Thursday, January 16, 2020

ਛੱਤੀਸਗੜ੍ਹ: ਆਦਿਵਾਸੀਆਂ ਦਾ ਝੂਠਾ ਪੁਲਸ ਮੁਕਾਬਲਾ


ਛੱਤੀਸਗੜ੍ਹ:
ਆਦਿਵਾਸੀਆਂ ਦੇ ਝੂਠੇ ਪੁਲਸ ਮੁਕਾਬਲੇ ਦੀ ਜਾਂਚ ਕਮਿਸ਼ਨ ਵੱਲੋਂ ਵੀ ਪੁਸ਼ਟੀ
ਅਪਰੇਸ਼ਨ ਗਰੀਨ ਹੰਟ ਰਾਹੀਂ ਆਦਿਵਾਸੀਆਂ ਦਾ ਸ਼ਿਕਾਰ ਕਿਵੇਂ ਖੇਡਿਆ ਜਾਂਦਾ ਹੈ, ਇਸਦੀ ਇੱਕ ਉਦਾਹਰਣ ਇਹ ਝੂਠਾ ਪੁਲਸ ਮੁਕਾਬਲਾ ਹੈ। ਨਿਹੱਥੇ ਆਦਿਵਾਸੀਆਂ ਨੂੰ ਫੜ ਕੇ ਸ਼ਰੇਆਮ ਕਤਲ ਕਰਨਾ ਤੇ ਮਾਓਵਾਦੀ ਗਰਦਾਨ ਕੇ ਪੁਲਸ ਮੁਕਾਬਲਾ ਦਰਸਾਉਣਾ ਭਾਰਤੀ ਫੌਜਾਂ ਦਾ ਦਸਤੂਰ ਬਣਿਆ ਹੋਇਆ ਹੈ। ਕਾਰਪੋਰੇਟ ਹਿੱਤਾਂ ਲਈ ਜੰਗਲੀ ਖੇਤਰਾਂ 'ਚੋਂ ਲੋਕਾਂ ਨੂੰ ਉਜਾੜਨ ਦੀ ਸਭਨਾਂ ਸਰਕਾਰਾਂ ਦੀ ਇਹ ਸਾਂਝੀ ਨੀਤੀ ਹੈ ਤੇ ਇਸ ਨੀਤੀ ਦਾ ਹਿੱਸਾ ਹਨ ਇਹ ਮੁਕਾਬਲੇ। ਛੱਤੀਸਗੜ੍ਹ ਦੇ ਲੋਕਾਂ ਨੇ ਦੋਹਾਂ ਪਾਰਟੀਆਂ ਦੇ ਰਾਜ ਅਧੀਨ ਇਨ੍ਹਾਂ ਮੁਕਾਬਲਿਆਂ ਦਾ ਕਹਿਰ ਹੰਢਾਇਆ ਹੈ - ਸੰਪਾਦਕ
ਅਖੌਤੀ ਮੁਕਾਬਲੇ, ਜਿਸ ਵਿਚ ਜੂਨ 2012 'ਚ ਛੱਤੀਸਗੜ੍ਹ ਦੇ ਬੀਜਾਪੁਰ ਜਿਲ੍ਹੇ ਦੇ ਪਿੰਡ ਸਾਰਕੇਮੁਡਾ '17 ਵਿਅਕਤੀ ਸਮੇਤ 6 ਨਾਬਾਲਗ ਮਾਰੇ ਗਏ ਸਨ, ਦੀ ਜਾਂਚ (ਜਾਂ ਪੜਤਾਲ) ਕਰਨ ਸਬੰਧੀ ਗਠਿਤ ਕੀਤੇ ਇੱਕ ਮੈਂਬਰੀ ਨਿਆਂਇਕ ਕਮਿਸ਼ਨ ਨੇ ਸੁਰੱਖਿਆ ਬਲਾਂ ਨੂੰ ਫਿਟਕਾਰ ਭਰੇ ਫੈਸਲੇ ਰਾਹੀਂ ਦੋਸ਼ੀ ਅੰਗਦਿਆਂ ਹੇਠ ਲਿਖੇ ਸਿੱਟੇ ਕੱਢੇ ਹਨ:- ਪਿੰਡ ਵਾਸੀਆਂ ਵੱਲੋਂ ਕੋਈ ਫਾਇਰਿੰਗ ਨਹੀਂ ਕੀਤੀ ਗਈ ਸੀ; ਕੋਈ ਸਬੂਤ ਨਹੀਂ ਜਿਸਤੋਂ ਇਹ ਸੰਕੇਤ ਮਿਲਦਾ ਹੋਵੇ ਕਿ ਉਹ ਮਾਓਵਾਦੀ ਸਨ; ਪਿੰਡ ਵਾਸੀਆਂ ਦੀ  ਬਹੁਤ ਨੇੜਿਓਂ ਲੁੱਟਮਾਰ ਕੀਤੀ ਗਈ ਅਤੇ ਕਤਲ ਕੀਤਾ ਗਿਆ; ਹੋ ਸਕਦੇ ਸੁਰੱਖਿਆ ਬਲਾਂ ਨੇ 'ਬੁਖਲਾਹਟ (ਜਾਂ ਭੜਕਾਹਟ) 'ਚ ਫਾਇਰਿੰਗ ਕੀਤੀ ਅਤੇ ਮ੍ਰਿਤਕਾਂ 'ਚੋਂ ਇੱਕ ਨੂੰ ਰਾਤ ਨੂੰ ਹੋਏ ਮੁਕਾਬਲੇ ਤੋਂ ਕਈ ਘੰਟੇ ਬਾਅਦ ਸਵੇਰੇ ਗੋਲੀ ਮਾਰੀ ਗਈ।
