Thursday, January 16, 2020

ਦਲਿਤ ਨੌਜਵਾਨ ਜਗਮੇਲ ਦਾ ਕਤਲ


ਦਲਿਤ ਨੌਜਵਾਨ ਜਗਮੇਲ ਦਾ ਕਤਲ
ਜਗੀਰਦਾਰੀ ਵਹਿਸ਼ਤ ਦੇ ਕਹਿਰ ਤੇ ਆਕੀ ਹੁੰਦੇ ਲੋਕ ਮਨਾਂ ਦੀਆਂ ਗੱਲਾਂ
ਤੁਸੀਂ ਆਦਮੀਆਂ ਦੀ ਗੱਲ ਕਰਦੇ ਹੋ? ਉਹ ਤਾਂ ਬੇਜੁਬਾਨ ਕਬੂਤਰਾਂ ਤੇ ਢੱਟਿਆਂ ਨੂੰ ਵੀ ਨਹੀਂ ਬਖਸ਼ਦੇ! ਉਹ ਆਪਣਾ ਸੱਜਾ ਹੱਥ ਉਦਾਂਹ ਉਠਾਉਂਦਾ ਹੈ, ਪਰ ਬੇਵੱਸੀ 'ਚ ਉਸਦਾ ਬਾਜ਼ੂ ਲਮਕ ਜਾਂਦਾ ਹੈ, ਜਿਥੇ ਗੁਰਮੁਖੀ 'ਚ ਉਸਦਾ ਨਾਂਅ ਖੁਣਿਆ ਹੋਇਆ ਹੋਇਆ ਹੈ। ਇਹ ਜਗਮੇਲ ਸਿੰਘ ਦਾ ਵੱਡਾ ਭਰਾ ਗੁਰਤੇਜ ਸਿੰਘ ਹੈ। ਜਗਮੇਲ ਦੇ ਕਤਲ ਤੋਂ ਦੋ ਸਾਲ ਪਹਿਲਾਂ, ਉਹ ਗੁਰਤੇਜ ਲਈ ਆਏ ਸਨ। ਉਹਨਾਂ ਨੇ ਉਸਨੂੰ ਐਨਾ ਝੰਬਿਆ ਕਿ ਉਹਦੀ ਬਾਂਹ ਟੁੱਟ ਗਈ ਅਤੇ ਜਾਂਦੇ ਹੋਏ ਉਸਨੂੰ ਇੱਕ ਉਸਾਰੀ ਅਧੀਨ ਸੈਪਟਿਕ ਟੈਂਕ ਵਿਚ ਸੁੱਟ ਗਏ ਕਿ ਮਰ ਜਾਵੇਗਾ। ਗੁਰਤੇਜ ਦਾਅਵੇ ਨਾਲ ਕਹਿੰਦਾ ਹੈ ਕਿ ਉਸਦਾ ਕਸੂਰ ਸਿਰਫ਼ ਇਹ ਸੀ ਕਿ ਉਸਨੇ ਰਿੰਕੂ (ਜਗਮੇਲ ਕਤਲ ਕੇਸ ਵਿਚ ਚਾਰਾਂ ਵਿਚੋਂ ਇੱਕ ਦੋਸ਼ੀ) ਅਤੇ ਉਸਦੇ ਗਰੋਹ 'ਤੇ ਆਪਣੇ ਛੋਟੇ ਭਰਾ ਬਚਿੱਤਰ (ਜਿਹੜਾ ਸਾਲ ਭਰ ਜੇਲ੍ਹ ਕੱਟਣ ਮਗਰੋਂ ਬਰੀ ਹੋ ਗਿਆ ਸੀ ) ਨੂੰ ਇੱਕ ਸਾਧੂ ਦੇ ਕਤਲ 'ਚ ਧੋਖੇ ਨਾਲ ਫਸਾਉਣ 'ਤੇ ਉਜ਼ਰ ਕੀਤਾ ਸੀ, ਜਿਸਦਾ ਕਥਿਤ ਕਤਲ ਇਸ ਲਈ ਕੀਤਾ ਗਿਆ ਸੀ ਕਿ ਉਸਦਾ ਡੇਰਾ ਉਹਨਾਂ ਦੀ ਜ਼ਮੀਨ 'ਚ ਸੀ।
ਗੁਰਤੇਜ ਬਚ ਤਾਂ ਗਿਆ, ਪਰ ਅਪਰੇਸ਼ਨ ਕਰਾਉਣ ਦੀ ਗੁੰਜਾਇਸ਼ ਨਾ ਕੱਢ ਸਕਿਆ। ਉਸਦੀ ਲਮਕਦੀ ਬਾਂਹ ਛੇ ਦਹਾਕੇ ਹੰਢਾ ਚੁੱਕੀ ਪਹੇਲੀ ਦਾ ਇੱਕ ਹੋਰ ਕਾਂਡ  ਜਾ ਬਣੀ ਹੈ ਜਿਸ ਵਿਚ ਹਰ ਸ਼ਿਕਾਰ ਨੂੰ-ਇਥੋਂ ਤੱਕ ਕਿ ਪੰਛੀ ਤੇ ਪਸ਼ੂ ਨੂੰ ਵੀ- ਹਰੇਕ ਦੂਸਰੇ ਨਾਲੋਂ ਵਧੇਰੇ ਨਿਰਦਈਪੁਣੇ ਨਾਲ ਕਤਲ ਕੀਤਾ ਗਿਆ। ਗੁਰਵਿੰਦਰ ਸਿੰਘ ਇੱਕ-ਵਾਢਿਉਂ ਪੱਕਾ ਜਾਲਮ ਹੈ
