Friday, November 15, 2013

ਗ਼ਦਰ-ਸ਼ਤਾਬਦੀ ਮੁਹਿੰਮ ਦੀ ਸਮਾਪਤੀ

ਨਵੀਂ ਇਨਕਲਾਬੀ ਜੰਗ ਦੇ ਹੋਕੇ ਨਾਲ
ਗ਼ਦਰ-ਸ਼ਤਾਬਦੀ ਮੁਹਿੰਮ ਦੀ ਸਮਾਪਤੀ
—ਪੱਤਰਪ੍ਰੇਰਕ
ਗ਼ਦਰ ਸ਼ਤਾਬਦੀ ਮੁਹਿੰਮ ਦੇ ਸਬੱਬ ਨਾਲ ਗ਼ਦਰ ਪਾਰਟੀ ਦਾ ਇਤਿਹਾਸ ਪੜਚੋਲਵੀਂ ਦ੍ਰਿਸ਼ਟੀ ਤੋਂ ਵਿਚਾਰਦਿਆਂ ਚਿੰਤਕਾਂ ਨੇ ਅਹਿਮ ਪੱਖ ਸਾਹਮਣੇ ਲਿਆਂਦੇ ਹਨ। ਪੰਜਾਬ ਦੀਆਂ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਤੋਂ ਲੈ ਕੇ ਪਿੰਡਾਂ ਤੱਕ ਚੱਲੀ ਮੁਹਿੰਮ ਦਾ ਕੇਂਦਰ ਪਿੰਡ ਬਣੇ। 
ਪਿੰਡਾਂ ਅੰਦਰ ਬੇਜ਼ਮੀਨੇ ਕਾਮਿਆਂ, ਕਿਸਾਨਾਂ ਨੌਜਵਾਨਾਂ ਅਤੇ ਔਰਤਾਂ ਨੇ ਇਸ ਮੁਹਿੰਮ ਅੰਦਰ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਬਿਜਲੀ ਕਾਮਿਆਂ ਦੀ ਜਥੇਬੰਦੀ ਵੱਲੋਂ ਬਾਕਾਇਦਾ ਇਸ ਮੁਹਿੰਮ ਵਿੱਚ ਸ਼ਾਮਲ ਹੋਣਾ ਹਾਂਦਰੂ ਪੱਖ ਹੈ। 
ਇਹਨਾਂ ਤਬਕਿਆਂ ਅੰਦਰ ਸਰਗਰਮ ਜਥੇਬੰਦੀਆਂ ਨੇ ਆਪਣੇ ਯਤਨਾਂ ਨਾਲ ਵਿਸ਼ੇਸ਼ ਕਰਕੇ ਗ਼ਦਰ ਪਾਰਟੀ ਦੇ ਇਤਿਹਾਸ ਅਤੇ ਹੋਰ ਕਿੰਨੇ ਹੀ ਪੱਖਾਂ ਬਾਰੇ, ਸਮੱਗਰੀ ਇਕੱਠੀ ਕੀਤੀ। ਇਤਿਹਾਸਕ ਪਿਛੋਕੜ ਨੂੰ ਆਪਣੇ ਪੂਰਵਜ਼ਾਂ ਦੀਆਂ ਪਾਈਆਂ ਇਨਕਲਾਬੀ ਪੈੜਾਂ ਨੂੰ ਅਜੋਕੇ ਸਰੋਕਾਰਾਂ ਨਾਲ ਸੁਰਤਾਲ ਕੀਤਾ। ਉਸ ਨੂੰ ਲੋੜਾਂ ਮੁਤਾਬਕ ਲੜੀਬੱਧ ਕਰਕੇ ਲੋਕ ਹੱਥਾਂ ਵਿੱਚ ਪਹੁੰਚਾਇਆ। ਨਤੀਜੇ ਵਜੋਂ ਦਹਾਕਿਆਂ ਤੋਂ ਵੱਖ ਵੱਖ ਫਰੰਟਾਂ 'ਤੇ ਸੰਘਰਸ਼ਸ਼ੀਲ ਆਗੂਆਂ, ਕਾਰਕੁੰਨਾਂ ਅਤੇ ਹੋਰ ਪਾਠਕਾਂ ਦਾ ਕਹਿਣਾ ਸੀ ਕਿ ਸਾਡੇ ਲਈ ਇਸ ਇਤਿਹਾਸ ਦੇ ਬਹੁਤ ਸਾਰੇ ਨਵੇਂ ਪੱਖ ਸਾਹਮਣੇ ਆਏ ਹਨ। ਸਾਨੂੰ ਇਹ ਜਾਨਣ ਅਤੇ ਸਮਝਣ ਦਾ ਮੌਕਾ ਮਿਲਿਆ ਹੈ ਕਿ ਅਸੀਂ ਆਪਣੀ ਅਜੋਕੀ ਇਨਕਲਾਬੀ ਦੀ ਜੜ੍ਹ ਆਪਣੇ ਮਹਾਨ ਇਤਿਹਾਸਕ ਵਿਰਸੇ ਨੂੰ ਸਮਝ ਕੇ ਉਸਦੇ ਧੁਰ ਅੰਦਰ ਫੇਰ ਹੀ ਲਗਾ ਸਕਦੇ ਹਾਂ। 
ਗ਼ਦਰ ਸ਼ਤਾਬਦੀ ਨੇ ਵੀਹਵੀਂ ਸਦੀ ਦੇ ਸ਼ੁਰੂਆਤੀ ਦੌਰ ਦੀਆਂ ਹਾਲਤਾਂ, ਫੌਜਾਂ ਅਤੇ ਪ੍ਰਦੇਸ਼ਾਂ ਵੱਲ ਪੰਜਾਬੀਆਂ ਦੇ ਜਾਣ ਦੀ ਮਜਬੂਰੀ, ਫੌਜਾਂ ਅਤੇ ਪ੍ਰਦੇਸ਼ਾਂ ਅੰਦਰਲੀ ਹਾਲਤ, ਗ਼ਦਰ ਪਾਰਟੀ ਦੀ ਬੁਨਿਆਦ ਰੱਖੇ ਜਾਣ ਤੋਂ ਪਹਿਲਾਂ ਦੇ ਹਾਲਾਤ, ਆਧਾਰ-ਸ਼ਿਲਾ ਰੱਖਣ, ਵਤਨ ਵੱਲ ਚਾਲੇ ਪਾਉਣ, ਗ਼ਦਰ ਪਾਰਟੀ ਦਾ ਪ੍ਰੋਗਰਾਮ, ਕੁਰਬਾਨੀਆਂ ਅਤੇ ਮਹਾਨ ਟੀਚਿਆਂ ਬਾਰੇ ਰੌਸ਼ਨੀ ਹਾਸਲ ਕਰਨ ਦਾ ਵਿਸ਼ੇਸ਼ ਮੌਕਾ ਪ੍ਰਦਾਨ ਕੀਤਾ ਹੈ  
ਸਾਮਰਾਜੀ ਵਰਤਾਰੇ, ਸਿੱਧੀ-ਅਸਿੱਧੀ ਗੁਲਾਮੀ, 1947 ਤੋਂ ਪਹਿਲਾਂ ਦੇ ਹਾਲਾਤ, 1947 ਵਿੱਚ ਆਜ਼ਾਦੀ ਦੇ ਨਾਂ 'ਤੇ ਹੋਈ ਸੱਤਾ ਬਦਲੀ ਵਰਗੇ ਮੁੱਦੇ ਗ਼ਦਰ ਸ਼ਤਾਬਦੀ ਮੁਹਿੰਮ ਵਿੱਚ ਕੇਂਦਰਤ ਹੋਏ। ਗ਼ਦਰ ਪਾਰਟੀ ਪ੍ਰੋਗਰਾਮ ਦੀ ਪ੍ਰਸੰਗਕਿਤਾ, ਗ਼ਦਰ ਪਾਰਟੀ ਬਣਾਉਣ ਦੀ ਪ੍ਰਸੰਗਕਿਤਾ, ਗ਼ਦਰ ਲਹਿਰ ਦੇ ਅਜੋਕੇ ਸਰੋਕਾਰ, ਗ਼ਦਰ ਲਹਿਰ ਦਾ ਸਾਹਿਤ ਉੱਪਰ ਪ੍ਰਭਾਵ ਆਦਿ ਵਿਸ਼ਿਆਂ ਉੱਪਰ ਵਿਚਾਰਾਂ ਹੋਈਆਂ। ਗ਼ਦਰੀ ਬਾਬੇ ਕੌਣ ਸਨ? ਇਸ ਵਿਸ਼ੇ ਨਾਲ ਜੁੜਵੇਂ ਵੱਖ ਵੱਖ ਪਹਿਲੂਆਂ ਉੱਪਰ ਚਰਚਾਵਾਂ ਹੋਈਆਂ। 
