Friday, November 18, 2022

 ਸਮਾਜਵਾਦੀ ਕ੍ਰਿਸ਼ਮੇ:

ਸੋਵੀਅਤ ਸਿਹਤ ਸਿਸਟਮ ਦੀ ਉਸਾਰੀ’ਤੇ ਇੱਕ ਸੰਖੇਪ ਝਾਤ

ਜ਼ਾਰਸ਼ਾਹੀ ਰੂਸ ਵਿੱਚ ਸਿਹਤ ਸੇਵਾਵਾਂ ਨਾਂਹ ਦੇ ਬਰਾਬਰ ਸਨ। ਜੋ ਵੀ ਸਨ ਉਹ ਵੱਖ ਵੱਖ ਖੇਤਰਾਂ ’ਚ ਖਿੰਡੀਆਂ ਹੋਈਆਂ ਸਨ, ਕੁੱਝ ਚੈਰੀਟੇਬਲ ਸੰਸਥਾਵਾਂ ਸਨ, ਪਰ ਪੇਂਡੂ ਖੇਤਰ ਸਿਹਤ ਸੇਵਾਵਾਂ ਪੱਖੋਂ ਲਗਭਗ ਵਾਂਝਾ ਸੀ। ਸ਼ਹਿਰਾਂ ਵਿੱਚ ਇਹ ਮੁੱਖ ਤੌਰ ’ਤੇ ਨਿੱਜੀ ਹੱਥਾਂ ’ਚ ਸਨ। ਸਵੱਛਤਾ ਦੀਆਂ ਹਾਲਤਾਂ ਪੱਖੋਂ ਜ਼ਾਰਸ਼ਾਹੀ ਰੂਸ ਯੂਰਪ ਵਿੱਚ ਸਭ ਤੋਂ ਘਾਟੇਵੰਦੀ ਹਾਲਤ ’ਚ ਸੀ। ਹਰ ਸਾਲ 20 ਲੱਖ ਬੱਚੇ ਕਿਸੇ ਨਾ ਕਿਸੇ ਰੋਗ ਦਾ ਸ਼ਿਕਾਰ ਹੋ ਕੇ ਜੰਮਦਿਆਂ ਸਾਰ ਇਸ ਜਹਾਨ ਨੂੰ ਅਲਵਿਦਾ ਆਖ ਜਾਂਦੇ। ਟਾਈਫ਼ਸ, ਟਾਈਫ਼ਾਇਡ, ਹੈਜ਼ਾ ਮਲੇਰੀਆ ਵਰਗੀਆਂ ਛੂਤ ਦੀਆਂ ਬਿਮਾਰੀਆਂ ਮਹਾਂਮਾਰੀਆਂ ਦਾ ਰੂਪ ਧਾਰਦੀਆਂ ਅਤੇ ਅਨੇਕਾਂ ਮਨੁੱਖੀ ਜਾਨਾਂ ਦੀ ਬਲੀ ਵਸੂਲਦੀਆਂ। 291 ਪ੍ਰਤੀ ਹਜ਼ਾਰ ਦੀ ਮੌਤ ਦਰ ਨੇ ਮੁਲਕ ਨੂੰ ਸੰਸਾਰ ਪੱਧਰ ’ਤੇ ਮੂਹਰਲੀਆਂ ਕਤਾਰਾਂ ’ਚ ਖੜ੍ਹਾ ਕੀਤਾ ਹੋਇਆ ਸੀ। ਔਸਤ ਉਮਰ 32 ਸਾਲ ਸੀ। ਬਿਮਾਰੀਆਂ ਦੀ ਰੋਕਥਾਮ, ਦਵਾਦਾਰੂ ਅਤੇ ਮੈਡੀਕਲ ਪ੍ਰਬੰਧਾਂ ਦੀ ਲਗਭਗ ਅਣਹੋਂਦ ਸੀ। 24.5 ਲੱਖ ਲੋਕਾਂ ਪਿੱਛੇ ਇੱਕ ਡਾਕਟਰ ਸੀ। ਵੱਖ ਵੱਖ ਛੂਤ ਦੇ ਰੋਗਾਂ ਦੇ ਪੰਜੇ ’ਚ ਬੁਰੀ ਤਰ੍ਹਾਂ ਜਕੜੇ ਹੋਏ 159 ਮਿਲੀਅਨ ਦੀ ਅਬਾਦੀ ਵਾਲੇ ਰੂਸ ਦੀ ਐਹੋ ਜਿਹੀ ਹਾਲਤ ਸੀ, ਜਿਸਨੂੰ ਅਕਤੂਬਰ ਇਨਕਲਾਬ ਤੋਂ ਬਾਅਦ ਬਾਲਸ਼ਵਿਕ ਪਾਰਟੀ ਨੇ ਵਿਕਸਤ ਕਰਨ ਦਾ ਜਿੰਮਾਂ ਓਟਿਆ। ਇਸ ਤੋਂ ਅੱਗੇ ਆਰਥਕ ਨਾਕਾਬੰਦੀ, ਅਕਾਲ, ਤਬਾਹੀ, ਘਰੇਲੂ ਜੰਗ ਅਤੇ ਦਖ਼ਲਅੰਦਾਜ਼ੀ ਰਾਹੀਂ ਸੰਸਾਰ ਦੇ ਪਹਿਲੇ ਮਜ਼ਦੂਰ ਇਨਕਲਾਬ ਦੀ ਜਿੱਤ ਦੇ ਰਾਹ ’ਚ ਕੰਡੇ ਵਿਛਾਏ ਜਾ ਰਹੇ ਸਨ ਅਤੇ ਸੋਵੀਅਤ ਸਰਕਾਰ ਨੂੰ ਆਪਣੇ ਨਿਰਮਾਣ ਦੌਰਾਨ ਘੋਰ ਮੁਸੀਬਤਾਂ ’ਚ ਪਾਇਆ ਹੋਇਆ ਸੀ। ਲੈਨਿਨ ਦੀ ਅਗਵਾਈ ਵਾਲੀ ਬਾਲਸਵਿਕ ਪਾਰਟੀ ਲਈ ਇਹ ਤਿੱਖੇ ਇਮਤਿਹਾਨ ਦਾ ਦੌਰ ਸੀ। ਮਜ਼ਦੂਰ ਜਮਾਤ ਦੀ ਸਰਦਾਰੀ ਵਾਲੇ ਸੰਸਾਰ ਦੇ ਇਸ ਪਹਿਲੇ ਰਾਜ ਨੂੰ ਇਸ ਹਾਲਤ ’ਚੋਂ ਸੁਰੱਖਿਅਤ ਕੱਢ ਲਿਆਉਣ ਦਾ ਦਿਉ-ਕੱਦ ਕਾਰਜ ਦਰਪੇਸ਼ ਸੀ। ਸਿਹਤ ਦਾ ਖੇਤਰ ਇਸ ਕਾਰਜ ਦਾ ਇੱਕ ਮਹੱਤਵਪੂਰਨ ਹਿੱਸਾ ਸੀ, ਜਿਸ ਅੰਦਰ ਜਾਰੀ ਰਹਿ ਰਹੀਆਂ ਸਮੱਸਿਆਵਾਂ ਨੇ ਸੋਵੀਅਤ ਸਰਕਾਰ ਦੇ ਦੁਸਮਣਾਂ ਲਈ ਖਾਦ-ਪਾਣੀ ਬਣਨਾ ਸੀ ਅਤੇ ਉਨ੍ਹਾਂ ਦੇ ਮਨੁੱਖਤਾ-ਘਾਤੀ ਕੋਝੇ ਮਨਸੂਬਿਆਂ ਨੂੰ ਬਲ ਬਖਸ਼ਣਾ ਸੀ, ਦੂਜੇ ਪਾਸੇ ਇਨ੍ਹਾਂ ਨੂੰ ਸਰ ਕਰਕੇ ਸਾਬਤ-ਸਬੂਤ ਨਿੱਕਲ ਆਉਣ ਅਤੇ ਸਿਹਤ ਸੰਭਾਲ ਤੇ ਸਵੱਛਤਾ ਦੇ ਨਵੇਂ-ਨਕੋਰ ਲਾਂਘੇ ਭੰਨ ਲਏ ਜਾਣ ਨਾਲ ਸੋਵੀਅਤ ਰਾਜ ਦੇ ਪੈਰ ਮਜ਼ਬੂਤ ਹੋਣੇ ਸਨ ਅਤੇ ਦੁਸਮਣਾਂ ਵੱਲੋ ਸੇਧੀਆਂ ਨੇਸਾ ਦੇ ਮੂੰਹ ਮੁੜਨੇ ਸਨ। 

