Wednesday, January 20, 2016

(2) ਆਮ ਆਦਮੀ ਪਾਰਟੀ



ਆਮ ਆਦਮੀ ਪਾਰਟੀ

ਸਿਆਸੀ ਵਿਹਾਰ ਤੇ ਕਿਰਦਾਰ ਦੇ ਕੁਝ ਪੱਖਾਂ ਦੀ ਚਰਚਾ

- ਪਰਮਿੰਦਰ

ਜਿਵੇਂ ਜਿਵੇਂ ਪੰਜਾਬ ਚ 2017ਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੀ ਭਖਾਅ ਫੜ੍ਹਦੀਆਂ ਜਾ ਰਹੀਆਂ ਹਨ। ਪੰਜਾਬ ਚ ਹੁਣ ਤੱਕ ਹਕੂਮਤੀ ਗੱਦੀ ਦੇ ਮੁੱਖ ਦਾਅਵੇਦਾਰ ਰਹੇ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਪਾਰਟੀ ਤੋਂ ਇਲਾਵਾ ਪਿਛਲੀਆਂ ਪਾਰਲੀਮੈਂਟ ਚੋਣਾਂ ਤੋਂ ਕੁੱਝ ਦੇਰ ਪਹਿਲਾਂ ਹੀ ਹੋਂਦ ਚ ਆਈ ਤੇ ਪੰਜਾਬ ਚ ਪਹਿਲੇ ਹੱਲੇ ਹੀ ਚਾਰ ਪਾਰਲੀਮੈਂਟਰੀ ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕਰ ਦੇਣ ਵਾਲੀ ਆਮ ਆਦਮੀ ਪਾਰਟੀ ਵੀ ਇਸ ਵਾਰ ਪੰਜਾਬ ਦੀ ਹਕੂਮਤ ਦੇ ਇੱਕ ਧੜੱਲੇਦਾਰ ਦਾਅਵੇਦਾਰ ਵਜੋਂ ਮੈਦਾਨ ਵਿਚ ਨਿੱਤਰੀ ਹੋਈ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵੇਲੇ ਸਭ ਨੂੰ ਚਕਾਚੌਂਧ ਕਰ ਦੇਣ ਵਾਲੀ ਪੂਰੀ ਹੂੰਝਾ ਫੇਰੂ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਬਾਅਦ ਚ ਪਈ ਅੰਦਰੂਨੀ ਫੁੱਟ ਤੋਂ ਸੰਭਾਲਾ ਖਾ ਕੇ ਮੁੜ ਇੱਕ ਵਾਰ ਫਿਰ ਲੈਅ ਫੜ੍ਹਦੀ ਨਜ਼ਰ ਆ ਰਹੀ ਹੈ। ਇਸ ਵੱਲੋਂ ਦਿੱਲੀ ਚੋਣਾਂ ਦੇ ਇਤਿਹਾਸ ਨੂੰ ਇੱਕ ਵਾਰ ਫਿਰ ਪੰਜਾਬ ਚ ਦੁਹਰਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਆਉਂਦੀਆਂ ਵਿਧਾਨ ਸਭਾ ਚੋਣਾਂ ਚ ਪੰਜਾਬ ਦੀ ਹਕੂਮਤੀ ਕੁਰਸੀ ਦੀਆਂ ਦਾਅਵੇਦਾਰ ਤਿੰਨੇ ਹੀ ਮੁੱਖ ਧਿਰਾਂ ਵੱਲੋਂ ਮੁਕਤਸਰ ਦੇ ਮਾਘੀ ਮੇਲੇ ਤੇ ਵੱਡੇ ਇਕੱਠ ਕਰਕੇ ਲਾਮਿਸਾਲ ਕਾਨਫਰੰਸਾਂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਇਹਨਾਂ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਇਹ ਸ਼ਕਤੀ ਪ੍ਰਦਰਸ਼ਨ ਆਉਣ ਵਾਲੇ ਚੋਣ-ਦੰਗਲ ਦੀ ਸ਼ੁਰੂਆਤ ਹਨ।
ਜਿੱਥੋਂ ਤੱਕ ਅਕਾਲੀ-ਭਾਜਪਾ ਗੱਠਜੋੜ ਅਤੇ ਅਕਾਲੀ ਪਾਰਟੀ ਦਾ ਸੰਬੰਧ ਹੈ, ਇਹ ਪਾਰਟੀਆਂ ਪਿਛਲੀ ਲੱਗਭੱਗ ਅੱਧੀ ਸਦੀ ਤੋਂ ਵੀ ਵੱਧ ਅਰਸੇ ਤੋਂ ਅਦਲ ਬਦਲ ਕੇ ਪੰਜਾਬ ਚ ਹਕੂਮਤ ਕਰਦੀਆਂ ਆ ਰਹੀਆਂ ਹਨ। ਇਸ ਲਈ ਪੰਜਾਬ ਦੇ ਲੋਕ ਇਹਨਾਂ ਦੀ ਕਹਿਣੀ ਅਤੇ ਕਰਨੀ ਦੇ ਦੋਨਾਂ ਪੱਖਾਂ ਤੋਂ ਇਹਨਾਂ ਦੀ ਰਗ ਰਗ ਦੇ ਜਾਣੂੰ ਹਨ। ਪੰਜਾਬ ਦੇ ਲੋਕਾਂ ਦੇ ਤਕੜੇ ਹਿੱਸਿਆਂ ਦਾ, ਵੱਧ ਜਾਂ ਘੱਟ ਹੱਦ ਤੱਕ, ਇਹਨਾਂ ਦੋਹਾਂ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਿਆ ਹੈ। ਪਰ ਕੋਈ ਜਚਵਾਂ ਤੇ ਪਾਏਦਾਰ ਬਦਲ ਦਿਸਦਾ ਨਾ ਹੋਣ ਕਰਕੇ , ਉਹ ਮਜਬੂਰੀ ਵੱਸ ਇਹਨਾਂ ਚੋਂ ਹੀ ਇੱਕ ਜਾਂ ਦੁੂਜੇ ਨੂੰ ਹਕੂਮਤੀ ਕੁਰਸੀ ਨਾਲ ਨਿਵਾਜਦੇ ਆ ਰਹੇ ਹਨ। ਹੁਣ ਪਿਛਲੇ ਕੁੱਝ ਸਾਲਾਂ ਤੋਂ ਆਮ ਆਦਮੀ ਪਾਰਟੀ ਵੱਲੋਂ ਜਗਾਈਆਂ ਆਸਾਂ ਕਰਕੇ ਉਪਰੋਕਤ ਪਾਰਟੀਆਂ ਤੋਂ ਬੁਰੀ ਤਰ੍ਹਾਂ ਬਦਜ਼ਨ ਹੋਏ ਲੋਕ-ਹਿੱਸੇ ਆਮ ਆਦਮੀ ਪਾਰਟੀ ਵੱਲ ਨੂੰ ਧਾਅ ਰਹੇ ਹਨ, ਇਸ ਨੂੰ ਆਸ ਦੀ ਕਿਰਨ ਵਜੋਂ ਦੇਖ ਰਹੇ ਹਨ। ਪਰ ਤਿੰਨ ਚਾਰ ਸਾਲ ਪਹਿਲਾਂ ਹੀ ਹੋਂਦ ਚ ਆਈ ਹੋਣ ਕਰਕੇ, ਕਹਿਣੀ ਅਤੇ ਕਰਨੀ ਦੇ ਦੋਹਾਂ ਪੱਖਾਂ ਤੋਂ ਇਸ ਪਾਰਟੀ ਦਾ ਕਾਫ਼ੀ ਕੁੱਝ ਉਘੜ ਕੇ ਸਾਹਮਣੇ ਆਉਣਾ ਅਜੇ ਬਾਕੀ ਹੈ।
ਜੇ ਪੰਜਾਬ ਦੇ ਪ੍ਰਸੰਗ ਚ ਇਸ ਪਾਰਟੀ ਬਾਰੇ ਕੋਈ ਗੰਭੀਰ ਟਿੱਪਣੀ ਕਰਨੀ ਹੋਵੇ ਤਾਂ ਇਸ ਦੀਆਂ ਬਹੁਤ ਹੀ ਸੀਮਤਾਈਆਂ ਹਨ। ਪੰਜਾਬ ਚ ਇਸ ਦੀ ਸ਼ੁਰੂਆਤੀ ਸੰਸਥਾਪਨ ਲੀਡਰਸ਼ਿੱਪ ਦਾ ਇੱਕ ਤਕੜਾ ਹਿੱਸਾ ਇਸ ਨੂੰ ਅਲਵਿਦਾ ਕਹਿ ਚੁੱਕਿਆ ਹੈ। ਹਾਲੇ ਤੱਕ ਇਸ ਦਾ ਜਥੇਬੰਦਕ ਢਾਂਚਾ ਹੋਂਦ ਚ ਨਹੀਂ ਆਇਆ, ਨਾ ਹੀ ਕੋਈ ਸਪੱਸ਼ਟ ਲੀਡਰਸ਼ਿੱਪ ਨਿੱਤਰ ਕੇ ਸਾਹਮਣੇ ਆਈ ਹੈ। ਪੰਜਾਬ ਦੀਆਂ ਮੁੱਖ ਸਮੱਸਿਆਵਾਂ, ਉਨ੍ਹਾਂ ਬਾਰੇ ਪਾਰਟੀ ਦਾ ਨੁਕਤਾ-ਨਜ਼ਰ ਅਤੇ ਉਨ੍ਹਾਂ ਦੇ ਪਾਰਟੀ ਵੱਲੋਂ ਕੀਤੇ ਜਾਣ ਵਾਲੇ ਹੱਲ ਦੇ ਰੂਪ ਚ ਪੰਜਾਬ ਲਈ ਕੋਈ ਉਚੇਚਾ ਤੇ ਠੋਸ ਪ੍ਰੋਗਰਾਮ ਵੀ ਇਸ ਪਾਰਟੀ ਨੇ ਹਾਲੇ ਤੱਕ ਲੋਕਾਂ ਅੱਗੇ ਨਹੀਂ ਉਭਾਰਿਆ। ਹਾਲੇ ਤੱਕ ਇਸ ਦੇ ਪੰਜਾਬ ਨਾਲ ਸਬੰਧਤ ਭਾਸ਼ਣਾਂ ਦਾ ਮੂਲ ਮੁੱਦਾ ਹੁਕਮਰਾਨ ਗੱਠਜੋੜ ਅਤੇ ਇਸ ਦੀ ਸਰਕਾਰ ਤੇ ਸ਼ਰੀਕ ਸਿਆਸੀ ਧਿਰ ਕਾਂਗਰਸ ਦੀ ਕਾਰਗੁਜ਼ਾਰੀ ਦੀ ਨੁਕਤਾਚੀਨੀ ਕਰਨ ਤੇ ਹੀ ਕੇਂਦਰਤ ਹੈ ਜਾਂ ਫਿਰ ਦਿੱਲੀ ਵਿਚਲੀ ਆਪਣੀ ਪਾਰਟੀ ਅਤੇ ਸਰਕਾਰ ਦੀ ਪ੍ਰਸੰਸਾ ਕਰਨ ਤੱਕ ਹੀ ਸੀਮਤ ਹੈ। ਵੈਸੇ ਇਸ ਪਾਰਟੀ ਦੇ ਹਲਕਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ, ਦਿੱਲੀ ਚੋਣਾਂ ਮੌਕੇ ਤਿਆਰ ਕੀਤੀ ‘‘ਦਿੱਲੀ ਵਾਰਤਾਲਾਪ’’ ਦੀ ਤਰਜ ਤੇ ਪੰਜਾਬ ਚ ਵੀ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਸਲਾਹ ਮਸ਼ਵਰਾ ਕਰਕੇ ‘‘ਪੰਜਾਬ ਬੋਲਦਾ ਹੈ’’ ਨਾਂ ਦਾ ਠੋਸ ਮਨੋਰਥ-ਪੱਤਰ ਤਿਆਰ ਕਰਕੇ ਜਾਰੀ ਕੀਤਾ ਜਾਣਾ ਹੈ। ਹਾਲ ਦੀ ਘੜੀ ਇਹ ਆਉਣ ਵਾਲੇ ਸਮੇਂ ਦੀ ਗੱਲ ਹੈ। ਅਜਿਹੀ ਅਸਪਸ਼ਟ ਤੇ ਧੁੰਦਲੀ ਤਸਵੀਰ ਸਦਕਾ ਆਮ ਆਦਮੀ ਪਾਰਟੀ ਬਾਰੇ ਕੋਈ ਗਹਿਰ ਗੰਭੀਰ ਟਿੱਪਣੀ ਕਰਨ ਦੀਆਂ ਸੀਮਤਾਈਆਂ ਹਨ।

