Saturday, January 2, 2016

7) ਕਿਸਾਨ ਘੋਲ ਦੀ ਰਿਪੋਰਟ


     ਕਿਸਾਨ ਖੇਤ-ਮਜ਼ਦੂਰ ਅੰਦੋਲਨ ਦੀ ਚੜ੍ਹਤ ਬਰਕਰਾਰ


ਅਹਿਮ ਸਿਆਸੀ ਪ੍ਰਾਪਤੀਆਂ ਕਿਸਾਨ ਲਹਿਰ ਦੀ ਝੋਲੀ



-           ਪਾਵੇਲ

ਪੰਜਾਬ ਦੇ ਕਿਸਾਨਾਂ ਖੇਤ-ਮਜ਼ਦੂਰਾਂ ਦੇ ਸੰਘਰਸ਼ ਦੀ ਵਲ-ਵਲੇਵਿਆਂ ਭਰੀ ਪੇਸ਼ਕਦਮੀ ਜਾਰੀ ਹੈ। ਹੁਣ ਇਸ ਘੋਲ ਦੀ ਧਮਕ ਬਰਨਾਲੇ ਅਤੇ ਅਮ੍ਰਿਤਸਰ ਚ ਹੋਈਆਂ ਲਲਕਾਰ ਰੈਲੀਆਂ ਰਾਹੀਂ ਸੁਣਾਈ ਦਿੱਤੀ ਹੈ। ਇਹਨਾਂ ਥਾਵਾਂ ਤੇ ਜੁੜੇ ਵਿਸ਼ਾਲਜਨਤਕ ਇਕੱਠਾਂ ਨੇ ਅਹਿਮ ਕਿਸਾਨ ਖੇਤ-ਮਜ਼ਦੂਰ ਮੁੱਦਿਆਂ ਤੇ ਪ੍ਰਗਟ ਹੋ ਰਹੀ ਲੜਨ ਤਾਂਘ ਨੂੰ ਮੁੜ ਦਰਸਾਇਆ ਹੈ। ਇਹਨਾਂ ਇਕੱਠਾਂ ਦਾ ਚੱਲ ਰਹੇ ਕਿਸਾਨ ਘੋਲ ਦੇ ਅਹਿਮ ਪੜਾਅ ਤੋਂ ਅੱਗੇ ਵਧਕੇ ਮੌਜੂਦਾ ਸਿਆਸੀ ਸਥਿਤੀ ਦੌਰਾਨ ਵਿਸ਼ੇਸ਼ ਸਿਆਸੀ ਮਹੱਤਵ ਵੀ ਹੈ। ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਕੇ ਅਤੇ ਲੋਕਾਂ ਚ ਪਾਟਕਪਾਊ ਮੁੱਦੇ ਉਭਾਰ ਕੇ ਹਕੀਕੀ ਲੋਕ ਮੁੱਦਿਆਂ ਤੋਂ ਬਚਣਾ ਚਾਹੁੰਦੀਆਂ ਹਾਕਮ ਜਮਾਤੀ ਪਾਰਟੀਆਂ ਤੇ ਸਿਆਸਤਦਾਨਾਂ ਦੇ ਮਨਸੂਬਿਆਂ ਦੀ ਕਾਮਯਾਬੀ ਚ ਇਹ ਸੰਘਰਸ਼-ਲਲਕਾਰ ਅੜਿੱਕਾ ਸਾਬਤ ਹੋ ਰਹੀ ਹੈ। ਲੋਕ-ਸੰਘਰਸ਼ ਦੇ ਜ਼ੋਰ ਅਹਿਮ ਲੋਕ ਮੁੱਦੇ ਪੰਜਾਬ ਦੇ ਸਿਆਸੀ ਦ੍ਰਿਸ਼ ਤੇ ਉੱਭਰੇ ਰਹਿ ਰਹੇ ਹਨ।
ਕਿਸਾਨ, ਖੇਤ-ਮਜ਼ਦੂਰ ਲਲਕਾਰ ਰੈਲੀਆਂ ਚ ਆਇਆ ਲੋਕ-ਹੜ੍ਹ ਚੱਲ ਰਹੇ ਅੰਦੋਲਨ ਦੀ ਚੜ੍ਹਤ ਬਰਕਰਾਰ ਹੋਣ ਦਾ ਐਲਾਨ ਹੋ ਨਿੱਬੜਿਆ ਹੈ। ਬੁਲਾਰਿਆਂ ਦੇ ਬੋਲਾਂ ਚੋਂ ਵੀ ਜਨਤਾ ਦੇ ਧਾਅ ਕੇ ਆਉਣ ਦਾ ਉਤਸ਼ਾਹੀ ਪ੍ਰਭਾਵ ਡੁੱਲ੍ਹ ਡੁੱਲ੍ਹ ਪਿਆ ਹੈ। ਬਰਨਾਲਾ ਚ ਹੋਈ ਰੈਲੀ ਦੌਰਾਨ 6 ਜਨਵਰੀ ਤੋਂ ਬਾਦਲ ਪਿੰਡ ਚ ਮੋਰਚਾ ਲਾਉਣ ਦਾ ਐਲਾਨ ਹੋਣ ਮੌਕੇ ਜੁਝਾਰ ਜਨਤਾ ਦਾ ਪ੍ਰਗਟ ਹੋਇਆ ਰੌਂਅ ਤੇ ਇਰਾਦਾ ਬਾਦਲ ਹਕੂਮਤ ਨਾਲ ਦਸਤਪੰਜੇ ਲਈ ਤਿਆਰੀ ਨੂੰ ਦਰਸਾਉਂਦਾ ਹੈ। ਇਹ ਤਿਆਰੀ ਬੀਤੇ ਸਾਢੇ ਤਿੰਨ ਮਹੀਨੇ ਦੇ ਘੋਲ ਦੇ ਅਮਲ ਦੌਰਾਨ ਹੋਰ ਪੱਕੀ ਹੋਈ ਹੈ। ਨਰਮੇ ਦੀ ਨੁਕਸਾਨੀ ਫ਼ਸਲ ਦਾ ਮੁਆਵਜ਼ਾ, ਬਾਸਮਤੀ ਦੀ ਸਰਕਾਰੀ ਖਰੀਦ ਤੇ ਵਾਜਬ ਭਾਅ, ਗੰਨੇ ਦੇ ਬਕਾਏ ਜਾਰੀ ਕਰਨ ਆਦਿ ਫੌਰੀ ਉੱਭਰਦੀਆਂ ਮੰਗਾਂ ਤੋਂ ਇਲਾਵਾ ਹੋਰਨਾਂ ਅਹਿਮ ਕਿਸਾਨ ਮੰਗਾਂ ਨੂੰ ਲੈ ਕੇ ਅਗਸਤ ਮਹੀਨੇ ਦੇ ਅਖੀਰ ਤੋਂ ਸ਼ੁਰੂ ਹੋਇਆ ਇਹ ਸੰਘਰਸ਼ ਉਤਰਾਵਾਂ-ਚੜ੍ਹਾਵਾਂ ਤੇ ਲਾਮਬੰਦੀ ਦੇ ਕਈ ਗੇੜਾਂ ਚੋਂ ਗੁਜਰਦਾ ਹੋਇਆ, ਕਿਸਾਨ ਲਹਿਰ ਦੀ ਝੋਲੀ ਕਈ ਮੁੱਲਵਾਨ ਪ੍ਰਾਪਤੀਆਂ ਪਾ ਚੁੱਕਾ ਹੈ।

ਪਹਿਲਾ ਗੇੜ:


