Friday, November 15, 2013

ਰਿਆਇਤੀ ਬੱਸ ਪਾਸ ਖੋਹਣ ਖਿਲਾਫ਼ ਸੰਘਰਸ਼ ਜਥੇਬੰਦ ਸੰਘਰਸ਼ਾਂ ਲਈ ਤਾਂਘਦੇ ਵਿਦਿਆਰਥੀ

ਰਿਆਇਤੀ ਬੱਸ ਪਾਸ ਖੋਹਣ ਖਿਲਾਫ਼ ਸੰਘਰਸ਼
ਜਥੇਬੰਦ ਸੰਘਰਸ਼ਾਂ ਲਈ ਤਾਂਘਦੇ ਵਿਦਿਆਰਥੀ

-ਸੁਮੀਤ
ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ 'ਚ ਵਿਦਿਆਰਥੀਆਂ ਵੱਲੋਂ ਮੌਜੂਦਾ ਸੈਸ਼ਨ ਦੌਰਾਨ ਆਪਣੇ ਮੰਗਾਂ ਮਸਲਿਆਂ ਨੂੰ ਲੈ ਕੇ ਬਠਿੰਡਾ ਖੇਤਰ 'ਚ ਜ਼ੋਰਦਾਰ ਸੰਘਰਸ਼ ਸਰਗਰਮੀ ਕੀਤੀ ਗਈ ਹੈ। ਇਹ ਸਰਗਰਮੀ ਮੁੱਖ ਤੌਰ 'ਤੇ ਸਰਕਾਰੀ ਰਿਆਇਤੀ ਬੱਸ ਪਾਸ ਦੀ ਸਹੂਲਤ ਨੂੰ ਜਾਰੀ ਰੱਖਣ, ਪ੍ਰਾਈਵੇਟ ਟਰਾਂਸਪੋਰਟਰਾਂ ਦੀ ਗੁੰਡਾਗਰਦੀ ਨੂੰ ਬੰਦ ਕਰਨ ਅਤੇ ਬੱਸਾਂ ਅੰਦਰ ਵਿਦਿਆਰਥੀਆਂ ਦੇ ਬਾ-ਇੱਜ਼ਤ ਸਫ਼ਰ ਕਰਨ ਦੇ ਹੱਕ ਨੂੰ ਬਹਾਲ ਕਰਨ ਦੀਆਂ ਮੰਗਾਂ ਦੁਆਲੇ ਚੱਲੀ ਹੈ। ਮੌਜੂਦਾ ਵਿੱਦਿਅਕ ਸਾਲ ਦੀ ਸ਼ੁਰੂਆਤ ਵੇਲੇ ਤੋਂ ਹੀ ਸਰਕਾਰੀ ਰਿਆਇਤੀ  ਬੱਸ ਪਾਸ ਦੇ ਹੱਕ ਨੂੰ ਖੋਹਣ ਲਈ ਨਿੱਜੀ ਟਰਾਂਸਪੋਰਟਰਾਂ ਦੀ ਗੁੰਡਾਗਰਦੀ ਦੇ ਝੁਪੱਟੇ ਤੇਜ਼ ਹੋਏ ਹਨ। ਨਾਲ ਹੀ ਪ੍ਰਸ਼ਾਸਨ ਵੱਲੋਂ ਵੀ ਬਿਨਾਂ ਕਿਸੇ ਲੁਕੋਅ ਦੇ ਹਿੱਕ ਠੋਕ ਕੇ ਇਸ ਗੁੰਡਾਗਰਦੀ ਦੀ ਪਿੱਠ ਠੋਕੀ ਗਈ ਹੈ। ਬਠਿੰਡਾ 'ਚ ਬੱਸ ਪਾਸ ਦੀ ਮੰਗ ਨੂੰ ਲੈ ਕੇ ਲਾਮਬੰਦੀ ਕਰ ਰਹੇ ਵਿਦਿਆਰਥੀ ਆਗੂ ਦੀ ਗਿਣੀ ਮਿਥੀ ਸਾਜਿਸ਼ ਤਹਿਤ ਕੁੱਟਮਾਰ, ਕੋਟਕਪੂਰਾ ਦੇ ਸਕੂਲੀ ਵਿਦਿਆਰਥੀ ਦੀ ਟਰਾਂਸਪੋਰਟਰਾਂ ਵੱਲੋਂ ਸਕੂਲ ਦੇ ਅੰਦਰ ਦਾਖ਼ਲ ਹੋ ਕੇ ਕੁੱਟਮਾਰ, ਮਾਨਸਾ 'ਚ ਵਿਦਿਆਰਥੀਆਂ ਦੀਆਂ ਟਿਕਟਾਂ ਕੱਟਣ ਲਈ ਗੁੰਡਿਆਂ ਸਮੇਤ ਪੁਲਸ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ 'ਤੇ ਕੀਤਾ ਹਮਲਾ, ਸਰਦੂਲਗੜ੍ਹ ਦੇ ਪਿੰਡ ਖੈਰਾ ਖੁਰਦ 'ਚ ਰਿਆਇਤੀ ਸਫ਼ਰ ਸਹੂਲਤ ਲਈ ਅਤੇ ਧੱਕੇਸ਼ਾਹੀ ਖਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਸਾਰੇ ਪਿੰਡ ਦਾ ਪੁਲਸ ਵੱਲੋਂ ਕੁਟਾਪਾ ਕਰਨ ਦੀਆਂ ਘਟਨਾਵਾਂ ਇਸੇ ਦਾ ਪ੍ਰਗਟਾਵਾ ਕਰਦੀਆਂ ਹਨ। ਇਨ੍ਹਾਂ ਹਮਲਿਆਂ ਰਾਹੀਂ ਜਿਥੇ ਵੀ ਹੋ ਸਕਿਆ ਉਥੇ ਟਰਾਂਸਪੋਰਟਰਾਂ ਅਤੇ ਪ੍ਰਸ਼ਾਸਨ ਵੱਲੋਂ ਬੱਸ ਪਾਸ ਦੀ ਸਹੂਲਤ ਨੂੰ ਖੋਰਨ ਦਾ ਯਤਨ ਕੀਤਾ ਗਿਆ ਹੈ। ਮਾਨਸਾ ਵਿਖੇ 35 % ਕਿਰਾਏ ਦਾ ਸਮਝੌਤਾ ਵਿਦਿਆਰਥੀਆਂ 'ਤੇ ਥੋਪਣ ਦਾ ਯਤਨ ਹੋਇਆ ਤੇ ਸਰਦੂਲਗੜ੍ਹ ਵਿਖੇ ਦਹਿਸ਼ਤ ਦੇ ਸਾਏ ਹੇਠ ਅਜਿਹਾ ਹੀ ਉਲਟ-ਵਿਦਿਆਰਥੀ ਸਮਝੌਤਾ ਕਰਨ ਦੀ ਕੋਸ਼ਿਸ਼ ਹੋਈ। ਬੱਸ ਪਾਸ ਦੀ ਸਹੂਲਤ ਨੂੰ ਖੋਹਣ ਲਈ ਤੇਜ਼ ਹੋਏ ਇਸ ਹੱਲੇ ਦੇ ਸਾਹਵੇਂ ਊਣੇ ਜਥੇਬੰਦਕ ਤਾਣੇ ਬਾਣੇ ਅਤੇ ਨੀਵੀਂ ਵਿਦਿਆਰਥੀ ਚੇਤਨਾ ਦੇ ਬਾਵਜੂਦ ਵਿਦਿਆਰਥੀਆਂ ਵੱਲੋਂ ਬਠਿੰਡਾ ਖੇਤਰ 'ਚ ਲਗਾਤਾਰ ਦੋ ਮਹੀਨਿਆਂ ਤੋਂ ਸੰਘਰਸ਼ ਸਰਗਰਮੀ ਜਾਰੀ ਰੱਖੀ ਗਈ ਹੈ। ਇਸ ਸਰਗਰਮੀ ਦੌਰਾਨ ਰਿਆਇਤੀ ਬੱਸ ਪਾਸ ਦੀ ਸਹੂਲਤ ਖੋਹੇ ਜਾਣ ਖਿਲਾਫ਼ ਵਿਦਿਆਰਥੀ ਰੋਹ ਦਾ ਸ਼ਾਨਦਾਰ ਪ੍ਰਗਟਾਵਾ ਹੋਇਆ ਹੈ। ਭਰਾਤਰੀ ਜਥੇਬੰਦੀਆਂ ਵੱਲੋਂ ਵਿਦਿਆਰਥੀ ਸੰਘਰਸ਼ ਨਾਲ ਡਟਵਾਂ ਕੰਨ੍ਹਾਂ ਲਾਇਆ ਗਿਆ ਹੈ। ਵਿਦਿਆਰਥੀਆਂ ਵੱਲੋਂ ਕੀਤੀ ਗਈ ਇਹ ਸਰਗਰਮੀ ਆਸ ਬੰਨ੍ਹਾਉਂਦੀ ਹੈ ਕਿ ਢੁਕਵੀਂ ਅਗਵਾਈ ਅਤੇ ਭਰਪੂਰ ਜਥੇਬੰਦਕ ਯਤਨਾਂ ਸਦਕਾ ਵਿਦਿਆਰਥੀ ਮਨਾਂ 'ਚ ਪਏ ਗੁੱਸੇ ਅਤੇ ਰੋਹ ਨੂੰ ਸਹੀ ਮੁਹਾਣਾ ਦੇ ਕੇ ਵਿਦਿਆਰਥੀਆਂ ਦੀ ਮਜ਼ਬੂਤ ਜਥੇਬੰਦਕ ਤਾਕਤ 'ਚ ਢਾਲਣ ਦੀਆਂ ਭਰਵੀਆਂ ਸੰਭਾਵਨਾਵਾਂ ਮੌਜੂਦ ਹਨ।
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ 'ਚ ਲਗਭਗ ਦੋ ਮਹੀਨੇ ਚੱਲੀ ਸਰਗਰਮੀ ਦੀ ਸ਼ੁਰੂਆਤ 'ਚ ਵਿਦਿਆਰਥੀਆਂ ਨੂੰ ਹੱਥ ਪਰਚਾ ਵੰਡ ਕੇ ਬੱਸ ਸਫ਼ਰ ਸਬੰਧੀ ਸਮੱਸਿਆ ਦੇ ਹੱਲ ਲਈ ਜ਼ਿਲਾ ਅਧਿਕਾਰੀਆਂ ਨੂੰ ਵੱਡੀ ਗਿਣਤੀ 'ਚ ਡੈਪੂਟੇਸ਼ਨ ਮਿਲਣ ਦਾ ਸੱਦਾ ਦਿੱਤਾ ਗਿਆ। ਜਥੇਬੰਦੀ ਦੇ ਸੱਦੇ 'ਤੇ ਸ਼ਹਿਰ ਦੀਆਂ ਚਾਰ ਵਿਦਿਅਕ ਸੰਸਥਾਵਾਂ ਦੇ 250 ਦੇ ਕਰੀਬ ਵਿਦਿਆਰਥੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਨਾਅਰੇ ਮਾਰਦੇ ਹੋਏ  ਇਕੱਤਰ ਹੋਏ। ਵਿਦਿਆਰਥੀਆਂ ਦਾ ਵਫ਼ਦ ਜਿਲ੍ਹਾ ਅਧਿਕਾਰੀਆਂ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਵਿਦਿਆਰਥੀਆਂ ਨੂੰ ਬੱਸਾਂ 'ਚ ਸਫ਼ਰ ਦੌਰਾਨ ਪੇਸ਼ ਆ ਰਹੀਆਂ ਦਿੱਕਤਾਂ ਦਾ ਫੌਰੀ ਹੱਲ ਕੀਤਾ ਜਾਵੇ।
ਅਗਲੇ ਐਕਸ਼ਨ ਦੀ ਤਿਆਰੀ ਦੇ ਦੌਰਾਨ ਹੀ ਇੱਕ ਨਿੱਜੀ ਬੱਸ ਕੰਪਨੀ ਦੇ ਗੁੰਡਿਆਂ ਵੱਲੋਂ ਬੱਸ ਪਾਸ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਲਾਮਬੰਦੀ ਕਰ ਰਹੇ ਵਿਦਿਆਰਥੀ ਆਗੂ 'ਤੇ ਹਮਲਾ ਕਰ ਦਿੱਤਾ ਗਿਆ। ਇਹ ਹਮਲਾ ਗਿਣੀ ਮਿਥੀ ਸਕੀਮ ਤਹਿਤ ਕੀਤਾ ਗਿਆ ਸੀ ਤਾਂ ਜੋ ਜਥੇਬੰਦ ਹੋ ਕੇ ਸੰਘਰਸ਼ ਦੇ ਰਾਹ ਪੈ ਰਹੇ ਵਿਦਿਆਰਥੀਆਂ ਨੂੰ ਦਹਿਸ਼ਤਜ਼ਦਾ  ਕਰ ਕੇ ਚੁੱਪ ਕਰਵਾਇਆ ਜਾ ਸਕੇ ਤੇ ਅੱਗੇ ਤੋਂ ਕੋਈ ਕੁਸਕਣ ਦੀ ਜ਼ੁਰੱਅਤ ਨਾ ਕਰ ਸਕੇ। ਹਮਲੇ ਤੋਂ ਬਾਅਦ ਭਾਵੇਂ ਪ੍ਰਸ਼ਾਸਨ ਵੱਲੋਂ ਗੁੰਡਿਆਂ ਖਿਲਾਫ਼ ਫੌਰੀ ਕੇਸ ਦਰਜ ਕਰ ਲਿਆ ਗਿਆ ਪਰ ਇਹ ਕਾਰਵਾਈ ਸਿਰਫ਼ ਵਿਦਿਆਰਥੀ ਰੋਹ 'ਤੇ ਠੰਡਾ ਛਿੜਕਣ ਲਈ ਹੀ ਕੀਤੀ ਗਈ ਸੀ।
ਪੰਜਾਬ ਸਟੂਡੈਂਸਟ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਐਲਾਨ ਕੀਤਾ ਗਿਆ ਕਿ ਇਹ ਹਮਲਾ ਇੱਕ ਵਿਦਿਆਰਥੀ 'ਤੇ ਨਾ ਹੋ ਕੇ ਸਾਰੇ ਵਿਦਿਆਰਥੀਆਂ ਦੀ ਰਿਆਇਤੀ ਬੱਸ ਪਾਸ ਦੀ ਸਹੂਲਤ, ਵਿਦਿਆਰਥੀਆਂ ਦੇ ਬੱਸਾਂ ਅੰਦਰ ਬਾ-ਇੱਜ਼ਤ ਸਫ਼ਰ ਕਰਨ ਅਤੇ ਜਥੇਬੰਦ ਹੋਣ ਦੇ ਖਿਲਾਫ਼ ਹਮਲਾ ਹੈ। ਇਸ ਲਈ ਜਦੋਂ ਤੱਕ ਅਜਿਹੇ ਹਮਲਿਆਂ ਨੂੰ ਸ਼ਹਿ ਦੇਣ ਵਾਲੇ ਪ੍ਰਸ਼ਾਸਨ ਵੱਲੋਂ  ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਬੱਸ ਪਾਸ ਦੀ ਸਹੂਲਤ ਨੂੰ ਲਾਗੂ ਕਰਨ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਤੇ ਟਰਾਂਸਪੋਰਟਰਾਂ ਦੀ ਗੁੰਡਾਗਰਦੀ ਬੰਦ ਨਹੀਂ ਕੀਤੀ ਜਾਂਦੀ ਉਦੋਂ ਤੱਕ ਵਿਦਿਆਰਥੀ ਸੰਘਰਸ਼ ਕਰਨਗੇ।
ਹਮਲੇ ਤੋਂ ਅਗਲੇ ਹੀ ਦਿਨ ਸ਼ਨੀਵਾਰ ਨੂੰ ਡੀ. ਏ. ਵੀ. ਕਾਲਜ ਦੇ 150 ਵਿਦਿਆਰਥੀਆਂ ਵੱਲੋਂ ਉਪਰੋਕਤ ਮੰਗਾਂ ਨੂੰ ਲੈ ਕੇ ਕਾਲਜ ਅੱਗੋਂ ਲੰਘਦੀ ਮੁੱਖ ਸੜਕ ਨੂੰ ਘੰਟੇ ਭਰ ਲਈ ਜਾਮ ਕੀਤਾ ਗਿਆ। ਐਤਵਾਰ ਨੂੰ ਕੁੱਟਮਾਰ ਦਾ ਸ਼ਿਕਾਰ ਹੋਏ ਵਿਦਿਆਰਥੀ ਆਗੂ ਦੇ ਪਿੰਡ 'ਚ ਰੈਲੀ ਕੀਤੀ ਗਈ। ਸੋਮਵਾਰ ਨੂੰ ਕਾਲਜ ਲੱਗਣ ਸਾਰ ਸਰਕਾਰੀ ਰਜਿੰਦਰਾ ਕਾਲਜ ਅਤੇ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਦੇ 300 ਦੇ ਲਗਭਗ ਵਿਦਿਆਰਥੀਆਂ ਵੱਲੋਂ ਸ਼ਹਿਰ ਦੀਆਂ ਸੜਕਾਂ 'ਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਐਸ. ਐਸ. ਪੀ. ਬਠਿੰਡਾ ਨੂੰ ਮਿਲ ਕੇ ਦੋਸ਼ੀਆਂ ਨੂੰ ਫੌਰੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਇਸ ਰੋਸ ਪ੍ਰਦਰਸ਼ਨ 'ਚ ਕੁੱਟਮਾਰ ਦਾ ਸ਼ਿਕਾਰ ਹੋਏ ਵਿਦਿਆਰਥੀ ਆਗੂ ਦੇ ਮਾਪਿਆਂ ਸਮੇਤ 20 ਦੇ ਲਗਭਗ ਪਿੰਡ ਵਾਸੀ ਵੀ ਸ਼ਾਮਿਲ ਹੋਏ। 
