Tuesday, October 6, 2020

ਇਕ ਪਾਠਕ ਦੇ ਤੌਰ ’ਤੇ ਭਗਤ ਸਿੰਘ

ਇਕ ਪਾਠਕ ਦੇ ਤੌਰ ਤੇ ਭਗਤ ਸਿੰਘ

(ਹਰਜੀਤ ਉਬਰਾਏ, ਪ੍ਰੋਫੈਸਰ,ਸਾਊਥ ਏਸ਼ੀਅਨ ਸੋਸ਼ਲਐੰਡ ਰਿਲੀਜਸ ਹਿਸਟਰੀ,

ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ)

ਇਹ ਲਿਖਤ ਸ਼ਹੀਦ ਭਗਤ ਸਿੰਘ ਅੰਦਰ ਮੌਜੂਦ ਗਿਆਨ ਹਾਸਲ ਕਰਨ ਦੀ ਤੀਬਰ ਤਾਂਘ ਬਾਰੇ ਜਾਣਕਾਰੀ ਦਿੰਦੀ ਹੈ ਤੇ ਲੇਖਕ ਵੱਲੋਂ ਟਿੱਪਣੀ ਵੀ ਹੈ। ਗਿਆਨ ਹਾਸਲ ਕਰਨ ਦੀ ਇਹ ਤਾਂਘ ਮੁਲਕ ਦੇ ਕਿਰਤੀ ਲੋਕਾਂ ਦੀ ਬੰਦਖਲਾਸੀ ਦਾ ਰਸਤਾ ਤਲਾਸ਼ ਕਰਨ ਚੋਂ ਉਪਜਦੀ ਸੀ। ਇਹ ਗਿਆਨ ਹਾਸਲ ਕਰਨ ਦੀ ਤਾਂਘ ਹੀ ਸੀ ਜਿਸਨੇ ਭਗਤ ਸਿੰਘ ਨੂੰ ਤੇਜੀ ਨਾਲ ਇੱਕ ਦਹਿਸ਼ਤ ਪਸੰਦ ਇਨਕਲਾਬੀ ਤੋਂ ਕਮਿਊਨਿਸਟ ਇਨਕਲਾਬੀ ਦਾ ਸਫਰ ਤੈਅ ਕੀਤਾ ਤੇ ਸਭ ਤੋਂ ਵਿਕਸਤ ਇਨਕਲਾਬੀ ਸਿਧਾਂਤ ਮਾਰਕਸਵਾਦ ਨੂੰ ਅਪਣਾਇਆ। ਆਪਣੇ ਸੰਖੇਪ ਸਿਆਸੀ ਜੀਵਨ ਦੌਰਾਨ (ਉਹ ਵੀ ਮੁੱਖ ਤੌਰ ਤੇ ਜੇਲ੍ਹ ਅੰਦਰ) ਇਸ ਸਿਧਾਂਤ ਨੂੰ ਭਾਰਤੀ ਹਾਲਤਾਂ ਚ ਲਾਗੂ ਕਰਨ ਲਈ ਗੰਭੀਰ ਸੋਚ-ਵਿਚਾਰ ਦੇ ਅਮਲ ਚੋਂ ਗੁਜ਼ਰਿਆ। ਲੇਖਕ ਵੱਲੋਂ ਭਗਤ ਸਿੰਘ ਦੀ ਤੁਲਨਾ ਨਹਿਰੂ ਨਾਲ ਕਰਨ ਦਾ ਆਪਣਾ ਨਜ਼ਰੀਆ ਹੈ, ਚਾਹੇ ਮੁਲਕ ਦੀਆਂ ਦਲਾਲ ਜਮਾਤਾਂ ਦੇ ਆਗੂ ਵਜੋਂ ਨਹਿਰੂ ਦੀਆ ਅਧਿਐਨ ਕਰਨ ਦੀਆਂ ਵਖਰੀਆਂ ਲੋੜਾਂ ਸਨ। ਦਲਾਲ ਜਮਾਤਾਂ ਦੇ ਸਿਆਸੀ ਆਗੂਆਂ ਤੇ ਕਿਰਤੀ ਜਮਾਤਾਂ ਦੇ ਸਿਆਸੀ ਆਗੂਆਂ ਦੀਆਂ ਅਧਿਐਨ ਰੁਚੀਆਂ ਤੇ ਸਮਰਥਾਵਾਂ ਦੀ ਇਉਂ ਤੁਲਨਾ ਵੱਖਰੀ ਬਹਿਸ ਦਾ ਵਿਸ਼ਾ ਹੈ। ਸਾਡੇ ਵੱਲੋਂ ਇਹ ਲਿਖਤ ਦੇਣ ਦਾ ਭਾਵ ਨਹਿਰੂ ਨਾਲ ਤੁਲਨਾ ਨਾਲੋਂ ਜਿਆਦਾ ਇੱਕ ਜਗਿਆਸੂ ਪਾਠਕ ਵਜੋਂ ਭਗਤ ਸਿੰਘ ਦੀ ਸਖਸ਼ੀਅਤ ਦੇ ਇਸ ਪਹਿਲੂ ਤੇ ਝਾਤ ਪੁਵਾਉਣਾ ਹੈ। ਗੰਭੀਰ ਸਿਧਾਂਤਕ ਅਧਿਐਨ ਲਈ ਆਪਣੀ ਜੁਝਾਰ ਇਨਕਲਾਬੀ ਵਿਰਾਸਤ ਤੋਂ ਪ੍ਰੇਰਨਾ ਲੈਣ ਦਾ ਸੱਦਾ ਦੇਣਾ ਵੀ ਹੈ।-------ਸੰਪਾਦਕ

ਕਿਹਾ ਜਾਂਦਾ ਹੈ ਕਿ 23 ਮਾਰਤ 1931 ਨੂੰ, ਜਿਸ ਦਿਨ ਭਗਤ ਸਿੰਘ ਨੂੰ ਲਾਹੌਰ ਦੀ ਸੈਂਟਰਲ ਜੇਲ ਵਿੱਚ ਫਾਂਸੀ ਦਿੱਤੀ ਜਾਣੀ ਸੀ, ਭਗਤ ਸਿੰਘ ਨੇ ਆਪਣੇ ਵਕੀਲ ਤੋਂ ਲੈਨਿਨ ਬਾਰੇ ਕਿਤਾਬ ਲਿਆ ਕੇ ਦੇਣ ਦੀ ਮੰਗ ਕੀਤੀ ਸੀ। ਸਾਨੂੰ ਇਹ ਨਹੀਂ ਪਤਾ ਕਿ ਅਸਲ ਵਿੱਚ ਵਕੀਲ ਭਗਤ ਸਿੰਘ ਲਈ ਇਹ ਕਿਤਾਬ ਲਿਆਇਆ ਜਾਂ ਨਹੀਂ ਜਾਂ ਭਗਤ ਸਿੰਘ ਨੂੰ ਉਸ ਦੇ ਸਖਤ ਜੇਲਰਾਂ ਨੇ ਕਿਤਾਬ ਪੜਨ ਦਾ ਸਮਾਂ ਦਿੱਤਾ ਜਾਂ ਨਹੀਂ। ਸ਼ਾਇਦ ਇਹ ਕਹਾਣੀ ਇਸ ਚੀਜ਼ ਨੂੰ ਜ਼ੋਰਦਾਰ ਯਾਦ ਕਰਾਉਣ ਵਾਲੀ ਇਕ ਮਿੱਥ ਹੋਵੇ ਕਿ ਵਿਚਾਰਾਂ ਅਤੇ ਕਿਤਾਬਾਂ ਦੀ ਦੁਨੀਆਂ ਨਾਲ ਭਗਤ ਸਿੰਘ ਦਾ ਕਿੰਨਾਂ ਜ਼ਿਆਦਾ ਪਿਆਰ ਸੀ। ਆਪਣੀ ਸ਼ਹਾਦਤ ਵਾਲੇ ਦਿਨ ਤੱਕ, 23 ਸਾਲਾਂ ਤੋਂ ਕੁੱਝ ਕੁ ਮਹੀਨੇ ਵੱਧ ਉਮਰ ਵਿੱਚ, ਭਗਤ ਸਿੰਘ ਨੇ ਉਨੀਆਂ ਕਿਤਾਬਾਂ ਪੜ ਲਈਆਂ ਸਨ, ਜਿੰਨੀਆਂ ਕਿਤਾਬਾਂ ਬਹੁਤੇ ਲੋਕ ਆਪਣੀ ਸਾਰੀ ਜ਼ਿੰਦਗੀ  ਵਿੱਚ ਨਹੀਂ ਪੜ੍ਹਦੇ। ਉਸ ਵੱਲੋਂ ਪੜੀਆਂ ਜਾਣ ਵਾਲੀਆਂ ਕਿਤਾਬਾਂ ਵਿੱਚ ਸ਼ਾਮਲ ਸਨ : ਨਾਵਲ, ਸਿਆਸਤ, ਇਤਿਹਾਸ, ਨਿਆਂ ਸ਼ਾਸਤਰ ਅਤੇ ਜੀਵ ਵਿਗਿਆਨ ਨਾਲ ਸਬੰਧਤ ਕਿਤਾਬਾਂ, ਬਸਤੀਵਾਦੀਆਂ ਵੱਲੋਂ ਦੂਜੇ ਲੋਕਾਂ ਦੇ ਸੱਭਿਆਚਾਰਾਂ ਬਾਰੇ ਲਿਖੀਆਂ ਕਿਤਾਬਾਂ, ਕਵਿਤਾਵਾਂ ਦੀਆਂ ਕਿਤਾਬਾਂ, ਨਾਟਕ ਅਤੇ ਫਿਲਾਸਫੀ ਨਾਲ ਸਬੰਧਤ ਕਿਤਾਬਾਂ।

          ਉਸ ਵੱਲੋਂ ਏਨਾ ਪੜਨ ਦੇ ਪਿੱਛੇ ਕੀ ਸੀ? ਸਭ ਤੋਂ ਵੱਡੀ ਗੱਲ ਆਪਣੇ ਆਪ ਨੂੰ ਇੱਕ ਲਾਇਬਰੇਰੀ ਨਾਲ ਘਿਰੇ ਰੱਖਣ ਦੀ ਲੋੜ ਕਿਉ ਸੀ? ਉਸ ਦੇ ਪੜਨ ਦਾ ਵਿਸ਼ਾਲ ਦਾਇਰਾ ਕਲਾਸਕੀ ਸਾਹਿਤ ਤੋਂ ਲੈ ਕੇ ਉੱਚੀ ਅਧੁਨਿਕਤਾ ਤੱਕ ਫੈਲਿਆ ਹੋਇਆ ਸੀ। ਉਦਾਹਰਣ ਲਈ ਕਵਿਤਾ ਦੇ ਖੇਤਰ ਵਿੱਚ ਉਸ ਨੇ ਮਿਰਜ਼ਾ ਗਾਲਿਬ ਅਤੇ ਵਿਲੀਅਮ ਵਰਡਜ਼ਵਰਥ ਨੂੰ ਪੜ੍ਹਿਆ ਸੀ। ਸਿਆਸੀ ਕਿਤਾਬਾਂ ਦੇ ਮਾਮਲੇ ਚ ਉਸ ਨੇ ਰੂਸੋ ਅਤੇ ਮਾਰਕਸ ਦੋਹਾਂ ਨੂੰ ਪੜਿਆ ਹੋਇਆ ਸੀ। ਨਾਵਲਾਂ ਦੇ ਸਬੰਧ ਵਿੱਚ ਉਸ ਦੇ ਸੁਆਦ ਦੇ ਘੇਰੇ ਵਿੱਚ ਫਿਊਦਰ ਦੋਸਤੋਵਸਕੀ, ਮੈਕਸਿਮ ਗੋਰਕੀ, ਚਾਰਲਸ ਡਿਕਨਜ਼, ਜੈਕ ਲੰਡਨ ਅਤੇ ਅਪਟਨ ਸਿਨਕਲੇਅਰ ਸ਼ਾਮਲ ਸਨ। ਭਗਤ ਸਿੰਘ ਦੀਆਂ ਜੇਲ੍ਹ ਦੀਆਂ ਮਸ਼ਹੂਰ ਨੋਟ ਬੁੱਕਾਂ ਦੇ ਪਹਿਲੇ ਸਫੇ ਤੇ ਕਵਿਤਾ ਦੀਆਂ ਦੋ ਟੂਕਾਂ ਉੱਕਰੀਆਂ ਹੋਈਆਂ ਹਨ: ਇੱਕ ਸੈਕਸ਼ਪੀਅਰ ਦੀ ਤੇ ਦੂਜੀ ਗਾਲਿਬ ਦੀ। ਤੁਸੀਂ ਉਸ ਦੀਆਂ ਪੜਨ ਦੀਆਂ ਆਦਤਾਂ ਦਾ ਰਹੱਸ ਕਿਵੇਂ ਖੋਲ੍ਹੋਗੇ?