ਵਿਸ਼ਾਲ ਲਾਮਬੰਦੀ ਪੱਕਾ ਧਰਨਾ ਤੇ ਰੇਲ ਰੋਕੋ ਐਕਸ਼ਨ



ਨਰਮੇ ਦੀ ਨੁਕਸਾਨੀ ਫਸਲ ਤੋਂ ਪੀੜਤ ਕਿਸਾਨ ਅਗਸਤ ਦੇ ਅਖੀਰ ਚ ਬੀ. ਕੇ. ਯੂ. (ਉਗਰਾਹਾਂ) ਵੱਲੋਂ ਖੇਤੀ ਸੰਕਟ ਦੇ ਮੁੱਦਿਆਂ ਤੇ ਲਾਏ ਧਰਨਿਆਂ ਚ ਪੁੱਜਣੇ ਸ਼ੁਰੂ ਹੋ ਗਏ ਸਨ ਅਤੇ ਏਸੇ ਦੌਰਾਨ ਹੀ ਬਾਸਮਤੀ ਦੀ ਖਰੀਦ ਤੇ ਗੰਨੇ ਦੇ ਬਕਾਇਆਂ ਦੇ ਮੁੱਦੇ ਵੀ ਉੱਭਰ ਆਏ ਸਨ। ਭਾਵੇਂ ਅਹਿਮ ਤੇ ਬੁਨਿਆਦੀ ਮਹੱਤਤਾ ਵਾਲੀਆਂ ਹੋਰ ਕਿਸਾਨ ਮਜ਼ਦੂਰ ਮੰਗਾਂ ਤੇ ਵੀ ਸਰਗਰਮੀ ਦਾ ਮਹੱਤਵ ਸੀ ਪਰ ਜਨਤਾ ਦੀ ਫੌਰੀ ਚੋਭ ਪੱਖੋਂ ਤੇ ਜਾਗੇ ਸਰੋਕਾਰਾਂ ਪੱਖੋਂ ਉੱਪਰ ਦੱਸੀਆਂ ਮੰਗਾਂ ਨੇ ਮੋਹਰੀ ਸਥਾਨ ਹਾਸਲ ਕੀਤਾ। ਇਹਨਾਂ ਮੰਗਾਂ ਨੂੰ ਲੈ ਕੇ 10 ਸਤੰਬਰ ਨੂੰ ਬਠਿੰਡਾ, 21 ਨੂੰ ਅਮ੍ਰਿਤਸਰ, 15 ਨੂੰ ਪਟਿਆਲਾ ਤੇ 24 ਨੂੰ ਜਲੰਧਰ ਚ ਰੋਸ ਧਰਨੇ ਦਿੱਤੇ ਗਏ। ਬਠਿੰਡਾ ਧਰਨੇ ਚ ਨਰਮਾ ਨੁਕਸਾਨ ਤੋਂ ਪੀੜਤ ਕਿਸਾਨ ਵੱਡੀ ਤਾਦਾਦ ਚ ਸ਼ਾਮਲ ਹੋਏ ਤੇ ਏਥੇ ਕੀਤੇ ਐਲਾਨ ਮੁਤਾਬਕ 17 ਸਤੰਬਰ ਤੋਂ ਬਠਿੰਡੇ ਚ ਪੱਕਾ ਧਰਨਾ ਸ਼ੁਰੂ ਹੋਇਆ ਜੋ ਲਗਭਗ 17 ਦਿਨ ਚੱਲਿਆ (ਵਿਸਥਾਰੀ ਰਿਪੋਰਟ ਲਈ ਅਕਤੂਬਰ ਅੰਕ ਦੇਖੋ) ਏਸੇ ਦੌਰਾਨ ਹੀ ਇਹ ਧਰਨਾ ਫੈਲ ਕੇ ਵੱਖ-ਵੱਖ ਜ਼ਿਲ੍ਹਿਆਂ ਚ ਵੀ ਸ਼ੁਰੂ ਹੋ ਗਿਆ। ਸਰਕਾਰ ਨੇ ਮੁਆਵਜ਼ਾ ਰਾਸ਼ੀ 10 ਕਰੋੜ ਤੋਂ ਵਧਾ ਕੇ 640 ਕਰੋੜ ਕਰਨ ਅਤੇ ਮੂੰਗੀ, ਗੁਆਰਾ ਤੇ ਹੋਰਨਾਂ ਫਸਲਾਂ ਨੂੰ ਵੀ ਗਿਰਦਾਵਰੀ ਚ ਸ਼ਾਮਲ ਕਰਨ ਦੇ ਐਲਾਨ ਕੀਤੇ। ਪਰ ਕੁੱਲ ਨੁਕਸਾਨ ਦੇ ਮੁਕਾਬਲੇ ਇਹ ਰਾਸ਼ੀ ਨਿਗੂਣੀ ਕਰਾਰ ਦਿੰਦਿਆਂ ਖੇਤ ਮਜ਼ਦੂਰਾਂ ਲਈ ਮੁਆਵਜ਼ਾ ਜਾਰੀ ਕਰਵਾਉਣ ਸਮੇਤ ਹੋਰਨਾਂ ਮੰਗਾਂ ਦੀ ਪ੍ਰਾਪਤੀ ਲਈ ਜਥੇਬੰਦੀਆਂ ਨੇ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਤੇ 6 ਅਕਤੂਬਰ ਤੋਂ ਅਣਮਿਥੇ ਸਮੇਂ ਤੱਕ ਰੇਲਾਂ ਦਾ ਚੱਕਾ ਜਾਮ ਕਰਨ ਦਾ ਜੁਝਾਰ ਐਕਸ਼ਨ ਸ਼ੁਰੂ ਹੋ ਗਿਆ।
ਪਹਿਲੇ ਦਿਨ 12 ਥਾਵਾਂ ਤੇ ਰੇਲਵੇ ਲਾਈਨਾਂ ਉੱਤੇ ਕਿਸਾਨ ਮਜ਼ਦੂਰ ਜਨਤਾ ਨੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਪੁਲਸ ਨੇ ਥਾਂ ਥਾਂ ਤੇ ਨਾਕੇ ਲਗਾ ਕੇ ਰੋਕਾਂ ਪਾਉਣ ਤੇ ਸੈਂਕੜੇ ਗ੍ਰਿਫਤਾਰੀਆਂ ਰਾਹੀਂ ਐਕਸ਼ਨ ਫੇਲ੍ਹ ਕਰਨ ਵਾਸਤੇ ਤਾਣ ਲਗਾਇਆ ਪਰ ਦ੍ਰਿੜ ਇਰਾਦੇ ਧਾਰ ਕੇ ਆਈ ਜੁਝਾਰ ਜਨਤਾ ਡੱਕੀ ਨਾ ਜਾ ਸਕੀ ਤੇ ਲਾਇਨਾਂ ਤੇ ਜੰਮ ਗਈ। ਪੂਰਾ ਹਫ਼ਤਾ ਭਰ ਪੰਜਾਬ 6 ਥਾਵਾਂ ਜਿਹਨਾਂ ਚ ਰਾਮਪੁਰਾ, ਪਥਰਾਲਾ ਤੇ ਸ਼ੇਰਗੜ੍ਹ (ਬਠਿੰਡਾ), ਮਾਨਸਾ ਮੁੱਖ ਸਟੇਸ਼ਨ, ਅਮ੍ਰਿਤਸਰ ਚ ਮੁੱਛਲਾਂ, ਮੋਗਾ ਚ ਡਗਰੂ ਸ਼ਾਮਲ ਹਨ, ਰੇਲਾਂ ਦਾ ਚੱਕਾ ਜਾਮ ਰਿਹਾਸੈਂਕੜੇ ਗੱਡੀਆਂ ਰੱਦ ਹੋਈਆਂ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਰੇਲ ਰੋਕੋ ਐਕਸ਼ਨ ਰਿਹਾ। ਸਰਕਾਰ ਨੇ ਨਿੱਤ ਦਿਨ ਧਰਨਿਆਂ ਚ ਪਹੁੰਚਦੇ ਕਾਫ਼ਲਿਆਂ ਦੇ ਰਾਹਾਂ ਚ ਨਾਕੇ ਲਗਾ ਲਗਾ, ਕਈ ਵਾਰ ਗ੍ਰਿਫਤਾਰੀਆਂ ਕਰਕੇ ਲਾਇਨਾਂ ਕੋਲ ਭਾਰੀ ਪੁਲਸ ਫੋਰਸ ਜਮਾ ਕਰਕੇ ਦਹਿਸ਼ਤ ਪਾਉਣ ਤੇ ਦਬਕਾਉਣ ਦੇ ਯਤਨ ਕੀਤੇ, ਲੋਕਾਂ ਦੇ ਦ੍ਰਿੜ ਇਰਾਦੇ ਦੀ ਪਰਖ ਕੀਤੀ। ਲੜਨ-ਮਰਨ ਦੇ ਇਰਾਦੇ ਧਾਰ ਕੇ ਬੈਠੇ ਲੋਕਾਂ ਦਾ ਰੌਂਅ ਭਾਂਪ ਕੇ ਹਕੂਮਤ ਲਾਈਨਾਂ ਖਾਲੀ ਕਰਵਾਉਣ ਵਰਗੇ ਜਾਬਰ ਕਦਮ ਉਠਾਉਣ ਦਾ ਜੋਖਮ ਨਾ ਲੈ ਸਕੀ। 25 ਹਜ਼ਾਰ ਦੇ ਲਗਭਗ ਲੋਕ ਜਿਹੜੇ ਲਾਇਨਾਂ ਤੇ ਮੌਜੂਦ ਰਹੇ, ਆਪਣੇ ਮਗਰਲੇ ਲੱਖਾਂ ਲੋਕਾਂ ਦੀ ਨੁਮਾਇੰਦਗੀ ਕਰਦੇ ਸਨ ਜਿਹੜੇ ਸੰਘਰਸ਼ ਨੂੰ ਹਰ ਤਰ੍ਹਾਂ ਦਾ ਸਮਰਥਨ ਦੇ ਰਹੇ ਸਨ। ਪਿੰਡਾਂ ਚੋਂ ਲੰਗਰ ਤਿਆਰ ਕਰਕੇ ਭੇਜ ਰਹੇ ਸਨ, ਫੰਡ ਦੇ ਰਹੇ ਸਨ। ਆਪਣੇ ਕੰਮਾਂ ਕਾਰਾਂ ਦੌਰਾਨ ਵੀ ਧਰਨਿਆਂ ਦੀ ਪਲ ਪਲ ਦੀ ਖਬਰ ਰੱਖ ਰਹੇ ਸਨ ਤੇ ਅਗਾਂਹ ਪਹੁੰਚਾ ਰਹੇ ਸਨ। ਅਜਿਹੇ ਲੱਖਾਂ ਲੋਕਾਂ ਦੀ ਆਵਾਜ਼ ਬਣਕੇ ਹਕੂਮਤ ਨੂੰ ਲਾਇਨਾਂ ਤੇ ਲਲਕਾਰ ਰਹੇ ਲੋਕਾਂ ਉੱਤੇ ਜਬਰ ਕਰਨ ਦਾ ਅਰਥ ਆਪਣੀ ਕਬਰ ਆਪ ਪੁੱਟਣਾ ਸੀ ਤੇ ਹਕੂਮਤ ਬੇਵੱਸ ਰਹੀ। ਇਹਨਾਂ ਰੇਲ ਜਾਮਾਂ ਦੌਰਾਨ ਔਰਤਾਂ ਦੀ ਉੱਭਰਵੀਂ ਸ਼ਮੂਲੀਅਤ ਰਹੀ। ਇਹ ਐਕਸ਼ਨ ਲਗਭਗ ਸਭਨਾਂ ਅਖਬਾਰਾਂ ਦੀ ਮੁੱਖ ਸੁਰਖੀ ਬਣਿਆ ਰਿਹਾ। ਯਾਤਰੀਆਂ ਨੂੰ ਪ੍ਰੇਸ਼ਾਨੀ ਹੋਣ ਦਾ ਹਕੂਮਤੀ ਪ੍ਰਚਾਰ ਕਾਰਗਰ ਨਾ ਹੋਇਆ ਸਗੋਂ ਵੱਖ ਵੱਖ ਸੰਘਰਸ਼ਸ਼ੀਲ ਤਬਕਿਆਂ ਦੀ ਡਟਵੀਂ ਹਮਾਇਤ ਮਿਲੀ। ਕਈ ਮੁਲਾਜ਼ਮ ਜਥੇਬੰਦੀਆਂ, ਜਿਨ੍ਹਾਂ ਚ ਕਈ ਵਰਗਾਂ ਦੀਆਂ ਅਧਿਆਪਕ ਜਥੇਬੰਦੀਆਂ ਮੋਹਰੀ ਸਨ, ਨੇ ਘੋਲ ਦੇ ਹੱਕ ਚ ਸਮਰਥਨ ਕਮੇਟੀ ਦਾ ਗਠਨ ਕੀਤਾ। ਕਿਸਾਨ ਸੰਘਸ਼ ਨੂੰ ਵਾਜਬ ਕਰਾਰ ਦੇ ਕੇ ਸਮਰਥਨ ਦੀ ਅਪੀਲ ਕਰਦਾ ਹੱਥ ਪਰਚਾ ਵੱਡੀ ਗਿਣਤੀ ਚ ਮੁਲਾਜ਼ਮਾਂ ਤੇ ਹੋਰ ਲੋਕ ਹਿੱਸਿਆਂ ਚ ਵੰਡਿਆ ਗਿਆ। ਸੈਂਕੜਿਆਂ ਦੀ ਗਿਣਤੀ ਚ ਇਕੱਠੇ ਹੋਏ ਅਧਿਆਪਕ ਤੇ ਹੋਰਨਾਂ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਰਾਮਪੁਰੇ ਸ਼ਹਿਰ ਚ ਸੰਘਰਸ਼-ਸਮਰਥਨ ਮਾਰਚ ਕੀਤਾ ਅਤੇ ਆਮ ਸ਼ਹਿਰੀਆਂ ਨੂੰ ਵੀ ਸੰਘਰਸ਼ ਦੀ ਹਮਾਇਤ ਲਈ ਅਪੀਲਾਂ ਕੀਤੀਆਂ ਤੇ ਧਰਨੇ ਚ ਸ਼ਾਮਲ ਹੋਏ।
12 ਅਕਤੂਬਰ ਨੂੰ ਮੁੱਖ ਮੰਤਰੀ ਨਾਲ ਹੋਈ ਗੱਲਬਾਤ ਦੌਰਾਨ ਪ੍ਰਮੁੱਖ ਮੰਗਾਂ ਦਾ ਹੱਲ ਨਾ ਹੋਇਆ ਪਰ ਇਸ ਐਕਸ਼ਨ ਦੀਆਂ ਆਪਣੀਆਂ ਗੁੰਝਲਾਂ ਤੇ ਘੋਲ ਦੇ ਲਮਕਵੇਂ ਖਾਸੇ ਨੂੰ ਧਿਆਨ ਚ ਰੱਖਦਿਆਂ ਘੋਲ ਦੀ ਸ਼ਕਲ ਬਦਲਣ ਦੇ ਐਲਾਨ ਨਾਲ ਰੇਲਵੇ ਲਾਇਨਾਂ ਖਾਲੀ ਕੀਤੀਆਂ ਗਈਆਂ ਹਨ। ਬਦਲੀ ਸ਼ਕਲ ਵਜੋਂ ਸਰਕਾਰ ਤੇ ਦਬਾਅ ਵਧਾਉਣ ਲਈ ਅਕਾਲੀ ਮੰਤਰੀਆਂ ਤੇ ਵਿਧਾਇਕਾਂ ਦਾ ਪਿੰਡਾਂ ਚ ਆਉਣ ਤੇ ਵਿਰੋਧ ਕਰਨ ਅਤੇ 23 ਅਕਤੂਬਰ ਨੂੰ ਮੰਤਰੀਆਂ ਤੇ ਮੁੱਖ ਸੰਸਦੀ ਸਕੱਤਰਾਂ ਦੇ ਘਰਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਇਉਂ ਵਿਸ਼ਾਲ ਜਨਤਕ ਲਾਮਬੰਦੀ, ਰੋਜ਼ਾਨਾ ਐਕਸ਼ਨਾਂ ਤੇ ਤਿੱਖੀਆਂ ਸ਼ਕਲਾਂ ਵਾਲਾ ਪਹਿਲਾ ਗੇੜ, ਮਸਲਿਆਂ ਨੂੰ ਸਥਾਪਤ ਕਰਕੇ ਤੇ ਕਈ ਅਹਿਮ ਪ੍ਰਾਪਤੀਆਂ ਕਰਕੇ ਮੁੱਕਿਆ।

ਦੂਜਾ ਗੇੜ:



