Saturday, January 2, 2016

3) ਬੇਅਦਬੀ ਦੀਆਂ ਘਟਨਾਵਾਂ ਅਤੇ ਸਿੱਖ ਧਾਰਮਿਕ ਫ਼ਿਰਕੇ ਦੀ ਸਮਾਜਿਕ ਹੈਸੀਅਤ



ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖ ਧਾਰਮਿਕ ਫ਼ਿਰਕੇ ਦੀ ਸਮਾਜਿਕ ਹੈਸੀਅਤ ਦਾ ਮਸਲਾ

ਕੁਝ ਅਰਸਾ ਪਹਿਲਾਂ ਵਾਪਰੀਆਂ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ। ਇਹ ਨਿੰਦਣਯੋਗ ਘਟਨਾਵਾਂ ਸਖ਼ਤ ਨਿਖੇਧੀ ਦੀਆਂ ਹੱਕਦਾਰ ਹਨ। ਦੋਸ਼ੀਆਂ ਨੂੰ ਬੇਨਕਾਬ ਕਰਨ ਅਤੇ ਬਣਦੀ ਸਜ਼ਾ ਦੇਣ ਦੀਆਂ ਮੰਗਾਂ ਵਾਜਬ ਹਨਸਿੱਖ ਸ਼ਰਧਾਲੂਆਂ ਖਿਲਾਫ਼ ਖੂਨੀ ਤਾਕਤ ਦੀ ਵਰਤੋਂ ਬਦਲੇ ਬਾਦਲ ਹਕੂਮਤ ਅਤੇ ਇਸਦੇ ਉੱਚ ਪੁਲਸ ਅਫ਼ਸਰਾਂ ਨੂੰ ਦੋਸ਼ੀਆਂ ਦੇ ਕਟਹਿਰੇ ਚ ਖੜ੍ਹੇ ਕਰਨਾ ਵੀ ਸਹੀ ਹੈ।
ਤਾਂ ਵੀ ਸਭ ਤੋਂ ਅਹਿਮ ਗੱਲ ਇਨ੍ਹਾਂ ਘਟਨਾਵਾਂ ਨੂੰ ਫਿਰਕੂ ਬਦਅਮਨੀ ਦਾ ਸੰਦ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਬੇਅਸਰ ਕਰਨਾ ਹੈ। ਇਸ ਪੱਖੋਂ ਕੁਝ ਹਿੱਸਿਆਂ ਦੀ ਪੇਸ਼ਕਾਰੀ ਚ ਉੱਭਰਵਾਂ ਕੱਜ ਨਜ਼ਰ ਆ ਰਿਹਾ ਹੈ। ਬੇਅਦਬੀ ਦੀਆਂ ਘਟਨਾਵਾਂ ਫਿਰਕੂ ਬਦਅਮਨੀ ਨੂੰ ਹਵਾ ਦੇਣ ਦੀ ਸਾਜਸ਼ ਨਾਲੋਂ ਵੱਧ ਸਿੱਖ ਫਿਰਕੇ ਦੀ ਧਾਰਮਿਕ ਹੈਸੀਅਤ ਤੇ ਹੋਰਨਾਂ ਧਰਮਾਂ/ਫਿਰਕਿਆਂ ਦੇ ਹਮਲੇ ਵਜੋਂ ਅਤੇ ਸਿੱਖ ਦੁਸ਼ਮਣ ਰਾਜਭਾਗ ਵੱਲੋਂ ‘‘ਸਿੱਖ ਧਾਰਮਿਕ ਘੱਟ ਗਿਣਤੀ’’ ਦੇ ਦਮਨ ਦੀ ਮਿਸਾਲ ਵਜੋਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਇਹ ਪੇਸ਼ਕਾਰੀ ਖਾਲਸਤਾਨੀ ਪ੍ਰਚਾਰਕਾਂ ਦੇ ਇਸ ਦਾਅਵੇ ਨੂੰ ਬਲ ਬਖਸ਼ਦੀ ਹੈ ਕਿ ਸਿੱਖ ਭਾਰਤ ਅੰਦਰ ਇੱਕ ਧਾਰਮਕ ਫਿਰਕੇ ਵਜੋਂ ਗੁਲਾਮੀ ਭੋਗ ਰਹੇ ਹਨ ਅਤੇ ਬੇਅਦਬੀ ਦੀਆਂ ਘਟਨਾਵਾਂ ਵੀ ਸਿੱਖ ਫਿਰਕੇ ਦੀ ਗੁਲਾਮ ਅਤੇ ਲਤਾੜੀ ਹੋਈ ਹੈਸੀਅਤ ਦਾ ਹੀ ਪ੍ਰਗਟਾਵਾ ਹਨ।
