Wednesday, March 9, 2016

10) ਸੇਵੇਵਾਲਾ ਕਾਂਡ

ਸੇਵੇਵਾਲਾ ਕਾਂਡ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ

9 ਅਪ੍ਰੈਲ 1991 ਨੂੰ ਖਾਲਸਤਾਨੀ ਦਹਿਸ਼ਤਗਰਦਾਂ ਨੇ ਜੈਤੋ ਲਾਗੇ ਸੇਵੇਵਾਲਾ ਪਿੰਡ ਵਿਚ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਵੱਲੋਂ ਕੀਤੇ ਜਾ ਰਹੇ ਇੱਕ ਸੱਭਿਆਚਾਰਕ ਸਮਾਗਮ ਦੌਰਾਨ ਅੰਨ੍ਹੇਵਾਹ ਗੋਲੀਆਂ ਦੀ ਵਾਛੜ ਨਾਲ ਫਰੰਟ ਦੇ 18 ਆਗੂਆਂ, ਕਾਰਕੁਨਾਂ ਅਤੇ ਆਮ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ। ਖਾਲਸਤਾਨੀ ਦਹਿਸ਼ਤਗਰਦਾਂ ਨੇ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦਾ ਖੁਰਾਖੋਜ ਮਿਟਾ ਦੇਣ ਦਾ ਖੋਟਾ ਮਨਸੂਬਾ ਪਾਲਿਆ ਸੀ। ਪਰ ਉਹ ਖੁਦ ਹੀ ਦਹਿਸ਼ਤਗਰਦੀ ਦੀ ਫੈਲਾਈ ਅੱਗ ਵਿਚ ਭਸਮ ਹੋ ਗਏ।
ਪੰਜਾਬ ਵਿਚ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਕੁਰਸੀ ਯੁੱਧ ਨੇ 1978-80 ਦੇ ਵਰ੍ਹਿਆਂ ਦੌਰਾਨ ਤਿੱਖਾ ਮੋੜ ਕੱਟਿਆ। ਅਕਾਲੀ ਦਲ ਨੂੰ ਪੰਜਾਬ ਦੇ ਸਿਆਸੀ ਮੰਚ ਤੋਂ ਮਨਫੀ ਕਰਨ ਲਈ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੇ ਜੀ ਹਜੂਰੀਏ ਗਿਆਨੀ ਜ਼ੈਲ ਸਿੰਘ ਰਾਹੀਂ ਸਿਆਸੀ ਦ੍ਰਿਸ਼ ਤੋਂ ਲਾਂਭੇ ਰਹਿ ਰਹੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਇੱਕ ਮੋਹਰੇ ਵਜੋਂ ਤਿਆਰ ਕੀਤਾ ਗਿਆ। ਇਸ ਸੰਤ ਰਾਹੀਂ ਪੰਜਾਬ ਦੀ ਸ਼ਾਂਤ ਆਬੋ-ਹਵਾ ਅੰਦਰ , ਪਰ ਤਿੱਖੇ ਹੋ ਰਹੇ ਕਿਸਾਨੀ ਸੰਕਟ ਅਤੇ ਵਧ ਫੁੱਲ ਰਹੀ ਬੇਰੁਜਗਾਰੀ ਕਰਕੇ ਅੰਦਰੇ-ਅੰਦਰ ਰਿੱਝ ਰਹੇ ਸਮਾਜਕ ਮਹੌਲ ’ਚ , ਸਭ ਦੁੱਖਾਂ ਦੀ ਦਾਰੂ ਵਜੋਂ ਸਿੱਖ ਫਿਰਕਾਪ੍ਰਸਤੀ ਦੀ ਅੱਗ ਨੂੰ ਝੋਕਾ ਲਾਇਆ ਗਿਆ। ਅਜਿਹੇ ਸਮਾਜਕ ਸਿਆਸੀ ਮਾਹੌਲ ਅੰਦਰ ਹੀ ਹਾਕਮ ਅਕਾਲੀ ਪਾਰਟੀ ਵੱਲੋਂ ਆਪਣੇ ਤਾਬੇਦਾਰ ਤੇ ਮੰਨੇ ਪ੍ਰਮੰਨੇ ਜਾਗੀਰਦਾਰ ਅਜਮੇਰ ਸਿੰਘ ਲੱਖੋਵਾਲ ਨੂੰ ਕਿਸਾਨ ਹਿਤੈਸ਼ੀ ਦਾ ਬੁਰਕਾ ਪੁਆ ਕੇ ਸਮਾਜਕ ਸੰਕਟ ਦੀ ਝੰਬੀ ਮਿਹਨਤਕਸ਼ ਕਿਸਾਨੀ ਨੂੰ ਲੱਖੋਵਾਲ ਦੇ ਲੱਛੇਦਾਰ ਭਾਸ਼ਨਾਂ ਰਾਹੀਂ ਮੰਤਰਮੁਗਧ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਨਾਂ ਦੀ ਕਿਸਾਨ ਜਥੇਬੰਦੀ ਖੜ੍ਹੀ ਕਰਨ ਦਾ ਬੀੜਾ ਚੁੱਕਿਆ ਗਿਆ ਸੀ। ਅਗਲੇ ਵਰ੍ਹਿਆਂ ਅੰਦਰ ਪੰਜਾਬ ਅੰਦਰ ਇੱਕ ਪਾਸੇ ਫਿਰਕਾਪ੍ਰਸਤੀ ਦੀ ਕਾਲੀ ਹਨੇਰੀ ਚੱਲੀ ਤੇ ਦਿਨੋ ਦਿਨ ਤੇਜ ਹੁੰਦੀ ਗਈ ਤੇ ਦੂਜੇ ਪਾਸੇ ਸੈਂਕੜੇ, ਹਜਾਰਾਂ ਮਿਹਨਤਕਸ਼ ਕਿਸਾਨਾਂ ਦੇ ਹਜੂਮ ਲੱਖੋਵਾਲ ਦੀ ਅਗਵਾਈ ਹੇਠਲੀ ਭਾ. ਕਿ. ਯੂ. ਨਾਲ ਜੁੜਦੇ ਗਏ। ਕੁੱਝ ਸਮੇਂ ਬਾਅਦ ਦਿਨੋ ਦਿਨ ਵਧ ਰਹੀਆਂ ਖਾੜਕੂ ਤੇ ਦਹਿਸ਼ਤੀ ਕਾਰਵਾਈਆਂ ਸਦਕਾ ਆਪਣੇ ਪੈਰ ਜੰਮ ਜਾਣ ਕਰਕੇ ਭਿੰਡਰਾਂਵਾਲਾ ਕਾਂਗਰਸ ਤੋਂ ਨਾਬਰ ਹੋ ਕੇ ਇੱਕ ਸ਼ਹਿਨਸ਼ਾਹ ਵਜੋਂ ਅੰਮ੍ਰਿਤਸਰ ਅਕਾਲ ਤਖਤ ਤੋਂ ਫਾਸ਼ੀਵਾਦੀ ਫੁਰਮਾਨ ਜਾਰੀ ਕਰਨ ਲੱਗਾ। ਸੂਬੇ ਅੰਦਰ ਨਿਰਦੋਸ਼ਿਆਂ ਦੇ ਕਤਲਾਂ ਅਤੇ ਫਿਰੋਤੀਆਂ ਦੀ ਝੜੀ ਲੱਗੀ ਹੋਈ ਸੀ। ਉਪਰੋਂ ਦੇਖਣ ਨੂੰ ਲੁਟੇਰੇ ਰਾਜਭਾਗ ਖਿਲਾਫ਼, ਪਰ ਤੱਤ ਰੂਪ ’ਚ ਪਿਛਾਖੜੀ ਲੋਕ ਵਿਰੋਧੀ ਲਹਿਰ ਲਗਾਤਾਰ ਪੈਰ ਪਸਾਰਦੀ ਰਹੀ। ਖਾਲਸਤਾਨ ਦਾ ਨਵਾਂ ਨਾਅਰਾ ਸਿਰ ਚੁੱਕ ਰਿਹਾ ਸੀ। ਲੋਕਾਂ ਦੀ ਰਾਖੀ ਦੇ ਨਾਂ ਹੇਠ ਹਕੂਮਤੀ ਦਹਿਸ਼ਤਗਰਦੀ ਵਧ ਫੁੱਲ ਰਹੀ ਸੀ। ਪੰਜਾਬ ਦੇ ਲੋਕ ਏਸ ਦਮੂੰਹੀ ਦਹਿਸ਼ਤਗਰਦੀ ਦੀ ਮਾਰ ਹੇਠ ਆਏ ਹੋਏ ਸਨ।
ਪੰਜਾਬ ਦੇ ਇਨਸਾਫ ਪਸੰਦ ਅਤੇ ਜਮਹੂਰੀ ਹਿੱਸਿਆਂ ਨੇ ਇਸ ਹਾਲਤ ’ਚ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਦੀ ਸਥਾਪਨਾ ਕਰਕੇ ਸੂਬੇ ਦੇ ਸਮਾਜਕ ਮਹੌਲ ਅੰਦਰ ਲੋਕਾਂ ਦੇ ਜਾਨ ਮਾਲ ਦਾ ਖੌਅ ਬਣ ਰਹੀ ਇਸ ਪਿਛਾਖੜੀ ਹਨੇਰੀ ਦਾ ਸਿੱਧੇ ਮੱਥੇ ਟਾਕਰਾ ਕਰਨ ਦਾ ਬੀੜਾ ਚੁੱਕਿਆ। ਰੈਲੀਆਂ, ਮੀਟਿੰਗਾਂ ਅਤੇ ਸਭਿਆਚਾਰਕ ਸਮਾਗਮਾਂ ਰਾਹੀਂ ਖਾਲਸਤਾਨੀਆਂ ਦੇ ਲੋਕ-ਵਿਰੋਧੀ ਪਿਛਾਖੜੀ ਮਨਸੂਬਿਆਂ ਅਤੇ ਸਰਕਾਰ ਦੇ ਦੰਭੀ ਐਲਾਨਾਂ ਦਾ ਪਰਦਾਚਾਕ ਕਰਨ ਦੀਆਂ ਮੁਹਿੰਮਾਂ ਵਿੱਢਣ ਦੇ ਨਾਲ ਨਾਲ ਲੋਕਾਂ ਨੂੰ ਆਪਣੀ ਰਾਖੀ ਆਪ ਕਰਨ ਲਈ ਤਿਆਰ ਬਰ ਤਿਆਰ ਰਹਿਣ ਦਾ ਹੋਕਾ ਦਿੱਤਾ। ਇਸ ਤੋਂ ਇਲਾਵਾ ਮਿਹਨਤਕਸ਼ ਲੋਕਾਂ ਨੂੰ ਆਪਣੀਆਂ ਜਮਾਤੀ ਮੰਗਾਂ ਮਸਲਿਆਂ ’ਤੇ ਜਥੇਬੰਦ ਤੇ ਲਾਮਬੰਦ ਹੋਣ ਅਤੇ ਇਸਦੀ ਧਾਰ ਮੱਧਮ ਨਾ ਪੈਣ ਦੇਣ ਦਾ ਸੱਦਾ ਦਿੱਤਾ। ਜਬਰ ਤੇ ਫਰਕਾਪ੍ਰਸਤੀ ਵਿਰੋਧੀ ਫਰੰਟ ਦਾ ਇਹ ਪ੍ਰੋਗਰਾਮ ਅਤੇ ਲੋਕਾਂ ਵੱਲੋਂ ਮਿਲ ਰਿਹਾ ਹੁੰਗਾਰਾ ਖਾਲਸਤਾਨੀਆਂ ਦੇ ਅੱਖ ਵਿੱਚ ਰੋੜ ਵਾਂਗ ਰੜਕਦਾ ਸੀ। ਜੋਰ ਫੜ ਰਹੀ ਇਸ ਜਮਹੂਰੀ ਆਵਾਜ ਨੂੰ ਕੁਚਲਣ ਦੇ ਇਰਾਦੇ ਨਾਲ ਉਨ੍ਹਾਂ ਨੇ ਜਮਹੂਰੀ ਇਨਕਲਾਬੀ ਲਹਿਰ ਦੇ ਅਨੇਕਾਂ ਆਗੂਆਂ ਅਤੇ ਕਾਰਕੁਨਾਂ ਦੇ ਕਤਲ ਕੀਤੇ। ਅਜਿਹੀ ਕਤਲੋਗਾਰਦ ਦੇ ਅੰਗ ਵਜੋਂ ਹੀ ਉਨ੍ਹਾਂ ਨੇ ਸੇਵੇਵਾਲਾ ਵਿਚ ਕੀਤੇ ਜਾ ਰਹੇ ਸੱਭਿਆਚਾਰਕ ਸਮਾਗਮ ’ਤੇ ਹਮਲਾ ਕਰਕੇ ਫਰੰਟ ਦੇ ਆਗੂਆਂ ਤੇ ਕਾਰਕੁਨਾਂ ਨੂੰ ਸ਼ਹੀਦ ਕਰ ਦਿੱਤਾ।
ਹੇਠਾਂ ਅਸੀਂ ਸੇਵੇਵਾਲਾ ਕਾਂਡ ’ਚ ਸ਼ਹੀਦ ਹੋਏ ਫਰੰਟ ਆਗੂਆਂ ਤੇ ਕਾਰਕੁਨਾਂ ਬਾਰੇ ‘ਇਨਕਲਾਬੀ ਜਨਤਕ ਲੀਹ’ 1991 ਦੇ ਵਿਸ਼ੇਸ਼ ਅੰਕ ਦੇ ਪੰਨਿਆਂ ’ਚ ਛਪੀ ਸੰਖੇਪ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ।

 ਸਾਥੀ ਮੇਘ ਰਾਜ ਭਗਤੂਆਣਾ

ਸਾਥੀ ਮੇਘ ਰਾਜ ਭਗਤੂਆਣਾ ਵਿਰਾਸਤ ਵਿਚ ਹੀ ਇਨਕਲਾਬੀ ਗੁੜ੍ਹਤੀ ਲੈ ਕੇ ਜੰਮੇ ਅਤੇ ਪ੍ਰਵਾਨ ਚੜ੍ਹੇ ਸਨ। ਇਸ ਪਰਿਵਾਰ ਦਾ ਪੰਜਾਬ ਦੀ ਮੁਜਾਰਾ ਲਹਿਰ ਅਤੇ ਕਮਿਊਨਿਸਟ ਲਹਿਰ ਨਾਲ ਗਹਿਰਾ ਲਗਾ ਰਿਹਾ ਹੈ। ਸਾਰਾ ਪਰਿਵਾਰ ਸ਼ੁਰੂ ਤੋਂ ਹੀ ਕਮਿਊਨਿਸਟ ਲਹਿਰ ਨਾਲ ਜੁੜਿਆ ਆ ਰਿਹਾ ਹੈ। ਮੇਘ ਰਾਜ ਦੇ ਤਾਇਆ ਜੀ ਲੰਮਾ ਸਮਾਂ ਕਮਿਊੁਨਿਸਟ ਇਨਕਲਾਬੀ ਲਹਿਰ ’ਚ ਰੂਪੋਸ਼ ਕੁਲਵਕਤੀ ਵਜੋਂ ਕੰਮ ਕਰਦੇ ਰਹੇ ਹਨ। ਇਸ ਪਰਿਵਾਰ ਦੇ ਹੀ ਇੱਕ ਹੋਰ ਕਰੀਬੀ ਵਿਦਿਆਦੇਵ ਲੌਂਗੋਵਾਲ ਪੰਜਾਬ ਦੀ ਰਵਾਇਤੀ ਕਮਿਊਨਿਸਟ ਲਹਿਰ ਦੀ ਜਾਣੀ ਪਹਿਚਾਣੀ ਹਸਤੀ ਹਨ।