ਉੱਚੇ ਦਾਈਏ ਵਧਵੀਆਂ ਆਸਾਂ

ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ ਤਕਰੀਰਾਂ ਉਤੇ ਜੇ ਨਿਗਾਹ ਮਾਰੀਏ ਤਾਂ ਇਹੀ ਪ੍ਰਭਾਵ ਉੱਭਰਦਾ ਹੈ ਇੱਕ ਵਾਰ ਪੰਜਾਬ ਦੀ ਹਕੂਮਤ ਦੀ ਵਾਗਡੋਰ ਆਮ ਆਦਮੀ ਪਾਰਟੀ ਦੇ ਹੱਥ ਆਉਣ ਦੀ ਦੇਰ ਹੈ, ਪੰਜਾਬ ਦੇ ਲੋਕਾਂ ਦੇ ਸਭ ਦੁੱਖ ਕੱਟੇ ਜਾਣਗੇ। ਫਿਰ ਨਾ ਕਰਜ਼ੇ ਦੇ ਸਤਾਏ ਕਿਸੇ ਕਿਸਾਨ ਨੂੰ ਖੁਦਕਸ਼ੀ ਕਰਨੀ ਪਵੇਗੀ, ਨਾ ਬੇਰੁਜ਼ਗਾਰੀ ਦੇ ਝੰਬੇ ਕਿਸੇ ਨੌਜਵਾਨ ਨੂੰ ਪੁਲਸੀ ਡਾਂਗਾਂ ਦਾ ਸੇਕ ਆਪਣੇ ਮੌਰਾਂ ਤੇ ਝੱਲਣਾ ਪਵੇਗਾ। ਕਿਸੇ ਨਾਲ ਧੱਕਾ-ਧੋੜਾ ਨਹੀਂ ਹੋਣ ਦਿੱਤਾ ਜਾਵੇਗਾ। ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋਂ ਹੀ ਪੁੱਟ ਦਿੱਤਾ ਜਾਵੇਗਾ ਆਦਿ ਆਦਿ। ਇਹ ਦਾਅਵੇ ਕਿਸੇ ਗਹਿਰ-ਗੰਭੀਰ ਸੋਚਣੀ ਚੋਂ ਨਿੱਕਲੇ ਅਤੇ ਹਕੀਕਤ ਚ ਪੁਗਾਏ ਜਾ ਸਕਣ ਵਾਲੇ ਵਾਅਦਿਆਂ ਨਾਲੋਂ ਵੋਟਾਂ ਹਥਿਆਉਣ ਦੇ ਮਕਸਦ ਨਾਲ ਰਵਾਇਤੀ ਵੋਟ ਪਾਰਟੀਆਂ ਵੱਲੋਂ ਲਾਏ ਜਾਂਦੇ ਭਰਮਾਊ ਨਾਅਰੇ ਵੱਧ ਜਾਪਦੇ ਹਨ। ਪਰ ਪੰਜਾਬ ਦੇ ਲੋਕਾਂ ਦਾ ਇੱਕ ਹਿੱਸਾ ਇਨ੍ਹਾਂ ਵਾਅਦਿਆਂ ਤੇ ਕੰਨ ਧਰ ਰਿਹਾ ਹੈ। ਉਹ ਆਮ ਆਦਮੀ ਪਾਰਟੀ ਤੋਂ ਕਾਫ਼ੀ ਆਸਾਂ ਲਾਈ ਬੈਠੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿੱਪ ਬੇਦਾਗ ਤੇ ਇਮਾਨਦਾਰ ਹੈ, ਲੋਕਾਂ ਪ੍ਰਤੀ ਸਮਰਪਤ ਹੈ-ਇਸ ਲਈ ਇਹ ਜ਼ਰੂਰ ਹੀ ਲੋਕਾਂ ਦੀਆਂ ਆਸਾਂ ਤੇ ਖਰੀ ਉੱਤਰ ਸਕੇਗੀ।
ਫੌਰੀ ਅਤੇ ਸੀਮਤ ਪ੍ਰਸੰਗ ਤੋਂ ਦੇਖਿਆਂ, ਇਹ ਹੋ ਸਕਦਾ ਹੈ ਕਿ ਆਪ ਦੀ ਲੀਡਰਸ਼ਿੱਪ ਭ੍ਰਿਸ਼ਟ ਨਾ ਹੋਵੇ, ਇਮਾਨਦਾਰ ਹੋਵੇ। ਇਹ ਵੀ ਹੋ ਸਕਦਾ ਹੈ ਕਿ ਉਹ ਸੱਚਮੁੱਚ ਹੀ ਸੁਹਿਰਦਤਾ, ਲਗਨ ਅਤੇ ਬੇਗਰਜ਼ ਭਾਵਨਾ ਨਾਲ ਲੋਕਾਂ ਦੀ ਭਲਾਈ ਅਤੇ ਬਿਹਤਰੀ ਲਈ ਕੰਮ ਕਰਨਾ ਚਾਹੁੰਦੀ ਹੋਵੇ। ਇਹ ਵੀ ਸੰਭਵ ਹੈ ਕਿ ਜੇ ਉਸ ਨੂੰ ਹਕੂਮਤ ਚਲਾਉਣ ਦਾ ਮੌਕਾ ਮਿਲਦਾ ਹੈ ਤਾਂ ਉਹ ਭ੍ਰਿਸ਼ਟ ਅਕਾਲੀ ਤੇ ਕਾਂਗਰਸੀ ਹਕੂਮਤਾਂ ਦੇ ਮੁਕਾਬਲੇ ਕੁੱਝ ਬਿਹਤਰ ਕਾਰਗੁਜ਼ਾਰੀ ਦਿਖਾ ਸਕੇ। ਲੋਕਾਂ ਨੂੰ ਕਈ ਪੱਖਾਂ ਤੋਂ ਰਾਹਤ ਪਹੁੰਚਾ ਸਕੇ। ਪਰ ਇਸ ਸਭ ਕਾਸੇ ਦੇ ਬਾਵਜੂਦ ਸਾਡਾ ਇਹ ਸੋਚਿਆ-ਵਿਚਾਰਿਆ ਤੇ ਦ੍ਰਿੜ੍ਹ ਮੱਤ ਹੈ ਕਿ ਆਮ ਆਦਮੀ ਪਾਰਟੀ ਦੀ ਹਕੂਮਤ ਵੀ ਲੋਕਾਂ ਦੀ ਜ਼ਿੰਦਗੀ ਨਾਲ ਸਬੰਧਤ ਅਹਿਮ ਤੇ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕਰਨ ਪੱਖੋਂ ਕੋਈ ਸਿਫ਼ਤੀ ਤੌਰ ਤੇ ਵੱਖਰੀ ਕਾਰਗੁਜ਼ਾਰੀ ਨਹੀਂ ਦਿਖਾ ਸਕੇਗੀ। ਇਸ ਪਾਰਟੀ ਦੇ ਉੱਘੜ ਰਹੇ ਲੱਛਣਾਂ ਅਤੇ ਇਸ ਦੀ ਸਿਆਸਤ ਦੀਆਂ ਵਜੂਦ ਸਮੋਈਆਂ ਕਮਜ਼ੋਰੀਆਂ ਸਦਕਾ ਇਸ ਤੋਂ ਕੋਈ ਵੱਡੀ ਆਸ ਪਾਲਣਾ ਇੱਕ ਰੌਚਕ ਖੁਸ਼ਫਹਿਮੀ ਤੋਂ ਵੱਧ ਕੁੱਝ ਨਹੀਂ। ਇਸ ਦੀ ਬੁਨਿਆਦੀ ਕਮਜ਼ੋਰੀ ਤੇ ਉਂਗਲ ਧਰਨ ਤੋਂ ਪਹਿਲਾਂ ਆਓ ਇਸ ਦੇ ਅਮਲ ਚ ਉੱਘੜ ਰਹੇ ਕੁੱਝ ਰੰਗਾਂ ਦੀ ਚਰਚਾ ਕਰੀਏ।

ਗੈਰ-ਜਮਹੂਰੀ ਵਿਅਕਤੀਵਾਦੀ ਫੰਕਸ਼ਨਿੰਗ

ਰਵਾਇਤੀ ਵੋਟ ਪਾਰਟੀਆਂ ਆਮ ਕਰਕੇ ਵਿਅਕਤੀ ਪ੍ਰਧਾਨ ਹੁੰਦੀਆਂ ਹਨ। ਪਾਰਟੀ ਦਾ ਉੱਚ ਲੀਡਰ ਤਹਿ ਹੋ ਜਾਣ ਬਾਅਦ ਉਹ ਹੀ ਪਾਰਟੀ ਦੇ ਬਾਕੀ ਆਹੁਦੇਦਾਰਾਂ ਨੂੰ ਨਾਮਜ਼ਦ ਕਰਦਾ ਹੈ। ਜਿਥੇ ਕਿਤੇ ਲੀਡਰਸ਼ਿੱਪ ਚੁਣੇ ਜਾਣ ਦੀ ਵਿਵਸਥਾ ਵੀ ਹੁੰਦੀ ਹੈ ਉਹ ਦਿਖਾਵੇ ਤੋਂ ਵੱਧ ਕੁੱਝ ਨਹੀਂ ਹੁੰਦੀ। ਆਮ ਆਦਮੀ ਪਾਰਟੀ ਦੇ ਗਠਨ ਵੇਲੇ ਇਹ ਜ਼ੋਰ ਸ਼ੋਰ ਨਾਲ ਉਭਾਰਿਆ ਗਿਆ ਸੀ ਕਿ ਇਹ ਵਿਅਕਤੀ ਆਧਾਰਤ ਪਾਰਟੀ ਨਾ ਹੋ ਕੇ ਅਸੂਲ ਆਧਾਰਤ ਪਾਰਟੀ ਹੋਵੇਗੀ। ਪਾਰਟੀਆਂ ਦੀਆਂ ਨੀਤੀਆਂ ਤੇ ਫੈਸਲੇ ਜਮਹੂਰੀ ਵਿਚਾਰ-ਵਟਾਂਦਰੇ ਦੇ ਅਮਲ ਰਾਹੀਂ ਸਮੂਹਕ ਢੰਗ ਨਾਲ ਲਏ ਜਾਣਗੇ, ਲੀਡਰਸ਼ਿਪ ਤੇ ਨੁਕਤਾਚੀਨੀ ਕਰਨ ਦਾ ਜਮਹੂਰੀ ਹੱਕ ਹੋਵੇਗਾ ਅਤੇ ਪਾਰਟੀ ਲੀਡਰਾਂ ਅਤੇ ਫੰਕਸ਼ਨਰੀਆਂ ਤੇ ਨਿਗਾਹ ਰੱਖਣ ਅਤੇ ਜੁਆਬਦੇਹੀ ਲਈ ਪਾਰਟੀ ਦਾ ਅੰਦਰੂਨੀ ਲੋਕਪਾਲ ਹੋਵੇਗਾ। ਇਹਨਾਂ ਦਾਅਵਿਆਂ ਦੇ ਸਨਮੁੱਖ ਇਹ ਹੈਰਾਨੀ ਵਾਲੀ ਗੱਲ ਹੈ ਕਿ ਦਿੱਲੀ ਚੋਣਾਂ ਜਿੱਤਣ ਤੋਂ ਬਾਅਦ ਕੇਜਰੀਵਾਲ ਤੇ ਸਿਸੋਦੀਆ ਨੂੰ ਛੱਡ ਕੇ ਪਾਰਟੀ ਦੇ ਸਾਰੇ ਪ੍ਰਮੁੱਖ ਸੰਸਥਾਪਕ ਆਗੂ-ਯੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਪ੍ਰੋ. ਆਨੰਦ ਕੁਮਾਰ, ਅਡਮਿਰਲ ਰਾਮਦਾਸ ਤੇ ਕਈ ਹੋਰ ਨਾਮਵਰ ਹਸਤੀਆਂ ਜਾਂ ਪਾਰਟੀ ਚੋਂ ਕੱਢ ਦਿੱਤੇ ਗਏ ਹਨ ਜਾਂ ਉਹ ਇਸ ਨੂੰ ਛੱਡ ਗਏ ਹਨ। ਇਹਨਾਂ ਸਭਨਾਂ ਨੇ ਕੇਜਰੀਵਾਲ ਤੇ ਵਿਅਕਤੀਵਾਦੀ ਢੰਗ ਨਾਲ ਫੰਕਸ਼ਨਿੰਗ ਕਰਨ ਤੇ ਬੇਅਸੂਲੀ ਰਾਜਨੀਤੀ ਕਰਨ ਦੇ ਗੰਭੀਰ ਇਲਜ਼ਾਮ ਲਾਏ ਹਨ। ਇਨ੍ਹਾਂ ਦੋਸ਼ਾਂ ਜਾਂ ਉਲਟ-ਦੋਸ਼ਾਂ ਚ ਜਾਣਾ ਸਾਡਾ ਮਕਸਦ ਨਹੀਂ। ਪਰ ਜੇ ਸੰਸਥਾਪਕ ਮੈਂਬਰਾਂ ਚ ਏਡਾ ਗੰਭੀਰ ਰੌਲਾ ਪੈ ਜਾਂਦਾ ਹੈ ਤਾਂ ਇਹ ਨਿਸ਼ਚੇ ਹੀ ਕਿਸੇ ਕਾਣ ਦੀ ਅਲਾਮਤ ਹੋ ਸਕਦਾ ਹੈ ਜਿਸ ਨੂੰ ਐਵੇਂ ਹੀ ਆਇਆ ਗਿਆ ਨਹੀਂ ਕੀਤਾ ਜਾ ਸਕਦਾ।
ਪੰਜਾਬ ਚ ਵੀ ਆਪਦੀ ਪਛਾਣ ਬਣੇ ਕਈ ਮੁੱਢਲੇ ਚਿਹਰੇ -ਡਾ.ਧਰਮਵੀਰ ਗਾਂਧੀ, ਐਡਵੋਕੇਟ ਫੂਲਕਾ, ਡਾ. ਦਲਜੀਤ ਸਿੰਘ, ਪ੍ਰੋ. ਮਨਜੀਤ ਸਿੰਘ, ਸੁਮੇਲ ਸਿੰਘ, ਹਰਿੰਦਰ ਸਿੰਘ ਖਾਲਸਾ ਐਮ.ਪੀ.-  ਲਾਂਭੇ ਧੱਕ ਦਿੱਤੇ ਗਏ ਹਨ ਜਾਂ ਹੋ ਗਏ ਹਨ। ਇਹਨਾਂ ਚੋਂ ਬਹੁਤਿਆਂ ਦਾ ਕਹਿਣਾ ਹੈ ਕਿ ਪਾਰਟੀ ਆਪਣੇ ਮੁੱਢਲੇ ਅਸੂਲਾਂ ਅਤੇ ਜਮਹੂਰੀ ਕਾਰਵਿਹਾਰ ਤੋਂ ਉੱਖੜ ਗਈ ਹੈ ਤੇ ਪਾਰਟੀ ਲੀਡਰਸ਼ਿੱਪ ਨਾਲ ਅਸਹਿਮਤੀ ਜ਼ਾਹਰ ਕਰ ਰਹੇ ਹਿੱਸਿਆਂ ਨੂੰ ਧੱਕਿਆ ਜਾ ਰਿਹਾ ਹੈ। ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟਾਂ ਸਮੇਤ ਪੰਜਾਬ ਦੀ ਕੰਮ ਚਲਾਊ ਕਮੇਟੀ ਵੱਲੋਂ ਭਾਰੀ ਬਹੁਸੰਮਤੀ ਨਾਲ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਕਨਵੀਨਰ ਦੇ ਅਹੁਦੇ ਤੋਂ ਲਾਹੁਣ ਦੇ ਬਾਵਜੂਦ ਕੇਜਰੀਵਾਲ ਨੇ ਉਸ ਨੂੰ ਬਦਲਣ ਤੋਂ ਇਨਕਾਰ ਕਰ ਦਿੱਤਾ। ਪੰਜਾਬ ਚ ਇੰਨਾ ਲੰਮਾਂ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜਮਹੂਰੀ ਚੋਣ ਪ੍ਰਕਿਰਿਆ ਰਾਹੀਂ ਪਾਰਟੀ ਢਾਂਚਾ ਸਥਾਪਤ ਨਹੀਂ ਕੀਤਾ ਗਿਆ। ਦਰਅਸਲ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਜਿਹੇ ਕੇਂਦਰੀ ਨੁਮਾਇੰਦਿਆਂ ਅਤੇ ਥੋਕ ਰੂਪ ਚ ਪੰਜਾਬ ਚ ਬਾਹਰ ਤੋਂ ਲਿਆ ਕੇ ਤਾਇਨਾਤ ਕੀਤੇ ਅੱਡ ਅੱਡ ਪੱਧਰਾਂ ਦੇ ਨਿਗਰਾਨਾਂ ਰਾਹੀਂ ਦਿੱਲੀ ਤੋਂ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਕੰਟਰੋਲ ਕੀਤਾ ਤੇ ਚਲਾਇਆ ਜਾ ਰਿਹਾ ਹੈ। ਆਪ ਤੋਂ ਨਾਰਾਜ਼ (ਤੇ ਅੰਦਰੋਂ ਵੀ ਇੱਕ ਗਿਣਨਯੋਗ ਹਿੱਸੇ) ਵੱਲੋਂ ਇਹ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਨਾ ਸਿਰਫ ਪੰਜਾਬ ਦੇ ਮਾਮਲੇ ਚ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜੇ ਤੇ ਸਰਗਰਮ ਵਲੰਟੀਅਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸਗੋਂ ਕਈ ਵਾਰ ਉਹਨਾਂ ਦੀਆਂ ਜ਼ਾਹਰਾ ਰਾਇਆਂ ਦੇ ਉਲਟ ਜਾ ਕੇ ਉਹਨਾਂ ਤੇ ਫੈਸਲੇ ਥੋਪੇ ਜਾ ਰਹੇ ਹਨ। ਇਹਨਾਂ ਇਲਜ਼ਾਮਾਂ ਵਿਚ ਕਾਫੀ ਹੱਦ ਤੱਕ ਸਚਾਈ ਜਾਪਦੀ ਹੈ। ਇਸ ਪੱਖੋਂ ਦੇਖਿਆਂ ਆਪ ਦਾ ਕਾਰਵਿਹਾਰ ਨਾ ਸਿਰਫ ਹੋਰਨਾਂ ਵੋਟ ਪਾਰਟੀਆਂ ਨਾਲੋਂ ਵੱਖਰਾ ਹੀ ਨਹੀਂ ਸਗੋਂ ਜ਼ਾਹਰਾ ਤੌਰ ਤੇ ਗੈਰ-ਜਮਹੂਰੀ ਹੈ। ਇਹੋ ਜਿਹੀ ਗੈਰ-ਜਮਹੂਰੀ ਫੰਕਸ਼ਨਿੰਗ ਵਾਲੀ ਪਾਰਟੀ ਦੇਰ ਸਵੇਰ ਲੋਕਾਂ ਅਤੇ ਹਕੀਕਤ ਨਾਲੋਂ ਟੁੱਟਣ ਅਤੇ ਆਪਣੇ ਮਿਥੇ ਨਿਸ਼ਾਨਿਆਂ ਤੋਂ ਭਟਕ ਜਾਣ ਲਈ ਸਰਾਪੀ ਹੁੰਦੀ ਹੈ।

