Saturday, January 2, 2016

15) ਸੰਘ ਪਰਵਾਰ ਦਾ ਹੋਛਾ ਤੇ ਤੋਹਮਤਬਾਜ਼ ਪਲਟਵਾਰ



ਬੁਖਲਾਏ ਸੰਘ ਪਰਵਾਰ ਵੱਲੋਂ ਸਨਮਾਨ ਵਾਪਸ ਕਰ ਰਹੇ ਲੇਖਕਾਂ ਤੇ

ਹੋਛਾ ਤੇ ਤੁਹਮਤਬਾਜ਼ ਪਲਟਵਾਰ

- ਪਰਮਿੰਦਰ

ਮੋਦੀ ਸਰਕਾਰ ਦੇ ਕੇਂਦਰ ਵਿਚ ਸੱਤਾ ਸੰਭਾਲਣ ਤੋਂ ਬਾਅਦ ਹਿੰਦੂ ਮੂਲਵਾਦੀ ਸ਼ਕਤੀਆਂ ਦੀ ਹੋਰ ਵੀ ਚੜ੍ਹ ਮੱਚੀ ਹੈ। ਭਾਰਤੀ ਰਾਜ, ਸਮਾਜ ਤੇ ਸਭਿਆਚਾਰ ਦਾ ਭਗਵਾਂਕਰਨ ਕਰਨ ਲਈ ਉਹਨਾਂ ਵੱਲੋਂ ਸੰਘ ਪਰਿਵਾਰ ਦੀ ਛਤਰਛਾਇਆ ਹੇਠ ਵਿਰੋਧੀਆਂ ਨੂੰ ਧਮਕਾਉਣ, ਜ਼ੁਬਾਨਬੰਦੀ ਕਰਨ ਜਾਂ ਖਤਮ ਕਰਨ, ਰਾਜਸੀ, ਪ੍ਰਸ਼ਾਸਨਿਕ, ਵਿੱਦਿਅਕ, ਸਭਿਆਚਾਰਕ ਆਦਿ ਸਭਨਾਂ ਅਹਿਮ ਅਹੁਦਿਆਂ ਤੇ ਆਪਣਾ ਕਬਜਾ ਜਮਾਉਣ ਤੇ ਆਪਣੀ ਵਿਚਾਰਧਾਰਾ ਹੋਰਨਾ ਉੱਤੇ ਥੋਪਣ ਲਈ ਵਾਹੋਦਾਹ ਯਤਨ ਕੀਤੇ ਜਾ ਰਹੇ ਹਨ। ਪਿਛਲੇ ਸਮੇਂ ਚ ਨਾਮੀ ਤਰਕਸ਼ੀਲਾਂ ਤੇ ਬੁੱਧੀਜੀਵੀਆਂ ਦੀਆਂ ਕੀਤੀਆਂ ਹੱਤਿਆਵਾਂ, ਘੱਟ ਗਿਣਤੀਆਂ, ਦਲਿਤਾਂ ਉਪਰ ਹੋਏ ਘਾਤਕ ਹਮਲੇ ਅਤੇ ਅਹਿਮ ਅਦਾਰਿਆਂ ਚ ਸਭ ਨੀਤੀ ਨਿਯਮਾਂ ਨੂੰ ਛਿੱਕੇ ਟੰਗ ਕੇ ਸੰਘ ਲਾਣੇ ਨਾਲ ਸਬੰਧਤ ਹਿੱਸਿਆਂ ਦੀਆਂ ਕੀਤੀਆਂ ਥੋਕ ਨਿਯੁਕਤੀਆਂ ਸੰਘ ਪਰਿਵਾਰ ਦੀ ਸੋਚੀ ਸਮਝੀ ਵਿਉਂਤ ਦਾ ਹੀ ਹਿੱਸਾ ਹਨ। ਹਿੰਦੂ ਮੂਲਵਾਦੀ ਗਰੋਹਾਂ ਵੱਲੋਂ ਲੇਖਕਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਦੀ ਜ਼ੁਬਾਨਬੰਦੀ ਕਰਨ, ਵਿਰੋਧੀਆਂ ਦੇ ਕਤਲ ਕਰਨ, ਘੱਟ ਗਿਣਤੀਆਂ ਤੇ ਫਿਰਕੂ ਫਾਸ਼ੀ ਨਫਰਤੀ ਹਮਲੇ ਕਰਨ, ਆਪਣੀ ਵਿਚਾਰਧਾਰਾ ਤੇ ਰਹਿਣ-ਸਹਿਣ ਹੋਰਨਾਂ ਉੱਪਰ ਜਬਰੀ ਮੜ੍ਹਨ ਜਿਹੀਆਂ ਸੰਗੀਨ ਘਟਨਾਵਾਂ ਵਾਪਰਨ ਦੇ ਬਾਵਜੂਦ ਸਰਕਾਰ ਤੇ ਸਰਕਰਦਾ ਸਰਕਾਰੀ ਸੰਸਥਾਵਾਂ ਵੱਲੋਂ ਇਸ ਸਭ ਕਾਸੇ ਨੂੰ ਅਣਡਿੱਠ ਕਰਦਿਆਂ ਚੁੱਪ ਵੱਟੀ ਰੱਖਣ ਨੇ ਸਮਾਜ ਦੇ ਸੰਵੇਦਨਸ਼ੀਲ ਹਿੱਸਿਆਂ ਅੰਦਰ ਗੰਭੀਰ ਸੰਸਾ ਜਗਾਇਆ ਹੈ, ਉਹਨਾਂ ਨੂੰ ਆਪਣਾ ਰੋਸ ਪ੍ਰਗਟਾਵਾ ਕਰਨ ਲਈ ਮਜਬੂਰ ਕੀਤਾ ਹੈ। ਅਨੇਕਾਂ ਜਾਗਦੀ ਜ਼ਮੀਰ ਵਾਲੇ ਸਹਿਤਕਾਰਾਂ, ਕਲਾਕਾਰਾਂ, ਇਤਹਾਸਕਾਰਾਂ ਤੇ ਸਮਾਜ ਦੇ ਹੋਰਨਾਂ ਸੰਵੇਦਨਸ਼ੀਲ ਹਿੱਸਿਆਂ ਨੇ ਸਰਕਾਰ ਦੇ ਇਸ ਬੇਰੁਖੀ ਭਰੇ ਤੇ ਨਕਾਰੀ ਰਵੱਈਏ ਦੇ ਮੱਦੇਨਜ਼ਰ, ਆਪਣੇ ਸਨਮਾਨ ਵਾਪਸ ਕਰਕੇ ਇੱਕ ਜ਼ਬਰਦਸਤ ਰੋਸਲਹਿਰ ਨੂੰ ਜਨਮ ਦਿੱਤਾ ਹੈ। ਅਸਹਿਣਸ਼ੀਲਤਾ ਵਿਰੁੱਧ ਉੱਠੀ ਇਸ ਰੋਸ-ਲਹਿਰ ਦੀ ਕੌਮੀ ਤੇ ਕੌਮਾਂਤਰੀ ਪੱਧਰ ਤੇ ਚਰਚਾ ਹੋਈ ਹੈ।