ਹਾਕਮ ਜਮਾਤਾਂ ਦੇ ਫਿਰਕੂ ਹੱਲੇ ਦੀ ਚੁਣੌਤੀ ਦਾ ਟਾਕਰਾ

ਰੇਲ ਰੋਕੋ ਐਕਸ਼ਨ ਮੁੱਕਣ ਤੋਂ ਅਗਲੇ ਦਿਨ ਹੀ ਵਾਪਰੀਆਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਰੋਸ ਪ੍ਰਗਟਾ ਰਹੇ ਲੋਕਾਂ ਤੇ ਹਕੂਮਤੀ ਜਬਰ ਦੀ ਕਾਰਵਾਈ ਨੇ ਸਮੁੱਚੇ ਪੰਜਾਬ ਦਾ ਮਾਹੌਲ ਤਣਾਅਪੂਰਨ ਬਣਾ ਦਿੱਤਾ। ਅਜਿਹੇ ਮਾਹੌਲ ਦੇ ਉਭਰਨ ਨੇ ਕਿਸਾਨ ਖੇਤ-ਮਜ਼ਦੂਰ ਏਕਤਾ ਨੂੰ ਆਂਚ ਆਉਣ ਅਤੇ ਘੋਲ ਨੂੰ ਫੇਟ ਵੱਜਣ ਦਾ ਖਤਰਾ ਪੈਦਾ ਕਰ ਦਿੱਤਾ। ਅਜਿਹੀ ਸਥਿਤੀ ਨੂੰ ਭਾਂਪ ਕੇ ਹੁੰਗਾਰਾ ਭਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਨੇ ਵੇਲੇ ਸਿਰ ਢੁਕਵਾਂ ਕਦਮ ਲਿਆ। ਲੋਕਾਂ ਨੂੰ ਭਾਈਚਾਰਕ ਸਾਂਝ ਤੇ ਫਿਰਕੂ ਅਮਨ ਕਾਇਮ ਰੱਖਣ ਦੀ ਅਪੀਲ ਕੀਤੀ ਤੇ ਹਾਕਮਾਂ ਦੀ ਪਾੜੋ ਤੇ ਰਾਜ ਕਰੋਦੀ ਸਾਜਿਸ਼ ਬੇਨਕਾਬ ਕਰਨ ਦਾ ਸੱਦਾ ਦਿੱਤਾ। ਅਜਿਹੀ ਅਪੀਲ ਪ੍ਰੈੱਸ ਬਿਆਨ ਰਾਹੀਂ ਵੀ ਗਈ ਤੇ ਬਹੁਤ ਜਲਦੀ ਹੀ 25 ਹਜ਼ਾਰ ਦੀ ਗਿਣਤੀ ਚ ਪੋਸਟਰ ਪੰਜਾਬ ਦੀਆਂ ਕੰਧਾਂ ਤੇ ਚਿਪਕਾ ਦਿੱਤੇ ਗਏ। ਬੀਤੇ ਮਹੀਨਿਆਂ ਦੇ ਲਗਾਤਾਰ ਸੰਘਰਸ਼ ਰੁਝੇਵਿਆਂ ਦੀ ਥਕਾਵਟ ਦੇ ਬਾਵਜੂਦ ਜਥੇਬੰਦੀ ਦੀ ਅਗਵਾਈ ਚ ਫੌਰੀ ਤੌਰ ਤੇ ਫਿਰਕੂ ਅਮਨ ਮਾਰਚ ਕੀਤੇ ਗਏ ਤੇ ਮਾਹੌਲ ਚ ਸਰਗਰਮ ਦਖਲਅੰਦਾਜ਼ੀ ਕਰਦਿਆਂ ਹਾਕਮ ਜਮਾਤੀ ਫਿਰਕੂ ਹੱਲੇ ਨੂੰ ਬੇਅਸਰ ਕਰਨ ਚ ਰੋਲ ਅਦਾ ਕੀਤਾ ਗਿਆ। ਪੰਜਾਬ ਚ ਪ੍ਰਮੁੱਖ ਸ਼ਹਿਰੀ ਕੇਂਦਰਾਂ ਦੇ ਦਰਜਨਾਂ ਕਸਬਿਆਂ ਸਮੇਤ ਲਗਭਗ 40-45 ਥਾਵਾਂ ਤੇ ਅਜਿਹੇ ਮਾਰਚ ਹੋਏ। ਕਈ ਥਾਵਾਂ ਤੇ ਹੋਰਨਾਂ ਜਥੇਬੰਦੀਆਂ ਨਾਲ ਮਿਲਕੇ ਵੀ ਅਜਿਹੀ ਸਰਗਰਮੀ ਕੀਤੀ ਗਈ। ਬੀ. ਕੇ. ਯੂ. (ਏਕਤਾ) ਉਗਰਾਹਾਂ ਵੱਲੋਂ ਅਜਿਹਾ ਧੜੱਲੇਦਾਰ ਤੇ ਢੁਕਵਾਂ ਪੈਂਤੜਾ ਲੈਣ ਕਰਕੇ ਹੋਰਨਾਂ ਜਥੇਬੰਦ ਹਿੱਸਿਆਂ ਲਈ ਵੀ ਅਜਿਹੀ ਸਰਗਰਮੀ ਕਰਨੀ ਸੁਖਾਲੀ ਹੋ ਗਈ। ਕੁੱਝ ਹੋਰ ਕਿਸਾਨ ਜਥੇਬੰਦੀਆਂ ਨੇ ਵੀ ਅਜਿਹੀਆਂ ਅਪੀਲਾਂ ਕੀਤੀਆਂ। ਇਉਂ ਹਾਕਮ ਜਮਾਤੀ ਸਿਆਸਤ ਦੀਆਂ ਲੋੜਾਂ ਚੋਂ ਉਪਜੇ ਅਜਿਹੇ ਮਾਹੌਲ ਦੇ ਕਿਸਾਨ ਮਜ਼ਦੂਰ ਅੰਦੋਲਨ ਤੇ ਪੈਣ ਵਾਲੇ ਅਸਰਾਂ ਨੂੰ ਖਾਰਜ ਕਰਨ ਲਈ ਸਰਗਰਮ ਯਤਨਾਂ ਦੀ ਵਡੇਰੀ ਸਿਆਸੀ ਮਹੱਤਤਾ ਤੇ ਅਹਿਮ ਸਿਆਸੀ ਪ੍ਰਾਪਤੀ ਬਣਦੀ ਹੈ। ਇਸ ਪ੍ਰਾਪਤੀ ਦੇ ਜ਼ੋਰ ਹੀ ਘੋਲ ਦੀ ਅਗਲੇਰੀ ਪੇਸ਼ਕਦਮੀ ਜਾਰੀ ਰਹਿ ਸਕੀ ਤੇ ਹਾਕਮ ਜਮਾਤੀ ਮਨਸੂਬਿਆਂ ਨੂੰ ਮਾਤ ਦਿੱਤੀ ਜਾ ਸਕੀ। ਅਜਿਹੇ ਯਤਨਾਂ ਦੀ ਸਭ ਤੋਂ ਅਹਿਮ ਤੇ ਸਿਖਰਲੀ ਕਾਰਵਾਈ 23 ਅਕਤੂਬਰ ਨੂੰ ਮੰਤਰੀਆਂ ਦੇ ਘਰਾਂ ਦਾ ਘਿਰਾਓ ਐਕਸ਼ਨ ਸੀ ਜਿਸਨੇ ਹਾਕਮ ਜਮਾਤੀ ਸਿਆਸਤ ਵੱਲੋਂ ਉਭਾਰੇ ਧਾਰਮਿਕ ਮੁੱਦਿਆਂ ਦੀ ਥਾਂ ਹਕੀਕੀ ਜਮਾਤੀ ਤਬਕਾਤੀ ਮਸਲਿਆਂ ਨੂੰ ਲੋਕ ਸੁਰਤ ਚ ਬਹਾਲ ਰੱਖਣ ਦਾ ਰੋਲ ਨਿਭਾਇਆ। ਤਣਾਅਗ੍ਰਸਤ ਮਾਹੌਲ ਦੌਰਾਨ 23 ਅਕਤੂਬਰ ਨੂੰ ਦਹਿ ਹਜ਼ਾਰਾਂ ਦੀ ਗਿਣਤੀ ਚ ਪੰਜਾਬ ਦੇ ਕਿਸਾਨ ਤੇ ਖੇਤ-ਮਜ਼ਦੂਰ ਸੜਕਾਂ ਤੇ ਆਏ, ਪੁਲਸ ਰੋਕਾਂ ਅਤੇ ਗ੍ਰਿਫਤਾਰੀਆਂ ਦੇ ਬਾਵਜੂਦ ਅੱਗੇ ਵਧੇ ਤੇ ਲਗਭਗ ਦਰਜਨ ਥਾਵਾਂ ਤੇ ਮੰਤਰੀਆਂ ਤੇ ਮੁੱਖ ਸੰਸਦੀ ਸਕੱਤਰਾਂ ਦੇ ਘਿਰਾਓ ਕੀਤੇ ਗਏ। ਇਸ ਦਿਨ ਲਗਭਗ 900 ਕਿਸਾਨ-ਖੇਤ ਮਜ਼ਦੂਰ ਆਗੂ-ਕਾਰਕੁੰਨ ਗ੍ਰਿਫਤਾਰ ਕੀਤੇ ਗਏ। ਘਿਰਾਓ ਨੂੰ ਅਣਮਿਥੇ ਸਮੇਂ ਲਈ ਕਰਨ ਦਾ ਐਲਾਨ ਕਰਨ ਤੋਂ ਮਗਰੋਂ ਗ੍ਰਿਫਤਾਰ ਕੀਤੇ ਕਾਰਕੁੰਨ ਛੱਡਣੇ ਪਏ ਤੇ ਇਉਂ ਮੰਤਰੀਆਂ ਦੇ ਘਰਾਂ ਮੂਹਰੇ ਧਰਨੇ ਸ਼ਾਮ ਦੇ 6 ਵਜੇ ਤੱਕ ਜਾਰੀ ਰਹੇ ਤੇ ਸਾਰੀਆਂ ਰਿਹਾਈਆਂ ਤੋਂ ਬਾਅਦ ਚੁੱਕੇ ਗਏ। ਬਾਦਲ ਨੂੰ ਜਾਣ ਤੋਂ ਰੋਕਣ ਲਈ ਸਾਰੇ ਇਲਾਕੇ ਚ ਡੇਢ ਦਰਜਨ ਦੇ ਲਗਭਗ ਪੁਲਸ ਲਾਕੇ ਲਾਏ ਗਏ ਸਨ। ਪਰ ਇਸਦੇ ਬਾਵਜੂਦ ਤਿੰਨ ਪਾਸਿਆਂ ਤੋਂ ਕਾਫ਼ਲੇ ਬਾਦਲ ਵੱਲ ਚੱਲੇ, ਰਾਹਾਂ ਚ ਰੋਕੇ ਗਏ ਤਾਂ ਸੜਕਾਂ ਜਾਮ ਕੀਤੀਆਂ ਗਈਆਂਇਸ ਸਫ਼ਲ ਐਕਸ਼ਨ ਨੇ ਸ਼ਰੀਕ ਸਿਆਸੀ ਧੜਿਆਂ ਵੱਲੋਂ ਉਭਾਰੇ ਧਾਰਮਿਕ ਮੁੱਦਿਆਂ ਉੱਤੇ ਘਿਰੀ ਬਾਦਲ ਹਕੂਮਤ ਨੂੰ ਹੋਰ ਵੱਧ ਨਿਖੇੜੇ ਦੀ ਹਾਲਤ ਚ ਸੁੱਟਣ ਲਈ ਰੋਲ ਨਿਭਾਇਆ ਤੇ ਫਿਰ ਅਕਾਲੀ ਭਾਜਪਾ ਸਰਕਾਰ ਬੁਰੀ ਤਰ੍ਹਾਂ ਲੋਕ ਰੋਹ ਦੇ ਨਿਸ਼ਾਨੇ ਤੇ ਆ ਗਈ। ਇਸ ਐਕਸ਼ਨ ਰਾਹੀਂ ਨਕਲੀ ਧਾਰਮਿਕ ਮੁੱਦਿਆਂ ਦੇ ਭੇੜ ਚ ਹਕੀਕੀ ਜਮਾਤੀ ਤਬਕਾਤੀ ਮੁੱਦਿਆਂ ਦਾ ਹੱਥ ਉੱਪਰ ਦੀ ਰੱਖਣ ਚ ਵੀ ਤਕੜਾਈ ਹਾਸਲ ਹੋਈ। ਹਾਲਤ ਚ ਇਹ ਪੱਖ ਤਸੱਲੀਜਨਕ ਹੈ ਕਿ ਲੋਕਾਂ ਦੇ ਇੱਕ ਵੱਡੇ ਹਿੱਸੇ ਨੇ ਅਜਿਹੀਆਂ ਘਟਨਾਵਾਂ ਨੂੰ ਕਿਸਾਨ ਮਜ਼ਦੂਰ ਅੰਦੋਲਨ ਨੂੰ ਲੀਹੋਂ ਲਾਹੁਣ ਦੀ ਸਾਜਿਸ਼ ਵਜੋਂ ਬਹੁਤ ਛੇਤੀ ਬੁੱਝਿਆ ਹੈ ਅਤੇ ਏਸੇ ਲਈ ਭਾਈਚਾਰਕ ਸਾਂਝ ਤੇ ਸਦਭਾਵਨਾ ਦੇ ਸੱਦੇ ਨੂੰ ਜ਼ੋਰਦਾਰ ਹੁੰਗਾਰਾ ਭਰਿਆ ਹੈ। ਇਉਂ ਲੋਕਾਂ ਦੇ ਹਕੀਕੀ ਮੁੱਦਿਆਂ ਲਈ ਜਾਗੇ ਸਰੋਕਾਰਾਂ ਤੇ ਬੀਤੇ ਦੇ ਘੋਲਾਂ ਚ ਤੇਜ਼ ਹੋਈ ਜਮਾਤੀ/ਤਬਕਾਤੀ ਸੂਝ ਦੀ ਝਲਕ ਵੀ ਮਿਲਦੀ ਹੈ।
ਇਉਂ ਹੀ ਝੋਨੇ ਦੀ ਕਟਾਈ ਤੇ ਨਰਮੇ ਦੀ ਚੁਗਾਈ ਦੇ ਸੀਜ਼ਨ ਦੇ ਜ਼ੋਰਦਾਰ ਰੁਝੇਵਿਆਂ ਅਤੇ ਪੰਜਾਬ ਚ ਖੇਡੀ ਜਾ ਰਹੀ ਫਿਰਕੂ ਸਿਆਸਤ ਦੇ ਸ਼ੋਰ ਦਰਮਿਆਨ ਹੀ ਮੋਗੇ ਤੇ ਅਮ੍ਰਿਤਸਰ 4 ਤੋਂ 6 ਨਵੰਬਰ ਦੇ ਤਿੰਨ ਰੋਜ਼ਾ ਧਰਨੇ ਦਿੱਤੇ ਗਏ। ਭਾਵੇਂ ਇਹਨਾਂ ਧਰਨਿਆਂ ਦੌਰਾਨ ਸੀਜ਼ਨ ਦੇ ਰੁਝੇਵਿਆਂ ਕਾਰਨ ਸ਼ਮੂਲੀਅਤ ਪਹਿਲਾਂ ਜਿੰਨੀ ਵਿਆਪਕ ਨਹੀਂ ਸੀ ਪਰ ਕਿਸਾਨ ਮਜ਼ਦੂਰ ਮੰਗਾਂ ਉਭਾਰਨ ਪੱਖੋਂ, ਘੋਲ ਦੀ ਲਗਾਤਾਰਤਾ ਬਣਾਈ ਰੱਖਣ ਪੱਖੋਂ ਤੇ ਐਨ ਕੰਮ ਦੇ ਦਿਨਾਂ ਚ ਵੀ ਲੜਾਈ ਜਾਰੀ ਰੱਖਕੇ ਜਨਤਾ ਦੇ ਇਰਾਦੇ ਤੇ ਮੰਗਾਂ ਲਈ ਤਤਪਰਤਾ ਜਾਹਰ ਕਰਨ ਪੱਖੋਂ ਅਤੇ ਫਿਰਕੂ ਸਿਆਸਤ ਦੇ ਮਾਰੂ ਅਸਰਾਂ ਨੂੰ ਕੱਟਣ ਪੱਖੋਂ ਨਾਪਿਆਂ ਇਹਨਾਂ ਧਰਨਿਆਂ ਨੂੰ ਵੀ ਸਫ਼ਲ ਮੰਨਿਆ ਜਾਣਾ ਚਾਹੀਦਾ ਹੈ।
ਹਾਕਮ ਜਮਾਤੀ ਫਿਰਕੂ ਹੱਲੇ ਦੀ ਚੁਣੌਤੀ ਨਾਲ ਭਿੜਕੇ, ਮੰਗਾਂ ਤੇ ਸੰਘਰਸ਼ਾਂ ਦੀ ਲਗਾਤਾਰਤਾ ਬਣਾ ਕੇ ਤੇ ਅਕਾਲੀ ਭਾਜਪਾ ਹਕੂਮਤ ਤੇ ਲਗਾਤਾਰ ਦਬਾਅ ਬਣਾਈ ਰੱਖ ਕੇ ਦੂਜਾ ਗੇੜ ਮੁੱਕਿਆ।

