Wednesday, March 9, 2016

16) ਰਾਏਕੇ ਕਲਾਂ ਕਿਸਾਨ ਮੋਰਚਾ:

ਲੜਨ-ਮਰਨ ਦੇ ਇਰਾਦਿਆਂ ਨੇ ਪੁਗਾਇਆ ਧਰਨੇ ਦਾ ਹੱਕ

- ਕਿਸਾਨ ਮੁਹਾਜ਼ ਪੱਤਰਕਾਰ

ਪੰਜਾਬ ’ਚ ਚੱਲ ਰਹੇ ਕਿਸਾਨ ਤੇ ਖੇਤ-ਮਜ਼ਦੂਰ ਅੰਦੋਲਨ ਦੇ ਅਹਿਮ ਪੜਾਅ ਵਜੋਂ ਰਾਏਕੇ ਕਲਾਂ ’ਚ ਲੱਗਿਆ ਮੋਰਚਾ ਕਿਰਤੀ ਜਨਤਾ ਦੇ ਜੁਝਾਰ ਲੜਨ ਤੰਤ ਨੂੰ ਉਘਾੜਨ ਤੇ ਹਕੂਮਤ ਨਾਲ ਦਸਤਪੰਜੇ ’ਚ ਲੋਕਾਂ ਦਾ ਹੱਥ ਉੱਪਰ ਰੱਖਣ ਪੱਖੋਂ ਸਫ਼ਲ ਨਿੱਬੜਿਆ ਹੈ। ਨਰਮੇ ਦੀ ਨੁਕਸਾਨ ਪੂਰਤੀ ਲਈ ਮੁਆਵਜ਼ੇ, ਬਾਸਮਤੀ ਦੀ ਲੁੱਟ ਰੁਕਵਾਉਣ, ਕਿਸਾਨ ਮਜ਼ਦੂਰ ਪੱਖੀ ਕਰਜ਼ਾ ਕਾਨੂੰਨ, ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਵਰਗੀਆਂ ਫੌਰੀ ਤੇ ਅਹਿਮ ਮੰਗਾਂ ਨੂੰ ਲੈ ਕੇ ਸਤੰਬਰ ਮਹੀਨੇ ਦੇ ਸ਼ੁਰੂ ’ਚ ਉੱਠਿਆ ਕਿਸਾਨ ਅੰਦੋਲਨ ਕਈ ਮੋੜਾਂ ਘੋੜਾਂ ਤੇ ਉਤਰਾਵਾਂ ਚੜ੍ਹਾਵਾਂ ’ਚੋਂ ਗੁਜ਼ਰ ਚੁੱਕਾ ਹੈ। ਅਕਤੂਬਰ ਦੇ ਸ਼ੁਰੂ ’ਚ ਜਦੋਂ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਨੇ ਹਫ਼ਤਾ ਭਰ ਲਈ ਪੰਜਾਬ ’ਚ ਰੇਲਾਂ ਦਾ ਚੱਕਾ ਜਾਮ ਕਰੀ ਰੱਖਿਆ ਸੀ ਤਾਂ ਕਿਸਾਨ ਮਜ਼ਦੂਰ ਜਨਤਾ ਦੇ ਮੁੱਦੇ ਪੰਜਾਬ ਦੇ ਸਿਆਸੀ ਦ੍ਰਿਸ਼ ਦੇ ਕੇਂਦਰ ’ਚ ਆ ਗਏ ਸਨ। ਉਸਤੋਂ ਮਗਰੋਂ ਹਾਕਮ ਜਮਾਤੀ ਪਾਟਕਪਾਊ ਸਿਆਸਤ ਦੇ ਘਟਨਾ ਚੱਕਰ ਦੇ ਸਿੱਟੇ ਵਜੋਂ ਇੱਕ ਵਾਰ ਤਾਂ ਲੋਕਾਂ ਦੀ ਭਾਈਚਾਰਕ ਸਾਂਝ ਤੇ ਜਮਾਤੀ ਏਕਤਾ ਹੀ ਖ਼ਤਰੇ ਮੂੰਹ ਆ ਗਈ ਸੀ। ਕਿਸਾਨ ਘੋਲ਼ ਲਈ ਫੇਟ ਦਾ ਖਤਰਾ ਪੈਦਾ ਹੋ ਗਿਆ ਸੀ ਪਰ ਘੋਲਾਂ ’ਚ ਹੰਢੀ ਵਰਤੀ ਲੀਡਰਸ਼ਿਪ ਦੀ ਸੂਝ ਬੂਝ ਅਤੇ ਢੁਕਵੀਂ ਦਾਅਪੇਚਕ ਕਾਰਗਰਤਾ ਨੇ ਅਤੇ ਲੋਕ ਜ਼ਿੰਦਗੀ ’ਚ ਉੱਭਰ ਚੁੱਕੇ ਜਮਾਤੀ ਤਬਕਾਤੀ ਮੁੱਦਿਆਂ ਦੀ ਤਿੱਖ ਅਤੇ ਗੰਭੀਰਤਾ ਨੇ ਅਜਿਹੀ ਫੇਟ ਨਹੀਂ ਵੱਜਣ ਦਿੱਤੀ। ਅੰਦੋਲਨ ਨੇ ਮੁੜ ਸੰਭਾਲਾ ਕਰਦਿਆਂ ਫਿਰ ਲੀਹ ਫੜ ਲਈ ਸੀ। ਬਰਨਾਲੇ ਤੇ ਅੰਮ੍ਰਿਤਸਰ ’ਚ ਹੋਈਆਂ ਵਿਸ਼ਾਲ ਰੈਲੀਆਂ ਕਿਸਾਨ ਮਜ਼ਦੂਰ ਜਨਤਾ ਦੇ ਲੜਾਕੂ ਇਰਾਦਿਆਂ ਦਾ ਜੋਸ਼ੀਲਾ ਐਲਾਨ ਹੋ ਨਿੱਬੜੀਆਂ ਸਨ। ਇਹਨਾਂ ਰੈਲੀਆਂ ’ਚ ਹੀ ਮੰਗਾਂ ਦੇ ਹੱਲ ਲਈ ਜਨਵਰੀ ਦੇ ਸ਼ੁਰੂ ’ਚ ਬਾਦਲ ਪਿੰਡ ’ਚ ਤਿੰਨ ਰੋਜ਼ਾ ਧਰਨਾ ਦੇਣ ਦਾ ਐਲਾਨ ਹੋਇਆ ਸੀ। ਪਰ ਉਹਨਾਂ ਦਿਨਾਂ ’ਚ ਮੌਸਮ ਵਿਭਾਗ ਵੱਲੋਂ ਮੀਂਹ ਦੇ ਅਨੁਮਾਨ ਹੋਣ ਕਰਕੇ ਇਹ ਪ੍ਰੋਗਰਾਮ ਮੁਲਤਵੀ ਕਰਕੇ 22 ਜਨਵਰੀ ਤੋਂ ਕਰ ਦਿੱਤਾ ਗਿਆ ਸੀ। 22 ਤੋਂ 24 ਜਨਵਰੀ ਤੱਕ ਬਾਦਲ ਪਿੰਡ ’ਚ ਦਿੱਤੇ ਜਾਣ ਵਾਲੇ ਧਰਨੇ ਬਾਰੇ ਜਥੇਬੰਦੀਆਂ ਦਾ ਅਨੁਮਾਨ ਸੀ ਕਿ ਹਮੇਸ਼ਾਂ ਦੀ ਤਰ੍ਹਾਂ ਹੀ ਹਕੂਮਤ ਦੋ ਦਿਨ ਪਹਿਲਾਂ ਗ੍ਰਿਫਤਾਰੀਆਂ ਕਰਕੇ ਅਤੇ ਪਿੰਡਾਂ ’ਚ  ਰਾਹਾਂ
’ਚ ਨਾਕੇ ਲਗਾ ਕੇ ਧਰਨਾ ਅਸਫ਼ਲ ਬਣਾਉਣ ਦੀ ਨੀਤੀ ’ਤੇ ਚੱਲੇਗੀ। ਧਰਨਾ ਲਗਾਉਣ ਦਾ ਹੱਕ ਹਰ ਹਾਲ ਪੁਗਾਉਣ ਦਾ ਫੈਸਲਾ ਕਰਦਿਆਂ ਬੀ. ਕੇ. ਯੂ. ਏਕਤਾ (ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਦੋ ਦਿਨ ਪਹਿਲਾਂ ਹੀ ਬਾਦਲ ਨੇੜਲੇ ਪਿੰਡ ਰਾਏਕੇ ਕਲਾਂ ਜਾ ਕੇ ਡਟਣ ਦਾ ਫੈਸਲਾ ਕਰ ਲਿਆ ਤਾਂ ਕਿ 22 ਨੂੰ ਸਵੇਰੇ ਬਾਦਲ ਵੱਲ ਤੁਰਿਆ ਜਾ ਸਕੇ। 