Friday, November 15, 2013

ਗੁਰਸ਼ਰਨ ਸਿੰਘ ਅਤੇ ਗ਼ਦਰ ਸ਼ਤਾਬਦੀ ਨੂੰ ਸਮਰਪਿਤ ਸੂਬਾਈ ਸਮਾਗਮ


ਗੁਰਸ਼ਰਨ ਸਿੰਘ ਅਤੇ ਗ਼ਦਰ ਸ਼ਤਾਬਦੀ ਨੂੰ ਸਮਰਪਿਤ ਸੂਬਾਈ ਸਮਾਗਮ
* ਰੰਗ ਮੰਚ ਅਤੇ ਲੋਕ ਮੰਚ ਦਾ ਰਿਸ਼ਤਾ ਗੂੜ੍ਹਾ ਕਰਨ ਦਾ ਲਿਆ ਅਹਿਦ
ਅਵਾਮੀ ਰੰਗ ਮੰਚ ਦੇ ਬਾਬਾ ਬੋਹੜ ਗੁਰਸ਼ਰਨ ਸਿੰਘ ਅਤੇ ਗ਼ਦਰ ਸ਼ਤਾਬਦੀ ਨੂੰ ਸਮਰਪਤ 'ਇਨਕਲਾਬੀ ਰੰਗ ਮੰਚ ਦਿਹਾੜੇ ਮੌਕੇ, ਪੰਜਾਬ ਦੇ ਨਾਮਵਰ ਰੰਗ ਕਰਮੀਆਂ, ਜਮਹੂਰੀ ਅਤੇ ਤਰਕਸ਼ੀਲ ਖੇਤਰ ਦੇ ਕਾਮਿਆਂ, ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਵੱਡੀ ਗਿਣਤੀ 'ਚ ਜੁੜੀਆਂ ਔਰਤਾਂ ਨੇ ਬਰਨਾਲਾ ਦੀ ਦਾਣਾ ਮੰਡੀ ਵਿਖੇ 27 ਸਤੰਬਰ ਨੂੰ ਮਨਾਈ ਨਾਟਕਾਂ ਅਤੇ ਗੀਤਾਂ ਭਰੀ ਰਾਤ ਅੰਦਰ ਖੜ੍ਹੇ ਹੋ ਕੇ, ਹੱਥਾਂ 'ਚ ਮੋਮਬੱਤੀਆਂ ਲੈ ਕੇ ਅਹਿਦ ਕੀਤਾ ਕਿ, ''ਗੁਰਸ਼ਰਨ ਸਿੰਘ ਅਤੇ ਗ਼ਦਰੀ ਦੇਸ਼-ਭਗ਼ਤਾਂ ਦੇ ਸੁਪਨੇ ਸਾਕਾਰ ਕਰਨ ਲਈ, ਜਦੋਂ ਤੱਕ ਕਾਲੀ ਬੋਲੀ ਰਾਤ ਦਾ ਹਨ੍ਹੇਰਾ ਦੁਰ ਨਹੀਂ ਹੋ ਜਾਂਦਾ, ਚੇਤਨਾ ਅਤੇ ਲੋਕ-ਸੰਗਰਾਮ ਦੀ ਰੌਸ਼ਨੀ ਦਾ ਸਫ਼ਰ ਜਾਰੀ ਰੱਖਿਆ ਜਾਵੇਗਾ।''
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਇਹ ਅਹਿਦ ਅੱਗੇ-ਅੱਗੇ ਪੜ੍ਹਿਆ ਅਤੇ ਪਿੱਛੇ-ਪਿੱਛੇ ਹਜ਼ਾਰਾਂ ਦਰਸ਼ਕਾਂ ਨੇ ਖੜ੍ਹੇ ਹੋ ਕਿ ਦੁਹਰਾਇਆ।
ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਗੁਰਸ਼ਰਨ ਸਿੰਘ ਦੇ 27 ਸਤੰਬਰ 2011 ਨੂੰ ਹੋਏ ਵਿਛੋੜੇ ਮੌਕੇ ਹਰ ਸਾਲ ਪੰਜਾਬ ਭਰ ਦਾ ਇਨਕਲਾਬੀ ਰੰਗ ਮੰਚ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਇਸਦੀ ਹੀ ਲੜੀ ਵਜੋਂ ਭਾਅ ਜੀ ਦੀ ਦੂਜੀ ਬਰਸੀ ਮੌਕੇ ਨਾਟ, ਗੀਤ-ਸੰਗੀਤ ਸੰਸਾਰ ਨਾਲ ਜੁੜੇ ਵਿਦਵਾਨਾਂ, ਰੰਗ ਟੋਲੀਆਂ ਅਤੇ ਮਿਹਨਤਕਸ਼ ਤਬਕਿਆਂ ਦੀਆਂ ਜੱਥੇਬੰਦੀਆਂ ਦੇ ਬੁਲਾਵੇ ਤੇ ਦਾਣਾ ਮੰਡੀ 'ਚ ਅਜਿਹਾ ਜਨਤਕ ਸ਼ੈਲਾਬ ਜੁੜਿਆ ਜਿਹੜਾ ਭਵਿੱਖ ਅੰਦਰ ਰੰਗ ਮੰਚ ਅਤੇ ਲੋਕ ਮੰਚ ਦੀ ਗੂੜ੍ਹੀ ਗਲਵਕੜੀ ਪੈ ਕੇ ਅੱਗੇ ਵਧਣ ਲਈ ਨਗਾਰੇ ਚੋਟ ਲਾਉਣ 'ਚ ਸਫ਼ਲ ਰਿਹਾ।
ਗੁਰਸ਼ਰਨ ਭਾਅ ਜੀ ਅਤੇ ਗ਼ਦਰੀ ਸੰਗਰਾਮੀਆਂ ਨੂੰ ਸ਼ਰਧਾ ਦੇ ਫੁੱਲ ਸਮਰਪਤ ਕਰਨ ਉਪਰੰਤ, ਗੁਰਸ਼ਰਨ ਸਿੰਘ ਦੀ ਧੀ ਅਤੇ ਪਲਸ ਮੰਚ ਦੀ ਸੀਨੀਅਰ ਮੀਤ ਪ੍ਰਧਾਨ ਡਾ. ਅਰੀਤ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ, ''ਸਾਡੇ ਪਾਪਾ ਦੇ ਦਰਦਨਾਕ ਵਿਛੋੜੇ ਮੌਕੇ ਉਨ੍ਹਾਂ ਬਾਝੋਂ ਸੱਖਣੇਪਣ ਦੀ ਸਾਨੂੰ ਡਾਢੀ ਚਿੰਤਾ ਉੱਠੀ ਸੀ ਪਰ ਉਸ ਮਗਰੋਂ ਜਿਵੇਂ ਰੰਗ ਕਰਮੀਆਂ ਅਤੇ ਲੋਕਾਂ ਨੇ ਆਪਣੇ ਮਹਿਬੂਬ ਨਾਇਕ ਦਾ ਝੰਡਾ ਹੋਰ ਬੁਲੰਦ ਕੀਤਾ ਹੈ ਇਸਤੋਂ ਪੂਰਨ ਵਿਸ਼ਵਾਸ ਬੱਝਦਾ ਹੈ ਕਿ ਉਨ੍ਹਾਂ ਦਾ ਰੰਗ ਮੰਚ ਸਮੇਂ ਦਾ ਹਾਣੀ ਬਣਕੇ ਭਵਿੱਖ਼ ਅੰਦਰ ਹੋਰ ਵੀ ਕੱਦਾਵਰ ਅਤੇ ਇਨਕਲਾਬੀ ਸਭਿਆਚਾਰਕ ਲਹਿਰ ਦਾ ਰੂਪ ਧਾਰਨ ਕਰੇਗਾ।
''ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਖਚਾ ਖਚ ਭਰੇ ਪੰਡਾਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ, ''ਗੁਰਸ਼ਰਨ ਸਿੰਘ ਵਰਗੀ ਪ੍ਰਤੀਬੱਧਤਾ, ਨਿਹਚਾ, ਲਗਨ, ਘਾਲਣਾ ਅਤੇ ਲੋਕ-ਪੱਖੀ ਨਾਟਕ-ਪਰੰਪਰਾ ਨੂੰ ਬੁਲੰਦ ਕਰਦਿਆਂ, ਰੰਗ ਮੰਚ ਅਤੇ ਲੋਕਾਂ ਦੀ ਸੁਰਤਾਲ ਮਿਲਾਕੇ ਸਦਾ ਸਫ਼ਰ ਤੇ ਰਹਿਣ ਵਾਲੀ ਮਚਲਦੀ ਭਾਵਨਾ ਦੀ ਲੋੜ ਹੈ ਫੇਰ ਹੀ ਪੰਜਾਬੀ ਰੰਗ ਮੰਚ, ਵਕਤ ਦੀਆਂ ਤਿੱਖੀਆਂ ਵੰਗਾਰਾਂ ਦਾ ਸਾਰਥਿਕ ਜਵਾਬ ਬਣ ਸਕਦਾ ਹੈ।''
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਰਨਲ ਸਕੱਤਰ ਡਾ. ਰਘਬੀਰ ਕੌਰ ਨੇ ਕਿਹਾ ਕਿ ਬਰਨਾਲਾ ਦੀ ਧਰਤੀ 'ਤੇ ਲੱਗਿਆ ਇਤਿਹਾਸਕ ਜੋੜ ਮੇਲਾ ਵਿਸ਼ਵਾਸ ਬੰਨ੍ਹਾਉਂਦਾ ਹੈ ਕਿ ਭਵਿੱਖ ਗ਼ਦਰੀਆਂ ਤੇ ਗੁਰਸ਼ਰਨ ਸਿੰਘ ਦੇ ਵਾਰਸਾਂ ਦਾ ਹੈ।
ਗੁਰਸ਼ਰਨ ਸਿੰਘ ਦੀ ਜੀਵਨ ਸਾਥਣ ਕੈਲਾਸ਼ ਕੌਰ, ਧੀਆਂ ਡਾ. ਅਰੀਤ, ਡਾ. ਨਵਸ਼ਰਨ, ਪੁੱਤਰ ਡਾ. ਅਤੁਲ, ਪਲਸ ਮੰਚ ਦੀ ਸੂਬਾ ਕਮੇਟੀ, ਪਲਸ ਮੰਚ ਦੇ ਸੰਗੀ-ਸਾਥੀ, ਮਜ਼ਦੂਰ ਕਿਸਾਨ, ਮੁਲਾਜ਼ਮ, ਨੌਜਵਾਨ, ਵਿਦਿਆਰਥੀ, ਔਰਤ, ਤਰਕਸ਼ੀਲ, ਜਮਹੂਰੀ, ਸਾਹਿਤਕ, ਪੱਤਰਕਾਰ ਜੱਥੇਬੰਦੀਆਂ ਦੇ ਨੁੰਮਾਇਦਿਆਂ ਨੇ ਖੜ੍ਹੇ ਹੋ ਕੇ ਗੁਰਸ਼ਰਨ ਸਿੰਘ, ਗ਼ਦਰੀ ਬਾਬਿਆਂ ਦਾ ਪੈਗ਼ਾਮ ਅਤੇ ਸੰਗਰਾਮ ਅੱਗੇ ਤੋਰਨ ਦਾ ਹਲਫ਼ ਲਿਆ ਗਿਆ। ਗੁਰਸ਼ਰਨ ਸਿੰਘ ਅਤੇ ਗ਼ਦਰੀ ਦੇਸ਼ ਭਗਤਾਂ ਨੂੰ ਫੁੱਲਾਂ ਦੀ ਵਰਖਾ ਕੀਤੀ ਅਤੇ ਮੋਮਬੱਤੀਆਂ ਬਾਲਕੇ ਸ਼ਰਧਾਂਜਲੀ ਦਿੱਤੀ।