ਤੀਜਾ ਗੇੜ:



ਪਿੰਡਾਂ ਚ ਘਿਰਾਓ ਐਕਸ਼ਨਾਂ ਦਾ ਤਾਂਤਾ,  

ਮੁਆਵਜ਼ਾ ਵੰਡਾਉਣ ਲਈ ਸਥਾਨਕ ਐਕਸ਼ਨ

ਇੱਥੋਂ ਤੱਕ ਪਹੁੰਚਦਿਆਂ ਮੁਆਵਜ਼ਾ ਰਾਸ਼ੀ 10 ਕਰੋੜ ਤੋਂ ਵਧ ਕੇ 640 ਕਰੋੜ ਹੋ ਚੁੱਕੀ ਸੀ, ਖੇਤ-ਮਜ਼ਦੂਰਾਂ ਲਈ ਵੀ 64 ਕਰੋੜ ਦੀ ਰਕਮ ਮਨਵਾਈ ਗਈ ਸੀ। ਬਾਸਮਤੀ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ ਸੀ, ਪਰ ਭਾਅ ਦਾ ਮੁੱਦਾ ਖੜ੍ਹਾ ਸੀ ਤੇ ਗੰਨੇ ਦੇ ਬਕਾਏ ਦੀ ਵੀ ਸੀਮਤ ਰਾਸ਼ੀ ਹੀ ਜਾਰੀ ਕਰਨ ਦਾ ਐਲਾਨ ਹੋਇਆ ਸੀ ਤੇ ਇੱਕ ਦੋ ਹੋਰ ਅੰਸ਼ਕ ਮੰਗਾਂ ਮਨਵਾਈਆਂ ਗਈਆਂ ਸਨ ਪਰ ਇਹਨਾਂ ਨੂੰ ਲਾਗੂ ਕਰਵਾਉਣ ਲਈ ਅੱਗੇ ਹੋਰ ਦਬਾਅ ਦੀ ਜ਼ਰੂਰਤ ਸੀ ਅਤੇ ਪ੍ਰਵਾਨ ਕਰਵਾਉਣੋਂ ਰਹਿੰਦੀਆਂ ਵੱਡੀਆਂ ਮੰਗਾਂ ਜਿਹਨਾਂ 3800 ਕਰੋੜ ਦੀ ਮੁਆਵਜ਼ਾ ਰਕਮ ਮਨਵਾਉਣੀ, ਬਾਸਮਤੀ ਦੀ ਬੇਹੱਦ ਤਿੱਖੀ ਲੁੱਟ ਬੰਦ ਕਰਵਾਉਣੀ ਤੇ ਗੰਨੇ ਦੇ ਬਕਾਏ ਜਾਰੀ ਕਰਵਾਉਣੇ, ਖੁਦਕੁਸ਼ੀ ਪੀੜਤਾਂ ਲਈ ਮੁਆਵਜ਼ਾ ਜਾਰੀ ਕਰਵਾਉਣਾ, ਕਰਜ਼ਾ ਕਾਨੂੰਨ ਬਣਵਾਉਣ ਵਰਗੀਆਂ ਅਹਿਮ ਮੰਗਾਂ ਤੇ ਘੋਲ ਜਾਰੀ ਰੱਖਣ ਦੀ ਜ਼ਰੂਰਤ ਸੀ। ਦੋਹਾਂ ਲੋੜਾਂ ਦਾ ਸੁਮੇਲ ਕਰਦਿਆਂ ਇੱਕ ਪਾਸੇ ਸਥਾਨਕ ਅਧਿਕਾਰੀਆਂ ਤੋਂ ਮੁਆਵਜ਼ਾ ਰਾਸ਼ੀ ਵੰਡਵਾਉਣ ਲਈ ਸਥਾਨਕ ਤਹਿਸੀਲਾਂ ਤੇ ਰੋਸ ਧਰਨੇ ਦਿੱਤੇ ਜਾਂਦੇ ਰਹੇ ਤੇ ਦੂਜੇ ਪਾਸੇ ਪਿੰਡਾਂ ਚ ਆ ਰਹੇ ਮੰਤਰੀਆਂ ਦੇ ਘਿਰਾਉ ਤੇ ਰੋਸ ਪ੍ਰਦਰਸ਼ਨਾਂ ਦਾ ਸਿਲਸਿਲਾ ਚੱਲਦਾ ਰਿਹਾ। ਨਵੰਬਰ ਮਹੀਨਾ ਅਕਾਲੀ ਲੀਡਰਾਂ ਤੇ ਮੰਤਰੀਆਂ ਸਮੇਤ ਬਾਦਲਾਂ ਲਈ ਡਾਢੀ ਮੁਸ਼ਕਲ ਵਾਲਾ ਰਿਹਾ। ਲੋਕਾਂ ਚੋਂ ਬੁਰੀ ਤਰ੍ਹਾਂ ਨਿੱਖੜੀ ਤੇ ਰੋਹ ਦਾ ਨਿਸ਼ਾਨਾ ਬਣੀ ਹਕੂਮਤ ਨੂੰ ਲੁਕ ਕੇ ਦਿਨ ਕੱਟਣੇ ਪਏ ਹਨ। ਇਹ ਲੋਕਾਂ ਚ ਪਸਰੀ ਬੇਚੈਨੀ ਹੀ ਸੀ ਜਿਸਦਾ ਲਾਹਾ ਬਾਦਲ ਦੇ ਸ਼ਰੀਕ ਅਕਾਲੀ ਧੜਿਆਂ ਨੇ ਧਾਰਮਿਕ ਮੁੱਦਿਆਂ ਰਾਹੀਂ ਲੈਣ ਦਾ ਯਤਨ ਕੀਤਾ। ਜਥੇਬੰਦ ਕਿਸਾਨ ਮਜ਼ਦੂਰ ਤਾਕਤ ਦੇ ਨਾਲ ਨਾਲ ਆਪ ਮੁਹਾਰਾ ਰੋਸ ਵੀ ਬਾਦਲ ਹਕੂਮਤ ਨੂੰ ਲੂੰਹਦਾ ਰਿਹਾ। ਕਿਸਾਨੀ ਚ ਤਕੜਾ ਸਿਆਸੀ ਅਧਾਰ ਰੱਖਣ ਵਾਲੇ ਅਕਾਲੀ ਦਲ ਨੂੰ ਪਿੰਡਾਂ ਚੋਂ ਹੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਬਠਿੰਡੇ ਦੇ ਪਿੰਡ ਬਦਿਆਲਾ ਚ ਸੰਤ ਫਤਿਹ ਸਿੰਘ ਦੀ ਬਰਸੀ ਮੌਕੇ ਹਰ ਸਾਲ ਹੁੰਦੀ ਰੈਲੀ ਚ ਕਿਸਾਨਾਂ ਦੇ ਵਿਰੋਧ ਦਾ ਐਲਾਨ ਸੁਣਕੇ ਮੁੱਖ ਮੰਤਰੀ ਆਪ ਆਉਣੋਂ ਹੀ ਰੁਕ ਗਿਆ। ਆਏ ਮੰਤਰੀਆਂ ਨੂੰ ਵੀ ਤਿੱਖੇ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ। ਥਾਂ-ਥਾਂ ਲੱਗੇ ਨਾਕਿਆਂ ਦੇ ਬਾਵਜੂਦ ਸੈਂਕੜੇ ਕਿਸਾਨ ਮਜ਼ਦੂਰ ਔਰਤਾਂ ਤੇ ਮਰਦ ਰੈਲੀ ਨੇੜੇ ਪਹੁੰਚ ਗਏ ਤਾਂ ਰੈਲੀ ਨੂੰ ਫਟਾਫਟ ਸਮੇਟ ਕੇ ਤਿੰਨੋਂ ਮੰਤਰੀ ਤੇ ਲੀਡਰ ਪੱਤਰਾ ਵਾਚ ਗਏ। ਗ੍ਰਿਫਤਾਰ ਕੀਤੇ ਗਏ ਕਾਰਕੁੰਨਾਂ ਨੂੰ ਸੜਕ ਜਾਮ ਲਗਾ ਕੇ ਛੁਡਵਾਆਿ ਗਿਆ। ਸਭ ਤੋਂ ਵੱਧ ਅਧਾਰ ਵਾਲੇ ਇਲਾਕੇ ਚ ਮੁੱਖ ਮੰਤਰੀ ਤੇ ਅਕਾਲੀ ਦਲ ਦੀ ਅਜਿਹੀ ਦੁਰਗਤ ਹਕੂਮਤ ਦੇ ਨੱਕੋਂ ਬੁੱਲੋਂ ਲਹਿ ਜਾਣ ਦਾ ਇਸ਼ਤਿਹਾਰ ਬਣ ਗਈ ਤੇ ਪਿੰਡ ਪਿੰਡ ਅਜਿਹੇ ਜਥੇਬੰਦ ਵਿਰੋਧ ਐਕਸ਼ਨਾਂ ਚ ਕਾਲੀਆਂ ਝੰਡੀਆਂ ਲਹਿਰਾਉਣ ਦਾ ਤਾਂਤਾ ਲੱਗ ਗਿਆ। ਲਗਭਗ ਦਰਜਨ ਭਰ ਅਕਾਲੀ ਲੀਡਰਾਂ ਤੇ ਮੰਤਰੀਆਂ ਨੂੰ ਪਿੰਡਾਂ ਚੋਂ ਅਜਿਹੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬੀ. ਕੇ. ਯੂ. (ਏਕਤਾ) ਉਗਰਾਹਾਂ ਦੇ ਅਧਾਰ ਵਾਲੇ ਪਿੰਡਾਂ ਚ ਇਹ ਐਕਸ਼ਨ ਅਕਾਲੀ ਦਲ ਲਈ ਤਿੱਖੀ ਸਿਰਦਰਦੀ ਬਣਿਆ। ਸਭ ਤੋਂ ਵੱਧ ਗਿਣਤੀ ਚ ਅਜਿਹੇ ਪਿੰਡ ਬਠਿੰਡੇ ਜ਼ਿਲ੍ਹੇ ਚ ਹਨ ਜਿਥੇ ਮੰਤਰੀਆਂ ਦਾ ਵਿਰੋਧ ਹੋਇਆ ਤੇ ਮੰਤਰੀਆਂ ਵੱਲੋਂ ਵੰਡੇ ਜਾ ਰਹੇ ਚੈੱਕ ਲੈਣ ਤੋਂ ਇਨਕਾਰ ਕਰਕੇ, ਸਰਕਾਰੀ ਅਧਿਕਾਰੀਆਂ ਤੋਂ ਆਪ ਚੈੱਕ ਵੰਡਣ ਦੀ ਮੰਗ ਕੀਤੀ ਗਈ। ਮਾਈਸਰਖਾਨਾ, ਮੌੜ ਚੜ੍ਹਤ ਸਿੰਘ ਵਾਲਾ, ਭਾਈ ਬਖਤੌਰ ਤੇ ਖੋਖਰ ਆਦਿ ਪਿੰਡਾਂ ਚ ਜਨਮੇਜਾ ਸੇਖੋਂ ਨੂੰ; ਸਿਕੰਦਰ ਮਲੂਕੇ ਨੂੰ ਕੋਠਾਗੁਰੂ, ਭਾਈ ਰੂਪਾ, ਢਪਾਲੀ ਸਮੇਤ ਹਲਕੇ ਦੇ ਕਈ ਪਿੰਡਾਂ ; ਪਰਮਜੀਤ ਕੌਰ ਗੁਲਸ਼ਨ ਨੂੰ ਕੋਟਗੁਰੂ, ਘੁੱਦਾ; ਸੁਖਬੀਰ ਬਾਦਲ ਨੂੰ ਲੋਪੋ, ਚੱਕ ਫਤਿਹ ਸਿੰਘ ਵਾਲਾ ; ਮੁੱਖ ਮੰਤਰੀ ਨੂੰ ਸੰਗਤ ਦਰਸ਼ਨ ਦੌਰਾਨ ਖਡੂਰ ਸਾਹਿਬ ਹਲਕੇ ; ਬਤਾਲਾ (ਬਾਬਾ ਬਕਾਲਾ) ਚ ਮਨਜੀਤ ਸਿੰਘ ਮੰਨਾ ਐਮ. ਐਲ. ਏ. ਨੂੰ; ਗੁਰਦਾਸਪੁਰ ਨੇੜੇ ਇੱਕ ਪਿੰਡ ਚ ਅਕਾਲੀ ਆਗੂ ਬੱਬੇਹਾਲੀ ਨੂੰ; ਦਰਬਾਰਾ ਗੁਰੂ ਨੂੰ ਬਰਨਾਲਾ ਨੇੜਲੇ ਲਗਭਗ 8-9 ਪਿੰਡਾਂ ਚ ਵੜਨਾ ਮੁਸ਼ਕਲ ਹੋਇਆ; ਮੁੱਖ ਮੰਤਰੀ ਦੇ ਨਿੱਜੀ ਸਕੱਤਰ ਨੂੰ ਮਿੱਠੜੀ ਚ ਅਜਿਹੇ ਰੋਸ ਪ੍ਰਦਰਸ਼ਨਾਂ ਦਾ ਸੇਕ ਲੱਗਿਆ। ਇਹਨਾਂ ਪਿੰਡਾਂ ਦੀ ਸੂਚੀ ਇਸ ਤੋਂ ਜ਼ਿਆਦਾ ਬਣਦੀ ਹੈ ਜਿਥੇ ਕਿਸਾਨ ਅੰਦੋਲਨ ਦੇ ਪ੍ਰਭਾਵ ਹੇਠ ਲੋਕਾਂ ਨੇ ਆਪੋ ਆਪਣੇ ਢੰਗਾਂ ਨਾਲ ਅਕਾਲੀ ਮੰਤਰੀਆਂ/ਲੀਡਰਾਂ ਦੀ ਆਮਦ ਦਾ ਵਿਰੋਧ ਕੀਤਾ, ਕਈ ਪਿੰਡਾਂ ਚ ਬੈਨਰਾਂ ਰਾਹੀਂ ਬਾਈਕਾਟ ਦੇ ਨਾਅਰੇ ਬੁਲੰਦ  ਹੋਏ। ਪਿੰਡ ਦੇ ਟੂਰਨਾਮੈਂਟ ਸਮਾਗਮ ਮੌਕੇ ਬੋਲਣ ਗਏ ਮੰਤਰੀ ਸਿਕੰਦਰ ਮਲੂਕੇ ਦੇ ਭਾਸ਼ਣ ਦੌਰਾਨ ਨੌਜਵਾਨਾਂ ਨੇ ਰੌਲਾ ਪਾ ਕੇ ਆਪਣਾ ਰੋਸ ਦਰਜ ਕਰਵਾਇਆ। ਮਲੂਕਾ ਬੋਲੀ ਗਿਆ ਤੇ ਨੌਜਵਾਨ ਚੀਕਾਂ-ਕੂਕਾਂ ਮਾਰਦੇ ਰਹੇ।
ਅਕਾਲੀ ਦਲ ਨੂੰ ਪਿੰਡਾਂ ਚੋਂ ਮਿਲੀ ਅਜਿਹੀ ਚੁਣੌਤੀ ਨਾਲ ਸਰਕਾਰ ਬੁਖਲਾਹਟ ਚ ਆਈ ਤੇ ਜਬਰ ਦੇ ਜ਼ੋਰ ਅਜਿਹੀ ਆਵਾਜ਼ ਨੂੰ ਨੱਪ ਦੇਣ ਦੇ ਯਤਨ ਕੀਤੇ। ਪੁਲਸ ਕੇਸਾਂ ਤੇ ਲਾਠੀਚਾਰਜਾਂ ਰਾਹੀਂ ਵੀ ਅਤੇ ਯੂਥ ਬ੍ਰਿਗੇਡਾਂ ਦੇ ਹਮਲਿਆਂ ਰਾਹੀਂ ਕਿਸਾਨ ਵਿਰੋਧ ਨੂੰ ਨਿੱਸਲ ਕਰਨ ਦਾ ਪੈਂਤੜਾ ਲਿਆ ਗਿਆ। ਖੋਖਰ ਪਿੰਡ ਚ ਪੁਲਸ ਨੇ ਤੇ ਕੋਠਾਗੁਰੂ ਚ ਸਿਕੰਦਰ ਮਲੂਕੇ ਦੀ ਗੁੰਡਾ ਟੋਲੀ ਨੇ ਲੋਕਾਂ ਤੇ ਕੁਟਾਪਾ ਚਾੜ੍ਹਿਆ, ਇਰਾਦਾ ਕਤਲ ਵਰਗੀਆਂ ਧਾਰਾਵਾਂ ਮੜ੍ਹੀਆਂ, ਜੇਲ੍ਹਾਂ ਚ ਸੁੱਟੇ ਤੇ ਅਕਾਲੀ ਦਲ ਦਾ ਵਿਰੋਧ ਕਰਨ ਵਾਲਿਆਂ ਨੂੰ ਅਜਿਹੇ ਹਸ਼ਰ ਦਾ ਸਾਹਮਣਾ ਕਰਨ ਦੇ ਐਲਾਨ ਹੋਏ ਪਰ ਘੋਲਾਂ ਦੇ ਮੈਦਾਨ ਚ ਰੜ੍ਹ ਤਪ ਰਹੀ ਜੁਝਾਰ ਜਨਤਾ ਤੇ ਤਿੱਖੀ ਹੋ ਰਹੀ ਜਮਾਤੀ ਸੂਝ ਦੁਆਲੇ ਉਸਰ ਰਹੀਆਂ ਜਥੇਬੰਦੀਆਂ ਅਜਿਹੇ ਵਾਰ ਝੱਲ ਕੇ ਅਡੋਲ ਰਹੀਆਂ, ਵਿਰੋਧ ਪ੍ਰਦਰਸ਼ਨ ਜਾਰੀ ਰਹੇ। ਅਕਾਲੀ ਦਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਰਹੀ। ਅਕਾਲੀ ਦਲ ਦੇ ਯੂਥ ਬ੍ਰਿਗੇਡਾਂ ਨੂੰ ਨੱਥ ਪਾਉਣ ਦੀ ਮੰਗ ਜ਼ੋਰ ਨਾਲ ਉੱਭਰੀ ਤੇ ਮਗਰੋਂ ਸਰਕਾਰ ਨੂੰ ਸਿਆਸੀ ਬਚਾਅ ਦੇ ਪੈਂਤੜੇ ਤੇ ਜਾਣਾ ਪਿਆ।
ਇਸ ਦੌਰਾਨ ਮਾਨਸਾ, ਬਠਿੰਡਾ ਤੇ ਮੁਕਤਸਰ ਜ਼ਿਲ੍ਹਿਆਂ ਚ ਬੀ. ਕੇ. ਯੂ. ਏਕਤਾ (ਉਗਰਾਹਾਂ) ਵੱਲੋਂ 7-8 ਤਹਿਸੀਲ ਦਫ਼ਤਰਾਂ ਅੱਗੇ ਧਰਨਾ ਮਾਰ ਕੇ ਜਾਰੀ ਰਕਮਾਂ ਦੇ ਚੈੱਕ ਵੰਡਣ ਲਈ ਅਧਿਕਾਰੀਆਂ ਤੇ ਦਬਾਅ ਪਾਇਆ ਗਿਆ, ਇੱਕੋ ਤਹਿਸੀਲ ਮੂਹਰੇ ਦੋ ਦੋ ਵਾਰ ਧਰਨੇ ਲੱਗੇ।
ਪਿੰਡਾਂ ਚ ਅਕਾਲੀ ਦਲ ਦੇ ਵਿਰੋਧ ਦਾ ਐਕਸ਼ਨ ਆਪਣੀ ਸ਼ਕਲ ਪੱਖੋਂ ਵੀ ਤੇ ਤੱਤ ਪੱਖੋਂ ਵੀ ਤਿੱਖਾ ਐਕਸ਼ਨ ਸੀ। ਇਹ ਕਿਰਤੀ ਜਨਤਾ ਚ ਜਮ੍ਹਾਂ ਹੋਏ ਗੁੱਸੇ ਤੇ ਔਖ ਦਾ ਇਜ਼ਹਾਰ ਵੀ ਸੀ ਤੇ ਮਜ਼ਬੂਤ ਜਨਤਕ ਅਧਾਰ ਰੱਖਦੀਆਂ ਜਥੇਬੰਦੀਆਂ ਦੀ ਉੱਸਰ ਰਹੀ ਤਾਕਤ ਦਾ ਪ੍ਰਗਟਾਵਾ ਵੀ। ਪਿੰਡਾਂ ਚ ਕਤਾਰਬੰਦੀ ਉਘਾੜਨ ਤੇ ਪੇਂਡੂ ਚੌਧਰੀਆਂ ਨੂੰ ਰੋਹ ਦਾ ਸੇਕ ਲਾਉਣ ਵਾਲਾ ਇਹ ਘੋਲ ਦਾ ਤੀਜਾ ਗੇੜ ਸੀ।

