Friday, November 15, 2013

16 ਨਵੰਬਰ 1913 : 7 ਗ਼ਦਰੀਆਂ ਨੂੰ ਫਾਂਸੀ ਦਿਹਾੜਾ

16 ਨਵੰਬਰ 1913 : 7 ਗ਼ਦਰੀਆਂ ਨੂੰ ਫਾਂਸੀ ਦਿਹਾੜਾ
ਜਿਨ੍ਹਾਂ ਦੇ ਸੁਪਨਿਆਂ ਨੂੰ ਫਾਹੇ ਨਹੀਂ ਲਾਇਆ ਜਾ ਸਕਦਾ
—ਅਮੋਲਕ ਸਿੰਘ
ਗ਼ਦਰ ਸ਼ਤਾਬਦੀ ਦਾ ਇਕ ਸਫ਼ਾ ਪੂਰਾ ਹੋਣ ਜਾ ਰਿਹਾ ਹੈ। ਦੂਜਾ ਸਫ਼ਾ ਸਾਡੇ ਸਨਮੁੱਖ ਹੈ। ਅਣਫ਼ੋਲੇ, ਅਣਲਿਖੇ ਅਤੇ ਅਣਗੌਲ਼ੇ ਇਤਿਹਾਸ ਦੀਆਂ ਪੈੜਾਂ ਲੱਭਣ ਦਾ ਯਤਨ ਹੋਇਆ ਹੈ। ਗ਼ਦਰ ਲਹਿਰ ਦੇ ਇਤਿਹਾਸ ਨੂੰ ਖੰਘਾਲਣ ਲਈ ਵੱਖ-ਵੱਖ ਮੁਹਾਜ ਤੇ ਕੰਮ ਹੋਏ ਹਨ। ਪਰੰਪਰਾਵਾਂ ਦੇ ਬੰਧਨਾਂ ਤੋਂ ਪਾਰ ਜਾ ਕੇ ਇਤਿਹਾਸ ਨਾਲ ਜੀਵੰਤ ਰਿਸ਼ਤਾ ਗੰਢਣ 'ਚ ਸਾਡਾ ਅੱਜ ਕਿੰਨਾ ਕੁ ਸਫਲ ਰਿਹਾ ਹੈ ਅਜੇ ਇਸਦੀ ਘੋਖ-ਪੜਤਾਲ ਅਤੇ ਮੁਲਅੰਕਣ ਚੱਲ ਹੀ ਰਿਹਾ ਹੈ ਉਸਦੀ ਅੰਤਰ ਸਬੰਧਤ ਕੜੀ ਵਜੋਂ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਸ਼ਹਾਦਤਾਂ ਦੀ ਸ਼ਤਾਬਦੀ (1915-2015) ਸਾਡੀਆਂ ਬਰੂਹਾਂ 'ਤੇ ਹੈ।
ਲਾਹੌਰ ਕੇਂਦਰੀ ਜੇਲ੍ਹ ਅੰਦਰ 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ, ਸੁਰ ਸਿੰਘ, ਬਖਸ਼ੀਸ਼ ਸਿੰਘ ਗਿੱਲਵਾਲੀ, ਸੁਰੈਣ ਸਿੰਘ ਵੱਡਾ ਗਿੱਲਾਵਾਲੀ ਅਤੇ ਸੁਰੈਣ ਸਿੰਘ ਛੋਟਾ ਗਿੱਲਵਾਲੀ, ਹਰਨਾਮ ਸਿੰਘ ਸਿਆਲਕੋਟ ਨੂੰ ਫਾਂਸੀ ਦੇ ਤਖ਼ਤੇ ਤੇ ਲਟਕਾ ਦਿੱਤਾ ਸੀ। ਕਾਮਾਗਾਟਾ ਮਾਰੂ ਅਤੇ ਬਜ ਬਜ ਘਾਟ ਦੇ ਸਾਕੇ ਦੀ ਸ਼ਤਾਬਦੀ (1914-2014) ਵਿਚੀਂ ਹੁੰਦੇ ਹੋਏ ਸਾਡੇ ਸਮਕਾਲੀ ਇਤਿਹਾਸ ਨੇ ਸਰਾਭਾ ਅਤੇ ਸਾਥੀਆਂ ਦੀ ਸ਼ਹਾਦਤ ਸ਼ਤਾਬਦੀ ਨਾਲ ਗਲਵੱਕੜੀ ਪਾਉਣੀ ਹੈ।