ਚੇਤਨਾ ਕਲਾ ਕੇਂਦਰ ਬਰਨਾਲਾ ਦੀ ਟੀਮ ਨੇ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ 'ਚ ਕਲਾ ਦੇ ਸੂਰਜ ਗੁਰਸ਼ਰਨ ਸਿੰਘ ਅਤੇ ਕਿਸਾਨ ਆਗੂ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਦੀ ਘਾਲਣਾ ਅਤੇ ਲਹੂ ਨਾਲ ਰਚੇ ਇਤਿਹਾਸ ਦੀ ਕਹਾਣੀ ਅਮੋਲਕ ਸਿੰਘ ਵੱਲੋਂ ਲਿਖੀ 'ਸ਼ਰਧਾਂਜਲੀ' ਅਤੇ ਅੰਨਦਾਤਾ ਕੋਰਿਓਗ੍ਰਾਫ਼ੀਆਂ ਪੇਸ਼ ਕੀਤੀਆਂ। 
ਪ੍ਰੋ. ਅਜਮੇਰ ਸਿੰਘ ਔਲਖ ਦੀ ਰਚਨਾ ਉਨ੍ਹਾਂ ਦੀ ਹੀ ਨਿਰਦੇਸ਼ਨਾ 'ਚ ''ਤੂੰ ਚਰਖ਼ਾ ਘੁਕਦਾ ਰੱਖ ਜਿੰਦੇ'' ਲੋਕ ਕਲਾ ਮੰਚ ਮਾਨਸਾ ਵੱਲੋਂ ਪੇਸ਼ ਕੀਤੀ ਗਈ। ਗ਼ਦਰ ਲਹਿਰ ਦੀ ਮਹਾ-ਨਾਇਕਾ ਗ਼ੁਲਾਬ ਕੌਰ ਦੀ ਲਾ-ਮਿਸਾਲ ਕੁਰਬਾਨੀ ਦੀ ਕਹਾਣੀ ਪੇਸ਼ ਕਰਦਾ ਇਹ ਨਾਟਕ ਇਨਕਲਾਬੀ ਲਹਿਰਾਂ ਅੰਦਰ ਔਰਤਾਂ ਦੀ ਇਤਿਹਾਸਕ ਭੂਮਿਕਾ ਦੀ ਮੋਹਰ ਛਾਪ ਛੱਡ ਗਿਆ।
ਸੰਗੀਤਾ ਗੁਪਤਾ ਚੰਡੀਗੜ੍ਹ ਦੀ ਨਿਰਦੇਸ਼ਨਾ 'ਚ ਰੂਪਕ ਕਲਾ ਐਂਡ ਵੈਲਫੇਅਰ ਸੁਸਾਇਟੀ ਮੁਹਾਲੀ ਵੱਲੋਂ ਖੇਡੇ ਨਾਟਕ 'ਮਾਂ' ਨੇ ਗੋਰਕੀ ਦੇ ਵਿਸ਼ਵ ਪ੍ਰਸਿੱਧ ਨਾਵਲ ਮਾਂ ਦਾ ਨਾਟਕੀ ਰੂਪ ਪੇਸ਼ ਕਰਦਿਆਂ ਕਿਰਤੀ ਵਰਗ ਦੀ ਇਨਕਲਾਬੀ ਸਮਾਜਿਕ ਤਬਦੀਲੀ ਵਿੱਚ ਮੋਹਰੀ ਭੂਮਿਕਾ ਅਤੇ ਮਾਂਵਾਂ ਪੁੱਤਰਾਂ ਦੀ ਜਨਤਕ ਲਹਿਰਾਂ ਅੰਦਰ ਅਮੁੱਲੀ ਦੇਣ ਦੀ ਖੂਬਸੂਰਤ ਤਸਵੀਰ ਪੇਸ਼ ਕੀਤੀ।
ਸੈਮੂਅਲ ਜੌਨ (ਪੀਪਲਜ਼ ਥੀਏਟਰ ਲਹਿਰਾਗਾਗਾ) ਵੱਲੋਂ ਪੇਸ਼ ਨਾਟਕ 'ਕਿਰਤੀ' ਆਪਣੇ ਆਪ ਹੀ ਗੁਰਸ਼ਰਨ ਭਾਅ ਜੀ ਨੂੰ ਵਿਲੱਖਣ ਸ਼ਰਧਾਂਜਲੀ ਸੀ ਜੋ ਕਿ ਘੱਟ ਪਾਤਰਾਂ ਨਾਲ ਹੀ ਦਰਸ਼ਕਾਂ ਤੱਕ ਕਿਰਤੀ ਕਿਸਾਨ ਦੀ ਸਾਂਝ ਦਾ ਸੁਨੇਹਾ ਦੇਣ 'ਚ ਸਫ਼ਲ ਰਿਹਾ।
