Friday, November 15, 2013

ਹਾਕਮਾਂ ਦੀਆਂ ਅੰਧ-ਵਿਸ਼ਵਾਸ਼ ਨੂੰ ਉਗਾਸਾ ਦੇਣ ਦੀਆਂ ਕੋਸ਼ਿਸ਼ਾਂ

ਇੱਕ ਸਾਧ ਨੂੰ ਸੋਨੇ ਦਾ ਸੁਪਨਾ :
ਹਾਕਮਾਂ ਦੀਆਂ ਅੰਧ-ਵਿਸ਼ਵਾਸ਼ ਨੂੰ ਉਗਾਸਾ ਦੇਣ ਦੀਆਂ ਕੋਸ਼ਿਸ਼ਾਂ
—ਜਗਮੋਹਣ ਸਿੰਘ
ਅਕਤੂਬਰ ਮਹੀਨੇ ਉੱਤਰ ਪ੍ਰਦੇਸ 'ਚ ਪਿੰਡ ਦੇ ਇੱਕ ਸਾਧੂ ਨੂੰ ਆਏ ਸੁਪਨੇ ਤੋਂ ਪੈਦਾ ਹੋਇਆ ਜਾਂ ਜਾਣ ਬੁੱਝ ਕੇ ਪੈਦਾ ਕੀਤੇ ਘਟਨਾ ਕ੍ਰਮ ਨੇ ਵਿਸ਼ਾਲ ਪੱਧਰ ਤੇ ਲੋਕਾਂ ਦੀ ਸੁਰਤ ਨੂੰ ਮੱਲੀ ਰੱਖਿਆ ਹੈ। ਸੁਪਨਾ ਇਹ ਸੀ ਕਿ ਸਾਧੂ ਸ਼ੋਭਨਾ ਸਰਕਾਰ ਨੂੰ ਉਨੀਵੀਂ ਸਦੀ ਦੇ ਰਾਜਾ ਰਾਓ ਰਾਮ ਬਖਸ਼ ਸਿੰਘ ਦੇ ਦਰਸ਼ਨ ਹੋਏ ਹਨ। ਉਸ ਨੇ ਉਤਰ ਪ੍ਰਦੇਸ਼ ਦੇ ਉਨਾਓ ਜਿਲ੍ਹੇੇ ਦੇ ਡੌਂਡਈਆ ਖੇੜਾ ਿਪੰਡ 'ਚ ਖੰਡਰ ਹੋ ਚੁੱਕੇ ਇੱਕ ਕਿਲ੍ਹੇ ਦੇ ਹੇਠ ਦੱਬੇ ਪਏ 1000 ਟਨ ਸੋਨੇ ਦੀ ਸੰਭਾਲ ਕਰਨ ਲਈ ਉਸਨੂੰ ਹੁਕਮ ਦਿੱਤੇ ਹਨ। ਸੁਪਨੇ ਦੀ ਇਸ ਕਹਾਣੀ ਨੇ ਪਲੀਤੇ ਦਾ ਕੰਮ ਕੀਤਾ ਅਤੇ ਇਸ ਾਂੋ ਇੱਕ ਸਨਸਨੀਖੇਜ਼ ਘਟਨਾਕ੍ਰਮ ਚੱਲ ਪਿਆ। 
ਸੁਪਨੇ ਦੀ ਇਸ ਗੱਲ ਨੂੰ ਲੈ ਕੇ ਸਾਧੂ ਪਿੰਡ ਦੀ ਗਰਾਮ ਸਭਾ (ਪੰਚਾਇਤ) ਕੋਲ ਗਿਆ। ਫਿਰ ਜਿਲ੍ਹਾ ਕੁਲੈਕਟਰ (ਡੀ.ਸੀ.) ਕੋਲ ਗਿਆ ਅਤੇ ਅੰਤ ਆਪਣੇ ਇਕ ਸ਼ਰਧਾਲੂ ਕੇਂਦਰੀ ਮੰਤਰੀ ਚਰਨ ਦਾਸ ਮਹੰਤ ਕੋਲ ਆਇਆ। ਇਸ ਕਹਾਣੀ ਨੇ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਦੇ ਅੰਦਰ ਕਈ ਚੱਕਰ ਕੱਟੇ ਅਤੇ ਅੰਤ ਪੁਰਾਤੱਤਵ ਸਰਵੇ ਦੇ ਕੇਂਦਰੀ ਮਹਿਕਮੇ ਦੀ ਧੌਣ ਨੂੰ ਜਾ ਹੱਥ ਪਾਇਆ। ਇਸ ਨੂੰ ਮੋਹਰਾ ਬਣਾਉਦਿਆਂ ਕਿਲੇ ਦੇ ਹੇਠਾਂ ਖੁਦਾਈ ਕਰਨ ਲਈ ਤਿਆਰ ਕਰ ਲਿਆ ਗਿਆ। ਇਸ ਗੱਲ 'ਤੇ ਪਰਦਾ ਪਾਉਣ ਲਈ ਕਿ ਸਾਧੂ ਨੂੰ ਆਏ ਸਪਨੇ ਕਰਕੇ ਹੀ ਖੁਦਾਈ ਨਹੀਂ ਕੀਤੀ ਜਾ ਰਹੀ ਭੂ-ਸਰਵੇ ਦੇ ਕੇਂਦਰੀ ਵਿਭਾਗ ਵੱਲੋਂ ਪੁਰਾਤੱਤਵ ਮਹਿਕਮੇ ਲਈ ਇੱਕ ਨਾਮ-ਨਿਹਾਦ ਜਾਂਚ ਰਿਪੋਰਟ ਤਿਆਰ ਕਰਵਾ ਲਈ ਗਈ ਕਿ ਇਸ ਕਿਲ੍ਹੇ ਦੇ ਹੇਠਾਂ ਇਕ ਕੁਚਾਲਕ ਧਾਤ ਸੱਚ-ਮੁੱਚ ਮੌਜੂਦ ਹੈ। ਇਸ ਪੂਰੇ ਘਟਨਾ-ਕ੍ਰਮ ਨੂੰ ਅਖਬਾਰਾਂ ਅਤੇ ਟੈਲੀਵਿਜ਼ਨਾਂ ਦੇ ਵੱਖ ਵੱਖ ਚੈਨਲਾਂ ਰਾਹੀਂ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਖੂਬ ਘੁਮਾਇਆ ਗਿਆ। ਸਿੱਟੇ ਵਜੋਂ ਦੂਰ ਦੂਰ ਤੱਕ ਲੋਕਾਂ 'ਚ ਭਾਰੀ ਉਤਸੁਕਤਾ ਪੈਦਾ ਹੋਈ। 
ਅੰਤ ਪੁਰਾਤੱਤਵ ਵਿਭਾਗ ਦੇ ਡਾਇਰੈਕਟਰ ਪੀ.ਕੇ. ਮਿਸ਼ਰਾ ਦੀ ਅਗਵਾਈ ਹੇਠ ਇੱਕ 12 ਮੈਂਬਰੀ ਟੀਮ ਨੇ 18 ਅਕਤੂਬਰ ਨੂੰ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ। ਖੁਦਾਈ ਸ਼ੁਰੂ ਹੋਣ ਤੋਂ ਪਹਿਲਾਂ ਸਾਧੂ ਨੇ ''ਭੂਮੀ ਪੂਜਨ'' ਕੀਤਾ, ਖੁਦਾਈ ਵਾਲੀ ਜਗਾਹ ਦੀ ਨਿਸ਼ਾਨਦੇਹੀ ਕੀਤੀ ਅਤੇ ਜਿਲ੍ਹੇ ਦੇ ਡੀ.ਸੀ. ਵਿਜੈ ਕਿਰਨ ਆਨੰਦ ਨੇ ਟੱਕ ਲਗਾ ਕੇ ਖੁਦਾਈ ਦਾ ਕੰਮ ਸ਼ੁਰੂ ਕਰਵਾਇਆ। ਸੂਬੇ ਦੀ ਸਮਾਜਵਾਦੀ ਪਾਰਟੀ ਦੀ ਅਗਵਾਈ ਹੇਠ 11 ਦਿਨ ਖੁਦਾਈ ਦਾ ਕੰਮ ਚੱਲਿਆ।
ਪ੍ਰਸਾਸ਼ਨ ਵੱਲੋਂ ਕਿਲ੍ਹੇ ਦੇ ਅੰਦਰ ਦਾਖਲੇ 'ਤੇ ਪਾਬੰਦੀ ਦੇ ਬਾਵਜੂਦ  ਸੈਂਕੜਿਆਂ ਦੀ ਗਿਣਤੀ 'ਚ ਲੋਕ ਖੁਦਾਈ ਵਾਲੀ ਜਗਾਹ 'ਤੇ ਇਕੱਠੇ ਹੁੰਦੇ ਰਹੇ। ਸਾਧੂ ਅਲੱਗ ਆਪਣੇ ਚੇਲਿਆਂ ਅਤੇ ਸ਼ਰਧਾਲੂਆਂ ਨੂੰ ਲੈ ਕੇ ਇੱਕ ਪਾਸੇ ਬੈਠ ਕੇ ਮੰਤਰਾਂ ਦਾ ਪਾਠ ਕਰਦਾ ਰਿਹਾ।    
ਖੁਦਾਈ ਦਾ ਕੰਮ ਸ਼ੁਰੂ ਹੋਣ ਵੇਲੇ ਤੋਂ ਹੀ ਸੂਬਾ ਅਤੇ ਕੇਂਦਰੀ ਸਰਕਾਰ ਵੱਲੋਂ ਸਾਧੂ ਦੇ ਇਕ ਸੁਪਨੇ ਤੋਂ ਖੜ੍ਹੇ ਕੀਤੇ ਅਡੰਬਰ 'ਤੇ ਤਰ੍ਹਾਂ ਤਰ੍ਹਾਂ ਦੇ ਸੁਆਲ ਉੱਠਣ ਲੱਗ ਪਏ ਸਨ। ਤਰਕਸ਼ੀਲ ਹਿੱਸਿਆਂ ਵੱਲੋਂ ਇਸ ਦੀ ਖਿੱਲੀ ਉਡਾਈ ਜਾ ਰਹੀ ਸੀ ਕਿ ਲੋਕਾਂ ਦੀ ਜ਼ਿੰਦਗੀ ਦੇ ਹਕੀਕੀ ਸੁਆਲਾਂ 'ਤੇ ਧਿਆਨ ਦੇਣ ਦੀ ਬਜਾਏ ਕਿਵੇਂ ਕੇਂਦਰ ਤੇ ਸੂਬਾ ਸਰਕਾਰਾਂ ਹਵਾ 'ਚ ਡਾਂਗਾਂ ਚਲਾ ਰਹੀਆਂ ਹਨ। ਇਸ ਨਾਲੋਂ ਤਾਂ ਚੰਗਾ ਹੁੰਦਾ 10 ਮੌਕਾਪ੍ਰਸਤ ਸਿਆਸੀ ਆਗੂਆਂ ਦੇ ਵਿਹੜੇ ਪੁੱਟ ਲੈਂਦੇ, ਸਾਧੂ ਵੱਲੋਂ ਕੀਤੇ ਵਚਨ ਤੋਂ ਕਿਤੇ ਜਿਆਦਾ ਸੋਨਾ ਪ੍ਰਾਪਤ ਹੋ ਜਾਂਦਾ। ਹਾਕਮ ਜਮਾਤੀ ਹਿੱਸਿਆਂ ਨੂੰ ਖੁਦਾਈ ਦੇ ਇਸ ਕੰਮ ਨੂੰ ਵਾਜਵੀਅਤ ਦੀ ਪੁਸ਼ਾਕ ਪੁਆਉਣ ਲਈ ਪੁੱਠੇ ਸਿੱਧੇ ਹੋਣਾ ਪਿਆ। 
ਕੇਂਦਰੀ ਸੈਰ ਸਪਾਟਾ ਮੰਤਰੀ ਰੇਣੂਕਾ ਚੌਧਰੀ ਨੇ ਖੁਦਾਈ ਨੂੰ ਜਾਇਜ ਠਹਿਰਾਉਂਦੇ ਹੋਏ ਕਿਹਾ,''ਦੇਸ਼ ਦੇ ਭੂ-ਸਰਵੇ ਵਿਭਾਗ ਨੇ ਸਰਵੇ ਕੀਤਾ ਹੈ ਕਿ ਉਥੇ ਕੁਚਾਲਕ ਧਾਤ ਦੀ ਇੱਕ ਖੇਪ ਮੌਜੂਦ ਹੈ। '' 
ਪੁਰਾਤੱਤਵ ਵਿਭਾਗ ਦੇ ਡਾਇਰੈਕਟਰ ਸਈਅਦ ਜਮਾਲ ਹੁਸੈਨ ਨੇ ਕਿਹਾ, ''ਖੁਦਾਈ ਧਰਾਤਲੀ ਲੱਭਤਾਂ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ.. ..।''
ਕੇਂਦਰੀ ਸੱਭਿਆਚਾਰਕ ਮੰਤਰਾਲੇ ਨੇ ਐਲਾਨ ਕੀਤਾ ਕਿ ਖੁਦਾਈ ਕੇਵਲ ਸਾਧੂ ਦੇ ਸੁਪਨੇ ਕਰਕੇ ਹੀ ਨਹੀਂ ਸ਼ੁਰੂ ਕੀਤੀ ਗਈ, ਭੂ-ਸਰਵੇ ਵਿਭਾਗ ਦੀ ਰਿਪੋਰਟ ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਹੈ। 
ਪੁਰਾਤੱਤਵ ਵਿਭਾਗ ਨੂੰ ਸਫਾਈ ਦੇਣੀ ਪਈ ਕਿ ਇਹ ਤਾਂ ਸਾਡੇ ਰੋਜ ਦਿਹਾੜੀ ਦੇ ਕੰਮਾਂ ਦਾ ਹੀ ਹਿੱਸਾ ਹੈ। ਪਰ ਪੁਰਾਤੱਤਵ ਵਿਭਾਗ ਦੇ ਆਪਣੇ ਹੀ ਮਾਹਰਾਂ ਨੂੰ ਇਸ 'ਤੇ ਸੰਤੁਸ਼ਟੀ ਨਾ ਹੋਈ। ਉਨ੍ਹਾਂ ਨੂੰ ਇਹ ਫਜੂਲ ਦੀ ਕਸਰਤ ਮਹਿਸੂਸ ਹੋਣ ਲੱਗੀ। ਲਗਾਤਾਰ ਵਧ ਰਹੇ ਅਕੇਵੇਂ ਦੇ ਬਾਵਜੂਦ ਜੁਬਾਨ ਘੁੱਟ ਕੇ ਉਹ ਖੁਦਾਈ ਦੇ ਕੰਮ ਵਿਚ ਜੁਟੇ ਰਹੇ। 
ਅੰਤ ਪੁਰਾਤੱਤਵ ਵਿਭਾਗ ਦੇ ਡਾਇਰੈਕਟਰ ਜਨਰਲ ਪਰਵੀਨ ਸ੍ਰੀਵਾਸਤਵ ਨੂੰ ਕਹਿਣਾ ਪਿਆ,''1000 ਟਨ ਸੋਨਾ ਮਿਲ ਸਕਣਾ ਮੁਸ਼ਕਲ ਹੈ, ਕਿਸੇ ਨੂੰ ਵੀ ਝੂਠੀਆਂ ਆਸਾਂ ਬਨ੍ਹਾਉਣ ਦਾ ਕੋਈ ਮਤਲਬ ਨਹੀਂ।''
ਛੇਤੀ ਹੀ ਇਸ ਨਾਟਕ ਦੀ ਫੂਕ ਨਿੱਕਲਣ ਲੱਗੀ। ਕੇਂਦਰੀ ਮੰਤਰੀ ਚਰਨ ਦਾਸ ਮਹੰਤ ਜਿਸਨੇ ਸਭ ਤੋਂ ਵੱਧ ਪੂਛ ਚੱਕੀ ਹੋਈ ਸੀ, ਕੁੱਝ ਢੈਲਾ ਪੈਣ ਲੱਗਾ,''ਸੋਨਾ ਨਾ ਸਹੀ ਅਸੀਂ ਕੁੱਝ ਨਾ ਕੁੱਝ ਜਰੂਰ ਪ੍ਰਾਪਤ ਕਰਾਂਗੇ।''
ਸਾਧੂ ਸੌਭਨਾ ਸਰਕਾਰ ਜੋ ਹੁਣ ਅਕਸਰ ਦਿਖਾਈ ਨਹੀਂ ਸੀ ਦੇ ਰਿਹਾ ਨੇ ਐਲਾਨ ਕੀਤਾ ਕਿ ''ਮੇਰੀ ਅਗਵਾਈ 'ਚ ਕੀਤੀ ਖੁਦਾਈ ਨਾਲ ਹੀ ਸੋਨੇ ਦੀ ਖੇਪ ਮਿਲ ਸਕੇਗੀ'', ਅਤੇ ਮੰਗ ਕੀਤੀ,'' ਮੈਨੂੰ 10 ਘੰਟੇ ਦਾ ਸਮਾਂ ਅਤੇ ਫੌਜ ਦੀ ਸੁਰੱਖਿਆ ਦਿੱਤੀ ਜਾਵੇ, ਸੋਨਾ ਮਿਲ ਜਾਵੇਗਾ।'' ਪਰ ਕੇਂਦਰ ਸਰਕਾਰ ਨੇ ਸਾਧੂ ਦੀ ਇਸ ਮੰਗ ਨੂੰ ਪ੍ਰਵਾਨ ਨਾ ਕੀਤਾ। ਪਹਿਲਾਂ ਹੀ ਬਥੇਰੀਆਂ ਤੋਹਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਥੋਂ ਤੱਕ ਕਿ ਯੂ.ਪੀ.ਏ. 'ਚ ਭਾਈਵਾਲ ਸ਼ਰਦ ਪਵਾਰ ਵੀ ਬੋਲ ਉਠਿਆ ਸੀ,''ਇਹੋ ਜਿਹੀਆਂ ਕਸਰਤਾਂ ਅੰਧ ਵਿਸ਼ਵਾਸ਼ਾਂ ਨੂੰ ਫੈਲਾਉਂਦੀਆਂ ਹਨ।'' ਜਨਤਾ ਦਲ ਯੂਨਾਈਟਿਡ ਦੇ ਪ੍ਰਧਾਨ ਨੇ ਵੀ ਮਹੰਤ ਦੀ ਇਹ ਕਹਿ ਕੇ ਨਿਖੇਧੀ ਕੀਤੀ ਕਿ ਉਹ ਅੰਧ ਵਿਸ਼ਵਾਸ਼ ਫੈਲਾ ਰਿਹਾ ਹੈ। ਇਸ ਦੇ ਜਨਰਲ ਸੈਕਟਰੀ ਜਾਵੇਦ ਰਾਜਨ ਨੇ ਕੇਂਦਰੀ ਮੰਤਰੀ ਚਰਨ ਦਾਸ ਮਹੰਤ ਅਤੇ ਸਾਧੂ ਦੇ ਇੱਕ ਚੇਲੇ 'ਤੇ ਪੁਲਸ ਕੇਸ ਦਰਜ ਕਰਵਾਇਆ। ਵਾਰਾਨਸੀ ਤੋਂ ਕਮਲੇਸ਼ ਚੰਦਰ ਤ੍ਰਿਪਾਠੀ ਨਾਂ ਦੇ ਇੱਕ ਵਕੀਲ ਨੇ ਵਾਰਾਨਸੀ ਅਤੇ ਲਖਨਊ 'ਚ ਦੋ ਪੁਲਸ ਕੇਸ ਦਰਜ ਕਰਵਾ ਕੇ ਮੰਗ ਕੀਤੀ,'' ਸਾਧੂ 'ਤੇ ਭਾਰਤੀ ਦੰਡਾਵਲੀ ਦੀਆਂ 295(ਏ) ਅਤੇ 298 ਧਾਰਾਵਾਂ ਹੇਠ ਪੁਲਸ ਕੇਸ ਪਾਏ ਜਾਣ।'' ਲਖਨਊ 'ਚ ਦਰਜ ਕਰਵਾਏ ਇੱਕ ਕੇਸ 'ਚ ਕੇਂਦਰੀ ਮੰਤਰੀ ਚਰਨ ਦਾਸ ਮਹੰਤ ਦਾ ਨਾਂ ਵੀ ਸ਼ਾਮਲ ਕੀਤਾ ਗਿਆ। ਵੱਖ ਵੱਖ ਸਿਆਸੀ ਪਾਰਟੀਆਂ ਹੀ ਨਹੀਂ ਕਈ ਇਤਿਹਾਸਕਾਰ ਵੀ ਬਿਨਾ ਕਿਸੇ ਠੋਸ ਸਬੂਤ ਤੋਂ ਇਸ ਬੇਮੁਹਾਰ ਖੁਦਾਈ ਦੀ ਨੁਕਤਾਚੀਨੀ ਕਰ ਰਹੇ ਸਨ। ਇੱਕ ਸੀਨੀਅਰ ਪੁਰਾਤੱਤਵ ਮਾਹਰ ਨੇ 'ਦਾ ਹਿੰਦੂ' ਅਖਬਾਰ ਨੂੰ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, ''ਉਨ੍ਹਾਂ ਨੇ ਬਾਬੇ ਦੀਆਂ ਮਨੌਤਾਂ 'ਤੇ ਕੰਮ ਕੀਤਾ ਹੈ—ਅਤੇ ਸਭ ਵਿਗਿਆਨਕ ਢੰਗ ਤਰੀਕਿਆਂ ਨੂੰ ਛਿੱਕੇ ਟੰਗ ਦਿੱਤਾ ਹੈ।'' ਅਨੇਕਾਂ ਪਾਪੜ ਵੇਲਣ ਦੇ ਵਾਵਜੂਦ ਹਾਕਮ ਇਸ ਸਚਾਈ 'ਤੇ ਪਰਦਾ ਪਾਉਣ 'ਚ ਨਾਕਾਮ ਰਹੇ ਕਿ ਖੁਦਾਈ ਦਾ ਇਹ ਸਾਰਾ ਵਿੱਢ ਸਾਧੂ ਦੇ 'ਸੁਪਨੇ' ਨੂੰ ਲੈ ਕੇ ਹੀ ਸ਼ੁਰੂ ਕੀਤਾ ਗਿਆ ਸੀ। 
ਉਧਰ ਖੁਦਾਈ 'ਚੋਂ ਕੁੱਝ ਟੁਟੀਆਂ ਹੋਈਆਂ ਵੰਗਾਂ ਅਤੇ ਨਿੱਕ-ਸੁੱਕ ਤੋਂ ਸਿਵਾਏ ਕੁੱਝ ਵੀ ਹੱਥ ਨਹੀਂ ਸੀ ਲੱਗ ਰਿਹਾ। ਕੌਮੀ ਤੇ ਕੌਮਾਂਤਰੀ ਪੱਧਰ 'ਤੇ ਪਹਿਲਾਂ ਹੀ ਬਥੇਰੀ ਵੰਨ-ਸੁਵੰਨੀ ਚਰਚਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਖੁਦਾਈ ਦਾ ਕੰੰਮ ਬੰਦ ਕਰਵਾ ਦੇਣ ਦੀ ਨੌਬਤ ਆਈ ਪਈ ਸੀ। ਸਾਧੂ ਦੀ ਮੰਗ ਪ੍ਰਵਾਨ ਕਰ ਲੈਣ ਦਾ ਸਿੱਟਾ ਵੀ ਹੋਰ ਵੱਧ ਤੋਹਮਤਾਂ, ਹੋਰ ਵਧੇਰੇ ਨੁਕਤਾਚੀਨੀ ਵਿੱਚ ਹੀ ਨਿਕਲਣਾ ਸੀ। ਮੱਛੀ ਦੇ ਪੱਥਰ ਚੱਟ ਕੇ ਮੁੜਨ ਦੀ ਲੋਕ-ਕਹਾਵਤ ਵਾਲਾ ਸੱਚ ਹੀ ਸਾਬਤ ਹੋਣਾ ਸੀ। ਸੋ 11 ਦਿਨ ਦੀ ਕਸਰਤ ਤੋਂ ਬਾਅਦ ਖੁਦਾਈ ਬੰਦ ਕਰਵਾ ਦਿੱਤੀ ਗਈ। 
ਕੇਂਦਰ ਅਤੇ ਸੂਬਾ ਸਰਕਾਰਾਂ ਦੀ ਇਹ ਖੇਡ ਸਥਾਨਕ ਜਨਤਾ 'ਚ ਵਕਤੀ ਉਤਸੁਕਤਾ ਅਤੇ ਖਿੱਚ ਹੀ ਪੈਦਾ ਕਰ ਸਕੀ ਹੈ। ਲੋਕਾਂ ਨੂੰ ਅੰਧ-ਵਿਸ਼ਵਾਸ਼ਾਂ ਦੀਆਂ ਖੱਡਾਂ 'ਚ ਸੁੱਟ ਕੇ ਗੁੰਮਰਾਹ ਕਰਨ ਗਿੱਝੇ ਹਾਕਮਾਂ ਦੇ ਪੱਲੇ ਕੁੱਲ ਮਿਲਾ ਕੇ ਸ਼ਰਮਿੰਦਗੀ ਹੀ ਪਈ ਹੈ। ਹਾਂ, ਪਰ ਇਸ ਨਾਟਕ ਨੇ ਭਾਰਤੀ ਹਾਕਮਾਂ ਦੇ ਸੋਨੇ ਪ੍ਰਤੀ ਹਾਬੜੇ ਨੂੰ ਜ਼ਰੂਰ ਜੱਗ ਜਾਹਰ ਕਰ ਦਿੱਤਾ ਹੈ।  