          ਸ਼ਾਇਦ ਉਪ-ਮਹਾਂਦੀਪ ਦੇ ਇਤਿਹਾਸ ਵਿੱਚ ਹੋਏ ਇਕ ਹੋਰ ਵੱਡੇ ਪਾਠਕ ਨਹਿਰੂ ਨਾਲ ਤੁਲਨਾ ਕਰਕੇ ਸਾਨੂੰ ਇਸ ਬਾਰੇ ਕੁੱਝ ਜਾਣਕਾਰੀ ਮਿਲ ਸਕੇ। ਇੱਕ ਜਾਣਕਾਰੀ ਭਰਪੂਰ ਲੇਖ ਵਿੱਚ, ਮਰਹੂਮ ਮੁਸ਼ੀਰੁਲ ਹਸਨ ਦਸਦੇ ਹਨ ਕਿ 21 ਮਈ 1922 ਤੋਂ  29 ਜਨਵਰੀ 1923 ਤੱਕ ਨਹਿਰੂ ਨੇ 55 ਕਿਤਾਬਾਂ ਪੜੀਆਂ। ਇਹ ਹਫਤੇ ਦੀ ਇਕ ਕਿਤਾਬ ਪੜਨ ਦੇ ਬਰਾਬਰ ਹੈ। ਭਗਤ ਸਿੰਘ ਵਾਂਗ ਹੀ ਅਸੀਂ ਨਹਿਰੂ ਬਾਰੇ ਪੁੱਛ ਸਕਦੇ ਹਾਂ ਕਿ ਨਹਿਰੂ ਨੂੰ ਕਿਤਾਬਾਂ ਪੜਨ ਲਈ ਕਿਹੜੀ ਚੀਜ਼ ਪ੍ਰੇਰਤ ਕਰ ਰਹੀ ਸੀ। ਨਹਿਰੂ ਦੀਆਂ ਸਾਰੀਆਂ ਜਟਿਲਤਾਵਾਂ ਨੂੰ ਸਮਝਣਾ ਕਦੇ ਵੀ ਏਨਾ ਸੌਖਾ ਨਹੀਂ, ਪਰ ਜਦੋਂ ਉਸ ਦੇ ਪੜਨ ਬਾਰੇ ਗੱਲ ਕਰਨੀ ਹੋਵੇ ਤਾਂ ਇਹ ਗੱਲ ਸੌਖਿਆਂ ਹੀ ਕਹੀ ਜਾ ਸਕਦੀ ਹੈ ਕਿ ਬਹੁਤੀ ਵਾਰੀ ਉਹ ਇਹ ਵੀ ਜਾਨਣਾ ਚਾਹੁੰਦਾ ਸੀ ਕਿ ਦੇਸ਼ ਦੇ ਭਵਿੱਖ ਲਈ ਸੇਧ ਲੈਣ ਲਈ ਭਾਰਤ ਦੇ ਭੂਤ ਕਾਲ ਤੋਂ ਕਿਹੜੀਆਂ ਸਚਾਈਆਂ ਬਾਰੇ ਜਾਣਿਆ ਜਾ ਸਕਦਾ ਹੈ। ਸੱਭਿਅਤਾ ਦੇ ਭੂਤ ਕਾਲ ਨਾਲ ਸਬੰਧਤ ਉਸ ਦੇ ਪੱਕੇ ਸਰੋਕਾਰ ਬਾਰੇ ਸਾਨੂੰ ਉਸ ਦੀਆਂ ਲਿਖਤਾਂ ਅਤੇ ਭਾਸ਼ਣਾਂ ਦੇ ਕਈ ਪੈਰਿਆਂ ਤੋਂ  ਸਪਸ਼ਟ ਗਿਆਨ ਹੁੰਦਾ ਹੈ।

          ਇਸ ਸੋਚਣੀ ਦੇ ਸੰਸ਼ਲੇਣਾਤਮਿਕ ਢੰਗ ਦੀ ਉੱਘੜਵੀਂ ਉਦਾਹਰਣ ਹੇਠ ਲਿਖੇ ਪੈਰੇ ਤੋਂ ਮਿਲ ਸਕਦੀ ਹੈ :

          ‘‘ਮੇਰੀ ਵਿਰਾਸਤ ਕੀ ਹੈ? ਮੈਂ ਕਿਸ ਚੀਜ਼ ਦਾ ਵਾਰਿਸ ਹਾਂ? ਉਸ ਸਭ ਕੁੱਝ ਦਾ ਜਿਸ ਨੂੰ ਮਨੁੱਖਤਾ ਨੇ ਦਹਿ-ਹਜ਼ਾਰਾਂ ਸਾਲਾਂ ਦੌਰਾਨ ਪ੍ਰਾਪਤ ਕੀਤਾ ਹੈ, ਉਸ ਸਭ ਕੁੱਝ ਦਾ ਜਿਸ ਨੂੰ ਇਸ ਨੇ ਸੋਚਿਆ ਤੇ ਮਹਿਸੂਸ ਕੀਤਾ ਹੈ ਅਤੇ ਉਹਨਾਂ ਸਾਰੇ ਦੁੱਖਾਂ ਅਤੇ ਖੁਸ਼ੀਆਂ, ਇਸ ਦੇ ਜਿੱਤਾਂ ਦੇ ਲਲਕਾਰਿਆਂ ਅਤੇ ਹਾਰਾਂ ਦੀਆਂ ਸਖ਼ਤ ਪੀੜਾਂ ਦਾ, ਮਨੁੱਖ ਦੀ ਉਸ ਅਸਚਰਜ ਮੁਹਿੰਮ ਦਾ ਜੋ ਬਹੁਤ ਸਮਾਂ ਪਹਿਲਾਂ ਸ਼ੁਰੂ ਹੋਈ ਅਤੇ ਹੁਣ ਵੀ ਜਾਰੀ ਹੈ ਅਤੇ ਸਾਨੂੰ ਸੈਨਤਾਂ ਮਾਰਦੀ ਹੈ। ਇਸ ਸਭ ਕੁੱਝ ਦਾ ਅਤੇ ਇਸ ਤੋਂ ਵੀ ਵੱਧ ਦਾ, ਜੋ ਸਾਰੇ ਮਨੁੱਖਾਂ ਦਾ ਸਾਂਝਾ ਹੈ। ਪਰ ਸਾਡੇ ਭਾਰਤ ਵਾਸੀਆਂ ਦੀ ਇੱਕ ਖਾਸ ਵਿਰਾਸਤ ਹੈ, ਕੋਈ ਨਿਵੇਕਲੀ ਨਹੀਂ, ਕਿਉਕਿ ਕੋਈ ਵੀ ਨਿਵੇਕਲੀ ਨਹੀਂ ਹੁੰਦੀ ਅਤੇ ਸਾਰੀਆਂ ਮਨੁੱਖ ਦੀ ਨਸਲ ਨਾਲ ਸਾਂਝੀਆਂ ਹੁੰਦੀਆਂ ਹਨ, ਪਰ ਵਿਸ਼ੇਸ਼ ਤੌਰ ਤੇ ਸਾਡੇ ਤੇ ਲਾਗੂ ਹੁੰਦੀ ਹੈ, ਜਿਹੜੀ ਸਾਡੇ ਹੱਡ-ਮਾਸ ਅਤੇ ਖੂੰਨ ਵਿੱਚ ਰਚੀ ਹੁੰਦੀ ਹੈ, ਸਾਨੂੰ ਉਹ ਬਣਾਉਦੀ ਹੈ, ਜੋ ਅਸੀਂ ਹਾਂ ਅਤੇ ਜੋ ਅਸੀਂ ਹੋਣਾ ਹੈ। ਇਸ ਵਿਸ਼ੇਸ਼ ਵਿਰਾਸਤ ਅਤੇ ਉਸ ਦੇ ਵਰਤਮਾਨ ਉੱਪਰ ਪ੍ਰਭਾਵ ਬਾਰੇ ਸੋਚ ਲੰਮੇ ਸਮੇਂ ਤੋਂ ਮੇਰੇ ਖਿਆਲਾਂ ਵਿੱਚ ਰਹੀ ਹੈ ਅਤੇ ਇਹ ਉਹ ਚੀਜ਼ ਹੈ ਜਿਸ ਬਾਰੇ ਮੈਂ ਲਿਖਣਾ ਚਾਹੁੰਦਾ ਹਾਂ, ਮੈਂ ਇਸ ਨਾਲ ਇਨਸਾਫ਼ ਨਹੀਂ ਕਰ ਸਕਦਾ, ਪਰ ਅਜਿਹਾ ਕਰਕੇ ਮੈਂ ਆਪਣੀ  ਬੁੱਧੀ ਨੂੰ ਸਪਸ਼ਟ ਕਰਕੇ ਅਤੇ ਉਸ ਨੂੰ ਸੋਚ ਅਤੇ ਅਮਲ ਦੇ ਅਗਲੇ ਪੜਾਅ ਲਈ ਤਿਆਰ ਕਰਕੇ ਆਪਣੇ ਆਪ ਨਾਲ ਇਨਸਾਫ਼ ਕਰਨ ਦੇ ਯੋਗ ਹੋ ਸਕਦਾ ਹਾਂ।’’

          ਨਹਿਰੂ ਨੇ ਇਹ ਸ਼ਬਦ 1944 ਵਿੱਚ ਲਿਖੇ ਜਦੋਂ ਉਹ ਅਹਿਮਦਨਗਰ ਦੇ ਕਿਲੇ ਵਿੱਚ ਕੈਦ ਸੀ। ਕੋਸ਼ਿਸ਼ ਕਰਨ, ਸ਼ਰੇਆਮ ਅੰਤਰ ਰਾਸ਼ਟਰਵਾਦੀ ਹੁੰਦਿਆਂ ਅਤੇ ਦੁਨੀਆਂ ਦੇ ਇਤਿਹਾਸ ਵਿੱਚ ਦਿਲਚਸਪੀ ਰੱਖਣ ਦੇ ਬਾਵਜੂਦ ਨਹਿਰੂ ਕਦੇ ਵੀ ਆਪਣੇ ਆਪ ਨੂੰ ਭਾਰਤ ਦੇ ਇਤਿਹਾਸ ਤੋਂ ਮੁਕਤ ਨਹੀਂ ਕਰ ਸਕਿਆ, ਭਾਵੇਂ ਕਿ ਉਸ ਨੂੰ ਇਸਦੇ ਕਈ ਹਿੱਸੇ ਤੰਗ ਕਰਦੇ ਸਨ। ਪਰ ਆਪਣੇ ਸਵੈ-ਵਿਸ਼ਵਾਸ਼ ਅਤੇ ਬੇਮੁਹਾਰੇ ਆਸ਼ਾਵਾਦ ਕਾਰਨ ਉਹ ਹਮੇਸ਼ਾ ਇਸ ਗੱਲ ਤੇ ਯਕੀਨ ਕਰਦਾ ਰਿਹਾ ਸੀ ਕਿ ਭੂਤਕਾਲ ਵਿੱਚ ਜੋ ਕੁੱਝ ਵੀ ਕਰੂਪ ਹੈ, ਉਸ ਨੂੰ ਲੋਕਾਂ ਦੀ ਭਲਾਈ ਲਈ ਹਮੇਸ਼ਾ ਸਾਫ਼ ਕੀਤਾ ਜਾ ਸਕਦਾ ਹੈ ਅਤੇ ਵਰਤੋਂ-ਯੋਗ ਬਣਾਇਆ ਜਾ ਸਕਦਾ ਹੈ।

          ਭਗਤ ਸਿੰਘ ਭੂਤਕਾਲ ਬਾਰੇ ਇਸ ਤਰਾਂ ਦੇ ਵਿਚਾਰ ਬਿਲਕੁਲ ਨਹੀਂ ਰੱਖਦਾ। ਉਹ ਭਾਰਤ ਦੀ ਸੱਭਿਅਤਾ ਦੇ ਨਿਵੇਕਲੇਪਣ ਨੂੰ ਇਕ ਹਕੀਕਤ ਦੇ ਤੌਰ ਤੇ ਲੈਂਦਾ ਹੈ। ਭੂਤਕਾਲ ਦੇ ਭਾਰ ਦੀ ਖੁਦਾਈ ਦੀ ਕੋਈ ਲੋੜ ਨਹੀਂ। ਪਿਛਲੇ 5000 ਸਾਲਾਂ ਦੇ ਦੁੱਖ ਅਤੇ ਗੌਰਵ ਕਿਸੇ ਮਿੱਥ ਘੜਨ ਦੇ ਅਭਿਆਸ ਦੀ ਮੰਗ ਨਹੀਂ ਕਰਦੇ। ਭੂਤਕਾਲ ਦੀ ਚਿੰਨਾਤਮਕ ਜਾਂ ਅਲੰਕਾਰੀ ਰੂਪ ਚ ਵਰਤੋਂ ਕਰਨ ਤੋਂ ਇਨਕਾਰ ਕਰਨ ਦੀ ਇਹ ਸਿਧਾਂਤਕ ਦਿ੍ਰੜਤਾ ਇਸ ਕਰਕੇ ਨਹੀਂ ਹੈ ਕਿ ਭਗਤ ਸਿੰਘ ਸਿਰਫ ਅਮਲ (ਐਕਸ਼ਨ) ਤੇ ਵਿਸ਼ਵਾਸ਼ ਕਰਨ ਵਾਲਾ ਵਿਅਕਤੀ ਸੀ। ਸਾਰੇ ਮਿਲਦੇ ਪ੍ਰਮਾਣਾਂ ਅਨੁਸਾਰ, ਉਹ ਇਕ ਚਿੰਤਨ ਕਰਨ ਵਾਲਾ ਅਤੇ ਘੰਟਿਆਂ ਬੱਧੀ ਕਿਤਾਬਾਂ ਪੜਨ ਵਾਲਾ ਵਿਅਕਤੀ ਸੀ, ਅਤੇ ਬਹੁਤੀ ਵਾਰੀ ਉਹ ਜੋ ਕੁੱਝ ਸਿੱਖਦਾ ਸੀ ਉਸ ਨੂੰ ਆਪਣੀ ਸ਼ਾਨਦਾਰ ਯਾਦਦਾਸ਼ਤ ਜਾਂ ਵੱਡੇ ਪੱਧਰ ਤੇ ਨੋਟ ਲੈ ਕੇ ਯਾਦ ਰੱਖਦਾ ਸੀ।