ਕੇਵਲ ਧਾਲੀਵਾਲ ਦੀ ਰੰਗ ਟੋਲੀ, ਮੰਚ ਰੰਗ ਮੰਚ ਅੰਮ੍ਰਿਤਸਰ ਨੇ ਗੁਰਸ਼ਰਨ ਭਾਅ ਜੀ ਦੇ ਦਰਜਣ ਦੇ ਕਰੀਬ ਨਾਟਕਾਂ ਦਾ ਕੋਲਾਜ਼ 'ਦਾਸਤਾਨ-ਏ-ਗੁਰਸ਼ਰਨ ਸਿੰਘ' ਖੇਡਕੇ ਭਾਅ ਜੀ ਦੇ ਅਨੇਕਾਂ ਮੋੜਾਂ-ਘੋੜਾਂ ਅਤੇ ਇਮਤਿਹਾਨੀ ਸਮਿਆਂ ਅੰਦਰ ਰਚੇ ਨਾਟ-ਸੰਸਾਰ ਦਾ ਸਫ਼ਰ, ਕਮਾਲ ਦੇ ਅੰਦਾਜ਼ 'ਚ ਪੇਸ਼ ਕੀਤਾ। 
ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ 'ਚ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਖੇਡੇ ਨਾਟਕ 'ਖੇਤਾਂ ਦਾ ਪੁੱਤ' ਨੇ ਕਿਸਾਨ ਲਹਿਰ ਦੇ ਆਗੂ ਸਾਧੂ ਸਿੰਘ ਤਖ਼ਤੂਪੁਰਾ ਦੇ ਸੰਗਰਾਮੀ ਜੀਵਨ ਦੀ ਗਾਥਾ ਪੇਸ਼ ਕਰਦਿਆਂ ਦਰਸ਼ਕਾਂ ਨੂੰ ਉਸਦੇ ਰੌਸ਼ਨ ਮਾਰਗ 'ਤੇ ਤੁਰਨ ਲਈ ਪ੍ਰੇਰਿਆ।
ਸਾਰੀ ਰਾਤ ਚੱਲੇ ਇਸ ਸਮਾਗਮ 'ਚ ਪੇਸ਼ ਗੀਤ-ਸੰਗੀਤ ਨੇ ਸਰੋਤਿਆਂ ਨੂੰ ਸੋਚਣ ਲਗਾਇਆ ਅਤੇ ਇਹ ਦਰਸਾਇਆ ਕਿ ਬਦਲਵੇਂ ਸੰਗੀਤ ਅੱਗੇ ਬਿਮਾਰ, ਅਸ਼ਲੀਲ ਅਤੇ ਲੋਕ-ਵਿਰੋਧੀ ਸਭਿਆਚਾਰ ਟਿਕ ਨਹੀਂ ਸਕਦਾ।
ਕੰਵਰ ਬਹਾਰ ਜਲੰਧਰ ਦੀ ਗਾਇਕੀ ਅਤੇ ਗੀਤਾਂ ਦੀ ਚੋਣ ਨੇ ਸਰੋਤਿਆਂ ਉਪਰ ਅਜਿਹਾ ਜਾਦੂ ਕੀਤਾ ਕਿ ਉਹ ਅਸ਼ ਅਸ਼ ਕਰਦੇ ਕਹਿ ਰਹੇ ਸਨ। ਭਰੇ ਪੰਡਾਲ ਦੀਆਂ ਤਾੜੀਆਂ ਦੀ ਗੂੰਜ ਕੰਵਰ ਦੀ ਕਲਾ ਦੀ ਦਾਦ ਦਿੰਦੀ ਰਹੀ।
ਜਵਾਹਰ ਲਾਲ ਨਹਿਰੂ ਯੂਨੀਵਰਸਟੀ ਨਵੀਂ ਦਿੱਲੀ ਤੋਂ ਆਈਆਂ ਦੋ ਸੰਗੀਤ ਮੰਡਲੀਆਂ ਨੇ ਹਿੰਦੀ, ਮਰਾਠੀ ਅਤੇ ਪੰਜਾਬੀ ਵਿੱਚ ਇਨਕਲਾਬੀ ਗੀਤਾਂ ਦੀ ਛਹਿਬਰ ਲਾਈ।
