Wednesday, March 9, 2016

4. (d) ਫਾਸ਼ੀ ਕਾਰਵਾਈਆਂ ਦਾ ਸੰਸਾਰ ਭਰ ਚ ਵਿਰੋਧ

ਹਿੰਦੂਵਾਦੀ ਫਾਸ਼ੀ ਕਾਰਵਾਈਆਂ ਦਾ ਸੰਸਾਰ ਭਰ ’ਚ ਜ਼ੋਰਦਾਰ ਵਿਰੋਧ

(ਭਾਜਪਾ ਅਤੇ ਸੰਘ ਪਰਿਵਾਰ ਦੀ ਕੇਂਦਰੀ ਹਕੂਮਤ ਵੱਲੋਂ ਕੌਮੀ ਸ਼ਾਵਨਵਾਦੀ ਜਨੂੰਨ ਦੇ ਪਸਾਰੇ ਤੇ ਹਿੰਦੂਵਾਦੀ ਫਾਸ਼ੀ ਕਾਰਵਾਈਆਂ ਦਾ ਸੰਸਾਰ ਦੇ ਅਕਾਦਮਿਕ ਹਿੱਸਿਆਂ, ਜਮਹੂਰੀ ਪਲੇਟਫਾਰਮਾਂ ਤੇ ਬੁੱਧੀਜੀਵੀਆਂ ਨੇ ਵੀ ਗੰਭੀਰ ਨੋਟਿਸ ਲਿਆ ਹੈ ਅਤੇ ਅਜਿਹੇ ਯਤਨਾਂ ਦੀ ਵਿਆਪਕ ਨਿੰਦਾ ਹੋਈ ਹੈ। ਅਸੀਂ ਅਜਿਹੇ ਬਿਆਨਾਂ ਦੇ ਕੁਝ ਮਹੱਤਵਪੂਰਨ ਅੰਸ਼ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ। - ਸੰਪਾਦਕ)

------------

‘‘... ਇਹ ਗ੍ਰਿਫਤਾਰੀ ਮੌਜੂਦਾ ਸਰਕਾਰ ਦੀ ਬਹੁਤ ਜ਼ਿਆਦਾ ਤਾਨਾਸ਼ਾਹੀ ਖਸਲਤ ਦੀ ਇੱਕ ਹੋਰ ਗਵਾਹੀ ਹੈ; ਇਹ ਇਸ ਗੱਲ ਦੀ ਇੱਕ ਹੋਰ ਗਵਾਹੀ ਹੈ ਕਿ ਇਹ ਸਰਕਾਰ ਕਿਸੇ ਵੀ ਵਖਰੇਵੇਂ ਪ੍ਰਤੀ ਅਸਹਿਣਸ਼ੀਲ ਹੈ, ਭਾਰਤ ਦੀ ਸਹਿਣਸ਼ੀਲ ਅਤੇ ਵਿਚਾਰਾਂ ਦੀ ਵੰਨ-ਸੁਵੰਨਤਾ ਵੰਨੀ ਲੰਮੇ ਅਰਸੇ ਤੋਂ ਚੱਲੀ ਆ ਰਹੀ ਪ੍ਰਤੀਬੱਧਤਾ ਨੂੰ ਪਾਸੇ ਸੁੱਟ ਰਹੀ ਹੈ ਅਤੇ ਬਸਤੀਵਾਦੀ ਵੇਲੇ ਦੇ ਅਧਿਕਾਰ ਸਮਿਆਂ ਨੂੰ, ਅਤੇ ਸੰਖੇਪ ਵਿੱਚ ਅੱਧ 1970 ਵਿਆਂ ਵਿੱਚ ਲੱਗੀ ਐਮਰਜੈਂਸੀ ਨੂੰ ਦੁਹਰਾ ਰਹੀ ਹੈ।
... ਅਸੀਂ ਹੇਠਾਂ ਦਸਤਖਤ ਕਰਨ ਵਾਲੇ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ, ਯੂਨੀਵਰਸਿਟੀ ਵਿੱਚ ਵਾਪਰੀਆਂ ਘਟਨਾਵਾਂ ਦੇ ਟਾਕਰੇ ਦੀਆਂ ਕੋਸ਼ਿਸ਼ਾਂ ਨਾਲ ਤਹਿਦਿਲੋਂ ਇੱਕਮੁਠਤਾ ਦਾ ਸਟੈਂਡ ਲੈਂਦੇ ਹਾਂ। ... ਅਸੀਂ ਨਾ ਸਿਰਫ਼ ਮੌਜੂਦਾ ਸਰਕਾਰ ਵੱਲੋਂ ਭਾਰਤ ਵਿੱਚ ਪੈਦਾ ਕੀਤੇ ਤਾਨਾਸ਼ਾਹੀ ਖ਼ਤਰੇ ਦੇ ਸਭਿਆਚਾਰ ਦੀ ਨਿਖੇਧੀ ਕਰਦੇ ਹਾਂ ਸਗੋਂ ਉਹਨਾਂ ਸਾਰਿਆਂ ਉੱਤੇ, ਜਿਹੜੇ ਭਾਰਤ ਦੇ ਅਤੇ ਭਾਰਤੀ ਯੂਨੀਵਰਸਿਟੀਆਂ ਦੇ ਭਵਿੱਖ ਬਾਰੇ ਤਹਿਦਿਲੋਂ ਸਰੋਕਾਰ ਰੱਖਦੇ ਹਨ ਇਸ ਗੱਲ ਲਈ ਜ਼ੋਰ ਪਾਉਂਦੇ ਹਾਂ ਕਿ ਉਹ ਇਸਦੇ ਖਿਲਾਫ਼ ਵਿਸ਼ਾਲ ਲਾਮਬੰਦੀ ਰਾਹੀਂ ਰੋਸ ਜ਼ਾਹਰ ਕਰਨ। ...’’
ਇਸ ਬਿਆਨ ’ਤੇ ਉੱਘੇ ਅਮਰੀਕੀ ਚਿੰਤਕ ਨਾਓਮ ਚੌਮਸਕੀ ਸਮੇਤ 63 ਵਿਦਵਾਨਾਂ ਦੇ ਦਸਤਖਤ ਹਨ ਜਿਨ੍ਹਾਂ ਵਿੱਚ ਇੱਕ ਨੋਬਲ ਇਨਾਮ ਜੇਤੂ, ਤੁਰਕੀ ਦਾ ਔਰਹਨ ਪਾਮਿਕ ਵੀ ਸ਼ਾਮਲ ਹੈ। ਇਹ ਵਿਦਵਾਨ 13 ਦੇਸ਼ਾਂ ਦੀਆਂ ਉੱਘੀਆਂ ਵਿੱਦਿਅਕ ਅਤੇ ਖੋਜ ਸੰਸਥਾਵਾਂ ਨਾਲ ਸਬੰਧਤ ਹਨ।

------------


‘‘ਅਸੀਂ ਭਾਜਪਾ ਸਰਕਾਰ ਦੇ ਹੁਕਮਾਂ ਤੇ ਜੇ. ਐਨ. ਯੂ. ਕੈਂਪਸ ’ਚ ਕੀਤੀ ਗਈ ਪੁਲਸ ਕਾਰਵਾਈ ਅਤੇ ਜੇ. ਐਨ. ਯੂ. ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਦੀ ਗੈਰ-ਕਾਨੂੰਨੀ ਹਿਰਾਸਤ ਦੀ ਨਿਖੇਧੀ ਕਰਦੇ ਹਾਂ। ਜਿਸ ਢੰਗ ਨਾਲ ਸਿਆਸੀ ਅਸਹਿਮਤੀ ਦੀ ਸੰਘੀ ਘੁੱਟੀ ਜਾ ਰਹੀ ਹੈ ਅਤੇ ਅਕੈਡਮਿਕ ਅਦਾਰਿਆਂ ਦੀ ਕਿਲ੍ਹੇ ਬੰਦੀ ਕੀਤੀ ਜਾ ਰਹੀ ਹੈ, ਅਸੀਂ ਉਸਦੀ ਪੁਰਜ਼ੋਰ ਨਿਖੇਧੀ ਕਰਦੇ ਹਾਂ। ਅਸੀਂ ਇਸ ਪੁਲਸ ਕਾਰਵਾਈ ਦੇ ਸਿੱਟੇ ਵਜੋਂ ਖੱਬੇ-ਪੱਖੀ ਵਿਦਿਆਰਥੀਆਂ ਅਤੇ ਵਿਦਿਆਰਥੀ ਗਰੁੱਪਾਂ ਦੇ ਵਿਆਪਕ ਪੈਮਾਨੇ ’ਤੇ ਕੀਤੇ ਜਾ ਰਹੇ ਸ਼ਿਕਾਰ-ਪਿੱਛੇ ਦੀ ਵੀ ਨਿਖੇਧੀ ਕਰਦੇ ਹਾਂ। ਇਹ ਕਾਰਵਾਈਆਂ ਜਾਤਪ੍ਰਸਤ, ਬ੍ਰਾਹਮਣਵਾਦੀ, ਇੱਕ ਰੰਗੀ ਤੇ ਪੁਰਸ਼-ਪ੍ਰਧਾਨ ਸੰਸਾਰ ਦ੍ਰਿਸ਼ਟੀਕੋਣ ਦੀ ਵਕਾਲਤ ਕਰਨ ਵਾਲੇ ਘੋਰ ਸ਼ਾਵਨਵਾਦੀ ਸਭਿਆਚਾਰਕ ਕੌਮਵਾਦ ਦੀ ਦੇਣ ਹਨ।’’
ਔਕਸਫੋਰਡ ਯੂਨੀਵਰਸਿਟੀ, ਕੈਂਬਰਿਜ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ਼ ਇਕਨੌਮਿਕਸ ਦੇ 360 ਤੋਂ ਵੱਧ ਵਿਦਵਾਨਾਂ ਅਤੇ ਵਿੱਦਿਅਕ ਮਾਹਰਾਂ ਵੱਲੋਂ ਜਾਰੀ ‘‘ਜੇ. ਐਨ. ਯੂ. ਦਾ ਸਾਥ ਦਿਓ’’ ਨਾਂ ਦੀ ਚਿੱਠੀ ’ਚੋਂ