          ਸਾਰੇ ਨਵੇਂ ਵਿਚਾਰਾਂ ਵਾਲੇ ਕਲਾਕਾਰਾਂ ਵਾਂਗ, ਭਗਤ ਸਿੰਘ ਬੁੱਤ ਸ਼ਿਕਨ ਸੀ ਜੋ ਪੁਰਾਣੇ ਸਾਂਚਿਆਂ ਨੂੰ ਤੋੜਨਾ ਚਾਹੁੰਦਾ ਸੀ, ਬਦਬੂਦਾਰ ਕੈਨਵਸਾਂ ਨੂੰ ਸਾੜਨਾ ਚਾਹੁੰਦਾ ਸੀ ਅਤੇ ਬਹੁਤ ਜਲਦੀ ਨਵਾਂ ਸੰਸਾਰ ਸਿਰਜਣਾ ਚਾਹੁੰਦਾ ਸੀ। ਇਸ ਕਰਕੇ ਉਸ ਦੀ ਸੋਚ ਤੇ ਛਾਇਆ ਰਹਿਣ ਵਾਲਾ ਕੇਂਦਰੀ ਸਵਾਲ ਸੀ, ਨਵੇਂ ਸੰਸਾਰ ਦਾ ਅਕਸ ਕਿਸ ਤਰਾਂ ਦਾ ਹੋਵੇ? ਇਸ ਸੁਆਲ ਦਾ ਜੁਆਬ ਲੱਭਣ ਲਈ, ਵਾਲਟਰ ਬੈਂਜਾਮਿਨ ਦੇ ਕਹਿਣ ਵਾਂਗ, ਭਗਤ ਸਿੰਘ ਆਪਣੀ ਲਾਇਬਰੇਰੀ ਨੂੰ ਖੋਲ੍ਹਦਾ ਸੀ। ਭਗਤ ਸਿੰਘ ਦੀ ਜੀਵਨੀ ਲਿਖਣ ਵਾਲੇ ਐਮ ਐਮ ਜੁਨੇਜਾ ਅਨੁਸਾਰ, ‘‘ਆਪਣੇ ਸਕੂਲ ਦੇ ਵਰ੍ਹਿਆਂ (1913-21) ਦੌਰਾਨ ਉਸ ਨੇ 50 ਕਿਤਾਬਾਂ ਪੜੀਆਂ, ਆਪਣੇ ਕਾਲਜ ਦੇ ਦਿਨਾਂ ਤੋਂ ਲੈ ਕੇ 1929 ਵਿੱਚ ਆਪਣੀ ਗਿ੍ਰਫਤਾਰੀ ਤੱਕ 200 ਦੇ ਕਰੀਬ ਕਿਤਾਬਾਂ ਪੜੀਆਂ ਅਤੇ 8 ਅਪ੍ਰੈਲ 1929 ਤੋਂ 23 ਮਾਰਚ 1931 ਤੱਕ ਦੇ ਆਪਣੀ ਕੈਦ ਦੇ 716 ਦਿਨਾਂ ਵਿੱਚ 300 ਦੇ ਕਰੀਬ ਕਿਤਾਬਾਂ ਪੜੀਆਂ।’’

          ਪਰ ਇਹ ਸੂਚੀ ਸਾਨੂੰ ਇਹ ਨਹੀਂ ਦਸਦੀ ਕਿ ਇਹਨਾਂ ਕਿਤਾਬਾਂ ਨੂੰ ਪ੍ਰਾਪਤ ਕਰਨ ਲਈ ਭਗਤ ਸਿੰਘ ਨੂੰ ਜਥੇਬੰਦਕ ਅਤੇ ਬੌਧਿਕ ਪੱਧਰ ਤੇ ਕਿਸ ਤਰਾਂ ਦੀਆਂ ਚਿਰਕਾਲੀ ਅਤੇ ਸਖਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਮੈਂ ਇਥੇ ਤਿੰਨ ਚੁਣੌਤੀਆਂ ਦਾ ਜ਼ਿਕਰ ਕਰਾਂਗਾ ਜਿਨਾਂ ਦਾ ਸਾਹਮਣਾ ਭਗਤ ਸਿੰਘ ਨੇ ਆਪਣੇ ਅਣਜਾਣੇ ਭਵਿੱਖ ਦੀ ਪੈਰਵੀ ਦੌਰਾਨ ਕੀਤਾ। ਨੰਬਰ ਇਕ, ਜਿਸ ਤਰਾਂ ਦੀਆਂ ਕਿਤਾਬਾਂ ਭਗਤ ਸਿੰਘ ਪੜਨੀਆਂ ਚਾਹੁੰਦਾ ਸੀ, ਉਹ ਬਹੁਤੇ ਕੇਸਾਂ  ਵਿੱਚ ਬਸਤੀਵਾਦੀ ਸੈਂਸਰ ਵੱਲੋਂ ਵਰਜਿਤ ਕਰਾਰ ਦਿੱਤੀਆਂ  ਗਈਆਂ ਸਨ। ਫਿਰ ਵੀ ਖੁਸ਼ਕਿਸਮਤੀ ਨਾਲ ਉਸ ਨੂੰ ਲਾਹੌਰ ਸ਼ਹਿਰ ਵਿੱਚ ਅਜਿਹੇ ਪੁਸਤਕ ਵਿਕਰੇਤਾ ਮਿਲ ਗਏ ਜੋ ਅਜਿਹੀਆਂ ਕਿਤਾਬਾਂ ਸਮੱਗਲ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਸਨ, ਜਿਹੜੀਆਂ  ਕਿਤਾਬਾਂ ਨੂੰ ਪਿੱਤਰੀ ਅਤੇ ਅਸੁਰੱਖਿਅਤ ਬਸਤੀਵਾਦੀ ਪ੍ਰਸ਼ਾਸਨ ਸਥਾਨਕ ਪੱਧਰ ਤੇ ਵਿਦਰੋਹੀ ਸਮਝਦਾ ਸੀ। ਨੰਬਰ ਦੋ, ਅੰਗਰੇਜ਼ੀ ਉਸ ਦੀ ਪਹਿਲੀ ਭਾਸ਼ਾ ਨਹੀਂ ਸੀ। ਨਹਿਰੂ ਦੇ ਉਲਟ, ਜਿਸ ਨੂੰ ਘਰ ਵਿੱਚ ਕਈ ਯੂਰਪੀਅਨ ਅਧਿਆਪਕਾਂ ਨੇ ਪੜ੍ਹਾਇਆ ਸੀ ਅਤੇ ਜੋ ਬਾਅਦ ਵਿੱਚ ਪੜਨ ਲਈ ਹੈਰੋ ਗਿਆ ਸੀ ਅਤੇ ਜਿਸ ਨੇ ਕੈਂਬਰਿਜ ਤੋਂ ਟ੍ਰੀਪੋਜ ਅਤੇ ਲੰਦਨ ਤੋਂ ਵਕਾਲਤ ਦੀ ਡਿਗਰੀ ਕੀਤੀ ਸੀ, ਭਗਤ ਸਿੰਘ ਨੂੰ ਥੁੜਾਂ ਭਰਪੂਰ ਦਿਹਾਤੀ ਪੜਾਈ ਨਾਲ ਹੀ ਬੁੱਤਾ ਸਾਰਨਾ ਪਿਆ। ਪਰ ਭਗਤ ਸਿੰਘ ਦਰਪੇਸ਼ ਮੁਸ਼ਕਲਾਂ ਦੇ ਸਾਹਮਣੇ ਹਾਰ ਮੰਨਣ ਵਾਲਾ ਵਿਅਕਤੀ ਨਹੀਂ ਸੀ। ਉਸ ਵਿੱਚ ਰਸਮੀ ਵਿੱਦਿਆ ਦੀ ਜੋ ਘਾਟ ਸੀ, ਉਸ ਨੂੰ ਉਹ ਪ੍ਰਵੀਣਤਾ ਅਤੇ ਅਣਥੱਕ ਮਿਹਨਤ ਨਾਲ ਪੂਰੀ ਕਰਦਾ ਸੀ। ਕਿਤਾਬਾਂ ਵਿੱਚ ਨਾ ਸਮਝ ਆਉਣ ਵਾਲੇ ਅੰਗਰੇਜ਼ੀ ਦੇ ਸ਼ਬਦਾਂ ਦੇ ਅਰਥ ਸਮਝਣ ਲਈ ਉਹ ਹਮੇਸ਼ਾ ਆਪਣੇ ਕੋਲ ਇਕ ਜੇਬੀ ਡਿਕਸ਼ਨਰੀ ਰੱਖਦਾ ਸੀ। ਨੰਬਰ ਤਿੰਨ, ਕਿਸੇ ਵੀ ਜਨਤਕ ਬੁੱਧੀਜੀਵੀ ਲਈ ਦੁਨੀਆਂ ਬਾਰੇ ਨਜ਼ਰੀਆ ਪੇਸ਼ ਕਰਨਾ ਕਾਫੀ ਸੁਖਾਲਾ ਹੁੰਦਾ ਹੈ, ਜੇ ਉਹ ਵਿਚਾਰਾਂ ਅਤੇ ਦਿ੍ਰਸ਼ਟੀਕੋਣਾਂ ਦੇ ਕਿਸੇ ਸਥਾਪਤ ਮਾਪ-ਦੰਡ ਦਾ ਆਸਰਾ ਲੈ ਸਕੇ।

