Wednesday, January 20, 2016

(19) ਪ੍ਰਿੰਸੀਪਲ ਦਲਜੀਤ ਸਿੰਘ



ਪ੍ਰਿੰਸੀਪਲ ਦਲਜੀਤ ਸਿੰਘ ਨਾਲ ਹੋਏ ਸਰਕਾਰੀ  ਧੱਕੇ ਖਿਲਾਫ਼

ਪਿਛਲੇ ਦਸ ਮਹੀਨਿਆਂ ਤੋਂ ਸੰਘਰਸ਼ ਜਾਰੀ

ਪ੍ਰਿੰਸੀਪਲ ਦਲਜੀਤ ਸਿੰਘ ਭਗਤਾ ਦੀ ਪੱਗ ਲਹਾਉਣ ਅਤੇ ਨਜਾਇਜ਼ ਬਦਲੀ ਕਰਵਾਉਣ ਦੇ ਜੁੰਮੇਵਾਰਾਂ ਦੀ ਸ਼ਨਾਖ਼ਤ ਜਿੰਨੀ ਸਪੱਸ਼ਟ ਹੈ, ਉਨੀਂ ਹੀ, ਇਸ ਧੱਕੇ ਖਿਲਾਫ਼ ਲੜੇ ਜਾ ਰਹੇ ਸੰਘਰਸ਼ ਦੇ ਬੇਮੇਚਾ ਹੋਣ ਦੀ ਗੱਲ ਵੀ ਸਾਫ਼ ਹੈ। ਪੰਚਾਇਤ ਮੰਤਰੀ ਨੇ ਨਾ ਸਿਰਫ ਇਸ ਧੱਕੇ ਦੀ ਜੁੰਮੇਵਾਰੀ ਖ਼ੁਦ ਮੂਹਰੇ ਹੋ ਕੇ ਚੱਕ ਲਈ ਹੈ, ਸਗੋਂ ਪ੍ਰਿੰਸੀਪਲ ਨੂੰ ਨਿਆਂ ਮਿਲਣ ਦੇ ਰਾਹ ਵਿਚ ਵੀ ਹੈਂਕੜ ਦਾ ਟੰਬਾ ਗੱਡਿਆ ਹੋਇਆ ਹੈ। ਏਹਦੇ ਲਈ ਉਹ ਨਾ ਸਿਰਫ ਸਿਆਸੀ ਤਾਕਤ ਦੀ ਵਰਤੋਂ ਕਰ ਰਿਹਾ ਹੈ, ਪੂਰੀ ਦੀ ਪੂਰੀ ਬਾਦਲ ਹਕੂਮਤ, ਸਿੱਖਿਆ ਵਿਭਾਗ ਤੇ ਪੁਲਸ ਮਹਿਕਮੇ ਨੂੰ ਨਿਸ਼ੰਗ ਵਰਤ ਰਿਹਾ ਹੈ। ਨਾ ਪੱਗ ਲਾਹੁਣ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਿੰਦਾ ਹੈ ਤੇ ਨਾ ਬਦਲੀ ਰੱਦ ਹੋਣ ਦਿੰਦਾ ਹੈ।
ਪਿੰਡ ਭਗਤਾ ਦੇ ਲੋਕਾਂ ਤੇ ਅਧਿਆਪਕ ਸੰਗਠਨਾਂ ਦੀ ਬਣੀ ਐਕਸ਼ਨ ਕਮੇਟੀ, ਪ੍ਰਿੰਸੀਪਲ ਨੂੰ ਇਨਸਾਫ਼ ਦਿਵਾਉਣ ਲਈ ਕਿਸਾਨਾਂ ਤੇ ਮਜ਼ਦੂਰਾਂ ਦੀ ਭਰਵੀਂ ਤੇ ਡੱਟਵੀਂ ਹਮਾਇਤ ਨਾਲ ਅਪ੍ਰੈਲ ਮਹੀਨੇ ਤੋਂ ਸੰਘਰਸ਼ ਕਰ ਰਹੀ ਹੈ। ਆਪਣੇ ਨਾਲ ਹੋਏ ਧੱਕੇ ਤੇ ਬੇਇਨਸਾਫੀ ਖਿਲਾਫ਼ ਪ੍ਰਿੰਸੀਪਲ ਖ਼ੁਦ ਅਡੋਲ ਡਟਿਆ ਖੜਾ ਹੈ। ਉਹਨਾਂ ਦੀ ਇਸ ਅਡੋਲਤਾ ਨੂੰ ਸਾਂਝਾ ਅਧਿਆਪਕ ਮੋਰਚਾ ਨੇ ‘‘ਅਧਿਆਪਕ ਸਨਮਾਨ ਦਿਵਸ’’ ’ਤੇ 5 ਸਤੰਬਰ ਦੇ ਵੱਡੇ ਅਧਿਆਪਕ ਇੱਕਠ ਦੀ ਸਟੇਜ਼ ਤੋਂ ‘‘ਸਿਰੜ ਨੂੰ ਸਲਾਮ’’ ਸਨਮਾਨ ਨਾਲ ਸਨਮਾਨਿਆ ਹੈ।
ਇਸ ਅਨਿਆਂ ਖਿਲਾਫ਼ ਸੰਘਰਸ਼ ਨੂੰ ਜਾਰੀ ਰੱਖਦਿਆਂ ਐਕਸ਼ਨ ਕਮੇਟੀ ਵੱਲੋਂ ਕਾਨਫਰੰਸ ਕੀਤੀ ਗਈ ਹੈ ਤੇ ਨਾਟਕ ਕਰਵਾਏ ਹਨ। ਤਿਆਰੀ ਵਜੋਂ, ਸੰਘਰਸ਼ ਦੀਆਂ ਫੋਟੋਆਂ ਲਾ ਕੇ ਇੱਕ ਵੱਡਾ ਪੋਸਟਰ ਛਪਵਾ ਕੇ ਪਿੰਡ ਭਗਤਾ, ਇਲਾਕੇ ਦੇ ਪਿੰਡਾਂ ਤੇ ਬਠਿੰਡਾ ਸ਼ਹਿਰ ਤੇ ਸਕੂਲਾਂ ਦੀਆ ਕੰਧਾ ਤੇ ਲਾਇਆ ਗਿਆ। ਲਾਗਲਿਆਂ ਜਿਲ੍ਹਿਆਂ ਵਿਚ ਵੀ ਭੇਜਿਆ ਗਿਆ। ਪਿੰਡ ਚ ਘਰ ਘਰ ਜਾ ਕੇ ਟੀਮਾਂ ਨੇ ਪ੍ਰਚਾਰ ਕੀਤਾ। ਮੀਟਿੰਗਾਂ ਕਰਵਾਈਆਂ। ਇਲਾਕੇ ਦੇ ਅਧਿਆਪਕਾਂ ਨੇ ਸਰਗਰਮੀ ਨਾਲ ਤਿਆਰੀ ਮੁਹਿੰਮ ਵਿਚ ਹਿੱਸਾ ਪਾਇਆ। ਨੁੱਕੜ ਨਾਟਕ ਕੀਤੇ ਗਏ। 12 ਦਸੰਬਰ ਨੂੰ ਪਿੰਡ ਭਗਤਾ ਦੇ ਢਾਡੀ ਬਲਵਿੰਦਰ ਸਿੰਘ ਨੇ ਇਸ ਧੱਕੇ ਖਿਲਾਫ਼ ਆਪਦੀ ਲਿਖੀ ਕਵੀਸ਼ਰੀ ਅਤੇ ਪਿੰਡ ਦੇ ਕਲੱਬ ਵੱਲੋਂ ਤਿਆਰ ਕਰਵਾਈਆਂ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਪੰਜਾਬ ਦੇ ਲੋਕ-ਪੱਖੀ ਨਾਮਵਰ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਟੀਮ ਵੱਲੋਂ ਬਿਗਾਨੇ ਬੋਹੜ ਦੀ ਛਾਂ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਨਾਟਕ ਸ਼ੁਰੂ ਕਰਵਾਉਂਦਿਆਂ ਪ੍ਰੋ. ਔਲਖ ਨੇ ਪ੍ਰਿੰਸੀਪਲ ਦਲਜੀਤ ਸਿੰਘ ਨਾਲ ਹੋਈ ਬੇਇਨਸਾਫ਼ੀ ਖਿਲਾਫ਼ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਇਹ ਨਾ ਸਿਰਫ ਪ੍ਰਿੰਸੀਪਲ ਨਾਲ ਧੱਕਾ ਹੈ, ਇਹ ਤਾਂ ਉਹਨਾਂ ਵਿਦਿਆਰਥੀਆਂ ਨਾਲ ਵੀ ਵਧੀਕੀ ਦਾ ਮਾਮਲਾ ਬਣਦਾ ਹੈ, ਜਿਹੜੇ ਉੱਚ ਵਿਦਿਆ ਤੇ ਤਜ਼ਰਬਾ ਪ੍ਰਾਪਤ ਇਸ ਪ੍ਰਿੰਸੀਪਲ ਤੋਂ ਵਾਂਝੇ ਕਰ ਦਿੱਤੇ ਗਏ ਹਨ। ਨਾਟਕ ਸਿੱਧਾ ਪੇਂਡੂ ਬੋਲੀ ਤੇ ਅੰਦਾਜ਼ ਵਿਚ ਹੋਣ ਕਰਕੇ ਸਵਾ ਘੰਟਾ ਪੂਰੇ ਇੱਕਠ ਨੂੰ ਕੀਲਣ ਵਿਚ ਸਫ਼ਲ ਰਿਹਾ। ਨਾਟਕ ਦੀ ਸਮਾਪਤੀ ਤੇ ਬਹੁਤ ਲੋਕਾਂ ਨੇ ਕਮੇਟੀ ਆਗੂਆਂ ਕੋਲ ਆ ਕੇ ਇਹੋ ਜਿਹੇ ਨਾਟਕ ਥੋੜਾ ਥੋੜਾ ਚਿਰ ਬਾਅਦ ਕਰਾਉਂਦੇ ਰਹਿਣ ਲਈ ਕਿਹਾ।
ਐਕਸ਼ਨ ਕਮੇਟੀ ਦੇ ਬੁਲਾਰਿਆਂ ਵੱਲੋਂ ਆਪੋ ਆਪਣੇ ਸ਼ਬਦਾਂ ਵਿਚ ਪ੍ਰਿੰਸੀਪਲ ਨਾਲ ਹੋਏ ਧੱਕੇ ਦਾ ਅਤੇ ਇਸ ਧੱਕੇ ਖਿਲਾਫ਼ ਕੀਤੇ ਸੰਘਰਸ਼ ਦਾ ਵਿਸਥਾਰ ਦੱਸਦਿਆਂ ਅੱਜ ਵੀ ਸਾਰੀ ਦੀ ਸਾਰੀ ਬਾਦਲ ਹਕੂਮਤ ਵੱਲੋਂ ਫੜੀ ਅੜੀ ਦੀ ਨਿੰਦਿਆ ਕੀਤੀ ਗਈ ਅਤੇ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।

No comments:

Post a Comment