Friday, July 3, 2020

ਜਗੀਰੂ ਚੌਧਰੀਆਂ ਤੇ ਪੁਲਿਸ ਵੱਲੋਂ ਦਲਿਤ ਨੌਜਵਾਨ ਤੇ ਢਾਹੇ ਕਹਿਰ ਖਿਲਾਫ ਡਟੀਆਂ ਜਨਤਕ ਜਥੇਬੰਦੀਆਂ ਵੱਲੋਂ ਥਾਣੇਦਾਰ ਦਾ ਘਿਰਾਓ


ਜਗੀਰੂ ਚੌਧਰੀਆਂ ਤੇ ਪੁਲਿਸ ਵੱਲੋਂ ਦਲਿਤ ਨੌਜਵਾਨ ਤੇ ਢਾਹੇ ਕਹਿਰ ਖਿਲਾਫ ਡਟੀਆਂ 
ਜਨਤਕ ਜਥੇਬੰਦੀਆਂ ਵੱਲੋਂ ਥਾਣੇਦਾਰ ਦਾ ਘਿਰਾਓ

ਬਠਿੰਡਾ ਜ਼ਿਲੇ ਦੇ ਪਿੰਡ ਜੈ ਸਿੰਘ ਵਾਲਾ ਵਿਖੇ ਦਲਿਤ ਨੌਜਵਾਨ ਨੂੰ ਪਿੰਡ ਦੇ ਜਗੀਰੂ ਚੌਧਰੀਆਂ  ਵਲੋਂ ਅਗਵਾ ਕਰਕੇ ਅੰਨਾ ਤਸ਼ੱਦਦ ਕਰਨ ਤੇ ਫਿਰ ਪੁਲਿਸ ਕੋਲ ਫੜਾਕੇ ਜਬਰ ਕਰਾਉਣ ਦੇ ਮਾਮਲੇ ਨੂੰ ਲੈਕੇ ਪੁਲਿਸ, ਸਿਆਸੀ ਗੁੰਡਾ ਗੱਠਜੋੜ ਨਾਲ ਲੋਕ ਜਥੇਬੰਦੀਆਂ  ਦਾ ਇੱਕ ਵਾਰ ਫਿਰ ਮੱਥਾ ਲੱਗ ਚੁੱਕਾ ਹੈ। ਲੋਕਾਂ ਦੀ ਧਿਰ ਵਜੋਂ ਪੀੜਤ ਪਰਿਵਾਰ ਦੇ ਹੱਕ ਵਿੱਚ ਸੰਗਤ ਇਲਾਕੇ ਦੀਆਂ  ਜਨਤਕ ਜਥੇਬੰਦੀਆਂ  ਅਤੇ ਪਿੰਡ ਦਾ ਦਲਿਤ ਭਾਈਚਾਰਾ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਿਆ ਹੋਇਆ ਹੈ। ਇਹਨਾਂ ਜਥੇਬੰਦੀਆਂ  ਚ ਨੌਜਵਾਨ ਭਾਰਤ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਮੁੱਖ ਤੌਰ ਤੇ ਸ਼ਾਮਲ ਹਨ। ਦੂਜੇ ਪਾਸੇ ਜ਼ਬਰ ਢਾਹੁਣ ਵਾਲਾ ਸਾਬਕਾ ਸਰਪੰਚ ਹਮੀਰ ਸਿੰਘ ਦਾ ਆਪਰਾਧਿਕ ਪਿਛੋਕੜ ਵਾਲਾ ਲਾਣਾ ਅਤੇ ਉਸਦੀ ਪਿੱਠ ਤੇ ਖੜੀ ਪੁਲਿਸ ਅਤੇ ਇਸ ਹਲਕੇ ਤੋਂ ਵਿਧਾਇਕ ਦੀ ਚੋਣ ਹਾਰਿਆ ਕਾਂਗਰਸੀ ਲੀਡਰ ਤੇ ਹੋਰ ਆਹਲਾ ਸਿਆਸਤ ਦਾਨ ਹਨ। ਦੋਸ਼ੀ ਪਰਿਵਾਰ ਦਾ ਪਿਛਲੇ ਕਈ ਦਹਾਕਿਆਂ  ਦਾ ਇਤਹਾਸ ਲੋਕਾਂ ਉੱਤੇ ਕੀਤੇ ਜ਼ੁਲਮਾਂ ਨਾਲ ਭਰਿਆ ਪਿਆ ਹੈ। ਇਸ ਪਰਿਵਾਰ ਦਾ ਮੁਖੀ ਤੇ ਸਾਬਕਾ ਸਰਪੰਚ ਹਮੀਰ ਸਿੰਘ ਪੰਜਾਬ ਚ ਰਹੇ ਕਾਲ਼ੇ ਦੌਰ ਦੌਰਾਨ ਇਲਾਕੇ ਦੇ ਖਾਲਸਤਾਨੀਆ ਨਾਲ ਮਿਲਕੇ ਅੰਨੀਂ ਕਮਾਈ ਕਰਨ ਵਾਲਿਆ ਵਜੋਂ ਬਦਨਾਮ ਹੈ। ਇਹਨਾਂ ਦੇ ਦੋ ਲੜਕੇ ਇਲਾਕੇ ਵਿਚ ਕੁੱਟਮਾਰ ਤੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਮੁਖੀ ਰਹੇ ਹਨ। ਪੁਲਿਸ ਹਿਰਾਸਤ ਦੌਰਾਨ ਇਹਨਾਂ ਵਲੋਂ ਇੱਕ ਪੁਲਿਸ ਵਾਲੇ ਦਾ ਕਤਲ ਕਰਕੇ ਫਰਾਰ ਹੋਣ ਤੋਂ ਪਿੱਛੋਂ ਹੋਏ ਇੱਕ ਮੁਕਾਬਲੇ ਵਿੱਚ ਇਹਨਾਂ ਚੋਂ ਇੱਕ ਦੇ ਆਪਣੇ ਸਾਥੀ ਸਮੇਤ ਮਾਰੇ ਜਾਣ ਅਤੇ ਦੂਜੇ ਦੇ ਅਜੇ ਵੀ ਜੇਲ ਵਿਚ ਹੋਣ ਦਾ ਪੁਲਿਸ ਰਿਕਾਰਡ ਮੌਜੂਦ ਹੈ। ਇਹੀ ਵਜਾ ਹੈ ਕਿ ਇਸ ਪਰਿਵਾਰ ਦੀ ਪੁਲਿਸ ਤੇ ਸਿਆਸਤਦਾਨਾਂ ਨਾਲ਼ ਪੁਰਾਣੀ ਸਾਂਝ ਹੈ ਅਤੇ ਇਸੇ ਜ਼ੋਰ ਉਤੇ ਪਿੰਡ ਤੇ ਇਲਾਕੇ ਚ ਇਹਨਾਂ ਦੀ ਧੌਸ ਹੈ।ਪਿੰਡ ਜੈ ਸਿੰਘ ਵਾਲਾ ਦਾ ਦਲਿਤ ਨੌਜਵਾਨ ਕੁਲਦੀਪ ਸਿੰਘ ਪਿੰਡ ਦੇ ਸਾਬਕਾ ਸਰਪੰਚ ਹਮੀਰ ਸਿੰਘ ਦੇ ਭਰਾ ਨਾਲ਼ ਸਾਲ ਭਰ ਲਈ ਸੀਰੀ ਲੱਗਿਆ ਹੋਇਆ ਸੀ। 28 ਮਈ ਨੂੰ ਹਮੀਰ ਸਿੰਘ ਹੋਰਾਂ ਵਲੋਂ ਇਸ ਨੌਜਵਾਨ ਤੇ ਆਪਣੇ ਦੂਸਰੇ ਭਰਾ ਦੇ ਘਰੋਂ ਗਹਿਣੇ ਤੇ ਨਕਦੀ ਚੋਰੀ ਕਰਨ ਦਾ ਇਲਜਾਮ ਲਾਕੇ ਉਸਨੂੰ ਅਗਵਾ ਕਰਕੇ ਬੁਰੀ ਤਰਾਂ ਤਸ਼ੱਦਦ ਕੀਤਾ ਗਿਆ। ਹਮੀਰ ਸਿੰਘ ਦਾ ਇੱਕ ਭਤੀਜਾ ਗੁਰਾਦਿੱਤਾ ਸਿੰਘ ਪੁਲਿਸ ਮੁਲਾਜ਼ਮ ਹੋਣ ਕਰਕੇ ਉਹਨਾਂ ਵਲੋਂ ਮਜ਼ਦੂਰ ਉੱਤੇ ਪੁਲਸੀਆ ਤਰੀਕੇ ਨਾਲ ਜਬਰ ਢਾਹਿਆ ਗਿਆ। ਘਰ ਨੂੰ ਹੀ ਥਾਣਾ ਬਣਾ ਕੇ ਉਸਦੇ ਘੋਟੇ ਲਾਉਣ ਤੇ ਲੱਤਾਂ ਪਾੜਣ ਸਮੇਤ ਕਈ ਤਰਾਂ ਦਾ ਜੁਲਮ ਢਾਹਿਆ ਗਿਆ। ਇਸਤੋਂ ਪਿੱਛੋਂ ਸੰਗਤ ਥਾਣੇ ਚ ਚੋਰੀ ਦੀ ਦਰਖ਼ਾਸਤ ਦੇ ਕੇ ਉਸਨੂੰ ਪੁਲਿਸ ਕੋਲ ਫੜਾ ਦਿੱਤਾ। ਪਹਿਲਾਂ ਹੀ ਬੁਰੀ ਤਰਾਂ ਕੁੱਟਮਾਰ ਦੇ ਭੰਨੇ ਇਸ ਮਜ਼ਦੂਰ ਉੱਤੇ ਪੁਲਿਸ ਨੇ ਸੀ ਆਈ ਏ ਸਟਾਫ ਚ ਕਈ ਦਿਨਾਂ ਤੱਕ ਰੱਜਕੇ ਅਣਮਨੁੱਖੀ ਕਹਿਰ ਢਾਹਿਆ ਗਿਆ। ਆਖ਼ਰ   ਸਭ ਹੱਥਕੰਡੇ ਵਰਤਣ ਬਾਅਦ ਵੀ ਜਦੋਂ ਇਸ ਮਜ਼ਦੂਰ ਨੌਜਵਾਨ ਕੋਲੋਂ ਕੁਝ ਵੀ ਨਾ ਨਿੱਕਲਿਆ ਤਾਂ ਸੰਗਤ ਥਾਣੇ ਦੀ ਪੁਲਿਸ ਵੱਲੋਂ 31 ਮਈ ਨੂੰ ਮਜ਼ਦੂਰ ਪਰਿਵਾਰ ਨੂੰ ਥਾਣੇ ਬੁਲਾਕੇ ਆਪਣੇ ਲੜਕੇ ਨੂੰ ਘਰ ਲਿਜਾਣ ਦਾ ਹੁਕਮ ਚਾੜ ਦਿੱਤਾ ਗਿਆ। ਪਰਿਵਾਰ ਤੇ ਉਸਦੇ ਨਾਲ ਥਾਣੇ ਗਏ ਹੋਰ ਮਜ਼ਦੂਰ ਮੁੰਡੇ ਦੀ ਗੰਭੀਰ ਹਾਲਤ ਦੇਖ ਕੇ ਹੱਕੇ ਬੱਕੇ ਹੀ ਰਹਿ ਗਏ। ਇਸ ਨੌਜਵਾਨ ਤੋਂ ਨਾ ਚੱਜ ਨਾਲ ਬੈਠਾ ਜਾਂਦਾ ਸੀ ਤੇ ਨਾ ਹੀ ਚੱਜ ਨਾਲ ਤੁਰਿਆ ਜਾਂਦਾ ਸੀ। ਜਦੋਂ ਪਰਿਵਾਰ ਵਲੋਂ ਆਪਣੇ ਲੜਕੇ ਦੀ ਇਸ ਹਾਲਤ ਲਈ ਜ਼ਿੰਮੇਵਾਰ ਹਮੀਰ ਸਿੰਘ ਸਮੇਤ ਬਾਕੀ ਦੋਸ਼ੀਆਂ  ਖਿਲਾਫ ਕਾਰਵਾਈ ਦੀ ਗੱਲ ਕੀਤੀ ਗਈ ਤਾਂ ਥਾਣੇਦਾਰ ਉਹਨਾਂ ਨੂੰ ਸੂਈ ਕੂੱਤੀ ਵਾਂਗ ਪੈ ਨਿੱਕਲਿਆ। ਮੁੰਡੇ ਉਤੇ ਚੋਰੀ ਦਾ ਕੇਸ ਪਾਕੇ ਜੇਲ ਭੇਜਣ ਦੀਆਂ  ਧਮਕੀਆਂ  ਤੇ ਉੱਤਰ ਆਇਆ। ਪੀੜਤ ਪਰਿਵਾਰ ਤੇ ਹੋਰ ਮਜ਼ਦੂਰਾਂ ਵਲੋਂ ਨੌਜਵਾਨ ਭਾਰਤ ਸਭਾ ਦੇ ਆਗੂਆਂ  ਤੱਕ ਪਹੁੰਚ ਕਰਨ ਸਦਕਾ ਕਿਸਾਨਾਂ, ਖੇਤ ਮਜ਼ਦੂਰਾਂ ਤੇ ਨੌਜਵਾਨਾਂ ਦੀ ਜਥੇਬੰਦੀ ਦਾ ਸਾਂਝਾ ਵਫਦ ਥਾਣਾ ਮੁਖੀ ਤੇ ਪੀੜਤ ਨੌਜਵਾਨ ਨੂੰ ਮਿਲਿਆ ਗਿਆ ਅਤੇ ਸਾਰੀ ਹਾਲਤ ਨੂੰ ਸਮਝਕੇ ਤੁੰਰਤ ਹੀ ਥਾਣੇ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਜ਼ੋ ਦੇਰ ਰਾਤ ਤੱਕ ਜਾਰੀ ਰਿਹਾ।ਜ਼ਿਲੇ ਦੇ ਐਸ ਐਸ ਪੀ ਤੇ ਹੋਰ ਉਚ ਅਧਿਕਾਰੀਆਂ  ਵਲੋਂ ਪੀੜਤ ਨੌਜਵਾਨ ਦੇ ਬਿਆਨਾਂ ਉਤੇ ਸਾਰੇ ਦੋਸ਼ੀਆਂ  ਖਿਲਾਫ ਕੇਸ ਦਰਜ ਕਰਨ ਦੇ ਭਰੋਸੇ ਉਪਰੰਤ ਹੀ ਧਰਨਾ ਸਮਾਪਤ ਕਰਕੇ ਪੀੜਤ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ।ਪਰ ਅਗਲੇ ਦਿਨ ਪੁਲਿਸ ਪੁਲਿਸ ਵਲੋਂ ਦਰਜ਼ ਕੀਤੇ ਪਰਚੇ ਵਿੱਚ ਦੋਸ਼ੀ ਪੁਲਸੀਆਂ  ਦਾ ਜ਼ਿਕਰ ਵੀ ਨਾ ਕੀਤਾ ਗਿਆ ਜਦੋਂ ਕਿ ਜਗੀਰੂ ਚੌਧਰੀਆਂ  ਦੇ 4 ਦੋਸ਼ੀਆਂ  ਤੇ   ਕੇਸ ਤਾਂ ਭਾਵੇਂ ਦਰਜ ਕਰ ਦਿੱਤਾ ਹੈ ਇਸ ਵਿੱਚ ਐੱਸ.ਸੀ.ਐੱਸ.ਟੀ ਐਕਟ ਤੇ ਅਗਵਾ ਦੀ ਧਾਰਾ ਨਾ ਲਾਕੇ ਮਹਿਜ਼ ਖ਼ਾਨਾਪੂਰਤੀ ਹੀ ਕੀਤੀ ਗਈ । ਦੂਜੇ ਪਾਸੇ ਘੋਲ ਦੀ ਅਗਵਾਈ ਕਰ ਰਹੇ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਨੂੰ ਫੋਨ ਉੱਤੇ ਆਪਣੇ ਆਪ ਨੂੰ ਗੈਂਗਸਟਰ ਦਵਿੰਦਰ ਬੰਬੀਹਾ ਦਾ ਭਰਾ ਦੱਸਕੇ ਇਸ ਕੇਸ ਤੋਂ ਪਾਸੇ ਨਾ ਹੋਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀਆਂ  ਧਮਕੀਆਂ  ਵੀ ਦਿੱਤੀਆਂ  ਗਈਆਂ ।