------------


‘‘ਸੰਖੇਪ ’ਚ, ਇਹ ਅਜਿਹੀਆਂ ਦੋ ਧਿਰਾਂ ਵਿਚਕਾਰ ਸੰਘਰਸ਼ ਹੈ, ਜਿਨ੍ਹਾਂ ’ਚੋਂ ਇੱਕ ਜਮਹੂਰੀ, ਬਹੁਭਾਂਤੀ, ਸਭ ਨੂੰ ਸ਼ਾਮਲ ਕਰਨ ਵਾਲੀ ਜਾਂ ਘੱਟੋ ਘੱਟ ਮੁੱਢਲੀ ਜਿਹੀ ਬਰਾਬਰਤਾ ਵਾਲੀ ਭਾਰਤੀ ਕੌਮ ਦੀ ਹਾਮੀ ਹੈ; ਅਤੇ ਦੂਜੀ ਉਹ ਧਿਰ ਹੈ ਜਿਸ ਲਈ ਕੌਮਪ੍ਰਸਤੀ ਅਜਿਹਾ ਮਾਰੂ ਵਿਸ਼ ਘੋਲ ਹੈ ਜਿਸ ਵਿੱਚ ਹਮਲਾਵਰ ਧਾਰਮਕ ਧੌਂਸਬਾਜ਼ੀ ਅਤੇ ਓਨਾ ਹੀ ਵਹਿਸ਼ੀ ਬੇਲਗਾਮ ਪੂਜੀਵਾਦੀ ਵਿਕਾਸ ਰਲਿਆ ਹੋਇਆ ਹੈ। ਅਜਿਹੀ ਕੌਮਪ੍ਰਸਤੀ ਜਿਸਨੂੰ ਨਾ ਲੋਥਾਂ ਦੀ ਗਿਣਤੀ ਨਾਲ ਤੇ ਨਾ ਹੀ ਵਧਦੀ ਗੈਰ-ਬਰਾਬਰਤਾ ਨਾਲ ਕੋਈ ਫ਼ਰਕ ਪੈਂਦਾ ਹੈ।
ਇੰਝ ਲੱਗਦਾ ਹੈ ਕਿ ਭਾਰਤ ਨੂੰ ਮੁੱਖ ਤੌਰ ’ਤੇ ਹਿੰਦੂ ਮੁਲਕ ਵਜੋਂ ਮੰਨ ਕੇ ਚੱਲਣ ਵਾਲਿਆਂ ਲਈ, ਜਿਨ੍ਹਾਂ ਵਿੱਚ ਮੋਦੀ ਸਰਕਾਰ ਦੇ ਕਈ ਵਿਅਕਤੀ ਸ਼ਾਮਲ ਹਨ, ‘‘ਕੌਮ ਧ੍ਰੋਹੀਆਂ’’ ਦੀ ਲਿਸਟ ’ਚ ... ਮੁਸਲਮਾਨ, ਦਲਿਤ, ਇਸਾਈ, ਖੱਬੇ ਪੱਖੀ ਅਤੇ ਉਦਾਰਵਾਦੀ ਕਾਰਕੁੰਨਾਂ ਤੋਂ ਲੈ ਕੇ ਹਰ ਉਹ ਵਿਅਕਤੀ ਸ਼ਾਮਲ ਹੈ ਜੋ ਕਸ਼ਮੀਰ ’ਚ ਭਾਰਤੀ ਰਾਜ ਦੀਆਂ ਕਾਰਵਾਈਆਂ ’ਤੇ ਸਵਾਲ ਉਠਾਉਂਦਾ ਹੈ ਜਾਂ ਧਾਰਮਕ ਅਸਹਿਣਸ਼ੀਲਤਾਂ ਦੇ ਗਲ਼ਤ ਹੋਣ ਗੱਲ ਕਰਦਾ ਹੈ।’’
ਇੰਗਲੈਂਡ ਦੇ ਪ੍ਰਸਿੱਧ ਅਖਬਾਰ ‘‘ਦ ਗਾਰਡੀਅਨ’’ ’ਚ ਛਪੇ ਕੈਂਬਰਿਜ ਯੂਨੀਵਰਸਿਟੀ ਦੇ ਪ੍ਰਿਅਮਵਾਦਾ ਗੋਪਾਲ ਦੇ ਲੇਖ ’ਚੋਂ

