Wednesday, January 20, 2016

(18) ਮੋਹਾਲੀ ਵਿਖੇ ਤਿੰਨ ਰੋਜ਼ਾ ਅਧਿਆਪਕ ਧਰਨਾ



ਬਾਦਲ-ਹਕੂਮਤ ਦੇ ਧੱਕੜ ਵਿਹਾਰ ਖਿਲਾਫ਼ ਤਿੰਨ ਰੋਜ਼ਾ ਅਧਿਆਪਕ ਧਰਨਾ

5 ਸਤੰਬਰ ਨੂੰ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਬੈਨਰ ਹੇਠ ਬਠਿੰਡਾ ਵਿਖੇ ਹੋਏ ਵੱਡੇ ਇੱਕਠ ਦੇ ਦਬਾਅ ਨਾਲ 15 ਸਤੰਬਰ ਦੀ ਦਿੱਤੀ ਮੀਟਿੰਗ ਤੋਂ ਮੁੱਕਰ ਜਾਣ ਕਰਕੇ 28, 29 ਤੇ 30 ਦਸੰਬਰ ਨੂੰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਦਫ਼ਤਰ ਮੋਹਾਲੀ ਮੂਹਰੇ ਧਰਨੇ ਲਾਏ ਗਏ ਹਨ। ਇਹ ਧਰਨੇ ਅਧਿਆਪਕ ਮੰਗਾਂ-- ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਤਨਖਾਹ ਕਮਿਸ਼ਨ ਬਣਾਉਣ, ਮਹਿੰਗਾਈ ਭੱਤੇ ਦਾ ਬਕਾਇਆ ਲੈਣ, ਹਰ ਕਾਡਰ ਦੀਆਂ ਤਰੱਕੀਆਂ ਕਰਵਾਉਣ, ਵੱਡੇ ਅਫਸਰਾਂ ਵਾਂਗ 4-9-14 ਸਾਲਾ ਲਾਭ ਅਧਿਆਪਕਾਂ ਨੂੰ ਦਿਵਾਉਣ, ਪ੍ਰਿੰਸੀਪਲ ਦਲਜੀਤ ਸਿੰਘ ਭਗਤਾ ਸਮੇਤ ਸਾਰੇ ਵਿਕਟੇਮਾਈਜ਼ਡ ਅਧਿਆਪਕਾਂ ਨੂੰ ਨਿਆਂ ਦਿਵਾਉਣ ਅਤੇ ਸਾਂਝੇ ਮੋਰਚੇ ਦੇ ਪਹਿਲਾਂ ਦਿੱਤੇ ਮੰਗ-ਪੱਤਰਾਂ ਵਿਚ ਦਰਜ ਮੰਗਾਂ ਪੂਰੀਆਂ ਕਰਵਾਉਣ ਲਈ ਸਨ। ਹਰ ਬੁਲਾਰੇ ਵੱਲੋਂ, ਮੁੱਖ ਮੰਤਰੀ ਦੇ ਮੁੱਕਰਨ ਤੇ ਟਾਲੂ ਰਵਈਏ ਦੀ ਨਿੰਦਾ ਕੀਤੀ ਗਈ। ਵੱਖ ਵੱਖ ਕਾਰਨਾਂ ਕਰਕੇ ਇਹਨਾਂ ਧਰਨਿਆਂ ਚ ਅਧਿਆਪਕ-ਹਾਜ਼ਰੀ ਭਾਵੇਂ ਅਧਿਆਪਕ-ਗਿਣਤੀ ਅਨੁਸਾਰ ਕਾਫੀ ਘੱਟ ਸੀ ਪਰ ਤਾਂ ਵੀ ਹਰ ਰੋਜ਼ ਪੰਡਾਲ ਦੀ ਭਰਵੀਂ ਹਾਜ਼ਰੀ ਤੇ ਰੌਂਅ ਉਤਸ਼ਾਹਜਨਕ ਰਹਿੰਦਾ ਰਿਹਾ ਹੈ। ਇਉਂ ਸੰਘਰਸ਼ ਕਰਨ ਅਤੇ ਸਰਵਿਸ ਜਾਰੀ ਰੱਖਣ ਤੇ ਰੈਗੂਲਰ ਕਰਵਾਉਣ ਵਿਚਾਲੇ ਬਣਦੇ ਟਕਰਾਅ ਤੇ ਤਣਾਅ ਅਤੇ ਉੱਪਰੋਂ ਸਰਕਾਰ ਦੇ ਜਾਬਰ ਵਿਹਾਰ ਸਨਮੁੱਖ ਸੰਘਰਸ਼ ਦਾ ਜਾਰੀ ਰਹਿਣਾ ਅਧਿਆਪਕ ਲਹਿਰ ਅੰਦਰ ਖਾਸ ਕਰਕੇ ਨਵੇਂ ਭਰਤੀ, ਕੱਚੇ ਅਧਿਆਪਕਾਂ ਅੰਦਰ ਜੁਝਾਰ ਲੱਛਣਾਂ ਦਾ ਸੁਲੱਖਣਾ ਇਜ਼ਹਾਰ ਹੈ। ਇਹਨਾਂ ਧਰਨਿਆਂ ਦੌਰਾਨ, ਐਸ.