Thursday, January 16, 2020

ਬਾਬਾ ਸੋਹਨ ਸਿੰਘ ਭਕਨਾ ਦੀ ਡਾਇਰੀ ਦੇ ਪੰਨੇ

  --

ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਭਗਤ ਸਿੰਘ ਬਾਰੇ ਬੋਲਦੇ
ਬਾਬਾ ਸੋਹਨ ਸਿੰਘ ਭਕਨਾ ਦੀ ਡਾਇਰੀ ਦੇ ਪੰਨੇ


ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਦੀ ਡਾਇਰੀ ਦੇ ਪੰਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਦੇ ਸੰਗਰਾਮੀ ਜੀਵਨ ਬਾਰੇ ਬੋਲਦੇ ਹਨ। ਗ਼ਦਰੀ ਬਾਬੇ ਦੀਆਂ ਅੱਖਾਂ ਸਾਹਮਣੇ 16 ਨਵੰਬਰ 1915 ਦਾ ਦਿਹਾੜਾ ਹਰ ਪਲ ਆਜ਼ਾਦੀ ਦੀ ਜੋਤ ਜਗਾਈ ਰੱਖਦਾ ਜਿਸ ਦਿਨ ਉਸਦੇ ਸੱਤ ਸਾਥੀਆਂ ਨੂੰ ਕੇਂਦਰੀ ਜੇਲ੍ਹ ਲਾਹੌਰ ਵਿੱਚ ਫ਼ਾਂਸੀ ਦੇ ਤਖ਼ਤੇ 'ਤੇ ਲਟਕਾਇਆ ਗਿਆ।
ਬਾਬਾ ਸੋਹਨ ਸਿੰਘ ਭਕਨਾ ਦੇ ਕੰਨਾਂ 'ਚ ਉਹ ਬੋਲ 98 ਣੇਸ਼ ਪਿੰਗਲੇ ਅਤੇ ਭਾਈ ਜਗਤ ਸਿੰਘ ਨੇ ਫ਼ਾਂਸੀ ਦੇ ਤਖ਼ਤੇ ਤੋਂ ਗਰਜ਼ਵੀਂ ਆਵਾਜ਼ 'ਚ ਕਹੇ :
''
ਐ ਭਾਰਤ ਮਾਤਾ ਅਸੀਂ ਤੇਰੀਆਂ ਗ਼ੁਲਾਮੀ ਦੀਆਂ ਜ਼ੰਜ਼ੀਰਾਂ ਨਹੀਂ ਤੋੜ ਸਕੇ। ਸਾਡਾ ਹਰ ਇੱਕ ਸਾਥੀ ਇਹ ਜ਼ੰਜ਼ੀਰਾਂ ਤੋੜਨ ਲਈ ਆਖ਼ਰੀ ਦਮ ਤੱਕ ਜੂਝਦਾ ਰਹੇਗਾ। ਮਾਂ ਭੂਮੀ, ਜਨਤਾ ਦੀ ਆਜ਼ਾਦੀ ਅਤੇ ਬਰਾਬਰੀ ਲਈ ਲੜਦਾ ਰਹੇਗਾ। ਹਰ ਤਰ੍ਹਾਂ ਦੀ ਗ਼ੁਲਾਮੀ, ਕੀ ਆਰਥਿਕ, ਕੀ ਰਾਜਨੀਤਿਕ ਅਤੇ ਕੀ ਸਮਾਜਿਕ ਨੂੰ ਦੇਸ਼ ਅਤੇ ਮਨੁੱਖੀ ਸਮਾਜ ਤੋਂ ਮਿਟਾਉਣ ਦੀ ਕੋਸ਼ਿਸ਼ ਕਰੇਗਾ।''