ਸਨਮਾਨ ਵਾਪਸ ਕਰ ਰਹੇ ਇਹਨਾਂ ਸੰਵੇਦਨਸ਼ੀਲ ਹਿੱਸਿਆਂ ਦੀ ਹਲੀਮੀ ਨਾਲ ਗੱਲ ਸੁਣਨ, ਉਹਨਾਂ ਦੇ ਸੰਸੇ-ਤੌਖਲੇ ਦੂਰ ਕਰਨ ਤੇ ਉਹਨਾਂ ਨੂੰ ਸ਼ਾਂਤ ਕਰਨ ਦੀ ਥਾਂ ਸਰਕਾਰ ਨੇ ਇਸ ਨੂੰ ਆਪਣੇ ਝੂਠੇ ਵਕਾਰ ਦਾ ਸੁਆਲ ਬਣਾ ਲਿਆ। ਲੇਖਕਾਂ ਦੇ ਇਸ ਰੋਸ ਨੂੰ ਹਕਾਰਤ ਨਾਲ ਠੁਕਰਾਉਂਦਿਆਂ, ਉਹਨਾਂ ਨਾਲ ਗੱਲ ਕਰਨ ਤੋਂ ਕੋਰੀ ਨਾਂਹ ਕਰਦਿਆਂ ਹੈਂਕੜਬਾਜ ਹਾਕਮਾਂ ਅਤੇ ਸਰਕਰਦਾ ਸੰਘੀ ਆਗੂਆਂ ਨੇ ਲੇਖਕਾਂ ਤੇ ਬਹੁਤ ਹੀ ਹੋਛਾ ਅਤੇ ਤੁਹਮਤਬਾਜ ਮੋੜਵਾਂ ਹੱਲਾ ਬੋਲ ਦਿੱਤਾ। ਸਰਕਾਰ ਦੀ ਇਹ ਹੰਕਾਰੀ ਤੇ ਤੁਅੱਸਬੀ ਦੂਸ਼ਣਬਾਜ ਪਹੁੰਚ ਲੇਖਕਾਂ ਵੱਲੋਂ ਅਸਹਿਣਸ਼ੀਲਤਾ ਦੇ ਲਾਏ ਦੋਸ਼ਾਂ ਦਾ ਪ੍ਰਮਾਣ ਪੱਤਰ ਹੋ ਨਿੱਬੜੀ ਹੈ। ਆਓ ਹੁਣ ਦੇਖੀਏ ਕਿ ਸਰਕਾਰ ਦੇ ਮੋੜਵੇਂ ਹੱਲੇ ਚ ਲਾਈਆਂ ਤੁਹਮਤਾਂ ਤੇ ਉਠਾਏ ਨੁਕਤਿਆਂ ਚ ਕਿੰਨਾ ਕੁ ਦਮ ਹੈ।
ਸਰਕਾਰ ਦੀ ਤਰਫੋਂ ਇਨਾਮ ਵਾਪਸੀ ਦੇ ਵਿਰੋਧ ਚ ਸਭ ਤੋਂ ਚੜ੍ਹ ਕੇ ਕਬੱਡੀ ਪਾਉਣ ਵਾਲਿਆਂ ਚੋਂ ਪ੍ਰਮੁੱਖ ਧਾਵਕ ਵਿੱਤ ਮੰਤਰੀ ਤੇ ਚੋਟੀ ਭਾਜਪਾ ਆਗੂ ਸ਼੍ਰੀ ਅਰੁਣ ਜੇਤਲੀ ਜੀ ਸਨ। ਉਹਨਾਂ ਨੇ ਇਨਾਮ ਵਾਪਸੀ ਕਰਦੇ ਲੇਖਕਾਂ ਉਤੇ ਵਰ੍ਹਦਿਆਂ ਉਹਨਾਂ ਦੇ ਵਿਰੋਧ ਨੂੰ ‘‘ਘੜੇ ਹੋਏ ਵਿਦਰੋਹ’’ ਦਾ ਨਾਂਅ ਦਿੱਤਾ, ਇਸ ਨੂੰ ਸਿਆਸੀ ਹਿੱਤਾਂ ਤੋਂ ਪ੍ਰੇਰਤ ਦੱਸਿਆ ਅਤੇ ਉਹਨਾਂ ਤੇ ਗੈਰ-ਭਾਜਪਾ ਸਰਕਾਰਾਂ ਵਾਲੇ ਰਾਜਾਂ ਚ ਹੋਈਆਂ ਘਟਨਾਵਾਂ ਦੀ ਜੁੰਮੇਵਾਰੀ ਖਾਹ-ਮ-ਖਾਹ ਭਾਜਪਾ ਸਿਰ ਮੜ੍ਹਨ ਦਾ ਦੋਸ਼ ਲਾਇਆ । ਉਹਨਾਂ ਨੇ ਹੋਰ ਵੀ ਕਾਫ਼ੀ ਇਲਜਾਮਬਾਜ਼ੀ ਕੀਤੀ।