ਮੌਕਾਪ੍ਰਸਤਾਂ ਲਈ ਠਾਹਰ

ਪੰਜਾਬ ਚ ਆਮ ਆਦਮੀ ਪਾਰਟੀ ਦਾ ਹਮਾਇਤੀ ਆਧਾਰ ਮੁੱਖ ਤੌਰ ਉਤੇ ਉਹ ਹਿੱਸੇ ਬਣੇ ਹਨ ਜਿਹੜੇ ਪੰਜਾਬ ਚ ਰਵਾਇਤੀ ਹਾਕਮ ਜਮਾਤੀ ਪਾਰਟੀਆਂ, ਖਾਸ ਕਰਕੇ ਅਕਾਲੀ ਦਲ, ਭਾਜਪਾ, ਕਾਂਗਰਸ, ਖੱਬੀਆਂ ਪਾਰਟੀਆਂ ਆਦਿ ਤੋਂ ਉਚਾਟ ਹੋ ਚੁੱਕੇ ਹਨ ਤੇ ਕਿਸੇ ਖਰੇ ਤੇ ਜਚਣਹਾਰ ਬਦਲ ਦੀ ਭਾਲ ਚ ਹਨ। ਇਸ ਦੀ ਵਲੰਟੀਅਰ ਕਰਿੰਦਾ ਸ਼ਕਤੀ ਚ ਦੋ ਤਰ੍ਹਾਂ ਦੇ ਹਿੱਸੇ ਹਨ। ਇੱਕ ਗਿਣਨਯੋਗ ਤੇ ਮੁਕਾਬਲਤਨ ਛੋਟਾ ਹਿੱਸਾ ਚੇਤੰਨ, ਆਦਰਸ਼ਵਾਦੀ ਤੇ ਲੋਕ-ਪੱਖੀ ਭਾਵਨਾ ਵਾਲਾ ਹੈ ਜੋ ਇੱਕ ਸਿਆਸੀ ਬਦਲ ਵਜੋਂ ਆਪ ਨੂੰ ਆਸ ਦੀ ਕਿਰਨ ਵਜੋਂ ਦੇਖ ਰਿਹਾ ਹੈ। ਇਕ ਕਾਫੀ ਗਿਣਨਯੋਗ ਹਿੱਸਾ ਮੌਕਾਪ੍ਰਸਤ ਤੇ ਲਾਲਸਾਵਾਨ ਹੈ ਜੋ ਪ੍ਰਮੁੱਖ ਰਿਵਾਇਤੀ ਸਿਆਸੀ ਪਾਰਟੀਆਂ ਚ ਫਹੁ ਨਾ ਪੈਂਦਾ ਹੋਣ ਕਰਕੇ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਹੁੰਗ੍ਹਾਰੇ ਤੋਂ ਪ੍ਰਭਾਵਤ ਹੋ ਕੇ, ਇਸ ਨੂੰ ਹੱਥ ਲੱਗਿਆ ਮੌਕਾ ਜਾਣ ਕੇ ਇਸ ਵਿਚ ਸ਼ਾਮਲ ਤੇ ਸਰਗਰਮ ਹੋਇਆ ਹੈ। ਆਪ ਦੇ ਵਧ ਰਹੇ ਪ੍ਰਭਾਵ ਨੂੰ ਦੇਖ ਕੇ, ਹੋਰਨਾਂ ਪਾਰਟੀਆਂ ਚ ਸ਼ਾਮਲ ਅੱਡ ਅੱਡ ਪੱਧਰਾਂ ਦੇ ਕਈ ਲੀਡਰ ਤੇ ਕਾਰਕੁੰਨ ਦਾਅ ਲਾਉਣ ਲਈ ਇਹਨਾਂ ਡੁੱਬਦੇ ਬੇੜਿਆਂ ਚੋਂ ਡੱਡੂ-ਟਪੂਸੀਆਂ ਮਾਰ ਕੇ ਆਪ ਦੇ ਛਕੜੇ ਤੇ ਸਵਾਰ ਹੋ ਰਹੇ ਹਨ। ਆਪ ਦੇ ਸੁਹਿਰਦ ਵਲੰਟੀਅਰਾਂ ਦੇ ਰੋਸ ਦੇ ਬਾਵਜੂਦ ਆਪ ਦੀ ਪ੍ਰਭਾਵੀ ਲੀਡਰਸ਼ਿੱਪ ਅਜਿਹੇ ਹਿੱਸਿਆਂ ਨੂੰ ਲੈਣ ਲਈ ਕਾਫ਼ੀ ਉਤਸੁਕ ਹੈ। ਕਿਹਾ ਜਾਂਦਾ ਹੈ ਕਿ ਦਿੱਲੀ ਚੋਣਾਂ ਮੌਕੇ ਵੀ ਅੱਧੀ ਦਰਜਨ ਤੋਂ ਵੱਧ ਦਾਗੀ ਕਿਰਦਾਰ ਵਾਲੇ ਵਿਅਕਤੀਆਂ ਨੂੰ ਜਿੱਤ ਸਕਣ ਦੀ ਸਮਰੱਥਾ ਕਰਕੇ ਟਿਕਟ ਦਿੱਤੀ ਗਈ ਸੀ ਤੇ ਇਹ ਪਾਰਟੀ ਚ ਰੱਟਾ ਤੇ ਦੁਫੇੜ ਪੈਣ ਦਾ ਅਹਿਮ ਕਾਰਨ ਸੀ। ਕਾਨੂੰਨ ਮੰਤਰੀ ਜਤਿੰਦਰ ਤੋਮਰ ਦੀਆਂ ਜਾਅਲੀ ਡਿਗਰੀਆਂ ਦੀ ਪੜਤਾਲ ਕਰਨ ਦੀ ਥਾਂ ਕੇਜਰੀਵਾਲ ਤੇ ਪਾਰਟੀ ਐਨ ਅੰਤ ਤੱਕ ਉਸਦੇ ਪੱਖ ਚ ਡਟੇ ਰਹੇ ਤੇ ਆਖਰ ਨੂੰ ਉਸ ਨਾਲੋਂ ਨਾਤਾ ਤੋੜਿਆ ਜਦ ਕੋਈ ਹੋਰ ਚਾਰਾ ਬਚਿਆ ਹੀ ਨਹੀਂ ਸੀ। ਪੰਜਾਬ ਵਿੱਚ ਵੀ ਹੁਣ ਇਹੋ ਜਿਹੇ ਸ਼ੱਕੀ ਕਿਰਦਾਰ ਵਾਲੇ ਮੌਕਾਤਾੜੂ ਅਨਸਰਾਂ ਲਈ ਪਾਰਟੀ ਚ ਦਾਖਲੇ ਲਈ ਰਾਹਦਾਰੀ ਖੁੱਲ੍ਹ ਗਈ ਹੈ। ਪਟਿਆਲਾ ਜ਼ਿਲ੍ਹੇ ਚੋਂ ਆਪ ਚ ਸ਼ਾਮਲ ਹੋਏ ਜਗਤਾਰ ਸਿੰਘ ਰਾਜਲਾ ਵਿਰੁੱਧ ਲਗਭਗ ਪੌਣੇ ਦੋ ਕਰੋੜ ਰੁਪਏ ਦੇ ਪਨਸਪ ਦੇ ਚੌਲ ਆਪਣੇ ਸ਼ੈਲਰ ਚੋਂ ਖੁਰਦ ਬੁਰਦ ਕਰਨ ਦਾ ਦੋਸ਼ ਹੈ। ਆਪਣੇ ਵੋਟ-ਬੈਂਕ ਨੂੰ ਵਧਾਉਣ ਲਈ ਤਰ੍ਹਾਂ ਤਰ੍ਹਾਂ ਦੇ ਫ਼ਸਲੀ ਬਟੇਰਿਆਂ ਨੂੰ ਆਪਣੀ ਛਤਰੀ ਹੇਠ ਇਕੱਠਾ ਕਰਨ ਜਾ ਰਹੀ ਆਮ ਆਦਮੀ ਪਾਰਟੀ ਹੋਰਨਾਂ ਪਾਰਟੀਆਂ ਨਾਲੋਂ ਕਿਹੜੀ ਗੱਲੋਂ ਵਿਲੱਖਣ ਹੈ?