------------


‘‘ਅਸੀਂ ਜੇ. ਐਨ. ਯੂ. ਦੇ ਵਿਦਿਆਰਥੀਆਂ ਅਤੇ ਅਧਿਆਪਕ ਵਰਗ ਦੇ ਹੌਂਸਲੇ ਦਾ ਸਮਰਥਨ ਕਰਦੇ ਹਾਂ ਜਿਹੜੇ ਗੰਭੀਰ ਸਮਾਜਕ ਸਰੋਕਾਰਾਂ - ਜਿਵੇਂ ਗੈਰ-ਬਰਾਬਰੀ, ਜਬਰ ਅਤੇ ਹਾਸ਼ੀਆਗ੍ਰਸਤ ਕਰਨ ਦੇ ਮੁੱਦੇ - ਨੂੰ ਸੰਬੋਧਤ ਹੋਏ ਹਨ। ਅਸੀਂ ਕਸ਼ਮੀਰ ਅੰਦਰ ਦਹਾਕਿਆਂ ਦੇ ਫੌਜੀ ਕਬਜ਼ੇ ਹੇਠ ਹੋਈਆਂ ਜ਼ਿਆਦਤੀਆਂ ਨੂੰ ਸੰਬੋਧਤ ਹੋਣ ਦੇ ਯਤਨਾਂ ਦੇ ਨਾਲ ਖੜ੍ਹੇ ਹਾਂ। ਜੇ. ਐਨ. ਯੂ. ਦੇ ਵਿਦਿਆਰਥੀ ਆਗੂਆਂ ਨੇ ਅਫ਼ਜ਼ਲ ਗੁਰੂ ਦੀ ਗੁਪਤ ਫਾਂਸੀ, ਬਿਨਾਂ ਢੁੱਕਵੇਂ ਅਮਲ ਦੇ ਚੱਲੇ ਉਸਦੇ ਕੇਸ ਦੇ ਮਾਮਲੇ ਬਾਰੇ ਅਤੇ ਅਫ਼ਜ਼ਲ ਗੁਰੂ ਦੇ ਕਤਲ ਬਾਰੇ, ਜਿਸਦੀ ਹਿਊਮਨ ਰਾਈਟਸ ਵਾਚ ਅਤੇ ਐਮਨਸਟੀ ਇੰਟਰਨੈਸ਼ਨਲ ਨੇ ਵੀ ਨਿੰਦਾ ਕੀਤੀ ਸੀ, ਗੱਲ ਕਰਕੇ ਹੌਂਸਲਾ ਵਿਖਾਇਆ ਹੈ।’’
ਯੂਨੀਵਰਸਿਟੀ ਆਫ਼ ਬੈਰੂਤ, ਲਿਬਨਾਨ ਦੇ 134 ਅਧਿਆਪਕਾਂ, ਵਿਦਿਆਰਥੀਆਂ, ਸਟਾਫ਼ ਅਤੇ ਹੋਰ ਸਬੰਧਤ ਮੈਂਬਰ