ਜਦੋਂ ਸ੍ਰੀ ਜੇਤਲੀ ਜੀ ਸਨਮਾਨ ਵਾਪਸੀ ਦੇ ਵਰਤਾਰੇ ਨੂੰ ‘‘ਘੜਿਆ ਹੋਇਆ ਵਿਦਰੋਹ’’ ਦਸਦੇ ਹਨ ਤਾਂ ਇਸ ਤੋਂ ਉਹਨਾਂ ਦੀ ਇਹੋ ਮੁਰਾਦ ਹੋਵੇਗੀ ਕਿ ਇਸ ਵਿਰੋਧ ਕਰਨ ਦਾ ਕੋਈ ਹਕੀਕੀ ਤੇ ਵਾਜਬ ਆਧਾਰ ਨਹੀਂ, ਖਾਹ-ਮ-ਖਾਹ ਵਿਰੋਧ ਕਰਨ ਦੀ ਖਾਤਰ ਹੀ ਵਿਰੋਧ ਕੀਤਾ ਜਾ ਰਿਹਾ ਹੈ। ਕੀ ਸ੍ਰੀ ਜੇਤਲੀ ਜੀ ਦੱਸਣਗੇ ਕਿ ਉਹ ਨਾਮਵਰ ਤਰਕਸ਼ੀਲ ਆਗੂਆਂ - ਸ੍ਰੀ ਨਰਿੰਦਰ ਦਬੋਲਕਰ, ਗੋਬਿੰਦ ਪਨਸਾਰੇ ਤੇ ਪ੍ਰੋ.ਕੁਲਬਰਗੀ - ਦੇ ਸਾਜਸ਼ੀ ਕਤਲਾਂ ਨੂੰ ਨਿੰਦਣਯੋਗ ਘਟਨਾਵਾਂ ਅਤੇ ਹਕੀਕੀ ਤੇ ਵਾਜਬ ਆਧਾਰ ਨਹੀਂ ਮੰਨਦੇ? ਤਾਮਿਲ ਦਲਿਤ ਲੇਖਕ ਪੇਰੂਮਲ ਮੁਰੂਗੁਨ ਵੱਲੋਂ ਆਪਣੇ ਨੂੰ ਮਰ ਗਿਆ ਐਲਾਨ ਕੇ ਹਿੰਦੂ ਜਨੂੰਨੀ ਗਰੋਹਾਂ ਤੋਂ ਖਹਿੜਾ ਛੁਡਾਉਣ ਤੇ ਜਾਨ-ਬਖਸ਼ੀ ਲਈ ਆਪਣਾ ਸ਼ਹਿਰ ਛੱਡ ਕੇ ਜਾਣ ਲਈ ਮਜਬੂਰ ਹੋਣ ਦੀ ਸ਼ਰਮਨਾਕ ਘਟਨਾ, ਦਾਦਰੀ ਚ ਗਊ ਮਾਸ ਖਾਣ ਦਾ ਝੂਠਾ ਇਲਜ਼ਾਮ ਲਾ ਕੇ ਹਿੰਦੂ ਜਨੂੰਨੀ ਭੀੜ ਵੱਲੋਂ ਮੁਹੰਮਦ ਅਖਲਾਕ ਨੂੰ ਕੁੱਟ ਕੁੱਟ ਕੇ ਮਰਨ ਤੇ ਉਸਦੇ ਲੜਕੇ ਨੂੰ ਅਧ-ਮੋਇਆ ਕਰਕੇ ਸੁੱਟਣ ਦੀ ਲੂੰ-ਕੰਡੇ ਖੜ੍ਹੇ ਕਰਨ ਵਾਲੀ ਘਟਨਾ, ਹਿੰਦੂ ਸ਼ਾਵਨਵਾਦੀ ਅਨਸਰਾਂ ਵੱਲੋਂ ਗੁਲਾਮ ਅਲੀ ਦੇ ਪ੍ਰੋਗਰਾਮ ਤੇ ਪਾਕਿਸਤਾਨ ਨਾਲ ਕ੍ਰਿਕਟ ਮੈਚ ਨਾ ਹੋਣ ਦੇਣਾ, ਸਾਬਕਾ ਪਕਿਸਤਾਨੀ ਡਿਪਲੋਮੈਟ ਦੀ ਕਿਤਾਬ ਜਾਰੀ ਕਰਨ ਦੇ ਜੁਰਮ ਚ ਸੁਧੀਂਦਰ ਕੁਲਕਰਨੀ ਦੇ ਮੂੰਹ ਤੇ ਕਾਲਖ ਮਲਣੀ, ਜੰਮੂ ਕਸ਼ਮੀਰ ਚ ਗਾਂ-ਮਾਸ ਦੇ ਮਸਲੇ ਤੇ ਆਜ਼ਾਦ ਵਿਧਾਇਕ ਰਸ਼ੀਦ ਦੀ ਭਾਜਪਾ ਵਿਧਾਇਕਾਂ ਵੱਲੋਂ ਕੁੱਟਮਾਰ ਤੇ ਇੱਕ ਟਰੱਕ ਚਾਲਕ ਨੂੰ ਜ਼ਿੰਦਾ ਸਾੜਨ ਦੀਆਂ ਘਟਨਾਵਾਂ-ਕੀ ਇਹ ਤੇ ਇਹੋ ਜਿਹੀਆਂ ਅਨੇਕਾਂ ਹੋਰ ਸ਼ਰਮਨਾਕ ਘਟਨਾਵਾਂ ਤੇ ਸਰਕਾਰ ਵੱਲੋਂ ਧਾਰੀ ਖਾਮੋਸ਼ੀ ਰੋਸ ਜ਼ਾਹਰ ਕਰਨ ਦਾ ਹਕੀਕੀ ਤੇ ਵਾਜਬ ਆਧਾਰ ਨਹੀਂ ਬਣਦੇ? ਫਿਰ ਇਹ ‘‘ਘੜਿਆ ਹੋਇਆ ਵਿਦਰੋਹ’’ ਕਿਵੇਂ ਬਣਿਆ? ਸ੍ਰੀਮਾਨ ਜੇਤਲੀ ਜੀ, ਲੇਖਕਾਂ ਵੱਲੋਂ ਸਨਮਾਨ ਵਾਪਸੀ ਦਾ ਨਿੱਗਰ ਤੇ ਵਾਜਬ ਆਧਾਰ ਹੋਣ ਕਰਕੇ ਇਹ ਵਿਰੋਧ ਲਹਿਰ ਘੜੀ ਹੋਈ ਨਹੀਂ ਸੀ ਸਗੋਂ ਤੁਹਾਡੇ ਵੱਲੋਂ ਸਰਕਾਰ ਦਾ ਕੀਤਾ ਜਾ ਰਿਹਾ ਆ੍ਯਧਾਰ ਹੀਣ ਬਚਾਅ ਜਰੂਰ ਘੜਿਆ ਹੋਇਆ ਸੀ।
