Thursday, January 16, 2020

ਕਾਮਰੇਡ ਦਰਸ਼ਨ ਕੂਹਲੀ ਨੂੰ ਸੰਗਰਾਮੀ ਸ਼ਰਧਾਂਜਲੀਆਂ

ਉੱਘੇ ਕਮਿਊਨਿਸਟ ਇਨਕਲਾਬੀ ਘੁਲਾਟੀਏ
ਕਾਮਰੇਡ ਦਰਸ਼ਨ ਕੂਹਲੀ ਨੂੰ ਸੰਗਰਾਮੀ ਸ਼ਰਧਾਂਜਲੀਆਂ
ਦੇ ਕਮਿਊਨਿਸਟ ਇਨਕਲਾਬੀ ਲਹਿਰ ਦੇ ਘੁਲਾਟੀਏ ਕਾਮਰੇਡ ਦਰਸ਼ਨ ਸਿੰਘ ਕੂਹਲੀ ਨੂੰ ਸ਼ਰਧਾਂਜਲੀ ਦੇਣ ਲਈ ਹਜਾਰਾਂ ਕਿਰਤੀ ਲੋਕ ਉਹਨਾਂ ਦੇ ਪਿੰਡ ਕੂਹਲੀ ਕਲਾਂ ਵਿਖੇ ਇਕੱਠੇ ਹੋਏ ਤੇ ਕਾ. ਕੂਹਲੀ ਦੇ ਲੋਕ ਇਨਕਲਾਬ ਮਿਸ਼ਨ ਨੂੰ ਤੋੜ ਚੜਾਉਣ ਲਈ  ਹੋਰ ਵਧੇਰੇ ਦ੍ਰਿੜਤਾ ਨਾਲ ਜੂਝਣ ਦਾ ਅਹਿਦ ਕੀਤਾ। ਅੱਜ ਦੇ ਇਕੱਠ ਵਿੱਚ ਕਿਸਾਨਾਂ, ਖੇਤ ਮਜਦੂਰਾਂ , ਨੌਜਵਾਨ-ਵਿਦਿਆਰਥੀਆਂ, ਮੁਲਾਜਮ ਲਹਿਰ ਦੇ ਕਾਰਕੁੰਨਾਂ ਸਮੇਤ ਔਰਤਾਂ ਵੀ ਸ਼ਾਮਲ ਸਨ। ਸਮਾਗਮ ਦੀ ਸ਼ੁਰੂਆਤ ਇਨਕਲਾਬੀ ਲਹਿਰ ਦੀ ਉੱਘੀ ਸਖਸ਼ੀਅਤ ਅਮੋਲਕ ਸਿੰਘ ਵੱਲੋਂ ਸਮੁੱਚੇ ਇਕੱਠ ਦੀ ਤਰਫੋਂ ਵਿਛੜੇ ਸਾਥੀ ਦੀ ਤਸਵੀਰ ਨੂੰ ਫੁੱਲਾਂ ਦਾ ਹਾਰ ਪਾਉਣ ਦੀ ਰਸਮ ਨਾਲ ਹੋਈ। ਸ਼ਰਧਾਂਜਲੀ ਸਮਾਗਮ ਕਮੇਟੀ ਤਰਫੋਂ ਇਕੱਠ ਨੂੰ ਸੰਬੋਧਨ ਕਰਦਿਆਂ ਕਮੇਟੀ ਮੈਂਬਰ ਜਸਪਾਲ ਜੱਸੀ ਨੇ ਕਿਹਾ ਕਿ ਕਾਮਰੇਡ ਕੂਹਲੀ ਨੇ ਕਮਿਊਨਿਸਟ ਇਨਕਲਾਬੀ ਲਹਿਰ ਦੇ ਵਿਹੜੇ 'ਚ ਭਰ ਜਵਾਨੀ 'ਚ ਪੈਰ ਪਾਇਆ ਤੇ ਅੰਤਿਮ ਸਾਹਾਂ ਤੱਕ ਮੁਲਕ 'ਚ ਲੋਕ ਜਮਹੂਰੀ ਇਨਕਲਾਬ ਦਾ ਸੁਪਨਾ ਉਹਨਾਂ ਦੀਆਂ ਅੱਖਾਂ 'ਚ ਜਗਦਾ ਰਿਹਾ।  