ਬੇਅਦਬੀ ਦੀਆਂ ਘਟਨਾਵਾਂ ਨੂੰ ਇਉਂ ਸਿੱਖ ਫਿਰਕੇ ਤੇ ਪਰਾਏ ਧਾਰਮਿਕ ਹਮਲੇ ਵਜੋਂ ਪੇਸ਼ ਕਰਨਾ ਅਸਲੀਅਤ ਨਾਲ ਅਤੇ ਸਧਾਰਨ ਸੂਝ-ਬੂਝ ਨਾਲ ਟਕਰਾਉਂਦਾ ਹੈ। ਫਿਲਹਾਲ ਹਿੰਦੂਤਵਾ ਦੇ ਨਾਅਰੇ ਦੀ ਝੰਡਾਬਰਦਾਰ ਬੀ. ਜੇ. ਪੀ. ਦਾ ਵੀ ਸਿੱਖ ਫਿਰਕੇ ਨੂੰ ਹਮਲਾਵਰ ਧਰਮ ਹੰਕਾਰ ਦਾ ਨਿਸ਼ਾਨਾ ਬਣਾਉਣ ਚ ਫੌਰੀ ਹਿਤ ਨਹੀਂ ਹੈ। ਇਸਦੇ ਫਿਰਕੂ ਪੈਂਤੜੇ ਦੀ ਤਿੱਖੀ ਧਾਰ ਮੁਸਲਮਾਨਾਂ ਅਤੇ ਇਸਾਈਆਂ ਖਿਲਾਫ਼ ਸੇਧੀ ਹੋਈ ਹੈ। ਇਹ ਗੱਲ ਵੀ ਦਿਲਚਸਪ ਹੈ ਕਿ ਆਰ. ਐੱਸ. ਐੱਸ. ਦੇ ਵੱਡੇ ਨੀਤੀਵਾਨ ਗੋਲਵਾਲਕਰ ਨੇ ਗੁਰੂ ਗੋਬਿੰਦ ਸਿੰਘ, ਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਨੂੰ ਕੌਮੀ ਨਾਇਕ ਮੰਨਿਆ ਹੈ। ਹਿੰਦੂ ਫਿਰਕਾਪ੍ਰਸਤ ਕੈਂਪ ਦੀਆਂ ਦੋਵੇਂ ਬਦਨਾਮ ਸਾਧਵੀਆਂ ਖਾਲਸਤਾਨੀ ਉਭਾਰ ਦੇ ਦੌਰ ਚ ਸਿੱਖਾਂ ਨੂੰ ਖੁੱਲ੍ਹੇਆਮ ਇਹ ਨਸੀਹਤ ਕਰਦੀਆਂ ਰਹੀਆਂ ਹਨ ਕਿ ਹਿੰਦੋਸਤਾਨ ਹੀ ਤੁਹਾਡਾ ਹੈ, ਬਸ ਮੁਸਲਮਾਨਾਂ ਨੂੰ ਸਬਕ ਸਿਖਾਓ।
ਇਹ ਸੋਚਣਾ ਵੀ ਹਾਸੋਹੀਣੀ ਗੱਲ ਹੈ ਕਿ ਬਾਦਲ ਹਕੂਮਤ ਵੱਲੋਂ ਬੀ. ਜੇ. ਪੀ. ਜਾਂ ਹਿੰਦੂ ਰਾਜ ਦੇ ਏਜੰਟਾਂ ਵਜੋਂ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਾਈ ਜਾ ਰਹੀ ਹੈ। ਖਾਸ ਕਰਕੇ ਉਸ ਹਾਲਤ ਚ ਜਦੋਂ ਇਸ ਵੱਲੋਂ ਕਾਂਗਰਸ ਨੂੰ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਗਰਦਾਨ ਕੇ ਸਿੱਖ ਵੋਟ ਬੈਂਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਖੁਦ ਬੀ. ਜੇ. ਪੀ. ਦੀ ਵੀ ਕਾਂਗਰਸੀ ਸ਼ਰੀਕਾਂ ਖਿਲਾਫ਼ ’84 ਦੇ ਦਿੱਲੀ ਕਤਲੇਆਮ ਦੇ ਰਿਸਦੇ ਜਖ਼ਮਾਂ ਨੂੰ ਵਰਤਣ ਚ ਦਿਲਚਸਪੀ ਬਣੀ ਹੋਈ ਹੈ।
ਡੇਰਾ ਪ੍ਰੇਮੀਆਂ ਵੱਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਵੀ ਬੇਤੁਕੀ ਹੈ। ਡੇਰਾ ਪ੍ਰੇਮੀਆਂ ਦੀਆਂ ਧਾਰਮਿਕ ਭਾਵਨਾਵਾਂ ਸ਼੍ਰੀ ਗੁਰੂ ਗਰੰਥ ਸਾਹਿਬ ਨਾਲ ਵੈਰ-ਭਾਵ ਤੇ ਅਧਾਰਤ ਨਹੀਂ ਹਨ। ਸਿੱਖ ਕੱਟੜਪੰਥੀ ਹਲਕਿਆਂ ਵੱਲੋਂ ਡੇਰਾ ਮੁਖੀ ਵੱਲੋਂ ‘‘ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਸਾਂਗ ਰਚਣ’’ ਦੇ ਸੁਆਲ ਤੇ ਤਿੱਖਾ ਫਿਰਕੂ ਮਾਹੌਲ ਪੈਦਾ ਕੀਤਾ ਜਾਂਦਾ ਰਿਹਾ ਹੈ। ਅਜਿਹਾ ਨਹੀਂ ਹੋ ਸਕਦਾ ਕਿ ਕੋਈ ਇੱਕੋ ਸਮੇਂ ਨਾਲੇ ਕਿਸੇ ਧਰਮ ਦੇ ਗੁਰੂਆਂ ਦੇ ਬਰਾਬਰ ਹੋਣ ਦਾ ਦਿਖਾਵਾ ਵੀ ਕਰ ਰਿਹਾ ਹੋਵੇ ਅਤੇ ਉਸੇ ਧਰਮ ਦੇ ਪਵਿੱਤਰ ਗਰੰਥ ਖਿਲਾਫ਼ ਨਫ਼ਰਤ ਦਾ ਸੁਨੇਹਾ ਵੀ ਦੇ ਰਿਹਾ ਹੋਵੇ। ਜੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸਿੱਖ ਧਾਰਮਕ ਫਿਰਕੇ ਤੇ ਹਮਲੇ ਦਾ ਮਾਮਲਾ ਹਨ ਤਾਂ ਇਸ ਹਮਲੇ ਦੇ ਸਰੋਤ ਨੂੰ ਟਿੱਕਣਾ ਅਤੇ ਅਜਿਹੇ ਹਮਲੇ ਚ ਉਸਦੇ ਹਿਤਾਂ ਦੀ ਵਿਆਖਿਆ ਕਰਨੀ ਜ਼ਰੂਰੀ ਹੈ।
ਹਾਸਲ ਪ੍ਰਸੰਗ ਚ ਬੇਅਦਬੀ ਦੀਆਂ ਘਟਨਾਵਾਂ ਦੇ ਦੋ ਹੀ ਕਾਰਨ ਹੋ ਸਕਦੇ ਹਨ। ਜਾਂ ਤਾਂ ਇਹ ਘਟਨਾਵਾਂ ਸਧਾਰਨ ਕਿਸਮ ਦੇ ਸੁਆਰਥੀ ਅਨਸਰਾਂ ਦਾ ਕਾਰਾ ਹਨ ਜਿਸਦਾ ਕੋਈ ਵੱਡਾ ਮਨੋਰਥ ਨਹੀਂ ਹੈ। ਜਾਂ ਇਹ ਸੋਚੀ ਸਮਝੀ ਭੜਕਾਊ ਸਾਜਿਸ਼ ਦਾ ਹਿੱਸਾ ਹਨ। ਮੌਜੂਦਾ ਹਾਲਤ ਚ ਇਹ ਮਗਰਲੀ ਗੱਲ ਸਹੀ ਹੈ। ਇਹ ਭੜਕਾਊ ਸਾਜਸ਼ ਉਹਨਾਂ ਦਾ ਹੀ ਕਾਰਾ ਹੋ ਸਕਦੀ ਹੈ ਜਿਨ੍ਹਾਂ ਦੀ ਇਸ ਫਿਰਕੂ ਬਦਅਮਨੀ ਚੋਂ ਵੱਧ ਤੋਂ ਵੱਧ ਹੱਥ ਰੰਗਣ ਦੀ ਸੰਭਾਵਨਾ ਬਣਦੀ ਹੈ। ਸਿੱਖ ਫਿਰਕੇ ਨੂੰ ਭੜਕਾਉਣ ਅਤੇ ਸਿਆਸੀ ਹਿਤਾਂ ਲਈ ਵਰਤਣ ਦੀ ਸਾਜਸ਼ ਨੂੰ ਸਿੱਖ ਫਿਰਕੇ ਦੀ ਧਾਰਮਕ ਹਸਤੀ ਨੂੰ ਲਤਾੜਨ ਦੀ ਕੋਸ਼ਿਸ਼ ਨਾਲ ਰਲਗੱਡ ਕਰਨਾ ਗਲਤ ਹੈ।
ਇਸ ਪੱਖੋਂ ਕਮਿਊਨਿਸਟ ਇਨਕਲਾਬੀਆਂ ਵੱਲੋਂ ਮਸਲੇ ਦੀ ਪੇਸ਼ਕਾਰੀ ਸਮੇਂ ਲੋੜੀਂਦੀ ਚੌਕਸੀ ਦੀ ਆਸ ਕੀਤੀ ਜਾਂਦੀ ਹੈ।

No comments:

Post a Comment