ਅੰਸ਼ਕ ਪ੍ਰਾਪਤੀਆਂ: ਅੱਗੇ ਵਧਣ ਲਈ ਹੌਂਸਲਾ

ਮੌਜੂਦਾ ਅੰਦੋਲਨ ਦੌਰਾਨ ਭਾਵੇਂ ਮੁੱਖ ਤੇ ਅਹਿਮ ਮੰਗਾਂ ਅਜੇ ਹੱਲ ਨਹੀਂ ਹੋਈਆਂ ਪਰ ਫਿਰ ਵੀ ਅਜਿਹੀਆਂ ਕਈ ਪ੍ਰਾਪਤੀਆਂ ਹੋਈਆਂ ਹਨ ਜਿਹਨਾਂ ਨੇ ਘੋਲ ਨੂੰ ਹੋਰ ਤਕੜਾਈ ਦੇਣ, ਸ਼ਾਮਲ ਜਨਤਾ ਨੂੰ ਹੌਂਸਲਾ ਦੇਣ ਤੇ ਹੋਰਨਾਂ ਦੀ ਸ਼ਮੂਲੀਅਤ ਨੂੰ ਉਗਾਸਾ ਦੇਣ ਚ ਰੋਲ ਅਦਾ ਕੀਤਾ ਹੈ। ਪਹਿਲਾਂ ਘੇਸਲ ਮਾਰੀ ਬੈਠੀ ਹਕੂਮਤ ਨੂੰ 10 ਕਰੋੜ ਤੋਂ ਵਧਕੇ 640 ਕਰੋੜ ਤੱਕ ਜਾਣਾ ਪਿਆ ਹੈ ਤੇ ਨਰਮੇ ਤੋਂ ਬਿਨਾਂ ਗੁਆਰਾ, ਮੂੰਗੀ ਸਮੇਤ ਹੋਰਨਾਂ ਬਰਬਾਦ ਹੋਈਆਂ ਫਸਲਾਂ ਨੂੰ ਵੀ ਗਿਰਦਾਵਰੀ ਚ ਸ਼ਾਮਲ ਕਰਨਾ ਤੇ ਮੁਆਵਜ਼ੇ ਦੇ ਹੱਕ ਚ ਸ਼ਾਮਲ ਕਰਨਾ ਪਿਆ ਹੈ। ਖੇਤੀ ਖੇਤਰ ਚ ਹੋਏ ਨੁਕਸਾਨ ਮੌਕੇ ਖੇਤ-ਮਜ਼ਦੂਰਾਂ ਦਾ ਮੁਆਵਜ਼ੇ ਦਾ ਹੱਕ ਪ੍ਰਵਾਨ ਕਰਨਾ ਪਿਆ ਹੈ ਤੇ ਪੰਜਾਬ ਦੇ ਖੇਤ-ਮਜ਼ਦੂਰਾਂ ਦੇ ਹੱਕਾਂ ਦੀ ਸਥਾਪਤੀ ਚ ਇੱਕ ਨਵੀਂ ਪਿਰਤ ਪਈ ਹੈ ਅਤੇ ਅਗਾਂਹ ਤੋਂ ਅਜਿਹੀ ਦਾਅਵੇਦਾਰੀ ਸਥਾਪਤ ਹੋਈ ਹੈ। 64 ਕਰੋੜ ਦੀ ਰਕਮ ਦੇਣ ਦਾ ਐਲਾਨ ਕਰਨਾ ਪਿਆ ਹੈ ਭਾਵੇਂ ਅਜੇ ਤੱਕ ਵੰਡੀ ਨਹੀਂ ਗਈ ਹੈ। ਹਰਿਆਓਂ ਖੁਰਦ ਚ ਉਜਾੜੇ ਕਿਸਾਨਾਂ ਦਾ ਅਗਾਂਹ ਉਜਾੜਾ ਰੋਕਣਾ ਪਿਆ ਹੈ ਤੇ ਮੋਟਰਾਂ ਦੇ ਕੁਨੈਕਸ਼ਨ ਜੋੜੇ ਗਏ ਹਨ ਤੇ ਲਾਮਬੰਦੀ ਦੀ ਤਾਕਤ ਦੇ ਜ਼ੋਰ ਹੀ ਖੇਤਾਂ ਚ ਖੜ੍ਹਾ ਝੋਨਾ ਵੱਢਿਆ ਗਿਆ ਹੈ। ਗੰਨੇ ਦੇ ਬਕਾਏ ਦੀ ਕੁੱਝ ਨਾ ਕੁੱਝ ਰਕਮ ਜਾਰੀ ਕਰਨੀ ਪਈ ਹੈ ਤੇ ਮਜਬੂਰੀ ਚ ਬਾਸਮਤੀ ਦੀ ਸਰਕਾਰੀ ਖਰੀਦ ਦਾ ਐਲਾਨ ਕਰਨਾ ਪਿਆ ਹੈ। ਕਰਜ਼ਾ ਕਾਨੂੰਨ ਜਲਦੀ ਬਣਾਉਣ ਦਾ ਵਾਅਦਾ ਕਰਨਾ ਪਿਆ ਹੈ ਤੇ ਕਰਜ਼ਾ ਵਸੂਲੀਆਂ ਨੂੰ ਪਿੱਛੇ ਪਾਉਣ ਲਈ ਬੈਂਕਾਂ ਨੂੰ ਹਦਾਇਤਾਂ ਜਾਰੀ ਕਰਨੀਆਂ ਪਈਆਂ ਹਨ। ਧਰਨਿਆਂ ਦੌਰਾਨ ਸ਼ਹੀਦ ਹੋਏ ਕੁਲਦੀਪ ਸਿੰਘ ਤੇ ਮੰਦਰ ਸਿੰਘ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਤੇ ਹੋਰ ਮੰਗਾਂ ਮੰਨਣੀਆਂ ਪਈਆਂ ਹਨ। ਇਸ ਤੋਂ ਇਲਾਵਾ ਇਹ ਕਿਸਾਨ ਅੰਦੋਲਨ ਦਾ ਹੀ ਸਿੱਟਾ ਹੈ ਕਿ ਇਸ ਵਾਰ ਪੰਜਾਬ ਚੋਂ ਝੋਨਾ ਸੌਖਾ ਖਰੀਦਿਆ ਗਿਆ ਹੈ। ਹਾਲਾਂਕਿ ਪਹਿਲਾਂ ਇਹ ਜ਼ੋਰਦਾਰ ਚਰਚਾ ਸੀ ਕਿ ਕਣਕ ਵਾਂਗ ਐਤਕੀਂ ਝੋਨੇ ਦੀ ਸਰਕਾਰੀ ਖਰੀਦ ਤੋਂ ਸਰਕਾਰ ਭੱਜਣਾ ਚਾਹੁੰਦੀ ਹੈ ਪਰ ਅੰਦੋਲਨ ਦੀ ਗਰਜ ਸੀ ਕਿ ਝੋਨਾ ਵੇਚਣ ਚ ਕਿਸਾਨਾਂ ਨੂੰ ਵੱਡੀ ਮੁਸ਼ਕਲ ਨਹੀਂ ਆਈ। ਘਬਰਾਈ ਹਕੂਮਤ ਨੇ ਐਫ. ਸੀ. ਆਈ. ਨੂੰ ਕਿਸਾਨਾਂ ਦੀ ਵਿਸ਼ਾਲ ਲਾਮਬੰਦੀ ਵਾਲੇ ਜ਼ਿਲ੍ਹਿਆਂ ਬਠਿੰਡਾ ਤੇ ਮਾਨਸਾ ਦੇ ਖਰੀਦ ਕੇਂਦਰਾਂ ਤੋਂ ਦੂਰ ਹੀ ਰੱਖਿਆ ਤੇ ਆਪਣੀਆਂ ਏਜੰਸੀਆਂ ਰਾਹੀਂ ਹੀ ਖਰੀਦ ਕਰਵਾਈ। ਕਣਕ ਦੇ ਬੀਜ ਤੇ ਸਬਸਿਡੀ ਦਾ ਐਲਾਨ ਕਰਨਾ ਪਿਆ ਤੇ ਅੱਧਾ ਅਧੂਰਾ ਲਾਗੂ ਵੀ ਹੋਇਆ। ਅਹਿਮ ਪ੍ਰਾਪਤੀ ਮੌਜੂਦਾ ਫ਼ਸਲ ਨੁਕਸਾਨ ਦਾ ਕੁਦਰਤੀ ਕਰੋਪੀ ਵਜੋਂ ਨਹੀਂ ਸਗੋਂ ਅਕਾਲੀ ਸਰਕਾਰ ਦੀ ਕਰੋਪੀ ਵਜੋਂ ਸਥਾਪਤ ਹੋਣਾ ਹੈ। ਕੀਟਨਾਸ਼ਕ ਤੇ ਬੀਜ ਘਪਲੇ ਚ ਤੋਤਾ ਸਿੰਘ ਤੇ ਸਰਕਾਰ ਦੀ ਚਹੇਤੀ ਅਫ਼ਸਰਸ਼ਾਹੀ ਦਾ ਨੰਗਾ ਹੋਣਾ ਹੈ। ਇਹਨਾਂ ਦੇ ਸਿਆਸੀ ਸਰਪਰਸਤਾਂ ਵਜੋਂ ਬਾਦਲਾਂ ਦਾ ਚਿਹਰਾ ਸਾਹਮਣੇ ਆਉਣਾ ਹੈ। ਇਹ ਕਿਸਾਨ ਸੰਘਰਸ਼ ਦੀ ਦਾਬ ਦਾ ਸਿੱਟਾ ਹੈ ਕਿ ਸਮੁੱਚਾ ਮਸਲਾ ਹਕੂਮਤੀ ਬੇਈਮਾਨੀ ਵਜੋਂ ਪ੍ਰੈੱਸ ਚ ਵੀ ਸਥਾਪਤ ਹੋਇਆ ਹੈ ਅਤੇ ਘਪਲੇ ਦੀਆਂ ਪਰਤਾਂ ਖੁੱਲ੍ਹਦੀਆਂ ਗਈਆਂ ਹਨ। ਬਾਦਲ ਨੂੰ ਚਹੇਤੇ ਖੇਤੀ ਡਾਇਰੈਕਟਰ ਦੀ ਬਲੀ ਲੈਣੀ ਪਈ ਹੈ।
ਇਹਨਾਂ ਨਿਗੂਣੀਆਂ ਪ੍ਰਾਪਤੀਆਂ ਨੇ ਲੜ ਰਹੀ ਕਿਸਾਨ ਜਨਤਾ ਚ ਮੰਗਾਂ ਮਨਵਾਈਆਂ ਜਾ ਸਕਣ ਦੀ ਆਸ ਪੈਦਾ ਕੀਤੀ ਹੈ ਤੇ ਘੋਲ ਨੂੰ ਤਕੜਾਈ ਬਖਸ਼ਣ ਚ ਹਿੱਸਾ ਪਾਇਆ ਹੈਸੰਘਰਸ਼ ਦੌਰਾਨ ਗੱਲਬਾਤ ਦੀ ਢੁਕਵੀਂ ਦਾਅਪੇਚਕ ਵਰਤੋਂ ਦੀ ਆਪਣੀ ਮਹੱਤਤਾ ਰਹੀ ਹੈ।