ਸਾਧੂ ਨੂੰ ਆਏ ਇੱਕ ਸੁਪਨੇ ਨਾਲ ਹੀ ਹਾਕਮ ਬਾਂਵਰੇ ਹੋਏ ਦਿਖਾਈ ਦਿੱਤੇ ਹਨ। ਇÀੁਂ ਬੋਲਦੇ ਹਨ ਕਿ 1000 ਟਨ ਸੋਨਾ ਤਾਂ ਹੱਥ ਆਇਆ ਕਿ ਆਇਆ, ਬੱਸ ਉਸ ਤੱਕ ਪਹੁੰਚਣ ਦੀ ਹੀ ਦੇਰੀ ਹੈ। ਪ੍ਰਾਪਤ ਹੋਣ ਜਾ ਰਹੀ ਸੋਨੇ ਦੀ ਇਸ ਖੇਪ 'ਤੇ ਆਪੋ ਆਪਣੇ ਕਬਜੇ ਦਾ ਹੱਕ ਜਤਲਾਉਣ ਦੇ ਐਲਾਨ ਕੀਤੇ ਜਾ ਰਹੇ ਹਨ। 
ਉੱਤਰ ਪ੍ਰਦੇਸ ਦੇ ਮੁੱਖ ਮੰਤਰੀ ਅਖਲੇਸ਼ ਯਾਦਵ ਨੇ ਸੰਤ ਦਾ ਧੰਨਵਾਦ ਕੀਤਾ, ਜਿਸ ਨੇ ਅਜਿਹਾ ਸੁਪਨਾ ਲਿਆ ਅਤੇ ਮੁੱਠੀਆਂ 'ਚ ਲੱਡੂ ਭੋਰਦੇ ਹੋਏ ਪੱਤਰਕਾਰਾਂ ਨੂੰ ਕਿਹਾ, ਮੈਂ ਤਾਂ ਇਹੀ ਚਾਹੁੰਦਾ ਹਾਂ ਕਿ ਸੂਬੇ ਦੇ ਹਰੇਕ ਜਿਲ੍ਹੇ ਅੰਦਰ ਸੋਨੇ ਦੀ ਇੱਕ ਖਾਣ ਮਿਲ ਜਾਵੇ।'' 
ਹਾਕਮ ਸਮਾਜਵਾਦੀ ਪਾਰਟੀ ਦੇ ਹੀ ਇੱਕ ਨੇਤਾ ਅਤੇ ਰਾਜ ਸਭਾ 'ਚ ਮੈਂਬਰ ਪਾਰਲੀਮੈਂਟ ਨਰੇਸ਼ ਅਗਰਵਾਲ ਨੇ ਕਿਹਾ,''ਇਹ ਹਜ਼ਾਰ ਟਨ ਸੋਨਾ ਕਾਨੂੰਨੀ ਤੌਰ 'ਤੇ ਸੂਬਾ ਸਰਕਾਰ ਦਾ ਬਣਦਾ ਹੈ......'' ਸਾਧੂ ਦੇ ਚੇਲੇ ਓਮੀ ਬਾਬਾ ਨੇ ਪ੍ਰਾਪਤ ਹੋਏ ਸੋਨੇ 'ਚੋਂ 10% ਹਿੱਸੇ ਦੀ ਮੰਗ ਰੱਖ ਦਿੱਤੀ। ਰਾਜ ਰਾਮ ਰਾਓ ਬਖਸ਼ ਸਿੰਘ ਦੇ ਵਾਰਸਾਂ ਨੇ ਵੀ ਆਪਣੇ ਹੱਕ ਦਾ ਸੁਆਲ ਉਠਾਇਆ।  ਇੱਕ ਵਕੀਲ ਨੇ ਇੱਕ ਜਨ ਹਿੱਤ ਪਟੀਸ਼ਨ ਦਰਜ ਕਰਵਾਈ ਕਿ Àੁੱਚਤਮ ਅਦਾਲਤ ਨੂੰ ਖੁਦਾਈ ਦੇ ਕੰਮ ਦੀ ਦੇਖ-ਰੇਖ ਦਾ ਰੋਲ ਸੰਭਾਲਣਾ ਚਾਹੀਦਾ ਹੈ ਤਾਂ ਕਿ ਸੋਨਾ ਖੁਰਦ-ਬੁਰਦ ਨਾ ਹੋ ਜਾਵੇ। ਅਦਾਲਤ ਨੇ ਪਟੀਸ਼ਨ ਨੂੰ ਰੱਦ ਕਰਨ ਦੀ ਬਜਾਏ ਲੋੜ ਅਨੁਸਾਰ ਦਖਲ ਦੇਣ ਲਈ ਵਿਚਾਰ ਅਧੀਨ ਰਖਦੇ ਹੋਏ ਟਿੱਪਣੀ ਕੀਤੀ,''ਕੀ ਅਦਾਲਤ ਹਰੇਕ ਸਨਸਨੀਖੇਜ ਘਟਨਾ 'ਚ ਦਖਲ ਦੇ ਸਕਦੀ ਹੈ!?''