ਗੁਰਵਿੰਦਰ ਦੇ ਖਾਨਦਾਨ ਦਾ ਲਹਿਰਾ ਇਲਾਕੇ ਦੀਆਂ ਲੋਕ ਕਥਾਵਾਂ 'ਚ ਨਾਂਅ ਬੋਲਦਾ ਹੈ, ਐਪਰ ਜਗਮੇਲ ਦੇ ਵਹਿਸ਼ੀ ਕਤਲ ਨੇ ਉਹਨਾਂ ਦੇ ਜੁਲਮਾਂ ਦੀਆਂ ਕਹਾਣੀਆਂ ਨੂੰ ਜਿੰਦਾ ਕਰ ਦਿੰਤਾ ਹੈ। 15 ਸਾਲਾਂ ਦੇ ਮੁੰਡੇ ਤੋਂ ਲੈ ਕੇ 70-80 ਵਿਆਂ 'ਚ ਪਹੁੰਚ ਚੁੱਕੇ ਆਦਮੀਆਂ ਤੱਕ ਹਰ ਕੋਈ ਗੱਲਾਂ ਕਰਦਾ ਹੈ ਕਿ ਗੁਰਵਿੰਦਰ ਨੇ ਬਚਨ ਸਿੰਘ ਨਾਲ ਕੀ ਕੀਤੀ ਸੀ। ਲੋਕਾਂ ਦੀ ਯਾਦਾਸ਼ਤ ਵਿਚ ਇਹ ਅਜੇ ਵੀ ਤਾਜ਼ੀ ਹੈ।
ਬਚਨ ਅਤੇ ਗੁਰਵਿੰਦਰ ਵਿਚ ਦੁਸ਼ਮਣੀ ਹੋ ਗਈ ਸੀ। ਇੱਕ ਸ਼ਾਮ ਗੁਰਵਿੰਦਰ ਨੇ ਉਸ 'ਤੇ ਗੋਲੀ ਦਾਗ ਦਿੱਤੀ, ਜਖਮੀ ਬਚਨ ਨੂੰ ਉਹ ਆਪਣੇ ਖੇਤ ਲੈ ਆਇਆ, ਉਸਨੂੰ ਜਿਉਂਦੇ ਨੂੰ ਵੱਢਣ-ਟੁੱਕਣ ਲੱਗਾ, ਅਤੇ ਕਰ ਕਰ ਆਪਣੇ ਪਾਲਤੂ ਕੁਤਿਆਂ ਨੂੰ ਖੁਆਇਆ। ਕੁਝ ਦਿਨ ਬਾਅਦ ਉਸਦਾ ਪਿੰਜਰ ਨੇੜੇ ਦੀ ਡਰੇਨ 'ਚੋਂ ਮਿਲਿਆ ਸੀ ਅਤੇ ਉਤਪੀੜਤ ਪ੍ਰਵਾਰ ਪਿੰਡ ਛੱਡ ਗਿਆ ਸੀ। ਨੇੜਲੇ ਪਿੰਡ ਭੁਟਾਲ ਦਾ ਵਸਨੀਕ ਅਤੇ ਜਮਹੂਰੀ ਅਧਿਕਾਰ ਸਭਾ ਦਾ ਕਾਰਕੁੰਨ ਨਾਮਦੇਵ ਭੁਟਾਲ ਕਹਿੰਦਾ ਹੈ, ''ਬਚਨ ਦਾ ਲੜਕਾ ਮੇਰਾ ਜਮਾਤੀ ਸੀ।''
ਜਾਗੀਰੂ  ਅਧੀਨਗੀ
ਨਾਮਦੇਵ ਅਨੁਸਾਰ, ਸਦੀਆਂ ਤੋਂ ਇਸ ਇਲਾਕੇ ਨੇ ਕਰੜਾ ਜਾਗੀਰੂ ਜਬਰ ਹੰਢਾਇਆ ਹੈ। ''ਮੋਟੇ ਤੌਰ 'ਤੇ ਲੋਕ ਤਿੰਨ ਸ਼੍ਰੇਣੀਆਂ 'ਚ ਵੰਡੇ ਹੋਏ ਹਨ : ਸਰਦਾਰ, ਜੱਟ ਅਤੋ ਦਲਿਤ। ਸਰਦਾਰਾਂ ਨੂੰ ਬਰਤਾਨਵੀ ਰਾਜ ਨਾਲ ਜਾਂ ਰਿਆਸਤਾਂ ਨਾਲ ਵਫਾਦਾਰੀ ਬਦਲੇ ਜ਼ਮੀਨਾਂ ਦੇ ਵੱਡੇ ਰਕਬੇ ਮਿਲੇ ਹੋਏ ਸਨ। ਦਲਿਤ ਸਰਦਾਰਾਂ ਤੋਂ ਸਭ ਤੋਂ ਵੱਧ ਪੀੜਤ ਸਨ ਕਿਉਂਕਿ ਵੱਧ ਦਿਹਾੜੀ ਦੀ ਉਹਨਾਂ ਦੀ ਮੰਗ ਅਤੇ ਮੁਨਾਸਬ ਭੋਜਨ ਨੂੰ ਸਰਦਾਰੀ ਨੂੰ ਚੈਲਿੰਜ ਮੰਨਿਆਂ ਜਾਂਦਾ ਸੀ।''
ਇਲਾਕੇ ਦੇ ਬਹੁਤੇ ਸਰਦਾਰ ਪੁਲਸ ਦੇ ਟਾਊਟ ਹੁੰਦੇ ਸਨ। '' ਗੁਰਵਿੰਦਰ ਸਾਰੇ ਟਾਊਟਾਂ ਦਾ ਮੁਖੀ ਸੀ। ਉਹ ਘਰ ਦੀ ਸ਼ਰਾਬ ਕੱਢਦੇ ਗਰੀਬਾਂ ਤੋਂ ਲੈ ਕੇ ਨਕਸਲਬੜੀਆਂ ਦੀ ਨਕਲੋਹਰਕਤ ਤੱਕ ਹਰ ਕਿਸੇ ਦੀ ਮੁਖਬਰੀ ਕਰਦਾ ਸੀ। ਇਲਾਕੇ ਦੇ ਲਗਭਗ ਹਰੇਕ ਕੇਸ 'ਚ ਉਹ ਪੁਲਸ ਦਾ ਗਵਾਹ ਹੁੰਦਾ।''
ਪੁਲਸ ਨਾਲ ਨੇੜਤਾ ਕਰਕੇ ਉਸਦਾ ਪ੍ਰਵਾਰ ਇਸ ਭਰੋਸੇ 'ਚ ਸੀ ਕਿ ਉਹ ਕਾਨੂੰਨ ਦੀ ਜ਼ੱਦ ਤੋਂ ਉੱਪਰ ਹਨ। ਆਦਮੀਆਂ ਪ੍ਰਤੀ ਹੀ ਨਹੀਂ, ਉਹ ਪਸ਼ੂਆਂ ਪ੍ਰਤੀ ਵੀ ਬੇਰਹਿਮ ਸਨ। ਨਾਮਦੇਵ ਕਹਿੰਦਾ ਹੈ, ਇੱਕ ਵਾਰੀ ਗੁਰਵਿੰਦਰ ਨੇ ਇੱਕ ਅਵਾਰਾ ਢੱਟੇ ਦੇ ਗੁੱਦੇ ਵਿਚ ਆਪਣੀ ਬੰਦੂਕ ਦੀ ਨਾਲੀ ਘੁਸੇੜ ਕੇ ਗੋਲੀ ਚਲਾ ਦਿੱਤੀ। ''ਉਹ ਬੱਸ ਇਹੀ ਦੇਖਣਾ ਚਾਹੁੰਦਾ ਸੀ ਕਿ ਢੱਟਾ ਕਿਹੋ ਜਿਹੀ ਮੌਤ ਮਰੇਗਾ!'' 6 ਦਹਾਕੇ ਬਾਅਦ ਵੀ ਲਗਭਗ ਹਰ ਕੋਈ ਇਸ ਕਹਾਣੀ ਦਾ ਵਰਨਣ ਕਰਦਾ ਹੈ।
ਦਲਿਤ ਬੱਚਿਆਂ ਅਤੇ ਔਰਤਾਂ ਦੀ ਕੋਈ ਚੰਗੀ ਕਦਰ ਨਹੀਂ ਸੀ। ਗੁਆਂਢੀ ਪਿੰਡ ਖੋਖਰ ਕਲਾਂ ਦਾ ਬਿੱਕਰ ਸਿੰਘ ਇੱਕ ਹੋਰ ਕਹਾਣੀ ਲੈ ਕੇ ਆ ਸ਼ਾਮਲ ਹੁੰਦਾ ਹੈ, '' ਆਪਣੀ ਜੁਆਨੀ ਦੇ ਦਿਨਾਂ ', ਆਪਣੇ ਪਸ਼ੂਆਂ ਦੇ ਵੱਗ ਨੂੰ ਅਸੀਂ ਗੁਰਵਿੰਦਰ ਦੇ ਖੇਤਾਂ ਨੇੜਲੇ ਇਲਾਕੇ 'ਚ ਲੈ ਜਾਇਆ ਕਰਦੇ ਸਾਂ। ਉਸਦੇ ਪਿੱਠੂ ਨੇੜਲੇ ਖੇਤਾਂ 'ਚੋਂ ਸਾਗ ਲੈਣ ਜਾਂ ਚਾਰਾ ਖੋਤਣ ਆਈਆਂ ਦਲਿਤ ਔਰਤਾਂ ਨੂੰ ਆਮ ਤੌਰ 'ਤੇ ਧੱਕੇ ਨਾਲ 'ਅੰਦਰ' ਲੈ ਜਾਂਦੇ। ਸਾਨੂੰ ਦੂਰ ਭਜਾਉਣ ਲਈ ਉਹ ਸਾਡੇ ਪਸ਼ੂਆਂ ਮਗਰ ਕੁੱਤੇ ਸ਼ਿਸ਼ਕਰ ਦਿੰਦੇ। ਦਹਿਸ਼ਤ ਐਨੀ ਹੁੰਦੀ ਕਿ ਨਾ ਬਲਾਤਕਾਰ ਪੀੜਤ ਤੇ ਨਾ ਹੀ ਮੌਕੇ ਦਾ ਕੋਈ ਗਵਾਹ ਜ਼ੁਬਾਨ ਖੋਲ੍ਹਦਾ।