ਵਿਦਿਆਰਥੀਆਂ ਵੱਲੋਂ ਪ੍ਰਗਟਾਏ ਇਸ ਰੋਸ ਦੇ ਬਾਵਜੂਦ  ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੀ ਗਈ। ਉਲਟਾ ਜ਼ਿਲਾ ਪੁਲਸ ਮੁਖੀ ਨੂੰ ਮਿਲਣ ਗਏ ਵਿਦਿਆਰਥੀ ਵਫ਼ਦ ਨੂੰ ਕਿਹਾ ਗਿਆ ਕਿ ਵਿਦਿਆਰਥੀ ਵੀ ਗੁੰਡਾਗਰਦੀ ਕਰਦੇ ਹਨ ਇਸੇ ਕਰਕੇ ਲੜਾਈ ਹੁੰਦੀ ਹੈ। ਇਉਂ ਪ੍ਰਸ਼ਾਸਨ ਵੱਲੋਂ ਸਾਫ਼ ਤੌਰ 'ਤੇ ਟਰਾਂਸਪੋਰਟਰਾਂ ਦੀ ਗੁੰਡਾਗਰਦੀ ਦੇ ਹੱਕ 'ਚ ਖੜ੍ਹਿਆ ਗਿਆ। ਇਸ ਦੇ ਵਿਰੋਧ 'ਚ ਵਿਦਿਆਰਥੀ ਜਥੇਬੰਦੀ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸਾਂਝੇ ਤੌਰ 'ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਬੰਧਤ ਥਾਣੇ ਅੱਗੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਹਮਾਇਤੀ ਜਥੇਬੰਦੀਆਂ 'ਚ ਕਿਸਾਨ, ਮਜ਼ਦੂਰ, ਅਧਿਆਪਕ ਤੇ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਸ਼ਾਮਲ ਹੋਈਆਂ। ਧਰਨੇ ਲਈ 11 ਅਕਤੂਬਰ ਦਾ ਦਿਨ ਮਿਥਿਆ ਗਿਆ। ਧਰਨੇ ਦੀ ਤਿਆਰੀ 'ਚ ਦੋ ਹਫ਼ਤਿਆਂ ਦੀ ਲਾਮਬੰਦੀ ਮੁਹਿੰਮ ਚਲਾਈ ਗਈ। ਇਲਾਕੇ ਦੇ ਪਿੰਡਾਂ 'ਚ ਰੋਸ ਰੈਲੀਆਂ ਤੇ ਮੀਟਿੰਗਾਂ ਕੀਤੀਆਂ ਗਈਆਂ, ਸ਼ਹਿਰ ਅਤੇ ਨੇੜੇ ਦੇ ਚਾਰ ਹੋਰਨਾਂ ਕਾਲਜਾਂ ਤੱਕ ਪਹੁੰਚ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਠਿੰਡਾ ਜ਼ਿਲ੍ਹਾ ਕਮੇਟੀ ਵੱਲੋਂ ਵਿਦਿਆਰਥੀਆਂ ਨੌਜਵਾਨਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਗਿਆ।
11 ਅਕਤੂਬਰ — ਵਿਦਿਆਰਥੀ ਰੋਹ ਦਾ ਸ਼ਾਨਦਾਰ ਪ੍ਰਗਟਾਵਾ