ਕਾਮਰੇਡ ਲੈਨਿਨ ਦੀ ਅਗਵਾਈ ਹੇਠ ਬਾਲਸ਼ਵਿਕ ਪਾਰਟੀ ਅਤੇ ਸੋਵੀਅਤ ਸਰਕਾਰ ਨੇ ਇਸ ਚਣੌਤੀ ਨੂੰ ਕਬੂਲ ਕੀਤਾ। 

ਐਨ ਸ਼ੁਰੂ ਤੋਂ ਹੀ ਮਹਾਂਮਾਰੀਆਂ ਦੇ ਟਾਕਰੇ ਨੂੰ ਇੱਕ ਕੌਮੀ ਤੇ ਰਾਜਕੀ ਮਸਲੇ ਵਜੋਂ ਹੱਥ ਪਾਇਆ ਗਿਆ। ਸੋਵੀਅਤ ਸੱਤਾ ਦੇ ਪਹਿਲੇ ਹੀ ਦਿਨ ਇੱਕ ਬਾਲਸ਼ਵਿਕ ਡਾਕਟਰ ਦੀ ਅਗਵਾਈ ਹੇਠ ਪੀਤਰੋਗਰਾਡ ਮਿਲਟਰੀ ਇਨਕਲਾਬੀ ਕਮੇਟੀ ਵੱਲੋਂ ਮੈਡੀਕਲ ਤੇ ਸਵਸਥ ਡਿਪਾਰਟਮੈਂਟ (Medical & Sanitary 4epartment) ਜਥੇਬੰਦ ਕੀਤਾ ਗਿਆ ਜਿਸਨੂੰ ਪੂਰੇ ਮੁਲਕ ਵਿੱਚ ਸਮੁੱਚੇ ਸਿਹਤ ਸੰਭਾਲ ਕਾਰੋਬਾਰ ਨੂੰ ਮੁੜ ਤੋਂ ਜਥੇਬੰਦ ਕਰਨ ਦਾ ਕਾਰਜ ਸੰਭਾਲਿਆ ਗਿਆ। ਇਸ ਵੱਲੋਂ ਪੂਰੇ ਮੁਲਕ ਵਿੱਚ ਹੇਠਲੇ ਪੱਧਰ ਦੇ ਵਿਭਾਗ ਤੇ ਸਲਾਹਕਾਰ ਕਮੇਟੀਆਂ, ਵੈਕਸੀਨ-ਸੀਰਮ ਕਮਿਸ਼ਨ, ਸਪੈਨਿਸ਼ ਫਲੂ ਤੇ ਟਾਈਫ਼ਸ ਦੇ ਅਧਿਐਨ ਬਾਰੇ ਕਮਿਸ਼ਨ ਸਮੇਤ ਅਧਾਰ ਤਾਣੇ-ਬਾਣੇ ਦੀ ਉਸਾਰੀ ਕੀਤੀ ਗਈ। 

ਅਕਤੂਬਰ ਇਨਕਲਾਬ ਤੋਂ ਤਰੰਤ ਬਾਅਦ ਹੀ ਸੋਵੀਅਤ ਸਰਕਾਰ ਨੇ 22 ਦਸੰਬਰ 1917 ਨੂੰ ਇੱਕ ਫ਼ੁਰਮਾਨ ਜਾਰੀ ਕਰਕੇ ਮਜ਼ਦੂਰਾਂ ਲਈ ਬੀਮੇ ਦੀ ਯੋਜਨਾ (“work insurance program”) ਦਾ ਐਲਾਨ ਕੀਤਾ ਅਤੇ ਵੱਡੀ ਗਿਣਤੀ ਨੂੰ ਇਸ ਪ੍ਰੋਗਰਾਮ ਹੇਠ ਲਿਆਂਦਾ ਗਿਆ। ਬੀਮੇ ਦੇ ਸਾਰੇ ਖਰਚੇ ਉਹਨਾਂ ਸਬੰਧਤ ਕਾਰੋਬਾਰੀਆਂ ਸਿਰ ਪਾਏ ਗਏ। ਇਸ ਨਾਲ ਮਿਹਨਤਕਸ਼ ਜਨਤਾ ਨੂੰ ਉੱਚ ਪਾਏ ਦੀ ਮੁਫ਼ਤ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਗਈ ਜਿਸਦੀ ਵਿਆਪਕ ਸਲਾਹੁਤਾ ਹੋਈ। ਪਰ ਇਸ ਪ੍ਰੋਗਰਾਮ ਨੂੰ ਡਾਕਟਰੀ ਭਾਈਚਾਰੇ ਦੇ ਬਾਈਕਾਟ ਦਾ ਸਾਹਮਣਾ ਹੋਇਆ ਜਿੰਨ੍ਹਾਂ ਦੇ ਨਿੱਜੀ ਕਾਰੋਬਾਰਾਂ ਨੂੰ ਸੱਟ ਪੈ ਰਹੀ ਸੀ। ਉਹ ਸੋਵੀਅਤ ਰਾਜ ਦੇ ਪੈਰ ਉੱਖੜ ਜਾਣ ਦੇ ਸੁਪਨੇ ਲੈਣ ਲੱਗੇ। 

ਜੂਨ 15-18, 1918 ਨੂੰ ਮਾਸਕੋ ਵਿੱਚ ਮੈਡੀਕਲ ਤੇ ਸਵਸਥ ਵਿਭਾਗਾਂ (Medical & Sanitary 4epartments) ਦੀ ਕੁੱਲ ਰੂਸ ਕਾਂਗਰਸ ਜਥੇਬੰਦ ਕੀਤੀ ਗਈ, ਜਿਸ ਅਨੁਸਾਰ ਸੋਵੀਅਤ ਰਿਪਬਲਿਕ ਵਿੱਚ ਸਮੁੱਚੇ ਮੈਡੀਕਲ ਤੇ ਸਵਸਥ ਮਾਮਲਿਆਂ ਦੇ ਇੰਚਾਰਜ ਵਜੋਂ ਸਿਹਤ ਦੇ ਜਨ-ਵਿਭਾਗ (People's 3ommissariat of 8ealth)    ਦੀ ਜ਼ਰੂਰਤ ਨੂੰ ਪ੍ਰਵਾਨ ਕੀਤਾ ਗਿਆ। ਇਸ ਅਨੁਸਾਰ ਦੇਸ਼ ਵਿੱਚ ਸੰਸਾਰ ਦੀ ਸਭ ਤੋਂ ਪਹਿਲੀ ਸਰਬ-ਉੱਚ ਰਾਜਕੀ ਸੰਸਥਾ ਦਾ ਨਿਰਮਾਣ ਹੋਇਆ, ਜਿਸਨੇ ਆਪਣੇ ਅਧਿਕਾਰ ਖੇਤਰ ਵਿੱਚ ਸੋਵੀਅਤ ਰਿਪਬਲਿਕ ਦੀਆਂ ਸਭਨਾਂ ਮੈਡੀਕਲ ਤੇ ਸਵਸਥ ਸੰਭਾਲ ਮਾਮਲਿਆਂ ਨੂੰ ਇੱਕ ਲੜੀ ’ਚ ਪਰੋਣ ਦਾ ਬੀੜਾ ਚੁੱਕਿਆ। 