ਬੱਚੇ ਵੀ ਬਲੀ ਦੇ ਬੱਕਰੇ ਬਣਦੇ। ਲਗਭਗ ਹਰ ਕਿਸੇ ਦੀ ਜ਼ਬਾਨ 'ਤੇ ਹੈ ਕਿ ਕਿਵੇਂ ਗੁਰਵਿੰਦਰ ਜਾਂ ਉਹਦੇ ਲੜਕੇ ਪਾਲੀਆਂ ਨੂੰ ਜਬਰਦਸਤੀ ਗੋਹਾ ਖੁਆ ਕੇ ਜਾਂ ਬੰਨ੍ਹ ਕੇ ਟੋਕਰੇ ਹੇਠ ਤਾੜ ਦਿੰਦੇ ਅਤੇ ਉੱਪਰ ਚੱਕੀ ਦੀ ਭਾਰੀ ਸਿੱਲ ਰੱਖ ਦਿੰਦੇ ਸਨ।
ਨਕਸਲ ਉਭਾਰ ਦੇ ਅਸਰ
ਇੱਕ ਪਾਸੇ ਗੁਰਵਿੰਦਰ ਦੀ ਵਹਿਸ਼ਤ ਆਪਣੇ ਸਿਖਰਾਂ 'ਤੇ ਸੀ, ਅਤੇ ਦੂਜੇ ਪਾਸੇ ਪੱਛਮੀ ਬੰਗਾਲ ਦੇ ਇੱਕ ਛੋਟੇ ਜਿਹੇ ਪਿੰਡ ਨਕਸਲਬਾੜੀ ਵਿਚੋਂ 'ਜ਼ਮੀਨ ਹਲਵਾਹਕ ਦੀ' ਦੇ ਉੱਠੇ ਨਾਅਰੇ ਨੇ 1960 ਵਿਆਂ ਦੇ ਆਖੀਰ 'ਚ ਲਹਿਰੇ ਦੇ ਨੌਜਵਾਨਾਂ ਦੇ ਇੱਕ ਹਿੱਸੇ ਅੰਦਰ ਧੂਹ ਪਾ ਦਿੱਤੀ ਸੀ।
ਸਮਸ਼ੇਰ ਸਿੰਘ ਸ਼ੇਰੀ, ਜਿਹੜਾ ਖੋਖਰ ਕਲਾਂ ਦਾ ਨਿਵਾਸੀ ਸੀ, ਵੀ ਚੰਗਾਲੀਵਾਲਾ ਦੇ ਸਰਦਾਰਾਂ ਦੀ ਦਹਿਸ਼ਤ ਦੀਆਂ ਕਹਾਣੀਆਂ ਸੁਣਦਾ ਵੱਡਾ ਹੋਇਆ ਸੀ। ਕਹਾਣੀ ਇਉਂ ਚਲਦੀ ਹੈ ਕਿ 4 ਅਪ੍ਰੈਲ 1971ਦੀ ਸ਼ਾਮ ਨੂੰ ਲਹਿਰ ਤੇ ਚੰਗਾਲੀਵਾਲਾ ਵਿਚਕਾਰ ਲੰਘਦੀ ਡਰੇਨ ਦੇ ਕਿਨਾਰੇ ਸ਼ੇਰੀ ਦੇ ਸੁਕਾਇਡ ਨੇ ਗੁਰਵਿੰਦਰ 'ਤੇ ਘਾਤ ਲਾ ਕੇ ਹੱਲਾ ਬੋਲਿਆ ਸੀ।
ਕੋਆਪਰੇਟਿਵ ਵਿਭਾਗ ਦਾ ਸੇਵਾ ਮੁਕਤ ਮੁਲਾਜ਼ਮ ਅਤੇ ਹੁਣ ਲੋਕ ਚੇਤਨਾ ਮੰਚ ਦਾ ਸਮਾਜਕ ਕਾਰਕੁੰਨ, ਜਗਜੀਤ ਭੁਟਾਲ, ਜਿਹੜਾ ਨਜ਼ਦੀਕੀ ਪਿੰਡ ਦਾ ਵਾਸੀ ਹੈ ਯਾਦ ਕਰਦਾ ਹੈ ਕਿ ਕਿਵੇਂ ਗੁਰਵਿੰਦਰ ਹਮੇਸ਼ਾ ਆਪਣੇ ਕੋਲ ਬੰਦੂਕ ਰਖਦਾ ਸੀ, ਪਰ ਰਵਾਇਤੀ ਹਥਿਆਰਾਂ ਨਾਲ ਲੈਸ ਨੌਜਵਾਨਾਂ 'ਤੇ ਉਹ ਰੋਲੀ ਚਲਾਉਣ ਦੀ ਹਿੰਮਤ ਨਾ ਜੁਟਾ ਸਕਿਆ। ਇਸ ਤਰ੍ਹਾਂ ਦੋ ਦਹਾਕੇ ਲੰਮੀਂ ਬੇਮੁਹਾਰੀ ਵਹਿਸ਼ਤ ਦੇ ਕਾਲ ਦਾ ਅੰਤ ਕੀਤਾ ਗਿਆ, ਜਦ ਗੁਰਵਿੰਦਰ ਦੀ 12 ਬੋਰ ਦੀ ਬੰਦੂਕ ਲੈ ਕੇ''ਜਾਗੀਰਦਾਰੀ ਮੁਰਦਾਬਾਦ'' ਦੇ ਨਾਅਰੇ ਗੁੰਜਾਉਂਦਾ ਸੁਕਾਇਡ ਹਨੇਰੇ 'ਚ ਨਿੱਕਲ ਗਿਆ ਸੀ।
''
ਪਰ ਸ਼ੇਰੀ ਨੇ ਇਸਦੀ ਭਾਰੀ ਕੀਮਤ ਅਦਾ ਕੀਤੀ। ਉਸਦੀ ਜ਼ਮੀਨ ਜਬਤ ਕਰ ਲਈ ਗਈ, ਉਸਦੇ ਘਰ ਨੂੰ ਖੰਡਰ ਬਣਾ ਦਿੱਤਾ ਗਿਆ ਅਤੇ ਉਸਦੇ ਭਰਾਵਾਂ ਤੇ ਪਤਨੀ ਨੂੰ ਹਫਤਿਆਂ ਬੱਧੀ ਤਸੀਹੇ ਦਿੱਤੇ ਗਏ, ਕਿਉਂਕਿ ਉਹ ਸਰਕਾਰ ਨੂੰ ਇੱਕ 'ਅਹਿਮ ਸੰਪਤੀ' ਤੋਂ ਮਹਿਰੂਮ ਕਰਨ ਦਾ ਜੁੰਮੇਂਵਾਰ ਸੀ। ਸ਼ੇਰੀ ਕਦੇ ਵੀ ਵਾਪਸ ਘਰ ਨਾ ਆਇਆ। ਲਗਭਗ 4 ਦਹਾਕੇ ਬਾਅਦ ਲਾਲ ਝੰਡੇ 'ਚ ਲਪੇਟੀ ਸਿਰਫ ਉਸਦੀ ਦੇਹ ਸੀ, ਜੋ ਵਾਪਸ ਆਈ। ਜਗਜੀਤ ਕਹਿੰਦਾ ਹੈ,'' 2005 ਵਿਚ ਜਦ ਦਿਮਾਗੀ ਮਲੇਰੀਏ ਨਾਲ ਉਸਦੀ ਮੌਤ ਹੋਈ, ਉਹ ਪਾਬੰਦੀ ਸ਼ੁਦਾ ਸੀ ਪੀ ਆਈ (ਮਾਓਵਾਦੀ) ਦੇ ਸਿਖਰਲੇ ਫੈਸਲਾਕਰੂ ਅਦਾਰੇ- ਪੋਲਿਟ ਬਿਊਰੋ ਦੈ ਮੈਂਬਰ ਸੀ।''
ਸ਼ੇਰੀ ਤੇ ਗੁਰਵਿੰਦਰ ਦੀਆਂ ਕਹਾਣੀਆਂ ਇੱਥੇ ਬਰੋਬਰਾਬਰ ਚਲਦੀਆਂ ਹਨ। ਇੱਕੋ ਇੱਕ ਫਰਕ ਇਹ ਹੈ ਕਿ ਹਰ ਸਾਲ 30 ਅਕਤੂਬਰ ਨੂੰ ਵਿਦਿਆਰਥੀ, ਕਿਸਾਨ ਤੇ ਦਲਿਤ ਸ਼ੇਰੀ ਦੀ ਯਾਦਗਾਰ 'ਤੇ ਖੋਖਰ ਕਲਾਂ ਵਿਚ ਇੱਕਠੇ ਹੁੰਦੇ ਹਨ ਅਤੇ ਰਲ ਮਿਲ ਕੇ ਗੁਉਂਦੇ ਹਨ :''ਸ਼ੇਰੀ ਵਰਗੇ ਸ਼ੇਰ, ਧਰਤੀਏ ਜੰਮਦੀ ਰਹੀਂ।''
ਪਲਟ-ਮੋੜਾ (ਪਰ) ਨਹੀਂ
ਗੁਰਵਿੰਦਰ ਦੇ ਕਤਲ ਤੋਂ ਬਾਅਦ ਕਈ ਸਾਲ ਇਲਾਕੇ ਞਿਚ ਸ਼ਾਂਤੀ ਰਹੀ ।
ਉਸਦੇ ਮੁੰਡੇ ਨੇ ਜਾਬਰ ਗਤੀਵਿਧੀਆਂ 'ਚ  ਖਚਤ ਹੋਣ ਤੋਂ ਪ੍ਰਹੇਜ਼ ਕੀਤਾ। ਪਰ 1980 ਤੱਕ ਨਕਸਲਾਈਟਾਂ ਦਾ ਫ੍ਰਭਾਵ ਗਾਫੀ ਹੱਦ ਤੱਕ ਘਟ ਗਿਆ ਸੀ। ਭੁਟਾਲ ਕਹਿੰਦਾ ਹੈ,''ਜਗਮੇਲ ਦੇ ਕਤਲ ਦੇ ਬੀਜ ਇਨਸਾਫ ਦੇ ਸੰਘਰਸ਼ਾਂ ਦੀ ਪਿਠਭੂਮੀ 'ਚ ਪਏ ਹਨ ਉਹ ਵੱਡੇ ਸਿਆਸੀ ਲੀਡਰਾਂ ਤੋਂ ਤਾਕਤ ਪ੍ਰਾਪਤ ਕਰਦੇ ਹਨ।''