ਉਂਗਲ 'ਤੇ ਗਿਣੇ ਜਾਣ ਵਾਲੇ ਇੱਕਾ-ਦੁੱਕਾ ਵਿਅਕਤੀਆਂ ਨੂੰ ਕੁਝ ਮੁਲਕਾਂ ਅੰਦਰ ਕੁੱਝ ਤਾਕਤਾਂ ਅਤੇ ਉਹਨਾਂ ਦੀ ਬੋਲੀ ਬੋਲਣ ਵਾਲੇ ਮੀਡੀਆ ਨੇ ਥਾਪੜਾ ਦੇ ਕੇ ਬੇਲੋੜੀ ਬਹਿਸ ਛੇੜਨ ਲਈ ਉਕਸਾਇਆ। ਗ਼ਦਰੀ ਇਨਕਲਾਬੀਆਂ ਦੇ ਵਿਚਾਰਾਂ, ਰਾਜਨੀਤੀ, ਉਦੇਸ਼ਾਂ, ਕਹਿਣੀ ਅਤੇ ਕਰਨੀ ਦੀ ਇੱਕਮਿੱਕਤਾ ਤੋਂ ਐਨ ਉਲਟ ਜਾ ਕੇ ਨਿਰ-ਆਧਾਰ ਨੁਕਤੇ ਛੇੜੇ। ਜਿਹਨਾਂ ਦਾ ਸੁਚੇਤ ਬੁੱਧੀਜੀਵੀ ਵਰਗ ਨੇ ਬਾਦਲੀਲ ਉੱਤਰ ਦਿੱਤਾ। ਜਿਹਨਾਂ ਦੇ ਪਲਟਵਾਰ ਅੱਗੇ ਇਹ ਫਿਰਕੂ ਰੰਗਤ ਵਾਲੇ ਅਖੌਤੀ ਬੁੱਧੀਜੀਵੀਏ ਖੜ੍ਹ ਨਾ ਸਕੇ। 
ਗ਼ਦਰੀ ਇਨਕਲਾਬੀਆਂ ਦੇ ਗੌਰਵਮਈ ਇਤਿਹਾਸ ਨੂੰ ਲੋਕ-ਮਨਾਂ 'ਚੋਂ ਭੁਲਾਉਣ, ਹਥਿਆਉਣ ਆਪਣੇ ਰੰਗ ਵਿੱਚ ਰੰਗਣ ਅਤੇ ਆਪਣੇ ਕੁਕਰਮਾਂ ਨੂੰ ਢਕਣ ਲਈ ਓਟ-ਆਸਰਾ ਲੈਣ ਦੇ ਸਾਰੇ ਯਤਨ ਇਸ ਸ਼ਤਾਬਦੀ ਮੌਕੇ ਨਾਕਾਮ ਹੋਏ ਹਨ। ਸਾਮਰਾਜੀਆਂ ਅਤੇ ਉਹਨਾਂ ਦੇ ਸੇਵਦਾਰਾਂ ਦੇ ਸੇਵਾਦਾਰ ਹੁਕਮਰਾਨਾਂ ਵੱਲੋਂ ਯਾਦਗਾਰਾਂ ਬਣਾਉਣ ਦੇ ਐਲਾਨ ਧਰੇ ਧਰਾਏ ਰਹਿ ਗਏ। ਇਨਕਲਾਬੀ ਦੇਸ਼ਭਗਤੀ ਦੇ ਰੰਗਾਂ ਵਿੱਚ ਰੰਗੇ ਪ੍ਰੋਗਰਾਮਾਂ ਅੱਗੇ ਗ਼ਦਰ ਸ਼ਤਾਬਦੀ ਦੀ ਲਹਿਰ ਦੇ ਅੱਗੇ ਹੁਕਮਰਾਨਾਂ ਦੀਆਂ ਖੇਖਣਮਈ ਕੋਸ਼ਿਸ਼ਾਂ ਨਾਕਾਮ ਹੋ ਕੇ ਰਹਿ ਗਈਆਂ। ਸ਼ਾਇਦ ਹੁਣ ਉਹ ਅਗਲੀਆਂ ਚੋਣਾਂ ਰੁੱਤੇ ਅਜਿਹੇ ਨੀਂਹ-ਪੱਥਰਾਂ ਤੋਂ ਗਰਦ ਝਾੜਨ ਦਾ ਕੰਮ ਫਿਰ ਕਰਨਗੇ। 