ਮਾਸਟਰ ਰਾਮ ਕੁਮਾਰ ਲੋਕ ਸੰਗੀਤ ਮੰਡਲੀ ਭਦੌੜ ਅਮਰਜੀਤ ਸਵਰਨ ਰਸੂਲਪੁਰ ਦੇ ਇਨਕਲਾਬੀ ਕਵੀਸ਼ਰੀ ਜੱਥਾ, ਲੋਕ ਸੰਗੀਤ ਮੰਡਲੀ ਬਠਿੰਡਾ (ਲੋਕ ਬੰਧੂ), ਨਵਦੀਪ ਧੌਲਾ ਅਤੇ ਅੰਮ੍ਰਿਤਪਾਲ ਬਠਿੰਡਾ ਦੇ ਗੀਤ ਸੰਗੀਤ ਨੇ ਵੱਖ-ਵੱਖ ਲੋਕ-ਵਿਸ਼ਿਆਂ ਨੂੰ ਸੰਗੀਤਕ ਧੁਨਾਂ 'ਚ ਬੰਨ੍ਹਕੇ ਇਉਂ ਪੇਸ਼ ਕੀਤਾ ਕਿ ਸਰੋਤੇ ਨਾਲ ਹੁੰਗਾਰਾ ਭਰਦੇ ਰਹੇ।
ਬਰਨਾਲੇ ਦੇ ਇਤਿਹਾਸ 'ਚ ਨਾਟਕਾਂ ਅਤੇ ਗੀਤਾਂ ਭਰੀ ਰਾਤ ਨੇ ਸਭਿਆਚਾਰਕ ਸਮਾਗਮ ਦਾ ਨਵਾਂ ਸਫ਼ਾ ਜੋੜਿਆ ਹੈ।
ਇਸ ਮੌਕੇ ਪੇਸ਼ ਮਤਿਆਂ 'ਚ ਕੋਟ ਧਰਮੂ (ਮਾਨਸਾ) ਦੇ ਕਿਸਾਨ ਦੀ ਨਾਭਾ ਜੇਲ੍ਹ ਵਿੱਚ ਹੋਈ ਮੌਤ ਦੀ ਸਖ਼ਤ ਨਿੰਦਾ ਕਰਦਿਆਂ। ਕਿਸਾਨ ਮੰਗਾਂ ਦੀ ਡਟਕੇ ਹਮਾਇਤ ਕੀਤੀ।
ਅਸ਼ਲੀਲ ਗਾਇਕੀ ਨੂੰ ਨੱਥ ਪਾਉਣ ਦੀ ਮੰਗ ਕੀਤੀ ਗਈ। ਪੰਜਾਬ ਦੇ ਫੀਸਾਂ ਦੇ ਨਜ਼ਾਇਜ਼ ਵਾਧੇ ਦਾ ਵਿਰੋਧ ਕਰਦੇ ਵਿਦਿਆਰਥੀ ਘੋਲ ਦੀ ਹਮਾਇਤ ਕੀਤੀ।
ਵਿਦਿਆਰਥੀ ਆਗੂ ਗੁਰਪ੍ਰੀਤ 'ਤੇ ਹਮਲੇ ਦੀ ਨਿੰਦਾ ਕੀਤੀ ਗਈ। ਡਾ. ਦਬੋਹਲਕਰ ਦੇ ਕਤਲ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਗਈ। ਔਰਤਾਂ ਤੇ ਹੱਲਿਆਂ ਦਾ ਵਿਰੋਧ ਕੀਤਾ ਗਿਆ। ਮਾਂ ਬੋਲੀ ਨਾਲ ਵਿਤਕਰਾ ਕਰਨਾ ਬੰਦ ਕਰਨ ਦੀ ਮੰਗ ਕੀਤੀ। ਸੀਰੀਆ ਤੇ ਹਮਲਿਆਂ ਦੀਆਂ ਤਿਆਰੀਆਂ ਦਾ ਵਿਰੋਧ ਕੀਤਾ।
ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਕੰਵਲਜੀਤ ਨੇ ਗ਼ਦਰ ਸ਼ਤਾਬਦੀ ਅਤੇ ਗੁਰਸ਼ਰਨ ਭਾਅ ਜੀ ਦੀ ਸਾਂਝੀ ਤੰਦ ਨੂੰ ਜੋੜਕੇ ਰੱਖਿਆ।
ਪਲਸ ਮੰਚ ਦੀ ਸੂਬਾ ਕਮੇਟੀ ਮੈਂਬਰ ਉਘੇ ਕਹਾਣੀਕਾਰ ਅਤਰਜੀਤ ਨੇ ਧੰਨਵਾਦ ਦੇ ਸ਼ਬਦ ਕਹੇ।
੦-੦

No comments:

Post a Comment