ਅੱਜ ਜਦੋਂ ਚੜ੍ਹਦੀ ਜੁਆਨੀ ਦੇ ਚੇਤਿਆਂ ਵਿਚੋਂ ਉਸਦਾ ਬੀਤਿਆ ਕੱਲ੍ਹ ਅਤੇ ਅੱਜ ਵੀ ਭੁਲਾਇਆ ਜਾ ਰਿਹਾ ਹੈ। ਜਦੋਂ ਆਉਣ ਵਾਲੇ ਕੱਲ੍ਹ ਦੀ ਫਿਕਰ ਕਰਨ ਦੀ ਤੰਦ ਕੱਟੀ ਜਾ ਰਹੀ ਹੈ ਤਾਂ ਬੀਤੇ ਸੌ ਵਰ੍ਹਿਆਂ ਦੇ ਇਤਿਹਾਸ ਦਾ ਪੱਲਾ ਫੜਨ ਲਈ ਉਡਦੀ ਉਮਰ ਵਾਲੇ ਹਿੱਸੇ ਨੂੰ ਫੜਨਾ, ਸੰਭਾਲਣਾ ਅਤੇ ਇਤਿਹਾਸ ਦਾ ਗੰਭੀਰ ਵਿਦਿਆਰਥੀ ਬਣਨ ਲਈ ਪ੍ਰੇਰਨਾ ਅਤੀ ਮਹੱਤਵਪੂਰਨ ਕਾਰਜ ਹੈ। ਇਤਿਹਾਸਕ ਅਤੇ ਸਮਾਜਕ ਸਰੋਕਾਰਾਂ ਨਾਲੋਂ ਬੁਰੀ ਤਰ੍ਹਾਂ ਕੱਟੀ ਨੌਜਵਾਨ ਪੀੜ੍ਹੀ ਨੂੰ ਆਪਣੇ ਮਹਿਬੂਬ ਨਾਇਕ, ਸ਼ਹੀਦ ਕਰਤਾਰ ਸਿੰਘ ਸਰਾਭੇ ਵਰਗਿਆਂ ਦੇ ਪਾਏ ਪੂਰਨਿਆਂ ਦੀ ਅਮੀਰ ਗਾਥਾ ਨਾਲ ਜੁੜ ਕੇ ਹੀ ਆਪਣੇ ਬੀਤੇ ਕੱਲ੍ਹ, ਅੱਜ ਅਤੇ ਭਲਕ ਨੂੰ ਸਮਝਣ ਦੀ ਜਾਚ ਆ ਸਕਦੀ ਹੈ।
ਕਰਤਾਰ ਸਿੰਘ ਸਰਾਭੇ ਦੇ ਯੁੱਧ-ਸਾਥੀ ਜਗਤ ਰਾਮ ਹਰਿਆਣਾ ਨੇ ਕਾਵਿਕ ਸ਼ਰਧਾਂਜਲੀ ਕੁਝ ਅਜੇਹੇ ਅੰਦਾਜ਼ 'ਚ ਦਿੱਤੀ ਸੀ :
ਫ਼ਖ਼ਰ ਹੈ ਭਾਰਤ ਕੋ ਐ 'ਕਰਤਾਰ' ਤੂੰ ਜਾਤਾ ਹੈ ਆਜ
ਜਗਤ ਔਰ ਪਿੰਗਲੇ ਕੋ ਭੀ ਤੂ ਸਾਥ ਲੇ ਜਾਤਾ ਹੈ ਆਜ
ਹਮ ਤੁਮਾਰੇ ਮਿਸ਼ਨ ਕੋ ਪੂਰਾ ਕਰੇਂਗੇ ਸੰਗੀਓ
ਕਸਮ ਹਰ ਹਿੰਦੀ ਤੁਮ੍ਹਾਰੇ ਖ਼ੂਨ ਸੇ ਖ਼ਾਤਾ ਹੈ ਆਜ
23 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਮੰਗਲ ਸਿੰਘ ਅਤੇ ਮਾਂ ਸਾਹਿਬ ਕੌਰ ਦੇ ਘਰ ਜਨਮੇ ਕਰਤਾਰ ਸਿੰਘ ਦੇ ਬਚਪਨ 'ਚ ਹੀ ਮਾਪਿਆਂ ਦੇ ਵਿਛੋੜੇ ਕਾਰਨ ਉਨ੍ਹਾਂ ਦੇ ਦਾਦਾ ਬਦਨ ਸਿੰਘ ਨੇ ਸਾਰੀ ਜ਼ਿੰਮੇਵਾਰੀ ਨਿਭਾਈ। ਪਿੰਡ ਦੇ ਪ੍ਰਾਇਮਰੀ ਸਕੂਲ, ਗੁੱਜਰਵਾਲ ਦੇ ਮਿਡਲ ਸਕੂਲ, ਲੁਧਿਆਣੇ ਦੇ ਮਾਲਵਾ ਖਾਲਸਾ ਹਾਈ ਸਕੂਲ ਅਤੇ ਉੜੀਸਾ ਆਪਣੇ ਚਾਚੇ ਕੋਲ ਪੜ੍ਹਨ ਦੇ ਦੌਰਾਂ 'ਚੋਂ ਗੁਜ਼ਰਦਾ ਕਰਤਾਰ ਸਿੰਘ ਸਰਾਭਾ, ਅਮਰੀਕਾ ਪੜ੍ਹਨ ਗਿਆ।
ਕਰਤਾਰ ਸਿੰਘ ਆਪਣੇ ਭਰੇ ਫਾਰਮ ਵਿਚ ਪਰਿਵਾਰ ਦੀ 300 ਏਕੜ ਜ਼ਮੀਨ ਦਾ ਦਾਅਵਾ ਕਰਦਾ ਹੈ। ਇਲੈਕਟਰੀਕਲ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਦਾ ਇਰਾਦਾ ਪ੍ਰਗਟ ਕਰਦਾ ਹੈ। ਪੜ੍ਹਦੇ ਸਮੇਂ ਉਸਦਾ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿਦਿਆਰਥੀਆਂ ਨਾਲ ਵਾਹ ਪੈਂਦਾ ਹੈ। ਉਨ੍ਹਾਂ ਦੇ ਆਪਣੇ ਮੁਲਕਾਂ ਅੰਦਰ ਚੱਲ ਰਹੀਆਂ ਕੌਮੀ ਮੁਕਤੀ ਲਹਿਰਾਂ ਦਾ ਵੀ ਉਨ੍ਹਾਂ ਨੂੰ ਰੰਗ ਚੜ੍ਹਿਆ ਹੁੰਦਾ ਹੈ। ਇਸ ਨਾਲ ਸਰਾਭੇ ਦੀ ਸੋਚ ਅੰਦਰ ਵੀ ਨਵੀਂ ਚੇਤਨਾ ਦੇ ਜਵਾਰਭਾਟੇ ਉਠਦੇ ਹਨ। ਉਹ ਆਜ਼ਾਦ ਫ਼ਿਜਾ ਵਿਚ ਆਪਣੇ ਮੁਲਕ ਨੂੰ ਆਜ਼ਾਦ, ਖੁਸ਼ਹਾਲ ਅਤੇ ਬਰਾਬਰੀ ਭਰਿਆ ਵੇਖਣਾ ਚਾਹੁੰਦਾ ਹੈ। ਨਿੱਕੀ ਉਮਰੇ ਹੀ ਉਹ ਆਜ਼ਾਦੀ ਸੰਗਰਾਮ 'ਚ ਵਰਤੋਂ ਦੀ ਦ੍ਰਿਸ਼ਟੀ ਤੋਂ ਹਵਾਈ ਜਹਾਜ਼ ਚਲਾਉਣ ਦੀ ਸਿਖਲਾਈ ਲੈਣੀ ਆਰੰਭ ਕਰਦਾ ਹੈ। ਬੁੱਧੀਜੀਵੀਆਂ ਨਾਲ ਤਾਲਮੇਲ ਕਰਦਾ ਹੈ। ਉਹਨਾਂ ਨੂੰ ਸਿਰ ਜੋੜ ਕੇ ਬੈਠਣ ਲਈ ਆਗੂ ਭੂਮਿਕਾ ਅਦਾ ਕਰਦਾ ਹੈ।