ਮੌਜੂਦਾ ਕੇਸ ਵਾਂਗ, ਗੁਰਵਿੰਦਰ ਦਾ ਪੋਤਾ ਅਮਰਜੀਤ ਅਤੇ ਪੜਪੋਤਾ ਰਿੰਕੂ (ਦੋਵੇਂ ਜਗਮੇਲ ਦੇ ਕਤਲ ਦੇ ਦੋਸ਼ੀ) ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭਠਲ ਦੇ ਨਜ਼ ਦੀਕੀ ਸਮਝੇ ਜਾਂਦੇ ਹਨ। ਗੁਰਵਿੰਦਰ ਭੱਠਲ ਦੇ ਸਹੁਰੇ ਦੇ ਭਰਾ ਸੀ।
ਕਾਰਕੁੰਨਾਂ ਨੇ ਜਨਤਕ ਪੱਧਰ 'ਤੇ ਬਿਆਨ ਕੀਤਾ ਹੈ ਕਿ ਭੱਠਲ ਦਾ ਭਤੀਜਾ ਹੈਨਰੀ ਉਹਨਾਂ ਨੂੰ ਬਚਾ ਰਿਹਾ ਹੈ। ਸਿਰਫ ਉਦੋਂ, ਜਦ ਉਨ੍ਹਾਂ ਨੇ ਲਹਿਰੇ 'ਚ ਭੱਠਲ ਦੇ ਘਰ ਦਾ ਘੇਰਾਓ ਕੀਤਾ,ਸਰਕਾਰ ਰੋਸ ਵਿਖਾਵਾਕਾਰਾਂ ਦੀਆਂ ਮੰਗਾਂ ਮੰਨਣ ਲਈ ਰਾਜ਼ੀ ਹੋਈ। ਫਿਰ ਵੀ ਭੱਠਲ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ ਅਤੇ ਦਾਅਵਾ ਕੀਤਾ ਕਿ ਉਸਨੇ ਖੁਦ ਪੁਲੀਸ ਨੂੰ ਬੁਲਾਇਆ ਸੀ, ਇਹ ਯਕੀਨੀ ਕਰਨ ਲਈ ਕਿ ਇਨਸਾਫ ਹੋਵੇ।
ਗੁਰਵਿੰਦਰ ਦੇ ਕੁਕਰਮ ਪੁਰਾਣੀ ਪੀੜ੍ਹੀ ਵਿਚ ਅੱਜ ਤੱਕ ਗੂੰਜਦੇ ਹਨ, ਨਵ-ਉਮਰ ਵਾਲਿਆਂ ਨੇ ਅਗਲੀਆਂ ਪੀੜ•ੀਆਂ ਦੀ ਵਹਿਸ਼ਤ ਦੀ ਸਾਖੀ ਭਰੀ ਹੈ। ਪਿੰਡ ਦੇ ਲੋਕ ਕਹਿੰਦੇ ਹਨ ਕਿ ਦਹਿਸ਼ਤ ਐਨੀ ਸੀ ਕਿ ਅਮਰਜੀਤ ਦੇ ਘਰ ਦੇ ਬਾਹਰ ਕੁੱਤਿਆਂ ਦੇ ਭੌਂਕਣ 'ਤੇ ਮਨਾਹੀ ਸੀ, ਉਸਦਾ ਦਰਵਾਜਾ ਖੜਕਾਉਣ ਬਾਰੇ ਮੰਗਤੇ ਸੋਚਦੇ ਤੱਕ ਨਹੀਂ, ਅਤੇ ਚਾਰਾ ਪੱਠਾ ਜਾਂ ਸਾਗ ਲੈਣ ਲਈ ਬੋਜ਼ਮੀਨੇ ਉਹਨਾਂ ਦੇ ਖੇਤਾਂ 'ਚ ਵੜਨ ਦੀ ਹਿੰਮਤ ਨਹੀਂ ਕਰ ਸਕਦੇ। ਉਸਦਾ ਪੁੱਤ ਰਿੰਕੂ ਟਰੈਕਟਰ 'ਤੇ ਪੂਰੀ ਉੱਚੀ ਆਵਾਜ਼ 'ਚ ਅਸ਼ਲੀਲ ਗਾਣੇ ਵਜਾਉਂਦਾ ਅਤੇ ਵਿਹੜੇ 'ਚ ਚੱਕਰ ਕੱਟਦਾ।
ਪਿੰਡ ਵਾਸੀਆਂ ਦੇ ਦੱਸਣ ਅਨੁਸਾਰ, ਇੱਕ ਵਾਰੀ ਇੱਕ ਬੁੱਢੀ ਟੱਪਰੀਵਾਸ ਔਰਤ, ਜਿਸਦਾ ਪਿੰਡ ਦੇ ਬਾਹਰਵਾਰ ਆਰਜ਼ੀ ਟਿਕਾਣਾ ਸੀ, ਸਾਗ ਲੈਣ ਉਹਨਾਂ ਦੇ ਖੇਤ ਜਾ ਵੜੀ। ਅਮਰਜੀਤ ਨੇ ਉਸਦੇ ਐਡੀ ਜੋਰ ਦੀ ਡਾਂਗ ਮਾਰੀ ਕਿ ਉਸਦਾ ਚੂਲਾ ਟੁੱਟ ਗਿਆ। ਬਿੱਕਰ ਸਿੰਘ ਕਹਿੰਦਾ ਹੈ, ਉਸਨੂੰ ਰੇਹੜੀ 'ਤੇ ਵਾਪਸ ਲਿਆਂਦਾ ਗਿਆ। ਉਹ ਚੁਪਚਾਪ ਪਿੰਡ ਛੱਡ ਗਏ।
