Friday, July 3, 2020

ਲੋਕ ਮੋਰਚਾ ਪੰਜਾਬ ਵੱਲੋਂ ਜਨਤਕ ਇਕੱਤਰਤਾਵਾਂ


 

ਲੋਕ ਮੋਰਚਾ ਪੰਜਾਬ ਵੱਲੋਂ ਜਨਤਕ ਇਕੱਤਰਤਾਵਾਂ

ਕਰੋਨਾ ਸੰਕਟ ਨੂੰ ਢੁਕਵਾਂ ਮੌਕਾ ਸਮਝਦਿਆਂ ਭਾਰਤੀ ਹਕੂਮਤ ਵੱਲੋਂ ਲੋਕਾਂ ਤੇ ਵਿੱਢੇ ਆਰਥਿਕ ਹਮਲੇ ਨੂੰ ਕਈ ਗੁਣਾ ਤਿੱਖਾ ਕਰ ਦਿੱਤਾ ਗਿਆ ਅਤੇ ਲੋਕਾਂ ਨੂੰ ਰਾਹਤ ਦੇਣ ਦੇ ਨਾਂ ਹੇਠ ਨਿੱਜੀਕਰਨ ਅਤੇ ਵਪਾਰੀਕਰਨ ਦੇ ਵੱਡੇ ਕਦਮ ਲੈ ਗਏ। ਇੱਕੀ ਲੱਖ ਕਰੋਡ ਦੇ ਪੈਕੇਜ ਦੇ ਨਾਂ ਹੇਠ ਇਸ ਹਮਲੇ ਨੂੰ ਸੂਤਰਬੱਧ ਕੀਤਾ ਗਿਆ। ਲੋਕ ਮੋਰਚਾ ਪੰਜਾਬ ਵੱਲੋਂ ਇਸ ਸਬੰਧੀ ਪਹਿਲਕਦਮੀ ਕਰਦਿਆਂ ਇਸ ਰਾਹਤ ਪੈਕੇਜ ਦੇ ਮਾਰੂ ਅਸਰਾਂ ਨੂੰ ਲੋਕਾਂ ਵਿਚ ਲਿਜਾਣ ਲਈ ਭਰਵੀਂ ਤਿਆਰੀ ਕੀਤੀ ਗਈਅਤੇ ਵੱਖ ਵੱਖ ਥਾਈਂ ਛੋਟੀਆਂ ਵੱਡੀਆਂ ਇਕੱਤਰਤਾਵਾਂ ਰਾਹੀਂ ਲੋਕਾਂ ਵਿੱਚ ਇਸ ਰਾਹਤ ਪੈਕੇਜ ਦੀ ਅਸਲੀਅਤ ਉਜਾਗਰ ਕੀਤੀ ਗਈ।
ਇਸ ਸਬੰਧੀ ਚਾਰ ਮੁੱਖ ਇਕੱਤਰਤਾਵਾਂ ਸੂਬਾ ਕਮੇਟੀ ਦੀ ਦੇਖ ਰੇਖ ਵਿੱਚ ਹੋਈਆਂ, ਜਿਸ ਵਿੱਚ ਸੂਬਾਈ ਆਗੂ ਸ਼ੀਰੀਂ ਨੇ ਸੰਬੋਧਨ ਕੀਤਾ। ਕੱਚੀ ਭੁੱਚੋ (ਬਠਿੰਡਾ), ਬਰਨਾਲਾ, ਮੋਗਾ ਅਤੇ ਉਗਰਾਹਾਂ (ਸੰਗਰੂਰ) ਅੰਦਰ ਹੋਣ ਵਾਲੀਆਂ ਇਨਾਂ ਇਕੱਤਰਤਾਵਾਂ ਦੌਰਾਨ ਮੁਲਕ ਦੀ ਮੌਜੂਦਾ ਆਰਥਿਕਤਾ ਅਤੇ ਲੋਕਾਂ ਦੀ ਹਾਲਤ ਅਤੇ ਇਸ   ਨਾਲ ਜੁੜ ਕੇ ਇਸ ਰਾਹਤ ਪੈਕੇਜ ਦੇ ਅਸਰਾਂ ਸਬੰਧੀ ਭਰਵੀਂ ਵਿਚਾਰ ਚਰਚਾ ਚੱਲੀ। ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ-ਨੌਜਵਾਨਾਂ, ਠੇਕਾ ਮੁਲਾਜ਼ਮਾਂ ਅਤੇ ਹੋਰਨਾਂ ਤਬਕਿਆਂ ਦੇ ਸਰਗਰਮ ਕਾਰਕੁਨਾਂ ਨੇ ਇਹਨਾਂ ਵਿਚਾਰ ਚਰਚਾਵਾਂ ਵਿੱਚ ਸਰਗਰਮ ਭਾਗ ਲਿਆ।
ਇਨਾਂ ਸੂਬਾਈ ਇਕੱਤਰਤਾਵਾਂ ਤੋਂ ਬਾਅਦ ਲੋਕ ਮੋਰਚਾ ਪੰਜਾਬ ਦੀਆਂ   ਇਲਾਕਾ ਕਮੇਟੀਆਂ ਵੱਲੋਂ ਆਪਣੇ ਸਬੰਧਤ ਇਲਾਕਿਆਂ ਅੰਦਰ ਇਸ ਰਾਹਤ ਪੈਕੇਜ ਦਾ ਥੋਥ ਉਜਾਗਰ ਕਰਨ ਸਬੰਧੀ ਮੀਟਿੰਗਾਂ ਇਕੱਤਰਤਾਵਾਂ ਦਾ ਸਿਲਸਿਲਾ ਤੋਰਿਆ ਗਿਆ ਜਿਸ ਵਿੱਚ ਬਰਨਾਲਾ ਇਲਾਕੇ ਦੇ ਪਿੰਡਾਂ ਗੁੰਮਟੀ, ਗੰਗਹੋਰ, ਗਾਗੇਵਾਲ, ਗੁਰਮਾ ਨੈਣੇਵਾਲ, ਸੱਦੋਵਾਲ, ਪੰਡੋਰੀ ਆਦਿ ਪਿੰਡਾਂ ਵਿੱਚ ਮੀਟਿੰਗਾਂ ਹੋਈਆਂ ਜਿਨਾਂ ਵਿੱਚ ਸੂਬਾਈ ਆਗੂ ਸਤਨਾਮ ਸਿੰਘ ਦੀਵਾਨਾ ਨੇ ਸੰਬੋਧਨ ਕੀਤਾ। ਬਠਿੰਡਾ ਇਲਾਕੇ ਵਿੱਚ ਸੂਬਾਈ ਆਗੂ ਸੁਖਵਿੰਦਰ ਸਿੰਘ ਵੱਲੋਂ ਲਹਿਰਾ ਥਰਮਲ ਦੇ ਕਾਮਿਆਂ ਦੀ ਮੀਟਿੰਗ ਕਰਵਾਈ ਗਈ। ਮਲੋਟ ਇਲਾਕੇ ਵਿੱਚ ਸ੍ਰੀ ਗੁਰਦੀਪ ਸਿੰਘ ਖੁੱਡੀਆਂ, ਪਿਆਰਾ ਲਾਲ ਦੋਦਾ ਅਤੇ ਰੇਸ਼ਮ ਸਿੰਘ ਪਥਰਾਲਾ ਵੱਲੋਂ ਵਿਸਥਾਰੀ ਮੀਟਿੰਗਾਂ ਕਰਵਾਈਆਂ ਗਈਆਂ। ਇਨਾਂ ਸਾਰੀਆਂ ਮੀਟਿੰਗਾਂ ਵਿੱਚ ਚਾਰਟਾਂ ਦੀ ਮਦਦ ਨਾਲ ਭਾਰਤੀ ਆਰਥਿਕਤਾ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਜਿਸ ਨੂੰ ਸਾਰੇ ਹਿੱਸਿਆਂ ਨੇ ਉਤਸ਼ਾਹੀ ਹੁੰਗਾਰਾ ਭਰਿਆ।

No comments:

Post a Comment