19-20 ਜਨਵਰੀ ਦੀ ਵਿਚਕਾਰਲੀ ਰਾਤ ਨੂੰ ਅੰਤਾਂ ਦੀ ਸਰਦੀ ਦੀ ਪ੍ਰਵਾਹ ਨਾ ਕਰਦਿਆਂ ਲਗਭਗ 2 ਵਜੇ ਹਜ਼ਾਰਾਂ ਕਿਸਾਨ ਤੇ ਖੇਤ-ਮਜ਼ਦੂਰ ਕਾਰਕੁੰਨਾਂ ਦਾ ਕਾਫ਼ਲਾ ਰਾਏਕੇ ਕਲਾਂ ਜਾ ਪਹੁੰਚਿਆ। 5 ਵਜੇ ਤੱਕ ਸਾਰੇ ਕਾਫ਼ਲੇ ਪੁੱਜ ਗਏ। ਹਕੂਮਤੀ ਗਿਣਤੀਆਂ ਉਲਟ ਗਈਆਂ। ਇੱਕ ਪਾਸੇ ਤਾਂ ਪੰਜਾਬ ’ਚ ਵੱਖ ਵੱਖ ਥਾਵਾਂ ’ਤੇ ਛਾਪੇ ਮਾਰ ਕੇ ਕਿਸਾਨ ਖੇਤ-ਮਜ਼ਦੂਰ ਆਗੂ, ਕਾਰਕੁੰਨ ਗ੍ਰਿਫ਼ਤਾਰ ਕਰਨੇ ਸ਼ੁਰੂ ਕਰ ਦਿੱਤੇ। ਧਰਨੇ ਵੱਲ ਤੁਰਿਆਂ ਨੂੰ ਰਾਹਾਂ ’ਚ ਰੋਕ ਕੇ ਗ੍ਰਿਫ਼ਤਾਰ ਕਰ ਲਿਆ। ਦਰਜਨਾਂ ਜੇਲ੍ਹ ਭੇਜ ਦਿੱਤੇ ਤੇ ਦੂਜੇ ਪਾਸੇ ਪਿੰਡ ਵਿਚਲੇ ਗੁਰਦੁਆਰੇ ਦੇ ਗ੍ਰੰਥੀ ਤੋਂ ਲੈ ਕੇ ਕਮੇਟੀ ਤੇ ਪੰਚਾਇਤ ਤੱਕ ’ਤੇ ਦਬਾਅ ਪਾਇਆ, ਪਿੰਡ ’ਚ ਫਲੈਗ ਮਾਰਚ ਕੀਤਾ ਤੇ ਸਪੀਕਰ ਲੈ ਕੇ ਪਿੰਡ ਦੀਆਂ ਗਲ਼ੀਆਂ ’ਚ ਅੰਦੋਲਨਕਾਰੀਆਂ ਖਿਲਾਫ਼ ਪਿੰਡ ਵਾਸੀਆਂ ਨੂੰ ਭੜਕਾਉਣ ਦੇ ਯਤਨਾਂ ਨਾਲ ਹੋਕੇ ਦਿੱਤੇ, ਪਿੰਡ ’ਚ ਲਗਭਗ 800 ਪੁਲਸ ਕਰਮੀ ਤਾਇਨਾਤ ਕਰਕੇ ਪਿੰਡ ਨੂੰ ਫੌਜੀ ਛਾਉਣੀ ’ਚ ਬਦਲ ਦਿੱਤਾ, ਨੇੜਲੇ ਪਿੰਡਾਂ ’ਚੋਂ ਆਉਂਦਾ ਲੰਗਰ ਰੋਕਿਆ, ਆਮ ਲੋਕਾਂ ਦਾ ਤੋਰਾ ਫੇਰਾ ਰੋਕਣਾ ਚਾਹਿਆ। ਜਦੋਂ ਅਜਿਹੇ ਯਤਨ ਜੁਝਾਰ ਜਨਤਾ ਦੇ ਹੌਂਸਲੇ ਨਾ ਪਸਤ ਕਰ ਸਕੇ ਤਾਂ ਪੁਲਸ ਦੀ ਗੱਡੀ ਗੇਟ ਮੂਹਰੇ ਲਾ ਲਈ, ਇੱਕ ਤਰ੍ਹਾਂ ਘੇਰਾਬੰਦੀ ਕਰਕੇ ਹਮਲਾ ਕਰਨ ਦਾ ਮਾਹੌਲ ਸਿਰਜ ਲਿਆ। ਗਲੀਆਂ ਨੂੰ ਸੀਲ ਕਰਨ ਦੀ ਤਿਆਰੀ ਕਰ ਲਈ ਤਾਂ ਕਿ ਪਿੰਡ ਨੂੰ ਕਿਸਾਨਾਂ, ਮਜ਼ਦੂਰਾਂ ਦੀ ਹਮਾਇਤ ’ਚ ਆਉਣ ਤੋਂ ਰੋਕਿਆ ਜਾ ਸਕੇ। ਪਰ ਕਿਸਾਨ ਮਜ਼ਦੂਰ ਜਨਤਾ ਦੇ ਇਰਾਦੇ ਦ੍ਰਿੜ ਸਨ। ਇਹ ਕਾਰਕੁੰਨਾਂ ਦਾ ਉਹ ਪੂਰ ਸੀ ਜੋ ਕਈ ਵਾਰ ਅਜਿਹੇ ਹਾਲਾਤਾਂ ਦਾ ਸਾਹਮਣਾ ਕਰ ਚੁੱਕਾ ਹੈ। ਕਈ ਵਾਰ ਵਰ੍ਹਦੇ ਬਰੂਦ ’ਚੋਂ ਗੁਜਰਿਆ ਹੈ, ਡਾਂਗਾਂ ਪਿੰਡਿਆਂ ਤੇ ਝੱਲੀਆਂ ਹਨ ਤੇ ਜੇਲ੍ਹਾਂ ਦਾ ਸਾਹਮਣਾ ਕੀਤਾ ਹੈ। ਹੁਣ ਵੀ ਪੁਲਸ ਹਮਲੇ ਦਾ ਡਟਵਾਂ ਟਾਕਰਾ ਕਰਨ ਦਾ ਮਤਾ ਪਕਾਇਆ ਗਿਆ ਤੇ ਗੁਰਦੁਆਰੇ ’ਚੋਂ ਐਲਾਨ ਹੋ ਗਿਆ ਕਿ ਪੁਲਸ ਸਾਡੀਆਂ ਲਾਸ਼ਾਂ ਤੋਂ ਲੰਘਕੇ ਹੀ ਅੰਦਰ ਵੜੇਗੀ। ਗੇਟਾਂ ਤੇ ਵਲੰਟੀਅਰ ਤਾਇਨਾਤ ਕਰ ਦਿੱਤੇ ਗਏ। ਜੁਝਾਰ ਜਨਤਾ ਗੁਰਦੁਆਰੇ ਦੀਆਂ ਛੱਤਾਂ ’ਤੇ ਡਟ ਗਈ ਤੇ ਤਿੰਨਾਂ ਗੇਟਾਂ ’ਤੇ ਵੱਡੇ ਵੱਡੇ ਜੱਥੇ ਡਟ ਗਏ। ਸਪੀਕਰ ਰਾਹੀਂ ਪਿੰਡ ਨੂੰ ਹੋਕਾ ਦੇ ਦਿੱਤਾ। ਪਿੰਡ ’ਚੋਂ ਲੋਕ ਡਾਂਗਾ ਲੈ ਕੇ ਪੁੱਜਣੇ ਸ਼ੁਰੂ ਹੋ ਗਏ। ਲੜਨ ਮਰਨ ਦਾ ਅਜਿਹਾ ਰੌਂਅ ਤੇ ਇਰਾਦਾ ਭਾਂਪ ਕੇ ਹੀ ਪੁਲਿਸ ਪਿੱਛੇ ਹਟੀ। ਅੰਦੋਲਨਕਾਰੀ ਜਨਤਾ ਵੀ ਤੇ ਪਿੰਡ ਵਾਸੀ ਵੀ ਰਾਤ ਭਰ ਛੱਤਾਂ ’ਤੇ ਧੂਣੀਆਂ ਲਾ ਕੇ ਡਟੇ ਰਹੇ।
ਅਗਲੇ ਦਿਨ ਹਕੂਮਤ ਗੱਲਬਾਤ ਲਈ ਆਈ। ਗੱਲਬਾਤ ’ਚ ਪ੍ਰਸ਼ਾਸਨ ਨੇ ਕਈ ਚਾਲਾਂ ਚੱਲੀਆਂ ਤਾਂ ਕਿ ਧਰਨਾ ਪਿੰਡੋਂ ਬਾਹਰ ਕੱਢਿਆ ਜਾ ਸਕੇ ਤੇ ਪਿੰਡ ਨਾਲੋਂ ਰਾਬਤਾ ਤੋੜ ਕੇ ਹੱਲਾ ਬੋਲਿਆ ਜਾ ਸਕੇ ਪਰ ਹਕੂਮਤ ਦੀਆਂ ਸਭ ਸ਼ਤਰੰਜੀ ਚਾਲਾਂ ਫੇਲ੍ਹ ਹੋਈਆਂ। ਪੰਜਾਬ ਭਰ ’ਚੋਂ ਫੜੇ ਵੱਖ ਵੱਖ ਜਥੇਬੰਦੀਆਂ ਦੇ ਸਾਰੇ ਆਗੂਆਂ ਨੂੰ ਫੌਰੀ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਪਿੰਡ ’ਚ ਧਰਨਾ ਜਾਰੀ ਰੱਖਣ ਲਈ ਪ੍ਰਸ਼ਾਸਨ ਰਾਜ਼ੀ ਹੋਇਆ। ਪਿੰਡ ’ਚੋਂ ਪੁਲਸ ਨਫ਼ਰੀ ਘਟਾਈ ਗਈ। ਇਉਂ ਪੁਲਸ ਨਾਲ ਖਹਿ ਭਿੜ ਕੇ ਲਗਾਏ ਇਸ ਧਰਨੇ ਨੇ ਲੋਕਾਂ ਸਾਹਮਣੇ ਇਹ ਹਕੀਕਤ ਮੁੜ ਉਘਾੜ ਦਿੱਤੀ ਕਿ ਹੱਕ ਮਿਲਣੇ ਤਾਂ ਦੂਰ, ਹੱਕਾਂ ਲਈ ਆਵਾਜ਼ ਉਠਾਉਣ ਦਾ ਜਮਹੂਰੀ ਅਧਿਕਾਰ ਪੁਗਾਉਣ ਲਈ ਮਰਨ ਮਾਰਨ ਦਾ ਇਰਾਦਾ ਧਾਰਨ ਕਰਨਾ ਪੈਂਦਾ ਹੈ ਤਾਂ ਜਾ ਕਿ ਮੁੱਖ ਮੰਤਰੀ ਦੇ ਘਰ ਤੋਂ 7-8 ਕਿ. ਮੀ. ਦੂਰ ਇੱਕ ਪਿੰਡ ’ਚ ਬੈਠ ਕੇ ਰੋਸ ਜ਼ਾਹਰ ਕੀਤਾ ਜਾ ਸਕਦਾ ਹੈ ਤੇ ਉਥੇ ਬੈਠਿਆਂ ’ਤੇ ਵੀ ਬੰਦਸ਼ਾਂ ਮੜ੍ਹੀਆਂ ਜਾਂਦੀਆਂ ਹਨ।
22 ਤਰੀਕ ਤੋਂ ਬਾਕੀ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਕਾਰਕੁੰਨ ਵੀ ਸ਼ਾਮਲ ਹੋਣੇ ਸ਼ੁਰੂ ਹੋ ਗਏ ਸਨ। ਪੂਰੇ 8 ਦਿਨ ਚੱਲੇ ਇਸ ਧਰਨੇ ਦੌਰਾਨ ਸਰਦੀ ਦੇ ਸੀਜ਼ਨ ਦੀ ਸਭ ਤੋਂ ਸਿਖਰਲੀ ਠੰਢ ਪਈ ਜੀਹਨੇ ਜਨਤਾ ਦੀਆਂ ਸਭ ਤੋਂ ਘੱਟ ਚੇਤਨ ਪਰਤਾਂ ਦੀ ਸ਼ਮੂਲੀਅਤ ’ਤੇ ਕੁਝ ਅਸਰ ਵੀ ਪਾਇਆ। ਇਸ ਕਸਰ ਨੂੰ ਲੰਮੇ ਘੋਲ ਅਮਲਾਂ ਦੌਰਾਨ ਰੜ੍ਹੇ ਤਪੇ ਜੁਝਾਰਾਂ ਦੇ ਹੰਭਲੇ ਨੇ ਦੂਰ ਕੀਤਾ। ਧਰਨੇ ਦੇ ਆਖਰੀ ਦਿਨ ਵਿਸ਼ਾਲ ਇਕੱਠ ਹੋਇਆ ਜਿਸ ਵਿੱਚ ਘੋਲ਼ ਦੇ ਆਗੂਆਂ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਦੇ ਬੀਮਾਰ ਹੋਣ ਨੇ ਇੱਕ ਵਾਰ ਹਕੂਮਤ ਦੀ ਜਾਨ ਕੁੜਿੱਕੀ ’ਚੋਂ ਛੁੱਟ ਜਾਣ ਦਾ ਸਬੱਬ ਬਣਾ ਦਿੱਤਾ ਹੈ। ਮੁੱਖ ਮੰਤਰੀ ਦੇ ਠੀਕ ਹੋਣ ਸਾਰ ਮੀਟਿੰਗ ਕਰਵਾਉਣ ਦਾ ਪ੍ਰਸ਼ਾਸਨ ਦਾ ਵਾਅਦਾ ਜੇਕਰ ਵਫ਼ਾ ਨਾ ਹੋਇਆ ਤਾਂ ਮੁੜ ਬਾਦਲ ਵੱਲ ਕੂਚ ਕੀਤਾ ਜਾਵੇਗਾ। ਇਸ ਧਰਨੇ ਦੌਰਾਨ ਪਿੰਡ ਵਾਸੀਆਂ ਤੋਂ ਜੋ ਹਮਾਇਤ ਮਿਲੀ, ਉਹ ਮਿਸਾਲੀ ਸੀ। ਇਸ ਅਮਲੀ ਹਮਾਇਤ ਨੇ ਘੋਲ ਦੇ ਮੈਦਾਨ ’ਚ ਡਟੀ ਜਨਤਾ ਦੇ ਇਰਾਦਿਆਂ ਨੂੰ ਦੂਣ-ਸਵਾਇਆ ਕੀਤਾ। ਪਿੰਡ ਵਾਸੀ ਕਿਸਾਨ ਕਾਫ਼ਲੇ ਦੀ ਆਮਦ ਨਾਲ ਝੂਣੇ ਗਏ ਤੇ ਲਗਭਗ ਸਭਨਾਂ ਵੱਲੋਂ ਅਜਿਹੇ ਸਾਂਝੇ ਭਾਵਾਂ ਦਾ ਪ੍ਰਗਟਾਵਾ ਹੋਇਆ ਕਿ ਸਾਡਾ ਪਿੰਡ ਪਵਿੱਤਰ ਹੋ ਗਿਆ। ਜੁਝਾਰ ਕਿਸਾਨ ਕਾਫ਼ਲੇ ਲਈ ਅਜਿਹੀ ਅਪਣੱਤ ਤੇ ਲਗਾਅ ਕਿਸੇ ਸਧਾਰਨ ਪ੍ਰਹੁਣਾਚਾਰੀ ਦਾ ਨਤੀਜਾ ਨਹੀਂ ਹੈ। ਪੁਲਿਸ ਤੇ ਪ੍ਰਸ਼ਾਸਨ ਦਾ ਦਬਾਅ ਝੱਲ ਕੇ ਪਿੰਡ ਵੱਲੋਂ ਨਿਭਾਈ ਭੂਮਿਕਾ ਇਹ ਤੱਥ ਮੁੜ ਉਜਾਗਰ ਕਰ ਰਹੀ ਹੈ ਕਿ ਡੂੰਘੇ ਖੇਤੀ ਸੰਕਟ ’ਚ ਫਸੇ ਕਿਰਤੀ ਕਿਸਾਨ ਧੜੱਲੇ ਦੇ ਪੈਂਤੜੇ ਤੋਂ ਜੂਝਣ ਲਈ ਰਾਹ ਤਲਾਸ਼ ਰਹੇ ਹਨ। ਅਜਿਹੇ ਜੁਝਾਰ ਕਣ ਦਾ ਪ੍ਰਗਟਾਵਾ ਕਰਦੀ ਕਿਸਾਨ ਜਥੇਬੰਦੀ ਉਹਨਾਂ ਦੇ ਅਥਾਹ ਸਤਿਕਾਰ ਤੇ ਪਿਆਰ ਦੀ ਹੱਕਦਾਰ ਹੋ ਨਿੱਬੜਦੀ ਹੈ। ਉਹ ਅਜਿਹੇ ਕਾਫ਼ਲੇ ਦਾ ਹਿੱਸਾ ਬਣਨ ਲਈ ਅਹੁਲ ਰਹੇ ਹਨ। ਰਾਏਕੇ ਕਲਾਂ ’ਚ ਡਟੇ ਜੁਝਾਰਾਂ ਤੇ ਪਿੰਡ ਦੇ ਕਿਰਤੀ ਲੋਕਾਂ ਦੇ ਪ੍ਰਗਟ ਹੋਏ ਇਰਾਦੇ ਇਹ ਬੁੱਝਣ ਲਈ ਕਾਫ਼ੀ ਹਨ ਕਿ ਘੋਲ ਦੀਆਂ ਮੰਗਾਂ ਕਿਸਾਨਾਂ-ਖੇਤ ਮਜ਼ਦੂਰਾਂ ਦੀ ਜ਼ਿੰਦਗੀ ਬਚਾਉਣ ਦੀਆਂ ਮੰਗਾਂ ਹਨ। ਏਸੇ ਲੰਮੇ ਤੇ ਲਮਕਵੇਂ ਅਮਲ ’ਚ ਵੀ ਇਹਨਾਂ ਮੰਗਾਂ ਨੂੰ ਮਿਲ ਰਿਹਾ ਹੁੰਗ•ਾਰੇ ਕਿਰਤੀਆਂ ਦੀ ਜ਼ਿੰਦਗੀ ’ਚ ਇਨ੍ਹਾਂ ਮੰਗਾਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਤੇ ਇਹਦੀ ਪੂਰਤੀ ਨਾਲ ਜੁੜੀਆਂ ਆਸਾਂ ਨੂੰ। ਇਸ ਲਈ ਧੜੱਲੇ ਦੇ ਪੈਂਤੜੇ ਤੋਂ ਜਦੋਜਹਿਦ ਜਾਰੀ ਰੱਖਣ ਦੀ ਜ਼ਰੂਰਤ ਹੈ ਤੇ ਨਾਲ ਹੀ ਲੋਕਾਂ ਦੀਆਂ ਧੁਰ ਹੇਠਲੀਆਂ ਪਰਤਾਂ ਨੂੰ ਹਿਲਾਉਣ ਜਗਾਉਣ ਤੇ ਤਾਣ ਕੇਂਦਰਤ ਕਰਨ ਦੀ ਵੀ। ਇਹੀ ਪਰਤਾਂ ਹੁਣ ਤੱਕ ਘੋਲ ਦੀ ਰੀੜ੍ਹ ਦੀ ਹੱਡੀ ਬਣੀਆਂ ਰਹਿ ਰਹੀਆਂ ਹਨ ਤੇ ਇਹਨਾਂ ਦੀ ਸ਼ਮੂਲੀਅਤ ਨੂੰ ਹੋਰ ਉਗਾਸਾ ਹੀ ਘੋਲ ਦੀ ਅਗਲੀ ਪੇਸ਼ਕਦਮੀ ਦਾ ਸਾਧਨ ਬਣਦਾ ਹੈ।
ਇਸ 8 ਦਿਨਾਂ ਧਰਨੇ ਨੇ ਅਕਾਲੀ ਦਲ ਦੀ ਹਕੂਮਤ ਦੀ ਸਰਮਾਏਦਾਰਾਂ ਜਾਗੀਰਦਾਰਾਂ ਪ੍ਰਤੀ ਵਫ਼ਾਦਾਰੀ ਦੀ ਹਕੀਕਤ ਲੋਕਾਂ ਸਾਹਮਣੇ ਮੁੜ ਪ੍ਰਤੱਖ ਕਰ ਦਿੱਤੀ ਹੈ। ਇਹ ਹਕੂਮਤ ਸਿਆਸੀ ਹਰਜ਼ਾ ਝੱਲ ਕੇ ਵੀ ਲੋਕਾਂ ਨੂੰ ਨਿਗੂਣੀਆਂ ਆਰਥਿਕ ਰਿਆਇਤਾਂ ਦੇਣ ਤੋਂ ਘੇਸਲ ਮਾਰ ਰਹੀ ਹੈ। ਤੇ ਜਮਾਤੀ ਵਫ਼ਾਦਾਰੀ ਪੁਗਾਉਣ ਦੀ ਉੱਘੜਵੀਂ ਮਿਸਾਲ ਕਾਇਮ ਕਰ ਰਹੀ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸੰਗਤ ਤੇ ਲੰਬੀ ਬਲਾਕਾਂ ’ਚ ਮੋਰਚੇ ਤੋਂ ਮਗਰੋਂ ਪਿੰਡ ਪਿੰਡ ਜਨਤਕ ਰੈਲੀਆਂ ਕੀਤੀਆਂ ਗਈਆਂ ਹਨ ਜਿੱਥੇ ਆਗੂਆਂ ਨੇ ਲੋਕਾਂ ਨਾਲ ਘੋਲ਼ ਦੀਆਂ ਪ੍ਰਾਪਤੀਆਂ ਤੇ ਸਬਕਾਂ ਬਾਰੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਹਨ। ਇਹਨਾਂ ਪਿੰਡਾਂ ’ਚੋਂ ਪੁੱਜਦੀ ਰਹੀ ਭਾਰੀ ਗਿਣਤੀ ਕਿਸਾਨ ਖੇਤ-ਮਜ਼ਦੂਰ ਜਨਤਾ ਨਾਲ ਚੱਲਿਆ ਵਿਚਾਰ ਪ੍ਰਵਾਹ ਦਾ ਇਹ ਦੌਰ ਕੰਮ ਨੂੰ ਪੱਕੇ ਪੈਰੀਂ ਕਰਨ ਪੱਖੋਂ ਮਹੱਤਵਪੂਰਨ ਹੈ। ਇਨ੍ਹਾਂ ਦੋਹਾਂ ਜਥੇਬੰਦੀਆਂ ਨੇ ਪਿਛਲੇ ਸਾਰੇ ਅਰਸੇ ਦੌਰਾਨ ਵਾਹ ’ਚ ਆਈਆਂ ਨਵੀਆਂ ਪਰਤਾਂ ਨੂੰ ਜੁਝਾਰ ਕਿਸਾਨ ਚੇਤਨਾ ਨਾਲ ਲੈਸ ਕਰਨ ਦਾ ਗੇੜ ਚਲਾਇਆ ਹੈ ਤਾਂ ਕਿ ਤਿੱਖੇ ਘੋਲ ਦਾ ਮਜ਼ਬੂਤ ਆਧਾਰ ਸਿਰਜਿਆ ਜਾ ਸਕੇ ਤੇ ਹਕੂਮਤ ਨਾਲ ਦਸਤਪੰਜੇ ਦੇ ਅਗਲੇ ਦੌਰ ਦੀ ਜਚਵੀਂ ਤਿਆਰੀ ਕੀਤੀ ਜਾ ਸਕੇ। ਏਸੇ ਤਿਆਰੀ ਦੇ ਅੰਗ ਵਜੋਂ ਹੀ 8 ਮਾਰਚ ਨੂੰ ਔਰਤ ਦਿਵਸ ਮੌਕੇ ਕਿਸਾਨ ਲਹਿਰ ਦੇ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਦੇ ਪਿੰਡ ਉਹਨਾਂ ਦੇ ਬਰਸੀ ਸਮਾਗਮ ਨੂੰ ‘ਕਰਜ਼ਾ ਮੁਕਤੀ  ਔਰਤ ਮੁਕਤੀ’ ਕਾਨਫਰੰਸ ਕਰਕੇ ਮਨਾਇਆ ਜਾ ਰਿਹਾ ਹੈ। ਔਰਤਾਂ ਦੀ ਸ਼ਮੂਲੀਅਤ ਨੂੰ ਉਗਾਸਾ ਦੇਣ ਤੇ ਕਰਜ਼ੇ ਤੋਂ ਛੁਟਕਾਰੇ ਲਈ ਘੋਲ਼ ਦੀ ਮਹੱਤਤਾ ਉਭਾਰਨ ਪੱਖੋਂ ਇਹ ਨੁਕਤਾ ਮਹੱਤਵਪੂਰਨ ਹੈ। ਅਜਿਹੀ ਚੇਤਨਾ ਸਰਗਰਮੀ ਤੇ ਲਾਮਬੰਦੀਆਂ ਨੇ ਚੱਲ ਰਹੇ ਘੋਲ ’ਚ ਨਵੀਂ ਰੂਹ ਫੂਕਣ ਦਾ ਅਹਿਮ ਸਾਧਨ ਬਣਨਾ ਹੈ।
ਜਦੋਜਹਿਦ ਜਾਰੀ ਹੈ, ਹਰ ਘੋਲ਼ ਗੇੜ ਨਾਲ ਕਿਸਾਨ ਖੇਤ-ਮਜ਼ਦੂਰ ਸ਼ਕਤੀ ਦੇ ਪੋਲ ਦੀ ਉਸਾਰੀ ਹੋ ਰਹੀ ਹੈ। ਹਰ ਐਕਸ਼ਨ ਤੇ ਘੋਲ ਪੜਾਅ ਇਸ ਪੋਲ ’ਚ ਅਗਲੀਆਂ ਇੱਟਾਂ ਚਿਣ ਜਾਂਦਾ ਹੈ ਤੇ ਹਾਕਮ ਜਮਾਤੀ ਪੋਲ ਨੂੰ ਝਟਕਾ ਦੇ ਜਾਂਦਾ ਹੈ। ਸਿਆਸੀ ਕੀਮਤ ਵਸੂਲ ਕੇ ਹਾਕਮ ਜਮਾਤੀ ਸਿਆਸੀ ਸਰਦਾਰੀ ਦੀਆਂ ਨੀਹਾਂ ਨੂੰ ਖੋਰਾ ਪਾ ਜਾਂਦਾ ਹੈ। ਹਰ ਘੋਲ ਐਕਸ਼ਨ ਤੇ ਸਰਗਰਮੀ ਦੀ ਇਉਂ ਦੇਖਿਆਂ ਆਪਣੀ ਵਿਲੱਖਣ ਸਿਆਸੀ ਮਹੱਤਤਾ ਬਣਦੀ ਹੈ। ਏਸ ਪੱਖੋਂ ਰਾਏਕੇ ਕਲਾਂ ਮੋਰਚਾ ਦੀਆਂ ਅਹਿਮ ਪ੍ਰਾਪਤੀਆਂ ਹਨ।

No comments:

Post a Comment