ਬਿਨਾਂ ਸ਼ੱਕ ਇਹ ਕੰਮ ਐਡਾ ਆਸਾਨ ਨਹੀਂ ਸੀ। ਕਈ ਵਿਭਾਗਾਂ ਵੱਲੋਂ ਇਸਦਾ ਵਿਰੋਧ ਹੋਇਆ। ਇੱਕ ਅੜਾਉਣੀ ਇਹ ਸੀ ਕਿ ਇਹ ਸੰਸਾਰ ਦਾ ਪਹਿਲਾ ਤਜ਼ਰਬਾ ਸੀ, ਦੂਜਾ ਇਹ ਕਿ ਇਸ ਨੂੰ ਘਰੇਲੂ ਜੰਗ ਦੀਆਂ ਹਾਲਤਾਂ ਦਾ ਸਾਹਮਣਾ ਸੀ। ਇਸ ਤੋਂ ਇਲਾਵਾ ਡਾਕਟਰਾਂ, ਮੈਡੀਕਲ ਅਮਲੇ-ਫੈਲੇ ਅਤੇ ਹਸਪਤਾਲਾਂ ਦੀ ਸਿਰੇ ਦੀ ਥੁੜੋਂ ਸੀ। ਪਰ ਦੇਸ਼ ਵਿੱਚੋਂ ਛੂਤਛਾਤ ਦੇ ਰੋਗਾਂ ਤੇ ਮਹਾਂਮਾਰੀਆਂ ਦਾ ਹਮੇਸ਼ਾ ਹਮੇਸ਼ਾ ਲਈ ਜੂੜ ਵੱਢ ਦੇਣ ਦੇ ਮਹਾਨ ਕਾਰਜ ਨੂੰ ਪ੍ਰਣਾਈ ਹੋਈ ਪਾਰਟੀ ਤੇ ਸੋਵੀਅਤ ਸਰਕਾਰ ਇੱਕ ਤੋਂ ਬਾਅਦ ਦੂਜਾ ਕਦਮ ਉਠਾਉਂਦੀ ਹੋਈ ਲਗਾਤਾਰ ਅੱਗੇ ਵਧਦੀ ਗਈ। 

ਕਾਂਗਰਸ ਦੀ ਰਿਪੋਰਟ ਵਿੱਚ ਸੋਵੀਅਤ ਸਿਹਤ ਸੰਭਾਲ ਦੀ ਜਥੇਬੰਦੀ ਦੇ ਨਿਯਮਾਂ ਦਾ ਖਾਕਾ ਪੇਸ਼ ਕੀਤਾ ਗਿਆ ਜਿਸ ਵਿੱਚ ਅੰਤਰ ਵਿਭਾਗੀ ਪਾਟਕਾਂ ਨੂੰ ਖਤਮ ਕਰਨ ਦੀ ਲੋੜ ਨੋਟ ਕੀਤੀ ਗਈ ਅਤੇ ਮੁਫ਼ਤ ਦਵਾਦਾਰੂ ਅਤੇ ਇਸਦੀ ਆਮ ਉਪਲਭਤਤਾ ਯਕੀਨੀ ਕਰਨ ਤੋਂ ਇਲਾਵਾ ਸਪੈਸ਼ਲ ਕਲੀਨਿਕ ਤੇ ਹਸਪਤਾਲਾਂ ਦਾ ਨਿਰਮਾਣ ਕਰਨ ਰਾਹੀਂ ਸਿਹਤ ਸੰਭਾਲ ਦੀ ਗੁਣਵੱਤਾ ’ਚ ਸੁਧਾਰ ਲਿਆਉਣ ’ਤੇ ਜ਼ੋਰ ਦਿੱਤਾ ਗਿਆ। 

ਕਾਂਗਰਸ ਨੇ ਸੋਵੀਅਤ ਸਿਹਤ ਸੰਭਾਲ ਦੇ ਬਨਿਆਦੀ ਨਿਯਮ ਤੈਅ ਕੀਤੇ। ਸੋਵੀਅਤ ਫੈਡਰੇਸ਼ਨ ਵੱਲੋਂ ਲੋੜੀਂਦੇ ਫੰਡ ਮੁਹੱਈਆ ਕਰਦੇ ਹੋਏ ਰੋਗਾਂ ਨੂੰ ਕਾਬੂ ਕਰਨ ਲਈ ਐਮਰਜੈਂਸੀ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਮਹਾਂਮਾਰੀਆਂ ਖਿਲਾਫ਼ ਯੁੱਧ ’ਚ ਹੋ ਰਹੀ ਤਰੱਕੀ ਬਾਰੇ ਹਫ਼ਤੇ ’ਚ ਦੋ ਵਾਰ ਰਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਗਏ। 

1918 ’ਚ ਹੀ ਮਹਾਂਮਾਰੀ ਰੋਗਾਂ ਨੂੰ ਕਾਬੂ ਕਰਨ ਲਈ ਕੇਂਦਰੀ ਕਮਿਸ਼ਨ ਜਥੇਬੰਦ ਕੀਤਾ ਗਿਆ। ਇਸਦੇ ਕਾਰਜਾਂ ਵਿੱਚ ਹੈਜ਼ਾ, ਪਲੇਗ, ਟਾਈਫ਼ਸ ਵਗੈਰਾ ਵਿਰੁੱਧ ਸੰਘਰਸ਼ ਤੋਂ ਇਲਾਵਾ ਮਹਾਂਮਾਰੀਆਂ ਦੇ ਟਾਕਰੇ ਲਈ ਨਿਯਮਾਂ, ਅਸੂਲਾਂ ਅਤੇ ਢੁੱਕਵੇਂ ਪ੍ਰਬੰਧਾਂ ਦੇ ਵਿਕਾਸ ਦਾ ਕਾਰਜ ਵੀ ਸ਼ਾਮਲ ਸੀ। 22 ਦਸੰਬਰ 1918 ’ਚ ਔਸ਼ਧ-ਸ਼ਾਲਾਵਾਂ (Pharmacies) ਦੇ ਕੌਮੀਕਰਨ ਦੇ ਐਲਾਨ ਕੀਤੇ ਗਏ। 1918 ’ਚ ਹੀ ਓਡੇਸਾ ਵਿਖੇ ਰੋਗਾਣੂੰ ਨਾਸ਼ਕ ਸਟੇਸ਼ਨ ਜਥੇਬੰਦ ਕੀਤਾ ਗਿਆ ਜਿਹੜਾ ਨਾਗਰਿਕਾਂ ਲਈ ਮਹਾਂਮਾਰੀ ਵਿਰੋਧੀ ਸੇਵਾਵਾਂ ਦਾ ਅਧਾਰ ਬਣਿਆ। ਉਸੇ ਹੀ ਵਰ੍ਹੇ ਲੈਨਿਨਗਰਾਡ ਸ਼ਹਿਰ ’ਚ ਵੀ ਰੋਗਣੂੰ ਨਾਸ਼ਕ ਸਟੇਸ਼ਨ ਸਥਾਪਤ ਕੀਤਾ ਗਿਆ। 