ਜਦੋਜਹਿਦ ਤੋਂ ਪਰਹੇਜ਼

ਅਕਸਰ ਹੀ ਬੁਰਜੂਆ ਵੋਟ-ਪਾਰਟੀਆਂ ਲੋਕਾਂ ਦੇ ਹਕੀਕੀ ਮੰਗਾਂ ਮਸਲਿਆਂ ਤੇ ਕੋਈ ਗੰਭੀਰ ਸੰਘਰਸ਼ ਕਰਨ ਤੋਂ ਤ੍ਰਹਿੰਦੀਆਂ ਹਨ। ਉਹਨਾਂ ਦਾ ਮਕਸਦ ਨਾ ਖੁਦ ਸੰਘਰਸ਼ ਰਾਹੀਂ ਉਹਨਾਂ ਦੇ ਮਸਲੇ ਹੱਲ ਕਰਵਾਉਣਾ ਹੁੰਦਾ ਹੈ, ਨਾ ਉਹਨਾਂ ਨੂੰ ਸੰਘਰਸ਼ ਲਈ ਉਤਸ਼ਾਹਤ ਕਰਨਾ ਹੁੰਦਾ ਹੈ। ਉਹਨਾਂ ਦਾ ਮਕਸਦ ਫੌਰੀ ਬਿਆਨਬਾਜ਼ੀ ਕਰਕੇ, ਪੀੜਤਾਂ ਨਾਲ ਫੋਟੋ ਖਿਚਾਕੇ ਤੇ ਅਖਬਾਰਾਂ ਤੇ ਮੀਡੀਆ ਚ ਉਛਾਲ ਕੇ ਆਪਣੀ ਹਮਦਰਦੀ ਦਾ ਵਿਖਾਵਾ ਕਰਨਾ ਤੇ ਉਹਨਾਂ ਦੇ ਰੋਹ ਨੂੰ ਆਪਣੇ ਲਈ ਵੋਟ ਚ ਢਾਲਣਾ ਹੁੰਦਾ ਹੈ। ਕਦੇ ਕਦਾਈਂ ਦਿਖਾਵੇ-ਮਾਤਰ ਕੋਈ ਐਕਸ਼ਨ ਵੀ ਕੀਤਾ ਜਾਂਦਾ ਹੈ। ਲੋਕਾਂ ਦੇ ਦੁੱਖ-ਦਰਦਾਂ ਦੀ ਸਖੀ ਦੱਸਣ ਵਾਲੀ ਆਮ ਆਦਮੀ ਪਾਰਟੀ ਦਾ ਹੁਣ ਤੱਕ ਦਾ ਚਲਨ ਵੀ ਕੋਈ ਇਸ ਤੋਂ ਵੱਖਰਾ ਨਹੀਂ।
ਪੰਜਾਬ ਦੀ ਕਿਸਾਨੀ ਦੇ ਮੰਗਾਂ-ਮਸਲਿਆਂ ਤੇ ਸੰਘਰਸ਼ਾਂ ਨੂੰ ਹੀ ਲਓ। ਪੰਜਾਬ ਦੇ ਕਿਸਾਨ ਕਰਜ਼ੇ ਦੇ ਮਸਲੇ, ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਲਈ ਮੁਆਵਜ਼ੇ ਦੇ ਮਸਲੇ, ਨਰਮੇ ਦੀ ਤਬਾਹੀ ਦਾ ਮੁਆਵਜ਼ਾ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਆਦਿ ਮਸਲਿਆਂ ਤੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਮਸਲਿਆਂ ਦਾ ਕਦੇ-ਕਦਾਈਂ ਚਲੰਤ ਭਾਸ਼ਣਾ ਚ ਜ਼ਿਕਰ ਕਰਨ ਤੋਂ ਇਲਾਵਾ, ਇਹਨਾਂ ਤੇ ਕੋਈ ਲਾਮਬੰਦੀ ਜਾਂ ਐਜੀਟੇਸ਼ਨ ਕਰਨੀ ਤਾਂ ਦੂਰ ਦੀ ਗੱਲ, ਇਨ੍ਹਾਂ ਨੂੰ ਪੂਰੇ ਜ਼ੋਰ ਨਾਲ ਉਭਾਰਨ ਲਈ ਕਦੇ ਕੋਈ ਛੋਟਾ-ਮੋਟਾ ਰੋਸ-ਮੁਜ਼ਾਹਰਾ ਵੀ ਨਹੀਂ ਕੀਤਾ ਗਿਆ। ‘‘ਇਸ ਮਸਲੇ ਨੂੰ ਅਸੀਂ ਪਾਰਲੀਮੈਂਟ ਚ ਉਠਾਵਾਂਗੇ’’ ਦਾ ਲਾਰਾ ਲਾ ਕੇ ਆਪਣੇ ਆਪ ਨੂੰ ਸੁਰਖਰੂ ਹੋਇਆ ਸਮਝ ਲੈਂਦੇ ਹਨ। ਅਜਿਹੇ ਮਸਲਿਆਂ ਬਾਰੇ ਬਾਕੀ ਹੱਲ ਨੂੰ ਉਹ ਸਰਕਾਰ ਬਣਨ ਤੱਕ ਪਿੱਛੇ ਪਾ ਦਿੰਦੇ ਹਨ।
ਉੱਪਰ ਜਿਹਨਾਂ ਪੱਖਾਂ ਤੋਂ ਅਸੀਂ ਚਰਚਾ ਕੀਤੀ ਹੈ ਘੱਟੋ ਘੱਟ ਉਹਨਾਂ ਤੋਂ ਤਾਂ ਇਹੀ ਬਣਦਾ ਹੈ ਕਿ ਆਮ ਆਦਮੀ ਪਾਰਟੀ ਦਾ ਇਹਨਾਂ ਮਾਮਲਿਆਂ ਚ ਸਿਆਸੀ ਵਿਹਾਰ ਹੋਰਨਾਂ ਲੋਕ ਦੋਖੀ ਪਾਰਟੀਆਂ ਨਾਲੋਂ ਕੋਈ ਵੱਖਰਾ ਨਹੀਂ ਹੈ। ਜੇ ਵਿਹਾਰ ਵੱਖਰਾ ਨਹੀਂ ਤਾਂ ਫਿਰ ਕਿਰਦਾਰ ਵੀ ਜ਼ਿਆਦਾ ਵੱਖਰਾ ਨਹੀਂ ਹੋ ਸਕਦਾ। ਹਕੂਮਤੀ ਕੁਰਸੀ ਮਿਲਣ ਤੋਂ ਬਾਅਦ ਰੰਗ ਢੰਗ ਬਦਲਣ ਲੱਗਿਆਂ ਵੀ ਬਹੁਤੀ ਦੇਰ ਨਹੀਂ ਲੱਗਣੀ।
ਸਿਆਸੀ ਨੀਤੀਆਂ ਤੇ ਸਿਆਸੀ ਇਰਾਦੇ ਦੀ ਘਾਟ
ਕਰਜ਼ੇ, ਮਹਿੰਗਾਈ, ਬੇਰੁਜ਼ਗਾਰੀ, ਰਿਹਾਇਸ਼ ਜਿਹੇ ਅਹਿਮ ਲੋਕ-ਮਸਲਿਆਂ ਦੇ ਹੱਲ ਲਈ ਕਿਸੇ ਨੇਤਾ, ਪਾਰਟੀ ਜਾਂ ਸਰਕਾਰ ਦੀ ਇਮਾਨਦਾਰੀ ਕਾਫ਼ੀ ਨਹੀਂ ਹੁੰਦੀ। ਇਸ ਤੋਂ ਵੀ ਵੱਧ, ਇਹਨਾਂ ਸਮੱਸਿਆਵਾਂ ਦੇ ਹੱਲ ਲਈ ਢੁਕਵੀਆਂ ਤੇ ਲੋਕ-ਪੱਖੀ ਨੀਤੀਆਂ ਦੀ ਲੋੜ ਹੁੰਦੀ ਹੈ। ਮਜ਼ਬੂਤ ਸਿਆਸੀ ਨਿਹਚਾ ਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਦ੍ਰਿੜ ਇਰਾਦੇ ਦੀ ਲੋੜ ਹੁੰਦੀ ਹੈ। ਇਹਨਾਂ ਪੱਖਾਂ ਤੋਂ ਸਭਨਾਂ ਵੋਟ ਪਾਰਟੀਆਂ ਤੇ ਉਹਨਾਂ ਦੀਆਂ ਸਰਕਾਰਾਂ ਦੀ ਭਿਆਂ ਬੋਲ ਜਾਂਦੀ ਹੈ। ਆਓ ਇੱਕ ਠੋਸ ਮਸਲਾ ਲੈ ਕੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।