          ਸ਼ਾਇਦ ਇਹੀ ਮੁੱਖ ਕਾਰਨ ਹੈ ਜਿਸ ਕਰਕੇ ਨਹਿਰੂ ਲਗਾਤਾਰ ਭੂਤਕਾਲ ਤੇ ਦਸਤਕ ਦਿੰਦਾ ਹੈ। ਇਹ ਇਕੱਲਾ ਨਹਿਰੂ ਹੀ ਨਹੀਂ ਸੀ ਜਿਸ ਨੂੰ ਪੁਰਾਤਨ ਰਵਾਇਤੀ ਸ਼ਬਦਾਵਲੀ ਦਿਲਾਸਾ ਦਿੰਦੀ ਹੈ ਅਤੇ ਆਪਣੇ ਵੱਲ ਖਿੱਚਦੀ ਹੈ। ਦੱਖਣੀ ਏਸ਼ੀਆ ਅਤੇ ਵਿਸ਼ਵ ਪੱਧਰ ਤੇ ਬਹੁਤ ਸਾਰੇ ਜਨਤਕ ਬੁੱਧੀਜੀਵੀ ਅਤੇ ਸਿਆਸੀ ਕਾਰਕੁੰਨ ਇਸ ਤਰਾਂ ਦੇ ਰਸਤੇ ਤੇ ਤੁਰਦੇ ਨਜ਼ਰ ਆਉਦੇ ਹਨ। ਉਹ ਖਾਸ ਸਥਾਪਤ ਗਰੰਥਾਂ ਅਤੇ ਵਿਕਾਸ ਕਰਮਾਂ ਦੀ ਪਾਲਣਾ ਕਰਦੇ ਹਨ। ਜਿਵੇਂ ਕਿ ਐਡਵਰਡ ਸੈਦ ਨੇ ਬਹੁਤ ਵਾਰੀ ਕਿਹਾ ਹੈ ਕਿ ਆਲੋਚਨਾਤਮਕ ਵਿਚਾਰਾਂ ਦੀ ਸ਼ਤਰੰਜੀ ਬਸਾਤ ਤੇ ਪੂਰੀ ਤਰਾਂ ਆਜ਼ਾਦ ਕਦਮ ਚੁੱਕਣਾ ਜੇ ਅਸੰਭਵ ਨਹੀਂ ਤਾਂ ਬਹੁਤ ਮੁਸ਼ਕਿਲ ਹੈ।

          ਉਦਾਹਰਨ ਲਈ ਮਾਰਕਸ ਨੂੰ ਆਪਣੇ ਤੋਂ ਪੂਰਵਗਾਮੀ ਬੁੱਧੀਜੀਵੀ ਹੀਗਲ ਤੋਂ ਆਜ਼ਾਦ  ਕਰਕੇ ਦੇਖਣਾ ਮੁਸ਼ਕਿਲ ਹੈ। ਇਤਿਹਾਸ ਦੇ ਕਾਨੂੰਨ ਹੋਣ ਬਾਰੇ ਮਾਰਕਸ ਦਾ ਵਿਚਾਰ ਹੀਗਲ ਦੀ ਸਿੱਖਿਆ ਅਤੇ ਇਤਿਹਾਸਕਤਾ ਤੇ ਅਧਾਰਿਤ ਹੈ। ਇਸੇ ਹੀ ਤਰਾਂ ਇਮਾਨੁਅਲ ਕਾਂਤ ਦੀ ਇਨਲਾਈਟਨਮੈਂਟ ਦੇ ਮੁੱਖ ਚਿੰਤਕ ਹੋਣ ਦੀ ਹੱਕੀ ਸ਼ਲਾਘਾ, ਵੱਡੀ ਪੱਧਰ ਤੇ ਡੇਵਿਡ ਹਿਊਮ ਦੇ ਅਨੁਭਵਵਾਦ ਅਤੇ ਭਾਵਨਵਾਂ ਦੀ ਭੂਮਿਕਾ ਨਾਲ ਸਬੰਧਤ ਦਾਰਸ਼ਨਿਕ ਸੂਤਰੀਕਰਨ ਦੀ ਦੇਣਦਾਰ ਹੈ। ਸਿਗਮੰਡ ਫਰਾਇਡ ਦੀ ਵੀ ਇਹੀ ਸਚਾਈ ਹੈ। ਨੀਤਸ਼ੇ ਦੇ ਦਾਰਸ਼ਨਿਕ ਹਥੌੜੇ ਤੋਂ ਬਿਨਾਂ ਵਿਆਨਾ ਦਾ ਡਾਕਟਰ (ਥੈਰੇਪਿਸਟ) ਸੱਭਿਅਤਾ ਅਤੇ ਇਸ ਦੇ ਅਸੰਤੁਸ਼ਟਤਾ ਦੇ ਕੜਾਹੇ ਬਾਰੇ ਸੁਪਨਾ ਵੀ ਨਹੀਂ ਲੈ ਸਕਦਾ ਸੀ। ਐਨਟੋਨੀਓ ਗ੍ਰਾਮਸ਼ੀ, ਜਿਸ ਨਾਲ ਬਹੁਤੀ ਵਾਰੀ ਭਗਤ ਸਿੰਘ ਦੀ ਤੁਲਨਾ ਕੀਤੀ ਜਾਂਦੀ ਹੈ, ਨੇ ਆਪਣੀਆਂ ਜੇਲ ਡਾਇਰੀਆਂ ਵਿੱਚ ਅਧੁਨਿਕ ਰਾਜ ਦੇ ਸੁਭਾਅ, ਸੱਭਿਆਚਾਰਕ ਸਰਦਾਰੀ ਅਤੇ ਹੌਲ ਹੌਲੀ ਢਾਹ ਲਾਉਣ ਦੀ ਜੰਗ (ਵਾਰ ਵਾਰ ਐਟਰੀਸ਼ਨ) ਬਾਰੇ ਬਹੁਤ ਸਾਰਾ ਲਿਖਿਆ ਹੈ, ਪਰ ਉਹ ਬਹੁਤੀ ਵਾਰ ਅਤੇ ਬਿਨਾਂ ਕਿਸੇ ਫਿਕਰ ਦੇ ਪ੍ਰੇਰਨਾ ਅਤੇ ਸਮਰਥਨ ਲੈਣ ਲਈ 16ਵੀਂ ਸਦੀ ਦੇ ਫਲੋਰੈਂਸ ਦੇ ਪੁਨਰਜਾਗਰਤੀ (ਰੈਨੇਸੈਂਸ) ਦੇ ਚਿੰਤਕ ਮੈਕਾਵੈਲੀ ਵੱਲ ਦੇਖ ਸਕਦਾ ਸੀ।

