Wednesday, March 9, 2016

17) ਖਡੂਰ ਸਾਹਿਬ ਚੋਣ ਦੌਰਾਨ ਕਿਸਾਨ ਮੁੱਦੇ

ਖਡੂਰ ਸਾਹਿਬ ਜ਼ਿਮਨੀ ਚੋਣ ਦੌਰਾਨ ਕਿਸਾਨ ਮੁੱਦਿਆਂ ’ਤੇ ਸੰਘਰਸ਼ ਦੀ ਗੂੰਜ

ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਨ ਭਖੇ ਹਾਕਮ ਜਮਾਤੀ ਸਿਆਸਤ ਦੇ ਪਿੜ ਦੇ ਸ਼ੋਰ ਦਰਮਿਆਨ ਕਿਸਾਨ ਮੁੱਦਿਆਂ ਦੀ ਗੂੰਜ ਪੂਰੇ ਜ਼ੋਰ ਨਾਲ ਸੁਣਾਈ ਦਿੱਤੀ ਹੈ। ਪਾਟਕ ਪਾਊ ਤੇ ਭਰਮਾਊ ਸਿਆਸਤ ਦੇ ਹਥਕੰਡਿਆਂ ਦੇ ਮੁਕਾਬਲੇ ’ਤੇ ਖਰੀ ਤਬਕਾਤੀ ਏਕਤਾ ਤੇ ਸੰਘਰਸ਼ ਦਾ ਪੈਂਤੜਾ ਉੱਭਰਿਆ ਹੈ। ਹਾਕਮ ਧਿਰ ਨੂੰ ਮਿਲੀ ਹੋਈ ਕਿਸਾਨ ਰੋਹ ਦੀ ਚੁਣੌਤੀ ਦਾ ਸਾਹਮਣਾ ਖਡੂਰ ਸਾਹਿਬ ਚੋਣ ਮੁਹਿੰਮ ਦੌਰਾਨ ਵੀ ਕਰਨਾ ਪਿਆ ਹੈ। ਸ਼੍ਰੀ ਸਤਨਾਮ ਸਿੰਘ ਪਨੂੰ ਦੀ ਅਗਵਾਈ ਹੇਠਲੀ ਕਿਸਾਨ ਸੰਘਰਸ਼ ਕਮੇਟੀ ਵੱਲੋਂ ਫੌਰੀ ਤੇ ਅਹਿਮ ਕਿਸਾਨ ਮੰਗਾਂ ਨੂੰ ਲੈ ਕੇ ਹਲਕੇ ’ਚ 4 ਦਿਨ ਜ਼ੋਰਦਾਰ ਘੋਲ ਸਰਗਰਮੀ ਕੀਤੀ ਗਈ ਤੇ ਮੰਗਾਂ ਦੇ ਹੱਲ ਲਈ ਬਾਦਲ ਹਕੂਮਤ ’ਤੇ ਦਬਾਅ ਬਣਾਇਆ ਗਿਆ। ਕਰਜ਼ਾ ਰਾਹਤ ਬਿੱਲ ਪਾਸ ਕਰਵਾਉਣ, ਕਣਕ-ਝੋਨੇ ਦੀ ਸਰਕਾਰੀ ਖਰੀਦ ਜਾਰੀ ਰੱਖਣ, ਕਾਲਾ ਕਾਨੂੰਨ ਰੱਦ ਕਰਵਾਉਣ, ਵਿਸ਼ਵ ਵਪਾਰ ਸੰਸਥਾ ਦੇ ਕਿਸਾਨ ਵਿਰੋਧੀ ਫੁਰਮਾਨ ਰੱਦ ਕਰਵਾਉਣ, ਫ਼ਸਲੀ ਬੀਮਾ ਯੋਜਨਾ ਲਾਗੂ ਕਰਵਾਉਣ, ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਰੱਦ ਕਰਵਾਉਣ ਤੇ ਆਬਾਦਕਾਰਾਂ ਨੂੰ ਮਾਲਕੀ ਦੇ ਹੱਕਾਂ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਵਰਗੀਆਂ ਵਡੇਰੀ ਮਹੱਤਤਾ ਵਾਲੀਆਂ ਮੰਗਾਂ ਦੇ ਨਾਲ ਨਾਲ ਟਾਹਲੀ ਤੇ ਬਸਤੀ ਨਾਮਦੇਵ ਪਿੰਡਾਂ ਦੇ ਕਿਸਾਨਾਂ ਦਾ ਉਜਾੜਾ ਫੌਰੀ ਬੰਦ ਕਰਵਾਉਣ, ਬਹਿਕਾਂ ਦੇ ਹਰ ਘਰ ਨੂੰ 24 ਘੰਟੇ ਬਿਜਲੀ ਸਪਲਾਈ ਜਾਰੀ ਕਰਵਾਉਣ, 21 ਫਰਵਰੀ 2014 ਨੂੰ ਚੀਫ਼ ਦਫ਼ਤਰ ਪਾਵਰਕਾਮ ਅੰਮ੍ਰਿਤਸਰ ’ਚ ਹੋਏ ਸਮਝੌਤੇ ਅਨੁਸਾਰ ਮੁਆਵਜ਼ਾ ਜਾਰੀ ਕਰਵਾਉਣ, ਕਿਸਾਨ ਆਗੂ ਕਾਰਕੁੰਨਾਂ ਸਿਰ ਪਾਏ ਝੂਠੇ ਕੇਸ ਰੱਦ ਕਰਵਾਉਣ ਤੇ ਖੇਤ-ਮਜ਼ਦੂਰਾਂ ਤੇ ਕਿਸਾਨਾਂ ਨੂੰ ਪੰਜ ਹਜ਼ਾਰ ਰੁਪਏ ਪੈਨਸ਼ਨ ਲਗਵਾਉਣ ਵਰਗੀਆਂ ਫੌਰੀ ਮੰਗਾਂ ਨੂੰ ਲੈ ਕੇ ਪਹਿਲਾਂ ਇਲਾਕੇ ਭਰ ਦੇ ਪਿੰਡਾਂ ਦੀ ਲਾਮਬੰਦੀ ਕੀਤੀ ਗਈ ਅਤੇ 6 ਫਰਵਰੀ ਤੋਂ ਖਡੂਰ ਸਾਹਿਬ ਐਸ. ਡੀ. ਐਮ. ਦਫ਼ਤਰ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਗਿਆ, ਜਿੱਥੇ ਜ਼ਿਲ੍ਹੇ ਭਰ ’ਚੋਂ ਭਾਰੀ ਗਿਣਤੀ ਕਿਸਾਨ ਪੁੱਜੇ। ਸ਼ਾਮ ਨੂੰ ਕਸਬੇ ਦੀਆਂ ਸੜਕਾਂ ’ਤੇ ਰੋਹ ਭਰਪੂਰ ਮੁਜ਼ਾਹਰਾ ਹੋਇਆ। ਅਗਲੇ ਦੋ ਦਿਨ ਕਿਸਾਨਾਂ ਦੇ ਕਾਫ਼ਲਿਆਂ ਨੇ ਹਲਕੇ ਦੇ ਲਗਭਗ 4 ਦਰਜਨ ਪਿੰਡਾਂ ’ਚ ਜੱਥਾ ਮਾਰਚ ਕੀਤਾ ਤੇ ਪਿੰਡ ਪਿੰਡ ਜਾ ਕੇ ਬਾਦਲ ਹਕੂਮਤ ਦਾ ਕਿਸਾਨ ਦੋਖੀ ਚਿਹਰਾ ਨੰਗਾ ਕੀਤਾ ਗਿਆ। ਇਸ ਦੌਰਾਨ ਇੱਕ ਪਿੰਡ ’ਚ ਰੈਲੀ ਕਰ ਰਹੇ ਅਕਾਲੀ ਉਮੀਦਵਾਰ ਬ੍ਰਹਮਪੁਰਾ ਦੇ ਗੁੰਡਿਆਂ ਨਾਲ ਝੜਪ ਹੁੰਦੀ ਹੁੰਦੀ ਬਚੀ। ਅਕਾਲੀ ਹਕੂਮਤ ਦੇ ਅਜਿਹੇ ਵਿਹਾਰ ਨੇ ਕਿਸਾਨ ਕਾਰਕੁੰਨਾਂ ’ਚ ਰੋਹ ਤੇ ਜੋਸ਼ ਨੂੰ ਹੋਰ ਜਰਬਾਂ ਦੇ ਦਿੱਤੀਆਂ। ਚੌਥੇ ਦਿਨ ਦਬਾਅ ਵਧਾਉਣ ਲਈ ਮਾਝੇ ਤੇ ਦੁਆਬੇ ਨੂੰ ਜੋੜਦੇ ਗੋਇੰਦਵਾਲ ਸਾਹਿਬ ਪੁਲ ਨੂੰ ਜਾਮ ਕਰ ਦਿੱਤਾ ਗਿਆ। ਦੁਪਹਿਰੇ ਇੱਕ ਵਜੇ ਤੋਂ ਸ਼ੁਰੂ ਹੋਇਆ ਜਾਮ ਸ਼ਾਮ 6.30 ਵਜੇ ਤੱਕ ਜਾਰੀ ਰਿਹਾ। ਆਖਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਏ. ਡੀ. ਸੀ. ਨੇ ਆਪ ਆ ਕੇ 18 ਫਰਵਰੀ ਦੀ ਮੁੱਖ ਮੰਤਰੀ ਨਾਲ ਮੀਟਿੰਗ ਤਹਿ ਕਰਵਾਈ ਤਾਂ ਜਾਮ ਖੋਹਲਿਆ ਗਿਆ। ਇਨ੍ਹਾਂ ਇਕੱਠਾਂ ਦੌਰਾਨ ਜਿੱਥੇ ਬੁਲਾਰਿਆਂ ਨੇ ਕਿਸਾਨ ਮੰਗਾਂ ਪ੍ਰਤੀ ਬਾਦਲ ਹਕੂਮਤ ਦੇ ਕਿਰਦਾਰ ਤੇ ਵਿਹਾਰ ਨੂੰ ਉਜਾਗਰ ਕੀਤਾ ਤੇ ਹੱਕਾਂ ਲਈ ਸੰਘਰਸ਼ ਦਾ ਮਹੱਤਵ ਉਘਾੜਿਆ ਉੱਥੇ ਬਾਦਲ ਹਕੂਮਤ ਵੱਲੋਂ ਫੈਲਾਏ ਭ੍ਰਿਸ਼ਟਾਚਾਰ ਅਤੇ ਧੱਕੜ ਜਾਬਰ ਕਦਮਾਂ ਦਾ ਪਾਜ ਉਘੇੜਿਆ ਗਿਆ। ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਸਰਕਾਰੀ ਰਵੱਈਏ ਦੀ ਨਿੰਦਾ ਕੀਤੀ ਗਈ ਅਤੇ ਦੋਸ਼ੀ ਗ੍ਰਿਫ਼ਤਾਰ  ਕਰਨ ਦੀ ਮੰਗ ਵੀ ਉਭਾਰੀ ਗਈ।
ਇਸ ਚਾਰ ਦਿਨ ਦੀ ਜ਼ੋਰਦਾਰ ਸੰਘਰਸ਼ ਸਰਗਰਮੀ ਨੇ ਲੋਕਾਂ ’ਚ ਪਹਿਲਾਂ ਹੀ ਅਕਾਲੀ ਦਲ ਖਿਲਾਫ਼ ਫੈਲੇ ਰੋਸ ਨੂੰ ਸਹੀ ਮੂੰਹਾਂ ਦਿੱਤਾ ਤੇ ਹਾਕਮ ਜਮਾਤੀ ਭਟਕਾਊ ਵੋਟ ਸਿਆਸਤ ਦੇ ਰਾਮ ਰੌਲੇ ਦੌਰਾਨ ਹਕੀਕੀ ਤਬਕਾਤੀ ਮੁੱਦਿਆਂ ਨੂੰ ਉਭਾਰਿਆ, ਲੋਕਾਂ ਦੀ ਸੁਰਤ ’ਚ ਬਣਾਈ ਰੱਖਿਆ ਤੇ ਚੋਣਾਂ ’ਚ ਘਿਰੀ ਹਕੂਮਤ ’ਤੇ ਦਬਾਅ ਬਣਾਉਣ ਦੇ ਮੌਕੇ ਦਾ ਢੁੱਕਵਾਂ ਲਾਹਾ ਲਿਆ ਗਿਆ। ਵਿਆਪਕ ਕਿਸਾਨ ਸ਼ਮੂਲੀਅਤ ਵਾਲੀ ਇਸ ਘੋਲ਼ ਸਰਗਰਮੀ ਨੇ ਚੱਲ ਰਹੇ ਕਿਸਾਨ ਘੋਲ ਦਾ ਵੇਗ ਬਰਕਰਾਰ ਰੱਖਣ ’ਚ ਅਹਿਮ ਹਿੱਸਾ ਪਾਇਆ। ਮਾਲਵੇ ’ਚ ਲੱਗੇ ਰਾਏਕੇ ਕਲਾਂ ਦੇ ਮੋਰਚੇ ਤੋਂ ਬਾਅਦ ਮਾਝੇ ’ਚ ਉੱਚੀ ਹੋਈ ਕਿਸਾਨ ਅੰਦੋਲਨ ਦੀ ਗੂੰਜ ਨੂੰ ਬਾਦਲ ਸਰਕਾਰ ਅਣਗੌਲਿਆ ਨਾ ਕਰ ਸਕੀ ਤੇ ਉਸਨੂੰ ਮਜਬੂਰਨ ਰਾਏਕੇ ਕਲਾਂ ’ਚ ਕੀਤੇ ਵਾਅਦੇ ਅਨੁਸਾਰ 18 ਫਰਵਰੀ ਦੀ ਮੀਟਿੰਗ ਕਰਨੀ ਪਈ।
ਇਸ ਸ਼ਾਨਦਾਰ ਸੰਘਰਸ਼ ਸਰਗਰਮੀ ਦੇ ਦੌਰਾਨ ਹੀ ਕਮੇਟੀ ਵੱਲੋਂ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਅੰਦਰ ਅਕਾਲੀ ਦਲ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ। ਕਿਸਾਨ ਹੱਕਾਂ ਲਈ ਡਟਣ ਵਾਲੀ ਕਿਸੇ ਜਥੇਬੰਦੀ ਲਈ ਇਸ ਪੱਖੋਂ ਕਾਫ਼ੀ ਸੁਚੇਤ ਰਹਿਣ ਦੀ ਲੋੜ ਹੈ ਕਿ ਹਾਕਮ ਜਮਾਤੀ ਸਿਆਸਤ ’ਚ ਕੁਰਸੀ ਲਈ ਖਹਿ ਖਿੰਝ ਦਰਮਿਆਨ ਅਜਿਹੇ ਸੱਦੇ ਸੰਘਰਸ਼ਸ਼ੀਲ ਜਨਤਾ ਅੰਦਰ ਹਾਕਮ ਜਮਾਤਾਂ ਦੇ ਅਸਲ ਕਿਰਦਾਰ ਬਾਰੇ ਸ਼ੰਕੇ ਖੜ੍ਹੇ ਕਰਨ, ਉਹਨਾਂ ਦੇ ਇੱਕ ਜਾਂ ਦੂਜੇ ਹਿੱਸੇ/ਧੜੇ ਦੇ ਰੋਲ ਦੀ ਪਛਾਣ ਗੰਧਲਾਉਣ ਤੇ ਉਹਨਾਂ ਦੇ ਸੌੜੇ ਹਿਤਾਂ ’ਚ ਭੁਗਤਣ ਦਾ ਸਬੱਬ ਬਣ ਸਕਦੇ ਹਨ। ਬਦਲ ਬਦਲ ਕੇ ਸੱਤ•ਾ ’ਤੇ ਬਿਰਾਜਮਾਨ ਹੁੰਦੇ ਆ ਰਹੇ ਇਹਨਾਂ ਹਾਕਮ ਜਮਾਤੀ ਧੜਿਆਂ ਦਾ ਲੋਕਾਂ ਨਾਲ ਰਿਸ਼ਤਾ ਦੁਸ਼ਮਣਾਨਾ ਹੈ। ਇਸ ਪੱਖੋਂ ਸੁਚੇਤ ਹੋਣ ਦੀ ਲੋੜ ਹੈ ਕਿ ਅਜਿਹਾ ਸੱਦਾ ਇਸ ਰਿਸ਼ਤੇ ਦੀ ਪਛਾਣ ਧੁੰਦਲੀ ਪਾਉਣ ਦਾ ਸਾਧਨ ਬਣ ਸਕਦਾ ਹੈ।

No comments:

Post a Comment