ਛੋਟੀ ਉਮਰ ਵਿੱਚ ਹੀ ਸਾਥੀ ਮੇਘ ਰਾਜ ਇਨਕਲਾਬੀ ਵਿਚਾਰਾਂ ਦੇ ਪ੍ਰਭਾਵ ਹੇਠ ਆ ਗਏ ਅਤੇ ਨੌਜਵਾਨ ਭਾਰਤ ਸਭਾ ’ਚ ਸਰਗਰਮ ਹੋ ਗਏ। ਉਹ ਲੰਮਾ ਸਮਾਂ ਸਭਾ ਦੀ ਜੈਤੋ ਇਕਾਈ ਦੇ ਆਗੂ ਅਤੇ ਸੂਬਾ ਕਮੇਟੀ ਮੈਂਬਰ ਰਹੇ ਇਨਕਲਾਬੀ ਜਮਹੂਰੀ ਲਹਿਰ ’ਚ ਆਪਣੀ ਸਰਗਰਮੀ ਦੌਰਾਨ ਉਨ੍ਹਾਂ ਨੇ ਕਈ ਵਾਰ ਜਾਲਮਾਨਾਂ ਪੁਲਸ ਜਬਰ ਆਪਣੇ ਪਿੰਡੇ ਉਤੇ ਝੱਲਿਆ। ਐਮਰਜੈਂਸੀ, ਰੰਧਾਵਾ ਘੋਲ ਅਤੇ ਪਾਰਵਤੀ ਕਤਲ ਕਾਂਡ ਵਿਰੋਧੀ ਘੋਲ ਸਮੇਤ ਕਈ ਵਾਰੀ ਜੇਲ੍ਹ ਗਏ ਪਰ ਇਹ ਸਭ ਕੁੱਝ ਉਨ੍ਹਾਂ ਨੂੰ ਇਨਕਲਾਬੀ  ਰਾਹ ਤੋਂ ਥਿੜਕਾ ਨਾ ਸਕਿਆ।
ਪਿਛਲੇ ਕਈ ਸਾਲਾਂ ਤੋਂ ਉਹ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ’ਚ ਸਰਗਰਮ ਸਨ ਅਤੇ ਫਰੰਟ ਦੇ ਉਭਰਵੇਂ ਆਗੂਆਂ ਵਿਚੋਂ ਸਨ। ਉਹਨਾਂ ਦੀ ਅਗਵਾਈ ਹੇਠ ਫਰੰਟ ਦੀ ਜੈਤੋ ਇਲਾਕਾ ਇਕਾਈ, ਖਾਸ ਕਰਕੇ ਉਹਨਾਂ ਦਾ ਪਿੰਡ ਭਗਤੂਆਣਾ, ਦਹਿਸ਼ਤਗਰਦੀ ਵਿਰੋਧੀ ਲਹਿਰ ਵਿਰੁੱਧ ਉਸਾਰੇ ਜਨਤਕ ਟਾਕਰੇ ਦਾ ਚਿੰਨ੍ਹ ਬਣਿਆ ਹੋਇਆ ਸੀ। ਇਹੀ ਵਜ੍ਹਾ ਸੀ ਕਿ ਤੱਕ ਖਾਲਸਤਾਨੀ ਇਸ ਪਿੰਡ ਵਿਚ ਨਾ ਹੀ ਆਪਣਾ ਕੋਈ ਅੱਡਾ ਬਣਾ ਸਕੇ ਤੇ ਨਾ ਹੀ ਕੋਈ ਵਾਰਦਾਤ ਕਰ ਸਕੇ।
ਸਾਥੀ ਮੇਘਰਾਜ ਇਲਾਕੇ ਦੇ ਬੇਜਮੀਨੇ ਖੇਤ ਮਜਦੂਰ ਪਰਿਵਾਰਾਂ ’ਚ ਬੇਹੱਦ ਹਰਮਨ ਪਿਆਰੇ ਸਨ। ਮੇਘਰਾਜ ਦੀ ਸ਼ਹਾਦਤ ਦਾ ਸਭ ਤੋਂ ਗਹਿਰਾ ਸੱਲ ਇਹਨਾਂ ਦਲਿਤ ਹਿੱਸਿਆਂ ਨੇ ਮਹਿਸੂਸ ਕੀਤਾ ਹੈ। ਭਿੰਡਰਾਂ ਵਾਲੇ ਦੇ ਜਿਉਂਦੇ ਜੀਅ ਤੋਂ ਹੀ ਸਾਥੀ ਮੇਘ ਰਾਜ ਖਾਲਸਥਾਨੀ ਦਹਿਸ਼ਤਗਰਦਾਂ ਦੀ ਹਿੱਟ ਲਿਸਟ ’ਤੇ ਸਭ ਤੋਂ ਮੂਹਰੇ ਸਨ। ਉਹਨਾਂ ਨੇ ਸਾਥੀ ਮੇਘ ਰਾਜ ਦੀ ਜਾਣ ਲੈਣ ਦੀਆਂ ਕਈ ਅਸਫਲ ਕੋਸ਼ਿਸ਼ਾਂ ਵੀ ਕੀਤੀਆਂ, ਪਰ ਸਾਥੀ ਮੇਘ ਰਾਜ ਨੇ ਇਹਨਾਂ ਮੌਤ ਧਮਕੀਆਂ ਦੀ ਪਰਵਾਹ ਨਾ ਕੀਤੀ।
ਸਾਥੀ ਮੇਘ ਰਾਜ ਕਮਿਊਨਿਸਟ ਇਨਕਲਾਬੀ ਕੇਂਦਰ ਭਾਰਤ ਦੇ ਮੈਂਬਰ ਸਨ। ਸੇਵੇਵਾਲ ਕਾਂਡ ’ਚ ਉਹਨਾਂ ਨੇ ਅਦੁੱਤੀ ਬਹਾਦਰੀ ਦਾ ਮੁਜਾਹਰਾ ਕਰਦਿਆਂ, ਸ਼ਰੇਆਮ ਖਾਲਸਤਾਨੀ ਦਹਿਸ਼ਤਗਰਦਾਂ ਨੂੰ ਵੰਗਾਰਿਆ ਅਤੇ ਖਾਲਸਤਾਨੀਆਂ ਨਾਲ ਟੱਕਰ ਲੈਂਦੇ ਹੋਏ ਬਹਾਦਰਾਂ ਦੀ ਤਰ੍ਹਾਂ ਸ਼ਹੀਦ ਹੋਏ। ਸਾਥੀ ਮੇਘ ਰਾਜ ਆਪਣੇ ਪਿੱਛੇ ਆਪਣੀ ਬਹਾਦਰ ਸੁਪਤਨੀ ਤਿੰਨ ਬੱਚੀਆਂ ਤੇ ਇੱਕ ਲੜਕਾ ਛੱਡ ਗਏ ਹਨ ।

ਸਾਥੀ ਜਗਪਾਲ ਸਿੰਘ

ਸਾਥੀ ਜਗਪਾਲ ਸਿੰਘ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਪੰਜਾਬ ਦਾ ਸੂਬਾ ਕਮੇਟੀ ਮੈਂਬਰ ਅਤੇ ਇਸ ਦਾ ਕੁਲਵਕਤੀ ਕਾਰਕੁੰਨ ਸੀ। ਆਪ ਦੇ ਪਿਤਾ ਸਰਦਾਰ ਮਹਿੰਦਰ ਸਿੰਘ ਇਕ ਸੁਲਝੇ ਹੋਏ ਵਿਅਕਤੀ ਤੇ ਸਰਗਰਮ ਕਿਸਾਨ ਕਾਰਕੁੰਨ ਹਨ। ਭਾਰਤੀ ਕਿਸਾਨ ਯੂਨੀਅਨ ਦੀ ਸੇਲਬਰਾ ਪਿੰਡ ਇਕਾਈ ਦੇ ਆਗੂਆਂ ’ਚੋਂ ਹਨ। ਕਿਸਾਨ ਮੋਰਚਿਆਂ ’ਚ ਕੈਦ ਕੱਟ ਚੁੱਕੇ ਹਨ।
ਸਾਥੀ ਜਗਪਾਲ ਦਾ ਪੰਜਾਬ ਦੀ ਅਗਾਂਹਵਧੂ ਅਤੇ ਜਮਹੂਰੀ ਲਹਿਰ ਨਾਲ ਸਭ ਤੋਂ ਪਹਿਲੋਂ ਪਹਿਲ ਵਾਹ ਉਦੋਂ ਪਿਆ ਜਦੋਂ ਉਹ ਰਾਮਪੁਰੇ ਕਾਲਜ ਵਿਚ ਵਿਦਿਆਰਥੀ ਸਨ। ਉਹ ਪੰਜਾਬ ਸਟੂਡੈਂਟਸ ਯੂਨੀਅਨ ’ਚ ਸਰਗਰਮ ਹੋ ਗਏ ਅਤੇ ਫਿਰ ਜਨਤਕ ਇਕਾਈ ਦੇ ਸਕੱਤਰ ਬਣੇ। ਜਦੋਂ ਪੈਗਾਮਪੰਥੀ ਸੋਚ ਦੀ ਧਾਰਨੀ ਮੇਜਰ ਮਟਰਾਂ ਜੁੰਡਲੀ ਨੇ ਇਨਕਲਾਬੀ ਵਿਦਿਆਰਥੀ ਜਥੇਬੰਦੀ ਪੀ.ਐਸ.ਯੂ ਨੂੰ ਖਾਲਸਤਾਨੀਆਂ ਦੀ ਸੇਵਾ ਹਿਤ ਅਰਪਨ ਕਰਨ ਦਾ ਰਾਹ ਫੜ ਲਿਆ ਤਾਂ ਉਹ ਪੀ.ਐਸ.ਯੂ. ਨੂੰ  ਇਸ ਦੀ ਸਹੀ ਸੇਧ ਉਤੇ ਰੱਖਣ ਲਈ ਸੰਘਰਸ਼ ਕਰਨ ਵਾਲਿਆਂ ਦੀਆਂ ਮੁੱਢਲੀਆਂ ਕਤਾਰਾਂ ਵਿਚ ਸਨ। ਕੁੱਝ ਚਿਰ ਉਹ ਪੀ.ਐਸ.ਯੂ. ਦੇ ਸੂਬਾਈ ਜਥੇਬੰਦਕ ਸਕੱਤਰ ਵੀ ਰਹੇ।
ਜਦੋਂ ਪੰਜਾਬ ਵਿਚ ਫਿਰਕਾਪ੍ਰਸਤੀ ਅਤੇ ਦਹਿਸ਼ਤਗਰਦੀ ਨੂੰ ਵੰਗਾਰਨ ਲਈ ਫਰੰਟ ਦਾ ਗਠਨ ਕੀਤਾ ਗਿਆ ਤਾਂ ਉਹ ਇਸ ਵਿਚ ਸਰਗਰਮ ਹੋ ਗਏ। ਪਿਛਲੇ ਕਈ ਸਾਲਾਂ ਤੋਂ ਉਹ ਫਰੰਟ ਦੇ ਸੂਬਾ ਕਮੇਟੀ ਮੈਂਬਰ ਚਲੇ ਆ ਰਹੇ ਸਨ । ਰਾਮਪੁਰਾ ਫੂਲ ਇਕਾਈ ਨੇ ਉਹਨਾਂ ਦੀ ਅਗਵਾਈ ਹੇਠ ਫਿਰਕਾਪ੍ਰਸਤੀ ਅਤੇ ਖਾਲਸਤਾਨੀ ਦਹਿਸ਼ਤਗਰਦੀ ਵਿਰੁੱਧ ਅਨੇਕਾਂ ਵਾਰ ਸਫਲ ਜਨਤਕ ਲਾਮਬੰਦੀ ਕੀਤੀ। ਉਹ ਪਿਛਲੇ ਕਈ ਸਾਲਾਂ ਤੋਂ ਖਾਲਸਤਾਨੀ ਦਹਿਸ਼ਤਗਰਦਾਂ ਦੀ ਹਿੱਟ ਲਿਸਟ ਉਤੇ ਸਨ ਪਰ ਉਹਨਾਂ ਨੇ ਕਦੇ ਵੀ ਇਸ ਮੌਤ ਧਮਕੀ ਤੋਂ ਤ੍ਰਹਿ ਕੇ ਆਪਣੀਆਂ ਸਰਗਰਮੀਆਂ ਵਿਚ ਢਿੱਲ ਨਹੀਂ ਆਉਣ ਦਿੱਤੀ । ਇਸੇ ਰਾਹ ’ਤੇ ਦ੍ਰਿੜ ਰਹਿੰਦਿਆਂ ਉਹ ਅੰਤ ਆਪਣੀ ਜਿੰਦਗੀ ਕੁਰਬਾਨ ਕਰ ਗਏ। ਸਾਥੀ ਜਗਪਾਲ ਆਪਣੇ ਪਿੱਛੇ ਆਪਣੀ ਜੀਵਨ ਸਾਥਣ ਪਰਮਜੀਤ ਕੌਰ ਅਤੇ ਦੋ ਮਾਸੂਮ ਬੱਚੇ ਛੱਡ ਗਏ ਹਨ।
ਸਾਥੀ ਜਗਪਾਲ ਕਮਿਊਨਿਸਟ ਇਨਕਲਾਬੀ ਲਹਿਰ ਦੇ ਵੀ ਸਰਗਰਮ ਕਾਰਕੁਨ ਸਨ ਅਤੇ ਕਮਿਊਨਿਸਟ ਇਨਕਲਾਬੀ ਕੇਂਦਰ ਭਾਰਤ ਨਾਂਅ ਦੀ ਜਥੇਬੰਦੀ ਦੇ ਮੈਂਬਰ ਸਨ। ਮਿਹਨਤੀ ਲੋਕਾਂ ਦੇ ਕਾਜ ਲਈ ਆਪਣੀ ਸ਼ਹਾਦਤ ਦੇ ਕੇ ਉਹਨਾਂ ਨੇ ਇੱਕ ਇਨਕਲਾਬੀ ਕਮਿਊਨਿਸਟ ਜਥੇਬੰਦੀ ਦੇ ਮੈਂਬਰ ਦੇ ਸਨਮਾਨਯੋਗ ਰੁਤਬੇ ਨੂੰ ਬੁਲੰਦ ਕੀਤਾ ਹੈ।

ਸਾਥੀ ਗੁਰਜੰਟ ਸਿੰਘ

ਸਾਥੀ ਗੁਰਜੰਟ ਸਿੰਘ ਖੇਤ ਮਜਦੂਰ ਪਰਿਵਾਰ ਦੇ ਜੰਮਪਲ ਸਨ ਤੇ ਬਿਜਲੀ ਕਾਮਿਆਂ ਦੀ ਜੁਝਾਰੂ ਜਥੇਬੰਦੀ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਡਵੀਜ਼ਨ ਅਤੇ ਸਰਕਲ ਪੱਧਰੇ ਆਗੂ ਸਨ। ਉਹ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਦੀ ਕੋਟਕਪੂਰਾ ਇਕਾਈ ਦੇ ਸਕੱਤਰ ਵੀ ਰਹੇ।

ਮਾਤਾ ਸਦਾ ਕੌਰ

ਸੱਤਰ ਸਾਲ ਤੋਂ ਵੱਧ ਉਮਰ ਦੀ, ਖੇਤ ਮਜ਼ਦੂਰ ਪਰਿਵਾਰ ਦੀ ਜੰਮਪਲ ਇਹ ਬਜੁਰਗ ਮਾਈ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇਨਕਲਾਬੀ ਕਮਿਊਨਿਸਟ ਲਹਿਰ ਨਾਲ ਡੂੰਘਾ ਲਗਾਅ ਰੱਖਦੀ ਆ ਰਹੀ ਸੀ ਅਤੇ ਆਪਣੇ ਪਿੰਡ ਭਗਤੂਆਣਾ  ਵਿਚ ਖਾਲਸਤਾਨੀ ਦਹਿਸ਼ਗਰਦੀ ਵਿਰੋਧੀ ਜਨਤਕ ਟਾਕਰੇ ਦੀ ਲਹਿਰ ’ਚ ਮੂਹਰਲੀਆਂ ਕਤਾਰਾਂ ਵਿਚ ਸ਼ਾਮਲ ਸੀ। ਪਿੰਡ ਵਿਚ ਖਾਲਸਤਾਨ ਪੱਖੀ ਅਨਸਰਾਂ ਨਾਲ ਹੋਈਆਂ ਝੜੱਪਾਂ ’ਚ ਇਸ ਸ਼ੇਰਦਿਲ ਔਰਤ ਨੇ ਉੱਭਰਵਾਂ ਰੋਲ ਅਦਾ ਕੀਤਾ। ਸਿੱਖ ਇਤਹਾਸ ਦੀ ਲਾਸਾਨੀ ਨਾਇਕਾ ਮਾਈ ਭਾਗੋ ਦੀ ਸੱਚੀ ਵਾਰਸ ਸੀ ਮਾਈ ਸਦਾ ਕੌਰ।
