ ਸਰਹੱਦੀ ਖੇਤਰ ਪਾਵਰ ਕੌਮ ਦੇ ਅਧਿਕਾਰੀਆਂ ਅਨੁਸਾਰ ਇਹ ਟਰਾਂਸਫਾਰਮਰ ਅਣਅਧਿਕਾਰਤ ਤੌਰ 'ਤੇ ਚਲ ਰਹੇ ਹਨ। ਪਰ ਇਹਨਾਂ ਦੀ ਪੜਤਾਲ ਕਰਨ ਅਤੇ ਜੁੰਮੇਵਾਰੀ ਪਾਵਰਕੌਮ ਦੇ ਅਫਸਰਾਂ 'ਤੇ ਪਾਉਣ ਦੀ ਬਜਾਏ ਕਿਸਾਨ ਖਪਤਕਾਰਾਂ 'ਤੇ ਪੁਲਸ ਚਾੜ੍ਹ ਦਿੱਤੀ ਗਈ। ਇਹ ਟਰਾਂਸਫਾਰਮਰ ਥਾਂ-ਥਾਂ ਖੁੱਲ੍ਹੀਆਂ ਦੁਕਾਨਾਂ ਤੋਂ ਜਾਂ ਫਿਰ ਚੋਰਾਂ ਵਲੋਂ ਹੋਰਨਾਂ ਥਾਵਾਂ ਤੋਂ ਚੋਰੀ ਕਰਕੇ ਅੱਗੇ ਵੇਚੇ ਹੋਏ ਸਨ।
ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ 250 ਦੇ ਕਰੀਬ ਕਿਸਾਨਾਂ ਜਾਂ ਹੋਰ ਖਪਤਕਾਰਾਂ ਨੂੰ ਹਿਰਾਸਤ ਵਿਚ ਲੈ ਕੇ ਥਾਣਾ ਖਾਲੜਾ, ਵਲਟੋਹਾ, ਹਰੀਕੇ, ਖੇਮਕਰਨ ਆਦਿ ਵਿਖੇ ਰੱਖਿਆ ਹੋਇਆ ਹੈ।  ਕਿਸਾਨ ਸੰਘਰਸ਼ ਕਮੇਟੀ, ਪੰਜਾਬ ਦੇ ਸੂਬਾ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂ ਨੇ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। 
ਇਸ ਤੋਂ ਇਲਾਵਾ ਪਾਵਰਕੌਮ ਦੀਆਂ ਅਨੇਕਾਂ ਟੀਮਾਂ ਨੇ ਪੁਲੀਸ ਦੀਆਂ ਧਾੜਾਂ ਨੂੰ ਨਾਲ ਲੈ ਕੇ ਟਿਊਬਵੈਲਾਂ ਦੀ ਸਪਲਾਈ ਦੀ ਜਾਂਚ ਕੀਤੀ। ਕੋਟਲੀ ਪਿੰਡ ਵਿਖੇ ਪਾਵਰਕੌਮ ਅਤੇ ਪੁਲੀਸ ਦੀ ਕਾਰਵਾਈ ਦਾ ਵਿਰੋਧ ਕਰ ਰਹੇ 35 ਦੇ ਕਰੀਬ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ। ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪਾਵਰਕੌਮ ਤੇ ਪੁਲੀਸ ਦੀ ਇਸ ਸਾਂਝੀ ਕਾਰਵਾਈ ਵਿੱਚ ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਫਤਹਿਗੜ੍ਹ ਚੂੜੀਆਂ ਦੇ ਸੈਂਕੜੇ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਗੂਆਂ ਨੇ ਇਸਨੂੰ ਬਾਦਲ ਸਰਕਾਰ ਦੇ ਜਬਰ ਦੀ ਮੂੰਹ ਬੋਲਦੀ ਤਸਵੀਰ ਆਖਿਆ ਹੈ, ਜਿਸਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸ਼ਵਿੰਦਰ ਸਿੰਘ ਚੁਤਾਲਾ ਵਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ ਅਤੇ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਮਜ਼ਦੂਰਾਂ ਨੂੰ ਛੇਤੀ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ। ਜਥੇਬੰਦੀ ਨੇ ਸਰਕਾਰ ਖ਼ਿਲਾਫ਼ ਜਥੇਬੰਦਕ ਕਾਰਵਾਈ ਕਰਨ ਲਈ 9 ਸਤੰਬਰ ਨੂੰ ਜਥੇਬੰਦੀ ਦੀ ਸੂਬਾਈ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੈ। ਜਥੇਬੰਦੀ ਨੇ ਸੂਬੇ ਵਿਚ ਕਿਸਾਨੀ ਨੂੰ ਜਥੇਬੰਦ ਹੋਣ ਦਾ ਹੋਕਾ ਦਿੱਤਾ ਹੈ।