1919-21 ਤੱਕ ਪਾਰਟੀ ਅਤੇ ਸਰਕਾਰ ਨੇ ਛੂਤਛਾਤ ਦੇ ਰੋਗਾਂ ਦੇ ਟਾਕਰੇ ਲਈ 18 ਫ਼ੁਰਮਾਨ ਜਾਰੀ ਕੀਤੇ। ਬਹੁਤ ਮਹੱਤਵਪੂਰਨ ਦਸਤਾਵੇਜ਼ਾਂ ਦੀ ਵਿਚਾਰ-ਚਰਚਾ ਵਿੱਚ ਖੁਦ ਲੈਨਿਨ ਸ਼ਾਮਲ ਹੋਏ। ਐਨ ਅੱਧੇ ਘੰਟੇ ਦੀ ਬਹਿਸ-ਵਿਚਾਰ ਮਗਰੋਂ ਸਰਕਾਰ ਨੇ ਜੋ ਕਾਨੂੰਨ ਪਾਸ ਕੀਤਾ ਉਹ ਬਾਅਦ ਵਿੱਚ ‘‘ਮਹਾਂਮਾਰੀਆਂ ਵਿਰੋਧੀ ਜਦੋਜਹਿਦ ਦਾ ਮੁੱਢ ਜਾ ਬਣਿਆ।’’ ਲੈਨਿਨ ਦੇ ਜੋਰ ਪਾਉਣ ’ਤੇ People's Commissariat of Health ਵਿੱਚ ਜੱਚਾ-ਬੱਚਾ ਦੀ ਸੁਰੱਖਿਆ ਨੂੰ ਇਸਦੇ ਖਰਚਿਆਂ ਸਮੇਤ ਮੈਡੀਕਲ insurance ਵਿੱਚ ਸ਼ਾਮਲ ਕਰ ਲਿਆ ਗਿਆ। 

ਹੌਲੀ ਹੌਲੀ ਮੈਡੀਕਲ ਖੇਤਰ ਦੇ ਮਾਹਰ ਮਹਿਸੂਸ ਕਰਨ ਲੱਗੇ ਕਿ ਬਾਲਸ਼ਵਿਕ ਪਾਰਟੀ ਤੇ ਸੋਵੀਅਤ ਸਰਕਾਰ, ਸਮੇਤ ਸਿਹਤ ਸੰਭਾਲ ਦੇ ਖੇਤਰ ਦੇ ਫੈਸਲੇ ਤੇ ਫ਼ੁਰਮਾਨ ਹਿੱਲਣ ਵਾਲੇ ਨਹੀਂ ਹਨ, ਸਗੋਂ ਨਿਰੰਤਰ ਅਮਲ ਅਧੀਨ ਹਨ। ਸਿੱਟੇ ਵਜੋਂ ਉੱਚ ਪਾਏ ਦੀਆਂ ਸਿਹਤ ਸਹੂਲਤਾਂ ਸੋਵੀਅਤ ਕਾਮਿਆਂ ਤੇ ਦੇਸ਼ ਦੀ ਕੁੱਲ ਅਬਾਦੀ ਲਈ ਗਰੰਟੀ ਸ਼ੁਧਾ ਹੱਕ ਬਣ ਗਈਆਂ। 

ਮਾਰਚ 1920 ਵਿੱਚ ਸਿਹਤ ਵਿਭਾਗਾਂ ਦੀ ਦੂਜੀ ਕੁੱਲ ਰੂਸੀ ਕਾਂਗਰਸ ਕੀਤੀ ਗਈ ਜਿਸ ਵਿੱਚ ਹੁਣ ਤੱਕ ਕੀਤੇ ਕੰਮ ਦਾ ਨਿਚੋੜ ਕੱਢਿਆ ਗਿਆ ਅਤੇ ਸੋਵੀਅਤ ਸਿਹਤ ਸੰਭਾਲ ਦੇ ਵਿਕਾਸ ਲਈ ਅਗਲੇਰੇ ਮਾਰਗ ਦਾ ਖਾਕਾ ਤਿਆਰ ਕੀਤਾ ਗਿਆ। ਉਸ ਸਮੇਂ ਤੱਕ ਜਿੱਥੇ ਵੱਖ ਵੱਖ ਰੋਗਾਂ ਤੋਂ ਰੋਕਥਾਮ ’ਚ ਸੁਧਾਰ, ਅਸਰਦਾਰ ਘਰੇਲੂ ਮੈਡੀਕਲ ਸਹੂਲਤਾਂ, ਕਾਰੋਬਾਰੀ ਥਾਵਾਂ ’ਤੇ ਫਸਟ-ਏਡ ਦੇ ਪ੍ਰਬੰਧਾਂ ਅਦਿ ਪੱਖੋਂ ਮੈਡੀਕਲ ਸੰਸਥਾਵਾਂ ’ਚ ਗਿਣਨਯੋਗ ਵਾਧਾ ਹੋ ਚੁੱਕਾ ਸੀ ਅਤੇ ਮਹਾਂਮਾਰੀਆਂ ’ਚ ਕਾਫੀ ਗਿਰਾਵਟ ਆ ਗਈ ਸੀ। ਇੱਕ ਹੋਰ ਮਹੱਤਵਪੂਰਨ ਗੱਲ ਇਹ, ਕਿ ਇਨ੍ਹਾਂ ਸਾਰੇ ਮਾਮਲਿਆਂ ’ਚ ਖਤਰੇ ਭਰਪੂਰ ਕੰਮ ਦੀਆਂ ਹਾਲਤਾਂ ਵਾਲੀਆਂ ਸਨਅਤਾਂ ਨੂੰ ਪਹਿਲ ’ਤੇ ਰੱਖਿਆ ਗਿਆ ਸੀ। 