21 ਅਪ੍ਰੈਲ, 1913 ਨੂੰ ਅਮਰੀਕਾ ਅੰਦਰ ਅਸਟੋਰੀਆ ਵਿਚ ਇਕੱਠੇ ਹੋ ਕੇ 'ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ' ਨਾਂਅ ਦੀ ਜੱਥੇਬੰਦੀ ਬਣਾਈ ਜਾਂਦੀ ਹੈ। ਜਦੋਂ 1 ਨਵੰਬਰ 1913 ਨੂੰ 'ਗ਼ਦਰ' ਅਖ਼ਬਾਰ ਜਾਰੀ ਕੀਤਾ ਜਾਂਦਾ ਹੈ ਤਾਂ ਇਸ ਕਾਰਜ ਵਿਚ ਕਰਤਾਰ ਸਿੰਘ ਸਰਾਭਾ ਦੀ ਅਹਿਮ ਭੂਮਿਕਾ ਹੈ। ਗ਼ਦਰ ਅਖ਼ਬਾਰ ਦੀ ਚਹੁੰ ਕੂਟਾਂ 'ਚ ਗੂੰਜ ਪੈਂਦੀ ਹੈ। ਜੱਥੇਬੰਦੀ ਦਾ ਨਾਂਅ ਹੀ 'ਗ਼ਦਰ' ਅਖ਼ਬਾਰ ਕਾਰਨ 'ਗ਼ਦਰ ਪਾਰਟੀ' ਮਕਬੂਲ ਹੋ ਜਾਂਦਾ ਹੈ।
ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਕਲਮ ਤੋਂ ਲਿਖਿਆ ਹੈ ਕਿ, ''ਗ਼ਦਰ ਅਖ਼ਬਾਰ ਦਾ ਪਹਿਲਾ ਪਰਚਾ ਛਪਿਆ ਤਾਂ ਹਰਦਿਆਲ ਦੇ ਲੇਖਾਂ ਦਾ ਪੰਜਾਬੀ ਤਰਜਮਾ ਕਰਤਾਰ ਸਿੰਘ ਸਰਾਭਾ ਨੇ ਹੀ ਕੀਤਾ ਸੀ। ਛਾਪਾ ਮਸ਼ੀਨ ਉਹ ਹੱਥੀਂ ਚਲਾਉਂਦਾ ਸੀ। ਯੁਗਾਂਤਰ ਆਸ਼ਰਮ ਦਾ ਸਾਰਾ ਕੰਮ ਸ਼ੁਰੂ 'ਚ ਉਹਦੇ ਸਿਰ 'ਤੇ ਸੀ। ਉਹ ਦਿਨ ਰਾਤ ਕੰਮ ਕਰਦਾ ਰਹਿੰਦਾ। ਆਰਾਮ ਉਹਦੇ ਚਿੱਤ ਚੇਤੇ ਵੀ ਨਹੀਂ ਸੀ।''
ਸ਼ਹੀਦ ਕਰਤਾਰ ਸਿੰਘ ਮਾਂ-ਬੋਲੀ ਦੀ ਅਸੀਮ ਤਾਕਤ ਤੋਂ ਵਾਕਫ਼ ਸੀ। ਇਸ ਕਰਕੇ ਹੀ ਉਸਨੇ ਲਿਖਿਆ ਸੀ ਕਿ, ''ਅੱਜ ਪਹਿਲੀ ਨਵੰਬਰ 1913 ਨੂੰ ਭਾਰਤ ਦੀ ਤਵਾਰੀਖ਼ ਵਿਚ ਇਕ ਨਵਾਂ ਸੰਮਤ ਚੱਲਦਾ ਹੈ ਕਿਉਂਕਿ ਅੰਗਰੇਜ਼ੀ ਰਾਜ ਦੇ ਵਿਰੁੱਧ ਪਰਦੇਸ ਵਿਚੋਂ ਦੇਸੀ ਜ਼ੁਬਾਨ ਵਿਚ ਜੰਗ ਛਿੜਦੀ ਹੈ'' ਸਰਾਭਾ ਅਤੇ ਉਸਦੇ ਗ਼ਦਰੀ ਸਾਥੀ ਸਪੱਸ਼ਟ ਸਨ ਕਿ ਮਾਂ-ਬੋਲੀ ਨੂੰ ਸਤਿਕਾਰਤ ਰੁਤਬਾ ਹਾਸਲ ਹੋਣ ਦੀ ਗਰੰਟੀ ਇਸ ਗੱਲ ਨਾਲ ਜੁੜੀ ਹੋਈ ਹੈ ਕਿ ਰਾਜ-ਭਾਗ ਕਿੰਨ੍ਹਾਂ ਸ਼ਕਤੀਆਂ ਦੇ ਹੱਥ ਹੈ।
