Tuesday, October 6, 2020

ਮਹਾਂਮਾਰੀਆਂ ਦੀ ਜੰਮਣ ਭੋਇੰ ਹਨ ਨਵ-ਉਦਾਰਵਾਦੀ ਨੀਤੀਆਂ

 

 

ਕਰੋਨਾ ਸੰਕਟ:

ਮਹਾਂਮਾਰੀਆਂ ਦੀ ਜੰਮਣ ਭੋਇੰ ਹਨ ਨਵ-ਉਦਾਰਵਾਦੀ ਨੀਤੀਆਂ

ਕਰੋਨਾ ਮਹਾਂਮਾਰੀ ਨੇ ਸੰਸਾਰ ਪੂੰਜੀਵਾਦੀ ਨਿਜਾਮ ਨੂੰ ਬੁਰੀ ਤਰਾਂ ਬੇ-ਪਰਦ ਕਰਕੇ ਰੱਖ ਦਿੱਤਾ ਹੈ। ਲੁਟੇਰੀਆਂ ਜਮਾਤਾਂ ਦੀਆਂ ਸਭਨਾਂ ਹਕੂਮਤਾਂ ਨੇ ਪਹਿਲਾਂ ਹਰ ਤਰਾਂ ਦੀਆਂ ਖਤਰਿਆਂ ਦੀਆਂ ਘੰਟੀਆਂ ਨੂੰ ਨਜਰ-ਅੰਦਾਜ ਕਰਕੇ, ਸਿਹਤ ਢਾਂਚੇ ਨੂੰ ਮਜਬੂਤ ਕਰਨ ਦੇ ਕਦਮ ਲੈਣ ਤੋਂ ਪਾਸਾ ਵੱਟਿਆ ਤੇ ਮਗਰੋਂ ਬਿਮਾਰੀ ਫੈਲਣ ਵੇਲੇ  ਘਬਰਾਹਟ ਦੀ ਹਾਲਤ ਚ ਲੌਕਡਾਊਨ ਕੀਤੇ। ਲੌਕਡਾਊਨ ਰਾਹੀਂ ਵੀ ਲੋਕਾ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਤੇ ਆਪਣੇ ਜਮਾਤੀ ਹਿਤਾਂ ਨੂੰ ਅੱਗੇ ਵਧਾਉਣ ਦੇ ਮਨੋਰਥ ਪੂਰੇ ਕੀਤੇ। ਇਹ ਲੌਕਡਾਊਨ ਬਿਮਾਰੀ ਦਾ ਪਸਾਰਾ ਰੋਕਣ ਜਾਂ ਕਾਬੂ ਕਰਨ ਪੱਖੋਂ ਅਸਰਦਾਰ ਹੋਣ ਦੀ ਥਾਂ ਲੋਕਾਂ ਲਈ ਆਫਤ ਹੋ ਨਿਬੜੇ। ਸਾਡੇ ਆਪਣੇ ਸੂਬੇ ਚ ਤਾਂ ਹਾਲਤ ਇਹ ਹੈ ਕਿ ਸਰਕਾਰ ਨੇ ਕਰੋਨਾ ਨੂੰ ਲੋਕ ਆਵਾਜ਼ ਕੁਚਲਣ ਦਾ ਐੇਸਾ ਐਲਾਨੀਆਂ ਹੱਥਾ ਬਣਾ ਲਿਆ ਹੈ ਕਿ  ਲੋਕਾਂ ਨੂੰ ਕੋਵਿਡ-19 ਇੱਕ ਬਿਮਾਰੀ ਦੀ ਥਾਂ ਕੌਮਾਂਤਰੀ ਸਾਜਿਸ਼ ਲੱਗਣ ਲੱਗ ਪਿਆ ਹੈ। ਇਹ ਹਾਲਤ ਮੌਜੂਦਾ  ਹਕੂਮਤਾਂ ਤੇ ਨਿਜ਼ਾਮਾਂ ਪ੍ਰਤੀ ਬੇ-ਵਿਸ਼ਵਾਸ਼ੀ ਦੀ ਹਾਲਤ ਦਾ ਉੱਘੜਵਾਂ ਪ੍ਰਗਟਾਵਾ ਹੈ। ਪੂੰਜੀਵਾਦੀ ਮੁਨਾਫਿਆਂ ਨੂੰ ਜਰਾ ਕੁ ਆਂਚ ਆਈ ਤਾਂ ਸਭ ਕੁੱਝ ਖੋਲਣ ਦੇ ਕਦਮ ਲੈ ਲਏ ਗਏ। ਜਦੋਂ ਲਾਗ ਫੈਲਣ ਦੀ ਦਰ ਤੇਜ਼ੀ ਨਾਲ ਵਧੀ ਤਾਂ ਉਦੋਂ ਸਭ ਤਰਾਂ ਦੇ ਇਤਹਾਦੀ  ਕਦਮ ਵਾਪਸ ਲੈ ਲਏ ਗਏ ਕਿਉਂਕਿ ਕਾਰਪੋਰੇਟ ਜਗਤ ਨੂੰ ਕਾਰੋਬਾਰਾਂ ਦੀ ਮੱਧਮ ਰਫਤਾਰ ਜ਼ਰਾ ਵੀ ਨਹੀਂ ਪੁੱਗਦੀ। ਇਹ ਹਾਲਤ ਵਿਕਸਿਤ ਪੂੰਜੀਵਾਦੀ ਮੁਲਕਾਂ ਤੋਂ ਲੈ ਕੇ ਸੰਸਾਰ ਮਹਾਂਸ਼ਕਤੀ ਤੱਕ ਇੱਕੋ ਜਿਹੀ ਸੀ ਤੇ ਇਸ ਮਹਾਂਮਾਰੀ ਨੇ ਦਰਸਾਇਆ ਕਿ ਸੰਸਾਰ ਪੂੰਜੀਵਾਦੀ ਨਿਜ਼ਾਮ ਅੰਦਰ ਨਵ-ਉਦਾਰਵਾਦ ਦੇ ਦਹਾਕਿਆਂ ਦੇ ਅਮਲ ਨੇ ਇਹਨਾਂ ਨਿਜ਼ਾਮਾਂ ਦੇ ਸਿਹਤ ਢਾਂਚਿਆ ਨੂੰ ਏਨੀ ਬੁਰੀ ਤਰਾਂ ਜਰਜਰਾ ਕਰ ਦਿੱਤਾ ਹੈ ਕਿ ਇਹ ਹੁਣ ਕਿਸੇ ਵੀ ਤਰਾਂ ਦੀ ਸਿਹਤ ਐਮਰਜੈਂਸੀ ਵਰਗੀ ਹਾਲਤ ਦਾ ਟਾਕਰਾ ਕਰਨ ਦੀ ਹਾਲਤ ਚ ਨਹੀਂ ਹਨ। ਇਸ ਮਹਾਂਮਾਰੀ ਨੇ ਪੂੰਜੀਵਾਦ ਦੀ ਕੰਗਾਲੀ ਦੀ ਹਾਲਤ ਨੂੰ ਸਾਹਮਣੇ ਲਿਆ ਦਿੱਤਾ ਹੈ ਜਿਹੜਾ ਇਸ ਬਿਮਾਰੀ ਦੇ ਫੈਲਣ ਮੌਕੇ ਬੁਰੀ ਤਰਾਂ ਲਾਚਾਰ ਨਜ਼ਰ ਆਇਆ ਹੈ।

                ਕਰੋਨਾ ਮਹਾਂਮਾਰੀ ਨੇ ਇਹ ਵੀ ਦਰਸਾਇਆ ਹੈ ਕਿ ਸੰਸਾਰ ਪੂੰਜੀਵਾਦੀ ਪ੍ਰਬੰਧ ਮਨੁੱੁਖਤਾ ਨੂੰ ਕਿਸੇ ਤਬਾਹਕੁੰਨ ਹਾਲਤ ਚੋਂ ਬਚਾ ਸਕਣ ਦੇ ਸਮਰੱਥ ਨਹੀਂ ਹੈ। ਇਹ ਮੁਕਾਬਲੇ ਅਧਾਰਿਤ ਨਿਜ਼ਾਮਾਂ ਦੀ ਅਜਿਹੀ ਵਿਵਸਥਾ ਹੈ ਜਿੱਥੇ ਸੰਸਾਰ ਪੱਧਰ ਤੇ ਆਪਸੀ ਸਹਿਯੋਗ ਤੇ ਰਾਬਤਾ ਨਹੀਂ ਕੀਤਾ ਜਾ ਸਕਦਾ। ਮਹਾਂਮਾਰੀ  ਦੇ ਟਾਕਰੇ ਲਈ ਸੰਸਾਰ ਚ ਸਾਂਝੇ ਪੱਧਰ ਤੇ ਸੋਮੇ ਝੋਕਣ ਦੀ ਥਾਂ ਵਪਾਰਕ ਟਕਰਾਅ ਤੇਜ਼ ਕਰ ਲਏ ਗਏ। ਚੀਨ-ਅਮਰੀਕਾ ਟਕਰਾਅ ਇਸਦਾ ਜਾਹਰਾ ਨਮੂਨਾ ਹੈ। ਇਉਂ ਹੀ ਮਹਾਂਮਾਰੀ ਦੇ ਟਾਕਰੇ ਤੇ ਇਸਦੇ ਹੋਰਨਾਂ ਅਸਰਾਂ ਖਿਲਾਫ ਲੜਨ ਲਈ ਸਾਂਝਾ ਐਮਰਜੈਂਸੀ  ਫੰਡ ਜੁਟਾਉਣ ਲੱਗੀ ਯੂਰਪੀ ਯੂਨੀਅਨ ਚ ਵਖਰੇਵੇਂ ੳੱੁਭਰ ਆਏ। ਹਾਲਤ ਇੱਕ ਦੂਜੇ ਨੂੰ ਮੈਡੀਕਲ ਸਾਜੋ ਸਮਾਨ ਦੀ ਸਪਲਾਈ ਰੋਕ ਦੇਣ ਤੱਕ ਜਾ ਪਹੁੰਚੀ। ਜਰਮਨੀ ਨੇ ਅਤਿ ਲੋੜੀਂਦੇ ਸਾਜੋ ਸਮਾਨ ਇਟਲੀ ਨੂੰ ਦੇਣੋਂ ਇਨਕਾਰ ਕੀਤਾ ਤੇ ਫਰਾਂਸ ਨੇ ਇਟਲੀ ਅਤੇ ਸਪੇਨ ਨੂੰ ਮਾਸਕ ਦੇਣੋਂ ਜਵਾਬ ਦਿੱਤਾ। ਇਹ ਸੰਸਾਰ ਪੂੰਜੀਵਾਦੀ ਨਿਜ਼ਾਮਾਂ ਦੀ ਹਾਲਤ ਹੈ। ਹੁਣ ਸਾਂਝੇ ਯਤਨਾਂ ਰਾਹੀਂ, ਸਾਰੇ ਸੰਸਾਰ ਦੇ ਸੋਮੇ ਸ਼ਕਤੀਆਂ ਜੁਟਾ ਕੇ, ਵੈਕਸੀਨ ਬਣਾਉਣ ਦੇ ਕਾਰਜ ਦੀ ਥਾਂ, ਵੱਡੀਆਂ ਕੰਪਨੀਆਂ ਇੱਕ ਦੂਜੇ ਤੋਂ ਪਹਿਲਾਂ ਖੋਜ ਕਰਕੇ ਮੁਨਾਫੇ ਬਟੋਰਨ ਦੇ ਆਹਰ ਚ ਜੁਟੀਆਂ ਹੋਈਆਂ ਹਨ। ਇਹ ਹਾਲਤ ਦਰਸਾਉਂਦੀ ਹੈ ਕਿ ਸੰਸਾਰ ਭਰ ਚ ਸਮਾਜਵਾਦੀ ਨਿਜ਼ਾਮਾਂ ਦੀ ਹੋਂਦ ਨਾਲ ਹੀ ਇਹ ਸੰਭਵ ਹੋ ਸਕਦਾ ਹੈ ਕਿ ਸਾਂਝੇ ਉੱਦਮਾਂ ਨਾਲ ਅਜਿਹੀਆਂ ਮਹਾਂਮਾਰੀਆਂ ਦਾ ਟਾਕਰਾ ਕੀਤਾ ਜਾ ਸਕੇ। ਇਹ ਸੰਕਟ ਸੰਸਾਰ ਭਰ ਚ ਸਮਾਜਵਾਦੀ ਨਿਜ਼ਾਮ ਉਸਾਰਨ ਦੀ ਜ਼ਰੂਰਤ ਨੂੰ ਕਿਤੇ ਵਧੇਰੇ ਤਿੱਖੀ ਤਰਾਂ ਪੇਸ਼ ਕਰ ਰਿਹਾ ਹੈ।

                   ਇਸ ਸੰਕਟ ਨੇ ਇਹ ਤਾਂ ਦਰਸਾਇਆ ਹੀ ਹੈ ਕਿ ਸੰਸਾਰ ਪੂੰਜੀਵਾਦ ਦੀਆਂ ਲੁਟੇਰੀਆਂ ਨੀਤੀਆਂ ਤੇ ਸੁਭਾਅ ਨੇ ਅਜਿਹੀ ਹਾਲਤ ਸਿਰਜੀ ਹੈ ਕਿ ਮਨੁੱਖਤਾ ਅਜਿਹੀਆਂ ਆਫ਼ਤਾਂ ਨਾਲ ਨਜਿੱਠਣ ਜੋਗੀ ਨਹੀਂ ਛੱਡੀ। ਸਿਆਸੀ ਤੇ ਆਰਥਿਕ ਹਿੱਤਾਂ ਨੇ ਸਾਇੰਸ ਨੂੰ ਅਜਿਹੀਆਂ ਮਹਾਂਮਾਰੀਆਂ ਨਾਲ ਭਿੜਨ ਦੇ ਮਾਮਲੇ ਚ ਕਮਜ਼ੋਰ ਕਰ ਦਿੱਤਾ ਹੈ। ਇਸਤੋਂ ਵੀ ਅੱਗੇ ਮਹੱਤਵਪੂਰਨ ਨੁਕਤਾ ਇਹ ਹੈ ਕਿ ਸੰਸਾਰ ਸਾਮਰਾਜੀ ਨਿਜ਼ਾਮ ਆਪ ਹੀ ਅਜਿਹੀਆਂ ਮਹਾਂਮਾਰੀਆਂ ਤੇ ਅਨੇਕ ਤਰਾਂ ਦੇ ਮਾਰੂ ਰੋਗਾਂ ਲਈ ਜੰਮਣ ਭੋਂਇੰ ਹੈ। ਇਹ ਸਾਮਰਾਜੀ ਨਿਜ਼ਾਮ ਹੈ ਜਿਹੜਾ ਸਾਇੰਸ ਵੱਲੋਂ ਪੁਰਾਣੇ ਮਾਰੂ ਰੋਗਾਂ ਤੇ ਫਤਹਿ ਪਾ ਲੈਣ ਮਗਰੋਂ ਨਵੇਂ ਵਾਇਰਸਾਂ ਨੂੰ ਵਿਕਾਸ ਕਰਨ ਲਈ ਜ਼ਮੀਨ ਦਿੰਦਾ ਹੈ। ਵਿਗਿਆਨੀ ਦੱਸ ਰਹੇ ਹਨ ਕਿ ਹੁਣ ਬਿਮਾਰੀਆਂ ਦੇ ਟੀਕੇ ਖੋਜਣ ਤੋਂ ਵੀ ਮਹੱਤਵਪੂਰਨ ਕਾਰਜ ਇਹ ਉੱਭਰ ਰਿਹਾ ਹੈ ਕਿ ਅਣੂਆਂ ਦੀਆਂ ਉਹਨਾਂ ਵਿਧੀਆਂ ਦਾ ਥਹੁ ਪਾਇਆ ਜਾਵੇ ਜਿੰਨਾਂ ਨਾਲ ਵਾਇਰਸ ਮਨੁੱਖੀ ਰੋਗ ਰੋਧਕ ਸਮਰੱਥਾ ਦੇ ਉੱਪਰ ਦੀ ਪੈਂਦੇ ਹਨ। ਪਰ ਦਵਾਈ ਕੰਪਨੀਆਂ ਦੀ ਇਹਨਾਂ ਖੋਜਾਂ ਚ ਕੋਈ ਰੁਚੀ ਨਹੀਂ ਹੈ ਕਿਉਂਕਿ ਉਹਨਾਂ ਨੂੰ ਤਾਂ ਵੈਕਸੀਨਾਂ ਤੋਂ ਮੁਨਾਫੇ ਕਮਾਉਣ ਦੀ ਹੁੰਦੀ ਹੈ। ਉਹਨਾਂ ਦੀ ਰੁਚੀ ਤਾਂ ਨਵੀਂ ਕਿਸਮ ਦੇ ਰੋਗਾਂ ਦੇ ਪੈਦਾ ਹੋ ਜਾਣ ਚ ਜ਼ਿਆਦਾ ਹੈ। ਇਹ ਪੂੰਜੀਵਾਦੀ ਦਾ  ਘੋਰ ਅਣਮਨੁੱਖੀ ਚਿਹਰਾ ਹੈ।

                   ਨਵੇਂ ਰੋਗਾਂ ਦੇ ਉਤਪੰਨ ਹੋਣ ਦਾ ਸੰਬੰਧ ਉਹਨਾਂ ਹਾਲਤਾਂ ਨਾਲ ਬਣਦਾ ਹੈ ਜਿਹੜੀਆਂ ਨਵੇਂ ਵਾਇਰਸਾਂ ਦੇ ਵਿਕਾਸ ਲਈ ਅਧਾਰ ਬਣਦੀਆਂ ਹਨ। ਇਹ ਹਾਲਤਾਂ ਪੂੰਜੀਵਾਦੀ ਨਿਜ਼ਾਮਾਂ ਦੀਆਂ ਆਰਥਿਕ-ਸਮਾਜਿਕ ਹਾਲਤਾਂ ਹਨ। ਜਿਵੇਂ ਕਿ ਬਹੁਕੌਮੀ ਖੇਤੀ ਕਾਰਪੋਰੇਸ਼ਨਾਂ ਦਾ ਵੱਡਾ ਕਾਰੋਬਾਰ ਇਹਨਾਂ ਨਵੇਂ ਵਾਇਰਸਾਂ ਦੇ ਪੈਦਾ ਹੋਣ ਤੇ ਮਹਾਂਮਾਰੀ ਚ ਵਟ ਜਾਣ ਲਈ ਸਭ ਤੋਂ ਵੱਡਾ ਦੋਸ਼ੀ ਹੈ। ਇਹ ਅਤਿ ਆਧੁੁਨਿਕ ਤਰੀਕਿਆਂ ਨਾਲ ਖੇਤੀ ਚੋਂ ਮੁਨਾਫੇ ਹਾਸਲ ਕਰਦਾ ਹੈ। ਜਾਨਵਰਾਂ ਦਾ ਸੋਸ਼ਣ ਤੇ ਭਿਆਨਕ ਤਕਨੀਕਾਂ ਇਹਨਾਂ ਦੇ ਢੰਗ ਤਰੀਕਿਆਂ ਚ ਸ਼ੁੁਮਾਰ ਹਨ। ਜਿਵੇਂ ਵੱਡੇ ਪੋਲਟਰੀ ਉਦਯੋਗ ਨੇ ਬਰੈਲਰ ਮੁੁਰਗਿਆਂ ਦਾ ਵੱਡਾ ਕਾਰੋਬਾਰ ਚਲਾ ਦਿੱਤਾ ਹੈ ਪਰ ਜੀਨ ਬਦਲਣ ਕਾਰਨ ਇਹ ਸਧਾਰਨ ਮੁੁਰਗਿਆਂ ਨਾਲੋ ਅੱਧੀ ਖੁਰਾਕ ਨਾਲ ਪਰ ਤਿੰਨ ਗੁਣਾਂ ਤੇਜ਼ੀ ਨਾਲ ਵਿਕਾਸ ਕਰਦੇ ਹਨ। ਇਹ ਮੁਨਾਫੇ ਦਿੰਦੇ ਹਨ ਪਰ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਖੋਰਾ ਲਾਉਣ ਦਾ ਕਾਰਨ ਬਣਦੇ ਹਨ।

