Wednesday, March 9, 2016

9) ਖੇਤ ਮਜ਼ਦੂਰ ਔਰਤਾਂ ਦੀ ਵਿੱਥਿਆ

‘‘ਭੁੱਖੇ ਮਰਨ ਹੀ ਰਹਿ ਗਿਆ ਗਰੀਬਾਂ ਦਾ, ਔਰਤਾਂ ਦਾ ਤਾਂ ਬੱਸ ਸਬਰ ਈ ਵੱਡਾ ਏ’’

-     ਕਰਮਜੀਤ

ਪੰਜਾਬ ’ਚ ਕੋਈ ਟਾਵਾਂ-ਟੱਲਾ ਹੀ ਖੇਤ-ਮਜ਼ਦੂਰ ਪਰਿਵਾਰ ਹੋਊ ਜਿਸ ਸਿਰ ਕਰਜ਼ੇ ਦੀ ਪੰਡ ਨਾ ਹੋਵੇ। ਪਰ ਪੰਜਾਬ ਸਰਕਾਰ ਇਸ ਗੱਲ ਤੋਂ ਬਹੁਤ ਢੀਠਤਾਈ ਨਾਲ ਮੁੱਕਰਦੀ ਰਹੀ ਹੈ। ਖੇਤ-ਮਜ਼ਦੂਰ ਗਰੀਬੀ ਅਤੇ ਕਰਜ਼ੇ ਦੇ ਜਾਲ ’ਚ ਫਸੇ ਖੁਦਕੁਸ਼ੀਆਂ ਕਰ ਰਹੇ ਹਨ, ਇਹ ਇਨ੍ਹਾਂ ਨੂੰ ਖੁਦਕੁਸ਼ੀਆਂ ਸਬੰਧੀ ਸਰਵੇ ਦੇ ਘੇਰੇ ’ਚ ਲਿਆਉਣ ਨੂੰ ਹੀ ਤਿਆਰ ਨਹੀਂ ਸੀ। ਇਹ ਤਾਂ ਸਰਕਾਰ ਨੂੰ ਜਥੇਬੰਦ ਮਜ਼ਦੂਰ ਸ਼ਕਤੀ ਦੇ ਦਬਾਅ ਹੇਠ ਹੀ ਅਜਿਹਾ ਸਰਵੇ ਕਰਵਾਉਣ ਲਈ ਮਜ਼ਬੂਰ ਹੋਣਾ ਪਿਆ। ਪੰਜਾਬ ਸਰਕਾਰ ਵੱਲੋਂ ਕਰਵਾਏ ਸਰਵੇਖਣ ਅਨੁਸਾਰ ਰਾਜ ਦੇ ਖੇਤੀ ਖੇਤਰ ਵਿੱਚ 6926 ਵਿਅਕਤੀਆਂ ਨੇ 2000 ਤੋਂ 2010 ਦੌਰਾਨ ਆਤਮ ਹੱਤਿਆਵਾਂ ਕੀਤੀਆਂ। ਜਿੰਨ੍ਹਾਂ ’ਚੋਂ 3954 ਕਿਸਾਨ ਤੇ 2972 ਖੇਤ-ਮਜ਼ਦੂਰ ਸਨ। ਭਾਵ 74 % ਕਿਸਾਨੀ ਤੇ 58.6 % ਖੇਤ-ਮਜ਼ਦੂਰਾਂ ਨੇ ਕਰਜ਼ੇ ਦੀ ਪੰਡ ਭਾਰੀ ਹੋ ਜਾਣ ਕਾਰਨ ਖੁਦਕੁਸ਼ੀ ਕੀਤੀ। ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਇੱਕ ਸਰਵੇਖਣ ਅਨੁਸਾਰ 70 % ਤੋਂ ਵੱਧ ਖੇਤ-ਮਜ਼ਦੂਰ ਕਰਜ਼ੇ ’ਚ ਫਸੇ ਹੋਏ ਹਨ। ਪੜਤਾਲੇ ਗਏ ਹਰ ਮਾਮਲੇ ਨੇ ਦਰਸਾਇਆ ਹੈ ਕਿ ਖੇਤ-ਮਜ਼ਦੂਰਾਂ ਸਿਰ ਕਰਜ਼ਾ ਬਹੁਤ ਹੀ ਮੁੱਢਲੀਆਂ ਲੋੜਾਂ ਕਰਕੇ ਚੜ੍ਹਿਆ ਹੈ। ਖੇਤ-ਮਜ਼ਦੂਰ ਵਸੀਲੇ ਵਿਹੂਣੇ ਹੋਣ ਕਰਕੇ ਕਰਜ਼ਾ ਮੋੜਨ ਦੇ ਤਾਂ ਸਮਰੱਥ ਹੀ ਨਹੀਂ ਹੁੰਦੇ। ਇਸ ਲਈ ਕਰਜ਼ੇ ਬਦਲੇ ਵਗਾਰਾਂ ਵੀ ਕਰਨੀਆਂ ਪੈਂਦੀਆਂ ਨੇ। ਮੂਲ ਵੀ ਵਧਦਾ ਤੁਰਿਆ ਜਾਂਦਾ ਹੈ ਜੋ ਕਈ ਵਾਰ ਪੀੜ੍ਹੀਆਂ ਦੀ ਮੁਸ਼ੱਕਤ ਨਾਲ ਵੀ ਖਹਿੜਾ ਨਹੀਂ ਛੱਡਦਾ। ਉਹ ਕਰਜ਼ੇ ਦੇ ਅਜਿਹੇ ਜਾਲ ’ਚ ਫਸ ਜਾਂਦੇ ਹਨ ਕਿ ਉਨ੍ਹਾਂ ਦੀ ਹਾਲਤ ਬੰਧੂਆਂ ਮਜ਼ਦੂਰਾਂ ਵਾਲੀ ਬਣ ਜਾਂਦੀ ਹੈ।
ਜੇ ਖੇਤ-ਮਜ਼ਦੂਰ ਔਰਤਾਂ ਦੀ ਗੱਲ ਕਰਨੀ ਹੋਵੇ ਤਾਂ ਇਹ ਸਾਡੇ ਸਮਾਜ ਦਾ ਪਹਿਲਾਂ ਹੀ ਸਭ ਤੋਂ ਵੱਧ ਲੁੱਟਿਆ, ਲਿਤਾੜਿਆ ਤੇ ਦੁਰਕਾਰਿਆ ਹਿੱਸਾ ਨੇ। ਪਰ ਜੇ ਪਰਿਵਾਰ ’ਚੋਂ ਕਮਾਊ ਖੁਦਕੁਸ਼ੀ ਕਰ ਜਾਵੇ ਜਾਂ ਕਿਸੇ ਬਿਮਾਰੀ ਨਾਲ ਮਰ ਜਾਵੇ ਤਾਂ ਇਨ੍ਹਾਂ ’ਚੋਂ ਬਹੁਤੀਆਂ ਅਣਸਰਦੇ ਨੂੰ ਹੀ, ਕਰਜ਼ੇ ਬਦਲੇ ਵਗਾਰੀ ਕੰਮਾਂ ’ਚ ਜਕੜੀਆਂ ਜਾਣ ਲਈ ਸਰਾਪੀਆਂ ਜਾਂਦੀਆਂ ਨੇ। ਨਾਲ ਹੀ ਉਸੇ ਸਮੇਂ ਪਰਿਵਾਰ ਦੀ ਕਬੀਲਦਾਰੀ ਤੋਰਨ ਦਾ ਭਾਰ ਵੀ ਇਨ੍ਹਾਂ ਦੇ ਮੋਢਿਆਂ ’ਤੇ ਆਣ ਡਿੱਗਦਾ ਹੈ। ਘਰ ਦਾ ਸਾਰਾ ਕੰਮ ਕਰਨਾ, ਬੱਚੇ ਪਾਲਣਾ, ਜੇ ਕੋਈ ਘਰੇ ਬੁੱਢਾ ਠੇਰਾ ਹੋਵੇ ਉਸਨੂੰ ਸਾਂਭਣ ਵਰਗੇ ਕੰਮ ਔਰਤ ਹੋਣ ਨਾਤੇ ਕਰਨੇ ਹੀ ਪੈਂਦੇ ਹਨ। ਟੱਬਰ ਦਾ ਤੋਰਾ ਤੋਰਨ ਲਈ ਦਿਹਾੜੀ-ਦੱਪਾ ਕਰਨ ਜਾਣਾ, ਦੂਜਿਆਂ ਦੇ ਘਰਾਂ ’ਚ ਗੋਹਾ-ਕੂੜਾ ਕਰਨ ਜਾਣਾ ਜਾਂ ਹੋਰ ਕੋਈ ਕੰਮ ਕਰਨ ਜਾਣਾ ਇਨ੍ਹਾਂ ਲਈ ਮਜਬੂਰੀ ਬਣ ਜਾਂਦਾ ਹੈ। ਇਹ ਮਜਬੂਰੀਆਂ ਨਾਲ ਬੱਝੀਆਂ, ਅੰਤਾਂ ਦੇ ਕੰਮਾਂ ਦੇ ਬੋਝ ਥੱਲੇ ਦਬੀਆਂ ਦੇ ਦੁੱਖਾਂ-ਦਰਦਾਂ ਦੀ ਲੰਬੀ ਕਹਾਣੀ ਹੈ। ਪਰ ਔਖੀਆਂ ਹਾਲਤਾਂ ’ਚੋਂ ਬਣੇ ਇਨ੍ਹਾਂ ਦੇ ਉੱਦਮੀ ਤੇ ਸਿਰੜੀ ਸੁਭਾਅ ਥੋੜ੍ਹੇ ਕੀਤੇ ਇਨ੍ਹਾਂ ਨੂੰ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਮੂਹਰੇ ਹਾਰਨ ਨੀਂ ਦਿੰਦੇ।
ਪਿਛਲੇ ਦਿਨੀਂ ਮੁਕਤਸਰ ਦੇ ਇਲਾਕੇ ’ਚ ਕੁੱਝ ਖੁਦਕੁਸ਼ੀ ਪੀੜਤ ਤੇ ਕਰਜ਼ੇ ਮਾਰੀਆਂ ਖੇਤ-ਮਜ਼ਦੂਰ ਔਰਤਾਂ ਨਾਲ ਥੋੜ੍ਹਾ ਸਮਾਂ ਗੱਲਾਂ ਕਰਨ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਆਪਣੀਆਂ ਹੱਡ-ਬੀਤੀਆਂ ਬਿਆਨ ਕੀਤੀਆਂ। ਜੋ ਸਾਡੇ ਸਮਾਜ ਦੇ ਕੋਝ ਨੂੰ ਤਾਂ ਤਿੱਖੀ ਤਰ੍ਹਾਂ ਉਘਾੜਦੀਆਂ ਹੀ ਨੇ, ਪਰ ਇਸ ਤਬਕੇ ’ਚ ਤਿੱਖੀ ਇਨਕਲਾਬੀ ਤਬਦੀਲੀ ਲਈ ਇਨਕਲਾਬੀ ਜਥੇਬੰਦਕ ਤਾਕਤਾਂ ਨੂੰ ਜ਼ੋਰ ਨਾਲ ਆਪਣੀਆਂ ਤਾਕਤਾਂ ਵਧਾਉਣ ਦੀ ਮੰਗ ਵੀ ਉਭਾਰਦੀਆਂ ਹਨ।
ਨਿੱਕੋ (ਏਥੇ ਸਾਰੇ ਫਰਜ਼ੀ ਨਾਂ ਵਰਤੇ ਗਏ ਨੇ) ਜੋ ਤਿੰਨ ਜੁਆਕਾਂ ਦੀ ਮਾਂ ਹੈ, ਦੱਸਦੀ ਹੈ ਕਿ ਸਿਰ ’ਤੇ ਕਰਜ਼ਾ ਲੱਖ ਤੋਂ ਉੱਪਰ ਹੈ। ਮਕਾਨ ਡਿੱਗ ਪਿਆ ਸੀ ਤੇ ਕਮਰਾ ਪਾਉਣ ਲਈ ਜਿਮੀਂਦਾਰਾਂ ਤੋਂ ਕਰਜ਼ਾ ਚੁੱਕਣਾ ਪਿਆ ਸੀ। ਉਸਦਾ ਆਦਮੀ ਨਸ਼ੇ ਕਰਦੈ, ਕੰਮ ਕੋਈ ਉਸ ਤੋਂ ਹੁੰਦਾ ਨੀਂ। ਪਹਿਲਾਂ ਜਿਮੀਂਦਾਰਾਂ ਦੇ ਘਰ ਇਸਦਾ ਆਦਮੀ ਕੰਮ ਕਰਦਾ ਰਿਹਾ ਸੀ। ਕੁੱਝ ਚਿਰ ਪਹਿਲਾਂ ਵੱਡੀ ਕੁੜੀ ਘਰੋਂ ਚਲੀ ਗਈ ਸੀ। ਛੋਟੀ ਕੁੜੀ ਜਿਮੀਂਦਾਰਾਂ ਦੀ ਚੰਡੀਗੜ੍ਹ ਵਿਆਹੀ ਹੋਈ ਕੁੜੀ ਕੋਲ ਉਹਨਾਂ ਦੇ ਘਰ ਦਾ ਕੰਮ ਕਰਨ ਲਈ ਤਿੰਨ ਸਾਲਾਂ ਲਈ ਉੱਥੇ ਭੇਜੀ ਹੋਈ ਹੈ। ਜਿਮੀਂਦਾਰ ਕਹਿੰਦੈ ਐ ‘‘ਅਸੀਂ ਥੋਡੀ ਕੁੜੀ ਦਾ ਵਿਆਹ ਕਰ ਦਿਆਂਗੇ।’’ ਹਿਸਾਬ ਕੋਈ ਨਹੀਂ ਉਸਦੇ ਕੰਮ ਦਾ। ਇਹ ਰੋਂਦੀ ਕਹਿੰਦੀ ਹੈ ਕਿ ਇਹ ਕੁੜੀ ਵੀ ਮੇਰੇ ਵੱਲੋਂ ਤਾਂ ਮੇਰੇ ਕੋਲੋਂ ਚਲੀ ਗਈ। ਆਪ ਇਹ ਕਿੰਨੂ ਤੋੜਨ ਜਾਂਦੀ ਹੈ ਦਿਹਾੜੀ ’ਤੇ। ਕਿੰਨੂ ਤੋੜਨ ਦੀ ਦਿਹਾੜੀ 140 ਰੁਪਏ ਮਿਲਦੀ ਹੈ। ਪਰ ਕਿੰਨੂ ਤੋੜਨ ਦਾ ਕੰਮ ਬਹੁਤ ਔਖਾ ਹੈ। ਉੱਤੇ ਚੜ੍ਹ ਕੇ ਤੋੜਨੇ ਪੈਂਦੇ ਨੇ, ਬਾਂਦਰਾਂ ਵਾਂਗੂ ਲਟਕਣਾ ਪੈਂਦਾ ਹੈ। ਕਈ ਵਾਰ ਡਿਗਦੀਆਂ ਨੇ, ਸੱਟਾਂ ਵੱਜਦੀਆਂ ਨੇ ਤੇ ਕੱਪੜੇ ਵੀ ਫਟ ਜਾਂਦੇ ਨੇ।
ਅੱਜਕਲ੍ਹ ਮੁਕਤਸਰ ਇਲਾਕੇ ’ਚ ਕਿੰਨੂ ਤੋੜਨ ਦਾ ਕੰਮ ਚਲਦਾ ਹੈ ਜੋ ਕਿ ਕੁੱਝ ਦਿਨਾਂ ਲਈ ਹੀ ਹੁੰਦਾ ਹੈ। ਬਹੁਤੀਆਂ ਖੇਤ-ਮਜ਼ਦੂਰ ਔਰਤਾਂ ਇਨ੍ਹੀਂ ਦਿਨੀਂ ਕਿੰਨੂ ਤੋੜਨ ਜਾਂਦੀਆਂ ਹਨ। ਬਾਗਾਂ ਦੇ ਠੇਕੇਦਾਰ ਇਨ੍ਹਾਂ ਨੂੰ ਸਵੇਰੇ 7 ਵਜੇ ਟਰਾਲੀਆਂ ’ਤੇ ਬਿਠਾ ਕੇ ਲੈ ਜਾਂਦੇ ਨੇ ਤੇ ਸ਼ਾਮੀਂ 8 ਵਜੇ ਤੱਕ ਘਰੀਂ ਛੱਡਦੇ ਨੇ। ਜਦੋਂ ਇਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਫੇਰ ਘਰ ਦਾ ਕੰਮ ਕਦੋਂ ਕਰਦੀਆਂ ਓਂ ਤਾਂ ਨਿੱਕੋ ਬੋਲੀ, ‘‘ਰਾਤ ਨੂੰ ਹੀ ਘੱਟਾ ਢੋਣੈ ਐਂ, ਦਿਨ ਤਾਂ ਲੋਕਾਂ ਲਈ ਨੇ’’।