          ਭਗਤ ਸਿੰਘ ਦੇ ਸਮੇਂ ਦੇ ਨੇੜੇ, ਲੈਨਿਨ ਨੇ ਸਨ 1917 ਵਿੱਚ ਰੂਸ ਵਾਪਸ ਜਾਣ ਤੋਂ ਪਹਿਲੇ ਸਾਲਾਂ ਵਿੱਚੋਂ ਕਾਫੀ ਸਮਾਂ ਸਵਿਟਜ਼ਰਲੈਂਡ ਵਿੱਚ ਹੀਗਲ ਦੀ ਸਾਇੰਸ ਆਫ ਲੌਜਿਕ ਅਤੇ ਫਿਲਾਸਫੀ ਆਫ ਹਿਸਟਰੀ ਨੂੰ ਧਿਆਨ ਨਾਲ ਪੜਦਿਆਂ ਤਰਕ-ਸ਼ਾਸਤਰ ਅਤੇ ਇਤਿਹਾਸ ਦੀ ਹੋਣੀ ਬਾਰੇ ਆਪਣੀ ਸਮਝ ਨੂੰ ਨਿਖਾਰਦਿਆਂ ਗੁਜ਼ਾਰਿਆ। ਲੈਨਿਨ ਦੀਆਂ ਆਮ ਜਾਣੀਆਂ ਜਾਂਦੀਆਂ ਲਿਖਤਾਂ ਵਿੱਚੋਂ ਦੋ ਲਿਖਤਾਂ : ਇੰਪੀਰੀਅਲਿਜ਼ਮ ਅਤੇ ਉਸ ਤੋਂ ਬਾਅਦ ਵਾਲੀ ਸਟੇਟ ਐਂਡ ਰੈਵੋਲਿਊਸ਼ਨ ਕਾਫੀ ਜ਼ਿਆਦਾ ਹੀਗਲ ਦੇ ਤਰਕ-ਸ਼ਾਸਤਰ ਤੇ ਨਿਰਭਰ ਕਰਦੀਆਂ ਹਨ।

          ਬਦਕਿਸਮਤੀ ਨਾਲ ਨੌਜਵਾਨ ਭਗਤ ਸਿੰਘ ਆਪਣੇ ਹਾਈਪਰ-ਮਾਡਰਨਿਸਟ ਸਿਆਸੀ ਪ੍ਰੋਜੈਕਟ ਲਈ ਕਿਸੇ ਸੱਭਿਆਚਾਰਕ ਵਿਰਾਸਤ ਜਾਂ ਬੌਧਿਕ ਸਬੰਧਾਂ ਤੇ ਨਿਰਭਰ ਨਹੀਂ ਕਰ ਸਕਦਾ ਸੀ। ਗੋਖਲੇ, ਗਾਂਧੀ ਅਤੇ ਨਹਿਰੂ ਵਰਗੇ ਭਾਰਤੀ ਉਦਾਰਵਾਦੀਆਂ (ਲਿਬਰਲਜ਼) ਦੇ ਉਲਟ ਉਸ ਕੋਲ ਟੇਕ ਲੈਣ ਲਈ ਕੋਈ ਦਾਰਸ਼ਨਿਕ ਪੂਰਵਜ਼ ਨਹੀਂ ਸਨ। ਇਸ ਹੀ ਕਾਰਨ ਭਗਤ ਸਿੰਘ  ਨੇ ਆਪਣੇ ਆਪ ਨੂੰ ਰੂਸੋ, ਮਾਰਕਸ, ਏਂਗਲਜ਼, ਦੋਸਤੋਵਸਕੀ, ਲੈਨਿਨ ਅਤੇ ਤਰਾਤਸਕੀ ਦੀਆਂ ਲਿਖਤਾਂ ਪੜਨ ਵਿੱਚ ਲੀਨ ਕਰ ਲਿਆ। ਇਹਨਾਂ ਕੱਦਾਵਰ ਬੁੁੱਧੀਜੀਵੀਆਂ ਦੇ ਗਿਆਨ ਸੰਸਾਰ ਦਾ ਚਿੰਤਨ ਕਰਨ ਸਮੇਂ ਨਵੇਂ ਵਿਚਾਰਾਂ, ਆਧੁਨਿਕ ਸਿਆਸੀ ਸ਼ਬਦਾਵਲੀ ਅਤੇ ਆਜ਼ਾਦੀ ਦੇ ਬਾਅਦ ਦੇ ਭਾਰਤ ਲਈ ਵਿਕਲਪ ਸੋਚ ਦੇ ਸੰਭਾਵੀ ਢਾਂਚਿਆਂ ਨੂੰ ਲੱਭਣ ਦਾ ਚਾਅ ਅਸੀਂ ਭਗਤ ਸਿੰਘ ਦੀਆਂ ਲਿਖਤਾਂ  ਵਿੱਚੋਂ  ਸਿੱਧਾ ਮਹਿਸੂਸ ਕਰ ਸਕਦੇ ਹਾਂ। ਜੇ ਅਸੀਂ ਉਸ ਦੀਆਂ ਵਿਸਤਿ੍ਰਤ ਲਿਖਤਾਂ ਨੂੰ ਧਿਆਨ ਨਾਲ ਪੜੀਏ ਤਾਂ ਸਾਨੂੰ ਉਸ ਆਨੰਦ ਦਾ ਪਤਾ ਲਗਦਾ ਹੈ ਜਿਸ ਦਾ ਆਨੰਦ ਉਹ ਇਹ ਲਿਖਤਾਂ ਪੜ ਕੇ ਲੈ ਰਿਹਾ ਸੀ। ਇਕ ਉਦਾਹਰਣ ਪੇਸ਼ ਹੈ :

          ‘‘ਵਰਤਮਾਨ ਹਾਲਾਤ ਬਾਰੇ ਵਿਚਾਰ ਕਰਨ ਤੋਂ ਬਾਅਦ, ਆਓ ਆਪਾਂ ਅਪਣਾਏ ਜਾਣ ਵਾਲੇ ਭਵਿੱਖ ਦੇ ਪ੍ਰੋਗਰਾਮ ਅਤੇ ਅਮਲ ਕਰਨ ਦੀ ਲਾਈਨ ਬਾਰੇ ਵਿਚਾਰ ਕਰੀਏ। ਜਿਵੇਂ ਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ, ਕਿਸੇ ਵੀ ਇਨਕਲਾਬੀ ਪਾਰਟੀ ਲਈ ਇੱਕ ਠੋਸ ਪ੍ਰੋਗਰਾਮ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਇਨਕਲਾਬ ਦਾ ਮਤਲਬ ਹੈ ਐਕਸ਼ਨ। ਇਸ ਦਾ ਮਤਲਬ ਅਚਾਨਕ ਅਤੇ ਗੈਰਜਥੇਬੰਦਕ ਢੰਗ ਨਾਲ ਜਾਂ ਆਪਮੁਹਾਰੀ ਆਈ ਕਿਸੇ ਤਬਦੀਲੀ ਜਾਂ ਪਤਨ ਦੇ ਉਲਟ, ਜਥੇਬੰਦਕ ਅਤੇ ਵਿਧੀ ਪੂਰਵਕ ਕੰਮ ਰਾਹੀਂ ਮਿਥ ਕੇ ਲਿਆਂਦੀ ਤਬਦੀਲੀ ਹੈ। ਇੱਕ ਪ੍ਰੋਗਰਾਮ ਤਿਆਰ ਕਰਨ ਲਈ ਅੱਗੇ ਦਿੱਤੀਆਂ ਚੀਜ਼ਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ : 1. ਉਦੇਸ਼, 2. ਸ਼ੁਰੂ ਕਰਨ ਦੀ ਥਾਂ, ਯਾਨੀ ਕਿ ਮੌਜੂਦਾ ਹਾਲਤਾਂ 3. ਐਕਸ਼ਨ ਦੀ ਦਿਸ਼ਾ, ਸਾਧਨ ਅਤੇ ਢੰਗ।’’