                   ਬਹੁਕੌਮੀ ਖੇਤੀ ਕਾਰਪੋਰੇਸ਼ਨਾਂ ਦਾ ਸਮੁੱਚਾ ਕਾਰੋਬਾਰ ਹੀ ਅਜਿਹਾ ਹੈ ਜਿਹੜਾ ਨਵੇਂ ਵਾਇਰਸਾਂ ਦੇ ਵਿਗਸਣ       ਦਾ ਅਧਾਰ ਦਿੰਦਾ ਹੈ। ਇਸਨੇ ਖੇਤੀ ਤੇ ਮਨੁੱਖੀ ਖਾਧ ਖੁਰਾਕ ਦੇ ਖੇਤਰ ਚ ਕੁਦਰਤੀ ਮਹੌਲ ਦਾ ਖਾਤਮਾ ਕਰਕੇ ਸਾਰਾ ਮਸਨੂਈ ਮਹੌਲ ਉਸਾਰ ਲਿਆ ਹੈ। ਇਸਨੇ ਪੌਦਿਆਂ, ਪੰਛੀਆਂ ਤੇ ਜਾਨਵਰਾਂ ਦੀਆਂ ਵੱਖ-2 ਵੰਨਗੀਆਂ ਦੀ ਥਾਂ ਇਕਸਾਰ ਵੰਨਗੀਆਂ ਪੈਦਾ ਕੀਤੀਆਂ ਹਨ। ਉਹਨਾਂ ਨੂੰ ਕੁਦਰਤੀ ਮਹੌਲ ਚੋਂ ਕੱਢ ਕੇ  ਚਾਰ ਦਿਵਾਰੀਆਂ ਚ ਕੈਦ ਕਰ ਲਿਆ ਹੈ। ਇਸਨੇ ਬਹੁ-ਵੰਨਗੀਆਂ ਚ ਵਿਕਸਤ ਹੋਣ ਵਾਲੀ ਪ੍ਰਤੀਰੋਧਕ ਸਮਰੱਥਾ ਨੂੰ ਬੇਹੱਦ ਕਮਜ਼ੋਰ ਕੀਤਾ ਹੈ। ਜੰਗਲਾਂ ਦੀ ਤਬਾਹੀ ਨੇ ਵਾਤਾਵਰਨ ਵਿਗਾੜਾਂ ਨੂੰ ਤੇਜ਼ ਕਰ ਦਿੱਤਾ ਹੈ। ਜੰਗਲੀ ਤੇ ਕੁਦਰਤੀ ਮਹੌਲ ਚ ਪਲਣ ਦੀ ਥਾਂ ਮਨੁੱਖੀ ਖਾਧ ਖੁਰਾਕ ਬਣਨ ਵਾਲੇ ਜਾਨਵਰ ਗੈਰ-ਕੁੁਦਰਤੀ ਢੰਗ ਨਾਲ ਸਿਰਜੇ ਗਏ ਮਸਨੂਈ ਮਹੌਲ ਚ ਵੱਡੇ ਹੁੰਦੇ ਹਨ। ਕੁਦਰਤੀ ਵਾਤਾਵਰਨ ਚ ਪਲਣ-ਰਹਿਣ ਵਾਲੇ ਜੀਵਾਂ ਚ ਪ੍ਰਤੀਰੋਧਕ ਸਮਰੱਥਾ ਜ਼ਿਆਦਾ ਹੁੰਦੀ ਹੈ, ਜਦ ਕਿ ਫੈਕਟਰੀ-ਨੁੁਮਾ ਫਾਰਮਾਂ ਚ ਰੱਖੇ ਜੀਵਾਂ ਚ ਇਹ ਬੇਹੱਦ ਘਟ ਰਹੀ ਹੈ। ਇਹਨਾਂ ਚ ਵਿਗਸਦੇ ਤੇ ਫੈਲਦੇ ਵਾਇਰਸਾਂ ਦਾ ਮਨੁੱਖਾਂ ਤੱਕ ਸੰਚਾਰ ਹੁੰਦਾ ਹੈ ਤੇ ਇਹ ਤਬਾਹਕੁੰੁਨ ਹੋ ਨਿੱਬੜਦੇ ਹਨ। ਬਹੁਕੌਮੀ ਕਾਰਪੋਰੇਸ਼ਨਾਂ ਵੱਲੋਂ ਖੇਤੀ ਰਾਹੀਂ ਪੈਦਾ ਕੀਤੀ ਜਾ ਰਹੀ ਖਾਧ-ਖੁਰਾਕ ਬੁਨਿਆਦੀ ਤੌਰ ਤੇ ਮੁਨਾਫ਼ੇ ਦੀਆਂ ਲੋੜਾਂ ਤੇ ਅਧਾਰਿਤ ਹੈ ਅਤੇ ਇਹਨਾਂ ਮੁਨਾਫਿਆਂ ਦੀ ਗਰੰਟੀ ਲਈ ਸਭਨਾਂ ਮੁੁਲਕਾਂ ਦੀਆਂ ਹਕੂਮਤਾਂ ਸਭ ਤਰਾਂ ਦੇ ਨਿਯਮਾਂ-ਕਾਨੂੰਨਾਂ  ਨੂੰ ਖਾਰਜ ਕਰਕੇ ਉਹਨਾਂ ਨੂੰ ਮਰਜ਼ੀ ਕਰਨ ਦੀ ਖੁੱਲ ਦੇ ਰਹੀਆਂ ਹਨ। ਪਛੜੇ ਮੁੁਲਕਾਂ ਚ ਸਸਤੀ ਜ਼ਮੀਨ ਅਤੇ  ਸਸਤੀ ਕਿਰਤ ਦੀ ਲੁੱਟ ਦੇ ਅਧਾਰ ਤੇ ਏਥੇ ਪੰਛੀਆਂ-ਜਾਨਵਰਾਂ ਦੇ ਵੱਡੇ ਭੰਡਾਰ ਕੀਤੇ ਜਾਂਦੇ ਹਨ ਤੇ ਜਿਹੜੇ ਮਗਰੋਂ ਦੁਨੀਆਂ ਦੇ ਕੋਨੇ ਕੋਨੇ ਚ ਪਹੁੰਚਦੇ ਹਨ। ਜਿਣਸਾਂ ਦੀਆਂ ਕੌਮਾਂਤਰੀ ਲੜੀਆਂ ਜ਼ਰੀਏ ਪੂੰਜੀਵਾਦੀ ਸੰਸਾਰੀਕਰਨ ਆਪਣੇ ਆਪ ਚ ਹੀ ਇਹਨਾਂ ਵਾਇਰਸਾਂ ਨੂੰ ਦੇਸ਼ਾਂ ਦੇਸ਼ਾਂਤਰਾਂ ਤੱਕ ਫੈਲਾਉਣ ਦਾ ਸਾਧਨ ਹੈ। ਇਸ ਸੰਸਾਰੀਕਰਨ ਨੇ ਬਿਮਾਰੀਆਂ ਦਾ ਵੀ ਸੰਸਾਰੀਕਰਨ ਕਰ ਦਿੱਤਾ ਹੈ। ਸਾਡੇ ਮੁਲਕ ਚ ਨਵੇਂ ਲਿਆਂਦੇ ਗਏ ਖੇਤੀ ਆਰਡੀਨੈਂਸਾਂ ਦੇ ਅਸਰ ਸਿਰਫ਼ ਆਰਥਿਕ ਖੇਤਰ ਤੱਕ ਸੀਮਤ ਰਹਿਣ ਵਾਲੇ ਨਹੀਂ ਹਨ, ਸਗੋਂ ਇਹ ਮਨੁੱਖੀ ਖਾਧ-ਖੁਰਾਕ ਨੂੰ ਹੋਰ ਵਧੇਰੇ ਗੈਰ-ਕੁਦਰਤੀ ਬਣਾਉਣ ਵਾਲੇ ਹੋਣਗੇ। ਇਉ ਹੋਰ ਵਧੇਰੇ ਮਾਰੂ ਬਿਮਾਰੀਆਂ ਲਈ ਜ਼ਮੀਨ ਸਿਰਜੀ ਜਾ ਰਹੀ ਹੈ। ਪਹਿਲਾਂ ਹੀ ਹਰੇ ਇਨਕਲਾਬ ਦੇ ਨਾਂ ਤੇ ਸਾਡੀ ਬੇਹੱਦ ਉਪਜਾਊ ਧਰਤੀ ਨੂੰ ਬੰਜਰ ਬਣਾਉਣ ਵੱਲ ਧੱਕਿਆ ਜਾ ਚੁੱਕਾ ਹੈ ਤੇ ਸ਼ੁੱਧ ਵਾਤਾਵਰਨ ਨੂੰ ਜ਼ਹਿਰੀਲਾ ਕਰ ਦਿੱਤਾ ਹੈ। ਹੁਣ ਠੇਕਾ ਖੇਤੀ ਰਾਹੀਂ ਬਹੁਕੌਮੀ ਕਾਰਪੋਰੇਸ਼ਨਾਂ ਵੱਲੋਂ ਧਰਤੀ ਨੂੰ ਪਲੀਤ ਕਰਨ ਦਾ ਕੁਕਰਮ ਹੋਰ ਵੱਡੀ ਪੱਧਰ ਤੇ ਕੀਤਾ ਜਾਣਾ ਹੈ ਤੇ ਮਹਾਂਮਾਰੀਆਂ ਦੇ ਫੈਲਣ ਲਈ ਹੋਰ ਸਮਾਨ ਜੁਟਾਇਆ ਜਾਣਾ ਹੈ। ਵਾਤਾਵਰਨ ਪ੍ਰਤੀ ਇਹਨਾਂ ਕੰਪਨੀਆਂ ਨੂੰ ਕਿਸੇ ਤਰਾਂ ਦੀ ਵੀ ਜਵਾਬਦੇਹੀ ਤੋਂ ਮੁਕਤ ਰੱਖਿਆ ਜਾਣਾ ਹੈ। ਵਾਤਾਵਰਨ ਤੇ ਪੈਣ ਵਾਲੇ ਅਸਰਾਂ ਦੀ ਨਜ਼ਰਸਾਨੀ ਕਰਨ ਵਾਲੇ ਕਾਨੂੰਨ ਵੀ ਛਾਂਗੇ ਜਾ ਰਹੇ ਹਨ। ਇਹਦੇ ਬਾਰੇ ਚਰਚਾ ਕਰਨ ਤੇ ਵੀ ਰੋਕਾਂ ਮੜੀਆਂ ਜਾ ਰਹੀਆਂ ਹਨ। ਇਉਂ ਨਵੇਂ ਖੇਤੀ ਆਰਡੀਨੈਂਸਾਂ ਖਿਲਾਫ਼ ਸੰਘਰਸ਼, ਵਾਤਾਵਰਨ ਤੇ ਅਸਰਾਂ ਬਾਰੇ ਨਵੇਂ ਨੋਟੀਫਿਕੇਸ਼ਨ, ਜੰਗਲਾਂ ਬਾਰੇ ਹੱਕਾਂ ਦਾ ਨਵਾਂ ਕਾਨੂੰਨ ਆਦਿ ਸਭ ਇੱਕੋ ਲੜੀ ਦੇ ਕਦਮ ਹਨ ਤੇ ਬਹੁਕੌਮੀ ਕਾਰਪੋਰੇਸ਼ਨਾਂ ਦੇ ਉਹਨਾਂ ਕਾਰੋਬਾਰਾਂ  ਨੂੰ ਹੁਲਾਰਾ ਦੇਣ ਲਈ ਹਨ ਜਿਹੜੇ ਕਰੋਨਾ ਵਾਇਰਸ ਵਰਗੀਆਂ ਮਹਾਂਮਾਰੀਆਂ ਨੂੰ ਜਨਮ ਦੇ ਰਹੇ ਹਨ। ਕਰੋਨਾ ਮਸਲੇ ਤੇ ਸੰਘਰਸ਼ ਇਹਨਾਂ ਕਦਮਾਂ ਖਿਲਾਫ਼ ਸੰਘਰਸ਼ਾਂ ਨਾਲ ਗੁੰਦਵਾਂ ਸੰਘਰਸ਼ ਬਣਦਾ ਹੈ।   

No comments:

Post a Comment