ਕਰਜ਼ੇ ਦੇ ਸ਼ਿਕੰਜੇ ਚ ਫਸੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਦੇ ਮਸਲੇ ਨੂੰ ਹੀ ਲਓ। ਕਿਸਾਨੀ ਕਰਜ਼ੇ ਦੇ ਮੁੱਖ ਕਾਰਣ ਹਨ ਉੱਚਾ ਜ਼ਮੀਨੀ ਲਗਾਨ ਜਾਂ ਠੇਕਾ, ਮਹਿੰਗੀਆਂ ਖੇਤੀ ਲਾਗਤ ਵਸਤਾਂ, ਅੰਨ੍ਹੀ ਸ਼ਾਹੂਕਾਰਾ ਲੁੱਟ, ਫ਼ਸਲਾਂ ਦੇ ਗੈਰ-ਲਾਹੇਵੰਦ ਭਾਅ, ਕੁਦਰਤੀ ਜਾਂ ਮਨੁੱਖੀ ਕਰੋਪੀ ਸਦਕਾ ਫ਼ਸਲਾਂ ਦੀ ਬਰਬਾਦੀ। ਆਪਣੇ ਕੋਲ ਗੁਜ਼ਾਰੇ ਜੋਗੀ ਜ਼ਮੀਨ ਨਾ ਹੋਣ ਕਾਰਣ ਬਹੁਤੇ ਕਿਸਾਨ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦੇ ਹਨ। ਇਹ ਜ਼ਮੀਨੀ ਠੇਕਾ ਹੀ ਅਕਸਰ ਕਿਸਾਨੀ ਉਪਜ ਦਾ ਅੱਧ ਤੋਂ ਦੋ ਤਿਹਾਈ ਭਾਗ ਨਿਚੋੜ ਕੇ ਲੈ ਜਾਂਦਾ ਹੈ। ਇਸਦਾ ਹੱਲ ‘‘ਜ਼ਮੀਨ ਹਲਵਾਹਕ ਦੀ’’ ਦੇ ਨਿਯਮ ਅਨੁਸਾਰ ਜ਼ਮੀਨ ਵੱਡੇ ਜਾਗੀਰਦਾਰਾਂ, ਵਿਹਲੜ ਭੋਇੰ ਮਾਲਕਾਂ ਤੇ ਹੋਰ ਗੈਰ-ਕਾਸ਼ਤਕਾਰਾਂ ਤੋਂ ਲੈ ਕੇ ਅਤੇ ਵਿਹਲੀਆਂ ਸਰਕਾਰੀ ਜ਼ਮੀਨਾਂ ਦੀ ਲੋੜਵੰਦ ਕਿਸਾਨਾਂ ਚ ਵੰਡ ਕਰਨਾ ਹੈ। ਅਜਿਹਾ ਕਰ ਸਕਣ ਲਈ ਵੱਡੇ ਵੱਡੇ ਜਿਮੀਂਦਾਰਾਂ, ਲੈਂਡ ਲਾਰਡਾਂ, ਜ਼ਮੀਨ ਮਾਫ਼ੀਏ, ਸਰਕਾਰੀ ਅਫ਼ਸਰਾਂ ਅਤੇ ਮੌਜੂਦਾ ਕਾਨੂੰਨ ਪ੍ਰਣਾਲੀ ਦਾ ਵਿਰੋਧ ਸਹੇੜਨਾ ਪਵੇਗਾ। ਖੇਤੀ ਲਾਗਤ ਵਸਤਾਂ ਰੇਹ, ਬੀਜ, ਤੇਲ, ਕੀੜੇਮਾਰ ਤੇ ਨਦੀਨ ਨਾਸ਼ਕ ਦਵਾਈਆਂ, ਮਸ਼ੀਨਰੀ ਤੇ ਖੇਤੀ ਸੰਦ, ਬਿਜਲੀ ਉਪਕਰਨ ਤੇ ਬਿਜਲੀ ਆਦਿ ਸਭ ਉੱਪਰ ਦੇਸੀ ਤੇ ਵਿਦੇਸ਼ੀ ਅਜਾਰੇਦਾਰ ਘਰਾਣਿਆਂ ਤੇ ਵੱਡੇ ਵਪਾਰੀਆਂ ਦਾ ਕਬਜ਼ਾ ਹੈ। ਉਹ ਮੂੰਹੋਂ ਮੰਗੀਆਂ ਕੀਮਤਾਂ ਵਸੂਲਦੇ ਹਨ। ਹਰ ਸਾਲ ਭਾਅ ਚੱਕੀ ਜਾਂਦੇ ਹਨ। ਕਿਸਾਨ ਇਹ ਵਸਤਾਂ ਇਨ੍ਹਾਂ ਤੋਂ ਹੀ ਖਰੀਦਣ ਲਈ ਮਜ਼ਬੂਰ ਹਨ। ਇਸ ਲੁੱਟ ਨੂੰ ਖ਼ਤਮ ਕਰਨ ਲਈ ਸਾਮਰਾਜੀ ਕੰਪਨੀਆਂ, ਦੇਸੀ ਅਜਾਰੇਦਾਰ ਘਰਾਣਿਆਂ ਤੇ ਵੱਡੇ ਵਪਾਰੀਆਂ ਨਾਲ ਮੱਥਾ ਲਾਉਣਾ ਪਊ। ਇਨ੍ਹਾਂ ਦੀਆਂ ਰਖਵਾਲ ਸਰਕਾਰਾਂ ਤੇ ਸਾਮਰਾਜੀ ਮੁਲਕਾਂ ਦੇ ਵਿਰੋਧ ਤੇ ਕਰੋਪੀ ਦਾ ਸਾਹਮਣਾ ਕਰਨਾ ਪਊ। ਫ਼ਸਲਾਂ ਦੇ ਲਾਹੇਵੰਦੇ ਭਾਅ ਯਕੀਨੀ ਬਣਾਉਣ ਲਈ ਲਾਗਤ ਖਰਚਿਆਂ ਦਾ ਠੋਸ ਮੁਲੰਕਣ ਕਰਕੇ ਤੇ ਵਾਜਬ ਮੁਨਾਫ਼ਾ ਜੋੜ ਕੇ ਫ਼ਸਲਾਂ ਦੇ ਘੱਟੋ ਘੱਟ ਭਾਅ ਮਿਥਣ ਤੇ ਇਨ੍ਹਾਂ ਦੀ ਖਰੀਦ ਦੀ ਗਰੰਟੀ ਕਰਦਾ ਨਿਯਮ-ਪ੍ਰਬੰਧ ਸਥਾਪਤ ਕਰਨਾ ਪਊ।
ਭਾਰਤ ਕੌਮਾਂਤਰੀ ਸਾਮਰਾਜੀ ਸੰਸਥਾ -ਵਿਸ਼ਵ ਵਪਾਰ ਜਥੇਬੰਦੀ- ਦਾ ਮੈਂਬਰ ਹੈ। ਇਸਦਾ ਹੁਕਮ ਹੈ - ਫ਼ਸਲਾਂ ਦੇ ਸਰਕਾਰੀ ਭਾਅ ਬੰਨ੍ਹਣ ਦੀ ਨੀਤੀ ਬੰਦ ਕੀਤੀ ਜਾਵੇ; ਫ਼ਸਲਾਂ ਦੀ ਸਰਕਾਰੀ ਖਰੀਦ ਬੰਦ ਕੀਤੀ ਜਾਵੇ; ਕਿਸਾਨੀ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਬੰਦ ਹੋਣ; ਬਾਹਰੋਂ ਆਉਂਦੀਆਂ ਖੇਤੀ ਵਸਤਾਂ ਤੇ ਉਪਜ ਤੋਂ ਰੋਕਾਂ ਚੁੱਕੀਆਂ ਜਾਣ; ਟੈਕਸ ਘਟਾਏ ਜਾਣ; ਪੇਟੈਂਟ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਆਦਿ ਆਦਿ। ਲੋਕ ਧਰੋਹੀ ਭਾਰਤੀ ਹਾਕਮ ਪਹਿਲਾਂ ਹੀ ਇਸ ਮਾਮਲੇ ਵਿੱਚ
ਆਪਣੇ ਹੱਥ ਵੱਢ ਕੇ ਦੇ ਚੁੱਕੇ ਹਨ। ਇਹਨਾਂ ਹੁਕਮਾਂ ਨੂੰ ਲਾਗੂ ਕਰਨ ਦੇ ਪਾਬੰਦ ਹਨ। ਲਾਗੂ ਕਰ ਵੀ ਰਹੇ ਹਨ। ਡਾਂਗਾਂ ਗੋਲੀਆਂ ਵਰ੍ਹਾ ਕੇ ਵੀ ਲਾਗੂ ਕਰਨ ਤੇ ਉਤਾਰੂ ਹਨ। ਇਹਨਾਂ ਹੁਕਮਾਂ ਦੇ ਲਾਗੂ ਹੋਣ ਦਾ ਅਰਥ ਕਿਸਾਨਾਂ ਦੇ ਗਲ਼ ਕਰਜ਼ੇ ਦੀ ਫਾਹੀ ਦੇ ਹੋਰ ਕਸੇ ਜਾਣ ਚ ਨਿੱਕਲ ਰਿਹਾ ਹੈ।
ਉਪਰੋਕਤ ਵਰਨਣ ਤੋਂ ਸਾਫ਼ ਹੈ ਕਿ ਜੇ ਕਿਸਾਨੀ ਖੁਦਕੁਸ਼ੀਆਂ ਨੂੰ ਰੋਕਣਾ ਹੈ ਤਾਂ ਜ਼ਮੀਨੀ ਮੁੜ-ਵੰਡ ਕਰਨ ਲਈ ਕਾਨੂੰਨ ਬਣਾਉਣੇ ਤੇ ਮੁੜ ਲਾਗੂ ਕਰਨੇ ਪੈਣਗੇ, ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਤੇ ਵੱਡੇ ਵਪਾਰੀਆਂ ਨਾਲ ਦੋ-ਹੱਥ ਕਰਨੇ ਪੈਣਗੇ। ਉਨ੍ਹਾਂ ਦੀ ਲੁੱਟ ਤੇ ਕੁੰਡਾ ਲਾਉਣਾ ਤੇ ਨਾਬਰੀ ਦੀ ਹਾਲਤ ਚ ਉਹਨਾਂ ਦੀ ਪੂੰਜੀ ਜਬਤ ਕਰਕੇ ਉਨ੍ਹਾਂ ਨੂੰ ਚਲਦੇ ਕਰਨਾ ਪਊ। ਸਾਮਰਾਜੀ ਸੰਸਥਾਵਾਂ ਦੇ ਕਿਸਾਨ ਮਾਰੂ ਫ਼ੁਰਮਾਨਾਂ ਨੂੰ ਮੰਨਣ ਤੋਂ ਨਾਬਰ ਹੋਣਾ ਪਊ।