          ਭਗਤ ਸਿੰਘ ਵੱਲੋਂ ਲੰਮੇ ਸਮੇਂ ਲਈ ਕੀਤੇ ਅਧਿਐਨ ਅਤੇ ਅਣਗਿਣਤ ਚੁਣੌਤੀਆਂ ਉੱਪਰ ਪਾਈ ਜਿੱਤ ਨੇ ਅਖੀਰ ਵਿੱਚ ਭਾਰਤ ਲਈ ਇੱਕ ਬਿਰਤਾਂਤ ਨੂੰ ਜਨਮ ਦਿੱਤਾ। ਜਿਹੜਾ ਕਦੇ ਅਣਲਿਖਿਆ ਭਵਿੱਖ ਹੁੰਦਾ ਸੀ ,ਉਹ ਇੱਕ ਸੰਭਵ ਸਿਆਸੀ ਅਤੇ ਨੈਤਿਕ ਪ੍ਰੋਜੈਕਟ ਵਿੱਚ ਤਬਦੀਲ ਹੋ ਗਿਆ। ਉਸ ਨੇ ਕਦੇ ਵੀ ਇਸ ਪ੍ਰੋਜੈਕਟ ਤੋਂ ਟਾਲਾ ਨਹੀਂ ਵੱਟਿਆ ਅਤੇ ਉਹ ਵਿਧੀ-ਪੂਰਵਕ ਢੰਗ ਨਾਲ -ਅਣਖ, ਸੂਰਬੀਰਤਾ, ਪੀੜਾ, ਪ੍ਰਸਪਰ ਜਿੰਮੇਵਾਰੀ, ਮੌਰਲ ਲੱਕ (ਸਦਾਚਾਰੀ ਕਿਸਮਤ), ਨਿਆਂ, ਬਰਾਬਰੀ ਦੇ ਸਾਧਨਾਂਸਾਡੇ ਸਮੂਹਿਕ ਵਿਸ਼ਵਾਸ਼ਾਂ ਦੇ ਸੁਭਾਅ ਅਤੇ ਭਰਮਾਂ ਨੂੰ ਸੰਬੋਧਨ ਹੋਇਆ। ਇਹ ਹਕੀਕਤ ਕਿ ਆਪਣੀ 23 ਸਾਲਾਂ ਦੀ ਛੋਟੀ ਜਿਹੀ ਉਮਰ ਵਿੱਚ ਭਗਤ ਸਿੰਘ ਵੱਖ ਵੱਖ ਤਰਾਂ ਇੰਨੇਂ  ਸਵਾਲਾਂ ਵੱਲ ਧਿਆਨ ਦੇ ਸਕਿਆ ਇੱਕ ਬਹੁਤ ਹੀ ਅਸਾਧਾਰਨ ਹਕੀਕਤ ਹੈ। ਇਸ ਤੋਂ ਵੱਧ ਸ਼ਲਾਘਾ ਵਾਲੀ ਗੱਲ ਇਹ ਹੈ ਕਿ ਆਪਣੀਆਂ ਲਿਖਤਾਂ ਰਾਹੀਂ ਭਗਤ ਸਿੰਘ ਮਾਰਕਸ, ਬਾਕੂਨਿਨ, ਲੈਨਿਨ, ਤਰਾਤਸਕੀ ਵਰਗੇ ਕੱਦਾਵਰ ਬੁੱਧੀਜੀਵੀਆਂ ਦੇ ਵਾਰਤਾਲਾਪ ਵਿੱਚ ਬਰਾਬਰ ਦਾ ਭਾਈਵਾਲ ਬਣ ਗਿਆ।

          ਹਿੰਦੁਸਤਾਨ ਦੇ ਭੂਤਕਾਲ ਦੀ ਡੂੰਘੀ ਸਮਝ ਅਤੇ ਗਾਂਧੀ ਦਾ ਮਨ ਪੜਨ ਦੀ ਅਲੋਕਾਰੀ ਯੋਗਤਾ ਸਮੇਤ ਨਹਿਰੂ ਦੀਆਂ ਸੰਸਥਾਤਮਿਕ ਅਤੇ ਸਾਹਿਤਕ ਤੌਰ ਤੇ ਅਣਗਿਣਤ ਪ੍ਰਪਾਤੀਆਂ ਹਨ, ਪਰ ਉਹ ਵਿਸ਼ਵਵਿਆਪੀ ਅਧੁਨਿਕਤਾ ਦੇ ਸਿਧਾਂਤਿਕ ਬਾਨੀਆਂ ਨਾਲ ਬਰਾਬਰੀ ਦੇ ਪੱਧਰ ਤੇ ਦਸਤਪੰਜਾ ਲੈਂਦਾ ਨਜ਼ਰ ਨਹੀਂ ਆਉਦਾ।

          ਆਪਣੀ ਬੌਧਿਕ ਮੌਲਿਕਤਾ, ਨੈਤਿਕ ਮੁਕਾਮ ਅਤੇ ਸਿਖਰ ਦੀ ਕੁਰਬਾਨੀ ਵਿੱਚ ਭਗਤ ਸਿੰਘ ਦਾ ਕੋਈ ਸਾਨੀ ਨਹੀਂ। ਉਸ ਦੀਆਂ ਪੜਨ ਦੀਆਂ ਆਦਤਾਂ ਨੂੰ ਰਿਕਾਰਡ ਕਰਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਵਿਆਖਿਆਤਮਕ ਅਭਿਆਸ ਰਾਹੀਂ ਅਸੀਂ ਇਹ ਦੇਖਣਾ ਸ਼ੁਰੂ ਕਰ ਸਕਦੇ ਹਾਂ ਕਿ ਉਸ ਨੇ ਭਾਰਤ ਦੇ ਆਰਦਰਸ਼ ਲਈ ਕਿਸ ਤਰਾਂ ਦਾ ਭਵਿੱਖਮਈ ਨਕਸ਼ਾ ਪੇਸ਼ ਕੀਤਾ ਸੀ। ..

(ਅੰਗਰੇਜ਼ੀ ਤੋਂ ਅਨੁਵਾਦ : ਸੁਖਵੰਤ ਹੁੰਦਲ)  

No comments:

Post a Comment