ਜੇਤਲੀ ਹੁਰਾਂ ਦਾ ਕਹਿਣਾ ਹੈ ਕਿ ਜਿੰਨਾਂ ਰਾਜਾਂ ਚ ਹਿੰਸਕ ਘਟਨਾਵਾਂ ਵਾਪਰੀਆਂ ਹਨ, ਉਥੇ ਗੈਰ-ਭਾਜਪਾ ਸਰਕਾਰਾਂ ਹੋਣ ਕਰਕੇ ਉਨਾਂ ਲਈ ਭਾਜਪਾ ਜਾਂ ਕੇਂਦਰ ਸਰਕਾਰ ਦੀ ਜੁੰਮੇਵਾਰੀ ਨਹੀਂ ਬਣਦੀ। ਇਹ ਠੀਕ ਹੈ ਕਿ ਜਿੰਨ੍ਹਾਂ ਰਾਜ ਸਰਕਾਰਾਂ ਹੇਠ ਇਹ ਸ਼ਰਮਨਾਕ ਘਟਨਾਵਾਂ ਵਾਪਰੀਆਂ ਹਨ, ਉਹ ਸਰਕਾਰਾਂ ਇਹਨਾਂ ਨੂੰ ਰੋਕਣ, ਮੁਜ਼ਰਮਾਂ ਨੂੰ ਤੁਰੰਤ ਫੜਨ ਤੇ ਦੰਡਤ ਕਰਨ ਚ ਅਸਫਲ ਰਹਿਣ ਕਰਕੇ ਨਿਸ਼ਚਿਤ ਤੌਰ ਤੇ ਹੀ ਦੋਸ਼ੀ ਬਣਦੀਆਂ ਹਨ। ਪਰ ਮੋਦੀ ਸਰਕਾਰ ਸਾਰੀ ਜੁੰਮੇਵਾਰੀ ਰਾਜ ਸਰਕਾਰਾਂ ਉੱਪਰ ਤਿਲਕਾ ਕੇ ਆਪ ਸੁਰਖਰੂ ਨਹੀਂ ਹੋ ਸਕਦੀ। ਇਹ ਫਿਰਕੂ ਨਫ਼ਰਤ ਭੜਕਾਉਣ ਨਾਲ ਸਬੰਧਤ ਸੰਗੀਨ ਵਾਰਦਾਤਾਂ ਸਨ ਜਿਨ੍ਹਾਂ ਨੂੰ ਰੋਕਣਾ ਕੇਂਦਰ ਸਰਕਾਰ ਦੀ ਵੀ ਓਨੀ ਹੀ ਜੁੰਮੇਵਾਰੀ ਬਣਦੀ ਹੈ। ਜੰਮੂ ਕਸ਼ਮੀਰ ਤੇ ਮਹਾਂਰਾਸ਼ਟਰ ਚ ਤਾਂ ਭਾਜਪਾ ਦੀਆਂ ਸਰਕਾਰਾਂ ਹਨ ਜਿੱਥੇ ਬਹੁਤ ਹੀ ਸੰਗੀਨ ਧਾਰਮਕ ਤੇ ਸ਼ਾਵਨਵਾਦੀ ਨਫਰਤ ਫੈਲਾਉਣ ਦੀਆਂ ਬਹੁਤ ਹੀ ਗੰਭੀਰ ਘਟਨਾਵਾਂ ਵਾਪਰੀਆਂ ਹਨ। ਪਰ ਇਹਨਾਂ ਸਭਨਾਂ ਤੋਂ ਕਿਤੇ ਗੰਭੀਰ ਗੱਲ ਇਹ ਹੈ ਕਿ ਇਹ ਸ਼ਰਮਨਾਕ ਵਾਰਦਾਤਾਂ ਕਿਸੇ ਵੀ ਰਾਜ ਵਿਚ ਵਾਪਰੀਆਂ ਹੋਣ, ਇਹਨਾਂ ਸਭਨਾਂ ਚ ਹਿੰਦੂ ਮੂਲਵਾਦੀ ਸ਼ਕਤੀਆਂ ਦਾ ਹੱਥ ਰਿਹਾ ਹੈ। ਇਹਨਾਂ ਕਾਲੀਆਂ ਨਫ਼ਰਤ-ਭੜਕਾਊ ਸ਼ਕਤੀਆਂ ਨੂੰ ਸੰਘ ਪਰਿਵਾਰ ਦਾ ਥਾਪੜਾ ਤੇ ਸ਼ਹਿ ਹੈ। ਕੇਂਦਰ ਤੇ ਰਾਜਾਂ ਦੀਆਂ ਭਾਜਪਾਈ ਸਰਕਾਰਾਂ ਵੱਲੋਂ ਇਹਨਾਂ ਨੂੰ ਗੁੱਝੀ ਜਾਂ ਜਾਹਰਾ ਹਮਾਇਤ ਦਿੱਤੀ ਜਾ ਰਹੀ ਹੈ। ਇਹਦੀ ਵਜ੍ਹਾ ਹੈ ਕਿ ਹਰ ਛੋਟੀ ਵੱਡੀ ਘਟਨਾ ਤੇ ਝੱਟ ਟਵੀਟ ਕਰਨ ਤੇ ‘‘ਮਨ ਕੀ ਬਾਤ’’ ਦਾ ਸ਼ੌਕੀਨ ਪ੍ਰਧਾਨ ਮੰਤਰੀ ਮੋਦੀ ਇੰਨੀਆਂ ਗੰਭੀਰ ਘਟਨਾਵਾਂ ਵਾਪਰਨ, ਇਨ੍ਹਾਂ ਬਾਰੇ ਰੌਲਾ ਰੱਪਾ ਪੈਣ ਅਤੇ ਅਨੇਕ ਹਲਕਿਆਂ ਵੱਲੋਂ ਪ੍ਰਧਾਨ ਮੰਤਰੀ ਤੋਂ ਕੁੱਝ ਬੋਲਣ ਸਰੀਹਣ ਦੀ ਮੰਗ ਕਰਨ ਦੇ ਬਾਵਜੂਦ, ਮੋਦੀ ਮੀਸਣਾ ਬਣਿਆ ਮੂੰਹ ਸਿਉਂ ਕੇ ਬੈਠਾ ਰਿਹਾ ਹੈ। ਉਧਰ ਫਿਰਕੂ ਨਫਰਤ ਦੇ ਵਣਜਾਰੇ ਤੇ ਭੌਂਕੜ ਭਾਜਪਾਈ ਆਗੂ ਕੇਂਦਰੀ ਮੰਤਰੀ ਮਹੇਸ਼ ਸ਼ਰਮਾ, ਐਮ.