ਬਾਬਾ ਸੋਹਨ ਸਿੰਘ ਭਕਨਾ ਦੀ ਡਾਇਰੀ ਦੇ ਪੰਨੇ ਅੱਖੀਂ ਡਿੱਠਾ ਹਾਲ ਬੋਲਦੇ ਹਨ ਕਿ ਅਜੇਹੇ ਸਦਾ ਅਮਰ ਰਹਿਣ ਵਾਲੇ  ਬੋਲ, ਪੌਣਾਂ 'ਚ ਉਕਰਨ ਵਾਲੇ ਸੂਰਮੇ ਸ਼ਹੀਦਾਂ ਦਾ ਮੁਕੱਦਮਾ ਕੇਂਦਰੀ ਜੇਲ੍ਹ ਲਾਹੌਰ ਅੰਦਰ 16 ਨੰਬਰ ਪਾਰਕ ਵਿੱਚ 1915 'ਚ ਹੋਇਆ। ਵਿਸ਼ੇਸ਼ ਅਦਾਲਤ ਅੱਗੇ ਇਸ ਮੁਕੱਦਮੇ ਦੇ ਚੱਲੇ ਨਾਟਕ ਦੀ ਨਾ ਕੋਈ ਅਪੀਲ ਸੀ ਨਾ ਦਲੀਲ।  
ਜਦੋਂ ਜੇਲ੍ਹ ਸੁਪਰਇਨਟੈਂਡੈਂਟ ਨੇ ਫ਼ਾਂਸੀ ਤੇ ਚੜ੍ਹਨ ਵਾਲੇ ਇਹਨਾਂ ਇਨਕਲਾਬੀਆਂ ਨੂੰ ਜੇਲ੍ਹ ਨਿਯਮਾਂ ਦੀ ਫਰਜ਼ੀ ਰਸਮ ਅਦਾ ਕਰਦਿਆਂ ਕਿਹਾ ਕਿ, ''ਤੁਹਾਨੂੰ ਪਤੈ ਕਿ ਵਿਸ਼ੇਸ਼ ਅਦਾਲਤ ਦਾ ਫੈਸਲਾ ਆਖ਼ਰੀ ਹੁੰਦੈ?'' ਉਸ ਵੇਲੇ ਕਰਤਾਰ ਸਿੰਘ ਸਰਾਭਾ ਨੇ ਮਖ਼ੌਲੀਆ ਅੰਦਾਜ਼ ਵਿੱਚ ਕਿਹਾ, ''ਦੇਰ ਕਾਹਦੀ ਹੈ, ਜਿੰਨੀ ਜਲਦੀ ਹੋ ਸਕਦਾ ਫ਼ਾਂਸੀ ਦਿਓ। ਮੇਰੀ ਇਹੋ ਅਪੀਲ ਹੈ।''
ਬਾਬਾ ਸੋਹਨ ਸਿੰਘ ਭਕਨਾ ਹੋਰੀਂ ਪਾਰਕ ਨੰਬਰ 12 ਅਤੇ 24 ਕੋਠੀਆਂ ਦੀ ਕਤਾਰ ਵਿੱਚ ਬੰਦ ਸੀ। ਸ਼ਾਮ ਨੂੰ ਅੱਧਾ ਘੰਟਾ ਟਹਿਲਣ ਲਈ ਛੱਡਿਆ ਜਾਂਦਾ ਸੀ। ਬਾਬਾ ਜੀ ਆਪਣੀਆਂ ਯਾਦਾਂ ਦੇ ਝਰੋਖ਼ੇ ਉੱਪਰ ਮੁੜ ਝਾਤ ਮਾਰਦਿਆਂ ਲਿਖਦੇ ਹਨ :
ਇੱਕ ਦਿਨ ਜਦੋਂ ਮੌਕਾ ਲੱਗਾ ਮੈਂ ਕਰਤਾਰ ਸਿੰਘ ਸਰਾਭਾ ਦੀ ਕੋਠੀ ਵਿੱਚ ਝਾਤ ਮਾਰੀ। ਉਹਨੇ ਕੰਧ ਉੱਪਰ ਕੋਲੇ ਨਾਲ ਮੋਟੇ ਅੱਖਰਾਂ ਵਿੱਚ ਲਿਖਿਆ ਸੀ:
''