ਉੱਘੇ ਇਤਿਹਾਸਕਾਰ ਪ੍ਰੋ. ਵੇਦ ਵਟੁਕ, ਪ੍ਰੋ. ਬਰਕਲੇ ਯੂਨੀਵਰਸਿਟੀ ਅਮਰੀਕਾ ਦਾ ਕਹਿਣਾ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭੇ ਨੇ ਆਪਣੀ ਇਤਿਹਾਸਕ ਨਜ਼ਮ ਵਿਚ ਲਿਖਿਆ ਹੈ ਕਿ :
ਯਹੀ ਪਾਓਗੇ ਮਹਿਸ਼ਰ ਮੇਂ ਜੁਬਾਂ ਮੇਰੀ, ਬਿਆਂ ਮੇਰਾ
ਮੈਂ ਬੰਦਾ ਹਿੰਦ ਵਾਲੋਂ ਕਾ ਹੂੰ, ਹੈ ਹਿੰਦੋਸਤਾਂ ਮੇਰਾ
ਮੈਂ ਇਸ ਉਜੜੇ ਹੂਏ ਭਾਰਤ ਕੇ ਖੰਡਰ ਕਾ ਏਕ ਜ਼ੱਰਾ ਹੂੰ,
ਯਹੀ ਬੱਸ ਏਕ ਪਤਾ, ਯਹੀ ਨਾਮੋ-ਨਿਸ਼ਾਂ ਮੇਰਾ
ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਅਨੇਕਾਂ ਸਾਥੀ ਫਾਂਸੀ ਦੇ ਰੱਸੇ ਚੁੰਮ ਗਏ। ਸੌ ਵਰ੍ਹੇ ਬੀਤ ਜਾਣ ਮਗਰੋਂ ਅਜੇ ਵੀ ਉਹਨਾਂ ਦਾ ਸੁਪਨਾ ਅਧੂਰਾ ਹੈ। ਉਹਨਾਂ ਦੇ ਸੁਪਨੇ ਸੁਲਘਦੇ ਹਨ। ਉਹਨਾਂ ਦੇ ਬੋਲ, ਨਵੀਂ ਸਵੇਰ ਦਾ ਹੋਕਾ ਦੇ ਰਹੇ ਹਨ। ਹਨੇਰੇ ਨੂੰ ਐਵੇਂ ਭੁਲੇਖਾ ਹੈ ਕਿ ਚਾਨਣ ਸ਼ਾਇਦ ਮਰ ਗਿਆ ਹੈ। ਲੋਕ ਮੁਕਤੀ ਦੇ ਵਿਚਾਰ ਕਦੇ ਫਾਹੇ ਨਹੀਂ ਲੱਗਦੇ, ਸਿਰਫ ਜਿਸਮ ਫਾਹੇ ਚਾੜ੍ਹੇ ਜਾ ਸਕਦੇ ਹਨ। ਸਾਡੀ ਧਰਤੀ ਅੰਦਰ ਅੰਤਾਂ ਦਾ ਵਿਦਰੋਹ ਉਸਲਵੱਟੇ ਲੈ ਰਿਹਾ ਹੈ ਇਸਨੂੰ ਜਦੋਂ ਸਹੀ ਦਿਸ਼ਾ ਮਿਲ ਗਈ ਉਹ ਅਵੱਸ਼ ਹੀ ਅਨੇਕਾਂ ਕਰਤਾਰ ਸਰਾਭੇ ਨਵੀਂ ਕਤਾਰ 'ਚ ਖੜ੍ਹੇ ਕਰੇਗਾ ਤੇ ਸੁਪਨੇ ਸਾਕਾਰ ਕਰੇਗਾ।

No comments:

Post a Comment