ਉਹਨਾਂ ਦਾ ਨਿਸ਼ਾਨਾ ਮੁਲਕ 'ਚੋਂ ਸਾਮਰਾਜੀਆਂ , ਦਲਾਲ ਸਰਮਾਏਦਾਰਾਂ ਤੇ ਜਗੀਰਦਾਰਾਂ ਦੇ ਲੁਟੇਰੇ ਰਾਜ ਨੂੰ ਲੋਕ ਤਾਕਤ ਦੇ ਜੋਰ ਉਲਟਾ ਕੇ ਸੱਚੀ ਲੋਕਾਸ਼ਾਹੀ ਸਥਾਪਿਤ ਕਰਨਾ ਸੀ। ਇਸ ਨਿਸ਼ਾਨੇ ਦੀ ਪੂਰਤੀ ਲਈ ਉਹਨਾਂ ਨੇ ਲਹਿਰ ਦੇ ਵੱਖ ਵੱਖ ਮੁਹਾਜਾਂ 'ਤੇ ਰੋਲ ਨਿਭਾਇਆ। ਉਹ ਲਗਭਗ 15 ਵਰ੍ਹੇ ਕਮਿ. ਇਨ.ਲਹਿਰ ਦੀਆਂ ਆਗੂ ਸਫਾਂ 'ਚ ਰਹੇ। ਲੰਮਾਂ ਅਰਸਾ ਕਿਸਾਨ ਲਹਿਰ 'ਚ ਕੰਮ ਕਰਦਿਆਂ ਇਸਦੀ ਇਨਕਲਾਬੀ ਕਾਇਆਪਲਟੀ ਲਈ ਯਤਨ ਜੁਟਾਏ।  ਕਮਿ. ਇਨ.ਸਿਆਸਤ ਦਾ ਤੇ ਭਾਰਤੀ ਇਨਕਲਾਬ ਦੀ ਸਹੀ ਲੀਹ ਦਾ ਪ੍ਰਚਾਰ ਪਸਾਰ ਕਰਨ ਦੇ ਵੱਡੇ ਕਾਰਜ 'ਚ ਵੀ ਉਹਨਾਂ ਨੇ ਵਿਸ਼ੇਸ਼ ਹਿੱਸਾ ਪਾਇਆ। ਅਜਿਹੇ ਕਈ ਉੱਦਮਾਂ ਦਾ ਉਹ ਅੰਗ ਰਹੇ। ਕਮਿ.ਇਨ. ਲਹਿਰ ਦੀ ਲੀਹ ਅਧਾਰਿਤ ਅਸੂਲੀ ਏਕਤਾ ਰਾਹੀਂ ਖਿੰਡੀ ਪਾਰਟੀ ਨੂੰ ਮੁੜ ਜਥੇਬੰਦ ਕਰਨ ਦੇ ਉਹ ਜੋਰਦਾਰ ਮੁੱਦਈ ਰਹੇ।  ਉਹਨਾਂ ਕਿਹਾ ਕਿ ਦਰਸ਼ਨ ਸਿੰਘ ਕੂਹਲੀ ਨੂੰ ਸੱਚੀ ਸ਼ਰਧਾਂਜਲੀ ਇਨਕਲਾਬ ਦੇ ਰਾਹ 'ਤੇ ਹੋਰ ਵਧੇਰੇ ਸਪਸ਼ਟਤਾ ਤੇ ਦ੍ਰਿੜਤਾ ਨਾਲ ਡਟਣ ਦਾ ਅਹਿਦ ਕਰਨਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਸਾਨ ਲਹਿਰ ਅੰਦਰ ਉਹਨਾਂ ਵੱਲੋਂ ਪਾਏ ਯੋਗਦਾਨ ਨੂੰ ਯਾਦ ਕਰਦਿਆਂ , ਲਹਿਰ ਨੂੰ ਖਾੜਕੂ ਲੀਹਾਂ 'ਤੇ ਅੱਗੇ ਵਧਣ ਲਈ ਘਾਲੀ ਘਾਲਣਾ ਦੀ ਚਰਚਾ ਕੀਤੀ ਤੇ ਨਵੇਂ ਕਿਸਾਨ ਆਗੂਆਂ ਤੇ ਕਾਰਕੁੰਨਾਂ ਨੂੰ ਇਸ ਰੋਲ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਜਨਰਲ ਸਕੱਤਰ ਕੰਵਲਜੀਤ ਖੰਨਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ , ਇਨਕਲਾਬੀ ਲੋਕ ਮੋਰਚਾ ਦੇ  ਆਗੂ ਸਵਰਨਜੀਤ ਸਿੰਘ  ਨੇ ਸੰਬੋਧਨ ਕਰਦਿਆਂ ਇਨਕਲਾਬੀ ਲਹਿਰ 'ਚ ਪਾਏ ਉਹਨਾਂ ਦੇ ਯੋਗਦਾਨ ਦੀ ਚਰਚਾ ਕੀਤੀ ਤੇ ਇਨਕਲਾਬੀ ਲਹਿਰ ਨੂੰ ਦਰਪੇਸ਼ ਚਣੌਤੀਆਂ ਨੂੰ ਟੱਕਰਨ ਲਈ ਲੋਕਾਂ ਦੀ ਵਿਸ਼ਾਲ ਏਕਤਾ ਦੀ ਜਰੂਰਤ ਨੂੰ ਉਭਾਰਿਆ। ਇਸ ਮੌਕੇ ਇਨਕਲਾਬੀ ਜਮਹੂਰੀ ਜਥੇਬੰਦੀਆਂ ਦੇ ਦਰਜਨਾਂ ਆਗੂ ਵੀ ਹਾਜਰ ਸਨ। ਕਾਮਰੇਡ ਦਰਸ਼ਨ ਕੂਹਲੀ ਦੇ ਵਿਛੋੜੇ 'ਤੇ ਜਮਹੂਰੀ ਅਧਿਕਾਰ ਸਭਾ, ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਸਮੇਤ ਕਈ ਸੰਸਥਾਵਾਂ ਦੇ ਸ਼ੋਕ ਸੰਦੇਸ਼ ਪੜ੍ਹੇ ਗਏ। ਪਰਿਵਾਰ ਤਰਫੋਂ ਉਹਨਾਂ ਦੀ ਬੇਟੀ ਤਰਨਜੀਤ ਕੌਰ ਨੇ ਇਕ ਜਮਹੂਰੀ ਤੇ ਅਸੂਲਪ੍ਰਸਤ ਪਿਤਾ ਵਜੋਂ ਤੇ ਇਕ ਲੋਕ ਦਰਦੀ ਵਜੋ ਉਹਨਾਂ ਦੀ ਸਖਸ਼ੀਅਤ ਨੂੰ ਸਿਜਦਾ ਕੀਤਾ। ਉਹਨਾਂ ਦੀ ਪਤਨੀ ਸ੍ਰੀਮਤੀ ਮਨਜੀਤ ਕੌਰ ਨੇ ਸਮਾਗਮ 'ਚ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸਟੇਜ ਦਾ ਸੰਚਾਲਨ ਕਮੇਟੀ ਦੇ ਕਨਵੀਨਰ ਸਾਥੀ ਹਰਜਿੰਦਰ ਸਿੰਘ ਨੇ ਕੀਤਾ। ੇਇਸ ਮੌਕੇ  ਕਮੇਟੀ ਵੱਲੋਂ ਹਜਾਰਾਂ ਦੀ ਗਿਣਤੀ ਇਕ ਹੱਥ ਪਰਚਾ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਕਾਮਰੇਡ ਕੂਹਲੀ ਦੇ ਰੋਲ ਤੇ ਵਿਚਾਰਾਂ ਬਾਰੇ ਚਰਚਾ ਕੀਤੀ ਗਈ ਹੈ। ਸਮਾਗਮ ਦੌਰਾਨ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੂਰ ਵੱਲੋਂ ਕਵੀਸ਼ਰੀਆਂ ਰਾਹੀਂ ਵਿਛੜੇ ਸਾਥੀ ਨੂੰ ਸ਼ਰਧਾਂਜਲੀ ਦਿੱਤੀ ਗਈ।

No comments:

Post a Comment