ਛੂਤਛਾਤ ਦੇ ਰੋਗਾਂ ਦੇ ਫੈਲਾਅ ਦਾ ਮੁੱਖ ਕਾਰਨ ਨਾ-ਸਾਜ਼ਗਾਰ ਸਮਾਜਕ ਹਾਲਤਾਂ ’ਚ ਪਿਆ ਸੀ। ਸਵਸਥ ਸੱਭਿਆਚਾਰ ਪੱਖੋਂ ਲੋਕਾਂ ਦਾ ਨੀਵਾਂ ਪੱਧਰ ਇਸਨੂੰ ਹੋਰ ਬਦਤਰ ਬਣਾਉਣ ਦਾ ਭਾਗੀਦਾਰ ਬਣਦਾ ਸੀ। 1920-21 ਵਿੱਚ People's Commissariat of Health ਦੇ ਸਵਸਥ ਅਤੇ ਛੂਤ ਦੇ ਰੋਗਾਂ ਦੇ ਵਿਭਾਗ (Sanitary Epidemic Department) ਵੱਲੋਂ ਦਸਤਾਂ- ਉਛਾਲੀਆਂ (gastro enteritis) ਰੋਗਾਂ ਦੀ ਰੋਕਥਾਮ ਲਈ ਮੁਹਿੰਮ ਹੱਥ ਲਈ ਗਈ। ਇਸ ਮੁਹਿੰਮ ਦੇ ਅੰਗ ਵਜੋਂ ਪਾਣੀ ਦੇ ਸੋਮਿਆਂ ਦੀ ਸੁਰੱਖਿਆ ਅਤੇ ਇਨ੍ਹਾਂ ’ਚ ਸੁਧਾਰ ਲਈ ਪਾਣੀ ਸਪਲਾਈ ਹਫਤਾ ਜਥੇਬੰਦ ਕੀਤਾ ਗਿਆ, ਪਾਣੀ ਸਪਲਾਈ ਦੇ ਸੋਮਿਆਂ ਨੂੰ ਸਾਫ ਕੀਤਾ ਗਿਆ ਤੇ ਮੁਰੰਮਤ ਕੀਤੀ ਗਈ। ਹੈਜ਼ੇ ਨੂੰ ਕਾਬੂ ਕਰਨ ਲਈ ਵੱਡੀ ਪੱਧਰ ’ਤੇ ਇੰਤਜ਼ਾਮ ਕੀਤੇ ਗਏ। ਮਹਾਂਮਾਰੀ ਫੈਲਣ ਤੋਂ ਬਚਾਅ ਲਈ ਸ਼ਹਿਰਾਂ, ਪਿੰਡਾਂ, ਰੇਲਵੇ ਸਟੇਸ਼ਨਾਂ, ਦਰਿਆਵਾਂ ਤੇ ਸਮੁੰਦਰੀ ਕੰਢਿਆਂ ’ਤੇ ਹੰਗਾਮੀ ਪੱਧਰ ’ਤੇ ਸਵੱਛਤਾ ਤੇ  ਸੁਰੱਖਿਆ ਪ੍ਰਬੰਧ ਕੀਤੇ ਗਏ। ਹਸਪਤਾਲਾਂ ਦੇ ਤਾਣੇ-ਬਾਣੇ ਦਾ ਪਸਾਰਾ ਕੀਤਾ ਗਿਆ। ਛੂਤਛਾਤ ਦੇ ਰੋਗਾਂ ਨੂੰ ਕਾਬੂ ਕਰਨ ਲਈ ਜਥੇਬੰਦ ਕੀਤੇ ਬੰਦੋਬਸਤਾਂ ’ਚ ਸੋਵੀਅਤ ਸੱਤਾ ਦੇ ਹਰੇਕ ਪੱਧਰਾਂ ’ਤੇ ਸਰਕਾਰ ਅਤੇ ਸਿਹਤ ਅਧਿਕਾਰੀਆਂ ਨੇ ਸ਼ਾਨਦਾਰ ਉੱਦਮ ਜੁਟਾਇਆ। 

20ਵਿਆਂ ਵਿੱਚ ਪਲੇਗ ਵਿਰੋਧੀ ਜਥੇਬੰਦੀਆਂ ਦਾ ਅਧਾਰ ਤਾਣਾ-ਬਾਣਾ ਸਥਾਪਤ ਕੀਤਾ ਗਿਆ, ਜਿਸਦੀ ਬਦੌਲਤ ਇਸ ਰੋਗ ਦੀ ਤਸੱਲੀਬਖਸ਼ ਰੋਕਥਾਮ ਯਕੀਨੀ ਹੋਈ। ਵੱਖ ਵੱਖ ਵਿਗਿਆਨੀਆਂ ਨੇ ਪਲੇਗ ਨੂੰ ਕਾਬੂ ਕਰਨ ਲਈ ਵੱਖ ਵੱਖ ਬੰਦੋਬਸਤ ਵਿਕਸਤ ਕਰਨ ’ਚ ਹਿੱਸਾ ਪਾਇਆ। 1924 ਤੋਂ ਮਲੇਰੀਆ ਵਿਰੋਧੀ ਸੰਸਥਾਵਾਂ ਸਥਾਪਤ ਹੋਈਆਂ। ਮਲੇਰੀਏ ਖਿਲਾਫ਼ ਯੁੱਧ ਵਿੱਚ ਵੱਖ ਵੱਖ ਪੇਸ਼ੇਵਰ ਜਥੇਬੰਦੀਆਂ ਅਤੇ ਆਮ ਲੋਕਾਂ ਨੇ ਸਮੂਲੀਅਤ ਕੀਤੀ। 1922 ਵਿੱਚ ਗੋਮਿਲ ਵਿੱਚ ਪਹਿਲਾ ਸਵਸਥ ਕੇਂਦਰ ਸਥਾਪਤ ਕੀਤਾ ਗਿਆ। 1937 ਤੱਕ ਦੇਸ਼ ਵਿੱਚ 775 ਅਜਿਹੀਆਂ ਸੰਸਥਾਵਾਂ ਚਾਲੂ ਹੋ ਚੁੱਕੀਆਂ ਸਨ। 1924 ਵਿੱਚ ਬੁਖਾਰਾ ’ਚ ”Uzbek Institute of Tropical Medicine  ਸਥਾਪਤ ਕੀਤੀ ਗਈ ਅਤੇ ਕਿਰਮ ਰੋਗਾਂ ਦੇ ਖਿਲਾਫ਼ ਯੁੱਧ ਦਾ ਮੁੱਢ ਬੰਨ੍ਹਿਆਂ ਗਿਆ। 1933 ’ਚ Anti-Tularemia ਅਤੇ 1935 ’ਚ Anti-Brucellosis  ਕੇਂਦਰ ਸਥਾਪਤ ਕੀਤੇ ਗਏ। 1955 ਇਹਨਾਂ ਵੱਖ ਵੱਖ ਵਿਸ਼ੇਸ਼ ਕੇਂਦਰਾਂ ਨੂੰ ਖੇਤਰੀ ਸਵਸਥ ਤੇ ਵਬਾ ਕੇਂਦਰਾਂ (Regional sanitary & epidemiological stations) ’ਚ ਸਮੋ ਲਿਆ ਗਿਆ। ਸੋਵੀਅਤ ਸੱਤਾ ਦੌਰਾਨ ਇਹਨਾਂ ਕੇਂਦਰਾਂ ਦਾ ਵੱਡੀ ਪੱਧਰ ’ਤੇ ਪਸਾਰ ਤੇ ਮਜ਼ਬੂਤੀ ਕੀਤੀ ਗਈ। ਇਹ ਸੰਸਥਾਵਾਂ ਸਵਸਥ ਅਤੇ ਮਹਾਂਮਾਰੀ ਵਿਰੋਧੀ ਸੇਵਾਵਾਂ ਦੇ ਮੁੱਖ ਕੇਂਦਰ ਬਣੇ। ਅਗਲੇ ਸਾਲਾਂ ਦੌਰਾਨ ਛੂਤਛਾਤ ਦੇ ਰੋਗਾਂ ਦੀ ਰੋਕਥਾਮ ਤੇ ਕੰਟਰੋਲ ਲਈ ਨਵੀਆਂ ਦਵਾਈਆਂ ਤੇ ਕੰਟਰੋਲ ਦੇ ਨਵੇਂ ਪ੍ਰਬੰਧ ਈਜਾਦ ਕਰਨ ਲਈ ਦੇਸ਼ ’ਚ ਦਰਜਨਾਂ ਖੋਜ ਕੇਂਦਰ ਸਥਾਪਤ ਕੀਤੇ ਗਏ। 1931-32 ਵਿੱਚ ਬੱਚਿਆਂ ਦੀ ਗਲ-ਘੋਟੂ (Diphtheria)  ਬਿਮਾਰੀ ਦੇ ਖਿਲਾਫ਼ ਸੰਸਾਰ ’ਚ ਪਹਿਲਾ ਵੈਕਸੀਨ ਵਿਕਸਤ ਕੀਤਾ ਅਤੇ ਹਰੇਕ ਬੱਚੇ ਦੇ ਲਗਾਉਣਾ ਸ਼ੁਰੂ ਕੀਤਾ। ਪੋਲੀਓ ਦੇ ਬੂੰਦਾਂ ਵਾਲੇ ਵੈਕਸੀਨ ਦੀ ਕਾਢ ਨੇ ਸੰਸਾਰ ਪੱਧਰ ’ਤੇ ਨਾਮਣਾ ਖੱਟਿਆ। 