ਅਹਿਮ ਸਿਆਸੀ ਜਥੇਬੰਦਕ ਪ੍ਰਾਪਤੀਆਂ

ਅੰਦੋਲਨ ਦਾ ਅਹਿਮ ਪੱਖ ਕਿਸਾਨ ਲਹਿਰ ਦੀ ਝੋਲੀ ਅਹਿਮ ਸਿਆਸੀ ਜਥੇਬੰਦਕ ਪ੍ਰਾਪਤੀਆਂ ਨਾਲ ਭਰਨਾ ਹੈ ਜੋ ਅੰਸ਼ਕ ਆਰਥਕ ਪ੍ਰਾਪਤੀਆਂ ਨਾਲ ਜੁੜਕੇ ਅੰਦੋਲਨ ਦਾ ਕੁੱਲ ਹਾਸਲ ਬਣਦਾ ਹੈ।
ਇਸ ਘੋਲ ਨੇ ਕਿਰਤੀ ਜਨਤਾ ਨੂੰ ਅਜਿਹਾ ਮੁੱਲਵਾਨ ਸਿਆਸੀ ਤਜਰਬਾ ਮੁਹੱਈਆ ਕਰਵਾਇਆ ਹੈ ਜੀਹਦੀ ਕਿਸਾਨ ਲਹਿਰ ਦੀ ਉਸਾਰੀ ਚ ਅਹਿਮ ਮਹੱਤਤਾ ਬਣਦੀ ਹੈ। ਮੌਜੂਦਾ ਕਿਸਾਨ ਖੇਤ ਮਜ਼ਦੂਰ ਅੰਦੋਲਨ ਨੇ ਲੁੱਟੀ ਪੁੱਟੀ ਜਾ ਰਹੀ ਕਿਸਾਨ ਖੇਤ ਮਜ਼ਦੂਰ ਜਨਤਾ ਚ ਆਪਣੀਆਂ ਮੰਗਾਂ-ਮੁਸ਼ਕਲਾਂ ਦੇ ਹੱਲ ਲਈ ਸੰਘਰਸ਼ ਦੇ ਹਥਿਆਰ ਦੀ ਅਹਿਮੀਅਤ ਪ੍ਰਤੀ ਸੋਝੀ ਨੂੰ ਡੂੰਘੇਰਾ ਕੀਤਾ ਹੈ ਅਤੇ ਵੱਖ-ਵੱਖ ਪਾਰਲੀਮਾਨੀ ਵੋਟ ਪਾਰਟੀਆਂ ਤੇ ਸਿਆਸਤਦਾਨਾਂ ਦੇ ਮੁਕਾਬਲੇ ਤੇ ਆਪਣੀ ਜਥੇਬੰਦਕ ਜੁਝਾਰ ਤਾਕਤ ਦਾ ਆਸਰਾ ਮਹਿਸੂਸ ਹੋਣ ਲੱਗਿਆ ਹੈ। ਇਹ ਪੁੱਗਤ ਕਿਸੇ ਇੱਕ ਇਲਾਕੇ ਜਾਂ ਸੀਮਤ ਖੇਤਰ ਚ ਨਹੀਂ ਸਗੋਂ ਰਾਜ ਪੱਧਰ ਤੇ ਇੱਕ ਮੁਕਾਬਲੇ ਦੇ ਪੋਲ ਵਜੋਂ ਉੱਭਰਨਾ ਹੈ ਜੋ ਇੱਕ ਸੀਮਤ ਮੰਗ ਲਈ ਨਹੀਂ ਸਗੋਂ ਵੱਡੀਆਂ ਆਸਾਂ ਜਗਾਉਂਦੀ ਹੈ। ਇਸ ਤਾਕਤ ਦੀ ਪੁੱਗਤ ਦੇ ਕ੍ਰਿਸ਼ਮੇ ਉਹਨਾਂ ਨੇ ਮੌਜੂਦਾ ਘੋਲ ਦੌਰਾਨ ਹੋਰ ਨੇੜਿਓਂ ਤੇ ਵਿਆਪਕ ਪੈਮਾਨੇ ਤੇ ਦੇਖ ਲਏ ਹਨ। ਸਭ ਤੋਂ ਅਹਿਮ ਗੱਲ ਆਪਣੀ ਜਥੇਬੰਦਕ ਤਾਕਤ ਦੇ ਜ਼ੋਰ ਪੁਲਸ, ਅਫਸਰਸ਼ਾਹੀ ਤੇ ਹਕੂਮਤੀ ਲਾਣਾ ਗੁੱਠੇ ਲਗਦਾ ਦੇਖਿਆ ਹੈ। ਬਠਿੰਡੇ ਧਰਨੇ ਦੌਰਾਨ ਦਰੱਖਤਾਂ ਤੋਂ ਟਾਹਣ ਤੋੜ ਕੇ ਡਾਂਗਾਂ ਫੜੀ ਖੜ੍ਹੇ ਨੌਜਵਾਨਾਂ ਦੇ ਡੁੱਲ੍ਹਦੇ ਰੋਹ ਤੇ ਜੋਸ਼ ਮੂਹਰੇ ਪੁਲਸ ਮੁਲਾਜ਼ਮਾਂ ਦੇ ਚਿਹਰਿਆਂ ਤੋਂ ਉੱਡਦੀਆਂ ਹਵਾਈਆਂ ਅਜਿਹੇ ਸਰੂਰ ਦੇ ਪਲ ਸਨ ਜੋ ਲੋਕਾਂ ਨੇ ਇੱਕ ਵਾਰ ਮਹਿਸੂਸ ਕਰ ਲਏ ਹਨ ਤੇ ਸਦਾ ਲਈ ਅੰਦਰ ਉੱਤਰ ਗਏ ਹਨ। ਹਫ਼ਤਾ ਭਰ ਰੇਲਵੇ ਲਾਈਨਾਂ ਨੂੰ ਕਬਜ਼ੇ ਹੇਠ ਰੱਖਕੇ ਤੇ ਕਈ ਦਰਜਨ ਗੱਡੀਆਂ ਨੂੰ ਬਰੇਕਾਂ ਲਗਾ ਕੇ ਬੇਵੱਸ ਕੀਤੀ ਪੰਜਾਬ ਦੀ ਹਕੂਮਤ ਦਾ ਹਸ਼ਰ ਲੋਕਾਂ ਨੇ ਦੇਖ ਲਿਆ ਹੈ। ਆਪਣੀ ਜਥੇਬੰਦਕ ਤਾਕਤ ਦੀ ਜ਼ਰੂਰਤ ਦਾ ਅਹਿਸਾਸ ਹੋਰ ਡੂੰਘਾ ਹੋ ਗਿਆ ਹੈ ਤੇ ਅਜਿਹਾ ਹੋ ਸਕਣ ਦੀ ਚੇਤਨਮਈ ਆਸ ਪੈਦਾ ਹੋਈ ਹੈ।
ਮੌਜੂਦਾ ਅੰਦੋਲਨ ਨੇ ਅਕਾਲੀ ਭਾਜਪਾ ਹਕੂਮਤ ਨੂੰ ਪੂਰੀ ਤਰ੍ਹਾਂ ਨਿਖੇੜੇ ਦੀ ਹਾਲਤ ਚ ਸੁੱਟ ਦਿੱਤਾ ਹੈ ਅਤੇ ਇੱਕ ਲੋਕ ਦੁਸ਼ਮਣ ਤੇ ਸਰਮਾਏਦਾਰ ਜਗੀਰਦਾਰਾਂ ਦੀ ਝੋਲੀ ਚੁੱਕ ਹਕੂਮਤ ਵਜੋਂ ਇਹਦਾ ਨਕਸ਼ਾ ਪੂਰੀ ਤਰ੍ਹਾਂ ਉਘਾੜ ਦਿੱਤਾ ਹੈ। ਅਜਿਹੇ ਨਿਖੇੜੇ ਦਾ ਸਾਹਮਣਾ ਪੰਜਾਬ ਚ ਅਜੇ ਤੱਕ ਸ਼ਾਇਦ ਹੀ ਕਿਸੇ ਹਕੂਮਤ ਨੂੰ ਕਰਨਾ ਪਿਆ ਹੋਵੇ। ਲੋਕ ਦੁਸ਼ਮਣ ਨਵੀਆਂ ਆਰਥਿਕ ਨੀਤੀਆਂ ਨੂੰ ਲਾਗੂ ਕਰਨ ਦੀ ਝੰਡਾਬਰਦਾਰ ਬਾਦਲ ਹਕੂਮਤ ਨੂੰ ਆਪਣੇ ਅਮਲਾਂ ਦੀ ਕੀਮਤ ਜੇਕਰ ਵੋਟਾਂ ਦੇ ਦਿਨਾਂ ਤੋਂ ਬਗੈਰ ਹੀ ਤਾਰਨੀ ਪੈ ਰਹੀ ਹੈ ਤਾਂ ਇਹਦੇ ਚ ਮੌਜੂਦਾ ਅੰਦੋਲਨ ਦੀ ਅਹਿਮ ਭੂਮਿਕਾ ਹੈ। ਇਸਨੇ ਹਕੀਕੀ ਕਿਸਾਨ ਮਜ਼ਦੂਰ ਮੁੱਦੇ ਮੂਹਰੇ ਲਿਆਂਦੇ ਹਨ, ਜੋ ਜਨਤਾ ਚ ਸਥਾਪਤ ਹੋਏ ਹਨ। ਬਾਦਲ ਹਕੂਮਤ ਦਾ ਜ਼ਾਲਮਾਨਾ ਚਿਹਰਾ ਜਨਤਾ ਨੇ ਦੇਖ ਲਿਆ ਹੈ। ਲੋਕ ਦੋਖੀ ਰਵੱਈਆ ਜੱਗ ਜ਼ਾਹਰ ਹੋ ਗਿਆ ਹੈ। ਇਹਦੇ ਸਿਆਸੀ ਅਧਾਰ ਨੂੰ ਖੋਰਾ ਪੈ ਗਿਆ ਹੈ। ਇਹ ਕੰਪਨੀਆਂ ਦੀ ਝੋਲੀ ਚੁੱਕ ਹਕੂਮਤ ਵਜੋਂ ਜ਼ਾਹਰ ਹੋ ਗਈ ਹੈ। ਏਨੇ ਜ਼ੋਰਦਾਰ ਦਬਾਅ ਮੂਹਰੇ ਵੀ ਮੁਆਵਜ਼ਾ ਰਕਮ ਨਾ ਵਧਾਉਣ ਦਾ ਜ਼ਾਹਰ ਹੋਇਆ ਰਵੱਈਆ ਸਪੱਸ਼ਟ ਕਰਦਾ ਹੈ ਕਿ ਸਰਕਾਰੀ ਖਜ਼ਾਨਾ ਲੋਕਾਂ ਲਈ ਜੁਟਾਉਣ ਪੱਖੋਂ ਹਕੂਮਤਾਂ ਕਿਸ ਕਦਰ ਇਨਕਾਰੀ ਹਨ।