ਗੁਰਦਿਆਲੋ ਜੋ ਚਾਰ ਜੁਆਕਾਂ ਦੀ ਮਾਂ ਹੈ ਦੱਸਦੀ ਹੈ ਕਿ ਆਦਮੀ ਨੇ ਸਪਰੇਅ ਪੀ ਲਈ ਸੀ। ਸਿਰ 60-70 ਹਜ਼ਾਰ ਰੁਪਏ ਕਰਜ਼ਾ ਹੈ। ਜਿੱਥੇ ਕੰਮ ਮਿਲਦਾ ਹੈ ਚਲੇ ਜਾਨੇ ਹਾਂ। ਚਾਹੇ ਖੇਤਾਂ ’ਚ ਮਿਲਜੇ, ਚਾਹੇ ਜਿਮੀਂਦਾਰਾਂ ਦੇ ਘਰਾਂ ’ਚ ਕੋਈ ਕੰਮ ਕਰਨ ਨੂੰ ਮਿਲਜੇ। ਹੁਣ ਕਿੰਨੂ ਤੋੜਨ ਜਾਂਦੀ ਹੈ। ਠੇਕੇਦਾਰ ਰੋਟੀ ਦੇ ਨਾਲ ਹੀ ਚਾਹ ਦੇ ਦਿੰਦੇ ਨੇ। ਉਨ੍ਹਾਂ ਦੇ ਬੰਦੇ ਇਨ੍ਹਾਂ ਦੇ ਕੰਮ ਦੀ ਨਿਗਰਾਨੀ ਕਰਦੇ ਰਹਿੰਦੇ ਨੇ ਕਿ ਕਿਤੇ ਬਹਿ ਤਾਂ ਨੀਂ ਗਈਆਂ, ਖੜ੍ਹ ਤਾਂ ਨੀਂ ਗਈਆਂ। ਭੋਰਾ ਆਰਾਮ ਨੀਂ ਕਰਨ ਦਿੰਦੇ। ਸਾਰਾ ਦਿਨ ਸੂਲਾਂ-ਕੰਡਿਆਂ ਵਿੱਚ ਦੀ ਉੱਤੇ ਚੜ੍ਹ ਚੜ੍ਹ ਕੇ ਕਿੰਨੂ ਤੋੜਨੇ ਪੈਂਦੇ ਨੇ। ਸਿਰ ਪੱਕੇ ਪਏ ਨੇ, ਉਂਗਲਾਂ ਪੱਕੀਆਂ ਪਈਆਂ ਨੇ। ਘਰੇ ਜਾ ਕੇ ਕੰਮ ਨੀਂ ਹੁੰਦਾ, ਫੇਰ ਵੀ ਪੈਂਦੀਆਂ ਚੀਸਾਂ ’ਚ ਕਰਨਾ ਪੈਂਦਾ ਹੈ। ਜੇ ਸਾਡੇ ’ਚੋਂ ਮਾੜਾ ਮੋਟਾ ਕੋਈ ਬਿਮਾਰ ਹੋ ਜੇ ਤਾਂ ਠੇਕੇਦਾਰ ਕਹਿ ਦਿੰਦੇ ਨੇ ਕੱਲ੍ਹ ਨੂੰ ਕੰਮ ’ਤੇ ਨਾ ਆਈਂ।
ਚੰਨੋ ਦੱਸਦੀ ਹੈ ਕਿ ਮਾੜਾ ਮੋਟਾ ਦਿਹਾੜੀ-ਦੱਪਾ ਕਰਦੇ ਹਾਂ, ਉਹ ਵੀ ਜੇ ਕਿਤੇ ਮਿਲ ਜੇ। ਉਸਦਾ ਆਦਮੀ ਮੁੱਕਿਆ ਹੋਇਆ ਹੈ। ਉਸਦੇ ਇਲਾਜ ਵਾਸਤੇ ਸਰਪੰਚ ਤੋਂ ਪੈਸੈ ਫੜ੍ਹੇ ਸੀ, ਜੋ ਹੁਣ ਵਧ ਕੇ ਦੋ ਲੱਖ ਦੇ ਨੇੜੇ ਹੋਏ ਪਏ ਨੇ। ਵਗਾਰ ’ਚ ਹੀ ਗੋਹਾ-ਕੂੜਾ ਕਰੀ ਜਾਨੇਂ ਆਂ। ਐਤਕੀਂ ਤਾਂ ਨਰਮਾ ਵੀ ਨੀਂ ਹੋਇਆ। ਭੁੱਖੇ ਮਰਨ ਹੀ ਰਹਿ ਗਿਆ ਗਰੀਬਾਂ ਦਾ। ਔਰਤਾਂ ਦਾ ਤਾਂ ਬੱਸ ਸਬਰ ਈ ਵੱਡਾ ਏ।
ਵੀਰਾਂ ਦੱਸਦੀ ਹੈ ਕਿ ਸਾਡੇ ਸਿਰ ਡੇਢ ਲੱਖ ਦਾ ਕਰਜ਼ਾ ਹੈ। ਮੁੰਡੇ ਨੂੰ ਪੋਲੀਓ ਹੋ ਗਿਆ ਸੀ। ਇੱਕ ਬਾਂਹ ਤੇ ਇੱਕ ਲੱਤ ਮਾਰੀ ਗਈ ਸੀ। 12 ਸਾਲ ਇਲਾਜ ਵਾਸਤੇ ਚੱਕੀ ਫਿਰਦੇ ਰਹੇ। ਇੱਕ ਦਿਨ ਰਾਤ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਗੱਲ ਕੋਈ ਨਹੀਂ ਹੋਈ ਸੀ। ਉਸ ਦਿਨ ਵੀ ਮਿਰਚਾਂ ਰਗੜ ਕੇ ਰੋਟੀ ਦਿੱਤੀ ਸੀ। ਅਸੀਂ ਸਾਰਿਆਂ ਨੇ ਹੀ ਇੱਕ ਇੱਕ ਰੋਟੀ ਖਾਧੀ ਸੀ। ਮੇਰੇ ਕੋਲ ਜਿੰਨੇ ਕੁ ਪੈਸੇ ਸੀ ਮੈਂ ਓਨਾ ਕੁ ਆਟਾ ਲਿਆਈ ਸੀ। ਕਹਿੰਦਾ, ‘‘ਪਹਿਲਾਂ ਥੋਥੋਂ ਮੇਰਾ ਇਲਾਜ ਨੀਂ ਕਰਾਇਆ ਗਿਆ। ਹੁਣ ਰੋਟੀਆਂ ਨੀਂ ਪੂਰੀਆਂ ਹੁੰਦੀਆਂ, ਦਾਲ ਨੀਂ ਬਣਾਈ ਜਾਂਦੀ।’’ ਜਿਹੋ ਜਿਹਾ ਘਰੇ ਹੁੰਦੈ, ਉਹੋ ਜਿਹਾ ਸਾਰ ਲੈਨੇ ਆਂ। ਕਿਹਨੂੰ ਆਖੀਏ ਕਿ ਭੁੱਖੇ ਪੈਨ੍ਯੇ ਆਂ ਕਿ ਖਾ ਕੇ ਪੈਨੇਂ ਆਂ। ਦੂਜੇ ਮੁੰਡਿਆਂ ਦੇ ਆਪਦੇ ਨੀਂ ਪੰਜ-ਪਾਂਜੇ ਪੂਰੇ ਹੁੰਦੇ, ਸਾਨੂੰ ਕਿੱਥੋਂ ਖੁਆ ਦੇਣ। ਦਿਹਾੜੀ ਮਿਲ ਜਾਂਦੀ ਹੈ ਤਾਂ ਖਾ ਲੈਨੇ ਆਂ, ਨਹੀਂ ਤਾਂ ਭੁੱਖੇ ਪੈ ਜਾਨੇਂ ਆਂ। ਬੁੜਿਆਂ ਨੂੰ ਉਂਝ ਵੀ ਕੋਈ ਕੰਮ ’ਤੇ ਘੱਟ ਹੀ ਲਾਉਂਦੈ। ਜਿਨ੍ਹਾਂ ਤੋਂ ਪੈਸੇ ਫੜ੍ਹੇ ਨੇ, ਉਨ੍ਹਾਂ ਗੋਲਪੁਣਾ ਵੀ ਕਰਨਾ ਪੈਂਦਾ ਤੇ ਉੱਚੀਆਂ-ਨੀਵੀਆਂ ਵੀ ਸੁਣਨੀਆਂ ਪੈਂਦੀਆਂ ਨੇ।
ਜਗੀਰ ਕੁਰ ਤਿੰਨ ਕੁੜੀਆਂ ਦੀ ਮਾਂ ਹੈ। ਦੱਸਦੀ ਹੈ ਕਿ ਕੁੜੀਆਂ ਛੋਟੀਆਂ ਹੀ ਸੀ, ਇੱਕ ਤਾਂ ਬਾਅਦ ’ਚ ਹੀ ਹੋਈ ਸੀ ਜਦੋਂ ਆਦਮੀ ਨੇ ਖੁਦਕੁਸ਼ੀ ਕਰ ਲਈ। ਸਿਰ ਦੋ-ਢਾਈ ਲੱਖ ਦੇ ਨੇੜ ਕਰਜ਼ਾ ਹੈ। ਜਦੋਂ ਸਪਰੇਅ ਪੀਤੀ ਸੀ ਤਾਂ ਹਸਪਤਾਲ ਦਖਲ ਕਰਾਇਆ ਸੀ। ਇਲਾਜ ਵਾਸਤੇ ਪੂਰੀ ਵਾਹ ਲਾਈ, ਪਰ ਬਚਿਆ ਨਹੀਂ। ਸੱਸ-ਸਹੁਰਾ ਨਾਲ ਰਹਿੰਦੇ ਨੇ। ਇਨ੍ਹਾਂ ਕੋਲ ਥੋੜ੍ਹੀਆਂ ਜਿਹੀਆਂ ਭੇਡਾਂ ਸਨ। ਜੋ ਕਰਜ਼ਾ ਮੋੜਨ ਵਾਸਤੇ ਵੇਚਣੀਆਂ ਪਈਆਂ। ਹੁਣ ਚਾਰੇ ਮਾਵਾਂ-ਧੀਆਂ ਦਿਹਾੜੀ ਕਰਨ ਜਾਂਦੀਆਂ ਨੇ। ਨਾਲ ਕੋਈ ਕੱਟੀ ਵਗੈਰਾ ਪਾਲ਼ ਕੇ ਆਪ ਦੀ ਦਿਨ ਕਟੀ ਕਰਦੇ ਨੇ।
ਸੁਰਜੀਤ ਦੋ ਜੁਆਕਾਂ ਦੀ ਮਾਂ ਹੈ, ਦੱਸਦੀ ਹੈ ਕਿ ਅਸੀਂ ਇੱਕ ਕਮਰਾ ਪਾਇਆ ਸੀ ਤੇ ਇੱਕ ਸਾਡਾ ਬਿੱਲ ਜ਼ਿਆਦਾ ਆ ਗਿਆ ਸੀ। ਇਸ ਕਰਕੇ ਸਿਰ ਕਰਜ਼ਾ ਚੜ੍ਹ ਗਿਆ। ਆਦਮੀ ਨੇ ਨਮੋਸ਼ੀ ’ਚ ਖੁਦਕੁਸ਼ੀ ਕਰ ਲਈ। ਹੁਣ ਕਿੰਨੂ ਤੋੜਨ ਦਿਹਾੜੀ ’ਤੇ ਜਾਂਦੀ ਹੈ। ਕਿਤੇ ਆਪਣੀ ਸਤਾਰਾਂ ਸਾਲਾਂ ਦੀ ਕੁੜੀ ਨੂੰ ਦਿਹਾੜੀ ’ਤੇ ਭੇਜਦੀ ਹੈ। ਜਦੋਂ ਜੁਆਨ ਕੁੜੀ ਨੂੰ ਕੰਮ ’ਤੇ ਭੇਜਦੀ ਹੈ ਤਾਂ ਚਿੰਤਾ ਵੱਢ ਵੱਢ ਖਾਂਦੀ ਹੈ। ਪਰ ਸਰਦਾ ਨਹੀਂ। ਜੁਆਕਾਂ ਦਾ ਕੋਈ ਚਾਅ ਨੀਂ ਪੂਰਾ ਕੀਤਾ ਜਾਂਦਾ। ਅੱਖਾਂ ਭਰਕੇ ਕਹਿੰਦੀ ਹੈ ‘‘ਜੁਆਕ ਜਦੋਂ ਕੋਈ ਚੀਜ਼ ਮੰਗਦੇ ਨੇ ਤਾਂ ਆਪਦਾ ਮਨ ਮੱਚਦੈ। ਵਿਧਵਾ ਹੋਣ ਨਾਤੇ ਝੱਲਣਾ ਤਾਂ ਬਹੁਤ ਕੁੱਝ ਪੈਂਦਾ। ਲੋਕਾਂ ਦੀਆਂ ਗੱਲਾਂ ਵੀ ਝੱਲਣੀਆਂ ਪੈਂਦੀਆਂ। ਬੰਦਿਆਂ ਦੀ ਥਾਂ ’ਤੇ ਵੀ ਬੁੜੀ ਨੂੰ ਖੜ੍ਹਨਾ ਪੈਂਦਾ, ਉਹ ਵੀ ਆਖ ਦਿੰਦੇ ਐ, ਪਤਾ ਨੀਂ ਕਾਹਤੋਂ ਖੜ੍ਹੀ ਹੈ। ਏਥੋਂ ਵੀ ਬੋਚ ਕੇ, ਉੱਥੋਂ ਵੀ ਬੋਚ ਕੇ, ਮਸਾਂ ਟਾਈਮ ਪਾਸ ਕਰਨਾ ਪੈਂਦਾ। ਬੰਦਾ ਨਾ ਮਰੇ ਬੁੜੀ ਆਪ ਮਰਜੇ। ਜੇ ਬਿਮਾਰੀ-ਠਿਮਾਰੀ ਮੌਕੇ ਘਰੇ ਡਾਕਟਰ ਵੀ ਸੱਦ ਲਿਆ ਤਾਂ ਆਖਣਗੇ ਇਨ੍ਹਾਂ ਦੇ ਤਾਂ ਮਿੰਟ ’ਚ ਆ ਗਿਆ। ਗੱਲਾਂ ਬਹੁਤ ਦੂਰ ਤੱਕ ਹੋ ਜਾਂਦੀਆਂ। ਇਹ ਤਾਂ, ਜਿਸ ਨਾਲ ਬੀਤਦੀ ਹੈ, ਬੱਸ ਉਹੀ ਜਾਣਦੈ।’’