ਸਧਾਰਨ ਮੈਡੀਕਲ ਕਾਮਿਆਂ ਨੇ ਮਹਾਂਮਾਰੀ ਵਿਰੋਧੀ ਪ੍ਰਬੰਧਾਂ ’ਚ ਉੱਘਾ ਯੋਗਦਾਨ ਪਾਇਆ। ਪਿੰਡਾਂ ਤੇ ਸ਼ਹਿਰਾਂ ’ਚ ਉਹ ਲੋਕਾਂ ’ਚ ਜਾਂਦੇ ਅਤੇ ਰੋਗੀਆਂ ਦੇ ਮੇਲ-ਮਿਲਾਪ ’ਚ ਰਹਿ ਰਹੇ ਵਿਅਕਤੀਆਂ ਦੀ ਸ਼ਨਾਖ਼ਤ ਕਰਦੇ। ਉਹ ਲੋਕਾਂ ਨਾਲ ਵਾਰਤਾਲਾਪ ’ਚ ਪੈਂਦੇ ਅਤੇ ਛੂਤਾਂ ਦੀ ਰੋਕਥਾਮ ਦੇ ਪ੍ਰਬੰਧਾਂ ਦੀ ਪਾਲਣਾ ਕਰਨ ਵਾਸਤੇ ਉਹਨਾਂ ਨੂੰ ਪ੍ਰੇਰਦੇ, ਰੋਗੀਆਂ ਦਾ ਪਤਾ ਲਾਉਂਦੇ, ਉਹਨਾਂ ਨੂੰ ਸਿਹਤ ਕੇਂਦਰ ’ਚ ਲੈ ਕੇ ਆਉਂਦੇ, ਰੋਗਾਣੂੰ ਨਾਸ਼ਕ ਪ੍ਰਬੰਧਾਂ ਨੂੰ ਜਥੇਬੰਦ ਕਰਦੇ। ਉਹ ਟਾਈਫਾਈਡ ਬੁਖਾਰ, ਦਸਤ, ਪੀਲੀਆ, ਕਿਰਮ ਰੋਗ ਆਦਿ ਰੋਗੀਆਂ ਦੇ ਨਿਰੀਖਣ ’ਚ ਸ਼ਾਮਲ ਹੁੰਦੇ। 

ਕੰਮਕਾਰ ਦੀਆਂ ਥਾਵਾਂ ਨੂੰ ਸੰਗਠਤ ਕਰਨ ਅਤੇ ਉਨ੍ਹਾਂ ’ਤੇ ਜ਼ਰੂਰੀ ਸਮੱਗਰੀ ਮੁਹੱਈਆ ਕਰਨ, ਰਿਹਾਇਸ਼ੀ ਥਾਵਾਂ ਦੇ ਪ੍ਰਬੰਧ ਕਰਨ ਅਤੇ ਵੱਖ ਵੱਖ ਖਪਤਕਾਰੀ ਸੇਵਾਵਾਂ ਸਥਾਪਤ ਕਰਨ ਆਦਿ ਹਦਾਇਤਾਂ ਨੂੰ ਪ੍ਰਫੁੱਲਤ ਕਰਨ ਦੇ ਕਦਮ ਚੁੱਕੇ ਗਏ। ਖੁੱਲ੍ਹੀਆਂ ਥਾਵਾਂ, ਪਿੰਡਾਂ, ਬਾਗਾਂ, ਪਾਰਕਾਂ ਦੀ ਹਾਲਤ ਸੁਧਾਰਨ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ। ਸਵਸਥ ਨਿਵਾਸ (sanatorium) ਅਤੇ ਆਰਾਮ ਘਰਾਂ ਦਾ ਜਾਲ ਵਿਛਾਇਆ ਗਿਆ। ਪੁਰਾਣੀਆਂ ਤੇ ਨਵੀਆਂ ਮੈਡੀਕਲ ਸੰਸਥਾਵਾਂ ਨੂੰ ਭੋਜਨ ਤੇ ਦਵਾਈਆਂ ਦੇ ਸਟਾਕ ਮੁਹੱਈਆ ਕੀਤੇ ਗਏ। ਮਰੀਜ਼ਾਂ ਦੇ ਖਾਣੇ ਦੇ ਪ੍ਰਬੰਧ ਕੀਤੇ ਗਏ। ਇਹਨਾਂ ਪ੍ਰਬੰਧਾਂ ਦੇ ਸਿੱਟੇ ਵਜੋਂ ਮਹਾਂਮਾਰੀਆਂ ਦੇ ਵਾਪਰਨ ’ਚ ਸੱਚਮੁੱਚ ਹੀ ਕਮੀ ਆਈ ਅਤੇ 1923 ਤੱਕ ਮਹਾਂਮਾਰੀਆਂ ਦਾ ਅਮਲੀ ਪੱਖ ਤੋਂ ਖਾਤਮਾ ਹੋਇਆ। 