ਮੱਧ ਪ੍ਰਦੇਸ਼ ਹਾਈਕੋਰਟ ਦੇ ਰਿਟਾਇਰਡ ਜੱਜ ਜਸਟਿਸ ਵੀ.ਕੇ. ਅਗਰਵਾਲ ਦੀ ਪ੍ਰਧਾਨਗੀ ਹੇਠਲੇ ਕਮਿਸ਼ਨ ਨੇ ਆਪਣੀ ਰਿਪੋਰਟ ਇਸ ਮਹੀਨੇ ਦੇ ਸ਼ੁਰੂ 'ਚ ਹੀ ਰਾਜ ਸਰਕਾਰ ਨੂੰ ਸੌਂਪ ਦਿੱਤੀ।
ਦੀ ਸੰਡੇ ਐਕਸਪ੍ਰੈਸ ਵੱਲੋਂ ਵਿਚਾਰੀ ਰਿਪੋਰਟ ਕਹਿੰਦੀ ਹੈ ਕਿ : 6 ਸੁਰੱਖਿਆ ਜਵਾਨਾਂ ਦੇ ਹੋਏ ਜਖਮ 'ਕਰਾਸ ਫਾਇਰਿੰਗ' ਦੇ ਸਦਕਾ ਸਨ, ਜਿੰਨ੍ਵਾਂ ਦੀ ਸੁਰੱਖਿਆ ਬਲਾਂ ਦੇ ਹੋਰਨਾਂ ਮੈਂਬਰਾਂ ਵੱਲੋਂ  ਚਲਾਈਆਂ ਗੋਲੀਆਂ ਕਾਰਨ ਹੋਣ ਦੀ ਸੰਭਾਵਨਾ ਹੈ ਅਤੇ ਕੇਸ ਦੀ ਤਫਤੀਸ਼ ਵਿਚ ਜਾਹਰਾ ਹੇਰਾਫੇਰੀਆਂ ਸਨ। ਪਰ ਇਸ ਵਿਚ ਇਹ ਵੀ ਨੋਟ ਕੀਤਾ ਗਿਆ ਕਿ ਪਿੰਡ ਵਾਸੀਆਂ ਦਾ ਇਹ ਦਾਅਵਾ ਕਿ ਉਹ ਇੱਕ ਤਿਓਹਾਰ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਇਕੱਠੇ ਹੋਏ ਸਨ 'ਕਾਫ਼ੀ ਸ਼ੱਕੀ' ਜਾਪਦਾ ਹੈ। 28 ਜੂਨ 2012 ਦੀ ਰਾਤ ਨੂੰ ਮਾਓਵਾਦੀਆਂ ਦੀ ਮੌਜੂਦਗੀ ਸਬੰਧੀ ਸੂਹ ਮਿਲਣ 'ਤੇ ਸਿਲਮੇਰ ਜਾਣ ਖਾਤਰ ਸੀ.ਆਰ.ਪੀ.ਐਫ. ਦੇ ਅਗਵਾਈ ਵਿਚ ਸੀ.ਆਰ.ਪੀ.ਐਫ. ਅਤੇ ਛੱਤੀਸਗੜ੍ਹ ਪੁਲਸ ਦੀਆਂ ਟੀਮਾਂ ਵੱਲੋਂ ਇੱਕ ਓਪਰੇਸ਼ਨ ਸ਼ੁਰੂ ਕੀਤਾ ਗਿਆ।
ਸੁਰੱਖਿਆ ਬਲਾਂ ਵੱਲੋਂ ਪੇਸ਼ ਕੀਤੀ ਗਈ ਘਟਨਾਵਾਂ ਦੀ ਲੜੀ ਅਨੁਸਾਰ, ਦੋ ਟੀਮਾਂ ਬਾਸਾਮੁੰਡਾ ਤੋਂ ਚੱਲੀਆਂ ਅਤੇ 3 ਕਿਲੋਮੀਟਰ ਦੀ ਦੂਰੀ 'ਤੇ ਸਾਰਕੇਮੁਡਾ ਵਿਖੇ ਉਹਨਾਂ ਦਾ ਸਾਹਮਣਾ ਇਕ ਮਾਓਵਾਦੀ ਮੀਟਿੰਗ ਨਾਲ ਹੋਇਆ। ਮੀਟਿੰਗ 'ਚ ਸ਼ਾਮਿਲ ਪਿੰਡ ਵਾਸੀਆਂ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਅਤੇ ਸੁਰੱਖਿਆ ਜਵਾਨਾਂ ਨੇ ਇਸਦਾ ਮੋੜਵਾਂ ਜਵਾਬ ਦਿੱਤਾ ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ''ਬੀਜ ਪੰਡਮ'' ਤਿਓਹਾਰ ਸਬੰਧੀ ਵਿਚਾਰ ਚਰਚਾ ਕਰਨ ਖਾਤਰ ਮੀਟਿੰਗ 'ਚ ਇਕੱਠੇ ਹੋਏ ਸਨ ਅਤੇ ਸੁਰੱਖਿਆ ਬਲਾਂ ਨੇ ਉਹਨਾਂ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਇੱਕ ਬੰਦੇ, ਇਰਪਾ ਰਾਮੇਸ਼ ਨੂੰ ਅਗਲੀ ਸਵੇਰ ਘਰੋਂ ਚੁਕ ਕੇ ਕਤਲ ਕੀਤਾ ਗਿਆ।
11
ਜੁਲਾਈ 2012 ਨੂੰ ਉਸ ਸਮੇਂ ਦੀ ਰਮਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਨਿਆਂਇਕ ਜਾਂਚ ਦੇ ਹੁਕਮ ਦਿੱਤੇ। ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿ ਜਸਟਿਸ ਅਗਰਵਾਲ ਨੇ ਰਿਪੋਰਟ ਪੇਸ਼ ਕਰ ਦਿੱਤੀ ਹੈ, ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸੈਕਟਰੀ ਤਾਰਨ ਪ੍ਰਕਾਸ਼ ਸਿਨ੍ਹਾ ਨੇ ਕਿਹਾ, ''ਇੱਕ ਰਿਪੋਰਟ ਪ੍ਰਾਪਤ ਹੋਈ ਹੈ''ਅਧਿਕਾਰੀ ਨੇ ਕਿਹਾ ਕਿ ਅਗਲਾ ਕਦਮ ਇਹ ਹੋਵੇਗਾ ਕਿ ਇਹ ਕੈਬਨਿਟ ਅੱਗੇ ਰੱਖੀ ਜਾਵੇਗੀ, ਜੇ ਮਨਜੂਰ ਕਰ ਲਈ ਜਾਂਦੀ ਹੈ ਤਾਂ ਫਿਰ ਵਿਧਾਨ ਸਭਾ ਅੱਗੇ।
ਇਹ ਕਹਿੰਦਿਆਂ ਕਿ ''ਦੋਹੇਂ ਪਾਸੇ ਦੇ ਗਵਾਹਾਂ ਦੇ ਬਿਆਨਾਂ 'ਚ ਉਕਾਈਆਂ ਅਤੇ ਕਮੀਆਂ ਹਨ ''ਰਿਪੋਰਟ ਕਹਿੰਦੀ ਹੈ ਰਿਕਾਰਡ 'ਤੇ ਆਏ ਸਬੂਤ ਅਤੇ ਹਾਲਤ 'ਜਾਂਚੇ ਤੇ ਵਿਚਾਰੇ' ਜਾਣੇ ਪੈਣਗੇ।