ਸਿੱਕਿਆਂ, ਟਿਕਟਾਂ, ਯਾਦਗਾਰਾਂ ਬਣਾਉਣ ਦੇ ਐਲਾਨ ਕਰਨ ਜੋਗੀ ਖੇਚਲ ਵੀ ਇਸ ਗ਼ਦਰ ਸ਼ਤਾਬਦੀ ਮੌਕੇ ਕੇਂਦਰੀ ਜਾਂ ਸੂਬਾਈ ਹੁਕਮਰਾਨਾਂ ਵੱਲੋਂ ਸਾਹਮਣੇ ਨਾ ਆਉਣਾ ਇਹ ਦਰਸਾਉਂਦਾ ਹੈ ਕਿ ਹੁਣ ਹਾਕਮਾਂ ਅਤੇ ਲੋਕਾਂ ਦੇ ਆਪੋ ਆਪਣੇ ਏਜੰਡੇ ਹੋਰ ਵੀ ਸਾਫ ਅਤੇ ਸਪੱਸ਼ਟ ਹੋ ਰਹੇ ਹਨ। ਓਹਲੇ ਪਰਦੇ ਦੂਰ ਹੋ ਰਹੇ ਹਨ। 
ਗ਼ਦਰ ਸ਼ਤਾਬਦੀ ਮੌਕੇ ਸਾਮਰਾਜ ਵਿਰੋਧੀ, ਜਾਗੀਰਦਾਰ ਵਿਰੋਧੀ, ਕਾਰਪੋਰੇਟ ਘਰਾਣਿਆਂ ਵਿਰੋਧੀ, ਨਵੀਆਂ ਸਾਮਰਾਜੀ ਨੀਤੀਆਂ ਵਿਰੋਧੀ, ਔਰਤ ਵਰਗ ਵਿਰੋਧੀ ਅਤੇ ਲੋਕ-ਮਾਰੂ ਸਭਿਆਚਾਰਕ ਹੱਲਿਆਂ ਵਿਰੋਧੀ ਆਵਾਮੀ ਲਹਿਰ ਨੇ ਠੁੱਕਦਾਰ ਅੰਦਾਜ਼ ਵਿੱਚ ਆਪਣਾ ਮੋਰਚਾ ਮੱਲਿਆ ਹੈ। 
5 ਰੋਜ਼ਾ ਗ਼ਦਰ ਸ਼ਤਾਬਦੀ ਮੇਲੇ ਵਿੱਚ, ਗਾਇਨ, ਭਾਸ਼ਣ, ਪੇਂਟਿੰਗ, ਕੁਇਜ਼ ਮੁਕਾਬਲੇ, ਕਵੀ-ਦਰਬਾਰ, ਕੋਰੀਓਗਰਾਫੀਆਂ, ਸ਼ਹਿਰ ਅੰਦਰ ਲਾ-ਮਿਸਾਲ ਮਾਰਚ, ਝੰਡਾ  ਲਹਿਰਾਉਣ ਦੀ ਰਸਮ, ਝੰਡੇ ਦਾ ਗੀਤ, ਨਾਟਕ ਅਤੇ ਗੀਤ-ਸੰਗੀਤ ਆਦਿ ਦੇ ਸੁਨੇਹਿਆਂ 'ਚ ਕੇਂਦਰ ਬਿੰਦੂ ਇਹ ਉੱਭਰਿਆ ਹੈ ਕਿ ਗ਼ਦਰੀ ਇਨਕਲਾਬੀਆਂ ਦੇ ਪ੍ਰੋਗਰਾਮ ਵਾਲੀ ਖਰੀ ਆਜ਼ਾਦੀ, ਜਮਹੂਰੀਅਤ, ਸਾਂਝੀਵਾਲਤਾ ਵਾਲਾ ਰਾਜ ਅਤੇ ਸਮਾਜ ਬਣਾਉਣ ਲਈ ਨਵੇਂ ਅੰਦਾਜ਼ ਵਿੱਚ, ਨਵੀਂ ਇਨਕਲਾਬੀ ਜੰਗ ਦੀ ਲੋੜ ਸਨਮੁੱਖ ਹੈ। 
ਇਸ ਮੇਲੇ ਵਿੱਚ ਵਿਸ਼ਵ-ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਅਤੇ ਲੋਕ-ਪੱਖੀ ਪ੍ਰਤੀਬੱਧਤ ਫਿਲਮਸਾਜ ਸੰਜੇ ਕਾਕ ਨੇ ਆਮ ਲੋਕਾਂ ਵਾਂਗ ਸ਼ਾਮਲ ਹੋ ਕੇ ਗ਼ਦਰੀ ਇਨਕਲਾਬੀਆਂ ਨੂੰ ਸ਼ਰਧਾਂਜਲੀਆਂ ਅਰਪਤ ਕੀਤੀਆਂ। ਮੋਮਬੱਤੀਆਂ ਬਾਲ ਕੇ ਮਾਰਚ ਵਿੱਚ ਸ਼ਾਮਲ ਹੋ ਕੇ ਸਿਜਦਾ ਕੀਤਾ। 
ਪੰਜ ਦਿਨ-ਰਾਤ ਦੇ ਮੇਲੇ ਲਈ ਆਰਥਿਕ ਮੱਦਦ, ਪ੍ਰਬੰਧਕੀ ਜੁੰਮੇਵਾਰੀ ਅਤੇ ਵਾਲੰਟੀਅਰਾਂ ਤੋਂ ਲੈ ਕੇ ਲੋੜੀਂਦੀਆਂ ਲੋਕਾਂ ਲਈ ਸੇਵਾਵਾਂ, ਲੋਕਾਂ ਨੇ ਖੁਦ ਹੀ ਨਿਭਾਈਆਂ। ਜ਼ਿਕਰਯੋਗ ਹੈ ਕਿ ਪੰਜ ਰੋਜ਼ਾ ਇਸ ਵਿਸ਼ਾਲ ਮੇਲੇ ਵਿੱਚ ਕਿਸੇ ਚਾਬੀ ਵਾਲੇ ਛੱਲੇ ਦੇ ਗੁੰਮ ਹੋਣ ਦੀ ਵੀ ਸੂਚਨਾ ਹਾਸਲ ਨਹੀਂ ਹੋਈ। ਦਿਨ-ਰਾਤ ਜਾਬਤਾਬੱਧ ਅੰਦਾਜ਼ ਵਿੱਚ ਭਰ ਜੁਆਨ ਲੜਕੇ ਅਤੇ ਲੜਕੀਆਂ ਦਾ ਇਸ ਇਨਕਲਾਬੀ ਸਭਿਆਚਾਰਕ ਮੇਲੇ ਵਿੱਚ ਸ਼ਾਮਲ ਹੋਣਾ ਹਾਕਮ ਜਮਾਤੀ ਇਸ ਪ੍ਰਚਾਰ ਦੇ ਮੁੰਹ  'ਤੇ ਚਪੇੜ ਮਾਰਦਾ ਜਿਹੜਾ ਇਹ ਦਰਸਾਉਂਦਾ ਰਹਿੰਦਾ ਹੈ ਕਿ ਕੁਰਾਹੇ ਪੈਣ ਦੀ ਜੁੰਮੇਵਾਰ ਖੁਦ ਨੌਜਵਾਨ ਪੀੜ੍ਹੀ ਹੀ ਹੈ। ਇਸ ਮੇਲੇ ਵਿੱਚ ਨੌਜਵਾਨ ਪੀੜ੍ਹੀ ਦਾ ਹੀ ਵੱਡਾ ਹਿੱਸਾ ਅਜਿਹਾ ਸੀ ਜਿਹੜਾ ਪ੍ਰਬੰਧਕੀ ਜੁੰਮੇਵਾਰੀਆਂ ਓਟ ਰਿਹਾ ਸੀ। 