ਸਾਧੂ ਨੂੰ ਆਏ 'ਸੁਪਨੇ' ਦਾ ਮੌਜੂਦਾ ਨਾਟਕ ਨਾ ਹੀ ਪਹਿਲਾ ਅਤੇ ਨਾ ਹੀ ਨਵਾਂ। ਲੋਕ-ਵਿਰੋਧੀ ਹਾਕਮਾਂ ਵੱਲੋਂ ਹਮੇਸ਼ਾਂ ਸਿੱਧੇ ਅਸਿੱਧੇ ਢੰਗਾਂ ਰਾਹੀਂ ਲੋਕਾਂ ਨੂੰ ਅੰਧ ਵਿਸ਼ਵਾਸ਼ਾਂ ਦੀਆਂ ਡੂੰਘੀਆਂ ਖੱਡਾਂ 'ਚ ਧੱਕਾ ਦਿੱਤਾ ਜਾਂਦਾ ਹੈ। ਸਾਧਾਰਨ ਜਨਤਾ ਦੀ ਪਛੜੀ ਹੋਈ ਗੈਰ-ਵਿਗਿਆਨਕ ਸੋਚ ਅਤੇ ਅਗਿਆਨਤਾ ਦਾ ਫਾਇਦਾ ਉਠਾ ਕੇ ਉਨ੍ਹਾਂ ਦੀ ਸੁਰਤ ਨੂੰ ਭੁਆਂਟਣੀਆਂ ਦਿੱਤੀਆਂ ਜਾਂਦੀਆਂ ਹਨ, ਆਪਣੇ ਜੀਵਨ ਦੀਆਂ ਹਕੀਕੀ ਸਮੱਸਿਆਵਾਂ ਅਤੇ ਇਹਨਾਂ ਦੇ ਸਹੀ ਤੇ ਹਕੀਕੀ ਹੱਲ ਤੋਂ ਉਨ੍ਹਾਂ ਦੀ ਸੁਰਤ ਨੂੰ ਪਾਸੇ ਤਿਲਕਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਆਪਣੇ ਰਾਜ-ਭਾਗ ਨੂੰ ਠੁੰਮਣਾ ਦਿੱਤਾ ਜਾਂਦਾ ਹੈ। ਕੁੱਝ ਸਾਲ ਪਹਿਲਾਂ ਹਰਿਆਣੇ ਦੇ ਸਰਸਾ ਜਿਲ੍ਹੇ 'ਚ ਇੱਕ ''ਖੰਭ ਬਾਬਾ'' ਮਸ਼ਹੂਰ ਹੋਇਆ ਸੀ ਜੋ ਖੰਭ ਦੀ ਛੋਹ ਨਾਲ ਸਭ ਰੋਗ ਨਵਿਰਤ ਕਰਦਾ ਸੀ। ਫਿਰ ਹਿਮਾਚਲ ਦੇ ਇੱਕ ਪਿੰਡ ਦਾ ਪਾਣੀ ਪੀਣ ਨਾਲ ਰੋਗ ਨਵਿਰਤ ਹੋ ਜਾਣ ਦੀ ਹਨੇਰੀ ਚੱੱਲੀ ਅਤੇ ਕੁੱਝ ਚਿਰ ਮਗਰੋਂ  ਬੈਠ ਗਈ। ਹਾਕਮ ਅਜਿਹੇ ਅੰਧ ਵਿਸ਼ਵਾਸ਼ਾਂ ਨੂੰ ਉਤਸ਼ਾਹਤ ਹੀ ਨਹੀਂ ਕਰਦੇ ਸੋਚ-ਸਮਝ ਕੇ ਇਨ੍ਹਾਂ ਨੂੰ ਸਰਪ੍ਰਸਤੀ ਵੀ ਮੁਹੱਈਆ ਕਰਦੇ ਹਨ। 1972 ਦੇ ਮੋਗਾ ਗੋਲੀ ਕਾਂਡ ਤੋਂ ਬਾਅਦ Àੁੱਠੇ ਵਿਸ਼ਾਲ ਲੋਕ-ਉਭਾਰ ਨੂੰ ਸ਼ਾਂਤ ਕਰਨ ਲਈ ਵੇਲੇ ਦੀ ਗਿਆਨੀ ਜੈਲ ਸਿੰਘ ਸਰਕਾਰ ਦੱਖਣ 'ਚੋਂ ਇੱਕ ਸਾਂਈ ਬਾਬੇ ਨੂੰ  ਮੋਗੇ 'ਚ ਲਿਆਈ ਸੀ ਜੋ ਮਹੀਨਾ ਭਰ ਇੱਥੇ ਹਜਾਰਾਂ ਲੋਕਾਂ ਦੀ ਭੀੜ ਨੂੰ ਖਿਚਦਾ ਰਿਹਾ ਅਤੇ ਸੁਆਹ ਦੀ ਧੂੜ 'ਚੋਂ ਮਨ ਦੀਆਂ ਮੁਰਾਦਾਂ ਪੂਰੀਆਂ ਹੋਣ ਦੇ ਮਜ਼ਮ੍ਹੇ ਲਾਉਦਾ ਰਿਹਾ ਸੀ। ਸਾਮਰਾਜ ਵੱਲੋਂ ਨਿਰਦੇਸ਼ਤ ਨਵ-ਉਦਾਰਵਾਦੀ ਨੀਤੀਆਂ ਲਾਗੂ ਕਰਨ ਰਾਹੀਂ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੇ ਮਾਲ-ਖਜ਼ਾਨੇ ਲੁਟਾਉਣ ਦੀ ਤਿੱਖੀ ਹੋਈ ਹੋੜ ਦੇ ਸਿੱਟੇ ਵਜੋਂ ਦਿਨੋਂ ਦਿਨ ਵਧ ਰਹੇ ਆਰਥਿਕ ਸੰਕਟ ਦੀ ਹਾਲਤ ਵਿੱਚ ਭਾਰਤੀ ਹਾਕਮ ਦੇਸ਼ ਦੇ ਲੋਕਾਂ ਨੂੰ ਪਹਿਲਾਂ ਵਾਂਗ ਚੂਨ-ਭੂਨ ਦੇਣ ਦੀ ਹਾਲਤ ਤੋਂ ਵੀ ਆਹਰੀ ਹੋ ਰਹੇ ਹਨ। ਅਜਿਹੀ ਹਾਲਤ ਵਿੱਚ ਲੋਕਾਂ ਨੂੰ ਕਾਬੂ ਹੇਠ ਰੱਖਣ ਲਈ ਡੰਡੇ ਦੀ ਵਧੀ ਹੋਈ ਵਰਤੋਂ ਦੇ ਨਾਲ ਨਾਲ ਗੁਮਰਾਹੀ ਸਿਆਸਤ ਦੀ ਹਨੇਰੀ ਵੀ ਦਿਨੋਂ ਦਿਨ ਤੇਜ਼ ਹੋ ਰਹੀ ਹੈ। ਲੋਕਾਂ ਨੂੰ ਗੁੰਮਰਾਹ ਕਰਨ ਲਈ ਅੰਧ-ਵਿਸ਼ਵਾਸ਼ਾਂ ਦੇ ਪ੍ਰਚਾਰ ਦਾ ਖੇਤਰ ਲੋਕ-ਵਿਰੋਧੀ ਹਾਕਮ ਜਮਾਤਾਂ ਦੇ ਹੱਥ ਵਿੱਚ ਖਤਰਨਾਕ ਅਤੇ ਕਾਰਗਰ ਹਥਿਆਰ ਹੈ। ਅੱਜ ਕੱਲ੍ਹ ਅਖਬਾਰਾਂ, ਟੀ.ਵੀ. ਦੇ ਵੱਖ ਵੱਖ ਚੈਨਲਾਂ ਅਤੇ ਮੋਬਾਇਲ ਫੋਨਾਂ ਦੀਆਂ ਸਭਨਾਂ ਕੰਪਨੀਆਂ ਆਦਿ ਰਾਹੀਂ ਅੰਧ-ਵਿਸ਼ਵਾਸ਼ਾਂ ਦਾ ਪ੍ਰਚਾਰ ਸਿਖਰਾਂ ਛੋਹ ਰਿਹਾ ਹੈ। ਮਿਹਨਤਕਸ਼ ਲੋਕਾਂ ਨੂੰ ਲੁਟੇਰੀਆਂ ਤੇ ਲੋਕ ਵਿਰੋਧੀ ਹਾਕਮਾਂ ਦੇ ਅਜਿਹੇ ਹੱਥਕੰਡਿਆਂ ਨੂੰ ਸੁਚੇਤ ਰੂਪ ਵਿੱਚ ਲੱਤ ਮਾਰਦਿਆਂ ਆਪਣੀ ਕਿਸਮਤ ਦੇ ਫੈਸਲੇ ਨੂੰ ਆਪਣੇ ਹੱਥ 'ਚ ਲੈਂਦਿਆਂ ਆਪਣੇ ਹੱਕੀ ਸੰਘਰਸ਼ਾਂ ਦੇ ਝੰਡੇ ਨੂੰ ਉੱਚੇ ਤੋਂ ਉੱਚਾ ਲਹਿਰਾਉਣ ਲਈ ਮੈਦਾਨ 'ਚ ਨਿੱਤਰਨਾ ਚਾਹੀਦਾ ਹੈ।
———————————————————————————————————————————
ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ
—ਹਰਪਾਲ ਸਿੰਘ ਪੇਧਨੀ, ਜ਼ਿਲ੍ਹਾ ਖਜ਼ਾਨਚੀ ਬੀ.ਕੇ.ਯੂ. ਏਕਤਾ (ਉਗਰਾਹਾਂ) 
 ਮਾਤਾ ਜਲ ਕੌਰ ਦੇ ਸ਼ਰਧਾਂਜਲੀ ਸਮਾਗਮ ਮੌਕੇ 500-
—ਕ੍ਰਿਸ਼ਨ ਕੁਮਾਰ ਬਿਜਲੀ ਮੁਲਾਜ਼ਮ, ਰਿਟਾਇਰਮੈਂਟ 'ਤੇ 500-
—ਅਮਨਦੀਪ ਕੌਰ ਅਤੇ ਗਗਨਦੀਪ ਦੇ ਵਿਆਹ ਦੀ ਖੁਸ਼ੀ 'ਚ ਰੌਸ਼ਨ ਸਿੰਘ ਵੱਲੋਂ 500-
(ਅਦਾਰਾ ਸੁਰਖ਼ ਰੇਖਾ ਸਹਾਇਤਾ ਭੇਜਣ ਵਾਲੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦੀ ਹੈ।)

No comments:

Post a Comment