ਸ਼ਹੀਦੋਂ ਕਾ ਖ਼ੂਨ ਕਭੀ ਅਜ਼ਾਈਂ ਨਹੀਂ ਜਾਤਾ''
ਇਹ ਸਤਰਾਂ ਪੜ੍ਹ ਕੇ ਮੈਂ ਕਿਹਾ, 'ਕਰਤਾਰ ਏਥੇ ਤਾਂ ਹੱਡੀਆਂ ਵੀ ਜੇਲ੍ਹ ਦੇ ਵਿੱਚ ਹੀ ਸਾੜ ਦਿੱਤੀਆਂ ਜਾਂਦੀਆਂ ਨੇ ਤਾਂ ਜੋ ਬਾਹਰ ਕਿਸੇ ਨੂੰ ਪਤਾ ਨਾ ਲੱਗੇ। ਤੂੰ ਲਿਖਿਐ ਕਿ, ''ਸ਼ਹੀਦੋਂ ਕਾ ਖ਼ੂਨ ਕਭੀ ਅਜ਼ਾਈਂ ਨਹੀਂ ਜਾਤਾ।'' ਸਰਾਭੇ ਦਾ ਬਹੁਤ ਹੀ ਮਾਣ ਅਤੇ ਵਿਸ਼ਵਾਸ਼ ਨਾਲ ਜਵਾਬ ਸੀ, ''ਹਾਂ ਜੀ, ਠੀਕ ਹੀ ਤਾਂ ਲਿਖਿਆ ਹੈ''
ਬਾਬਾ ਜੀ ਦੀ ਕਲਮ ਗਵਾਹੀ ਭਰਦੀ ਹੈ ਕਿ ਬੌਧਿਕ ਖੇਤਰ ਵਿੱਚੋਂ ਗ਼ਦਰ ਪਾਰਟੀ ਵਾਲੇ ਪਾਸੇ ਲਾਲਾ ਹਰਦਿਆਲ ਨੂੰ ਇਨਕਲਾਬੀ ਮਾਰਗ 'ਤੇ ਲਿਆਉਣ ਵਾਲਾ ਵੀ ਕਰਤਾਰ ਸਿੰਘ ਸਰਾਭਾ ਹੀ ਸੀ। 'ਗ਼ਦਰ' ਅਖ਼ਬਾਰ ਦਾ ਪਹਿਲਾ ਪਰਚਾ ਉਰਦੂ 'ਚ ਕੱਢਿਆ ਤਾਂ ਉਸਦਾ ਪੰਜਾਬੀ ਤਰਜਮਾ ਵੀ ਕਰਤਾਰ ਸਿੰਘ ਸਰਾਭਾ ਨੇ ਹੀ ਕੀਤਾ ਸੀ। ਮੁੱਢਲੇ ਦੌਰ 'ਚ ਅਮਰੀਕਾ ਵਿੱਚ ਸਨਫਰਾਂਸਿਸਕੋ ਵਿਖੇ ਬਣੇ ਯੁਗਾਂਤਰ ਆਸ਼ਰਮ ਵਿੱਚ ਬਹੁਤੇ ਕੰਮ ਦਾ ਬੋਝ ਸਰਾਭੇ ਦੇ ਸਿਰ ਹੀ ਰਿਹਾ। ਬਾਬਾ ਭਕਨਾ ਲਿਖਦੇ ਨੇ ਕਿ, ''ਉਹ ਦੋਸਤਾਂ ਦਾ ਦੋਸਤ ਸੀ। ਖ਼ਤਰਿਆਂ ਭਰੇ ਕੰਮ 'ਚ ਸਭ ਤੋਂ ਅੱਗੇ ਹੋਕੇ ਕੰਮ ਕਰਨ ਵਾਲਾ ਸੀ।''
ਉਰਦੂ, ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਦਾ ਮਾਹਰ, ਬੇਹੱਦ ਫੁਰਤੀਲਾ ਅਤੇ 18-19 ਵਰ੍ਹਿਆਂ ਦੀ ਉਮਰੇ ਹੀ ਲਾਸਾਨੀ ਕੁਰਬਾਨੀ ਕਰਨ ਵਾਲਾ ਸਰਾਭਾ, ਅੱਜ ਦੀ ਅਤੇ ਆਉਣ ਵਾਲੇ ਕੱਲ੍ਹ ਦੀ ਜੁਆਨੀ ਦਾ ਮਾਰਗ-ਦਰਸ਼ਕ ਹੈ।
ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ 1915 ਦੇ ਸਾਲ 'ਚ ਬਾਬਾ ਅਮੁੱਲੀਆਂ ਬਾਤਾਂ ਕਰਦਾ ਹੈ। ਕੋਈ 15-16 ਸਾਲ ਬਾਅਦ ਬਾਬਾ ਭਕਨਾ, ਭਗਤ ਸਿੰਘ ਨੂੰ ਆਪਣੀ ਬੁੱਕਲ ਦਾ ਨਿੱਘਾ ਦਿੰਦਾ ਹੈ। ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦਾ ਮੁਕੱਦਮਾ ਵੀ 1930 ਦੇ ਦੌਰ 'ਚ ਕੇਂਦਰੀ ਜੇਲ੍ਹ ਲਾਹੌਰ ਦੇ ਏਸੇ 16 ਨੰਬਰ ਪਾਰਕ ਵਿੱਚ ਹੋਇਆ। ਭਗਤ ਸਿੰਘ ਆਖਦਾ ਹੁੰਦਾ ਸੀ :
''
ਸਰਾਭਾ, ਮੇਰਾ ਗੁਰੂ
ਸਰਾਭਾ, ਮੇਰਾ ਭਰਾ
ਸਰਾਭਾ, ਮੇਰਾ ਸਾਥੀ''

ਆਜ਼ਾਦੀ ਅਤੇ ਇਨਕਲਾਬ ਦੇ ਅੰਬਰ 'ਤੇ ਟਹਿਕਦੇ ਸੂਹੇ ਤਾਰੇ ਭਗਤ ਸਿੰਘ ਬਾਰੇ ਬਾਬਾ ਆਪਣੀ ਡਾਇਰੀ 'ਚ ਲਿਖਦਾ ਹੈ :
ਜਿਹੜੀ ਕੇਂਦਰੀ ਜੇਲ੍ਹ੍ ਲਾਹੌਰ ਵਿੱਚ ਭਗਤ ਸਿੰਘ ਨੂੰ ਲਿਆਂਦਾ ਗਿਆ ਉਸ ਜੇਲ੍ਹ ਵਿੱਚ ਮੈਂ ਅਤੇ ਭਾਈ ਕੇਸਰ ਸਿੰਘ ਠੱਠਗੜ੍ਹ ਪਹਿਲਾਂ ਹੀ ਸੀ। ਦੋ ਤਿੰਨ ਦਿਨ  ਬਾਦ ਕਿਸੇ ਨਾ ਕਿਸੇ ਤਰ੍ਹਾਂ ਮੈਂ ਅਤੇ ਭਗਤ ਸਿੰਘ ਜਰੂਰ ਮਿਲਦੇ ਅਤੇ ਗੰਭੀਰ ਵਿਚਾਰ-ਵਟਾਂਦਰਾ ਕਰਦੇ। ਇੱਕ ਦਿਨ ਮੈਂ ਮਖ਼ੌਲ ਨਾਲ ਭਗਤ ਸਿੰਘ ਨੂੰ ਪੁੱਛਿਆ :
''
ਤੂੰ ਅਜੇ ਨੌਜਵਾਨ ਸੀ। ਪੜ੍ਹਿਆ ਲਿਖਿਆ ਵੀ ਸੀ। ਤੇਰੀ ਉਮਰ ਅਜੇ ਖਾਣ-ਪੀਣ ਅਤੇ ਐਸ਼  ਕਰਨ ਦੀ ਸੀ। ਤੂੰ ਇਧਰ ਕਿਵੇਂ ਫਸ ਗਿਆ?''