ਇਹ ਵੀ ਜ਼ਿਕਰਯੋਗ ਹੈ ਕਿ ਵਿਦੇਸ਼ੀ ਪੰਜਾਬੀ ਪਰਿਵਾਰਾਂ ਦੇ ਪਰਿਵਾਰ ਇਸ ਮੇਲੇ ਵਿੱਚ ਉਤਸ਼ਾਹ ਅਤੇ ਜੋਸ਼ ਖਰੋਸ਼ ਨਾਲ ਸ਼ਾਮਲ ਹੋਏ। ਆਰਥਿਕ ਸਹਾਇਤਾ ਕੀਤੀ। ਭਾਵੇਂ ਕਈ ਵਾਰ ਉਹ ਆਪਣੇ ਪਰਿਵਾਰਕ ਖੁਸ਼ੀਆਂ ਅਤੇ ਦੁੱਖਾਂ ਦੇ ਵੇਲਿਆਂ ਵਿੱਚ ਭਲੇ ਹੀ ਸ਼ਰੀਕ ਨਾ ਹੋ ਸਕੇ ਹੋਣ। ਮੇਲੇ ਵਿੱਚ ਆਪਣੇ ਤੌਰ 'ਤੇ ਹੀ, ਉੱਤਰਾਖੰਡ, ਅਹਿਮਦਾਬਾਦ ਤੇ ਮਹਾਂਰਾਸ਼ਟਰ, ਦਿੱਲੀ ਅਤੇ ਜੰਮੂ ਪ੍ਰਾਂਤਾਂ ਤੋਂ ਰੰਗਕਰਮੀਆਂ ਨੇ ਸ਼ਿਰਕਤ ਕੀਤੀ ਅਤੇ ਮੇਲੇ ਵਿੱਚ ਇਨਕਲਾਬੀ ਰੰਗ ਭਰਿਆ। 
ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਅਗਲੇ ਵਰ੍ਹਿਆਂ ਵਿੱਚ ਆ ਰਹੀਆਂ ਸ਼ਤਾਬਦੀਆਂ ਦਾ ਮੁੱਢ ਬੰਨ੍ਹਣ ਵਿੱਚ ਸਫਲ ਹੋ ਨਿੱਬੜੀ ਹੈ। ਇੱਕ ਗ਼ਦਰ ਸ਼ਤਾਬਦੀ ਦਾ ਸਿਖਰ ਅਗਲੀਆਂ ਸ਼ਤਾਬਦੀਆਂ ਦੀ ਸ਼ੁਰੂਆਤ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਕਾਮਾਗਾਟਾ ਮਾਰੂ ਜਹਾਜ਼ ਅਤੇ ਬੱਜਬੱਜ ਘਾਟ ਸਾਕਾ ਸ਼ਤਾਬਦੀ (1914-2014), ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ ਸ਼ਹਾਦਤ ਸ਼ਤਾਬਦੀ (1915-2015), ਬਰਮ੍ਹਾਂ ਸਾਜਿਸ਼ ਕੇਸ ਸ਼ਤਾਬਦੀ (1916-2016) ਅਤੇ ਰੂਸੀ ਕਰਾਂਤੀ ਸ਼ਤਾਬਦੀ 1917-2017) ਨੂੰ ਹੁਣ ਤੋਂ ਹੀ ਸੰਬੋਧਤ ਹੋਣ ਲਈ ਨਗਾਰੇ ਚੋਟ ਲਗਾਈ ਗਈ ਹੈ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ। 
੦-੦

No comments:

Post a Comment