ਹਾਲੇ ਕੁੱਝ ਕੁ ਮਹੀਨੇ ਪਹਿਲਾਂ ਹੀ ਜਦੋਂ ਖਾਲਸਤਾਨੀ ਦੇ ਇਕ ਸ਼ੂਕਰੇ ਗਰੋਹ ਨੇ ਪਿੰਡ ਬਿਸ਼ਨੰਦੀ ਦੇ ਸਾਬਕਾ ਸਰਪੰਚ ਨੂੰ ਕਤਲ ਕਰਨ ਤੋਂ ਬਾਅਦ ਉਸ ਦੇ ਭੋਗ ਸਮਾਗਮ ਦੀ ਮਨਾਹੀ ਕਰ ਦਿੱਤੀ ਤਾਂ ਇਹ ਮਾਈ ਸਦਾ ਕੌਰ ਹੀ ਸੀ ਜਿਸ ਨੇ ਪਿੰਡ ਦੀ ਫਰੰਟ ਇਕਾਈ ਨੂੰ ਬਿਸ਼ਨੰਦੀ ਭੋਗ ਸਮਾਗਮ ਨਿਰਵਿਘਨ ਕਰਾਉਣ ਦੀ ਜ਼ਿੰਮੇਵਾਰੀ ਓਟਣ ਲਈ ਵੰਗਾਰਿਆ ਅਤੇ ਆਪ ਹੱਥ ਵਿਚ ਗੰਡਾਸਾ ਫੜਕੇ ਸਭ ਤੋਂ ਮੂਹਰੇ ਤੁਰੀ।
ਇਲਾਕੇ ਜਾਂ ਪਿੰਡ ’ਚ ਜਦੋਂ ਕਦੇ ਵੀ ਕੋਈ ਇਨਕਲਾਬੀ ਸਮਾਗਮ ਹੁੰਦਾ ਉਹਦਾ ਚਾਅ ਸਾਂਭਿਆ ਨਾ ਜਾਂਦਾ, ਉਹ ਮੂਹਰੇ ਹੁੰਦੀ। ਉਹ ਹਮੇਸ਼ਾ ਕਿਹਾ ਕਰਦੀ ਸੀ,‘‘ਜਦੋਂ ਵੀ ਖਤਰਾ ਹੋਇਆ, ਮੁੰਡਿਓ ਮੈਨੂੰ ਮੂਹਰੇ ਕਰ ਦਿਓ’’। ਤੇ ਸੇਵੇਵਾਲਾ ਕਾਂਡ ਵਾਲੇ ਦਿਨ ਉਹ ਇੱਕੋ ਇੱਕ ਔਰਤ ਸੀ ਜਿਸ ਨੇ ਖਾਲਸਤਾਨੀ ਦਹਿਸ਼ਤਗਰਦਾਂ ਨੂੰ ਕੜਕ ਕੇ ਕਿਹਾ,‘‘ਕੁੱਤਿਓ, ਇਹਨਾਂ ਨਿਰਦੋਸ਼ਾਂ ਨੂੰ ਕਿਉਂ ਮਾਰਦੇ ਹੋ, ਇਹਨਾਂ ਨੂੰ ਮਾਰਨ ਤੋਂ ਪਹਿਲਾਂ ਮੇਰੇ ਗੋਲੀ ਮਾਰੋ।’’ ਕਾੜ ਕਰਦੀਆਂ ਗੋਲੀਆਂ ਨਾਲ ਦਰਿੰਦਿਆਂ ਨੇ ਉਸ ਨੂੰ ਵਿੰਨ੍ਹ ਸੁੱਟਿਆ। ਇਸ ਤਰ੍ਹਾਂ ਵਰ੍ਹਦੀਆਂ ਗੋਲੀਆਂ ’ਚ ਲਲਕਾਰ ਕੇ ਗੋਲੀ ਖਾਣ ਵਾਲੀ ਇਸ ਮਹਾਨ ਔਰਤ ਅੱਗੇ ਸੀਸ ਆਪਣੇ ਆਪ ਝੁਕ ਜਾਂਦਾ ਹੈ।
 
ਇਸ ਤੋਂ ਇਲਾਵਾ ਸੇਵੇ ਵਾਲਾ ਕਾਂਡ ਦੇ ਸ਼ਹੀਦ ਸਾਥੀ ਬੂਟਾ ਸਿੰਘ, ਜਗਸੀਰ ਸੀਰਾ ਅਤੇ ਜਗਦੇਵ ਇਹ ਸਾਰੇ ਪੇਂਡੂ ਮਜਦੂਰ ਯੂਨੀਅਨ ਅਤੇ ਫਰੰਟ ਦੇ ਕਾਰਕੁੰਨ ਸਨ। 26 ਸਾਲਾ ਨੌਜਵਾਨ ਬੱਗਾ ਸਿੰਘ ਫਰੰਟ ਦਾ ਵਲੰਟੀਅਰ ਸੀ ਜੋ ਨਾਕੇ ’ਤੇ ਜੁੰਮੇਵਾਰੀ ਨਿਭਾਉਂਦਾ ਸ਼ਹੀਦ ਹੋਇਆ। ਸਾਥੀ ਤੇਜਿੰਦਰ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਾਧਾ ਸਿੰਘ ਦਾ ਪੁੱਤਰ ਸੀ। ਸਾਥੀ ਪੱਪੀ 25 ਸਾਲਾਂ ਦਾ ਇਹ ਨੌਜਵਾਨ ਇਨਕਲਾਬੀ ਲਹਿਰ ਅਤੇ ਫਰੰਟ ਦਾ ਸਰਗਰਮ ਵਰਕਰ ਸੀ। ਲਖਵੀਰ ਸਿੰਘ ਸਪੁੱਤਰ ਕਾਮਰੇਡ ਗੁਰਦਿਆਲ ਸਿੰਘ ਇਨਕਲਾਬੀ ਲਹਿਰ ਦਾ ਹਮਾਇਤੀ ਸੀ। ਗੁਰਦੇਵ ਸਿੰਘ ਦੇਬੀ ਵੀ ਫਰੰਟ ਦਾ ਹਮਾਇਤੀ ਸੀ। ਸਾਥੀ ਹਰਪਾਲ ਸਿੰਘ ਐਫ.ਸੀ.ਆਈ. ਦਾ ਇਨਸਪੈਕਟਰ ਸੀ। ਖਾਲਸਤਾਨੀਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਨ ਵਾਲੇ ਆਮ ਦਰਸ਼ਕਾਂ ’ਚ ਚਰਨਜੀਤ ਸਿੰਘ, ਮਨਜੀਤ ਸਿੰਘ, ਮੱਖਣ ਸਿੰਘ, ਜੀਦੇ ਦਾ ਗੁਰਨਾਮ ਸਿੰਘ ਵੀ ਸ਼ਾਮਲ ਸਨ । ਉਪਰੋਕਤ ਤੋਂ ਇਲਾਵਾ ਵੱਡੀ ਗਿਣਤੀ ਜਖਮੀ ਹੋਇਆਂ ਵਿੱਚ ਇਨਕਲਾਬੀ ਲਹਿਰ ਦਾ ਸਰਗਰਮ ਹਮਾਇਤੀ,  ਮੁਖਤਿਆਰ ਸਿੰਘ ਸੇਵੇਵਾਲਾ ਵੀ ਸ਼ਾਮਲ ਸੀ ਜੋ ਗੰਭੀਰ ਜਖ਼ਮੀ ਹੋ ਜਾਣ ਦੇ ਬਾਵਜੂਦ ਲੰਮਾ ਸਮਾਂ ਖਾਲਸਤਾਨੀ ਦਹਿਸ਼ਤਗਰਦਾਂ ਖਿਲਾਫ ਨਾਅਰੇ ਮਾਰਦਾ ਰਿਹਾ। ਉਮਰ ਭਰ ਲਈ ਅਪਾਹਜ ਹੋ ਗਏ ਇਸ ਵਿਅਕਤੀ ਦਾ ਪਿਛਲੇ ਦਿਨੀ ਹੀ ਦਿਹਾਂਤ ਹੋਇਆ ਹੈ ।
ਅੱਜ ਜਮਹੂਰੀ ਇਨਕਲਾਬੀ ਲਹਿਰ ਨੂੰ ਹੋਰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਹੈ। ਕਿਸਾਨੀ ਸੰਕਟ ਕਈ ਗੁਣਾ ਹੋਰ ਡੂੰਘਾ ਹੋ ਚੁੱਕਿਆ ਹੈ। 1990 ਤੋਂ ਸ਼ੁਰੂ ਹੋਇਆ ਕਰਜੇ ਦੇ ਨਪੀੜੇ ਕਿਸਾਨਾਂ ਅੰਦਰ ਖੁਦਕੁਸ਼ੀਆਂ ਦਾ ਵਰਤਾਰਾ ਦਿਨੋ-ਦਿਨ  ਵਧਦਾ ਜਾ ਰਿਹਾ ਹੈ। ਮੁਲਕ ਦੇ ਵੱਖ ਵੱਖ ਸੂਬਿਆਂ ਦੀਆਂ ਕਿਸਾਨ ਪੱਟੀਆਂ ਇਸ ਦੀ ਲਪੇਟ ’ਚ ਆਈਆਂ ਹੋਈਆਂ ਹਨ। ਹਾਕਮ ਜਮਾਤਾਂ ਇਸ ਵਰਤਾਰੇ ਦੇ ਜਨਤਕ ਰੋਹ ਫੁਟਾਰੇ ’ਚ ਵਟ ਜਾਣ ਅਤੇ ਧਮਾਕਾਖੇਜ ਰੂਪ ਅਖਤਿਆਰ ਕਰ ਜਾਣ ਤੋਂ ਘਬਰਾਉਂਦੀਆਂ ਹੋਈਆਂ ਆਪਣੇ ਲੁੱਟ ਅਧਾਰਤ ਰਾਜ ਭਾਗ ਨੂੰ ਬਚਾ ਕੇ ਰੱਖਣ ਲਈ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲ ਰਹੀਆਂ ਹਨ ਅਤੇ ਆਪਣੇ ਜਾਬਰ ਦੰਦ ਤਿੱਖੇ ਕਰਨ ਦੇ ਆਹਰ ’ਚ ਲੱਗੀਆਂ ਹੋਈਆਂ ਹਨ। ਦੂਜੇ ਪਾਸੇ, ਲੱਖੋ ਵਾਲ ਵਰਗੇ ਨਕਲੀ ਕਿਸਾਨ ਹਿਤੈਸ਼ੀਆਂ ਦੀ ਚੁੰਗਲ ਤੋਂ ਆਜ਼ਾਦ ਪੰਜਾਬ ਦੀ ਕਿਸਾਨ ਲਹਿਰ ਹਾਕਮਾਂ ਦੀਆਂ ਬਲ ਅਤੇ ਛਲ ਦੀਆਂ ਨੀਤੀਆਂ ਸੰਗ ਭਿੜਦੀ ਹੋਈ ਠਾਠਾਂ ਮਾਰਦੀ ਅੱਗੇ ਵਧ ਰਹੀ ਹੈ।

No comments:

Post a Comment