Tuesday, November 29, 2022

ਧਰਮ ਆਧਾਰਿਤ ਰਾਜ ਦੇ ਨਾਅਰੇ ਨੂੰ ਰੱਦ ਕਰੋ

 ਧਰਮ ਆਧਾਰਿਤ ਰਾਜ ਦੇ ਨਾਅਰੇ ਨੂੰ ਰੱਦ ਕਰੋ

  ਪੰਜਾਬ ਦੇ ਲੋਕਾਂ ਦੀਆਂ ਦੁਸ਼ਵਾਰੀਆਂ ਦਾ ਹੱਲ ਸਿੱਖ ਧਰਮ ’ਤੇ ਅਧਾਰਤ ਰਾਜ ਵਿੱਚ ਨਹੀਂ ਹੈ ਜਿਵੇਂ ਯੂ ਪੀ ਜਾਂ ਮੱਧ ਪ੍ਰਦੇਸ਼ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹਿੰਦੂ ਧਰਮ ’ਤੇ ਆਧਾਰਤ ਰਾਜ ਵਿੱਚ ਨਹੀਂ ਹੋ ਸਕਦਾ, ਸਗੋਂ ਇਸ ਹੱਲ ਦਾ ਇਕ ਅਹਿਮ ਨੁਕਤਾ ਧਰਮ ਤੇ ਰਾਜ ਨੂੰ ਵੱਖ ਵੱਖ ਕਰ ਦੇਣ ਵਿੱਚ ਹੈ। ਸੰਸਾਰ ਭਰ ਦੇ ਲਗਭਗ ਸਾਰੇ ਦੇਸ਼ ਧਰਮ ਆਧਾਰਤ ਰਾਜਾਂ ਦੇ ਤਜ਼ਰਬੇ ਵਿੱਚੋਂ ਲੰਘ ਚੁੱਕੇ ਹਨ ਤੇ ਬਹੁਤ ਸਾਰਿਆਂ ਨੇ ਧਰਮ ਨੂੰ ਰਾਜ ਨਾਲੋਂ ਵੱਖ ਕਰਕੇ ਵਿਅਕਤੀਗਤ ਮਸਲਾ ਕਰਾਰ ਦਿੱਤਾ ਹੋਇਆ ਹੈ।  ਪੱਛਮ ’ਚ ਸਰਮਾਏਦਾਰੀ ਦੀ ਭਾਰੂ ਹੈਸੀਅਤ ਵਾਲੇ ਸਮਾਜਾਂ, ਰਾਜ ਅੰਦਰ ਧਰਮ ਦੀ ਦਖ਼ਲਅੰਦਾਜ਼ੀ ਨਾਲ ਚੱਲਣ ਵਾਲੇ ਸਮਾਜਾਂ ਨਾਲੋਂ ਵਿਕਸਤ ਸਮਾਜ ਹਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੀਆਂ ਗੁੰਝਲਾਂ ਸਾਡੇ ਸਮਾਜਾਂ ਨਾਲੋਂ ਮੁਕਾਬਲਤਨ ਘੱਟ ਹਨ। ਉਹ ਸਾਡੇ ਸਮਾਜ ਨਾਲੋਂ ਵਿਕਾਸ ਦੇ ਅਗਲੇ ਡੰਡੇ ’ਤੇ ਹਨ।

ਰਾਜਸ਼ਾਹੀ ਦੇ ਦੌਰ ਵਿੱਚ ਸਾਰੇ ਰਾਜੇ ਹੀ ਪ੍ਰਮਾਤਮਾ ਦੇ ਦੂਤ ਹੋਣ ਦਾ ਦਾਅਵਾ ਕਰਦੇ ਰਹੇ ਸਨ ਤੇ ਇਸੇ ਦਾਅਵੇਦਾਰੀ ਦੇ ਸਿਰ ’ਤੇ ਸਮਾਜ ਦੀਆਂ ਲੁਟੇਰੀਆਂ ਜਮਾਤਾਂ ਦੀ ਲੋਕਾਂ ’ਤੇ ਜਕੜ ਕਾਇਮ ਰੱਖਦੇ ਸਨ। ਮਨੁੱਖਤਾ ਨੇ ਸਦੀਆਂ ਦੇ ਇਸ ਤਜਰਬੇ ’ਚੋਂ ਸਿੱਖਦਿਆਂ ਰਾਜ ਤੇ ਧਰਮ ਨੂੰ ਵੱਖਰਾ ਵੱਖਰਾ ਕੀਤਾ ਹੈ। ਇਸ ਵਿੱਥ ਨਾਲ ਮੁਲਕ ਦੀ ਸਿਆਸਤ ਅੰਦਰੋਂ ਧਰਮ ਮਨਫ਼ੀ ਹੋ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ ੳੱੁਥੇ ਲੁਟੇਰੀਆਂ ਜਮਾਤਾਂ ਆਪਣੇ ਸਿਆਸੀ ਹਿੱਤਾਂ ਲਈ ਰੰਗ ਨਸਲ ਵਰਗੇ ਵਖਰੇਵਿਆਂ ਨੂੰ ਵਰਤਣ ਦੀ ਕੋਸ਼ਿਸ਼ ਕਰਦੀਆਂ ਹਨ। 