ਸੋਵੀਅਤ ਸਰਕਾਰ ਵੱਲੋਂ ਜਨ-ਸਮੂਹ ਦੀ ਸਿਹਤ-ਸਿੱਖਿਆ ਪ੍ਰਤੀ ਗੰਭੀਰ ਧਿਆਨ ਦਿੱਤਾ ਗਿਆ। ‘‘ਵੱਖ ਵੱਖ ਸਵਸਥ ਹਫ਼ਤੇ’’ ਜਿਵੇਂ ਟਾਈਫ਼ਸ ਵਿਰੁੱਧ ਯੁੱਧ ਦਾ ਹਫ਼ਤਾ ਵਗੈਰਾ ਮਨਾਏ ਗਏ। ਇਹਨਾਂ ‘‘ਹਫ਼ਤਿਆਂ’’ ਦਾ ਮਕਸਦ ਆਮ ਲੋਕਾਂ ਨੂੰ ਸਿਹਤ ਸਮੱਸਿਆਵਾਂ ਬਾਰੇ ਜਾਣੂੰ ਕਰਵਾਉਣਾ ਅਤੇ ਉਨ੍ਹਾਂ ਨੂੰ ਸਿਹਤ ਸੁਰੱਖਿਆ ਦੇ ਮਾਮਲੇ ’ਚ ਚੇਤੰਨ ਤੇ ਸਰਗਰਮ ਸ਼ਮੂਲੀਅਤ ਕਰਵਾਉਣੀ ਸੀ। ਸੋਵੀਅਤ ਯੂਨੀਅਨ ਨੇ ਸਿਹਤ ਸੁਰੱਖਿਆ ਦੇ ਮਾਮਲੇ ’ਚ ਗੌਰਵਮਈ ਕਦਮ ਉਦੋਂ ਚੁੱਕੇ ਜਦ ਸੰਸਾਰ ’ਚ ਕਿਧਰੇ ਵੀ ਇਹਨਾਂ ਦੇ ਨਾਮ-ਨਿਸ਼ਾਨ ਨਹੀਂ ਸਨ। ਮੌਜੂਦਾ ਸੰਸਾਰ ਸਿਹਤ ਸੰਸਥਾ ਵੱਲੋਂ ਜਿਸ ਪਬਲਿਕ ਸਿਹਤ ਦੇ ਅਸੂਲਾਂ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ ਸੋਵੀਅਤ ਯੂਨੀਅਨ ਦੀ ਸਰਕਾਰ ਇਹਨਾਂ ਨਿਯਮਾਂ ਅਸੂਲਾਂ ਨੂੰ ਰੂਸ ਦੀ ਧਰਤੀ ’ਤੇ ਕਈ ਦਹਾਕੇ ਪਹਿਲਾਂ ਹੀ ਸਫਲਤਾ ਪੂਰਵਕ ਅੰਜਾਮ ਦੇ ਚੁੱਕੀ ਸੀ। ਅਤੇ ਸੋਵੀਅਤ ਸਰਕਾਰ ਨੇ ਜਨਤਾ ਦੇ ਵਿਸ਼ਾਲ ਹਿੱਸਿਆਂ ਨੂੰ ਸਿੱਖਿਅਤ ਕਰਨ ਰਾਹੀਂ ਅਤੇ ਉਨ੍ਹਾਂ ਦੇ ਸਰਗਰਮ ਸਹਿਯੋਗ ਨਾਲ ਇਹ ਦਿਉ-ਕੱਦ ਪ੍ਰਾਪਤੀਆਂ ਕੀਤੀਆਂ ਨਾ ਕਿ ਮੋਦੀ ਸਰਕਾਰ ਵਾਂਗ ਲੋਕਾਂ ਨੂੰ ਘਰਾਂ ’ਚ ਤਾੜ ਕੇ ਅਤੇ ਪੁਲਸੀ ਡੰਡਿਆਂ ਤੇ ਜਾਬਰ ਹੱਥਕੰਡਿਆਂ ਦੀ ਵਰਤੋਂ ਕਰਨ ਰਾਹੀਂ।

ਘਰੇਲੂ ਜੰਗ ਦੇ ਅੰਤ ’ਤੇ ਅਤੇ ਨਵੀਂ ਆਰਥਕ ਨੀਤੀ ਵੱਲ ਤਬਦੀਲੀ ਨਾਲ ਸਿਹਤ ਦੇ ਜਨ-ਵਿਭਾਗ ਨੇ ਕੰਮਕਾਰ ਤੇ ਜ਼ਿੰਦਗੀ ਦੇ ਸੁਧਾਰ ਲਈ ਰੋਕਥਾਮ ਦੇ ਵਿਸਤ੍ਰਿਤ ਪ੍ਰਬੰਧਾਂ ਨੂੰ ਅਮਲ ’ਚ ਲਿਆਉਣ ਖਾਤਰ ਪੁਰਾਣੀਆਂ ਮੈਡੀਕਲ ਸੰਸਥਾਵਾਂ ਦੀ ਪੁਨਰ-ਸਥਾਪਨਾ ਤੇ ਨਵੀਆਂ ਪੈਦਾ ਕਰਨ ਵੱਲ ਗਹੁ ਕਰਨਾ ਸ਼ੁਰੂ ਕੀਤਾ। ਤਬਦਿਕ ਦੇ ਖਾਤਮੇ ਲਈ ਕਦਮ ਚੁੱਕੇ ਗਏ। ਲਿੰਗਕ ਰੋਗਾਂ ਦੀ ਰੋਕਥਾਮ ਤੇ ਇਲਾਜ ਲਈ ਪ੍ਰਬੰਧ ਕੀਤੇ ਗਏ। ਪੇਸ਼ੇਵਾਰਾਨਾ ਰੋਗਾਂ ਨੂੰ ਕਾਬੂ ਕਰਨ ਲਈ ਡਿਸਪੈਂਸਰੀਆਂ ਦਾ ਇੱਕ ਵਿਸ਼ਾਲ ਜਾਲ ਵਿਛਾਇਆ ਗਿਆ। ਰੋਗਾਂ ਦੀ ਵੇਲੇ ਸਿਰ ਸ਼ਨਾਖ਼ਤ ਲਈਇਹਨਾਂ ਡਿਸਪੈਂਸਰੀਆਂ ਵਿੱਚ, ਖਾਸ ਕਰਕੇ ਜੋਖਮ ਭਰਪੂਰ ਕੰਮ ਦੀਆਂ ਹਾਲਤਾਂ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਲਾਜ਼ਮੀ ਰਜਿਸਟ੍ਰੇਸ਼ਨ ਅਤੇ ਅਰਸਾਵਾਰ ਸਮੁੱਚੀ ਮੈਡੀਕਲ ਜਾਂਚ ਸ਼ੁਰੂ ਕੀਤੀ ਗਈ।

1925 ਵਿੱਚ ਸਿਹਤ ਦੇ ਜਨ ਵਿਭਾਗ ਦੀ ਰਿਪੋਰਟ ਅਨੁਸਾਰ ਮੌਤ ਦਰ ਵਿੱਚ ਮਹੱਤਵਪੂਰਨ ਗਿਰਾਵਟ ਨੋਟ ਕੀਤੀ ਗਈ। ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਮੌਤ ਦਰ ਘਟ ਕੇ 13.7% ’ਤੇ ਆ ਗਈ। ਛੂਤਛਾਤ ਦੇ ਰੋਗਾਂ ’ਚ ਭਾਰੀ ਕਮੀ ਆਈ। ਵੱਖ ਵੱਖ ਤਰ੍ਹਾਂ ਦੀਆਂ ਮੈਡੀਕਲ ਸੰਸਥਾਵਾਂ ’ਚ ਤੇਜ਼ੀ ਨਾਲ ਵਾਧਾ ਹੋਇਆ; ਜੱਚਾ-ਬੱਚਾ ਦੀ ਸਿਹਤ ਸੁਰੱਖਿਆ ਦੇ ਮਾਮਲੇ ’ਚ ਗਿਣਨਯੋਗ ਸੁਧਾਰ ਹੋਇਆ। ਪਰ ਇਸਦੇ ਨਾਲ ਹੀ ਦਿਹਾਤੀ ਸਿਹਤ ਸੰਭਾਲ ਦੇ ਪਛੜੇ ਰਹਿ ਰਹੇ ਕੰਮ ਅਤੇ ਇਸ ’ਚ ਸੁਧਾਰ ਕਰਨਦੀ ਲੋੜ ਨੋਟ ਕੀਤੀ ਗਈ। 