ਮੁੱਖ ਸਵਾਲ ਕਿ ਕੀ ਮਾਓਵਾਦੀ ਮੀਟਿੰਗ ਵਿਚ ਹਾਜਰ ਸਨ ਬਾਰੇ ਇਹ ਕਹਿੰਦੀ ਹੈ, 'ਤਸੱਲੀਬਖਸ਼ ਸਬੂਤਾਂ ਨਾਲ ਇਹ ਸਿੱਧ ਨਹੀਂ ਕੀਤਾ ਗਿਆ ਕਿ ਮੁਕਾਬਲਾ ਨਕਸਲੀ ਜਥੇਬੰਦੀ ਦੇ ਮੈਂਬਰਾਂ ਨਾਲ ਹੋਇਆ ਜਾਂ ਕਿ ਉਹ ਮੀਟਿੰਗ ਜਾਂ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਹਾਜਰ ਜਾਂ ਸ਼ਾਮਿਲ ਸਨ। ਇਹ ਸਿੱਧ ਨਹੀਂ ਕੀਤਾ ਗਿਆ ਕਿ ਮਾਰੇ ਗਏ ਵਿਅਕਤੀ ਜਾਂ ਸੁਰੱਖਿਆ ਜਵਾਨਾਂ ਤੋਂ ਇਲਾਵਾ ਵਾਲੇ ਵਿਚ ਜਖਮੀ ਹੋਏ ਵਿਅਕਤੀ ਨਕਸਲੀ ਸਨ, ਕਿਉਂ ਜੋ ਇਸ ਸਬੰਧੀ ਕੋਈ ਤਸੱਲੀਬਖਸ਼ ਸਬੂਤ ਨਹੀਂ ਹੈ।'' ਸੁਰੱਖਿਆ ਬਲਾਂ ਦੇ ਇਸ ਦਾਅਵੇ ਨੂੰ ਰੱਦ ਕਰਦਿਆਂ ਕਿ ਪਿੰਡ ਵਾਸੀਆਂ ਵੱਲੋਂ ਫਾਇਰਿੰਗ ਕੀਤੀ ਗਈ, ਰਿਪੋਰਟ ਕਹਿੰਦੀ ਹੈ, ''ਸੁਰੱਖਿਆ ਬਲਾਂ ਦੇ ਦਾਅਵੇ ਅਨੁਸਾਰ, ਮੀਟਿੰਗ  'ਚ ਸ਼ਾਮਲ ਲੋਕਾਂ ਵੱਲੋਂ ਪਹਿਲਾਂ ਫਾਇਰਿੰਗ ਕੀਤੀ ਗਈ ਇਹ ਗਲ ਪਰਖ ਦੀ ਕਸਵੱਟੀ 'ਤੇ ਖਰੀ ਨਹੀਂ ਉਤਰਦੀ ਕਿਉਂ ਜੋ ਟੀਮ ਆਗੂ ਡੀ.ਆਈ.ਜੀ. ਐਸ ਈਲੈਂਗੋ ਆਪਣੇ ਪਹਿਲਾਂ ਦਿੱਤੇ ਬਿਆਨ ਤੋਂ ਉਲਟ ਜਾਂਦਿਆਂ ਮੰਨਦਾ ਹੈ ਕਿ ਉਸਨੇ ਮੀਟਿੰਗ ਵਾਲੀ ਥਾਂ ਦੀ ਦਿਸ਼ਾ ਵੱਲੋਂ ਆਉਂਦੀ ਕੋਈ ਗੋਲੀ ਨਹੀਂ ਵੇਖੀ। ਡੀ.ਆਈ.ਜੀ. ਐਸ ਈਲੈਂਗੋ ਅਤੇ ਡਿਪਟੀ ਕਮਾਂਡੈਂਟ ਮਨੀਸ਼ ਬਾਰਮੋਲਾ ਵੱਲੋਂ ਘਟਨਾ ਸਮੇਂ ਇੱਕ ਵੀ ਗੋਲੀ ਨਾ ਚਲਾਏ ਜਾਣਾ ਇਸ ਗੱਲ ਵੱਲ ਸਾਫ਼ ਇਸ਼ਾਰਾ ਕਰਦਾ ਹੈ ਕਿ ਮੀਟਿੰਗ ਵਿਚ ਸ਼ਾਮਿਲ ਵਿਅਕਤੀਆਂ ਵੱਲੋਂ ਕੋਈ ਗੋਲੀਬਾਰੀ ਨਹੀਂ ਕੀਤੀ ਗਈ ਸੀ ਕਿਉਂ ਜੋ ਜੇਕਰ ਅਜਿਹਾ ਹੁੰਦਾ ਤਾਂ ਇਹਨਾਂ ਸੀਨੀਅਰ ਅਫਸਰਾਂ ਵੱਲੋਂ, ਜੋ ਕਿ ਪੂਰੀ ਤਰ੍ਹਾਂ ਹਥਿਆਰਬੰਦ ਸਨ, ਜਵਾਬੀ ਕਾਰਵਾਈ ਵਜੋਂ ਅਤੇ ਸਵੈ ਰੱਖਿਆ 'ਚ ਲਾਜਮੀ ਹੀ ਗੋਲੀ ਚਲਾਈ ਜਾਣੀ ਸੀ, ਡੀ.