ਕੁੱਟਮਾਰ ਕਰਨ ਵਾਲੇ ਗੁੰਡਿਆਂ ਦੀ ਗ੍ਰਿਫ਼ਤਾਰੀ ਅਤੇ ਦੂਸਰੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਹੱਲ ਲਈ ਵਿਦਿਆਰਥੀਆਂ ਵੱਲੋਂ ਦਿੱਤੇ ਗਏ ਰੋਸ ਧਰਨੇ ਦੇ ਸੱਦੇ ਨੂੰ ਫੇਲ੍ਹ ਕਰਨ ਲਈ ਪੁਲਸ ਪ੍ਰਸ਼ਾਸਨ ਅਤੇ ਕਈ ਹੋਰ ਪੱਬਾਂ ਭਾਰ ਹੋਏ ਰਹੇ। ਡੀ.ਏ.ਵੀ. ਕਾਲਜ ਅਤੇ ਰੀਜ਼ਨਲ ਸੈਂਟਰ ਦੇ ਮੁੱਖ ਗੇਟਾਂ 'ਤੇ ਸਵੇਰ ਵੇਲੇ ਤੋਂ ਹੀ ਪੁਲਸ ਪਹਿਰਾ ਲਾਇਆ ਗਿਆ। ਰਜਿੰਦਰਾਂ ਕਾਲਜ 'ਚ ਵਿਦਿਆਰਥੀਆਂ ਨੂੰ 'ਕੱਠੇ ਹੋਣ ਤੋਂ ਰੋਕਣ ਲਈ ਪੁਲਸ ਕਾਲਜ ਵਿੱਚ ਦਾਖ਼ਲ ਹੋਣ ਤੇ ਕਲਾਸਾਂ ਵਿੱਚ ਵੜਨੋਂ ਵੀ ਨਾ ਟਲੀ। ਸਰਕਾਰੀ 9“9 ਦੇ ਕੁਝ ਇੰਸਟਰਕਟਰਾਂ ਅਤੇ ਅਖੌਤੀ ਪ੍ਰਧਾਨਾਂ ਵੱਲੋਂ ਪੁਲਸ ਦਾ ਕੰਮ ਆਪ ਹੀ ਸਾਂਭ ਲਿਆ ਗਿਆ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਨਾਮ ਕੱਟਣ ਦੀਆਂ ਧਮਕੀਆਂ ਦਿੱਤੀਆਂ ਗਈਆਂ, ਧੌਂਸ ਵਿਖਾਈ ਗਈ। ਜਦ ਫੇਰ ਵੀ ਗੱਲ ਬਣਦੀ ਨਾ ਦਿਸੀ ਤਾਂ ਮੁੱਖ ਗੇਟ ਬੰਦ ਕਰਕੇ ਆਪ ਹੀ ਪਹਿਰਾ ਲਾ ਕੇ ਖੜ੍ਹ ਗਏ ਅਤੇ ਧਰਨੇ 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਜ਼ੋਰੋ ਜ਼ਬਰੀ ਰੋਕਿਆ।
ਪਰ ਪੁਲਸ ਦੀ ਦਹਿਸ਼ਤ ਤੇ ਗ੍ਰਿਫਤਾਰੀਆਂ ਦਾ ਡਰ ਵਿਦਿਆਰਥੀਆਂ ਨੂੰ ਆਵਾਜ਼ ਉਠਾਉਣੋਂ ਨਾ ਰੋਕ ਸਕਿਆ। ਰਜਿੰਦਰਾ ਕਾਲਜ ਦੇ ਅੰਦਰ ਵੜਕੇ ਵਿਦਿਆਰਥੀਆਂ ਦੇ 9-ਕਾਰਡ ਖੋਹਣ ਵਾਲੇ 1S9 ਨੂੰ ਵਿਦਿਆਰਥੀ 'ਕੱਠ ਨੂੰ ਵੇਖਦਿਆਂ 9-ਕਾਰਡ ਵਾਪਸ ਕਰਨ ਪਏ। 5 ਵਿਦਿਆਰਥੀ ਆਗੂ ਨਾਅਰੇ ਮਾਰ ਕੇ ਗ੍ਰਿਫ਼ਤਾਰ ਹੋਏ। ਬਾਕੀ ਰਹਿੰਦੇ ਵਿਦਿਆਰਥੀ ਫਿਰ ਤੋਂ ਇਕੱਠੇ ਹੋਏ। 3 ਵਿਦਿਆਰਥਣਾਂ ਹੋਰ ਗ੍ਰਿਫਤਾਰ ਹੋਈਆਂ। ਤੀਜੀ ਵਾਰ ਫਿਰ ਵਿਦਿਆਰਥੀ ਇਕੱਠੇ ਹੋਏ ਤੇ ਸਾਥੀਆਂ ਦੀ ਰਿਹਾਈ ਦੀ ਮੰਗ ਕੀਤੀ। ਪੁਲਸ ਨੂੰ ਕਾਲਜ 'ਚੋਂ ਬਾਹਰ ਹੋਣਾ ਪਿਆ ਜਿਸ ਤੋਂ ਬਾਅਦ 100 ਦੇ ਲਗਭਗ ਵਿਦਿਆਰਥੀਆਂ ਨੇ ਕਾਲਜ 'ਚ ਰੋਹ ਭਰਪੂਰ ਰੈਲੀ ਕੀਤੀ। ਡੀ.