Friday, November 15, 2013

'ਯੁੱਗ ਬਦਲਣ ਲਈ ਲੜਨ' ਦੀ ਲੋੜ ਦਾ ਹੋਕਾ ਦੇ ਗਿਆ ਮੇਲਾ ਗ਼ਦਰ ਸ਼ਤਾਬਦੀ ਦਾ


'ਯੁੱਗ ਬਦਲਣ ਲਈ ਲੜਨ' ਦੀ ਲੋੜ ਦਾ ਹੋਕਾ ਦੇ ਗਿਆ
ਮੇਲਾ ਗ਼ਦਰ ਸ਼ਤਾਬਦੀ ਦਾ
- 'ਉਠੋ! ਨਵੇਂ ਯੁੱਗ ਵਾਲ਼ਾ ਗੀਤ ਗਾ ਦਿਓ ' ਦਾ ਸੁਨੇਹਾ ਦੇ ਗਿਆ ਝੰਡੇ ਦਾ ਗੀਤ
- ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਗੰਧਰਵ ਸੇਨ ਕੋਛੜ ਅਤੇ ਟਰਸੱਟੀ ਚੈਨ ਸਿੰਘ ਚੈਨ ਨੇ ਸਾਂਝੇ ਤੌਰ ਤੇ ਝੁਲਾਇਆ ਗ਼ਦਰ ਪਾਰਟੀ ਦਾ ਝੰਡਾ
ਯੁਗਾਂਤਰ ਆਸ਼ਰਮ (ਜਲੰਧਰ)-'ਗ਼ਦਰ ਸ਼ਤਾਬਦੀ ਕੋਈ ਰਸਮੀ ਜਾਂ ਰਵਾਇਤੀ ਸ਼ਤਾਬਦੀ ਨਹੀਂ। ਗ਼ਦਰ ਸ਼ਤਾਬਦੀ ਮਨਾਉਣ ਦਾ ਮਕਸਦ ਗ਼ਦਰੀ ਬਾਬਿਆਂ ਦੀ ਅਜੋਕੀ ਪੀੜ੍ਹੀ ਨਾਲ ਇਤਿਹਾਸਕ ਸਾਂਝ ਦੀ ਤੰਦ ਨੂੰ ਹੋਰ ਪੀਢੀ ਕਰਨਾ ਹੈ। ਗ਼ਦਰੀ ਬਾਬਿਆਂ ਨੇ ਮੁੜ ਨਹੀਂ ਆਉਣਾ, ਸਗੋਂ ਉਨ੍ਹਾਂ ਦੀ ਸੋਚ 'ਤੇ ਪਹਿਰਾ ਦਿੰਦਿਆਂ, ਜਿੱਤਾਂ ਤੇ ਹਾਰਾਂ ਤੋਂ ਸਬਕ ਸਿਖਦੇ ਹੋਏ ਕੁਰਬਾਨੀ ਭਰੀ ਅਗਵਾਈ ਵਲ ਵਧਣਾ ਪੈਣਾ ਹੈ। ਮੌਜੂਦਾ ਪ੍ਰਬੰਧ ਅਫ਼ਰਾ ਤਫ਼ਰੀ ਦੇ ਦੌਰ ਵੱਲ ਵਧ ਰਿਹਾ ਹੈ ਤੇ ਨਿਤਾਰਾ ਇਸ ਗੱਲ ਨੇ ਕਰਨਾ ਹੈ ਕਿ ਲੋਕ ਬੇਚੈਨੀ ਨੂੰ ਕਿਹੜੀਆਂ ਤਾਕਤਾਂ ਵਰਤਦੀਆਂ ਹਨ।' ਇਹ ਹੋਕਾ ਗ਼ਦਰ ਸ਼ਤਾਬਦੀ ਮੇਲੇ ਦੇ ਸਿਖਰਲੇ ਦਿਨ ਸੈਂਕੜਿਆਂ ਦੀ ਤਦਾਦ 'ਚ ਜੁੜੇ ਮੇਲਾ ਪ੍ਰੇਮੀਆਂ ਨੂੰ ਗ਼ਦਰੀ ਬਾਬਿਆਂ ਦੇ ਮੇਲੇ ਦੇ ਪਹਿਲੀ ਨਵੰਬਰ ਦੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੰਧਰਵ ਸੇਨ ਕੋਛੜ ਤੇ ਕਾਮਰੇਡ ਚੈਨ ਸਿੰਘ ਚੈਨ ਨੇ ਦਿੱਤਾ। 
ਇਸ ਤੋਂ ਪਹਿਲਾਂ ਜਨਰਲ ਸਕੱਤਰ ਗੰਧਰਵ ਸੇਨ ਕੋਛੜ ਤੇ ਕਾਮਰੇਡ ਚੈਨ ਸਿੰਘ ਚੈਨ ਨੇ ਸਾਂਝੇ ਤੌਰ 'ਤੇ ਗ਼ਦਰ ਪਾਰਟੀ ਦਾ ਝੰਡਾ ਝੁਲਾਇਆ। ਇਸ ਮੌਕੇ ਸੰਬੋਧਨ ਕਰਦਿਆਂ ਗੰਧਰਵ ਸੇਨ ਕੋਛੜ ਨੇ ਕਿਹਾ ਕਿ ਗ਼ਦਰ ਲਹਿਰ ਧਰਮ, ਜਾਤ ਤੇ ਖਿੱਤੇ ਤੋਂ ਨਿਰਲੇਪ ਲਹਿਰ ਸੀ ਤੇ ਇਸ ਦਾ ਖ਼ਾਸਾ ਕੌਮਾਂਤਰੀ ਸੀ। ਇਹ ਨਾ ਸਿਰਫ਼ ਅਜ਼ਾਦੀ ਦੀ ਹੀ ਲਹਿਰ ਸੀ ਸਗੋਂ ਸਾਮਰਾਜ ਵਿਰੋਧੀ ਵੀ ਸੀ। ਕਾਮਰੇਡ ਚੈਨ ਸਿੰਘ ਚੈਨ ਨੇ ਗ਼ਦਰ ਪਾਰਟੀ ਦੀ ਸਥਾਪਨਾ ਦੇ ਕਾਰਨ, ਉਦੇਸ਼ ਤੇ ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਨੁੱਖ ਅਤੇ ਕੁਦਰਤ ਦੀ ਹਕੀਕੀ ਅਜ਼ਾਦੀ ਲਈ ਸੰਗਰਾਮ ਨੂੰ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਵੇਂ ਸੰਗਰਾਮ ਤੇ ਯੁੱਗ ਬਦਲਣ ਲਈ ਜੂਝਣਾ ਦੀ ਗ਼ਦਰੀ ਦੇਸ਼ ਭਗਤਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰੀ ਕਮੇਟੀ ਦੇ ਜਨਰਲ ਸਕੱਤਰ ਡਾ ਰਘਵੀਰ ਕੌਰ ਨੇ ਲੋਕਾਂ ਨੂੰ ਜੀ ਆਇਆਂ ਕਿਹਾ ਤੇ ਮੇਲੇ ਦੀ ਕਵਰੇਜ਼ ਲਈ ਪ੍ਰਿੰਟ ਅਤੇ ਇਲੈਟ੍ਰਾਨਿਕ ਮੀਡੀਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਡੀਏਵੀ ਪਬਲਿਕ ਸਕੂਲ ਬਿਗਲਾ ਦੇ ਵਿਦਿਆਰਥੀਆਂ ਨੇ ਬੈਂਡ ਦੀਆਂ ਧੁੰਨਾਂ 'ਤੇ ਮਾਰਚ ਪਾਸਟ ਕਰਦਿਆਂ ਝੰਡੇ ਨੂੰ ਸਲਾਮੀ ਦਿੱਤੀ।
ਅਮੋਲਕ ਸਿੰਘ ਦੀ ਕਲਮ ਤੋਂ ਲਿਖਿਆ ਝੰਡੇ ਦਾ ਗੀਤ ਲੋਕਾਂ ਨੂੰ 'ਉੱਠੋ ਨਵੇਂ ਯੁੱਗ ਵਾਲ਼ਾ ਗੀਤ ਗਾ ਦਿਓ' ਦਾ ਹੋਕਾ ਦਿੱਤਾ।
ਇਸ ਮੌਕੇ ਦੇਸ ਰਾਜ ਛਾਜਲੀ ਦੇ ਢਾਡੀ ਜਥੇ ਨੇ ਗ਼ਦਰੀ ਵਾਰਾਂ ਗਾ ਕੇ ਮਾਹੌਲ ਨੂੰ ਜੋਸ਼ ਭਰਿਆ ਬਣਾ ਦਿੱਤਾ। ਡਾ. ਵਰਿਆਮ ਸਿੰਘ ਸੰਧੂ ਅਤੇ ਡਾ. ਪਰਮਿੰਦਰ ਨੇ ਸੰਬੋਧਨ ਕਰਦਿਆਂ ਗ਼ਦਰੀ ਬਾਬਿਆਂ ਦੇ ਅਣਛੋਹੇ ਪੱਖਾਂ ਨੂੰ ਸਾਂਝਾ ਕਰਦਿਆਂ ਨਵੀਂ ਪੀੜ੍ਹੀ ਨੂੰ ਇਨਕਲਾਬੀ ਵਿਚਾਰਧਾਰਾ ਤੋਂ ਸੇਧ ਲੈਂਦਿਆਂ ਸੰਘਰਸ਼ਾਂ ਦਾ ਪਿੜ ਮੱਲਣ ਦਾ ਸੱਦਾ। ਇਸ ਤੋਂ ਬਾਅਦ ਗਾਇਕਾ ਕੰਵਰ ਬਹਾਰ, ਕਵੀਸ਼ਰ ਗੁਰਮੁਖ ਸਿੰਘ ਐਮਏ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੇਸ਼ਕਾਰੀਆਂ ਦਿੱਤੀਆਂ। ਨੀਰਜ ਕੌਸ਼ਕ ਦੁਆਰਾ ਨਿਰਦੇਸ਼ਿਤ ਨਾਟਕ 'ਆ ਕੇ ਰਹੂ ਬਸੰਤ' ਮੇਲਾ ਪ੍ਰੇਮੀਆਂ 'ਤੇ ਗਹਿਰੀ ਛਾਪ ਛੱਡ ਗਿਆ। ਬੀਬੀ ਸੁਰਿੰਦਰ ਕੌਰ ਤੇ ਸਾਥਣਾਂ ਨੇ ਬਲਵੀਰ ਕੌਰ ਵਡਾਲਾ ਦੀ ਨਿਰਦੇਸ਼ਨਾ ਹੇਠ ਪੰਜਾਬੀ ਸੱਭਿਆਚਾਰਕ ਵੰਨਗੀ 'ਅਲਾਉਣੀਆਂ' ਰਾਹੀਂ ਲੋਕ ਮਾਰੂ ਨੀਤੀਆਂ ਦਾ ਪਿੱਟ ਸਿਆਪਾ ਕੀਤਾ। ਮੇਲੇ ਦੀ ਮੁੱਖ ਸਟੇਜ 'ਤੇ ਬੀਬੀਆਂ ਵਲੋਂ ਪੇਸ਼ 'ਅਲਾਉਣੀਆਂ' ਨੇ ਮੇਲਾ ਪ੍ਰੇਮੀਆਂ ਨੂੰ ਝੰਜੋੜ ਦਿੱਤਾ। 
ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ 'ਚ ਗਦਰ ਸ਼ਤਾਬਦੀ ਮਾਰਚ ਦੇਸ਼ ਭਗਤ ਯਾਦਗਾਰ ਹਾਲ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਕ ਪੁੱਜਾ। ਇਸ ਮਾਰਚ 'ਚ ਪੰਜਾਬ ਦੀਆਂ ਡੇਢ ਸੌ ਤੋਂ ਵੱਧ ਜਥੇਬੰਦੀਆਂ, ਗਦਰੀ ਪਿੰਡਾਂ ਦੀਆਂ ਕਮੇਟੀਆਂ ਅਤੇ ਵੱਖ-ਵੱਖ ਮੁਲਕਾਂ 'ਚ ਵਸਦੇ ਪੰਜਾਬੀਆਂ ਦੀਆਂ ਪ੍ਰਤੀਨਿੱਧ ਜਥੇਬੰਦੀਆਂ ਦੇ ਵਫਦਾਂ ਨੇ ਸ਼ਮੂਲੀਅਤ ਕੀਤੀ। 
