Wednesday, March 9, 2016

14) ਪ੍ਰੋ. ਰਣਧੀਰ ਸਿੰਘ

ਆਪਣੇ ਵਿਚਾਰਾਂ ਰਾਹੀਂ ਸਦਾ ਜਿਉਂਦੇ ਰਹਿਣਗੇ ਪ੍ਰੋ. ਰਣਧੀਰ ਸਿੰਘ

ਲੋਕ ਪੱਖੀ ਤੇ ਜਮਹੂਰੀ ਹਲਕਿਆਂ ’ਚ ਇਹ ਖਬਰ ਬੜੇ ਦੁੱਖ ਨਾਲ ਸੁਣੀ ਗਈ ਕਿ ਉੱਘੇ ਬੁੱਧੀਜੀਵੀ ਪ੍ਰੋ. ਰਣਧੀਰ ਸਿੰਘ ਨਹੀਂ ਰਹੇ। ਦਿੱਲੀ ਸਥਿਤ ਆਪਣੀ ਰਿਹਾਇਸ਼ ’ਤੇ 31 ਜਨਵਰੀ ਦੀ ਰਾਤ ਨੂੰ ਉਹਨਾਂ ਆਖਰੀ ਸਾਹ ਲਿਆ। ਉਹ 92 ਵਰ੍ਹੇ ਦੀ ਲੰਮੀ ਤੇ ਅਰਥ-ਭਰਪੂਰ ਜ਼ਿੰਦਗੀ ਗੁਜ਼ਾਰ ਕੇ ਰੁਖ਼ਸਤ ਹੋਏ ਹਨ। ਲੋਕ ਪੱਖੀ ਹਲਕਿਆਂ ’ਚ ਮਾਰਕਸੀ ਚਿੰਤਕ ਵਜੋਂ ਜਾਣੇ ਜਾਂਦੇ ਪ੍ਰੋ. ਰਣਧੀਰ ਸਿੰਘ ਹਮੇਸ਼ਾਂ ਲੋਕ ਪੱਖੀ ਤੇ ਜਮਹੂਰੀ ਹਲਕਿਆਂ ਨਾਲ ਜੁੜੇ ਰਹੇ ਅਤੇ ਵੱਖ ਵੱਖ ਅਹਿਮ ਦੌਰਾਂ ’ਚ ਉਹਨਾਂ ਹਮੇਸ਼ਾਂ ਲੋਕ ਧੜੇ ਦੇ ਹੱਕ ’ਚ ਪੁਜੀਸ਼ਨਾਂ ਲਈਆਂ। ਉਹਨਾਂ ਦਾ ਜੱਦੀ ਪਿੰਡ ਮਾਣੂੰਕੇ (ਜਗਰਾਓਂ) ਸੀ। ਉਹ ਜਵਾਨੀ ਦੇ ਦਿਨਾਂ ’ਚ ਪੜ੍ਹਾਈ ਵੇਲੇ ਤੋਂ ਹੀ ਵਿਦਿਆਰਥੀ ਲਹਿਰ ਨਾਲ ਜੁੜ ਗਏ ਸਨ ਤੇ ਉਹਨਾਂ ਵਿਦਿਆਰਥੀ ਜੀਵਨ ਦੌਰਾਨ ਹੀ ਕੌਮੀ ਮੁਕਤੀ ਲਹਿਰ ’ਚ ਹਿੱਸਾ ਲਿਆ ਅਤੇ ਲੋਕ ਪੱਖੀ ਦ੍ਰਿਸ਼ਟੀਕੋਣ ਦੀ ਪਾਹੁਲ ਪੀਤੀ। ਉਹ ਮਾਰਕਸੀ ਫਲਸਫ਼ੇ ਤੋਂ ਪ੍ਰਭਾਵਿਤ ਹੋਏ ਤੇ ਉਮਰ ਭਰ ਏਸੇ ਨਾਲ ਜੁੜੇ ਰਹੇ। ਕੁੱਝ ਸਮਾਂ ਜੇ. ਐਨ. ਯੂ. ’ਚ ਪੜ੍ਹਾਉਣ ਮਗਰੋਂ ਉਹਨਾਂ ਲੰਮਾ ਅਰਸਾ ਦਿੱਲੀ ਯੂਨੀਵਰਸਿਟੀ ’ਚ ਰਾਜਨੀਤੀ ਸ਼ਾਸਤਰ ਦਾ ਵਿਸ਼ਾ ਪੜ੍ਹਾਇਆ ਤੇ ਲੋਕ ਪੱਖੀ ਦ੍ਰਿਸ਼ਟੀਕੋਣ ਦੇ ਮਾਹਰ ਅਧਿਆਪਕ ਵਜੋਂ ਵਿਦਿਆਰਥੀਆਂ ’ਚ ਮਕਬੂਲ ਹੋਏ। ਉਹਨਾਂ ਸੈਂਕੜੇ ਵਿਦਿਆਰਥੀਆਂ ਨੂੰ ਲੋਕ ਪੱਖੀ ਸਿਆਸਤ ਦੇ ਲੜ ਲਾਇਆ। 1975 ’ਚ ਮੁਲਕ ’ਚ ਲੱਗੀ ਐਮਰਜੈਂਸੀ ਮੌਕੇ ਉਹ ਇਸਦੇ ਖਿਲਾਫ਼ ਆਵਾਜ਼ ਉਠਾਉਣ ਵਾਲੇ ਨਾਮਵਰ ਬੁੱਧੀਜੀਵੀਆਂ ’ਚ ਸ਼ੁਮਾਰ ਸਨ। ਉਹਨਾਂ ਪੰਜਾਬ ’ਚ ਝੁੱਲ ਰਹੀ ਫਿਰਕੂ ਹਨ੍ਹੇਰੀ ਤੇ ਹਕੂਮਤੀ ਦਹਿਸ਼ਤਗਰਦੀ ਦੀ ਜ਼ੋਰਦਾਰ ਨਿੰਦਾ ਕੀਤੀ ਤੇ ਪੀੜਤ ਪੰਜਾਬ ਵਾਸੀਆਂ ਦੇ ਹੱਕ ’ਚ ਨਾਅਰਾ ਮਾਰਿਆ। ਹਾਕਮ ਜਮਾਤਾਂ ਵੱਲੋਂ ਸੌੜੇ ਹਿਤਾਂ ਲਈ ਮੁਲਕ ’ਚ ਵੱਖ ਵੱਖ ਵੇਲਿਆਂ ’ਚ ਫਿਰਕਾਪ੍ਰਸਤੀ ਦੇ ਪਸਾਰੇ ਦੀਆਂ ਸਾਜਿਸ਼ਾਂ ਅਤੇ ਅਮਲਾਂ ਦਾ ਵਿਰੋਧ ਕੀਤਾ ਅਤੇ ਧਰਮ ਦੀ ਸਿਆਸਤ ਲਈ ਵਰਤੋਂ ਨੂੰ ਘਾਤਕ ਕਰਾਰ ਦੇਣ ਦੇ ਮੁਦੱਈ ਰਹੇ। ਉਹਨਾਂ ਅਮਲੀ ਤੌਰ ’ਤੇ ਵੀ ਲੋਕ ਹੱਕਾਂ ਦੀ ਲਹਿਰ ’ਚ ਸ਼ਮੂਲੀਅਤ ਕੀਤੀ। ਉਹ ਲੰਮਾਂ ਸਮਾਂ ਦਿੱਲੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਆਗੂਆਂ ’ਚ ਸ਼ੁਮਾਰ ਰਹੇ। ਕਈ ਟਰੇਡ ਯੂਨੀਅਨਾਂ, ਮਨੁੱਖੀ ਅਧਿਕਾਰ ਗਰੁੱਪਾਂ ਦੇ ਸਰਗਰਮ ਹਮਾਇਤੀ ਰਹੇ ਅਤੇ ਦੇਸ਼ ਭਰ ’ਚ ਔਰਤਾਂ, ਦਲਿਤਾਂ, ਕਬਾਇਲੀਆਂ ਤੇ ਹੋਰ ਦਬਾਏ ਤਬਕਿਆਂ ਦੇ ਹੱਕੀ ਅੰਦੋਲਨਾਂ ਤੇ ਉਹਨਾਂ ਦੀਆਂ ਜੱਥੇਬੰਦੀਆਂ ਦੇ ਸਮਰਥਨ ’ਚ ਵੱਖ ਵੱਖ ਮੌਕਿਆਂ ’ਤੇ ਅੱਗੇ ਆਏ। ਉਹਨਾਂ ਮੌਜੂਦਾ ਲੁਟੇਰੇ ਪੁੰਜੀਵਾਦੀ ਨਿਜ਼ਾਮ ਦੀ ਭਰਵੀਂ ਤੇ ਤਿੱਖੀ ਅਲੋਚਨਾ ਕੀਤੀ।
ਉਹ ਪੰਜਾਬ ਦੇ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਦੀ ਭੈਣ ਸ਼੍ਰੀਮਤੀ ਮਹਿੰਦਰ ਕੌਰ ਦੇ ਜੀਵਨ ਸਾਥੀ ਸਨ। ਉਹਨਾਂ ਦੇ ਦਿਹਾਂਤ ਮਗਰੋ ਉਹਨਾਂ ਦੀਆਂ ਅਸਥੀਆਂ ਨੂੰ ਪੰਜਾਬ ਲਿਆਂਦਾ ਗਿਆ। 7 ਫਰਵਰੀ ਨੂੰ ਚੰਡੀਗੜ੍ਹ ਤੋਂ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਤੇ ਹੋਰਨਾਂ ਲੋਕ ਪੱਖੀ ਜਨਤਕ ਜਮਹੂਰੀ ਜਥੇਬੰਦੀਆਂ ਤੇ ਪਲੇਟਫਾਰਮਾਂ ਦੇ ਆਗੂ ਕਾਰਕੁੰਨਾਂ ਦਾ ਕਾਫ਼ਲਾ ਹੁਸੈਨੀਵਾਲਾ ਲਈ ਰਵਾਨਾ ਹੋਇਆ। ਰਸਤੇ ’ਚ ਸਮਰਾਲਾ, ਲੁਧਿਆਣਾ ਤੇ ਮੋਗਾ ਆਦਿ ਥਾਵਾਂ ਤੇ ਜੁੜੇ ਤਰਕਸ਼ੀਲ, ਲੇਖਕਾਂ, ਸਾਹਿਤਕਾਰਾਂ ਤੇ ਜਮਹੂਰੀ ਕਾਰਕੁੰਨਾਂ ਦੇ ਕਾਫ਼ਲਿਆਂ ਨੇ ਸ਼ਰਧਾਂਜਲੀਆਂ ਦਿੱਤੀਆਂ ਤੇ ਨਾਅਰਿਆਂ ਦੀ ਗੂੰਜ ’ਚ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ। ਉਹਨਾਂ ਦੀ ਯਾਦ ਤੇ ਕਰਨੀ ਨੂੰ ਸਿਜਦਾ ਕਰਨ ਲਈ 12 ਮਾਰਚ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ’ਚ ਇੱਕ ਸ਼ਰਧਾਂਜਲੀ ਸਮਾਗਮ ਜਥੇਬੰਦ ਕੀਤਾ ਜਾ ਰਿਹਾ ਹੈ। ਪ੍ਰੋ. ਰਣਧੀਰ ਸਿੰਘ ਆਪਣੀਆਂ ਸੋਚਾਂ ਤੇ ਅਮਲਾਂ ਰਾਹੀਂ ਸਦਾ ਜਿਉਂਦੇ ਰਹਿਣਗੇ।

No comments:

Post a Comment