ਕਿਹ ਜਾਂਦਾ ਹੈ ਕਿ ਹੁਣੇ ਹੁਣੇ, ਆਟਾ ਮੰਗ ਰਹੇ ਇੱਕ ਸਾਧੂ ਨੂੰ ਰਿੰਕੂ ਨੇ ਆਪਣੇ ਘਰ 'ਚ ਬੰਦ ਕਰ ਲਿਆ ਅਤੇ ਉਸਦੀ 'ਭੁਗਤ ਸੁਆਰੀ'ਸਾਧੂ ਜਾਨ ਬਚਾ ਕੇ ਭੱਜਿਆ। ਕੋਈ ਭੋਲਾ ਸਿੰਘ ਕਹਿੰਦਾ ਹੈ, ''ਬਾਅਦ 'ਚ ਪਿੰਡ ਤੋਂ ਇੱਕ ਲੜਕੇ ਨੇ ਸਾਧੂ ਨੂੰ ਆਪਣੇ ਮੋਟਰ-ਸਾਈਕਲ 'ਤੇ ਬਿਠਾਇਆ ਅਤੇ ਨੇੜਲੇ ਸ਼ਹਿਰ ਲਈ ਬਸ ਦੀ ਟਿਕਟ ਲੈ ਕੇ ਦਿੱਤੀ।''
ਕਬੂਤਰਾਂ ਦੀਆਂ ਬਾਜੀਆਂ ਦਾ ਸ਼ੌਕੀਨ ਚੰਗਾਲੀਵਾਲੇ ਦਾ ਇੱਕ ਦਲਿਤ ਹਰਬੰਸ ਸਿੰਘ ਕਹਿੰਦਾ ਹੈ ਕਿ '' ਦਲਿਤਾਂ ਨੂੰ ਕਬੂਤਰਬਾਜੀ 'ਚ ਉਹਨਾਂ ਦਾ ਮੁਕਾਬਲਾ ਕਰਨ ਦੀ ਇਜਾਜ਼ਤ ਨਹੀਂ ਸੀ। ਮੇਰੇ ਕਬੂਤਰ ਉਹਨਾਂ ਨਾਲੋਂ ਚੰਗੇ ਕਰਤੱਵ ਦਿਖਾਉਂਦੇ ਸਨ। ਇੱਕ ਦਿਨ ਮੈਂ ਦੇਖਿਆ ਮੇਰੇ 26 ਕਬੂਤਰਾਂ ਨੂੰ ਜ਼ਹਿਰ ਦੇ ਦਿੱਤੀ ਗਈ ਸੀ। ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਇਹ ਰਿੰਕੂ ਦਾ ਕਾਰਾ ਸੀ।''
ਗੁਰਵਿੰਦਰ ਦੀ ਮੌਤ ਦੇ ਲਗਭਗ 5 ਦਹਾਕੇ ਬਾਅਦ, ਇਹ ਦਿਖਾਈ ਦਿੰਦਾ ਹੈ ਕਿ ਦਲਿਤ ਪਹਿਲੀ ਵਾਰ ਇਸ ਪ੍ਰਵਾਰ ਦੇ ਅੱਤਿਆਚਾਰਾਂ ਬਾਰੇ ਜ਼ੁਬਾਨ ਖੋਲ੍ਹਣ ਲੱਗੇ ਹਨ। ਹਰ ਕਿਸੇ ਕੋਲ ਸੁਨਾਉਣ ਨੂੰ ਨਵੀਂ ਕਹਾਣੀ ਹੈ। 19 ਵੀਂ ਸਦੀ ਦੇ ਜਾਤ-ਪਾਤ ਵਿਰੋਧੀ ਸੁਧਾਰਕ ਜਿਉਤੀ ਰਾਓ ਫੂਲੇ ਦੇ ਨਾਂਅ 'ਤੇ ਵਿਹੜੇ ਵਿਚਲੀ ਲਾਇਬਰੇਰੀ ਦੇ ਆਂਗਣ 'ਚ ਜਗਮੇਲ ਦੀ ਦੇਹ ਨੂੰ ਉਡੀਕਦਿਆਂ ਦੋ ਆਦਮੀਆਂ ਦੀ ਆਵਾਜ਼ ਕੰਨੀਂ ਪਈ, ''ਜੇ ਕੋਈ ਜਥੇਬੰਦੀਆਂ ਨਾ ਹੁੰਦੀਆਂ (ਪੇਂਡੂ ਕਿਰਤੀਆਂ ਦੇ ਖੱਬੇ ਗਰਮ-ਖਿਆਲੀ ਸੰਗਠਨ)ਜਗਮੇਲ ਦਾ ਕਤਲ ਬਹਤੀ ਹਲਚਲ ਤੋਂ ਬਗੈਰ ਪਿੰਡ 'ਚ ਹੀ ਦਫ਼ਨ ਹੋ ਕੇ ਰਹਿ ਜਾਣਾ ਸੀ।'' ਇੱਕ ਆਦਮੀ ਦੂਜੇ ਨੂੰ ਕਹਿੰਦਾ ਹੈ, ''ਆਜ਼ਾਦੀ ਦਿਵਾ ਦਿੱਤੀ ਇਹਨਾਂ ਮੁੰਡਿਆਂ ਨੇ।''
ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸੀ ਜਿਸਨੇ ਸਭ ਤੋਂ ਪਹਿਲਾਂ ਜਗਮੇਲ ਦੇ ਮਸਲੇ ਨੂੰ ਚੁਕਿਆ ਅਤੇ ਉਸਦਾ ਸੰਸਕਾਰ ਕਰਨ ਤੋਂ ਇਨਕਾਰ ਕੀਤਾ। ਪਿੰਡ ਦੀ ਸਾਂਝੀ ਜ਼ਮੀਨ 'ਚੋਂ ਇੱਕ ਤਿਹਾਈ ਹਿੱਸੇ ਦੇ ਸੁਆਲ 'ਤੇ ਕਮੇਟੀ ਕਈ ਮੁੱਠ-ਭੇੜਾਂ ਵਿਚਦੀ ਗੁਜ਼ਰੀ ਹੈ ਅਤੇ ਇਹ ਆਮ ਤੌਰ 'ਤੇ ਖੂੰਨੀ ਝੜੱਪਾਂ ਤੱਕ ਪਹੁੰਚਦੀਆਂ। ਕਮੇਟੀ ਦਾ ਪ੍ਰਧਾਨ ਮੁਕੇਸ਼ ਮਲੌਦ ਕਹਿੰਦਾ ਹੈ, ''ਜਗੀਰੂ ਜਬਰ ਦੇ ਖਿਲਾਫ ਕੋਈ ਵੀ  ਜੋਰ-ਅਜ਼ਮਾਈ, ਜ਼ਮੀਨ ਖਾਤਰ ਹੋਵੇ ਜਾਂ ਦਿਹਾੜੀ ਖਾਤਰ, ਖੂੰਨ ਵਹਿੰਦਾ ਹੈ।''
ਜਿਉਂ ਹੀ ਪੁਲਸ ਰਸਤਾ ਸਾਫ ਕਰਨ ਲੱਗੀ, ਹੂਟਰ ਸੁਣੇ ਜਾ ਸਕਦੇ ਸਨ। ਜਗਮੇਲ ਦੀ ਦੇਹ ਨੂੰ ਲੈ ਕੇ ਇੱਕ ਵੈਨ ਲਾਇਬਰੇਰੀ ਦੇ ਆਂਗਣ 'ਚ ਦਾ੍ਰਖਲ ਹੁੰਦੀ ਹੈ। ਵੈਣ ਉੱਚੀ ਉਠਦੇ ਹਨ ਅਤੇ ਇਸੇ ਤਰ੍ਹਾਂ ਹੀ ਨਾਹਰੇ। ਲਾਲ ਨੀਲੇ ਝੰਡਿਆਂ ਦੀ ਛੱਤਰਛਾਇਆ ਹੇਠ ਦਲਿਤ ਮਰਦਾਂ ਔਰਤਾਂ ਅਤੇ ਯੂਨੀਵਰਸਿਟੀ ਵਿਦਿਆਰਥੀਆਂ ਦੇ ਜਲੂਸ ਨਾਲ ਜਗਮੇਲ ਦੀ ਦੇਹ ਵਿਹੜੇ ਦੀਆਂ ਮਿੱਟੀ ਘੱਟੇ ਵਾਲੀਆਂ ਵਲ-ਵਲੇਵੀਆਂ ਗਲੀਆਂ ਵਿਚਦੀ ਆਪਣੀ ਅੰਤਮ ਯਾਤਰਾ ਸ਼ੁਰੂ ਕਰਦੀ ਹੈ। ਉਹ ਨਾਹਰੇ ਗੁੰਜਾਉਂਦੇ ਹਨ, ''ਮਜ਼ਦੂਰ ਏਕਤਾ ਜਿੰਦਾਬਾਦ,'' ''ਜਾਤੀ ਹਿੰਸਾ ਬੰਦ ਕਰੋ''…… .. .. ..
ਕਾਫਲੇ ਦੇ ਨਾਲ ਨਾਲ , ਗੁਰਤੇਜ ਵੀ ਚਲਦਾ ਹੈ, ਉਸਦੀ ਟੁੱਟੀ ਹੋਈ ਬਾਂਹ ਹਵਾ 'ਚ ਉਤਾਂਹ ਉਠਦੀ ਹੈ, ਉਸਦੀ ਮੁੱਠੀ ਨਾਹਰਿਆਂ ਦੀ ਲੈਅ ਦੇ ਨਾਲ ਨਾਲ ਝੂਮਦੀ ਹੈ।
(
ਦੀ ਟ੍ਰਿਬਿਊਨ 'ਚੋਂ ਅਨੁਵਾਦ, ਸਿਰਲੇਖ ਸਾਡਾ)

No comments:

Post a Comment