Friday, November 15, 2013

ਸੱਚੀ ਆਜ਼ਾਦੀ ਅਤੇ ਖਰੀ ਜਮਹੂਰੀਅਤ ਉਸਾਰਨ ਲਈ ਸੰਗਰਾਮ ਤੇਜ਼ ਕਰੋ

ਗ਼ਦਰ ਲਹਿਰ ਸ਼ਤਾਬਦੀ ਸਰਗਰਮੀ:
ਸੱਚੀ ਆਜ਼ਾਦੀ ਅਤੇ ਖਰੀ ਜਮਹੂਰੀਅਤ ਉਸਾਰਨ ਲਈ ਸੰਗਰਾਮ ਤੇਜ਼ ਕਰੋ
-ਜਗਮੇਲ ਸਿੰਘ
ਗ਼ਦਰ ਲਹਿਰ ਦੀ ਵਿਰਾਸਤ ਨੂੰ ਬੁਲੰਦ ਕਰਨ, ਅਜੋਕੀਆਂ ਹਾਲਤਾਂ ਅੰਦਰ ਇਸਦੀ ਪ੍ਰਸੰਗਕਿਤਾ ਅਤੇ ਸਾਰਥਿਕਤਾ ਨੂੰ ਉਭਾਰਨ, ਗ਼ਦਰ ਲਹਿਰ ਦੇ ਬਣ ਬਣ ਬਹਿੰਦੇ ਨਕਲੀ ਵਾਰਸਾਂ ਦਾ ਹੀਜ-ਪਿਆਜ ਬੇਪਰਦ ਕਰਨ, ਮੁਲਕ ਅੰਦਰ ਚੱਲ ਰਹੇ ਸਾਮਰਾਜੀ-ਜਾਗੀਰੂ ਨਿਜ਼ਾਮ ਨੂੰ ਮੁੱਢੋਂ-ਸੁੱਢੋਂ ਤਬਦੀਲ ਕਰਕੇ ਗ਼ਦਰ ਲਹਿਰ ਦੇ ਆਦਰਸ਼ਾਂ ਵਾਲਾ ਖਰਾ ਜਮਹੂਰੀ ਆਜ਼ਾਦ ਰਾਜ ਉਸਾਰਨ ਅਤੇ ਗ਼ਦਰ ਲਹਿਰ ਦੀ ਸੌਵੀਂ ਵਰ੍ਹੇਗੰਢ ਦੇ ਸਮਾਗਮਾਂ ਦਾ ਆਯੋਜਨ ਕਰ ਰਹੀ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸੱਦੇ ਨੂੰ ਹੁੰਗਾਰਾ ਭਰਨ ਹਿਤ ਲੋਕ ਮੋਰਚਾ ਪੰਜਾਬ ਵੱਲੋਂ ਸੂਬੇ ਅੰਦਰ ਮੁਹਿੰਮ ਹੱਥ ਲੈ ਕੇ ਜਿੱਥੇ ਇੱਕ ਪੈਂਫਲਿਟ ਛਪਵਾ ਕੇ ਵੰਡਿਆ ਉੱਥੇ ਵੱਖ ਵੱਖ ਥਾਵਾਂ ਉੱਤੇ ਵੱਖ ਵੱਖ ਵਰਗਾਂ ਦੀਆਂ ਵਧਵੀਆਂ ਮੀਟਿੰਗਾਂ ਕੀਤੀਆਂ ਗਈਆਂ। 
ਸ਼ੁਰੂ ਵਿੱਚ ਸੂਬਾ ਪੱਧਰੀ ਮੀਟਿੰਗ ਕੀਤੀ ਗਈ। ਜਿਸ ਵਿੱਚ ਸਭਨਾਂ ਇਕਾਈਆਂ ਵਿੱਚੋਂ ਆਗੂਆਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਸਿੱਖਿਆ-ਮੀਟਿੰਗ ਵਿੱਚ ਸੂਬਾ ਕਮੇਟੀ ਵੱਲੋਂ ਗ਼ਦਰ ਲਹਿਰ ਸੰਬੰਧੀ ਰੱਖੇ ਏਜੰਡੇ ਨੂੰ ਵੱਖ ਵੱਖ ਭਾਗਾਂ ਵਿੱਚ ਵੰਡ ਕੇ ਵਿਚਾਰ ਰੱਖੇ ਗਏ। ਗ਼ਦਰ ਲਹਿਰ ਦੀ ਹੈ? ਇਸਦਾ ਪਿਛੋਕੜ ਕੀ ਹੈ? ਭਾਰਤ ਤੇ ਪੰਜਾਬ ਦੀ ਹਾਲਤ ਕਿਹੋ ਜਿਹੀ ਸੀ? ਕਿਸਾਨ ਤੇ ਨੌਜੁਆਨ ਵਿਦੇਸੀਂ ਕਿਉਂ ਗਏ? ਉੱਥੇ ਉਹਨਾਂ ਨੂੰ ਕੰਮ ਕੀ ਮਿਲਿਆ? ਤੇ ਉਹਨਾਂ ਨਾਲ ਵਿਹਾਰ ਕੀ ਹੋਇਆ? ਬਰਤਨਾਵੀ ਬਸਤੀਵਾਦੀਆਂ ਖਿਲਾਫ ਉੱਠੇ ਸੰਘਰਸ਼ਾਂ ਤੋਂ ਸਬਕ ਸਿੱਖਦਿਆਂ ਗ਼ਦਰੀ ਸੂਰਬੀਰਾਂ ਨੇ ਕੀ ਕਮੇਟੀ ਬਣੀ? ਕੀ ਆਦਰਸ਼ ਮਿਥੇ? ਕਿਹੜਾ ਰਾਹ ਚੁਣਿਆ? ਬਰਤਾਨਵੀ ਸਾਮਰਾਜ ਨੇ ਇਸ ਲਹਿਰ ਨੂੰ ਅਸਫਲ ਕਰਨ ਲਈ ਕੀ ਕੀ ਹੱਥਕੰਡੇ ਵਰਤੇ? ਰੂਸ ਅੰਦਰ 1917 ਵਿੱਚ ਹੋਏ ਇਨਕਲਾਬ ਨੇ ਕੁੱਲ ਦੁਨੀਆਂ ਦੇ ਲੋਕ-ਘੁਲਾਟੀਆਂ ਸਾਹਮਣੇ ਪੇਸ਼ ਕੀਤੇ ਨਵੇਂ ਵਿਚਾਰ ਅਤੇ ਅਭਿਆਸ ਨੇ ਗ਼ਦਰੀ ਯੋਧਿਆਂ 'ਤੇ ਕੀ ਅਸਰ ਪਾਇਆ? ਉਹਨਾਂ ਨੇ ਇਸ ਨੂੰ ਕਿਸ ਰੂਪ ਵਿੱਚ ਜਾਰੀ ਰੱਖਿਆ? 1917 ਤੋਂ 1947 ਤੱਕ ਗ਼ਦਰ ਲਹਿਰ ਦੀ ਵਿਰਾਸਤ ਨੂੰ ਜਾਰੀ ਰੱਖ ਰਹੇ ਵੱਖ ਵੱਖ ਘੋਲ ਤੇ ਲਹਿਰਾਂ ਬਾਰੇ ਵਿਸਥਾਰ ਵਿੱਚ ਉਭਾਰਿਆ ਗਿਆ। ਅੱਜ ਦੀਆਂ ਹਾਲਤਾਂ ਵਿੱਚ ਇਸ ਲਹਿਰ ਬਾਰੇ ਵਿਸਥਾਰ ਵਿੱਚ ਉਭਾਰਿਆ ਗਿਆ। ਅੱਜ ਦੀਆਂ ਹਾਲਤਾਂ ਵਿੱਚ ਇਸ ਲਹਿਰ ਦੀ ਪ੍ਰਸੰਗਕਿਤਾ ਅਤੇ ਸਾਰਥਿਕਤਾ ਉਭਾਰੀ ਗਈ। ਇਸ ਦੇ ਖਰੇ-ਖੋਟੇ ਵਾਰਸਾਂ ਦੇ ਪਛਾਣ-ਪੈਮਾਨੇ ਨੂੰ ਪੇਸ਼ ਕੀਤਾ ਗਿਆ। ਸੱਚੀ ਆਜ਼ਾਦੀ ਅਤੇ ਖਰੀ ਜਮਹੂਰੀਅਤ ਉਸਾਰਨ ਦਾ ਸੱਦਾ ਦੇਣ ਲਈ ਠੋਸ ਵਿਉਂਤਬੰਦੀ ਕੀਤੀ ਗਈ। ਇੱਕ ਨਵੰਬਰ ਦੇ ਦੇਸ਼ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸਮਾਗਮ ਵਿੱਚ ਸ਼ਾਮਲ ਹੋਣ ਅਤੇ ਜਾਣ ਲਈ ਪੰਜਾਬ ਦੇ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਉਭਾਰਿਆ ਗਿਆ। 
ਅਗਲੇ ਗੇੜ ਦੀਆਂ ਮੀਟਿੰਗਾਂ ਦਾ ਇਕਾਈਆਂ ਵੱਲੋਂ ਪ੍ਰਬੰਧ ਕੀਤਾ ਗਿਆ। ਕਈ ਥਾਵਾਂ ਉੱਤੇ ਮੀਟਿੰਗਾਂ ਇਕਾਈਆਂ ਨੇ ਆਪਣੇ ਪੱਧਰ 'ਤੇ ਕਰਵਾਈਆਂ। ਬਾਘਾਪੁਰਾਣਾ, ਮਲੋਟ, ਭੈਣੀ ਬਾਘਾ, ਮੁਕਤਸਰ, ਬਠਿੰਡਾ, ਕੋਠਾਗੁਰੂ-ਭਗਤਾ, ਮਹਿਮਾ ਭਗਵਾਨਾ, ਤੁੰਗਵਾਲੀ, ਲਹਿਰਾਖਾਨਾ, ਚੱਕ ਫਤਹਿ ਸਿੰਘਵਾਲਾ, ਸਿਵੀਆਂ, ਹਜੂਰਾ-ਕਪੂਰਾ, ਕੱਚੀ ਭੁੱਚੋ ਤੇ ਲਹਿਰਾ ਮੁਹੱਬਤ ਵਿਖੇ ਮੀਟਿੰਗਾਂ ਹੋਈਆਂ। ਸਭਨਾਂ ਮੀਟਿੰਗਾਂ ਵਿੱਚ ਸੂਬਾ ਕਮੇਟੀ ਵੱਲੋਂ ਮੋਗਾ ਵਿਖੇ ਕਰਵਾਈ ਮੀਟਿੰਗ ਅਨੁਸਾਰ ਹੀ ਗੱਲਾਂ ਰੱਖੀਆਂ ਗਈਆਂ। ਇਹਨਾਂ ਮੀਟਿੰਗਾਂ ਤੋਂ ਇਲਾਵਾ ਹੋਰਨਾਂ ਥਾਵਾਂ ਉੱਤੇ ਮੋਰਚੇ ਦਾ ਪੈਂਫਲਿਟ ਵੰਡਿਆ ਗਿਆ ਤੇ ਸੱਦਾ ਪ੍ਰਚਾਰਿਆ ਗਿਆ। 
ਲੋਕ ਮੋਰਚੇ ਵੱਲੋਂ ਕਰਵਾਈਆਂ ਇਹ ਵਧਵੀਆਂ ਮੀਟਿੰਗਾਂ ਕਿਸਾਨਾਂ, ਖੇਤ ਮਜ਼ਦੂਰਾਂ ਸਮੇਤ ਵੱਖ ਵੱਖ ਤਬਕਿਆਂ ਦੇ ਸੰਘਰਸ਼ਸ਼ੀਲ ਹਿੱਸਿਆਂ ਅੰਦਰ ਇਨਕਲਾਬੀ ਉਤਸ਼ਾਹ ਅਤੇ ਪ੍ਰੇਰਨਾ ਵਿੱਚ ਵਾਧਾ ਕਰਨ ਦਾ ਸਾਧਨ ਬਣੀਆਂ ਹਨ। ਕੁੱਝ ਥਾਵਾਂ 'ਤੇ ਕਿਸਾਨਾਂ ਅਤੇ ਖੇਤ ਮਜ਼ਦੂਰ ਪਰਿਵਾਰਾਂ ਦੀਆਂ ਔਰਤਾਂ ਨੇ ਵੀ ਇਹਨਾਂ ਮੀਟਿੰਗਾਂ ਵਿੱਚ ਚੰਗੀ ਦਿਲਚਸਪੀ ਦਿਖਾਈ ਹੈ।

No comments:

Post a Comment