ਆਈ.ਜੀ. ਐਸ ਈਲੈਂਗੋ ਅਤੇ ਮਨੀਸ਼ ਬਾਰਮੋਲਾ ਦਾ ਵਿਹਾਰ ਸਾਧਾਰਨ ਮਨੁੱਖੀ ਵਤੀਰੇ ਅਤੇ ਆਪਣੇ ਆਪ ਨੂੰ ਬਚਾਉਣ ਅਤੇ ਸਵੈਰੱਖਿਆ ਦੀ ਕੁਦਰਤੀ ਵਿਰਤੀ ਦੇ ਉਲਟ ਹੈ।''
ਰਿਪੋਰਟ ਕਹਿੰਦੀ ਹੈ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਜਦੋਂ ਉਹਨਾਂ ਦੇ ਗਾਈਡ ਵੱਲੋਂ ''ਦੂਰੋਂ ਕਿਤੋਂ ਸ਼ੱਕੀ ਆਵਾਜ਼ਾਂ'' ਆਉਂਦੇ ਹੋਣ ਬਾਰੇ ਦੱਸਿਆ ਗਿਆ ਤਾਂ ਸੁਰੱਖਿਆ ਬਲਾਂ ਵੱਲੋਂ ਬੁਖਲਾਹਟ ਭਰਿਆ ਪ੍ਰਤੀਕਰਮ ਕੀਤਾ ਗਿਆ।'' ਇਹ ਅੱਗੇ ਕਹਿੰਦੀ ਹੈ, ''ਇਸ ਤਰ੍ਹਾਂ ਇਉਂ ਲਗਦਾ ਹੈ ਕਿ ਨਕਸਲੀਆਂ ਦੇ ਉਥੇ ਮੌਜੂਦ ਹੋਣ ਦਾ ਸ਼ੱਕ ਉਤਪਤ ਹੋਣ 'ਤੇ ਸੁਰੱਖਿਆ ਬਲਾਂ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਜਿਸ ਦੇ ਸਿੱਟੇ ਵਜੋਂ ਬਹੁਤ ਸਾਰੇ ਵਿਅਕਤੀ ਜ਼ਖਮੀ ਹੋਏ ਅਤੇ ਮਾਰੇ ਗਏ।''
ਸੀ.ਆਰ.ਪੀ.ਐਫ. ਅਤੇ ਸੂਬੇ ਦੀ ਪੁਲਸ ਦੇ ਪ੍ਰਤੀਨਿਧ ਵਕੀਲ ਵੱਲੋਂ ਨੁਕਤਾ ਉਠਾਇਆ ਗਿਆ ਕਿ ਇਸ 'ਮੁਕਾਬਲੇ' ਵਿਚ 6 ਸੁਰੱਖਿਆ ਜਵਾਨ ਵੀ ਜ਼ਖਮੀ ਹੋਏ। ਰਿਪੋਰਟ ਕਹਿੰਦੀ ਹੈ, ''ਸੁਰੱਖਿਆ ਜਵਾਨਾਂ ਨੂੰ ਲੱਗੀਆਂ ਸੱਟਾਂ ਇਸ ਤਰ੍ਹਾੰ ਦੀਆਂ ਹਨ ਜੋ ਦੂਰੋਂ ਕੀਤੀ ਫਾਇਰਿੰਗ ਨਾਲ ਨਹੀਂ ਹੋ ਸਕਦੀਆਂ, ਜਿਵੇਂ ਕਿ ਸੱਜੇ ਪੱਬ ਜਾਂ ਗਿੱਟੇ ਨੇੜੇ ਜ਼ਖਮ। ਦੂਜਾ, ਗੋਲੀਆਂ ਦੇ ਜਖਮ ਸਿਰਫ ਕਰਾਸ ਫਾਇਰਿੰਗ ਨਾਲ ਹੀ ਹੋ ਸਕਦੇ ਸਨ, ਜਿਵੇਂਕਿ ਵੱਧ ਜਚਣਹਾਰ ਲਗਦਾ ਹੈ, ਕਿਉਂ ਜੋ ਘਟਨਾ ਵਾਲੀ ਥਾਂ ਦੇ ਆਸੇ ਪਾਸੇ ਹਨੇਰਾ ਸੀ ਅਤੇ ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਥੀ ਸੁਰੱਖਿਆ ਜਵਾਨਾਂ ਵੱਲੋਂ ਚਲਾਈਆਂ ਗੋਲੀਆਂ ਹੀ ਟੀਮ ਦੇ ਹੋਰਨਾਂ ਸੁਰੱਖਿਆ ਜਵਾਨਾਂ ਦੇ ਲਗ ਗਈਆਂ ਹੋਣ।''