ਪੀ. ਗਿਰੀ ਰਾਜ ਕਿਸ਼ੋਰ, ਸਾਕਸ਼ੀ ਮਹਾਰਾਜ, ਸਾਧਵੀ ਪ੍ਰਾਚੀ ਆਦਿ ਹਰ ਹੱਥ ਲੱਗੇ ਮੌਕੇ ਫਿਰਕੂ ਜ਼ਹਿਰ ਦੇ ਛੱਟੇ ਦੇ ਰਹੇ ਸਨ। ਇਹ ਭੱਦਰ ਪੁਰਸ਼ਦਾਦਰੀ ਦੇ ਮੁਹੰਮਦ ਅਖਲਾਕ ਦੇ ਜਾਲਮਾਨਾ ਕਤਲ ਨੂੰ ਸ਼ਰੇਆਮ ਇਹ ਕਹਿ ਕੇ ਵਾਜਬ ਠਹਿਰਾ ਰਹੇ ਸਨ ਕਿ ਗਊ ਮਾਸ ਖਾਣ ਵਾਲਿਆਂ ਨਾਲ ਅਜਿਹਾ ਵਾਪਰੇਗਾ ਹੀ। ਨਾਲ ਹੀ ਪੁਲਿਸ ਨੂੰ ਇਸ ਕੇਸ ਚ ਹਿੰਦੂਆਂ ਨੂੰ ਉਲਝਾਉਣ ਤੋਂ ਬਾਜ ਆਉਣ ਦੀਆਂ ਧਮਕੀਆਂ ਦੇ ਰਹੇ ਸਨ। ਹਰਿਆਣੇ ਦਾ ਭਾਜਪਾਈ ਮੁੱਖ ਮੰਤਰੀ ਸ਼ਰੇਆਮ ਧਮਕੀਆਂ ਦੇ ਰਿਹਾ ਹੈ ਕਿ ਜੇ ਮੁਸਲਮਾਨਾਂ ਨੇ ਭਾਰਤ ਚ ਰਹਿਣਾ ਹੈ ਤਾਂ ਗਊ ਮਾਸ ਖਾਣਾ ਛੱਡਣਾ ਪਵੇਗਾ। ਏਨੇ ਸਭ ਦੇ ਬਾਵਜੂਦ ਜੇ ਮਚਲੇ ਬਣੇ ਜੇਤਲੀ ਜੀ ਨੂੰ ਇਹ ਲੱਗਦਾ ਹੈ ਕਿ ਭਾਜਪਾ ਜਾਂ ਉਹਦੀ ਸਰਕਾਰ ਦਾ ਇਸ ਸਭ ਕਾਸੇ ਨਾਲ ਕੁੱਝ ਲੈਣਾ ਦੇਣਾ ਨਹੀਂ ਤਾਂ ਇਸ ਤੋਂ ਇਹੀ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਅਸਲ ਚ ਜੇਤਲੀ ਜੀ ਤੇ ਉਹਨਾਂ ਦੀ ਪਾਰਟੀ ਤੇ ਸਰਕਾਰ ਦਾ ਤਰਕ ਅਤੇ ਸੱਚਾਈ ਨਾਲ ਕੋਈ ਲਾਗਾ ਦੇਗਾ ਨਹੀਂ।
ਜੇਤਲੀ ਜੀ ਦਾ ਇੱਕ ਹੋਰ ਇਲਜ਼ਾਮ ਇਹ ਹੈ ਕਿ ਸਨਮਾਨ ਵਾਪਸ ਕਰਨ ਵਾਲੇ ਬਹੁਤੇ ਲੇਖਕ ਜਾਂ ਕਲਾਕਾਰ ਕਾਂਗਰਸ ਜਾਂ ਖੱਬੇ-ਪੱਖੀ ਪਾਰਟੀਆਂ ਦੇ ਹਮੈਤੀ ਹਨ ਜਿਹਨਾਂ ਨੂੰ ਭਾਜਪਾ ਨਾਲ ਵਿਚਾਰਧਾਰਕ ਚਿੜ ਹੈ। ਇਸੇ ਕਰਕੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਸਿਆਸਤ ਤੋਂ ਪ੍ਰੇਰਤ ਹੈ। ਇਸਦੇ ਸਬੂਤ ਵਜੋਂ ਉਹ ਕਹਿੰਦੇ ਹਨ ਕਿ ਜਦ ਦਿੱਲੀ ਚ ਸਿੱਖ ਵਿਰੋਧੀ ਦੰਗੇ ਹੋਏ ਸਨ ਤਾਂ ਉਹਨਾਂ ਨੇ ਅਜਿਹਾ ਵਿਰੋਧ ਕਿਉਂ ਨਹੀਂ ਕੀਤਾ?
ਜੇਤਲੀ ਜੀ ਦੇ ਇਸ ਇਲਜ਼ਾਮ ਦਾ ਤੁਅੱਸਬ ਤੋਂ ਬਿਨਾਂ ਤੱਥਾਂ ਦੀ ਪੱਧਰ ਤੇ ਕੀ ਆਧਾਰ ਹੈ ਕਿ ਇਨਾਮ ਵਾਪਸ ਕਰਨ ਵਾਲੇ ਲੇਖਕ ਕਾਂਗਰਸ ਜਾਂ ਖੱਬੇ-ਪੱਖੀਆਂ ਦੇ ਹਮਾਇਤੀ ਹਨ। ਜੇਤਲੀ ਜੀ ਪਾਸ ਸ਼ਾਇਦ ਜਾਰਜ ਬੁਸ਼ ਤੋਂ ਸਿਖਿਆ ਸਿੱਧਾ ਫਾਰਮੂਲਾ ਹੈ -ਜੇ ਤੁਸੀਂ ਭਾਜਪਾ ਨਾਲ ਨਹੀਂ ਤਾਂ ਫਿਰ ਕਾਂਗਰਸ ਜਾਂ ਖੱਬੀਆਂ ਪਾਰਟੀਆਂ ਨਾਲ ਹੋ। ਉਂਝ ਜੇ ਇਹ ਗੱਲ ਮੰਨ ਵੀ ਲਈ ਜਾਵੇ ਤਾਂ ਫਿਰ ਜੇਤਲੀ ਜੀ ਨੂੰ ਕੀ ਇਤਰਾਜ਼ ਹੈ। ਕੀ ਕਾਂਗਰਸ ਜਾਂ ਖੱਬੀਆਂ ਪਾਰਟੀਆਂ ਦੇ ਹਮਾਇਤੀ ਕਿਸੇ ਲੇਖਕ ਨੂੰ ਭਾਜਪਾ ਸਰਕਾਰ ਦੀ ਕਿਸੇ ਗੱਲ ਤੇ ਕਿੰਤੂ-ਪ੍ਰੰਤੂ ਕਰਨ ਦਾ ਹੱਕ ਨਹੀਂ ਜਾਂ ਇਹ ਕਿੰਤੂ-ਪ੍ਰੰਤੂ ਹਰ ਹਾਲਤ ਨਾਵਾਜਬ ਹੋਵੇਗਾ। ਜਿੱਥੋਂ ਤੱਕ ਵਿਚਾਰਧਾਰਕ ਚਿੜ ਤੇ ਸਿਆਸਤ ਤੋਂ ਪ੍ਰੇਰਤ ਹੋਣ ਦੀ ਗੱਲ ਹੈ, ਜੇਤਲੀ ਸਾਹਿਬ, ਜਮਾਤੀ ਸਮਾਜ ਚ ਹਰ ਗੱਲ ਕਿਸੇ ਨਾ ਕਿਸੇ ਵਿਚਾਰਧਾਰਾ ਤੇ ਸਿਆਸਤ ਤੋਂ ਪ੍ਰੇਰਤ ਹੁੰਦੀ ਹੀ ਹੈ। ਨਿਸ਼ਚਿਤ ਤੌਰ ਤੇ ਹਰ ਲੇਖਕ ਦੀ ਲੇਖਣੀ ਪਿੱਛੇ ਕਿਸੇ ਗੁੱਝੀ ਜਾਂ ਜਾਹਰਾ ਵਿਚਾਰਧਾਰਾ ਤੇ ਜਮਾਤੀ ਸਿਆਸਤ ਦੀ ਪਰੇਰਨਾ ਹੁੰਦੀ ਹੈ। ਇਹ ਗੱਲ ਸੰਘ ਪਰਵਾਰ ਸਮੇਤ ਹਰ ਸਮਾਜੀ-ਸਿਆਸੀ ਸ਼ਕਤੀ ਤੇ ਢੁੱਕਦੀ ਹੈ। ਬੁੱਧੀਜੀਵੀਆਂ ਤੇ ਅਖਲਾਕ ਵਰਗਿਆਂ ਨੂੰ ਕਤਲ ਕਰਨ ਵਾਲਿਆਂ ਦੇ ਪਿੱਛੇ ਵੀ ਕਿਸੇ ਵਿਚਾਰਧਾਰਾ ਤੇ ਸਿਆਸੀ ਪ੍ਰੇਰਨਾ ਦਾ ਹੀ ਹੱਥ ਹੈ ਤੇ ਇਹਨਾਂ ਕਤਲਾਂ ਦਾ ਵਿਰੋਧ ਕਰਨ ਵਾਲਿਆਂ ਦੇ ਪਿੱਛੇ ਵੀ ਕੋਈ ਅੰਤਰੀਵ ਸਿਆਸੀ ਤੇ ਵਿਚਾਰਧਾਰਕ ਪ੍ਰੇਰਣਾ ਜ਼ਰੂਰ ਰਹੀ ਹੋਵੇਗੀ। ਇਸ ਨੂੰ ਕਿਸੇ ਪਾਰਟੀ ਵਿਸ਼ੇਸ਼ ਦੇ ਸਮਰਥਨ ਜਾਂ ਵਿਰੋਧ ਦੇ ਸੌੜੇ ਅਰਥਾਂ ਚ ਨਹੀਂ ਬੁੱਝਿਆ ਜਾਣਾ ਚਾਹੀਦਾ। ਸਿਆਸਤ ਜਾਂ ਵਿਚਾਰਧਾਰਾ ਤੋਂ ਪ੍ਰੇਰਤ ਹੋਣਾ ਕੋਈ ਗੁਨਾਹ ਨਹੀਂ ਹੈ। ਕਿਸੇ ਹੋਰ ਸਿਆਸਤ ਜਾਂ ਵਿਚਾਰਧਾਰਾ ਦਾ ਵਿਰੋਧ ਕਰਨਾ ਵੀ ਗੁਨਾਹ ਨਹੀਂ। ਅਸਲ ਮਸਲਾ ਇਹ ਹੈ ਕਿ ਉਹ ਵਿਚਾਰਧਾਰਾ ਤੇ ਸਿਆਸਤ ਕਿਹੋ ਜਿਹੀ ਹੈ। ਸੰਘ ਪਰਿਵਾਰ ਦੀ ਵਿਚਾਰਧਾਰਾ ਹਿੰਦੂ ਧਰਮ ਦੀ ਸਿਰਮੌਰਤਾ ਤੇ ਟਿਕੀ ਫਿਰਕੂ ਫਾਸ਼ੀ ਵਿਚਾਰਧਾਰਾ ਹੈ ਜੋ ਜਾਤਪਾਤੀ ਤੁਅੱਸਬ, ਧਾਰਮਕ ਅੰਧ-ਵਿਸ਼ਵਾਸ਼ ਤੇ ਫਿਰਕੂ ਨਫਰਤ ਫੈਲਾਉਂਦੀ ਹੈ, ਹੋਰਨਾਂ ਧਾਰਮਕ ਘੱਟ ਗਿਣਤੀਆਂ ਤੋਂ ਈਨ ਮੰਨਵਾਉਂਦੀ ਹੈ ਤੇ ਵਿਚਾਰਧਾਰਕ ਵਿਰੋਧੀਆਂ ਦੇ ਕਤਲਾਂ ਨੂੰ ਵਾਜਬ ਠਹਿਰਾਉਂਦੀ ਹੈ। ਲੇਖਕਾਂ ਤੇ ਹੋਰ ਕਲਾਕਾਰਾਂ ਵੱਲੋਂ ਸਨਮਾਨ-ਵਾਪਸੀ ਦੀ ਮੌਜੂਦਾ ਰੋਸ-ਲਹਿਰ ਇਸ ਹਿੰਸਕ ਵਿਚਾਰਧਾਰਾ ਨੂੰ ਜਬਰਨ ਲੋਕਾਂ ਦੇ ਨ੍ਹਾਸੀਂ ਚਾੜ੍ਹਣ ਵਿਰੁੱਧ ਪ੍ਰਤੀਕਰਮ ਹੈ।