ਏ.ਵੀ ਕਾਲਜ 'ਚ ਰੋਕਾਂ ਦੇ ਬਾਵਜੂਦ ਵਿਦਿਆਰਥੀਆਂ ਦਾ ਭਰਵਾਂ ਇਕੱਠ ਹੋਇਆ। ਮੁੱਖ ਗੇਟ ਤੋਂ ਬਾਹਰ ਨਿਕਲ ਕੇ ਵਿਦਿਆਰਥੀਆਂ ਨੇ ਪੁਲਸ ਸਾਹਮਣੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ। 10 ਵਿਦਿਆਰਥੀ ਗ੍ਰਿਫਤਾਰ ਹੋਏ। ਰਿਜ਼ਨਲ ਸੈਂਟਰ 'ਚ 150 ਦੇ ਲਗਭਗ ਵਿਦਿਆਰਥੀ ਜਿਹਦੇ 'ਚ 60 ਵਿਦਿਆਰਥਣਾਂ ਸਨ ਤੇ ਨੌਜਵਾਨ ਭਾਰਤ ਸਭਾ ਦੇ ਕਾਰਕੁੰਨਾਂ ਨੇ ਦੁਪਹਿਰ 3 ਵਜੇ ਤੱਕ ਧਰਨਾ ਦਿੱਤਾ, ਪੁਲਸ ਪ੍ਰਸ਼ਾਸਨ ਤੇ ਗੁੰਡਾ ਟੋਲੇ ਦੀ ਮੁਰਦਾਬਾਦ ਹੋਈ। ਨੌਜਵਾਨ ਭਾਰਤ ਸਭਾ ਦੇ ਸੰਗਤ ਇਲਾਕੇ 'ਚੋਂ ਕੁੱਲ 70 ਨੌਜਵਾਨਾਂ ਅਤੇ ਯੂਨੀਵਰਸਿਟੀ ਕਾਲਜ ਘੁੱਦਾ ਦੇ ਵਿਦਿਆਰਥੀਆਂ ਦੀ ਬੱਸ ਭਰ ਕੇ ਧਰਨੇ 'ਚ ਸ਼ਾਮਲ ਹੋਣ ਲਈ ਪਹੁੰਚੀ ਸੀ ਜਿਹੜੀ ਕਿ ਰਿਜ਼ਨਲ ਸੈਂਟਰ 'ਚ ਅੰਤ ਤੱਕ ਰਹੀ। ਇਥੇ ਵੀ ਕਈ ਵਿਦਿਆਰਥੀ ਨੌਜਵਾਨ ਗ੍ਰਿਫ਼ਤਾਰ ਹੋਏ। 9“9 'ਚ ਕੁਝ ਇੰਸਟਰਕਟਰਾਂ ਤੇ ਅਖੌਤੀ ਪ੍ਰਧਾਨਾਂ ਵੱਲੋਂ ਵਿਦਿਆਰਥੀਆਂ ਨੂੰ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣ ਦੇ ਬਾਵਜੂਦ ਵੀ ਵਿਦਿਆਰਥੀ ਬਾਹਰ ਆਉਣ ਲਈ ਉਹਨਾਂ ਨਾਲ ਖਹਿਬੜਦੇ ਰਹੇ। ਪੁਲਸ ਵੱਲੋਂ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਮੁਦੱਈ ਗੁਰਪ੍ਰੀਤ ਸਿੰਘ ਨੂੰ ਵੀ ਫੜ੍ਹ ਕੇ ਅੰਦਰ ਡੱਕ ਦਿੱਤਾ ਗਿਆ। ਸਰਦਾਰਗੜ੍ਹ ਕਾਲਜ ਤੋਂ ਵੀ 15 ਵਿਦਿਆਰਥੀ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਬਠਿੰਡੇ ਪਹੁੰਚੇ।