------------


‘‘... ਅਸੀਂ ਭਾਰਤ ਅੰਦਰ ਜੇ. ਐਨ. ਯੂ. ਦੇ ਵਿਦਿਆਰਥੀਆਂ ਖਿਲਾਫ਼ ਕੀਤੀ ਗੈਰ ਸੰਵਿਧਾਨਕ, ਗੈਰ-ਜਮਹੂਰੀ ਅਤੇ ਬੇਤੁਕੀ ਕਾਰਵਾਈ ਦੀ ਸਖ਼ਤ ਨਿੰਦਾ ਕਰਦੇ ਹਨ। ...
ਮੌਜੂਦਾ ਭਾਰਤੀ ਸਰਕਾਰ ਕੌਮਪ੍ਰਸਤੀ ਦਾ ਅਜਿਹਾ ਕਿੰਤੂ ਰਹਿਤ ਸੰਵਾਦ ਸਿਰਜਣ ਦਾ ਅਜੰਡਾ ਲੈ ਕੇ ਚੱਲ ਰਹੀ ਹੈ ਜੋ ਉੱਚ ਜਾਤੀ, ਹਿੰਦੂ, ਮਰਦ ਪ੍ਰਧਾਨ ਸੰਸਾਰ ਦ੍ਰਿਸ਼ਟੀਕੋਣ ਦੀ ਸੇਵਾ ਕਰਦਾ ਹੈ, ਇਹ ਵਿਸ਼ੇਸ਼ ਤੌਰ ’ਤੇ ਫਿਕਰ ਕਰਨ ਵਾਲੀ ਗੱਲ ਹੈ। ਘੱਟ ਗਿਣਤੀ ਵਿਚਾਰਾਂ ਅਤੇ ਵਿਰੋਧ ਦੀਆਂ ਆਵਾਜ਼ਾਂ ਨੂੰ ਗੁੱਠੇ ਲਾਉਣ ਅਤੇ ਦਬਾਉਣ ਦਾ ਸਿਲਸਿਲਾ ਚੱਲ ਰਿਹਾ ਹੈ। ਉਮਰ ਖਾਲਿਦ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਜਿਸ ਤਰ੍ਹਾਂ ਸੋਚੇ ਸਮਝੇ ਕਦਮਾਂ ਤਹਿਤ ‘‘ਦੇਸ਼ ਧ੍ਰੋਹੀ ਮੁਲਸਮ ਅੱਤਵਾਦੀ’’ ਗਰਦਾਨ ਕੇ ਹਮਲੇ ਹੇਠ ਲਿਆਂਦਾ ਗਿਆ ਹੈ, ਇਹ ਭਾਰਤੀ ਰਾਜ ਵੱਲੋਂ ਨਕਲੀ ਦੁਸ਼ਮਣ ਖੜ੍ਹੇ ਕਰਨ ਤੇ ਇਨ੍ਹਾਂ ਵਿਰੁੱਧ ਲੜਾਈ ਲੜਨ ਦੇ ਅਜੰਡੇ ਦਾ ਅੰਗ ਹੈ।’’
ਕੌਰਨਲ ਯਨੀਵਰਸਿਟੀ, ਨਿਊਯਾਰਕ (ਅਮਰੀਕਾ) ਦੇ
140 ਸਟਾਫ਼ ਮੈਂਬਰਾਂ, ਸਾਬਕਾ ਵਿਦਿਆਰਥੀਆਂ, ਮੌਜੂਦਾ ਵਿਦਿਆਰਥੀਆਂ ਅਤੇ ਸਾਂਝੀ ਵਿਦਿਆਰਥੀ ਜਥੇਬੰਦੀ ਵੱਲੋਂ ਜਾਰੀ ਚਿੱਠੀ

------------


‘‘ਸੰਕਟ ਦੀ ਮੌਜੂਦਾ ਘੜੀ ’ਚ, ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਵਿਚਾਰਾਂ ਦੀ ਆਜ਼ਾਦੀ ਨੂੰ ਸਾਲਮ ਰੱਖੇ ਕਿਉਂਕਿ ਇਹ ਉੱਚ ਸਿੱਖਿਆ ਦੀ ਕਿਸੇ ਵੀ ਕੌਮੀ ਸੰਸਥਾ ਲਈ ਜ਼ਰੂਰੀ ਹੈ ਅਤੇ ਮੰਗ ਕਰਦੇ ਹਾਂ ਕਿ ਉਹ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਅਤੇ ਕਾਰਵਿਹਾਰ ਦੀ ਲਗਾਤਾਰਤਾ ਬਣਾ ਕੇ ਰੱਖਣ ਲਈ ਯਤਨ ਜੁਟਾਵੇ।’’
ਜਾਪਾਨ ਦੀਆਂ ਵੱਖ ਵੱਖ ਸਿੱਖਿਆ, ਖੋਜ ਅਤੇ ਅਧਿਆਪਨ ਸੰਸਥਾਵਾਂ ਦੇ 18 ਮੈਂਬਰਾਂ ਵੱਲੋਂ ਜਾਰੀ ਚਿੱਠੀ ’ਚੋਂ

------------


‘‘ਅਸੀਂ ਜੇ. ਐਨ. ਯੂ. ਅਧਿਆਪਕ ਐਸੋਸਿਏਸ਼ਨ ਅਤੇ ਜਮਹੂਰੀ ਅਮਲ ਰਾਹੀਂ ਚੁਣੀ ਗਈ ਜੇ. ਐਨ. ਯੂ. ਵਿਦਿਆਰਥੀ ਯੂਨੀਅਨ ਦਾ ਪੂਰਾ ਸਮਰਥਨ ਕਰਦੇ ਹਾਂ। ਸਾਡਾ ਮੰਨਣਾ ਹੈ ਕਿ ਕੌਮ, ਰਾਜ ਅਤੇ ਸਮੇਂ ਦੀ ਸਰਕਾਰ ਵੱਖੋ ਵੱਖਰੀਆਂ ਚੀਜ਼ਾਂ ਹਨ, ਅਤੇ ਅਸੀਂ ਮਤ ਪ੍ਰਗਟ ਕਰਨ ਦੇ ਤੁਹਾਡੇ ਸੰਵਿਧਾਨਕ ਅਧਿਕਾਰ ਦੀ ਪੂਰੀ ਹਮਾਇਤ ਕਰਦੇ ਹਾਂ, ਚਾਹੇ ਉਹ ਮਤ ਕਿੰਨਾ ਵੀ ਵੱਖਰਾ ਜਾਂ ਉਲਟ ਕਿਉਂ ਨਾ ਹੋਵੇ। ਅਸੀਂ ਇਹ ਵੀ ਮੰਨਦੇ ਹਾਂ ਕਿ ਇਸ ਵਿੱਚ ਕਿਸੇ ਵੀ ਵਿਸ਼ੇਸ਼ ਹਕੂਮਤੀ ਵਿਚਾਰਧਾਰ, ਪਾਰਟੀ ਜਾਂ ਰਾਜ ਮਸ਼ੀਨਰੀ ਦੇ ਗੈਰ-ਕਾਨੂੰਨੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦਾ। ...
ਅਸੀਂ ਤੁਹਾਡੇ ਨਾਲ ਹਾਂ ਜਿਨ੍ਹਾਂ ਲਈ ਯੂਨੀਵਰਸਿਟੀ ਵਿਚਾਰਾਂ ਦਾ ਇੱਕ ਅਜਿਹਾ ਅਖਾੜਾ ਹੈ ਜਿਥੇ ਹਰ ਵਿਚਾਰ ਅਤੇ ਮਤ ਨੂੰ ਹਰ ਨਵੇਂ ਢੰਗ ਤਰੀਕੇ ਨਾਲ ਤੇ ਜੋਸ਼ ਨਾਲ ਰਿੜਕਿਆ, ਫਰੋਲਿਆ ਤੇ ਪੜਚੋਲਵੇਂ ਢੰਗ ਨਾਲ ਮੁੜ-ਕਿਆਸਿਆ ਜਾਂਦਾ ਹੈ, ਇੰਝ ਹੋਣ ਨਾਲ ਹੀ ਜਾਗਰੂਕ ਨਾਗਰਿਕਾਂ ਦੀ ਉਸਾਰੀ ਹੁੰਦੀ ਹੈ। ਲਾਜ਼ਮੀ ਹੀ ਅਜਿਹਾ ਬਿਨਾਂ ਕਿਸੇ ਡਰ, ਜਾਂ ਸਜ਼ਾ ਦੇ ਭੈਅ ਜਾਂ ਦੇਸ਼ ਧਰੋਹ ਦੇ ਦੋਸ਼ਾਂ ਦੇ ਹੋਣਾ ਚਾਹੀਦਾ ਹੈ ।’’

ਕੁੱਲ ਭਾਰਤ ਅਤੇ ਹੋਰਨਾਂ ਥਾਵਾਂ ਦੇ 131

ਇਮਾਰਤਸਾਜ਼ਾਂ ਵੱਲੋਂ ਜਾਰੀ ਹਮਾਇਤੀ ਪੱਤਰ

No comments:

Post a Comment