ਜਿੱਥੋਂ ਤੱਕ ਜੇਤਲੀ ਜੀ ਦੇ ਇਸ ਇਲਜ਼ਾਮ ਦਾ ਤੁਅੱਲਕ ਹੈ ਕਿ ਦਿੱਲੀ ਦੇ ਸਿੱਖ ਵਿਰੋਧੀ ਦੰਗਿਆਂ ਵਰਗੀਆਂ ਸੰਗੀਨ ਘਟਨਾਵਾਂ ਮੌਕੇ ਇਨ੍ਹਾਂ ਲੇਖਕਾਂ ਵੱਲੋਂ ਆਪਣੇ ਸਨਮਾਨ ਵਾਪਸ ਨਾ ਕਰਨਾ ਇਹਨਾਂ ਦੇ ਭਾਜਪਾ ਸਰਕਾਰ ਬਾਰੇ ਤੁਅੱਸਬ ਤੇ ਪੱਖਪਾਤੀ ਪਹੁੰਚ ਨੂੰ ਜ਼ਾਹਰ ਕਰਦਾ ਹੈ, ਇਹ ਵੀ ਉੱਕਾ ਹੀ ਤੱਥ-ਹੀਣ ਹੈ। ਸਨਮਾਨ ਵਾਪਸੀ ਰੋਸ ਪਰਗਟਾਵੇ ਦੀ ਇੱਕ ਸ਼ਕਲ ਹੈ, ਇਹ ਆਪਣੇ ਆਪ ਚ ਮੂਲ ਮੁੱਦਾ ਨਹੀਂ ਹੈ। ਮੂਲ ਮੁੱਦਾ ਵਿਚਾਰਧਾਰਕ ਵਿਰੋਧੀਆਂ ਦੇ ਕਤਲ, ਉਹਨਾਂ ਨੂੰ ਜ਼ੁਬਾਨਬੰਦੀ ਲਈ ਦਬਕਾਉਣ ਤੇ ਹਿੰਸਕ ਢੰਗ-ਤਰੀਕਿਆਂ ਨਾਲ ਆਪਣੀ ਵਿਚਾਰਧਾਰਾ ਹੋਰਾਂ ਤੇ ਮੜ੍ਹਨ ਦਾ ਹੈ। ਮੂਲ ਮੁੱਦਾ ਇਸ ਸੀਨਾਜੋਰੀ ਨੂੰ ਸਮੇਂ ਦੇ ਹਾਕਮਾਂ ਵੱਲੋਂ ਪੂਰੀ ਤਰ੍ਹਾਂ ਅਣਡਿੱਠ ਕਰਨ ਤੇ ਇਸ ਨੂੰ ਸ਼ਹਿ ਦੇਣ ਦਾ ਹੈ। ਇਹੋ ਜਿਹੀ ਸੀਨਾ ਜੋਰੀ ਦਾ ਵਿਰੋਧ ਕਦੋਂ ਕਿਹੋ ਜਿਹੀ ਸ਼ਕਲ ਲੈਂਦਾ ਹੈ, ਇਹ ਉਸ ਵੇਲੇ ਦੀਆਂ ਹਾਲਤਾਂ ਤੇ ਨਿਰਭਰ ਕਰਦਾ ਹੈ। ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਨਾ ਸਿਰਫ ਦਿੱਲੀ ਦੇ ਸਿੱਖ ਵਿਰੋਧੀ ਦੰਗਿਆਂ ਸਮੇਂ ਸਗੋਂ ਬਾਬਰੀ ਮਸਜਿਦ ਢਾਹੁਣ ਵੇਲੇ ਹੋਏ ਮੁਸਲਮਾਨ ਵਿਰੋਧੀ ਦੰਗਿਆਂ ਤੇ ਗੋਧਰਾ ਕਾਂਡ ਦੀ ਆੜ ਚ ਮੋਦੀ ਵੱਲੋਂ ਰਚਾਏ ਮੁਸਲਮਾਨਾਂ ਦੇ ਕਤਲੇਆਮ ਸਮੇਂ ਲੇਖਕਾਂ, ਕਲਾਕਾਰਾਂ ਤੇ ਸਮਾਜ ਦੇ ਹੋਰ ਸੰਵੇਦਨਸ਼ੀਲ ਹਿੱਸਿਆਂ ਨੇ ਅਨੇਕਾਂ ਸ਼ਕਲਾਂ ਚ ਆਪਣਾ ਰੋਸ ਪ੍ਰਗਟਾਇਆ ਹੈ। ਇਸ ਤੋਂ ਵੀ ਵੱਧ ਭਲਾ ਜੇ ਕਿਸੇ ਨੇ ਪਹਿਲਾਂ ਕਿਸੇ ਗਲਤ ਗੱਲ ਦਾ ਵਿਰੋਧ ਕਰਨ ਚ ਉਕਾਈ ਜਾਂ ਭੁੱਲ ਕੀਤੀ ਹੈ ਤਾਂ ਕੀ ਉਸ ਨੂੰ ਕਿਸੇ ਬੱਜਰ ਕੁਤਾਹੀ ਦਾ ਵਿਰੋਧ ਕਰਨ ਦਾ ਹੱਕ ਨਹੀਂ? ਜੇ ਜੇਤਲੀ ਹੁਰਾਂ ਦੇ ਪੈਮਾਨੇ ਨਾਲ ਦਿੱਲੀ ਦੇ ਦੰਗਿਆਂ ਸਮੇਂ ਸਨਮਾਨ ਵਾਪਸ ਨਾ ਕਰਨ ਵਾਲੇ ਕਾਂਗਰਸ ਜਾਂ ਖੱਬੇ-ਪੱਖੀ ਹਮਾਇਤੀ ਸਨ ਤਾਂ ਉਹਨਾਂ ਹੀ ਲੇਖਕਾਂ ਨੇ ਬਾਬਰੀ ਮਸਜਿਦ ਢਾਹੇ ਜਾਣ ਜਾਂ ਗੁਜਰਾਤ ਚ ਹੋਏ ਦੰਗਿਆਂ ਮੌਕੇ ਵੀ ਸਨਮਾਨ ਵਾਪਸ ਨਹੀਂ ਕੀਤੇ। ਕੀ ਇਸ ਨਾਲ ਉਹ ਭਾਜਪਾ ਪੱਖੀ ਨਹੀਂ ਸਾਬਤ ਹੋ ਜਾਣਗੇ। ਭਾਜਪਾ ਸਰਕਾਰ ਤੇ ਸੰਘ ਪ੍ਰਵਾਰ ਦੀ ਹੋ ਰਹੀ ਤੋਏ ਤੋਏ ਤੋਂ ਬੁਖਲਾਹਟ ਚ ਆਕੇ ਸ਼੍ਰੀ ਜੇਤਲੀ ਜੀ ਉਖੜੇ ਕੁਹਾੜੇ ਵਾਹ ਰਹੇ ਹਨ।