‘‘ਸਾਡੀ ਹਕੂਮਤ ਆਉਣ ਤੋਂ ਬਾਅਦ ਕਰਜ਼ੇ ਮਾਰੇ ਕਿਸੇ ਕਿਸਾਨ ਨੂੰ ਖੁਦਕੁਸ਼ੀ ਨਹੀਂ ਕਰਨੀ ਪਊ’’ ਦੇ ਹੋਕਰੇ ਮਾਰਨ ਵਾਲੀ ਆਮ ਆਦਮੀ ਪਾਰਟੀ ਕੋਲ ਕੀ ਉੱਪਰ ਜ਼ਿਕਰ ਕੀਤੀਆਂ ਨੀਤੀਆਂ ਹਨ ਜਾਂ ਲਿਆਉਣ ਦੀ ਸਿਆਸੀ ਜੁਰੱਅਤ ਹੈ? ਕੀ ਇਹ ਲੀਡਰਸ਼ਿੱਪ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਦਾ ਇਰਾਦਾ ਤੇ ਦਮਖ਼ਮ ਰੱਖਦੀ ਹੈ? ਆਮ ਆਦਮੀ ਪਾਰਟੀ ਦੀਆਂ ਜੋ ਨੀਤੀਆਂ ਹੁਣ ਤੱਕ ਸਾਹਮਣੇ ਆਈਆਂ ਹਨ ਉਹਨਾਂ ਚੋਂ ਤਾਂ ਅਜਿਹੀ ਕੋਈ ਝਲਕ ਨਹੀਂ ਮਿਲਦੀ ਕਿ ਉਹ ਵੱਡੇ ਵੱਡੇ ਜਾਗੀਰਦਾਰਾਂ, ਸਾਮਰਾਜੀ ਸ਼ਾਹੂਕਾਰਾਂ, ਅਜਾਰੇਦਾਰ ਘਰਾਣਿਆਂ, ਸਾਮਰਾਜੀ ਸੰਸਥਾਵਾਂ ਨਾਲ ਭੇੜ ਚ ਆਉਣ ਵਾਲੀਆਂ ਹਨ। ਅਜੇ ਤੱਕ ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਜਮਾਤਾਂ ਦੇ ਹਿਤਾਂ ਦੇ ਚੌਖ਼ਟੇ ਤੋਂ ਬਾਹਰ ਜਾਣ ਦਾ ਕੋਈ ਨੀਤੀ ਸੰਕੇਤ ਸਾਹਮਣੇ ਨਹੀਂ ਆਇਆ। ਅਜਿਹੇ ਬਿਆਨ ਜ਼ਰੂਰ ਆਏ ਹਨ ਕਿ ਆਮ ਆਦਮੀ ਪਾਰਟੀ ਆਪਣੇ ਆਪ ਚ ਪੂੰਜੀਵਾਦ ਦੇ ਖਿਲਾਫ਼ ਨਹੀਂ ਹੈ ਸਿਰਫ਼ ਇਸਦੇ ਨਿੱਘਰੇ ਹੋਏ ਰੂਪਾਂ ਦੇ ਹੀ ਖਿਲਾਫ਼ ਹੈ। ਪੂੰਜੀਵਾਦ ਨੂੰ ਅਜਿਹੀਆਂ ਯਕੀਨਦਹਾਨੀਆਂ ਵੀ ਸਿਰਫ਼ ਛੋਟੇ ਪੂੰਜੀਪਤੀਆਂ ਲਈ ਰਾਖਵੀਆਂ ਨਹੀਂ ਹਨ। ਇਹ ਵੱਡੇ ਪੂੰਜੀਪਤੀਆਂ ਖਾਤਰ ਵੀ ਧਰਵਾਸ ਦਵਾਊ ਸੰਕੇਤ ਹਨ।
ਸੋ ਵੱਡੀਆਂ ਜੋਕਾਂ ਨਾਲ ਭੇੜ ਚ ਪੈਣ ਅਤੇ ਨਿਭਣ ਲਈ ਜੋ ਚਾਹੀਦਾ ਹੈ ਉਹ ਆਮ ਆਦਮੀ ਪਾਰਟੀ ਦੀ ਲੀਡਰਸ਼ਿੱਪ ਕੋਲ ਨਹੀਂ। ਇਸ ਲੀਡਰਸ਼ਿੱਪ ਦਾ ਸਿਆਸੀ ਚਰਿੱਤਰ ਅਜਿਹੇ ਭੇੜ ਦੀਆਂ ਲੋੜਾਂ ਨਾਲ ਮੇਲ਼ ਨਹੀਂ ਖਾਂਦਾ। ਸੋ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਨ ਤੇ ਲੋਕਾਂ ਦੇ ਦੁੱਖ-ਦਲਿੱਦਰ ਕੱਟ ਦੇਣ ਦੇ ਦਾਅਵੇ ਗੈਰ ਹਕੀਕੀ ਹਨ, ਮਹਿਜ਼ ਫੋਕੀਆਂ ਟਾਹਰਾਂ ਹਨ। ਮੌਜੂਦਾ ਸਿਆਸੀ ਢਾਂਚੇ ਚ ਰਹਿੰਦਿਆਂ ਤੇ ਇਸਨੂੰ ਕਾਇਮ ਰੱਖਦਿਆਂ, ਇਹ ਕਿਸੇ ਵੀ ਸ਼ਕਤੀ, ਕਿਸੇ ਵੀ ਪਾਰਟੀ ਦੇ ਵੱਸ ਦਾ ਰੋਗ ਨਹੀਂ।
ਰਹੀ ਗੱਲ ਇਮਾਨਦਾਰੀ ਦੀ, ਇਹ ਵੀ ਇੱਕ ਭਰਮ ਹੈ, ਆਰਜ਼ੀ ਵਰਤਾਰਾ ਹੈ। ਮੌਜੂਦਾ ਚੋਣ ਪ੍ਰਣਾਲੀ ਤੇ ਸਿਆਸੀ ਢਾਂਚਾ ਅਜਿਹਾ ਹੈ ਕਿ ਇਹ ਕਹਿੰਦੇ ਕਹਾਉਂਦਿਆਂ ਨੂੰ ਨਿਗਲਦਿਆਂ ਪਤਾ ਨਹੀਂ ਲੱਗਣ ਦਿੰਦਾ। ਉਹਨਾਂ ਨੂੰ ਆਪਣੇ ਮੁਤਾਬਕ ਢਾਲ ਦਿੰਦਾ ਹੈ। ਕਮਿਊਨਿਸਟ ਪਾਰਟੀਆਂ ਤੇ ਸਰਕਾਰਾਂ ਨਾਲ ਜੋ ਬੀਤੀ ਹੈ ਉਹ ਸਭ ਦੇ ਸਾਹਮਣੇ ਹੈ। ਉਨ੍ਹਾਂ ਕੋਲ ਕਿਸੇ ਸਮੇਂ ਇਨਕਲਾਬੀ ਸਿਆਸਤ ਸੀ, ਪ੍ਰੇਰਨਾ ਦੇ ਸੋਮੇ ਵਜੋਂ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਸੀ, ਇਮਾਨਦਾਰੀ ਸੀ, ਲੋਕ ਸੇਵਾ ਦੀ ਖਰੀ ਭਾਵਨਾ ਸੀ, ਕੁਰਬਾਨੀ ਦਾ ਇਤਿਹਾਸ ਤੇ ਜਜ਼ਬਾ ਸੀ ਤੇ ਹੋਰ ਕਈ ਕੁਝ ਸੀ। ਪਰ ਇਸ ਢਾਂਚੇ ਦੀ ਤਾਕਤ ਵੇਖੋ, ਇਸਨੇ ਉਨ੍ਹਾਂ ਤੋਂ ਇਹ ਸਭ ਕੁਝ ਖੋਹ ਲਿਆ ਤੇ ਉਹਨਾਂ ਨੂੰ ਆਪਣੇ ਅਨੁਸਾਰ ਢਾਲ ਲਿਆ। ਆਮ ਆਦਮੀ ਪਾਰਟੀ ਕੋਲ ਉੱਪਰ ਜ਼ਿਕਰ ਕੀਤੇ ਬਹੁਤੇ ਗੁਣਾਂ ਚੋਂ ਕੁਝ ਵੀ ਨਹੀਂ। ਫਿਰ ਇਸਦੇ ਇਮਾਨਦਾਰ ਬਣੇ ਰਹਿਣ ਦੀ ਕੀ ਗਾਰੰਟੀ ਹੈ, ਕੀ ਆਧਾਰ ਹੈ? ਸਰਕਾਰੀ ਐਸ਼ੋ ਇਸ਼ਰਤ ਵਾਲੀਆਂ ਸਹੂਲਤਾਂ ਲੈਣ ਦਾ ਵਿਰੋਧ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੇ ਇਨ੍ਹਾਂ ਦਾ ਸਵਾਦ ਚੱਖਣਾ ਆਰੰਭ ਕਰ ਲਿਆ ਹੈ। ਮੰਤਰੀਆਂ ਤੇ ਵਿਧਾਇਕਾਂ ਲਈ ਸਰਕਾਰੀ ਰੁਤਬਿਆਂ ਤੇ ਉੱਚੀਆਂ ਤਨਖਾਹਾਂ ਦੀ ਵਕਾਲਤ ਸ਼ੁਰੂ ਕਰ ਦਿੱਤੀ ਹੈ। ਖੁਦ ਆਪਣੀਆਂ ਤਨਖਾਹਾਂ ਚ ਕਈ ਗੁਣਾਂ ਵਾਧਾ ਕਰ ਲਿਆ ਹੈ। ਸਿਸਟਮ ਮੁਤਾਬਕ ਢਲਣ ਦਾ ਅਮਲ ਸ਼ੁਰੂ ਹੋ ਚੁੱਕਿਆ ਹੈ ਤੇ ਇਸਨੇ ਅੱਗੇ ਹੀ ਅੱਗੇ ਵਧਦੇ ਜਾਣਾ ਹੈ।

No comments:

Post a Comment