ਭਗਤ ਸਿੰਘ ਨੇ ਹੱਸਕੇ ਜਵਾਬ ਦਿੱਤਾ
''
ਇਹ ਮੇਰਾ ਕਸੂਰ ਨਹੀਂ ਤੁਹਾਡਾ ਅਤੇ ਤੁਹਾਡੇ ਸਾਥੀਆਂ ਦਾ ਹੈ।'' ਮੈਂ ਕਿਹਾ, ''ਸਾਡਾ ਕਿਸ ਤਰ੍ਹਾਂ ਹੈ?'' ਭਗਤ ਸਿੰਘ ਦਾ ਜਵਾਬ ਸੀ : ''ਜੇ ਕਰਤਾਰ ਸਿੰਘ ਸਰਾਭਾ, ਉਹਦੇ ਸਾਥੀ ਹੱਸਕੇ  ਫ਼ਾਂਸੀ ਨਾ ਚੜ੍ਹੇ ਹੁੰਦੇ, ਤੁਹਾਡੇ ਵਰਗੇ ਅੰਡੇਮਾਨ ਦੇ ਕੁੰਭੀ ਨਰਕ ਵਿੱਚੋਂ ਸਾਬਤ ਨਾ ਨਿਕਲਦੇ ਤਾਂ ਸ਼ਾਇਦ ਮੈਂ ਇੱਧਰ ਨਾ ਆਉਂਦਾ।''
ਬਾਬਾ ਜੀ ਦੀ ਇੱਕ ਸਤਰ ਹੀ ਭਗਤ ਸਿੰਘ ਦੇ ਸਿਆਸੀ ਜੀਵਨ ਦੀ ਕਹਾਣੀ ਸੁਣਾ ਜਾਂਦੀ ਹੈ। ਉਹ ਲਿਖਦੇ ਨੇ ਕਿ, ''ਭਗਤ ਸਿੰਘ ਆਪਣੇ ਮੁਲਕ ਦੀ ਆਜ਼ਾਦੀ ਲਈ ਹੀ ਜੂਝਣ ਵਾਲਾ ਇਨਕਲਾਬੀ ਨਹੀਂ ਸੀ ਉਸਦੇ ਖਿਆਲਾਂ ਦੀ ਬਿਜਲੀ 'ਚ ਦੁਨੀਆਂ ਭਰ ਦੇ ਕਿਰਤੀਆਂ ਦੀ ਆਜ਼ਾਦੀ ਅਤੇ ਮੁਕਤੀ ਦੀ ਰੌਸ਼ਨੀ ਸੀ। ਭਗਤ ਸਿੰਘ 6 ਫੁੱਟ ਲੰਮਾ ਖ਼ੂਬਸੂਰਤ ਮੁੱਛ ਫੁੱਟ ਗੱਭਰੂ ਸੀ ਜਿਸਦੇ ਖ਼ਿਆਲ ਉਸਦੇ ਤੁਰ ਜਾਣ ਤੋਂ ਬਾਅਦ ਵੀ ਸਦਾ ਜੁਆਨ ਰਹਿਣਗੇ।''
''
ਮੈਂ ਜਦ ਵੀ ਭਗਤ ਸਿੰਘ ਨੂੰ ਮਿਲਦਾ ਤਾਂ ਮੈਨੂੰ ਇੰਜ ਲੱਗਦਾ ਕਿ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਦੀਆਂ ਕੇਵਲ ਮੂਰਤੀਆਂ ਹੀ ਦੋ ਹਨ ਪਰ ਉਹਨਾਂ ਦੇ ਗੁਣ ਅਤੇ ਕੰਮ ਇੱਕੋ ਹੀ ਹਨ। ''ਏਕ ਜੋਤ ਦੋਏ ਮੂਰਤਿ'' ਵਾਲੀ ਮਿਸਾਲ ਇਹਨਾਂ 'ਤੇ ਢੁੱਕਦੀ ਹੈ।''
ਬਾਬਾ ਜੀ ਲਿਖਦੇ ਨੇ ਕਿ ਇੱਕ ਦਿਨ ਮੈਂ ਭਗਤ ਸਿੰਘ ਨੂੰ ਇਹ ਵੀ ਪੁੱਛਿਆ ਕਿ, ''ਤੁਸੀਂ ਜੋ ਸਾਂਡਰਸ ਨੂੰ ਮਾਰਿਆ ਕੀ ਉਹ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਮਾਰਿਆ?''
ਭਗਤ ਸਿੰਘ ਦਾ ਜਵਾਬ ਸੀ : ''ਸਾਡੀ ਪਾਰਟੀ ਦਾ ਉਦੇਸ਼ ਦਹਿਸ਼ਤਗਰਦੀ ਨਹੀਂ। ਅਸੀਂ ਤਾਂ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਦੇਸ਼ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਹਾਂ। ਜਿਵੇਂ 1914-15 ਦੇ ਗ਼ਦਰ ਪਾਰਟੀ ਦੇ ਇਨਕਲਾਬੀ ਆਜ਼ਾਦੀ, ਜਮਹੂਰੀਅਤ ਅਤੇ  ਬਰਾਬਰੀ ਲਈ ਗ਼ਦਰ ਪਾਰਟੀ ਦਾ ਝੰਡਾ ਲੈ ਕੇ ਮੈਦਾਨ 'ਚ ਨਿੱਤਰੇ ਉਸੇ ਤਰ੍ਹਾਂ ਪਾਰਲੀਮੈਂਟ ਵਿੱਚ ਧਮਾਕਾ ਕਰਕੇ ਅਸੀਂ ਦੁਸ਼ਮਣਾਂ ਨੂੰ ਇਹ ਸੁਣਾਉਣੀ ਕਰਨਾ ਚਾਹੁੰਦੇ ਸੀ ਕਿ 'ਹਿੰਦੋਸਤਾਨ ਦੇ ਨੌਜਵਾਨ ਹੁਣ ਤੁਹਾਡੀ ਗ਼ੁਲਾਮੀ ਬਰਦਾਸ਼ਤ ਨਹੀਂ ਕਰਨਗੇ।''
ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਜੇਲ੍ਹ ਵਿੱਚ ਭੁੱਖ ਹੜਤਾਲ ਕਰਕੇ ਮੰਗ ਕੀਤੀ ਕਿ ਕੈਦੀਆਂ ਨਾਲ ਵਿਤਕਰਾ ਬੰਦ ਕੀਤਾ ਜਾਵੇ। ਜਦੋਂ ਬਾਬਾ ਸੋਹਨ ਸਿੰਘ ਭਕਨਾ ਨੂੰ ਪਤਾ ਲੱਗਾ ਤਾਂ ਉਹਨਾਂ ਵੀ ਭੁੱਖ ਹੜਤਾਲ ਕਰ ਦਿੱਤੀ। ਭਗਤ ਸਿੰਘ ਨੇ ਬਾਬਾ ਜੀ ਨੂੰ ਕਿਹਾ, ''ਤੁਸੀਂ ਪਹਿਲਾਂ ਹੀ ਬਹੁਤ ਕਸ਼ਟ ਝੱਲ ਚੁੱਕੇ ਹੋ। ਤੁਸੀਂ ਭੁੱਖ ਹੜਤਾਲ ਨਾ ਕਰੋ। ਬਾਬਾ ਜੀ ਦਾ ਮਾਣ ਮੱਤਾ ਜਵਾਬ ਸੀ; ਜਦ ਮੇਰੇ ਜੁਆਨ ਪੁੱਤ ਭੁੱਖ ਹੜਤਾਲ ਤੇ ਨੇ ਮੈਂ ਉਹਨਾਂ ਨਾਲ ਸ਼ਾਮਲ ਕਿਵੇਂ ਨਹੀਂ ਹੋਵਾਂਗਾ।
