Monday, October 5, 2020

ਖੇਤੀ ਸੰਕਟ ਦੇ ਸਥਾਈ ਹੱਲ ਦੀਆਂ ਮੰਗਾਂ ਲਈ ਜਨਤਕ ਮੁਹਿੰਮ

 

ਖੇਤੀ ਸੰਕਟ ਦੇ ਸਥਾਈ ਹੱਲ ਦੀਆਂ ਮੰਗਾਂ ਲਈ ਜਨਤਕ ਮੁਹਿੰਮ

ਇਨਕਲਾਬੀ ਬਦਲ ਦਾ ਪਲੇਟਫਾਰਮ ਲੋਕ ਮੋਰਚਾ ਪੰਜਾਬਫਰਵਰੀ 2019 ਵਿੱਚ ਆਪਣੀ ਮੁੜ ਸੁਰਜੀਤੀ ਵੇਲੇ ਤੋਂ ਹੀ ਆਪਣੇ ਸੀਮਤ ਵਿੱਤ ਦੇ ਬਾਵਜੂਦ ਅਹਿਮ ਸਿਆਸੀ ਸਰਗਰਮੀਆਂ ਕਰਦਾ ਆ ਰਿਹਾ ਹੈ। ਕਰਿੰਦਾ ਸ਼ਕਤੀ ਦੀ ਸੀਮਤਾਈ ਤੇ ਇਕਾਈਆਂ ਦੀ ਅਣਹੋਂਦ ਵਰਗੀ ਹਾਲਤ ਅੰਦਰ ਵੀ ਇਨਕਲਾਬੀ ਚੇਤਨਾ ਨੂੰ ਹੁੰਗਾਰੇ ਦੀ ਬਾਹਰਮੁਖੀ ਹਾਲਤ ਇਹਦੀਆਂ ਸਰਗਰਮੀਆਂ ਦੀ ਸਫ਼ਲਤਾ ਦਾ ਅਧਾਰ ਬਣਦੀ ਰਹੀ ਹੈ। ਕਰੋਨਾਵਾਇਰਸ ਲਾਕਡਾਊਨ ਦੇ ਸਮੇਂ ਅੰਦਰ ਵੀ ਇਹਨੇ ਕਰੋਨਾਵਾਇਰਸ ਸਬੰਧੀ ਅਤੇ ਆਰਥਿਕ ਪੈਕੇਜ ਦੀ ਖਸਲਤ ਉਘੇੜਦੀਆਂ ਸਫ਼ਲ ਪ੍ਰਚਾਰ ਸਰਗਰਮੀਆਂ ਕੀਤੀਆਂ ਹਨ। ਹੁਣ ਜੁਲਾਈ-ਅਗਸਤ ਮਹੀਨਿਆਂ ਦੌਰਾਨ ਇਹਨੇ ਖੇਤੀ ਆਰਡੀਨੈਂਸਾਂ ਸਬੰਧੀ ਭਰਵੀਂ ਸਿਆਸੀ ਪ੍ਰਚਾਰਕ ਅਤੇ ਐਜੀਟੇਸ਼ਨਲ ਸਰਗਰਮੀ ਕੀਤੀ ਹੈ।

          ਕੇਂਦਰ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਲਾਗੂ ਕਰਨ ਦਾ ਕਦਮ ਚੁੱਕਣ ਤੋਂ ਬਾਅਦ ਮੋਰਚੇ ਦੀ ਸੂਬਾਈ ਟੀਮ ਨੇ ਆਰਡੀਨੈਂਸਾਂ ਦੇ ਵੱਖ ਵੱਖ ਪੱਖਾਂ ਦਾ ਅਧਿਐਨ ਕਰਕੇ ਅਗਲੇਰੀਆਂ ਮੀਟਿੰਗਾਂ ਦੀ ਵਿਉਤ ਉਲੀਕੀ। ਇਹਦੇ ਨਾਲ ਹੀ 5000 ਦੀ ਗਿਣਤੀ ਵਿੱਚ ਖੇਤੀ ਸੰਕਟ ਦੇ ਸਥਾਈ ਹੱਲ ਲਈ ਜੂਝੋਸਿਰਲੇਖ ਹੇਠ ਪੋਸਟਰ ਜਾਰੀ ਕੀਤਾ ਗਿਆ। ਅਨੇਕਾਂ ਥਾਵਾਂ ਤੋਂ ਆ ਰਹੀ ਇਸਦੀ ਮੰਗ ਨੇ ਇਸਦੀ ਸਾਰਥਕਤਾ ਦੀ ਪੁਸ਼ਟੀ ਕੀਤੀ ਹੈ। ਮੋਰਚੇ ਵੱਲੋਂ ਮੀਟਿੰਗਾਂ ਅੰਦਰ ਲਿਜਾਏ ਜਾਣ ਵਾਲੇ ਪ੍ਰਚਾਰ ਦੇ ਮੁੱਖ ਪੱਖ ਪਹਿਲਾਂ ਤੋਂ ਹੀ ਤੁਰੇ ਆ ਰਹੇ ਖੇਤੀ ਸੰਕਟ ਨੂੰ ਹੋਰ ਗਹਿਰਾ ਕਰਨ ਵਿੱਚ ਇਹਨਾਂ ਆਰਡੀਨੈਂਸਾਂ ਦਾ ਰੋਲ, ਖੇਤੀ ਸੰਕਟ ਦੀ ਪੂਰੀ ਤਸਵੀਰ ਅਤੇ ਇਸ ਸੰਕਟ ਦੇ ਹੱਲ ਲਈ ਚੁੱਕੇ ਜਾਣ ਵਾਲੇ ਇਨਕਲਾਬੀ ਕਦਮ ਸਨ। ਸਾਰੀਆਂ ਮੀਟਿੰਗਾਂ ਅੰਦਰ ਹੀ ਇਹਨਾਂ ਪੱਖਾਂ ਉੱਪਰ ਭਰਵੀਂ ਵਿਚਾਰ ਚਰਚਾ ਅਤੇ ਸਵਾਲਾਂ ਜਵਾਬਾਂ ਦਾ ਅਮਲ ਚੱਲਿਆ।

          ਇਸ ਸਰਗਰਮੀ ਦੌਰਾਨ ਜਥੇਬੰਦੀ ਵੱਲੋਂ 10 ਜਿਲਾ ਪੱਧਰੀ ਮੀਟਿੰਗਾਂ ਕਰਵਾਈਆਂ ਗਈਆਂ। ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ, ਮੋਗਾ,ਮਾਨਸਾ, ਮੁਕਤਸਰ, ਲੁਧਿਆਣਾ, ਫਰੀਦਕੋਟ ਅਤੇ ਅੰਮਿ੍ਰਤਸਰ ਅੰਦਰ ਹੋਈਆਂ ਇਹਨਾਂ ਜਿਲਾ ਪੱਧਰੀ ਮੀਟਿੰਗਾਂ ਅੰਦਰ ਕੁੱਲ ਮਿਲਾਕੇ 1200 ਦੇ ਕਰੀਬ ਮਰਦਾਂ ਔਰਤਾਂ ਦੀ ਸ਼ਮੂਲੀਅਤ ਹੋਈ। ਸੰਗਰੂਰ, ਬਰਨਾਲਾ, ਮਾਨਸਾ ਜਿਲਿਆਂ ਅੰਦਰ ਸਭ ਤੋਂ ਵੱਡੇ ਇਕੱਠ ਹੋਏ। ਜਿਲਿਆਂ ਅੰਦਰ ਵੱਡੀਆਂ ਇਕੱਤਰਤਾਵਾਂ ਤੋਂ ਬਾਅਦ ਪਿੰਡਾਂ ਅੰਦਰ ਇਹ ਮੁਹਿੰਮ ਚਲਾਉਣ ਲਈ ਤਾਣ ਜੁਟਾਇਆ ਗਿਆ। ਜਿਲੇ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਨੇਕਾਂ ਵਿਅਕਤੀਆਂ ਵੱਲੋਂ ਪਿੰਡ ਪੱਧਰੀ ਮੀਟਿੰਗਾਂ ਕਰਵਾਉਣ ਦਾ ਸੱਦਾ ਦਿੱਤਾ ਗਿਆ ਅਤੇ ਇਹਨਾਂ ਮੀਟਿੰਗਾਂ ਨੂੰ ਜਥੇਬੰਦ ਕਰਨ ਲਈ ਜਿੰਮੇਵਾਰੀਆਂ ਓਟੀਆਂ ਗਈਆਂ। ਲੋਕ ਮੋਰਚਾ ਪੰਜਾਬ ਵੱਲੋਂ 49 ਤੋਂ ਵਧੇਰੇ ਪਿੰਡਾਂ ਅੰਦਰ ਮੋਰਚੇ ਦੀ ਆਰਡੀਨੈਂਸਾਂ ਸਬੰਧੀ ਸਮਝ ਪ੍ਰਚਾਰੀ ਗਈ। ਇਹਨਾਂ ਮੀਟਿੰਗਾਂ ਅੰਦਰ ਕੁੱਲ ਮਿਲਾਕੇ 2400 ਦੇ ਕਰੀਬ ਮਰਦ ਔਰਤਾਂ ਦੀ ਸ਼ਮੂਲੀਅਤ ਹੋਈ। ਇਉਂ ਗਿਣਤੀ ਪੱਖੋਂ ਇਹ ਸਰਗਰਮੀ ਫਰਵਰੀ 2019 ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਭਰਪੂਰ ਸਰਗਰਮੀ ਬਣਦੀ ਹੈ।

          ਇਹਨਾਂ ਮੀਟਿਗਾਂ ਅੰਦਰ ਇੱਕ ਹੋਰ ਉਤਸ਼ਾਹੀ ਪੱਖ ਨੌਜਵਾਨਾਂ ਦੀ ਸ਼ਮੂਲੀਅਤ ਦਾ ਹੈ। ਤਿੰਨ ਥਾਵਾਂ ਉੱਪਰ ਨਿਰੋਲ ਨੌਜਵਾਨਾਂ ਨੂੰ ਸੰਬੋਧਿਤ ਹੋਇਆ ਗਿਆ ਹੈ। ਬਾਕੀ ਥਾਵਾਂ ਉੱਤੇ ਮੀਟਿੰਗਾਂ ਅੰਦਰ ਲੱਗਭੱਗ ਇੱਕ ਤਿਹਾਈ ਹਿੱਸਾ ਨੌਜਵਾਨਾਂ ਦਾ ਰਿਹਾ ਹੈ, ਜਿਹਨਾਂ ਵੱਲੋਂ ਲੋਕ ਮੋਰਚੇ ਦੀ ਸਿਆਸਤ ਸਮਝਣ ਵਿੱਚ ਦਿਲਚਸਪੀ ਦਿਖਾਈ ਗਈ ਹੈ। ਠੇਕਾ ਮੁਲਾਜ਼ਮਾਂ ਖਾਸ ਤੌਰ ਤੇ ਥਰਮਲ ਕਾਮਿਆਂ ਵੱਲੋਂ ਵੀ ਇਸ ਸਰਗਰਮੀ ਵਿੱਚ ਉਤਸ਼ਾਹੀ ਹਿੱਸਾ ਲਿਆ ਗਿਆ ਹੈ। ਇਹਨਾਂ ਕਾਮਿਆਂ ਨੇ ਨਾ ਸਿਰਫ਼ ਡੂੰਘੀ ਦਿਲਚਸਪੀ ਨਾਲ ਇੱਕ ਤੋਂ ਵਧੇਰੇ ਥਾਵਾਂ ਤੇ ਹੋ ਰਹੀਆਂ ਮੀਟਿੰਗਾਂ ਵਿੱਚ ਆਪ ਹਿੱਸਾ ਲਿਆ, ਸਗੋਂ ਅਗਲੇਰੇ ਹਿੱਸਿਆਂ ਦੀਆਂ ਮੀਟਿੰਗਾਂ ਰਖਵਾਉਣ ਵਿੱਚ ਵੀ ਯੋਗਦਾਨ ਪਾਇਆ ਹੈ।

          ਖੇਤੀ ਆਰਡੀਨੈਂਸਾਂ ਸਬੰਧੀ ਲਜਾਏ ਜਾ ਰਹੇ ਮੋਰਚੇ ਦੇ ਪ੍ਰਚਾਰ ਅੰਦਰ ਇੱਕ ਅਹਿਮ ਨੁਕਤਾ ਇਹਨਾਂ ਆਰਡੀਨੈਂਸਾਂ ਦੀ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਅਤੇ ਜ਼ਿੰਦਗੀਆਂ ਉੱਤੇ ਪੈਣ ਜਾ ਰਹੀ ਮਾਰ ਸੀ। ਅਨੇਕਾਂ ਥਾਵਾਂ ਉੱਤੇ ਖੇਤ ਮਜ਼ਦੂਰਾਂ ਦੀ ਚੰਗੀ ਗਿਣਤੀ ਇਹਨਾਂ ਮੀਟਿੰਗਾਂ ਦਾ ਹਿੱਸਾ ਬਣਦੀ ਰਹੀ ਹੈ। ਭਾਵੇਂ ਕਿ ਕਈ ਥਾਵਾਂ ਤੇ ਉਹਨਾਂ ਦੀ ਘਾਟ ਵੀ ਰੜਕੀ ਹੈ। ਮੁੱਖ ਤੌਰਤੇ ਕਿਸਾਨਾਂ ਦੀ ਹਾਜ਼ਰੀ ਵਾਲੀਆਂ ਇਹਨਾਂ ਮੀਟਿੰਗਾਂ ਅੰਦਰ ਅਧਿਆਪਕਾਂ, ਵਿਦਿਆਰਥੀਆਂ ਤੇ ਔਰਤਾਂ ਨੇ ਵੀ ਗਿਣਨਯੋਗ ਸ਼ਮੂਲੀਅਤ ਕੀਤੀ ਹੈ। ਲੱਗਭੱਗ ਤਿੰਨ ਮੀਟਿੰਗਾਂ ਵੱਡੀ ਗਿਣਤੀ ਔਰਤਾਂ ਦੀਆਂ ਹੀ ਹੋਈਆਂ ਹਨ। ਇਹਨਾਂ ਮੀਟਿੰਗਾਂ ਨੂੰ ਸਾਰੇ ਹਿੱਸਿਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ।

No comments:

Post a Comment