ਐਸ.ਏ./ਰ ਮ ਸਾ ਅਧਿਆਪਕ ਜਥੇਬੰਦੀ ਦੇ 15-20 ਜ਼ੋਸ਼ੀਲੇ ਤੇ ਜੂਝਾਰੂ ਅਧਿਆਪਕ-ਗੁਫਲੇ ਦਾ ਰਾਤ ਨੂੰ ਉਥੇ ਹੀ ਡਟੇ ਰਹਿਣਾ, ਉਹਨਾਂ ਲਈ ਰੈਗੂਲਰ ਹੋਣ ਦੀ ਲੜਾਈ ਦੀ ਤਿੱਖੀ ਲੋੜ ਨੂੰ ਉਜਾਗਰ ਕਰਦਾ ਹੈ। ਹਾਜ਼ਰੀ ਵੀ ਇਹਨਾਂ ਅਧਿਆਪਕਾਂ ਦੀ ਹੀ ਵੱਧ ਰਹਿੰਦੀ ਰਹੀ ਹੈ।   
ਧਰਨਿਆਂ ਦੇ ਤੀਸਰੇ ਦਿਨ, ਡੀ.ਜੀ.ਐਸ.ਈ. ਦਾ ਤਿੰਨ ਘੰਟੇ ਦਫਤਰ ਘੇਰੀ ਰੱਖਣ ਉਪਰੰਤ, ਮੁੱਖ ਮੰਤਰੀ ਦੀ ਮੀਟਿੰਗ ਦਾ ਨਾ ਮਿਲਣਾ, ਬਾਦਲ-ਹਕੂਮਤ ਦਾ ਅਧਿਆਪਕਾਂ ਤੇ ਸਿੱਖਿਆ ਖੇਤਰ ਨੂੰ ਅਜੇ ਕੁਝ ਨਾ ਦੇਣ, ਉਲਟਾ ਸੰਘਰਸ਼ ਰੋਕਣ ਲਈ ਅਧਿਕਾਰੀਆਂ ਤੋਂ ਕਾਲੇ-ਪੱਤਰ ਜਾਰੀ ਕਰਵਾਉਣ ਅਤੇ ਖ਼ੁਦ ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ ਮੜ੍ਹਨ ਵਰਗੇ ਕਦਮਾਂ ਰਾਹੀਂ ਜਾਬਰ ਵਿਹਾਰ ਹੀ ਪ੍ਰਗਟ ਹੁੰਦਾ ਹੈ। ਅਧਿਆਪਕ ਸੰਗਠਨਾਂ ਦੀਆਂ ਮੰਗਾਂ ਤੇ ਦਲੀਲਾਂ ਮੂਹਰੇ ਲਾਜਵਾਬ ਹੋਣ ਕਰਕੇ ਟਾਲ਼ਾ ਵੱਟਣ ਨੂੰ ਹੀ ਤਰਜੀਹ ਹੈ। ਨਿੱਤ ਦਿਨ ਮੁੱਖ ਮੰਤਰੀ ਦੀਆਂ ਹੁੰਦੀਆਂ ਮੀਟਿੰਗਾਂ ਤੇ ਮੀਟਿੰਗਾਂ ਤੋਂ ਬਾਅਦ ਆਉਂਦੇ ਬਿਆਨਾਂ ਦਾ ਹਸ਼ਰ, ਖਿਆਲੀ ਸੁਪਨਿਆਂ ਵਰਗਾ ਹੀ ਹੁੰਦਾ ਹੈ।
ਇਹ ਗੱਲ ਇਤਿਹਾਸਕ ਤੌਰ ਤੇ ਸਿੱਧ ਹੋ ਚੁੱਕੀ ਹੈ ਕਿ ਜਥੇਬੰਦ, ਚੇਤਨਾ ਨਾਲ ਲੈਸ ਤੇ ਦ੍ਰਿੜ-ਖਾੜਕੂ ਘੋਲਾਂ ਦੇ ਰਾਹ ਪਈ ਹੋਈ ਅਧਿਆਪਕ-ਲਹਿਰ ਹੀ ਹਕੂਮਤ ਦੇ ਟਰਕਾਊ ਵਿਹਾਰ ਨੂੰ ਰੋਕਣ ਦਾ ਭਰੋਸੇਯੋਗ ਸਾਮਾ ਬਣਦੀ ਰਹੀ ਹੈ ਅਤੇ ਮੰਗਾਂ ਮੰਨਵਾ ਲੈਂਦੀ ਰਹੀ ਹੈ। ਧੁਰ ਹੇਠਾਂ ਤੱਕ ਅਧਿਆਪਕ ਏਕਤਾ ਤੇ ਜਥੇਬੰਦੀ ਦੀ ਉਸਾਰੀ ਨਾਲ ਹੀ ਸੰਘਰਸ਼ ਦੀ ਜਿੱਤ ਯਕੀਨੀ ਹੋਵੇਗੀ। 7 ਫਰਵਰੀ ਨੂੰ ਸੂਬਾਈ ਰੈਲੀ ਤੇ ਮੁਜ਼ਾਹਰਾ ਇਸ ਪਾਸੇ ਵੱਲ ਪੁੱਟਿਆ ਅਗਲਾ ਕਦਮ ਹੈ।
- ਮੁਲਾਜ਼ਮ ਮੁਹਾਜ਼ ਪੱਤਰਕਾਰ

No comments:

Post a Comment