ਪੰਜਾਬ ਦੇ ਲੋਕਾਂ ਦੀ ਬਿਹਤਰੀ ਦਾ ਰਾਹ ਕਿਸੇ ਧਰਮ ਆਧਾਰਿਤ ਰਾਜ ਵਿੱਚ ਨਹੀਂ, ਸਗੋਂ ਕਿਰਤੀਆਂ ਕਿਸਾਨਾਂ ਦੀ ਪੁੱਗਤ ਵਾਲਾ ਰਾਜ ਉਸਾਰਨ ਵਿੱਚ ਹੈ ਜਿੱਥੇ ਧਰਮ ਵਿਅਕਤੀਗਤ ਮਸਲੇ ਤੱਕ ਸੀਮਤ ਹੋਵੇਗਾ ਤੇ ਇਸ ਨਾਲ ਹੀ ਧਾਰਮਿਕ ਘੱਟ ਗਿਣਤੀਆਂ ਨਾਲ ਦਾਬੇ ਤੇ ਵਿਤਕਰੇ ਦਾ ਅੰਤ ਵੀ ਹੋਵੇਗਾ। ਕਿਸੇ ਨੂੰ ਵੀ ਮਨਮਰਜ਼ੀ ਅਨੁਸਾਰ ਆਪਣੇ ਧਾਰਮਿਕ ਵਿਸ਼ਵਾਸਾਂ ਨੂੰ ਨਿਭਾਉਣ ਜਾਂ ਮੰਨਣ ਦੀ ਖੁੱਲ੍ਹ ਹੋਵੇਗੀ ਪਰ ਸਿਆਸਤ ਨਾਲੋਂ ਧਰਮ ਨੂੰ ਅਲਹਿਦਾ ਕੀਤਾ ਜਾਵੇਗਾ। ਮੁਲਕ ਦੀ ਰਾਜਨੀਤਕ ਜ਼ਿੰਦਗੀ ’ਚੋਂ ਧਰਮ ਮਨਫ਼ੀ ਹੋਵੇਗਾ।

ਪੰਜਾਬ ਤੇ ਦੇਸ਼ ਦੇ ਲੋਕਾਂ ਦੀਆਂ ਦੁਸ਼ਵਾਰੀਆਂ ਦਾ ਹੱਲ ( ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ) ਕਿਰਤ ਦੀ ਲੁੱਟ ਦੇ ਖਾਤਮੇ ਨਾਲ ਹੋਣਾ ਹੈ। ਸਮਾਜ ਜਿਸ ਪੜਾਅ ’ਤੇ ਪਹੁੰਚ ਚੁੱਕਿਆ ਹੈ ਉੱਥੇ  ਕਿਰਤ ਦੀ ਰਾਖੀ ਦੀ ਇਹ ਲੜਾਈ ਧਰਮ ਨੂੰ ਪਾਸੇ ਰੱਖ ਕੇ ਹੀ ਲੜੀ ਜਾ ਸਕਦੀ ਹੈ ਤੇ ਕਾਮਯਾਬ ਹੋ ਸਕਦੀ ਹੈ। ਇਸ ਮੂਲ ਨੁਕਤੇ ਦਾ ਭੇਤ ਪਾਏ ਬਿਨਾਂ ਬਿਹਤਰ ਤੇ ਖੁਸ਼ਹਾਲ ਸਮਾਜ ਦੀ ਉਸਾਰੀ ਦਾ ਕਿਰਤੀ ਲੋਕਾਂ ਦਾ ਸਾਂਝਾ ਸਫ਼ਰ ਅੱਗੇ ਨਹੀਂ ਵੱਧ ਸਕਦਾ। ਲੋਕਾਂ ਲਈ ਇਹ ਭੇਤ ਪਾਉਣਾ ਜ਼ਰੂਰੀ ਹੈ ਕਿ ਉਨ੍ਹਾਂ ਦਾ ਭਵਿੱਖ ਕਿਰਤ ਦੀ ਸਰਦਾਰੀ ਵਾਲੇ ਰਾਜ ਉਸਾਰਨ ਵਿੱਚ ਹੈ ਤੇ ਲੁਟੇਰੀਆਂ ਜਮਾਤਾਂ ਹੱਥ ਫੜੇ ਹੋਏ ਧਰਮ ਦੇ ਹਥਿਆਰ ਦੇ ਵਾਰਾਂ ਦਾ ਸਫ਼ਲਤਾ ਨਾਲ ਟਾਕਰਾ ਕਰ ਲੈਣ ਵਿੱਚ ਹੈ।

                                                                ( ਸੰਪਾਦਕ ਦੀ ਸ਼ੋਸ਼ਲ ਮੀਡੀਆ ਪੋਸਟ)  

No comments:

Post a Comment