Friday, November 15, 2013

ਫਰੀਦਕੋਟ ਜੇਲ੍ਹ 'ਚੋਂ- ਗ੍ਰਿਫਤਾਰ ਕਿਸਾਨ ਔਰਤਾਂ ਦੀ ਸੰਘਰਸ਼ ਲਲਕਾਰ

ਫਰੀਦਕੋਟ ਜੇਲ੍ਹ 'ਚੋਂ-
ਗ੍ਰਿਫਤਾਰ ਕਿਸਾਨ ਔਰਤਾਂ ਦੀ ਸੰਘਰਸ਼ ਲਲਕਾਰ
-ਹਰਿੰਦਰ ਬਿੰਦੂ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਪਿਛਲੇ ਕੁੱਝ ਮਹੀਨਿਆਂ ਤੋਂ ਅਸੀਂ ਜ਼ਮੀਨ ਦੀ ਪ੍ਰਾਪਤੀ, ਕਰਜ਼ਾ ਮੁਕਤੀ ਅਤੇ ਖੁਦਕੁਸ਼ੀਆਂ ਪੀੜਤ ਪਰਿਵਾਰਾਂ ਨੂੰ ਰਾਹਤ ਦੀ ਲੜਾਈ ਲੜ ਰਹੇ ਸੀ ਜਦੋਂ 16 ਸਤੰਬਰ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸਾਂਝੇ ਸੱਦੇ 'ਤੇ ਧਰਨੇ ਦਿੱਤੇ। ਉਹਨਾਂ ਧਰਨਿਆਂ ਵਿੱਚ ਕਿਸਾਨ ਔਰਤਾਂ-ਮਰਦਾਂ ਦੀ ਜਿੱਡੀ ਵੱਡੀ ਸ਼ਮੂਲੀਅਤ ਹੋਈ, ਉਸ ਤੋਂ ਬੁਖਲਾਹਟ ਵਿੱਚ ਆਈ ਅਕਾਲੀ ਭਾਜਪਾ ਸਰਕਾਰ ਇਸ ਲੜਾਈ ਨੂੰ ਦਬਾਉਣਾ ਚਾਹੁੰਦੀ ਸੀ। ਪਰ ਇਹ ਲੜਾਈ ਹੋਰ ਤਿੱਖੀ ਹੋ ਗਈ, ਜਦੋਂ 20 ਤਾਰੀਖ ਨੂੰ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਗ੍ਰਿਫਤਾਰ ਕਿਸਾਨਾਂ ਨੂੰ ਬਿਨਾ ਸ਼ਰਤ ਰਿਹਾਅ ਕਰਵਾਉਣ ਲਈ ਤਿੰਨ ਘੰਟੇ ਸੜਕ ਜਾਮ ਕਰਨੀ ਸੀ।  18 ਸਤੰਬਰ ਨੂੰ ਘਰਾਂ ਵਿੱਚ ਛਾਪੇ ਮਾਰੇ ਗਏ, ਜਿਹਨਾਂ ਵਿੱਚ ਔਰਤਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਮਾਨਸਾ ਜ਼ਿਲ੍ਹੇ ਦੀ ਨਰਿੰਦਰ ਕੌਰ, ਬਠਿੰਡਾ ਜ਼ਿਲ੍ਹੇ ਦੀ ਸੀਨੀਅਰ ਮੀਤ-ਪ੍ਰਧਾਨ ਪਰਮਜੀਤ ਕੌਰ ਕੌਟੜਾ ਨੂੰ ਘਰਾਂ ਵਿੱਚੋਂ ਚੁੱਕ ਕੇ ਜੇਲ੍ਹ ਭੇਜਿਆ ਗਿਆ। 
ਜਦੋਂ 20 ਸਤੰਬਰ ਦੇ ਤਿੰਨ ਘੰਟੇ ਦੇ ਰਸਤਾ ਰੋਕੂ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਕਿਸਾਨ ਜੇਠੂਕੇ ਤੋਂ ਕਾਫਲੇ ਦੇ ਰੂਪ ਵਿੱਚ ਤੁਰਨ ਲੱਗੇ ਤਾਂ ਰਸਤੇ ਵਿੱਚ ਹੀ ਪੁਲਸ ਨੇ ਗ੍ਰਿਫਤਾਰ ਕਰ ਲਿਆ, ਇਸ ਕਾਫਲੇ ਦੀ ਅਗਵਾਈ ਔਰਤਾਂ ਦੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੌਰ ਬਿੰਦੂ ਕਰ ਰਹੀ ਸੀ। ਉਹ ਗ੍ਰਿਫਤਾਰ ਕੀਤਿਆਂ 18 ਮਰਦ-ਔਰਤਾਂ ਨੂੰ ਦਿਆਲਪੁਰਾ ਭਾਈਕਾ ਥਾਣੇ ਵਿੱਚ ਲੈ ਗਏ। ਜਿੱਥੇ ਜਾ ਕੇ ਗ੍ਰਿਫਤਾਰ ਮਰਦ-ਔਰਤਾਂ ਨੇ ਆਪਣੀ ਜਥੇਬੰਦ ਸਿਆਣਪ ਨਾਲ ਲੜਨਾ ਸ਼ੁਰੂ ਕਰ ਦਿੱਤਾ, ਉੱਥੇ  ਸਫਾਈ ਪੱਖੋਂ ਹਾਲਤ ਕਾਫੀ ਮਾੜੀ ਸੀ। ਪਹਿਲਾਂ ਉਸਦੀ ਬੈਠਣ ਵਾਸਤੇ ਸਫਾਈ ਕਰਵਾਈ ਗਈ, ਫਿਰ ਉੱਥੇ ਔਰਤ ਪੁਲਿਸ ਨਹੀਂ ਸੀ, ਉਸ ਨੂੰ ਬੁਲਾਇਆ ਗਿਆ। ਫਿਰ ਚਾਹ-ਰੋਟੀ ਦਾ ਉਹਨਾਂ ਤੋਂ ਪ੍ਰਬੰਧ ਕਰਵਾਇਆ ਗਿਆ। ਜਦੋਂ ਸ਼ਾਮ ਹੋਣ ਲੱਗੀ ਤਾਂ ਅਸੀਂ ਕਿਹਾ ਕਿ ''ਸਾਨੂੰ ਜਾਂ ਤਾਂ ਧਰਨੇ 'ਤੇ ਛੱਡ ਕੇ ਆਓ ਜਾਂ ਫਿਰ ਜੇਲ੍ਹ ਭੇਜ ਦਿਓ।'' ਉੱਚ ਅਧਿਕਾਰੀ ਕਾਫੀ ਫੋਰਸ ਲੈ ਕੇ ਥਾਣੇ ਪਹੁੰਚ ਗਿਆ ਸੀ। 
ਉਹ ਆਉਂਦੇ ਹੀ ਰੋਅਬ ਮਾਰਨ ਲੱਗਿਆ ਕਿ ''ਤੁਸੀਂ ਧਰਨੇ-ਮੁਜਾਹਰੇ 'ਚ ਨਾ ਆਇਆ ਕਰੋ। ਵਖ਼ਤ ਪਾ ਕੇ ਰੱਖ ਦਿੱਤਾ। ਚੱਲੋ, ਤੁਹਾਨੂੰ ਹੁਣ ਘਰਾਂ ਨੂੰ ਭੇਜ ਦੇਣਾ ਹੈ।'' ਅਸੀਂ ਕਿਹਾ, ''ਜਿੱਥੇ ਮਰਜੀ ਭੇਜ ਦਿਓ, ਅਸੀਂ ਜਾਣ ਲਈ ਤਿਆਰ ਹਾਂ।'' ਉਹ ਥਾਣੇ ਤੋਂ ਬਠਿੰਡੇ ਸਰਕਾਰੀ ਹਸਪਤਾਲ ਵਿੱਚ ਲੈ ਆਏ ਤੇ ਕਹਿਣ ਲੱਗੇ ਕਿ ''ਹੁਣ ਤੁਹਾਡੀ ਸਾਰਿਆਂ ਦੀ ਡਾਕਟਰੀ ਜਾਂਚ ਹੋਏਗੀ, ਫਿਰ ਤੁਹਾਨੂੰ ਜੇਲ੍ਹ ਛੱਡ ਕੇ ਆਵਾਂਗੇ।'' ਬਠਿੰਡੇ ਜੇਲ੍ਹ ਮੂਹਰੇ ਲੈ ਗਏ, ਜਿੱਥੇ ਜਾ ਕੇ ਉਹਨਾਂ ਬੰਦਿਆਂ ਨੂੰ ਪਹਿਲਾਂ ਬੱਸ ਵਿੱਚੋਂ ਉਤਾਰ ਲਿਆ ਅਤੇ ਔਰਤਾਂ ਨੂੰ ਬੱਸ ਵਿੱਚ ਹੀ ਬੰਦ ਕਰ ਦਿੱਤਾ। ਅਸੀਂ ਕਿਹਾ, ''ਅਸੀਂ ਤਾਂ ਸਾਰੇ ਇੱਕ ਜੇਲ੍ਹ ਜਾਵਾਂਗੇ। ਜਦੋਂ ਤੁਸੀਂ ਸਾਨੂੰ ਸਾਰਿਆਂ ਨੂੰ ਇਕੱਠੇ ਗ੍ਰਿਫਤਾਰ ਕੀਤਾ ਹੈ, ਫਿਰ ਹੁਣ ਤੁਸੀਂ ਵੱਖ ਵੱਖ ਜੇਲ੍ਹਾਂ ਵਿੱਚ ਕਿਉਂ ਭੇਜ ਰਹੇ ਹੋ?'' ਉਹ ਕਹਿੰਦੇ, ''ਇੱਥੇ ਔਰਤਾਂ ਨੂੰ ਰੱਖਣ ਲਈ ਬਠਿੰਡੇ ਜੇਲ੍ਹ ਵਿੱਚ ਥਾਂ ਨਹੀਂ ਹੈ। ਇਸ ਲਈ ਅਸੀਂ ਤੁਹਾਨੂੰ ਫਰੀਦਕੋਟ ਜੇਲ੍ਹ ਵਿੱਚ ਭੇਜ ਰਹੇ ਹਾਂ।'' ਗ੍ਰਿਫਤਾਰ ਔਰਤਾਂ ਨੂੰ ਕਾਫੀ ਗੇੜੇ ਬਠਿੰਡੇ ਵਿੱਚ ਹੀ ਕੱਢਵਾ ਦਿੱਤੇ। 2 ਵਜੇ ਦੇ ਕਰੀਬ ਫਰੀਦਕੋਟ ਜੇਲ੍ਹ ਵਿੱਚ ਲੈ ਗਏ। ਜਿੱਥੇ ਜੇਲ੍ਹ ਅਧਿਕਾਰੀ ਗ੍ਰਿਫਤਾਰ ਔਰਤਾਂ ਨੂੰ ਕਹਿੰਦੇ ਅਸੀਂ ਨਹੀਂ ਰੱਖਦੇ, ਉੱਥੇ ਵੀ ਕਾਫੀ ਔਖ ਨਾਲ ਗ੍ਰਿਫਤਾਰ ਔਰਤਾਂ ਨੇ ਕਿਹਾ, ''ਪਹਿਲਾਂ ਤਾਂ ਅਸੀਂ ਬਠਿੰਡੇ ਖੱਜਲ-ਖੁਆਰ ਹੁੰਦੇ ਰਹੇ ਹਾਂ, ਸਾਡਾ ਕਸੂਰ ਤਾਂ ਦੱਸੋ, ਅਸੀਂ ਆਪਣੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਲਈ 3 ਘੰਟੇ ਦਾ ਜਾਮ ਲਾਉਣਾ ਸੀ। ਤੁਸੀਂ ਸਾਡਾ ਪ੍ਰੋਗਰਾਮ ਵੀ ਵੱਡਾ ਕਰ ਦਿੱਤਾ ਹੈ।'' ਰਾਤ ਨੂੰ ਪਹਿਲਾਂ ਰੋਟੀ ਮੰਗੀ। ਅਸੀਂ ਕਿਹਾ, ''ਅਸੀਂ ਸਵੇਰ ਤੋਂ ਭੁੱਖੇ ਹਾਂ, ਸਾਨੂੰ ਪਹਿਲਾਂ ਰੋਟੀ ਦਿਓ।'' ਸੋ ਜੇਲ੍ਹ ਅਧਿਕਾਰੀਆਂ ਨੇ ਸਾਨੂੰ ਰੋਟੀ ਦੇ ਦਿੱਤੀ ਅਤੇ ਨਾਲ ਹੀ ਸੌਣ ਦਾ ਪ੍ਰਬੰਧ ਕਰ ਦਿੱਤਾ। 
ਜਦੋਂ ਸਵੇਰ ਹੋਈ ਤਾਂ ਅਸੀਂ ਕਿਹਾ, ''ਸਾਨੂੰ ਪੇਸਟ, ਬੁਰਸ਼, ਸਾਬਣ, ਤੇਲ ਚਾਹੀਦਾ ਹੈ।'' ਕੁੱਝ ਸਮੇਂ ਬਾਅਦ ਸੁਨੇਹਾ ਆਇਆ ਕਿ ਧਰਨੇ ਵਾਲੀਆਂ ਬੀਬੀਆਂ ਆਪਣਾ ਸਮਾਨ ਲੈ ਜਾਓ। ਸ਼ਾਮ ਨੂੰ ਮਾਨਸਾ ਜ਼ਿਲ੍ਹੇ ਤੋਂ 10 ਔਰਤਾਂ ਹੋਰ ਆ ਗਈਆਂ। ਗ੍ਰਿਫਤਾਰ ਔਰਤਾਂ ਦੀ ਗਿਣਤੀ ਜੇਲ੍ਹ ਵਿੱਚ 20 ਹੋ ਗਈ। 18 ਔਰਤਾਂ ਫਰੀਦਕੋਟ ਜੇਲ੍ਹ ਵਿੱਚ, ਇੱਕ ਬਠਿੰਡਾ ਤੇ ਇੱਕ ਨਾਭਾ ਜੇਲ੍ਹ ਵਿੱਚ। ਔਰਤਾਂ ਜਦੋਂ ਜੇਲ੍ਹ ਵਿੱਚ ਔਰਤਾਂ ਨੂੰ ਰੋਟੀ ਨਾ ਮਿਲੀ ਤਾਂ ਜਥੇਬੰਦ ਹੋਈਆਂ ਔਰਤਾਂ ਨੇ ਅਧਿਕਾਰੀ ਖਿਲਾਫ ਨਾਹਰੇ ਮਾਰਨੇ ਸ਼ੁਰੂ ਕਰ ਦਿੱਤੇ। ਕੁੱਝ ਸਮੇਂ ਬਾਅਦ ਔਰਤ ਅਧਿਕਾਰੀ ਜੋ ਉਸ ਸਮੇਂ ਡਿਊਟੀ 'ਤੇ ਸੀ, ਉਹ ਆਪ ਡਿਪਟੀ ਕੋਲ ਗਈ ਕਿ ਤੁਸੀਂ ਰੋਟੀ ਦਾ ਪ੍ਰਬੰਧ ਕਰਵਾ ਦਿਓ, ਨਹੀਂ ਤਾਂ ਉਹ ਜੇਲ੍ਹ ਦਾ ਮਾਹੌਲ ਖਰਾਬ ਕਰ ਦੇਣਗੀਆਂ। ਧਰਨੇ ਵਾਲੀਆਂ ਔਰਤਾਂ ਆਪਣੀ ਬੈਰਕ ਦੀ ਸਫਾਈ ਕਰ ਲੈਣ, ਉਹਨਾਂ ਦੀਆਂ ਹੋਰ ਔਰਤਾਂ ਨੇ ਆਉਣਾ ਹੈ। ਧਰਨੇ ਵਾਲੀਆਂ ਔਰਤਾਂ ਨੇ ਕਿਹਾ ਕਿ ''ਅਸੀਂ ਕੋਈ ਬੈਰਕ ਦੀ ਸਫਾਈ ਨਹੀਂ ਕਰਨੀ। ਇਹ ਸਾਡਾ ਕੰਮ ਨਹੀਂ। ਬੈਰਕ ਸਾਫ ਕਰਕੇ ਦਿਓ।'' ਜਦੋਂ ਉਹਨਾਂ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਇਹ ਤਾਂ ਆਪਣੀ ਗੱਲ 'ਤੇ ਅੜ ਗਈਆਂ, ਹੁਣ ਇਹਨਾਂ ਨੇ ਸਫਾਈ ਨਹੀਂ ਕਰਨੀ ਤਾਂ ਉਹ ਬੰਦਿਆਂ ਵਾਲੇ ਪਾਸਿਉਂ, ਚੱਕਰ-ਹੌਲਦਾਰ ਕੈਦੀਆਂ ਨੂੰ ਨਾਲ ਲੈ ਕੇ ਸਫਾਈ ਕਰਵਾਉਣ ਲੱਗ ਪਿਆ। ਜਦੋਂ ਬੈਰਕ ਸਾਫ ਹੋ ਗਈ ਤਾਂ ਕਹਿੰਦੇ, ''ਆ ਕੇ ਆਪਣੀ ਬੈਰਕ ਦੀ ਸਫਾਈ ਵੇਖ ਲਓ।'' ਸਾਫ ਬਿਸਤਰਿਆਂ 'ਤੇ ਚਿੱਟੀਆਂ ਚਾਦਰਾਂ ਉੱਪਰ ਲੈਣ ਲਈ ਲਾਈਆਂ ਗਈਆਂ। ਕੁੱਝ ਅਧਿਕਾਰੀ ਧਰਨੇ ਵਾਲੀਆਂ ਔਰਤਾਂ ਉੱਪਰ ਰੋਅਬ ਪਾ ਕੇ ਰੱਖਣਾ ਚਾਹੁੰਦੇ ਸੀ। ਜਦੋਂ ਬੈਰਕ ਵਿੱਚੋਂ ਔਰਤਾਂ ਮੁਲਾਕਾਤ ਲਈ ਜਾਂਦੀਆਂ ਤਾਂ ਅੰਦਰ ਹੀ ਨਾਹਰੇ ਲਾਉਂਦੇ ਜਾਣਾ ਤੇ ਵਾਪਸ ਵੀ ਨਾਹਰੇ ਲਾਉਂਦੇ ਹੀ ਆਉਣਾ। ਜੇਲ੍ਹ ਵਿੱਚ ਮਾਹੌਲ ਕਾਫੀ ਚੰਗਾ ਬਣ ਗਿਆ। ਜੋ ਔਰਤਾਂ ਵੱਖ ਵੱਖ ਜੁਰਮਾਂ ਵਿੱਚ ਕੈਦ ਕੱਟ ਰਹੀਆਂ ਸਨ, ਉਹਨਾਂ ਦੀ ਵੀ ਧਰਨੇ ਵਾਲੀਆਂ ਔਰਤਾਂ ਨਾਲ ਚੰਗੀ ਬਣਨ ਲੱਗ ਪਈ। ਜਦੋਂ ਉਹ ਧਰਨੇ ਵਾਲੀਆਂ ਔਰਤਾਂ ਨੂੰ ਨਾਹਰੇ ਲਾਉਂਦੇ 'ਤੇ ਭਾਸ਼ਣ ਕਰਦਿਆਂ ਨੂੰ ਸੁਣ ਕੇ ਆਪਣੀਆਂ ਬੈਰਕਾਂ ਦੇ ਵਿੱਚੋਂ ਬਾਹਰ ਆ ਜਾਂਦੀਆਂ ਤਾਂ ਗੱਲਾਂ ਸੁਣ ਕੇ ਰੋਂਦੀਆਂ ਤੇ ਆਖਦੀਆਂ, ''ਇਹ ਲੜਾਈ ਤਾਂ ਤੁਸੀਂ ਸਾਡੀ ਵੀ ਲੜਦੀਆਂ ਹੋ। ਅਸੀਂ ਗਲਤ ਕੰਮ ਵਿੱਚ ਜੇਲ੍ਹ ਕੱਟ ਰਹੀਆਂ ਹਾਂ, ਤੁਸੀਂ ਆਪਣੀਆਂ ਮੰਗਾਂ ਨੂੰ ਮਨਾਉਣ ਵਾਸਤੇ ਲੜਦੀਆਂ ਹੋ। ਜਦੋਂ ਅਸੀਂ ਜੇਲ੍ਹ ਵਿੱਚੋਂ ਬਾਹਰ ਆ ਗਈਆਂ ਤਾਂ ਅਸੀਂ ਵੀ ਮਾੜੇ ਕੰਮ ਛੱਡ ਕੇ ਆਪਣੇ ਅਤੇ ਲੋਕਾਂ ਦੀ ਖਾਤਰ ਤੁਹਾਡੇ ਨਾਲ ਰਲ ਕੇ ਸਰਕਾਰ ਖਿਲਾਫ ਲੜਾਂਗੀਆਂ, ਸਾਨੂੰ ਤੁਸੀਂ ਆਪਣੇ ਫੋਨ ਨੰਬਰ ਵੀ ਦੇ ਕੇ ਜਾਇਓ।''
ਜੇਲ੍ਹ ਵਿੱਚ ਇੱਕ ਔਰਤ ਮੋਗਾ ਤੋਂ ਸੀ, ਉਸਨੇ ਪੀਐਚ.ਡੀ ਕੀਤੀ ਹੋਈ ਸੀ। ਜਲੰਧਰ ਦੂਰ-ਦਰਸ਼ਨ 'ਤੇ ਡਿਊਟੀ ਕਰਦੀ ਸੀ, ਉਹ 420 ਦੇ ਕੇਸ ਵਿੱਚ ਜੇਲ੍ਹ ਵਿੱਚ ਸੀ। ਜਦੋਂ ਅਸੀਂ ਜੇਲ੍ਹ ਵਿੱਚ ਰੈਲੀ ਕਰਵਾਈ ਜਾਂਦੇ ਸੀ ਤਾਂ ਆ ਕੇ ਆਖਣ ਲੱਗੀ ਕਿ ''ਮੈਂ ਤੁਹਾਨੂੰ ਹਸਾਉਣ ਵਾਸਤੇ ਆਈ ਸੀ, ਪਰ ਜੋ ਤੁਸੀਂ ਇੱਥੇ ਗੱਲਾਂ ਕੀਤੀਆਂ ਤੇ ਕੁੱਝ ਦੱਸਿਆ ਇਹ ਸੁਣ ਕੇ ਮੈਂ ਤਾਂ ਹੈਰਾਨ ਰਹਿ ਗਈ ਕਿ ਮੈਂ ਪੀਐਚ.ਡੀ. ਕੀਤੀ ਹੈ, ਇੰਨੀਆਂ ਕਿਤਾਬਾਂ ਪੜ੍ਹੀਆਂ ਨੇ, ਮੈਨੂੰ ਕੁਝ ਵੀ ਪਤਾ ਨਹੀਂ। ਮੈਂ ਤਾਂ ਤੁਹਾਡੇ ਤੋਂ 10 ਸਾਲ ਪਿਛਾਂਹ ਹਾਂ, ਤੁਹਾਡਾ ਭਾਸ਼ਣ ਸੁਣ ਕੇ ਤੁਹਾਡੇ ਬਰਾਬਰ ਹੋ ਗਈ ਹਾਂ। ਜਦੋਂ ਮੈਂ ਜੇਲ੍ਹ ਵਿੱਚੋਂ ਬਾਹਰ ਆ ਗਈ ਪਹਿਲਾਂ ਮੈਂ ਤੁਹਾਨੂੰ ਮਿਲਣ ਵਾਸਤੇ ਤੁਹਾਡੇ ਪਿੰਡ ਜ਼ਰੂਰ ਮਿਲਣ ਆਉਂਗੀ।'' ਮਾਨਸਾ ਜ਼ਿਲ੍ਹੇ ਤੋਂ ਆਈਆਂ ਕਿਸਾਨ-ਮਜ਼ਦੂਰ ਔਰਤਾਂ ਕਹਿਣ ਲੱਗੀਆਂ, ''ਇੱਥੇ ਆ ਕੇ ਪਤਾ ਚੱਲਿਆ ਕਿ ਸਾਡੀ ਲੜਾਈ ਵੱਡੇ ਹਾਕਮਾਂ ਨਾਲ ਹੈ। ਜਿਹੜੇ ਸਾਡੀਆਂ ਜ਼ਮੀਨਾਂ ਲੈ ਗਏ। ਜਿਹਨਾਂ ਨੇ ਸਾਡੇ ਸਿਰ ਕਰਜ਼ੇ ਕਰ ਦਿੱਤੇ, ਸਾਨੂੰ ਖੁਦਕੁਸ਼ੀਆਂ ਵੱਲ ਧੱਕ ਦਿੱਤਾ। ਹੁਣ ਅਸੀਂ ਜਾਤ-ਪਾਤ ਦੀਆਂ ਲੜਾਈਆਂ ਨਹੀਂ ਲੜਾਂਗੇ, ਸਗੋਂ ਆਪ ਤਿਆਰ ਹੋ ਕੇ ਹੋਰ ਪਿੰਡਾਂ ਵਿੱਚ ਜਾ ਕੇ ਔਰਤਾਂ ਨੂੰ ਤਿਆਰ ਕਰਾਂਗੇ। ਸਾਨੂੰ ਨਾਹਰੇ ਲਾਉਣਾ ਅਤੇ ਬੋਲਣਾ-ਸਿੱਖਾ ਦਿਓ। ਜਦੋਂ ਅਸੀਂ ਸੜਕ ਰੋਕੀ ਸੀ, ਸਾਨੂੰ ਸਾਡੇ ਬੰਦੇ ਕਹਿੰਦੇ ਬੋਲੋ, ਸਾਨੂੰ ਬੋਲਣਾ ਨਹੀਂ ਸੀ ਆਉਂਦਾ, ਪਰ ਹੁਣ ਅਸੀਂ ਜ਼ਰੂਰ ਬੋਲਿਆ ਕਰਾਂਗੀਆਂ। ਸਾਨੂੰ ਹੁਣ ਜੇਲ੍ਹਾਂ ਦਾ ਕੋਈ ਡਰ ਨਹੀਂ ਹੈ, ਅਸੀਂ ਇੱਕ ਪਰਿਵਾਰ ਵਿੱਚੋਂ 8 ਜੀਅ ਆਏ ਹਾਂ। ਸਾਡੇ ਪਿਛਲੇ ਘਰ ਦੇ ਜੀਅ ਵੀ ਹੌਸਲੇ ਵਿੱਚ ਹਨ।'' 
ਇਸੇ ਜੇਲ੍ਹ ਵਿੱਚ ਹੀ ਸ਼ਰੂਤੀ ਕਾਂਡ ਦੇ ਦੋਸ਼ੀ ਦੀ ਮਾਂ ਨਵਜੋਤ ਕੌਰ ਸੀ, ਜੋ ਪਹਿਲਾਂ ਔਰਤਾਂ ਤੋਂ ਮਾਲਸ਼ ਕਰਵਾਉਂਦੀ ਸੀ, ਹੱਥ ਪੈਰ ਘੁਟਵਾਉਂਦੀ ਸੀ ਅਤੇ ਹੋਰ ਸੇਵਾ ਕਰਵਾਉਂਦੀ ਸੀ। ਜਦੋਂ ਧਰਨੇ ਵਾਲੀਆਂ ਔਰਤਾਂ ਉੱਥੇ ਚਲੀਆਂ ਗਈਆਂ ਤਾਂ ਉਹ ਆਪਣੀ ਬੈਰਕ ਵਿੱਚੋਂ ਬਾਹਰ ਹੀ ਨਹੀਂ ਨਿਕਲਦੀ ਸੀ। ਇੱਕ ਦਿਨ ਨਿਸ਼ਾਨ ਦੀ ਮਾਂ ਜੇਲ੍ਹ ਹਸਪਤਾਲ ਵਿੱਚ ਦਵਾਈ ਲੈਣ ਗਈ। ਉੱਥੇ ਧਰਨੇ ਵਾਲੀਆਂ ਔਰਤਾਂ ਵੀ ਦਵਾਈ ਲੈਣ ਗਈਆਂ ਸਨ। ਉਹ ਕਹਿਣ ਲੱਗੀ, ''ਧਰਨੇ ਵਾਲੀਆਂ ਸਾਰੀਆਂ ਹੀ ਬੀਮਾਰ ਨੇ?'' ਉਹਨਾਂ ਕਿਹਾ, ''ਨਹੀਂ ਅਸੀਂ ਤਾਂ ਸਾਰੇ ਕਿੱਲ ਵਰਗੇ ਹਾਂ, ਜਿਸ ਨੂੰ ਮਰਜ਼ੀ ਛੇੜ ਕੇ ਵੇਖ ਲੈ, ਪਤਾ ਲੱਗ ਜਾਊ ਕਿ ਅਸੀਂ ਬੀਮਾਰ ਹਾਂ ਜਾਂ ਨਹੀਂ। ਅਸੀਂ ਸਰਕਾਰ ਅਤੇ ਸਰਕਾਰ ਦੇ ਪਾਲੇ ਗੁੰਡਿਆਂ ਦੇ ਖਿਲਾਫ ਲੜਨ ਲਈ ਬਹੁਤ ਤੇਜ ਹਾਂ।'' 
ਫਿਰੋਜ਼ਪੁਰ ਤੋਂ ਇੱਕ ਪਰਮਜੀਤ ਕੌਰ ਜੇਲ੍ਹ ਅਧਿਕਾਰੀ ਸੀ, ਜੋ ਧਰਨੇ ਵਾਲੀਆਂ ਔਰਤਾਂ 'ਤੇ ਕਾਫੀ ਔਖੀ ਸੀ। ਇੱਕ ਦਿਨ ਛੋਲੇ ਆਏ। ਉਹ ਕਹਿੰਦੇ, ''ਧਰਨੇ ਵਾਲੀਆਂ ਬੀਬੀਆਂ ਆਪ ਦੇ ਲਈ ਛੋਲੇ ਲੈ ਜਾਓ।'' ਜਦੋਂ ਅਸੀਂ ਛੋਲੇ ਲੈਣ ਗਈਆਂ ਤਾਂ ਉਹ ਅੱਗੋਂ ਬੋਲੀ, ''ਇਹ ਛੋਲੇ ਕੈਦਣਾਂ ਵਾਸਤੇ ਹਨ ਜਾਂ ਇਹਨਾਂ ਵਾਸਤੇ?'' ਜੋ ਛੋਲੇ ਲੈ ਕੇ ਆਏ ਉਹ ਕਹਿੰਦੇ, ''ਇਹ ਤਾਂ ਧਰਨੇ ਵਾਲੀਆਂ ਵਾਸਤੇ ਹਨ।'' ਤਾਂ ਉਹ ਕਹਿੰਦੀ, ''ਇਹਨਾਂ ਵਿਹਲੜਾਂ ਨੂੰ ਛੋਲੇ ਕਿਉਂ?'' ਸ਼ਾਮ ਨੂੰ ਜਦੋਂ ਅਸੀਂ ਨਾਹਰੇ ਲਾ ਰਹੇ ਸੀ, ਆ ਕੇ ਕਹਿੰਦੀ, ''ਤੁਸੀਂ ਨਾਹਰੇ ਨਹੀਂ ਲਾਉਣੇ।'' ਅਸੀਂ ਉਹਨਾਂ ਦੇ ਇਸ ਧੱਕੇ ਦਾ ਵਿਰੋਧ ਕੀਤਾ। ਜਦੋਂ ਅਸੀਂ ਮੁਲਾਕਾਤ ਲਈ ਇਕੱਠੇ ਹੋਏ ਮਰਦ-ਔਰਤਾਂ ਨਾਲ ਸਾਰੀ ਗੱਲ ਸਾਂਝੀ ਕੀਤੀ ਤਾਂ ਇਹ ਫੈਸਲਾ ਹੋਇਆ ਕਿ ਉਸਦੇ ਖਿਲਾਫ ਡਿਪਟੀ ਨੂੰ ਮਿਲਿਆ ਜਾਵੇ। ਜਦੋਂ ਡਿਪਟੀ ਨੂੰ ਕਿਹਾ ਕਿ ''ਸਾਡੀ ਲੜਾਈ ਸਰਕਾਰ ਨਾਲ ਹੈ। ਪਰਮਜੀਤ ਕੌਰ ਸਾਡੇ ਨਾਲ ਜਾਤੀ ਲੜਾਈ ਕਿਉਂ ਲੜ ਰਹੀ ਹੈ? ਜੇ ਅਸੀਂ ਛੋਲੇ ਲਵਾਏ, ਉਹ ਵੀ ਲੜ ਕੇ ਲਵਾਏ, ਅਸੀਂ ਰੋਟੀ ਪਕਾਉਣ ਲਈ ਗੈਸ ਸਲੰਡਰ ਭੱਠੀ ਵੀ ਲੜ ਕੇ ਲਈ ਹੈ। ਇਹ ਸਾਡਾ ਹੱਕ ਹੈ। ਤੁਸੀਂ ਇੱਥੇ ਉਸ ਪਰਮਜੀਤ ਨੂੰ ਬੁਲਾ ਕੇ ਮੁਆਫੀ ਮੰਗਾਓ, ਨਹੀਂ ਤਾਂ ਅਸੀਂ ਆਪਣਾ ਸੰਘਰਸ਼ ਹੋਰ ਤਿੱਖਾ ਲੜਾਂਗੇ।'' ਡਿਪਟੀ ਨੇ ਆਪ ਸਾਰਿਆਂ ਤੋਂ ਮੁਆਫੀ ਮੰਗੀ ਤੇ ਵਿਸ਼ਵਾਸ਼ ਦੁਆਇਆ ਕਿ ਅੱਗੇ ਤੋਂ ਤੁਹਾਡੇ ਨਾਲ ਕਿਸੇ ਕਿਸਮ ਦਾ ਮਾੜਾ ਵਿਹਾਰ ਨਹੀਂ ਕੀਤਾ ਜਾਊਗਾ। ਜਦੋਂ ਡਿਊਟੀ 'ਤੇ ਵੱਡੀ ਅਧਿਕਾਰੀ ਆਈ, ਉਸ ਨੇ ਸਾਰੀਆਂ ਔਰਤਾਂ ਨੂੰ ਬੁਲਾ ਕੇ ਮੁਆਫੀ ਮੰਗੀ ਤੇ ਕਿਹਾ ''ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ, ਤੁਸੀਂ ਮੈਨੂੰ ਮਿਲੋ।''  ਅਸੀਂ ਕਿਹਾ ਕਿ ''ਅਸੀਂ ਉਸ ਪਰਮਜੀਤ ਤੋਂ ਜ਼ਰੂਰ ਮੁਆਫੀ ਮੰਗਾਉਣੀ ਹੈ, ਜੋ ਸਾਨੂੰ ਨਾਹਰੇ ਨਹੀਂ ਲਾਉਣ ਦਿੰਦੀ ਸੀ।'' ਪਰਮਜੀਤ ਨੇ ਆ ਕੇ ਧਰਨੇ ਵਾਲੀਆਂ ਔਰਤਾਂ ਤੋਂ ਮੁਆਫੀ ਮੰਗੀ ਤੇ ਕਿਹਾ ਕਿ ''ਮੈਨੂੰ ਨਹੀਂ ਪਤਾ ਸੀ ਕਿ ਤੁਹਾਡੀ ਇੰਨੀ ਵੱਡੀ ਤਾਕਤ ਹੈ।'' ਜਿਹੜੀ ਪਹਿਲਾਂ ਰੋਅਬ ਨਾਲ ਬੋਲਦੀ ਸੀ, ਹੁਣ ਉਹ ਬਿਲਕੁੱਲ ਬਦਲੀ ਹੋਈ ਸੀ। ਸਗੋਂ ਕਹਿੰਦੀ, ''ਇਸ ਵਿੱਚ ਤਾਂ ਸਾਡਾ ਵੀ ਫਾਇਦਾ ਹੈ। ਮੈਂ ਕਿਉਂ ਤੁਹਾਡੇ ਨਾਲ ਮਾੜਾ ਵਿਹਾਰ ਕੀਤਾ, ਇਸਦੀ ਮੈਂ ਮੁਆਫੀ ਮੰਗਦੀ ਹਾਂ। ਤੁਸੀਂ ਨਾਹਰੇ ਲਾਓ, ਆਪਣੀ ਰੈਲੀ ਕਰੋ, ਤੁਹਾਡਾ ਹੱਕ ਹੈ।'' ਜੇਲ੍ਹ 'ਚ ਜੋ ਕੈਦਣਾਂ ਸੀ, ਉਹ ਬਹੁਤ ਖੁਸ਼ ਹੋਈਆਂ ਕਹਿੰਦੀਆਂ ''ਇਹ ਸਾਡੇ ਉੱਪਰ ਹੀ ਰੋਅਬ ਪਾ ਕੇ ਰੱਖਦੀਆਂ ਨੇ, ਤੁਸੀਂ ਤਾਂ ਇਹਨਾਂ ਨੂੰ ਬੋਲਣ ਹੀ ਨੀਂ ਦਿੰਦੇ।''
ਜਦੋਂ ਪਤਾ ਲੱਗਿਆ ਕਿ ਅੱਜ ਧਰਨੇ ਵਾਲੀਆਂ ਸਾਰੀਆਂ ਨੂੰ ਛੱਡ ਦੇਣਾ ਹੈ। ਬੰਦਿਆਂ ਨੂੰ ਤਾਂ ਬਾਹਰ ਵੀ ਕੱਢਣ ਲੱਗ ਪਏ ਹਨ। ਤੁਸੀਂ ਵੀ ਅੱਜ ਘਰ ਚੱਲੀਆਂ ਜਾਣਾ ਹੈ। ਉਹਨਾਂ ਕੈਦਣਾਂ ਨੇ ਸਾਰੀਆਂ ਧਰਨੇ ਵਾਲੀਆਂ ਔਰਤਾਂ ਨੂੰ ਆਪ ਦੇ ਕੋਲੋਂ ਰੋਟੀ ਕੀਤੀ। ਆਲੂ ਗੰਢੇ ਪਕੌੜੇ ਇਕੱਠੇ ਕਰਕੇ ਸਬਜ਼ੀ ਬਣਾਈ ਅਤੇ ਰੋਟੀ ਪਕਾਈ ਅਤੇ ਸਾਰਿਆਂ ਨੂੰ ਆਪ ਵਰਤਾਈ। ਕਹਿੰਦੀਆਂ, ''ਜਦੋਂ ਤੁਸੀਂ ਇੱਥੋਂ ਰੋਟੀ ਖਾ ਕੇ ਜਾਉਂਗੀਆਂ ਤਾਂ ਸਾਡੇ ਮਨ ਨੂੰ ਤਸੱਲੀ ਹੋਊਗੀ। ਜਦੋਂ ਆਰਡਰ ਆ ਜਾਂਦੇ ਨੇ, ਹੋਰ ਤਾਂ ਬਹੁਤ ਛੇਤੀ ਕਰਦੇ ਨੇ। ਜਦੋਂ ਜੇਲ੍ਹ ਵਿੱਚੋਂ ਬਾਹਰ ਆ ਰਹੀਆਂ ਸਾਂ ਤਾਂ ਕੈਦਣਾਂ ਰੋਣ ਲੱਗ ਪਈਆਂ। ਅਸੀਂ ਉਸ ਮੈਡਮ ਨੂੰ ਕਿਹਾ ਕਿ ''ਹੁਣ ਅਸੀਂ ਚੱਲੇ ਹਾਂ ਪਰ ਫਿਰ ਛੇਤੀ ਹੀ ਆਪਣੀ ਮੁਲਾਕਾਤ ਹੋਵੇਗੀ। ਅਸੀਂ ਜੇਲ੍ਹ ਤੋਂ ਨਹੀਂ ਡਰਦੇ ਨਾ ਹੀ ਇੱਥੋਂ ਦੀ ਸਰਕਾਰ ਅਤੇ ਹਕੂਮਤ ਤੋਂ। ਸਾਡੀ ਲੜਾਈ ਠੀਕ ਹੈ, ਅਸੀਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਲੜਾਂਗੇ। ਜਦੋਂ ਤੱਕ ਜ਼ਮੀਨਾਂ ਦੀ ਪ੍ਰਾਪਤੀ, ਕਰਜ਼ਾ ਮੁਕਤੀ, ਖੁਦਕੁਸ਼ੀਆਂ ਦੇ ਪੀੜਤ ਪਰਿਵਾਰਾਂ ਨੂੰ ਰਾਹਤ ਦਿਵਾਉਣ ਨਾਲ ਸਬੰਧਤ ਮੰਗਾਂ ਮੰਨਵਾ ਨਹੀਂ ਲੈਂਦੇ, ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ।''

No comments:

Post a Comment