ਆਜ਼ਾਦੀ ਤਵਾਰੀਖ਼ 'ਚ ਵਿਲੱਖਣ ਇਨਕਲਾਬੀ ਮੁਕਾਮ ਸਿਰਜਣ ਵਾਲੀ ਗ਼ਦਰ ਪਾਰਟੀ ਦੀ ਆਧਾਰਸ਼ਿਲਾ ਅਮਰੀਕਾ 'ਚ ਰੱਖੀ ਗਈ। ਹਿੰਦੀ ਐਸੋਸੀਏਸ਼ਨ ਆਫ਼ ਪੈਸੀਫਿਕ ਕੋਸਟ ਅਤੇ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਦੀ 150ਵੀਂ ਜਨਮ ਵਰ੍ਹੇ ਗੰਢ (1870-2020) ਰਵਾਇਤੀ ਨਾ ਹੋ ਕੇ, ਮਹਾਨ ਦੇਸ਼ ਭਗਤਾਂ ਦੇ ਉਦੇਸ਼ਾਂ ਨੂੰ ਪ੍ਰਨਾਈ ਵਿਚਾਰਧਾਰਾ,  ਰਾਜਨੀਤੀ ਅਤੇ ਸਾਹਿਤ ਦੀ ਮਹੱਤਤਾ ਅਤੇ ਅਜੋਕੇ ਸਮੇਂ ਪ੍ਰਸੰਗਕਤਾ ਸਮਝਣਾ ਜ਼ਰੂਰੀ ਹੈ।
ਭਾਵੇਂ ਬਾਬਾ ਸੋਹਨ ਸਿੰਘ ਭਕਨਾ 98 ਵਰ੍ਹੇ 'ਚ ਜਾ ਕੇ 20 ਦਸੰਬਰ 1968 ਨੂੰ ਜਿਸਮਾਨੀ ਤੌਰ ਤੇ ਸਦੀਵੀਂ ਵਿਛੋੜਾ ਦੇ ਗਏ ਪਰ ਉਹਨਾਂ ਦੇ ਇਹ ਬੋਲ ਜਿਹੜੇ ਉਹ ਆਪਣੇ ਪਿੰਡ ਭਕਨਾ ਵਿਖੇ ਬਣਾਈ ਗ਼ਦਰੀ ਦੇਸ਼ ਭਗਤਾਂ ਦੀ ਯਾਦਗਾਰ ਦੇ ਸਿਲਾਲੇਖ ਤੇ ਉੱਕਰ ਕੇ ਗਏ ਉਹਨਾਂ ਨੂੰ ਮਨੀ ਵਸਾਕੇ ਅਮਲੀ ਜਾਮਾ ਪਹਿਨਾਉਣ ਲਈ ਗੰਭੀਰ ਯਤਨ ਕਰਨ ਦੀ ਤੀਬਰ ਲੋੜ ਆਵਾਜ਼ਾਂ ਮਾਰ ਰਹੀ ਹੈ :
ਨੌਜਵਾਨੋ! ਉੱਠੇ!!
ਯੁੱਗ ਪਲਟ ਰਿਹਾ ਹੈ
ਆਪਣੇ ਕਰਤੱਵ ਨੂੰ ਪੂਰਾ ਕਰੋ।
ਹਰ ਪ੍ਰਕਾਰ ਦੀ ਦਾਸਤਾਂ, ਕੀ ਆਰਥਿਕ, ਕੀ ਰਾਜਨੀਤਿਕ ਤੇ ਕੀ ਸਮਾਜਿਕ ਜੜ੍ਹ ਤੋਂ ਉਖਾੜ ਸੁੱਟੋ
ਮਨੁੱਖਤਾ ਹੀ ਸੱਚਾ ਧਰਮ ਹੈ।
ਜੈ ਜਨਤਾ!

No comments:

Post a Comment