ਗੈਗਸਟਰਾ ਦੀ ਇਸ ਚਣੌਤੀ ਨੂੰ ਕਬੂਲ ਕਰਦਿਆਂ  ਸਾਰੇ ਦੋਸ਼ੀਆਂ  ਦੀ ਗਿ੍ਰਫਤਾਰੀ ਅਤੇ ਦੋਸ਼ੀ ਪੁਲਸੀਆਂ  ਖਿਲਾਫ ਢੁਕਵੀਂ ਕਾਰਵਾਈ ਤੇ ਪੀੜਤ ਲਈ ਮੁਆਵਜੇ ਦੀ ਮੰਗ ਨੂੰ ਲੈ ਕੇ 4 ਜੂਨ ਨੂੰ ਸੈਂਕੜੇ ਮਰਦ ਔਰਤਾਂ ਤੇ ਨੌਂਜਵਾਨਾ ਵੱਲੋਂ ਸੰਗਤ ਥਾਣੇ ਦੇ ਅੱਗੇ ਰੋਹ ਭਰਪੂਰ ਧਰਨਾ ਦੇ ਕੇ ਪੁਲਿਸ ਸਿਆਸੀ ਤੇ ਅਪਰਾਧੀ ਗੱਠਜੋੜ ਵਿਰੁੱਧ ਲਾ ਮਿਸਾਲ ਮੁਜ਼ਾਹਰਾ ਕੀਤਾ ਗਿਆ। ਲੋਕਾਂ ਦੇ ਵਧਦੇ ਦਬਾਅ ਨੂੰ ਦੇਖਦਿਆਂ  ਭਾਵੇਂ ਪੁਲਿਸ ਨੇ ਜਗੀਰੂ ਚੌਧਰੀਆਂ  ਖਿਲਾਫ ਕੇਸ ਚ ਐੱਸ.ਸੀ.ਐੱਸ.ਟੀ ਐਕਟ ਆਦਿ ਧਾਰਾਵਾਂ ਤਾਂ ਲਾ ਦਿੱਤੀਆਂ  ਪਰ ਦੋਸ਼ੀਆਂ  ਦੀ ਗਿ੍ਰਫਤਾਰੀ, ਦੋਸ਼ੀ ਪੁਲਸੀਆਂ  ਖਿਲਾਫ ਕਾਰਵਾਈ ਅਤੇ ਧਮਕੀਆਂ  ਦੇਣ ਤੇ ਦੁਆਉਣ ਦੇ ਮਾਮਲੇ ਚ ਗੋਂਗੁਲੂਆਂ  ਤੋਂ ਮਿੱਟੀ ਝਾੜਨ ਦੀ ਨੀਤੀ ਅਪਣਾਈ ਗਈ। ਇਸਦੇ ਵਿਰੋਧ ਵਿੱਚ   ਜਥੇਬੰਦੀਆਂ  ਵੱਲੋਂ ਮੁੜ 8 ਅਤੇ 9 ਜੂਨ ਨੂੰ ਥਾਣੇ ਦਾ ਲਗਾਤਾਰ ਘਿਰਾਓ ਕੀਤਾ ਗਿਆ ਜੋ ਰਿਪੋਰਟ ਲਿਖਣ ਦੂਜੇ ਦਿਨ ਵੀ ਜਾਰੀ ਸੀ। ਘਿਰਾਓ ਦੀ ਤਿਆਰੀ ਲਈ ਇਲਾਕੇ ਦੇ ਪਿੰਡਾਂ ਚ ਕੀਤੀ ਲਾਮਬੰਦੀ ਮੁਹਿੰਮ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਜੈ ਸਿੰਘ ਵਾਲਾ ਚ ਇਸਦੇ ਅੰਗ ਵਜੋਂ ਕੀਤੇ ਅਰਥੀ ਫੂਕ ਮੁਜ਼ਾਹਰੇ ਵਿੱਚ ਸੈਂਕੜੇ ਮਰਦ ਔਰਤਾਂ ਤੇ ਨੌਂਜਵਾਨਾ ਵਲੋਂ ਭਖਦੇ ਰੋਹ ਨਾਲ ਸ਼ਮੂਲੀਅਤ ਕੀਤੀ ਗਈ। ਲੋਕਾਂ ਦੇ ਹੁੰਗਾਰੇ ਚ ਜਿੱਥੇ ਅਣ ਮਨੁੱਖੀ ਜ਼ਬਰ ਦਾ ਪੱਖ ਦਾ ਵਜ਼ਨ   ਸੀ ਉਥੇ ਇਸ ਪਰਿਵਾਰ ਵਲੋਂ ਪਿਛਲੇ ਲੰਮੇ ਸਮੇਂ ਤੋਂ ਪਿੰਡ ਤੇ ਇਲਾਕੇ ਦੇ ਲੋਕਾਂ ਨਾਲ ਕੀਤੀਆਂ  ਧੱਕੇਸ਼ਾਹੀਆ ਦਾ ਕਾਰਨ ਇਹਨਾਂ ਖਿਲਾਫ ਪਏ ਰੋਸ ਦਾ ਵੀ ਅਹਿਮ ਰੋਲ ਸੀ। ਪੁਲਿਸ ਤੇ ਕਾਂਗਰਸੀ ਲੀਡਰਾਂ ਵਲੋਂ ਦੋਸ਼ੀਆਂ  ਬਚਾਉਣ ਦੇ ਬਾਵਜੂਦ ਇਸ ਘੋਲ ਨੇ ਕੁੱਝ ਮੁਢਲੀਆਂ  ਤੇ ਅਹਿਮ ਜਿੱਤਾਂ ਦਰਜ ਕਰਵਾ ਦਿੱਤੀਆਂ  ਹਨ ਜਦੋਂ ਕਿ ਦੋਸ਼ੀਆਂ  ਦੀ ਗਿ੍ਰਫਤਾਰੀ, ਉਹਨਾਂ ਨੂੰ ਸਜ਼ਾਵਾਂ ਦੁਆਉਣ ਤੇ ਪੀੜਤ ਨੂੰ ਯੋਗ ਮੁਆਵਜ਼ਾ ਦੁਆਉਣ ਲਈ ਜੱਦੋ-ਜਹਿਦ ਜਾਰੀ ਹੈ। ਇਹਨਾਂ ਜਿੱਤਾਂ ਚ ਪੀੜਤ ਉਤੇ ਹੀ ਕੇਸ ਦਰਜ਼ ਕਰਵਾਉਣ ਦੀ ਚਾਲ ਨੂੰ ਮਾਤ ਦੇਕੇ ਦੋਸ਼ੀਆਂ  ਖਿਲਾਫ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਨਾਲ ਜੁੜਵੀਆ ਹੋਰ ਧਰਾਵਾਂ ਤਹਿਤ ਕੇਸ ਦਰਜ਼ ਕਰਾਉਣਾ ਤੇ ਪੀੜਤ ਦਾ ਸਰਕਾਰੀ ਖਰਚੇ ਤੇ ਇਲਾਜ ਕਰਾਉਣਾ ਸ਼ਾਮਲ ਹੈ। ਪਰ ਇਸ ਤੋਂ ਵੀ ਅਹਿਮ ਪੱਖ ਇਹ ਹੈ ਕਿ ਇਸ ਪੁਰਾਣੇ ਅਪਰਾਧਿਕ ਪਿਛੋਕੜ ਵਾਲੇ ਇਸ ਲਾਣੇ ਦੀ ਦਹਿਸ਼ਤ ਨੂੰ ਭੰਨਕੇ ਖੇਤ ਮਜ਼ਦੂਰਾਂ ਦਾ ਵੱਡੀ ਗਿਣਤੀ ਵਿੱਚ ਘੋਲ ਚ ਨਿੱਤਰਨਾ ਅਤੇ ਉਹਨਾਂ ਦੇ ਕਾਲੇ ਕਾਰਨਾਮਿਆਂ ਦਾ ਪਰਦਾਫਾਸ਼ ਕਰਨ ਲਈ ਡਟਕੇ ਬੋਲਣਾ ਹੈ।

No comments:

Post a Comment