ਏਸੇ ਦੌਰਾਨ ਵਿਦਿਆਰਥੀਆਂ ਦੀ ਹਮਾਇਤ ਲਈ ਆ ਰਹੇ 300 ਕਿਸਾਨਾਂ ਮਜ਼ਦੂਰਾਂ ਦੇ ਜਥੇ ਵੱਲੋਂ ਭੁੱਚੋ ਖੁਰਦ ਵਿਖੇ ਮੋਰਚਾ ਲਾਇਆ ਗਿਆ। ਸੜਕ ਕਿਨਾਰੇ ਧਰਨੇ 'ਤੇ ਬੈਠੇ ਕਿਸਾਨਾਂ ਵੱਲੋਂ ਫੜ੍ਹੇ ਗਏ ਵਿਦਿਆਰਥੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ, ਨਹੀਂ ਤਾਂ ਸੜਕ ਜਾਮ ਕਰਨ ਦਾ ਐਲਾਨ ਹੋਇਆ। 50-60 ਕਿਸਾਨ ਮਜ਼ਦੂਰ ਕਾਰਕੁੰਨ ਆਪ ਵੀ ਗ੍ਰਿਫ਼ਤਾਰ ਹੋਏ। ਕਿਸਾਨ ਮਜ਼ਦੂਰ ਧਰਨੇ ਦੇ ਦਬਾਅ ਹੇਠ ਸ਼ਾਮ 5 ਵਜੇ ਪ੍ਰਸ਼ਾਸਨ ਨੂੰ ਗ੍ਰਿਫ਼ਤਾਰ ਕੀਤੇ ਸਾਰੇ ਵਿਦਿਆਰਥੀ ਤੇ ਕਿਸਾਨ ਮਜ਼ਦੂਰ ਰਿਹਾਅ ਕਰਨੇ ਪਏ।
ਰੋਸ ਪੰਦਰਵਾੜਾ — ਜਥੇਬੰਦਕ ਤਾਕਤ ਜੋੜਨ ਅਤੇ ਸੰਘਰਸ਼ ਅੱਗੇ ਤੋਰਨ ਦਾ ਐਲਾਨ
ਪ੍ਰਸ਼ਾਸਨ ਨੰਗੇ ਚਿੱਟੇ ਤੌਰ 'ਤੇ ਟਰਾਂਸਪੋਰਟਰਾਂ ਦੇ ਹੱਕ 'ਚ ਨਿੱਤਰ ਆਇਆ ਤੇ ਜਾਂਚ ਦੇ ਬਹਾਨੇ ਮੁੱਖ ਦੋਸ਼ੀ ਜੋ ਕਿ ਬੱਸ ਮਾਲਕ ਦਾ ਲੜਕਾ ਸੀ ਨੂੰ ਬਚਾਉਣ ਦੀ ਗੋਂਦ ਗੁੰਦਣੀ ਸ਼ੁਰੂ ਕਰ ਦਿੱਤੀ। ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਪ੍ਰਤੀ ਪ੍ਰਸ਼ਾਸਨ ਦੇ ਰਵੱਈਏ ਦੇ ਵਿਰੋਧ ਵਜੋਂ ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਰੋਸ ਪੰਦਰਵਾੜਾ ਮਨਾਇਆ ਗਿਆ ਜਿਸ ਤਹਿਤ ਘੁੱਦੇ ਇਲਾਕੇ ਦੇ ਪਿੰਡਾਂ 'ਚ 50 ਦੇ ਕਰੀਬ ਵਿਦਿਆਰਥੀਆਂ ਵੱਲੋਂ ਮੋਟਰਸਾਈਕਲ ਮਾਰਚ ਕੀਤਾ ਗਿਆ। ਇਸ ਤੋਂ ਬਿਨਾਂ ਪਿੰਡਾਂ ਅਤੇ ਕਾਲਜਾਂ ਤੱਕ ਵੀ ਪਹੁੰਚ ਕੀਤੀ ਗਈ। ਰੋਸ ਪੰਦਰਵਾੜੇ ਦੇ ਅਖੀਰ 'ਚ ਬਠਿੰਡਾ ਵਿਖੇ 30 ਦੇ ਕਰੀਬ ਵਿਦਿਆਰਥੀ ਕਾਰਕੁੰਨਾਂ ਦੀ ਇਕੱਤਰਤਾ ਕੀਤੀ ਗਈ ਅਤੇ ਸੰਘਰਸ਼ ਨੂੰ ਜਾਰੀ ਰੱਖਣ ਤੇ ਅੱਗੇ ਵਧਾਉਣ ਲਈ ਕਾਲਜਾਂ ਅੰਦਰ ਵਿਦਿਆਰਥੀਆਂ ਨੂੰ ਜਥੇਬੰਦੀ ਦੇ ਝੰਡੇ ਹੇਠ ਲਾਮਬੰਦ ਕਰਨ ਦਾ ਐਲਾਨ ਕੀਤਾ ਗਿਆ।
੦-੦

No comments:

Post a Comment