ਸੰਘ ਲਾਣੇ ਦਾ ਇੱਕ ਹੋਰ ਇਲਜ਼ਾਮ ਇਹ ਹੈ ਕਿ ਖਾਹ-ਮਖਾਹ ਅਸਹਿਣਸ਼ੀਲਤਾ ਦੀ ਡੰਡ ਪਾ ਕੇ ਕੁੱਝ ਲੋਕ ਮੁਲਕ ਨੂੰ ਬਦਨਾਮ ਕਰ ਰਹੇ ਹਨ ਤੇ ਦੁਨੀਆਂ ਚ ਭਾਰਤ ਦਾ ਨਕਸ਼ਾ ਵਿਗਾੜ ਕੇ ਪੇਸ਼ ਕਰ ਰਹੇ ਹਨ। ਇਸ ਲਈ ਇਹ ਵਿਕਾਸ-ਵਿਰੋਧੀ ਤੇ ਦੇਸ਼-ਵਿਰੋਧੀ ਭੂਮਿਕਾ ਨਿਭਾਅ ਰਹੇ ਹਨ। ਸੰਘ ਲਾਣੇ ਦੀ ਇਹ ਨਾਲੇ ਚੋਰ ਨਾਲੇ ਚਤੁਰਾਈਵਾਲੀ ਗੱਲ ਹੈ। ਕੋਈ ਪੁੱਛਣ ਵਾਲਾ ਹੋਵੇ ਕਿ ਦੇਸ਼ ਨੂੰ ਉਹ ਬਦਨਾਮ ਕਰ ਰਹੇ ਹਨ ਜੋ ਵਿਰੋਧੀਆਂ ਨੂੰ ਕਤਲ ਕਰ ਰਹੇ ਹਨ, ਗਊ-ਮਾਸ ਖਾਣ ਵਾਲਿਆਂ ਨੂੰ ਕੋਹ-ਕੋਹ ਕੇ ਮਾਰਨ ਤੇ ਮੁਲਕ ਛੱਡ ਜਾਣ ਦੀਆਂ ਧਮਕੀਆਂ ਦੇ ਰਹੇ ਹਨ ਤੇ ਆਪਣੀ ਵਿਚਾਰਧਾਰਾ ਹੋਰਾਂ ਤੇ ਜਬਰਨ ਮੜ੍ਹ ਰਹੇ ਹਨ ਜਾਂ ਫਿਰ ਉਹ ਕਰ ਰਹੇ ਹਨ ਜੋ ਇਹਨਾਂ ਵਹਿਸ਼ੀ ਕਾਰਿਆਂ ਦਾ ਵਿਰੋਧ ਕਰ ਰਹੇ ਹਨ। ਕੀ ਇਹ ਸੰਘੀ ਲਾਣਾ ਆਪਣੇ ਕੁਕਰਮਾਂ ਤੋਂ ਤੌਬਾ ਕਰਨ ਦੀ ਥਾਂ ਇਹਨਾਂ ਨੂੰ ਛੁਪਾ ਕੇ ਰੱਖਣ ਦੀ ਵਕਾਲਤ ਨਹੀਂ ਕਰ ਰਿਹਾ? ਵਿਸ਼ਵੀਕਰਨ ਤੇ ਤੇਜ਼ ਰਫਤਾਰ ਸੰਚਾਰ ਸਾਧਨਾਂ ਦੇ ਇਸ ਯੁੱਗ ਵਿਚ ਦੁਨੀਆਂ ਦੇ ਕਿਸੇ ਵੀ ਖੂੰਜੇ ਚ ਵਾਪਰੀ ਘਟਨਾ ਜਿਆਦਾ ਚਿਰ ਗੁੱਝੀ ਨਹੀਂ ਰਹਿ ਸਕਦੀ। ਸੰਘ ਪਰਿਵਾਰ ਦੀਆਂ ਇਹਨਾਂ ਅਣਮਨੁੱਖੀ ਕਰਤੂਤਾਂ ਦਾ ਵਿਰੋਧ ਕਰਕੇ ਇਹ ਲੇਖਕ ਦੁਨੀਆਂ ਦੇ ਇਨਸਾਫਪਸੰਦ ਤੇ ਜਮਹੂਰੀਅਤ ਪਸੰਦ ਲੋਕਾਂ ਅੰਦਰ ਭਾਰਤ ਦਾ ਨਕਸ਼ਾ ਵਿਗਾੜਨ ਦੀ ਥਾਂ ਸੁਆਰ ਹੀ ਰਹੇ ਹਨ। ਭਾਰਤ ਦਾ ਨਕਸ਼ਾ ਵਿਗਾੜਨ ਦੇ ਰੋਲ ਉਤੇ ਤਾਂ ਇਸ ਫਿਰਕੂ-ਫਾਸ਼ੀ ਲਾਣੇ ਦੀ ਜੱਦੀ ਪੁਸ਼ਤੀ ਇਜ਼ਾਰੇਦਾਰੀ ਹੈ।
ਮੁਕਦੀ ਗੱਲ, ਸੰਘੀ ਫਿਰਕੂ-ਫਾਸ਼ੀ ਲਾਣੇ ਦੇ ਮੁਦੱਈ ਚਾਹੇ ਇਸ ਦੀ ਨਫਰਤ ਤੇ ਧਾਰਮਿਕ ਕੱਟੜਤਾ ਤੇ ਆਧਾਰਤ ਅਸਹਿਣਸ਼ੀਲਤਾ ਦਾ ਵਿਰੋਧ ਕਰਨ ਵਾਲਿਆਂ ਤੇ ਲੱਖ ਇਲਜ਼ਾਮ ਲਾਉਣ, ਉਹ ਆਪਣੇ ਰਾਖਸ਼ੀ ਫਿਰਕੂ-ਫਾਸ਼ੀ ਚਿਹਰੇ ਨੂੰ ਜਿਆਦਾ ਦੇਰ ਕੱਜ ਕੇ ਨਹੀਂ ਰੱਖ ਸਕਦੇ। ਉਹਨਾਂ ਦੀਆਂ ਫਿਰਕੂ ਫਾਸ਼ੀ ਕਰਤੂਤਾਂ ਅਤੇ ਹੈਂਕੜ ਭਰਿਆ ਲੋਕ ਵਿਰੋਧੀ ਵਿਹਾਰ ਹੀ ਅੰਤ ਉਹਨਾਂ ਨੂੰ ਲੈ ਬੈਠੇਗਾ।  

No comments:

Post a Comment