ਪੰਜਾਬ ਦੀਆਂ ਮਿਹਨਤਕਸ਼ ਬੁਨਿਆਦੀ ਜਮਾਤਾਂ ਚ ਪਸਰੀ ਬੇਚੈਨੀ ਤੇ ਰੋਸ ਨੂੰ ਇਸ ਘੋਲ ਰਾਹੀਂ ਸਹੀ ਮੂੰਹਾਂ ਦਿੱਤਾ ਜਾ ਸਕਿਆ ਹੈ ਤੇ ਇਸਨੂੰ ਜਥੇਬੰਦ ਕਰਕੇ ਸਹੀ ਦਿਸ਼ਾ ਚ ਸੇਧਤ ਰੱਖਿਆ ਗਿਆ ਹੈ। ਆਪ ਮੁਹਾਰਾ ਪੈਦਾ ਹੋਇਆ ਰੋਸ ਜਨਤਾ ਚ ਮੌਜੂਦ ਚੇਤਨ ਤੇ ਜਥੇਬੰਦ ਗੁਲੀਆਂ ਅਤੇ ਜਥੇਬੰਦੀ ਦੇ ਉੱਭਰੇ ਹੋਏ ਨਕਸ਼ੇ ਦੇ ਜ਼ੋਰ ਹੀ ਜਥੇਬੰਦ ਰੂਪ ਚ ਢਾਲਿਆ ਗਿਆ ਹੈ। ਹਾਕਮਾਂ ਵੱਲੋਂ ਪਾੜਨ ਖਿੰਡਾਉਣ ਦੀਆਂ ਫ਼ਿਰਕੂ ਚਾਲਾਂ ਦੇ ਬਾਵਜੂਦ ਲੋਕ ਰੋਹ ਦਾ ਨਿਸ਼ਾਨਾ ਸਹੀ ਜਗ੍ਹਾ ਤੇ ਕੇਂਦਰਤ ਰੱਖਿਆ ਗਿਆ ਹੈ। ਘੋਲ ਨੇ ਕਿਸਾਨ ਆਗੂਆਂ ਦੇ ਭੇਸ ਚ ਛੁਪੇ ਹਾਕਮ ਜਮਾਤ ਪੱਖੀ ਤੇ ਦੰਭੀ ਲੀਡਰਾਂ ਦੀ ਖਸਲਤ ਉਘਾੜ ਦਿੱਤੀ ਹੈ ਤੇ ਉਹਨਾਂ ਨੂੰ ਬਾਦਲ ਹਕੂਮਤ ਦੇ ਬਚਾਅ ਤੇ ਆ ਕੇ ਨਸ਼ਰ ਹੋਣਾ ਪਿਆ ਹੈ। ਇਉਂ ਇਸ ਘੋਲ ਨੇ ਕਿਸਾਨ ਲਹਿਰ ਚ ਜਮਾਤੀ ਕਤਾਰਬੰਦੀ ਨੂੰ ਤੇਜ਼ ਕੀਤਾ ਹੈ। ਸਮੁੱਚੇ ਘੋਲ ਚ ਕਿਸਾਨੀ ਦੀਆਂ ਹੇਠਲੀਆਂ ਪਰਤਾਂ ਦੀ ਉੱਭਰਵੀਂ ਸ਼ਮੂਲੀਅਤ ਕਿਸਾਨ ਲਹਿਰ ਚ ਅਜਿਹੇ ਹਿੱਸਿਆਂ ਦੀ ਵਧ ਰਹੀ ਪੁੱਗਤ ਦਾ ਸਪੱਸ਼ਟ ਇਜ਼ਹਾਰ ਬਣੀ ਹੈ। ਜ਼ਰੱਈ ਇਨਕਲਾਬੀ ਲਹਿਰ ਉਸਾਰੀ ਦੇ ਭਵਿੱਖ ਨਕਸ਼ੇ ਪੱਖੋਂ ਖੇਤ ਮਜ਼ਦੂਰਾਂ ਤੇ ਮਾਲਕ ਕਿਸਾਨੀ ਦੀ ਸਾਂਝ ਦੀ ਮਜ਼ਬੂਤੀ ਵੀ ਅਹਿਮ ਪ੍ਰਾਪਤੀ ਹੈ। ਇਸ ਨੁਕਤੇ ਤੇ ਹਕੂਮਤੀ ਪਾਟਕਪਾਊ ਚਾਲਾਂ ਨੂੰ ਪਛਾੜਿਆ ਗਿਆ ਹੈ ਤੇ ਖੇਤ ਮਜ਼ਦੂਰਾਂ ਦੇ ਮੁਆਵਜ਼ੇ ਦੀ ਮੰਗ ਲਈ ਧੁਰ ਤੱਕ ਜੂਝਣ ਦਾ ਐਲਾਨ ਮਾਲਕ ਕਿਸਾਨੀ ਦੀਆਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਹੋਏ ਹਨ ਤੇ ਨਿਭਾਏ ਜਾ ਰਹੇ ਹਨ। ਇਹ ਨਿਭਾਅ 64 ਕਰੋੜ ਦੀ ਐਲਾਨੀ ਰਕਮ ਨੂੰ ਜਾਰੀ ਕਰਵਾਉਣ ਤੇ ਵੰਡਾਉਣ ਲਈ ਲਗਾਤਾਰ ਜਾਰੀ ਰਹੀ ਸਰਗਰਮੀ ਦੌਰਾਨ ਵੀ ਹੋਇਆ ਹੈ। ਖੇਤ ਮਜ਼ਦੂਰ ਜਨਤਾ ਚ ਕੁੱਝ ਹਾਸਲ ਕਰ ਸਕਣ ਦੀ ਆਸ ਪੈਦਾ ਕਰਨ ਚ ਮਾਲਕ ਕਿਸਾਨੀ ਦੀਆਂ ਜਥੇਬੰਦੀਆਂ ਦਾ ਅਹਿਮ ਰੋਲ ਹੈ ਜਿਹਨੇ ਖੇਤ ਮਜ਼ਦੂਰਾਂ ਚ ਜਥੇਬੰਦ ਹੋਣ ਤੇ ਸੰਘਰਸ਼ ਕਰਨ ਦੀ ਤਾਂਘ ਨੂੰ ਉਗਾਸਾ ਦਿੱਤਾ ਹੈ। ਖਾਸ ਕਰ ਬੀ. ਕੇ. ਯੂ. (ਏਕਤਾ) ਉਗਰਾਹਾਂ ਵੱਲੋਂ ਆਪਣੇ ਕਾਰਕੁੰਨਾਂ ਰਾਹੀਂ ਖੇਤ-ਮਜ਼ਦੂਰ ਜਨਤਾ ਨੂੰ ਜਾਗ੍ਰਿਤ ਕਰਨ ਤੇ ਪ੍ਰੇਰਨ ਰਾਹੀਂ ਘੋਲ ਚ ਸ਼ਮੂਲੀਅਤ ਕਰਵਾਉਣ ਦੇ ਸੁਹਿਰਦ ਯਤਨ ਸਾਹਮਣੇ ਆਏ ਹਨ। ਅਜਿਹੇ ਰੋਲ ਦੀ ਕਿਸਾਨਾਂ ਖੇਤ-ਮਜ਼ਦੂਰਾਂ ਚ ਮੌਜੂਦ ਵੰਡੀਆਂ ਘਟਾਉਣ, ਜਾਤਪਾਤੀ ਤੁਅੱਸਬਾਂ ਦੇ ਅਸਰਾਂ ਨੂੰ ਘਟਾਉਣ ਤੇ ਵਡੇਰੀ ਸਾਂਝ ਦੀ ਮਜ਼ਬੂਤੀ ਪੱਖੋਂ ਦੂਰ ਰਸ ਸਿਆਸੀ ਅਹਿਮੀਅਤ ਵੀ ਹੈ ਤੇ ਫੌਰੀ ਤੌਰ ਤੇ ਘੋਲ ਨੂੰ ਤਕੜਾਈ ਦੇਣ ਦੀ ਮਹੱਤਤਾ ਬਣੀ ਹੈ।
ਵੱਖ ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਤੋਂ ਮਿਲੀ ਆਮ ਹਮਾਇਤ ਵੀ ਇੱਕ ਅਹਿਮ ਪੱਖ ਹੈ। ਸਥਾਨਕ ਸ਼ਹਿਰੀ ਹਿੱਸਿਆਂ ਤੇ ਆਮ ਲੋਕਾਂ ਤੋਂ ਇਲਾਵਾ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਵੱਲੋਂ ਘੋਲ ਦੇ ਹੱਕ ਚ ਠੋਸ ਯਕਯਹਿਤੀ ਦੇ ਕਦਮ ਤਕੜੀ ਹੋ ਰਹੀ ਤਬਕਾਤੀ ਏਕਤਾ ਦਾ ਸੰਕੇਤ ਹਨ। ਭਾਵੇਂ ਇਹ ਅਜੇ ਸਰੋਕਾਰ ਜ਼ਾਹਰ ਹੋਣ ਦੇ ਪੱਧਰ ਤੇ ਜ਼ਿਆਦਾ ਹੈ ਜਿਸਦੇ ਅਮਲੀ ਠੋਸ ਕਦਮਾਂ ਚ ਪ੍ਰਗਟ ਹੋਣ ਨੇ ਘੋਲ ਦੀ ਹੋਰ ਤਾਕਤ ਬਣਨਾ ਹੈ। ਬਾਦਲ ਹਕੂਮਤ ਦੇ ਮੋੜਵੇਂ ਜਾਬਰ ਹੱਲੇ ਦਾ ਟਾਕਰਾ ਬੁਲੰਦ ਹੌਂਸਲੇ ਨਾਲ ਕੀਤਾ ਗਿਆ ਹੈ। ਕੁੱਟਮਾਰ, ਕੇਸ ਤੇ ਗ੍ਰਿਫਤਾਰੀਆਂ ਰੋਹ ਤੇ ਜੋਸ਼ ਨੂੰ ਮੱਧਮ ਪਾਉਣ ਦੀ ਥਾਂ ਦੁੱਗਣਾ ਕਰਨ ਦਾ ਸਾਧਨ ਬਣੀਆਂ ਹਨ। ਕੋਠਾਗੁਰੂ ਤੇ ਖੋਖਰ ਦੇ ਜਾਬਰ ਹੱਲੇ ਮਗਰੋਂ ਬੀ. ਕੇ. ਯੂ. (ਏਕਤਾ) ਉਗਰਾਹਾਂ ਵੱਲੋਂ ਕਾਨੂੰਨੀ ਤੌਰ ਤੇ ਵੀ ਸ਼ਿਕਾਇਤ ਕਰਵਾ ਕੇ, ਪੈਰਵਾਈ ਕੀਤੀ ਜਾ ਰਹੀ ਹੈ। ਮੌਜੂਦਾ ਅੰਦੋਲਨ ਨੇ ਵਿਸ਼ਾਲ ਕਿਸਾਨ ਖੇਤ ਮਜ਼ਦੂਰ ਜਨਤਾ ਨੂੰ ਕਲਾਵੇ ਚ ਲਿਆ ਹੈ, ਚੇਤਨਾ ਪੱਖੋਂ ਧੁਰ ਹੇਠਲੀਆਂ ਪਰਤਾਂ ਨੂੰ ਘੋਲ ਦੇ ਅਖਾੜੇ ਚ ਖਿੱਚਿਆ ਗਿਆ ਹੈ। ਵਿਆਪਕ ਜਨਤਕ ਸ਼ਮੂਲੀਅਤ ਵਾਲੀਆਂ ਤੇ ਦਬਾਅ ਵਧਾਉਣ ਲਈ ਤਿੱਖੀਆਂ ਘੋਲ ਸ਼ਕਲਾਂ ਨੂੰ ਸੁਮੇਲਿਆ ਗਿਆ ਹੈ, ਘੋਲ ਦਾ ਵੇਗ ਬਰਕਰਾਰ ਰੱਖਿਆ ਗਿਆ ਹੈ। ਉੱਭਰੀਆਂ ਫੌਰੀ ਮੰਗਾਂ ਨਾਲ ਅਹਿਮ ਬੁਨਿਆਦੀ ਮੰਗਾਂ ਨੂੰ ਵੀ ਸਥਾਨ ਮਿਲਿਆ ਹੈ ਤੇ ਇਹਨਾਂ ਦਾ ਜਨਤਾ ਚ ਵੀ ਸੰਚਾਰ ਕਰਨ ਦੇ ਯਤਨ ਦਿਖੇ ਹਨ। ਸੰਘਰਸ਼ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਮ ਪ੍ਰਭਾਵ ਚ ਵੀ ਤੇ ਠੋਸ ਜਥੇਬੰਦਕ ਅਧਾਰ ਚ ਵੀ ਵਾਧਾ ਹੋਇਆ ਹੈ। ਨਵੀਆਂ ਇਕਾਈਆਂ ਬਣੀਆਂ ਹਨ, ਪਹਿਲਾਂ ਵਾਲੇ ਪਿੰਡਾਂ ਚ ਹੋਰ ਪਸਾਰਾ ਹੋਇਆ ਹੈ, ਕਮਜ਼ੋਰ ਬਲਾਕ ਮਜ਼ਬੂਤ ਹੋਏ ਹਨ। ਸਭ ਤੋਂ ਵੱਡਾ ਇਜ਼ਾਫਾ ਬੀ. ਕੇ. ਯੂ. (ਏਕਤਾ) ਉਗਰਾਹਾਂ ਦੀਆਂ ਇਕਾਈਆਂ ਚ ਹੋਇਆ ਹੈ। ਨੌਜਵਾਨ ਟੋਲੀਆਂ ਜਥੇਬੰਦੀਆਂ ਚ ਆਈਆਂ ਹਨ। ਜਥੇਬੰਦੀਆਂ ਦੀ ਠੋਸ ਲਾਮਬੰਦੀ ਦੀ ਸਮਰੱਥਾ ਨੂੰ ਤਕੜਾਈ ਮਿਲੀ ਹੈ। ਵੱਡੀ ਖਰਚ ਖੇਚਲ ਦੀ ਇੱਕ ਉਦਾਹਰਨ ਬੀ. ਕੇ. ਯੂ. (ਏਕਤਾ) ਉਗਰਾਹਾਂ ਵੱਲੋਂ 10 ਸਤੰਬਰ ਤੋਂ ਲੈ ਕੇ 23 ਅਕਤੂਬਰ ਤੱਕ ਦੀ ਲਾਮਬੰਦੀ ਚ ਸਾਧਨਾਂ ਤੇ ਹੋਏ ਖਰਚੇ ਦੀ ਹੈ। ਰੋਜ਼ਾਨਾ ਧਰਨਿਆਂ ਚ ਆਉਣ ਦਾ ਸਾਧਨਾਂ ਦਾ ਖਰਚ ਇਸ ਡੇਢ ਮਹੀਨੇ ਦਾ ਹੀ 64 ਲੱਖ ਰੁਪਏ ਬਣਦਾ ਹੈ। ਇਕੱਲੇ ਜੇਠੂਕੇ ਪਿੰਡ ਦਾ ਹੀ ਸਵਾ ਲੱਖ ਖਰਚਿਆ ਗਿਆ ਹੈ।
ਇਉਂ ਮੌਜੂਦਾ ਕਿਸਾਨ ਅੰਦੋਲਨ ਦੀਆਂ ਸਿਆਸੀ ਪ੍ਰਾਪਤੀਆਂ ਦੂਰਗਾਮੀ ਅਹਿਮੀਅਤ ਵਾਲੀਆਂ ਹਨ। ਕਿਰਤੀ ਜਨਤਾ ਦੀ ਸੂਝ ਤਿੱਖੀ ਹੋਈ ਹੈ, ਜਮਾਤੀ ਰੋਹ ਵਧਿਆ ਹੈ। ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਕੱਦ ਵੱਡਾ ਹੋਇਆ ਹੈ। ਵਿਸ਼ਾਲ ਜਨਤਕ ਘੋਲ ਲੜਨ ਦੀ ਸੂਝ ਭਰੀ ਜੁਝਾਰ ਸਮਰੱਥਾ ਜ਼ਾਹਰ ਹੋਈ ਹੈ ਤੇ ਵੱਡੀਆਂ ਲਾਮਬੰਦੀਆਂ ਕਰ ਸਕਣ, ਜਾਰੀ ਰੱਖ ਸਕਣ ਤੇ ਮਹੀਨਿਆਂ ਬੱਧੀ ਘੋਲ ਚਲਾ ਸਕਣ ਦੀ ਸਮਰੱਥਾ ਹੋਰ ਵਿਕਸਤ ਹੋਈ ਹੈਮੌਜੂਦਾ ਘੋਲ ਰਾਹੀਂ ਦੇਖਿਆ ਜਾ ਸਕਦਾ ਹੈ ਕਿ ਜੇਕਰ ਪ੍ਰਤੀ ਕਿੱਲਾ 40 ਹਜ਼ਾਰ ਰੁਪਏ ਹਾਸਲ ਕਰਨ ਲਈ ਜਾਗੀ ਆਸ ਹਕੂਮਤ ਨੂੰ ਇਉਂ ਵਕਤ ਪਾ ਸਕਦੀ ਹੈ ਤਾਂ ਲੱਖਾਂ ਦੀ ਤਾਦਾਦ ਚ ਮੌਜੂਦ ਬੇਜ਼ਮੀਨੀ ਤੇ ਥੁੜ ਜ਼ਮੀਨੀ ਕਿਸਾਨੀ ਤੇ ਖੇਤ-ਮਜ਼ਦੂਰਾਂ ਚ ਜ਼ਮੀਨ ਹਾਸਲ ਕਰਨ, ਸ਼ਾਹੂਕਾਰਾ ਕਰਜ਼ੇ ਤੋਂ ਨਿਜਾਤ ਤੇ ਬਹੁਕੌਮੀ ਕੰਪਨੀਆਂ ਦੀ ਲੁੱਟ ਤੋਂ ਛੁਟਕਾਰੇ ਦੀ ਜਾਗੀ ਤਾਂਘ ਕਿਹੋ ਜਿਹੇ ਰੌਂਅ ਤੇ ਇਰਾਦੇ ਦਾ ਪ੍ਰਗਟਾਵਾ ਬਣ ਸਕਦੀ ਹੈ। ਬਿਨਾਂ ਸ਼ੱਕ ਅਜਿਹੀ ਤਾਂਘ ਜਾਗਣ ਦਾ ਆਪਣੀ ਮੌਜੂਦਾ ਜਥੇਬੰਦਕ ਤਾਕਤ ਚ ਭਰੋਸਾ ਬੱਝਣ ਨਾਲ ਤੇ ਘੋਲ ਦਰ ਘੋਲ ਹਾਸਲ ਕੀਤੀ ਚੇਤਨਾ ਨਾਲ ਸਿੱਧਾ ਸਬੰਧ ਹੈ। ਅਜਿਹੀ ਚੇਤਨਾ ਨਾਲ ਲੈਸ ਕਰਨ ਲਈ ਇਹ ਘੋਲ ਅਹਿਮ ਸਾਧਨ ਬਣਦੇ ਹਨ।
ਘੋਲ ਤਜ਼ਰਬਾ: ਗੰਭੀਰ ਤਿਆਰੀ ਦਾ
ਕਾਰਗਰ ਹਥਿਆਰ
6 ਜਨਵਰੀ ਤੋਂ ਬਾਦਲ ਚ ਤਿੰਨ ਰੋਜ਼ਾ ਧਰਨੇ ਦੇ ਐਲਾਨ ਮਗਰੋਂ ਹਕੂਮਤ ਨਾਲ ਜ਼ੋਰ ਅਜ਼ਮਾਈ ਦਾ ਅਗਲਾ ਗੇੜ ਸ਼ੁਰੂ ਹੋਣ ਜਾ ਰਿਹਾ ਹੈ। 17 ਦਸੰਬਰ ਨੂੰ ਮੁੱਖ ਮੰਤਰੀ ਨਾਲ ਜਥੇਬੰਦੀਆਂ ਦੀ ਗੱਲਬਾਤ ਚ ਸਰਕਾਰ ਨੇ ਕੋਈ ਵੀ ਅਹਿਮ ਮੰਗ ਮੰਨਣ ਤੋਂ ਇਨਕਾਰ ਕਰਕੇ ਆਪਣੇ ਲੋਕ ਵਿਰੋਧੀ ਰਵੱਈਏ ਨੂੰ ਮੁੜ ਪ੍ਰਗਟਾਇਆ ਹੈ। ਇਸ ਨੇ ਸਪੱਸ਼ਟ ਦਰਸਾਇਆ ਹੈ ਕਿ ਮੌਜੂਦਾ ਖੇਤੀ ਸੰਕਟ ਨੂੰ ਜਿਉਂ ਤਿਉਂ ਜਾਰੀ ਰੱਖਣਾ ਹੀ ਹਕੂਮਤੀ ਨੀਤੀ ਹੈ ਤੇ ਉਹ ਕਿਸਾਨਾਂ ਖੇਤ ਮਜ਼ਦੂਰਾਂ ਨੂੰ ਕੋਈ ਨਿਗੂਣੀ ਅੰਸ਼ਕ ਰਾਹਤ ਦੇਣ ਲਈ ਵੀ ਤਿਆਰ ਨਹੀਂ ਹੈ। ਖੇਤ-ਮਜ਼ਦੂਰਾਂ ਲਈ ਐਲਾਨੀ 64 ਕਰੋੜ ਦੀ ਰਕਮ ਦੀ ਵੰਡ ਵੀ ਹੋਰ ਲਮਕਾ ਦਿੱਤੀ ਗਈ ਹੈ ਤੇ ਕਿਸਾਨੀ ਦਾ ਮੁਆਵਜ਼ਾ ਵੀ ਅਜੇ ਪੂਰਾ ਵੰਡਣ ਦਾ ਇਰਾਦਾ ਨਹੀਂ ਹੈ।
ਅਗਲੇ ਗੇੜ ਦੀ ਤਿਆਰੀ ਲਈ ਵੀ ਅਤੇ ਇਨਕਲਾਬੀ ਜੁਝਾਰ ਕਿਸਾਨ ਲਹਿਰ ਦੀ ਉਸਾਰੀ ਦੇ ਨਜ਼ਰੀਏ ਪੱਖੋਂ ਵੀ ਮੌਜੂਦਾ ਕਿਸਾਨ ਖੇਤ-ਮਜ਼ਦੂਰ ਘੋਲ ਦੇ ਤਾਜ਼ਾ ਤਜ਼ਰਬੇ ਦਾ ਸੰਚਾਰ ਕਰਨਾ ਮਹੱਤਵਪੂਰਨ ਕੰਮ ਬਣਦਾ ਹੈ। ਇਹਦੇ ਜ਼ੋਰ ਸੋਝੀ ਹੋਰ ਡੂੰਘੇਰੀ ਕੀਤੀ ਜਾ ਸਕਦੀ ਹੈ, ਚੇਤਨਾ ਤੇ ਇਰਾਦਾ ਸਾਣ ਤੇ ਲਾਇਆ ਜਾ ਸਕਦਾ ਹੈ। ਜੁਝਾਰ ਕਿਸਾਨ ਜਨਤਾ ਤੇ ਆਗੂ ਕਾਰਕੁੰਨਾਂ ਨੂੰ ਹੋਰ ਵਧੇਰੇ ਦ੍ਰਿੜ ਇਰਾਦੇ ਨਾਲ ਜ਼ੋਰ ਅਜ਼ਮਾਈ ਲਈ ਤਿਆਰ ਕੀਤਾ ਜਾ ਸਕਦਾ ਹੈ।
ਆਉਂਦੇ ਦਿਨਾਂ ਚ ਇਹ ਅੰਦੋਲਨ ਕਿਸਾਨ ਲਹਿਰ ਦੀ ਝੋਲੀ ਚ ਹੋਰ ਪ੍ਰਾਪਤੀਆਂ ਪਾਉਣ ਲਈ ਅੱਗੇ ਵਧ ਰਿਹਾ ਹੈ।

No comments:

Post a Comment