ਬਿਜਲੀ ਮੀਟਰਾਂ ਨੂੰ ਬਕਸਿਆਂ 'ਚ ਲਾਉਣ ਦਾ ਵਿਰੋਧ ਕਰ ਰਹੇ ਕਿਸਾਨ ਗ੍ਰਿਫਤਾਰ
ਰਮਦਾਸ, ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਘਰ ਜਾਂਦੀ ਬਿਜਲੀ ਸਪਲਾਈ ਦੇ ਮੀਟਰਾਂ ਨੂੰ ਪ੍ਰਾਈਵੇਟ ਕੰਪਨੀਆਂ ਰਾਹੀਂ ਪਿੱਲਰ ਬਕਸਿਆਂ ਵਿਚ ਲਾਉਣ ਦੇ ਚੱਲ ਰਹੇ ਫੈਸਲੇ ਦਾ ਵਿਰੋਧ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲਾ ਪ੍ਰਧਾਨ ਹੀਰਾ ਸਿੰਘ ਚੱਕ ਸਿਕੰਦਰ, ਹਰਚਰਨ ਸਿੰਘ ਮੱਧੀਪੁਰ, ਮੋਹਨ ਸਿੰਘ ਪੈੜੇਵਾਲ, ਗੁਰਮੀਤ ਸਿੰਘ ਮੱਤੇਨੰਗਲ ਤੇ ਹੋਰ ਕਈ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦੇ ਵਿਰੋਧ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਨੂੰ ਪੁਰਅਮਨ ਰੋਸ ਮੁਜ਼ਾਹਰਾ ਕਰਨ, ਪੰਜਾਬ ਸਰਕਾਰ ਦਾ ਪੁਤਲਾ ਸਾੜਨ ਤੋਂ ਰੋਕਣ ਲਈ ਅੰਨ੍ਹੇਵਾਹ ਲਾਠੀਚਾਰਜ ਕੀਤਾ, ਜਿਸ ਵਿਚ ਔਰਤਾਂ, ਬੱਚਿਆਂ ਤੇ ਦੁਕਾਨਦਾਰਾਂ ਨੂੰ ਵੀ ਪੁਲਸ ਨੇ ਭਜਾ-ਭਜਾ ਕੇ ਕੁੱਟਿਆ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਪੁਤਲਾ ਫੂਕ ਚੁੱਕੇ ਕਿਸਾਨ ਆਗੂਆਂ ਨੇ ਪੁਲਸ ਪ੍ਰਸ਼ਾਸਨ ਨੂੰ ਲਾਊਡ ਸਪੀਕਰ 'ਤੇ ਸੰਬੋਧਨ ਕਰਦਿਆਂ ਵਾਰ-ਵਾਰ ਕਿਹਾ ਕਿ ਸਾਡਾ ਇਹ ਰੋਸ ਮੁਜ਼ਾਹਰਾ ਬਿਲਕੁਲ ਪੁਰਅਮਨ ਹੈ ਤੇ ਅਸੀਂ ਸੜਕ ਵੀ ਜਾਮ ਕਰਨ ਦੇ ਹੱਕ ਵਿਚ ਨਹੀਂ ਪਰ ਭਾਰੀ ਪੁਲਸ ਫੋਰਸ ਨੇ ਆਉਂਦਿਆਂ ਹੀ ਮੁਜ਼ਾਹਰੇ ਵਿਚ ਸ਼ਾਮਲ ਔਰਤਾਂ, ਬਜ਼ੁਰਗਾਂ ਤੇ ਬੱਚਿਆਂ ਸਮੇਤ ਕਿਸਾਨ ਆਗੂਆਂ ਤੇ ਕਾਰਕੁੰਨਾਂ 'ਤੇ ਅੰਨ੍ਹੇਵਾਹ  ਤਸ਼ੱਦਦ ਸ਼ੁਰੂ ਕਰ ਦਿੱਤਾ ਤੇ ਕਈ ਕਿਸਾਨਾਂ ਨੂੰ ਪੁਲਸ ਧੂਹ ਕੇ ਗ੍ਰਿਫਤਾਰ ਕਰਕੇ ਲੈ ਗਈ। ਪੱਤਰਕਾਰਾਂ ਨੇ ਆਪਣੇ ਸਾਹਮਣੇ ਯੂਨੀਅਨ ਦੇ ਪ੍ਰੈੱਸ ਸਕੱਤਰ ਗੁਰਿੰਦਰਬੀਰ ਸਿੰਘ ਥੋਬਾ, ਅਮਰੀਕ ਸਿੰਘ ਲੱਖੂਵਾਲ ਤੇ ਹੋਰ ਕਈ ਕਿਸਾਨਾਂ ਅਤੇ ਬੀਬੀਆਂ ਨੂੰ ਜਬਰੀ ਲਿਆਂਦੀਆਂ ਬੱਸਾਂ ਵਿਚ ਸੁੱਟਦਿਆਂ ਵੇਖਿਆ। ਰਿਪੋਰਟ ਲਿਖੇ ਜਾਣ ਤੱਕ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ ਤੇ ਭਾਰੀ ਪੁਲਸ ਫੋਰਸ ਧਰਨੇ ਵਿਚ ਸ਼ਾਮਲ ਕਿਸਾਨਾਂ ਨੂੰ ਫੜਨ ਵਾਸਤੇ ਪਿੰਡ ਦੀਆਂ ਗਲੀਆਂ ਅੰਦਰ ਫਿਰ ਰਹੀ ਸੀ।

No comments:

Post a Comment