ਰਾਤ ਨੂੰ ਭਖਵੇਂ ਮਸਲਿਆਂ ਨਾਲ ਸਰੋਕਾਰ ਰੱਖਣ ਵਾਲੇ ਨਾਟਕ ਪੇਸ਼ ਕੀਤੇ ਗਏ। ਮੰਚ ਰੰਗ ਮੰਚ ਅੰਮ੍ਰਿਤਸਰ ਦੀ ਪੇਸ਼ਕਸ਼ ਅਤੇ ਕੇਵਲ ਧਾਲੀਵਾਲ ਦੇ ਲਿਖੇ ਅਤੇ ਨਿਰਦੇਸ਼ਤ ਨਾਟਕ 'ਅੱਗ ਲਾਉਂਦੀ ਰਹੀ ਸਮੁੰਦਰਾਂ 'ਚ ਤਾਰੀਆਂ' ਨੇ ਗ਼ਦਰ ਲਹਿਰ 'ਚ 'ਕਾਮਾਗਾਟਾ ਮਾਰੂ' ਜਹਾਜ਼ ਦੀ ਘਟਨਾ ਵੇਲੇ ਸਮਾਜਿਕ ਹਾਲਾਤਾਂ ਦੀ ਬਾਤ ਪਾਉਂਦਿਆਂ ਅਜੋਕੇ ਸਮੇਂ 'ਚ ਗ਼ਦਰ ਲਹਿਰ ਦੇ ਨਿਸ਼ਾਨਿਆਂ ਦੀ ਸਾਰਥਿਕਤਾ ਨੂੰ ਬਿਆਨ ਕੀਤਾ। ਅਦਾਕਾਰ ਮੰਚ ਮੁਹਾਲੀ ਦੀ ਪੇਸ਼ਕਸ਼ ਅਤੇ ਡਾ. ਸਾਹਿਬ ਸਿੰਘ ਨਿਰਦੇਸ਼ਕ ਨਾਟਕ 'ਚਮੁਖੀਆ' ਨੇ ਅਜੋਕੇ ਸਮੇਂ 'ਚ ਨੌਜਵਾਨ ਪੀੜ੍ਹੀ ਨੂੰ ਪੇਸ਼ ਸਮੱਸਿਆਵਾਂ ਦੀ ਪੜਚੋਲ ਕਰਨ ਦੇ ਨਾਲ਼-ਨਾਲ਼ ਨਵੇਂ ਇਨਕਲਾਬ ਲਿਆਉਣ ਦਾ ਸੱਦਾ ਦਿਤਾ। ਇਸੇ ਤਰ੍ਹਾਂ ਤੀਜਾ ਨਾਟਕ 'ਨਟੀ ਵਿਨੋਦਨੀ' ਨਾਟਕਕਾਰ ਅਨੀਤਾ ਸਬਦੀਸ਼ ਸੁਚੇਤਕ ਰੰਗਮੰਚ ਮੁਹਾਲੀ ਨੇ ਪੇਸ਼ ਕੀਤਾ। ਇਸ ਨਾਟਕ ਨੇ ਜਗੀਰੂ ਸਮਾਜ ਦੇ ਨਾਲ-ਨਾਲ ਅਗਾਂਹਵਧੂ ਤਬਕਿਆਂ 'ਚ ਵੀ ਔਰਤ ਦੀ ਤਰਾਸਦੀ ਦੇ ਸੁਆਲ ਨੂੰ ਉਭਾਰਿਆ। ਬਾਅਦ ਵਿਚ ਵਾਰੀ ਸੀ ਨਾਟਕ 'ਮੱਕੜ ਜਾਲ ਤੋਂ ਪਾਰ' ਦੀ। ਪ੍ਰੋ. ਅੰਕੁਰ ਸ਼ਰਮਾ ਦੇ ਲਿਖੇ ਤੇ ਨਿਰਦੇਸ਼ਨ ਕੀਤਾ ਨਾਟਕ ਮਕੜਜਾਲ਼ ਨੇ ਕਾਰਪੋਰੇਟ ਜਗਤ ਦੇ ਗ਼ਲਬੇ ਦੇ ਦੌਰ 'ਚ ਕਿਸਾਨਾਂ ਤੇ ਮਜ਼ਦੂਰਾਂ ਦੀ ਬਦਹਾਲ ਹਾਲਤ ਬਿਆਨਦਿਆਂ ਸਮੁੱਚੀ ਮੁਕਤੀ ਲਈ ਸੰਘਰਸ਼ ਦਾ ਰਾਹ ਅਪਨਾਉਣ ਦਾ ਸੱਦਾ ਦਿਤਾ। ਪ੍ਰੋ. ਅਜਮੇਰ ਔਲਖ ਦੁਆਰਾ ਰਚਿਤ ਤੇ ਨਿਰਦੇਸ਼ਤ ਇਸ ਰਾਤ ਦਾ ਆਖਰੀ ਨਾਟਕ ਨੇ 'ਤੂੰ ਚਰਖ਼ਾ ਘੂਕਦਾ ਰੱਖ ਜ਼ਿੰਦੇ' ਵਿਚ ਬੀਬੀ ਗੁਲਾਬ ਕੌਰ ਦੇ ਗ਼ਦਰ ਲਹਿਰ 'ਚ ਇਤਿਹਾਸਕ ਯੋਗਦਾਨ ਦਾ ਵਰਨਣ ਕਰਦਿਆਂ ਮਨੁੱਖਤਾ ਦੀ ਬੰਦ ਖੁਲਾਸੀ ਲਈ ਇਨਕਲਾਬ ਦਾ ਰਾਹ ਪੈਣ ਦਾ ਸੱਦਾ ਦਿਤਾ। ਗੀਤ ਸੰਗੀਤ 'ਚ ਜਗਸੀਰ ਜੀਦਾ, ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਕੰਵਰ ਬਹਾਰ, ਨਵਦੀਪ ਧੌਲਾ, ਵਿਨੈ ਅਤੇ ਚਾਰੂਲ (ਅਹਿਮਦਾਬਾਦ), ਇਕਬਾਲ ਉਦਾਸੀ ਤੇ ਅੰਮ੍ਰਿਤਪਾਲ (ਬਠਿੰਡਾ) ਨੇ ਆਪਣੀਆਂ ਪੇਸ਼ਕਾਰੀ ਦਿੱਤੀਆਂ। 
ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਦੇ ਪੋਤੇ ਉਮਾ ਸ਼ੰਕਰ ਪਿੰਗਲੇ ਤੇ ਪੜਪੋਤੇ ਰਵਿੰਦਰ ਉਮਾਕਾਂਤ ਪਿੰਗਲੇ ਨੇ ਕਿਹਾ ਕਿ ਉਨ੍ਹਾਂ ਨੂੰ ਗ਼ਦਰ ਸ਼ਤਾਬਦੀ ਮੇਲੇ 'ਚ ਆ ਕੇ ਬਹੁਤ ਸਕੂਨ ਮਿਲਿਆ ਹੈ ਕਿ ਉਨ੍ਹਾਂ ਦੇ ਬਜ਼ੁਰਗ ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਵੀ ਹੋਰਨਾਂ ਗ਼ਦਰੀ ਬਾਬਿਆਂ ਦੇ ਨਾਲ ਯਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਗ਼ਦਰੀ ਬਾਬਿਆਂ ਨੂੰ ਯਾਦ ਕਰਨ ਵਾਲੀ ਨੌਜਵਾਨ ਪੀੜ੍ਹੀ ਦੇ ਮਨਾਂ 'ਚ ਸੁਲਘ ਰਹੀ ਚੰਗਿਆੜੀ ਇਕ ਦਿਨ ਜ਼ਰੂਰ ਹੀ ਇਨਕਲਾਬੀ ਲਾਟ ਬਣ ਕੇ ਭਾਰਤੀ ਲੋਕਾਂ ਲਈ ਉਜਾਲਾ ਸਾਬਤ ਹੋਵੇਗੀ। 
੦-੦

No comments:

Post a Comment