ਬੁਰੇ ਹਾਲੀਂ ਪਰਿਵਾਰ ਚਲਾ ਰਹੀਆਂ ਤੇ ਕਰਜ਼ੇ ’ਚ ਵਿੰਨ੍ਹੀਆਂ ਇਹਨਾਂ ਮਜ਼ਦੂਰ ਔਰਤਾਂ ਦੇ ਕਰਜ਼ੇ ਤੋਂ ਛੁਟਕਾਰਾ ਪਾ ਸਕਣ ਦੀ ਕੋਈ ਸਬੀਲ ਬਣਦੀ ਨਹੀਂ ਦਿਸਦੀ, ਕੋਈ ਸੰਭਾਵਨਾ ਦਿਖਾਈ ਨਹੀਂ ਦਿੰਦੀ। ਕਰਜ਼ਾ ਲਾਹੁਣ ਲਈ ਜਾਂ ਲਗਾਤਾਰ ਰੁਜ਼ਗਾਰ ਮਿਲੇ, ਜਾਂ ਕਮਾਈ ਦਾ ਕੋਈ ਹੋਰ ਹੀਲਾ ਵਸੀਲਾ ਬਣੇ। ਹੁਣ ਜਿੰਨਾ ਕੁ ਕੰਮ ਮਿਲਦਾ ਹੈ, ਉਹਦੇ ਨਾਲ ਤਾਂ ਪਰਿਵਾਰ ਦਾ ਜੂਨ ਗੁਜ਼ਾਰਾ ਹੀ ਦੁੱਭਰ ਬਣਿਆ ਹੋਇਆ ਹੈ। ਸਰਕਾਰਾਂ ਚਲਾਉਣ ਵਾਲਿਆਂ ਦੇ ਆਪਣੇ ਹੀ ਢਿੱਡ ਨਹੀਂ ਭਰਦੇ, ਮਜ਼ਦੂਰਾਂ ਲਈ ਕੀ ਲਈ ਬੈਠੇ ਆ। ਦਿਨੋ ਦਿਨ ਸੁੰਗੜ ਰਹੇ ਰੁਜ਼ਗਾਰ ਦੀਆਂ ਹਾਲਤਾਂ ’ਚ ਕਰਜ਼ੇ ਤਾਂ ਹੁਣ ਕੀ ਲਹਿਣੇ ਆ, ਹੋਰ ਭਾਵੇਂ ਚੜ੍ਹ ਜਾਣ।
ਹੁਣ ਮਜ਼ਦੂਰ ਪਰਿਵਾਰਾਂ ਕੋਲ ਢਿੱਡ ਨੂੰ ਹੋਰ ਗੰਢਾਂ ਦੇ ਕੇ ਟਾਈਮ ਪਾਸ ਕਰਨ ਦੀ ਵੀ ਬਹੁਤੀ ਹਾਲਤ ਨਹੀਂ ਬਚੀ
ਪਹਿਲਾਂ ਹੀ ਬਥੇਰੀਆਂ ਗੰਢਾ ਦੇਈ ਬੈਠੇ ਹਨ। ਹੁਣ ਭੁੱਖੇ ਮਰਨ ਤੇ ਖੇਹ-ਖਰਾਬ ਹੋਣ ਜਾਂ ਫਿਰ ਆਪਣੇ ਹੱਕਾਂ ਲਈ ਝੰਡਾ ਚੁੱਕਣ ’ਚੋਂ ਇੱਕ ਰਾਹ ਦੀ ਚੋਣ ਕਰਨੀ ਪੈਣੀ ਹੈ। ਖੁਦਕੁਸ਼ੀ-ਪੀੜਤ ਪਰਿਵਾਰਾਂ ਦੀਆਂ ਇਹ ਸਾਹਸੀ ਔਰਤਾਂ ਸੰਘਰਸ਼ ਦਾ ਝੰਡਾ ਚੁੱਕਣ ਵਾਲਿਆਂ ’ਚ ਹੁਣ ਸਭ ਤੋਂ ਮੋਹਰੀ ਹਨ।

No comments:

Post a Comment