ਪਿੰਡ ਵਾਸੀਆਂ ਦੇ ਵਕੀਲ ਵੱਲੋਂ ਕਿਹਾ ਗਿਆ ਕਿ ਸਬੂਤ ਵਿਖਾਉਂਦੇ ਹਨ ਕਿ ਘਟਨਾ ਦਾ ਸ਼ਿਕਾਰ 17 ਵਿਚੋਂ ਘੱਟੋ ਘੱਟ 10 ਅਜਿਹੇ ਹਨ ਜਿੰਨ੍ਹਾਂ ਦੀ ਪਿਠ ਵਿਚ ਗੋਲੀਆਂ ਮਾਰੀਆਂ ਗਈਆਂ ਜਿਹੜਾ ਇਹ ਜਾਹਰ ਕਰਦਾ ਹੈ ਕਿ ਉਹਨਾਂ ਨੂੰ ਮੌਕੇ ਤੋਂ ਭਜਦੇ ਸਮੇਂ ਮਾਰਿਆ ਗਿਆ। ਜਾਂਚ ਕਮਿਸ਼ਨ ਅਨੁਸਾਰ, ''ਮ੍ਰਿਤਕਾ 'ਚੋਂ ਕੁਝ ਦੇ ਸਿਰ ਦੇ ਉਪਰਲੇ ਹਿੱਸੇ 'ਚ ਮਾਰੀਆਂ ਗਈਆਂ ਗੋਲੀਆਂ ਵਿਖਾਉਦੀਆਂ ਹਨ ਕਿ ਉਹਨਾਂ ਦੇ ਬਹੁਤ ਨੇੜਿਓਂ ਗੋਲੀਆਂ ਮਾਰੀਆਂ ਗਈਆਂ, ਜਿਹੜਾ ਕਿ ਜਿਵੇਂ ਸੁਰੱਖਿਆ ਬਲਾਂ ਵੱਲੋਂ ਦਾਅਵਾ ਕੀਤਾ ਜਾਂਦਾ ਹੈ, ਦੂਰੋਂ ਕੀਤੀ ਫਾਇਰਿੰਗ ਦਾ ਸਿੱਟਾ ਨਹੀਂ ਹੋ ਸਕਦਾ।''
ਰਿਪੋਰਟ ਕਹਿੰਦੀ ਹੈ, ਉਪਰ ਦੱਸੇ ਅਹਿਮ ਪੱਖਾਂ ਸਮੇਤ ਗੋਲੀਆਂ ਨਾਲ ਹੋਏ ਜਖਮਾਂ ਦੀ ਕਿਸਮ ਅਤੇ ਸਥਾਨ ਅਤੇ ਹੋਰ ਬਹੁਤ ਸਾਰੇ ਜਖਮ ਜਿਵੇਂ ਵਲੂੰਧਰਾਂ ਅਤੇ ਨੀਲ, ਵਰਗੇ ਹਾਲਾਤਾਂ ਨੂੰ ਵਿਚਾਰਨ ਦਾ ਸਿੱਟਾ ਇਹੀ ਵਿਖਾਉਂਦਾ ਹੈ ਕਿ ਘਟਨਾ ਇਉਂ ਨਹੀਂ ਹੋਈ ਜਿਵੇਂ ਸੁਰੱਖਿਆ ਬਲਾਂ ਵੱਲੋਂ ਦੱਸੀ ਜਾ ਰਹੀ ਹੈ। ਇਉਂ ਵੀ ਲਗਦਾ ਹੈ ਕਿ ਸੁਰੱਖਿਆ ਬਲਾਂ ਵਲੋਂ ਕੀਤੀ ਗਈ ਫਾਇਰਿੰਗ ਦੂਰ ਤੋਂ ਨਹੀਂ ਸੀ ਕੀਤੀ ਗਈ ਜਦੋਂਕਿ ਉਹਨਾਂ ਉਪਰ ਹਮਲਾ ਕੀਤਾ ਗਿਆ ਹੋਵੇ, ਅਤੇ ਸਗੋਂ ਇਉਂ ਜਾਪਦਾ ਹੈ ਕਿ ਸੁਰੱਖਿਆ ਬਲਾਂ ਨੂੰ ਮੀਟਿੰਗ 'ਚ ਸ਼ਾਮਿਲ ਵਿਅਕਤੀ ਟੱਕਰ ਗਏ ਹੋਣ ਅਤੇ ਸੁਰੱਖਿਆ ਬਲਾਂ ਵੱਲੋਂ ਕੁਝ ਮ੍ਰਿਤਕਾਂ ਦੇ ਸਿਰਾਂ ਦੇ ਉਪਰਲੇ ਹਿੱਸੇ ਤੇ ਅਤੇ ਬਾਕੀਆਂ ਦੇ ਧੜ ਅਤੇ ਪਿੱਠ 'ਤੇ ਵੀ, ਬਹੁਤ  ਨੇੜਿਓਂ ਗੋਲੀ ਚਲਾ ਕੇ ਜਖਮ ਕੀਤੇ ਗਏ ਹੋਣ। ਇਸ ਤੋਂ ਇਲਾਵਾ ਮੀਟਿੰਗ 'ਚ ਸ਼ਾਮਿਲ ਲੋਕਾਂ 'ਤੇ ਸਰੀਰਕ ਹਮਲਾ ਕੀਤਾ ਗਿਆ ਜਿਸ ਸਦਕਾ ਵਲੂੰਧਰਾਂ ਅਤੇ ਨੀਲ ਪਏ। ਇਹ ਜਖਮ ਨੇੜਿਓਂ ਸਿਰਫ ਤੇਜਧਾਰ ਹਥਿਆਰਾਂ ਜਾਂ ਹੱਥਾਂ ਅਤੇ ਖੁੰਡੀਆਂ ਵਸਤਾਂ ਜਿਵੇਂ ਬੰਦੂਕਾਂ ਤੇ ਰਫਲਾਂ ਦੇ ਬੱਟਾਂ ਨਾਲ ਹੀ ਕੀਤੇ ਜਾ ਸਕਦੇ ਹਨ। ਇਹ ਜ਼ਖਮ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਕਿਵੇਂ ਹੋਏ, ਇਸ ਸਬੰਧੀ ਸੁਰੱਖਿਆ ਬਲਾਂ ਵਲੋਂ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ।''
ਪਿੰਡ ਵਾਸੀਆਂ ਦੇ ਇਸ ਦੋਸ਼ ਬਾਰੇ ਕਿ ਮ੍ਰਿਤਕਾਂ 'ਚੋਂ ਇੱਕ 29 ਜੂਨ 2012 ਦੀ ਸਵੇਰ ਘਰੋਂ ਚੁਕਿਆ ਗਿਆ, ਪਿਛਲੀ ਰਾਤ 10 ਵੱਜ ਕੇ 30 ਮਿੰਟ 'ਤੇ ਹੋਏ ਅਖੌਤੀ ਮੁਕਾਬਲੇ ਤੋਂ ਕਈ ਘੰਟਿਆਂ ਬਾਦ, ਇਹ ਰਿਪੋਰਟ ਕਹਿੰਦੀ ਹੈ,'' ਸ਼ਸ਼ੀਕਲਾ ਤੇਲਮ ਨੇ ਬਿਆਨ ਦਿੱਤਾ ਹੈ ਕਿ ਉਸਦੇ ਭਰਾ ਇਰਪਾ ਰਾਮੇਸ਼ ਨੂੰ ਸਵੇਰੇ ਕੁਟਿਆ ਗਿਆ। ਉਸਦੇ ਬਿਆਨ ਦੀ ਦੂਹਰ ਕਰਦਿਆਂ ਮੁੱਤਾਕਾਕਾ ਕਹਿੰਦਾ ਹੈ ਕਿ ਸਵੇਰੇ ਵੇਲੇ ਜਦੋਂ ਰਾਮੇਸ਼ ਆਪਣੇ ਘਰ ਮੌਜੂਦ ਸੀ ਅਤੇ ਘਰ ਅੰਦਰੋਂ ਬਾਹਰ ਲੁਕਵੀਂ ਝਾਤ ਮਾਰ ਰਿਹਾ ਸੀ ਤਾਂ ਪੁਲਸ ਵਾਲਿਆਂ ਨੇ ਉਸਨੂੰ ਫੜ ਲਿਆ, ਉਸਦੀ ਕੁਟਮਾਰ ਕੀਤੀ ਅਤੇ ਉੂਸਨੂੰ ਗੋਲੀ ਮਾਰ ਕੇ ਮਾਰ ਦਿੱਤਾ। ਵਕੀਲ ਵੱਲੋਂ ਇਸ ਗੱਲ ਗੱਲ ਧਿਆਨ ਦਵਾਇਆ ਗਿਆ ਹੈ ਕਿ ਪੋਸਟਮਾਰਟਮ ਸਮੇਂ ਬਣਾਈ ਗਈ ਵੀਡੀਓ ਤੋਂ ਲਏ ਫੋਟੋਆਂ 'ਚ ਵੇਖਿਆ ਜਾ ਸਕਦਾ ਹੈ ਕਿ ਰਾਤ ਸਮੇਂ ਮਾਰੇ ਗਏ ਵਿਅਕਤੀਆਂ ਦੀਆਂ 15 ਲਾਸ਼ਾਂ ਇਕ ਤਰਤੀਬ 'ਚ ਪਈਆਂ ਹਨ। ਵੀਡੀਓ ਫਿਲਮ ਤੋਂ ਹੀ ਲਈ ਫੋਟੋ ਅਨੁਸਾਰ ਹੀ ਇਰਪਾ ਰਾਮੇਸ਼ ਦੀ ਲਾਸ਼ ਇਕੱਲੀ ਅੱਡ ਪਈ ਹੈ, ਇਹ ਵੀ ਇਸੇ ਗੱਲ ਦੀ ਸ਼ਾਹਦੀ ਭਰਦਾ ਹੈ ਉਹ ਰਾਤ ਨੂੰ ਵਾਪਰੀ ਘਟਨਾ ਤੋਂ ਕਾਫ਼ੀ ਸਮੇਂ ਬਾਦ 29 ਜੂਨ ਦੀ ਸਵੇਰ ਨੂੰ ਮ੍ਰਿਤਕ ਇਰਪਾ ਰਾਮੇਸ਼ ਦੀ ਕੁਟਮਾਰ ਅਤੇ ਮੌਤ ਸਿੱਧ ਹੁੰਦੀ ਹੈ। ਇਹ ਗੱਲ ਸੁਰੱਖਿਆ ਬਲਾਂ ਵੱਲੋਂ ਘਟਨਾ ਸਬੰਧੀ ਪੇਸ਼ ਕੀਤੇ ਪੱਖ 'ਤੇ ਗੰਭੀਰ ਸ਼ੰਕੇ ਖੜ੍ਹੇ ਕਰਦੀ ਹੈ।''
ਜਦੋਂਕਿ ਸ਼ੁਰੂ ਵਿੱਚ ਮ੍ਰਿਤਕਾਂ ਦੀ ਗਿਣਤੀ 16 ਸੀ ਪਰ ਬਾਅਦ ਵਿਚ 11 ਜ਼ਖਮੀਆਂ 'ਚੋਂ 1 ਦੀ ਮੌਤ ਹੋ ਜਾਣ ਕਾਰਨ ਇਹ 17 ਹੋ ਗਈ।
ਜਸਟਿਸ ਅਗਰਵਾਲ ਆਪਣੀ ਰਿਪੋਰਟ ਵਿਚ ''ਤਫਤੀਸ਼ 'ਚ ਜਾਹਰਾ ਹੇਰਾਫੇਰੀ ਬਾਰੇ ਜਿਕਰ ਕਰਦਾ ਹੈ। ਉਸਦੀ ਰਿਪੋਰਟ ਕਹਿੰਦੀ ਹੈ,''ਇਹ ਨੋਟ ਕਰਨਾ ਵਿਸ਼ੇਸ਼ ਰੂਪ ਵਿਚ ਅਹਿਮ ਹੈ ਕਿ ਬਹੁਤ ਸਾਰੇ ਦਸਤਾਵੇਜਾਂ ਜਿਵੇਂ ਕਬਜਾ ਮੀਮੋ ਵਗੈਰਾ ਅਖੌਤੀ ਤੌਰ 'ਤੇ ਘਟਨਾ ਵਾਲੀ ਥਾਂ 'ਤੇ ਸਵੇਰੇ ਤਿਆਰ ਕੀਤੇ ਵਖਾਏ ਗਏ ਭਾਵ ਪਰਚਾ ਦਰਜ ਹੋਣ ਤੋਂ ਪਹਿਲਾਂ ਜਦੋਂ ਇਸ ਘਟਨਾ ਸਬੰਧੀ ਪਰਚੇ ਦਾ ਨੰਬਰ ਅਜੇ ਜਾਰੀ ਨਹੀਂ ਹੋਇਆ ਸੀ ਪਰ ਫਿਰ ਵੀ ਉਹਨਾਂ ਦਸਤਾਵੇਜਾਂ 'ਤੇ ਪਰਚਾ ਨੰਬਰ ਲਿਖਿਆ ਹੋਇਆ ਸੀ ਜਿਸਤੋਂ ਸਾਫ਼ ਜਾਹਰ ਹੁੰਦਾ ਹੈ ਕਿ ਤਫਤੀਸ਼ ਨਾਲ ਛੇੜਛਾੜ ਕੀਤੀ ਗਈ।''
(
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਦਾ ਅਨੁਵਾਦ)

No comments:

Post a Comment