ਮਈ 1927 ਵਿੱਚ ਮਾਸਕੋ ’ਚ ਸਿਹਤ ਵਿਭਾਗ ਦੀ 6ਵੀਂ ਕਾਂਗਰਸ ਵਿੱਚ ਪਿਛਲੇ 10 ਸਾਲਾਂ ਦੇ ਸਿੱਟਿਆਂ ਦਾ ਨਿਚੋੜ ਕੱਢਿਆ ਗਿਆ। ਇਸਦੀ ਰਿਪੋਰਟ ’ਚ ਛੂਤਛਾਤ ਦੇ ਰੋਗਾਂ ਤੋਂ ਬਿਮਾਰ ਦਰ ਅਤੇ ਮੌਤ ਦਰ ’ਚ 20% ਦੀ ਕਮੀ ਆਈ, ਹਸਪਤਾਲਾਂ ਦੇ ਬੈੱਡਾਂ ’ਚ 40% ਦਾ ਵਾਧਾ ਅਤੇ ਹਸਪਤਾਲਾਂ ਦੇ ਬਾਹਰੀ ਮਰੀਜ਼ਾਂ ਤੇ ਗਰਭਵਤੀ ਔਰਤਾਂ ਦੇ ਕਲੀਨਿਕਾਂ ’ਚ ਭਾਰੀ ਵਾਧਾ ਨੋਟ ਕੀਤਾ ਗਿਆ। 

ਦੂਜੀ ਸੰਸਾਰ ਜੰਗ ਦੌਰਾਨ ਜਦ ਦੇਸ਼ ਦੁਸ਼ਮਣ ਦੇ ਖਿਲਾਫ਼ ਲੜ ਰਿਹਾ ਸੀ, ਜਨਤਾ ਦਾ ਜੀਵਨ ਪੱਧਰ ਤੇਜ਼ੀ ਨਾਲ ਹੇਠਾਂ ਡਿੱਗਿਆ। ਜਨਤਾ ਦੇ ਪ੍ਰਵਾਸ ’ਚ ਕਈ ਗੁਣਾ ਵਾਧਾ ਹੋਇਆ। ਹਜ਼ਾਰਾਂ ਫੈਕਟਰੀਆਂ ਖਾਲੀ ਕੀਤੀਆਂ ਗਈਆਂ। ਪੈਦਾ ਹੋਈ ਇਸ ਹਾਲਤ ਨੇ ਛੂਤਛਾਤ ਦੇ ਰੋਗਾਂ ਦੇ ਫੈਲਾਅ ਲਈ ਅਗਾਊਂ ਮੁਸ਼ਕਲ ਭਰੀਆਂ ਹਾਲਤਾਂ ਪੈਦਾ ਕੀਤੀਆਂ। ਪਰ ਮਹਾਨ ਦੇਸ਼ ਭਗਤ ਜੰਗ ਸ਼ੁਰੂ ਹੋਣ ਸਾਰ ਹਾਲਤ ’ਚ ਤਬਦੀਲੀ ਆਈ। ਜ਼ੋਰਦਾਰ ਮਿਹਨਤ ਤੇ ਵਿਸ਼ਾਲ ਜਨਤਕ ਹਮਾਇਤ ਨਾਲ ਸਥਾਪਤ ਕੀਤੇ ਇਸ ਸਿਹਤ ਸਿਸਟਮ ਦੀ ਹੀ ਦੇਣ ਸੀ ਕਿ ਮਹਾਨ ਦੇਸ਼ ਭਗਤ ਜੰਗ ਦੌਰਾਨ ਜੰਗਾਂ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਸੀ ਕਿ ਜੰਗ ਦੇ ਮੋਰਚਿਆਂ ਤੋਂ ਛੂਤਛਾਤ ਦੇ ਰੋਗਾਂ ਦੇ ਫੈਲਾਅ ਪੱਖੋਂ ਵੱਡੀ ਪੱਧਰ ’ਤੇ ਨਿਜ਼ਾਤ ਪ੍ਰਾਪਤ ਹੋਈ। ਜੇ ਕੋਈ ਛਿਟਪੁਟ ਘਟਨਾਵਾਂ ਵਾਪਰਦੀਆਂ ਸੋਵੀਅਤ ਡਾਕਟਰ ਅਜਿਹੇ ਰੋਗਾਂ ਨੂੰ ਫੁੱਟਣ ਸਾਰ ਹੀ ਕਾਬੂ ਕਰਦਾ ਰਹੇ। 

ਇਹ ਸਿਰਫ਼ ਸੋਵੀਅਤ ਸਿਸਟਮ ਦਾ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ ਸਿਹਤ ਪੱਖੋਂ ਜ਼ਾਰਸ਼ਾਹੀ ਰੂਸ ਦੀ ਕਾਲਖਾਂ ਭਰੀ ਕਾਲੀ ਤਸਵੀਰ ਨੂੰ ਦਫ਼ਨ ਕਰਕੇ ਮੁੱਢੋਂ ਸੁੱਢੋਂ ਬੁਨਿਆਦੀ ਤੌਰ ’ਤੇ ਇੱਕ ਨਵੇਂ ਨਿਵੇਕਲੇ ਅਤੇ ਸੰਸਾਰ ਦੇ ਸਭ ਤੋਂ ਪਹਿਲੇ ਸਿਹਤ ਸਿਸਟਮ ਦੀ ਨੀਂਹ ਧਰੀ ਅਤੇ ਇਸਨੂੰ ਬੁਲੰਦੀਆਂ ’ਤੇ ਪਹੁੰਚਾਇਆ। ਇਹ ਕੋਈ ਇਤਫਾਕ ਵੱਸ ਨਹੀਂ ਸੀ ਕਿ ਦੂਜੀ ਸੰਸਾਰ ਜੰਗ ਤੋਂ ਮਗਰਲੀਆਂ ਬਰਤਾਨਵੀ ਪਾਰਲੀਮੈਂਟ ਦੀਆਂ ਚੋਣਾਂ ਦੌਰਾਨ ਲੇਬਰ ਪਾਰਟੀ ਦਾ ਇੱਕ ਨਾਅ੍ਹਰਾ ਇਹ ਸੀ, ‘‘ਆਓ ਸੋਵੀਅਤ ਯੂਨੀਅਨ ਦੀ ਤਰਜ਼ ਦੇ ਸਿਹਤ-ਸੰਭਾਲ ਸਿਸਟਮ ਦੀ ਸਿਰਜਣਾ ਕਰੀਏ।’’ਇੱਕ ਸਾਮਰਾਜੀ ਲਫਟੈਣ ਨੂੰ ਸੋਵੀਅਤ ਸਿਸਟਮ ਅੱਗੇ ਸਿਜਦਾ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਸੀ। 

ਪਰ ਸਮਾਜਵਾਦ ਦੇ ਦੁਸ਼ਮਣਾਂ ਨੂੰ ਸਿਮਾਸ਼ਕੋ ਸਿਸਟਮ ਦੇ ਨਾਂ ਨਾਲ ਜਾਣਿਆ ਜਾਂਦਾ ਸੋਵੀਅਤ ਹੈਲਥ ਸਿਸਟਮ ਰਾਸ ਨਾ ਆਇਆ। ਦੇਸ਼ ਵਿੱਚ ਪੂੰਜੀਵਾਦ ਦੀ ਬਹਾਲੀ ਨੇ ਅਤੇ ਫਿਰ ਵਿਸ਼ੇਸ਼ ਕਰਕੇ 1990 ਦੇ ‘‘ਮਾਰਕੀਟ ਸੁਧਾਰਾਂ’’  ਨੇ ਇਸ ਸਿਸਟਮ ’ਤੇ ਵਦਾਣੀ ਸੱਟ ਮਾਰਨ ਰਾਹੀਂ ਇਸ ਨੂੰ ਨਸ਼ਟ ਕਰਨਾ ਸ਼ੁਰੂ ਕੀਤਾ ਹੋਇਆ ਹੈ। ਪਰ ਉਹ ਇਸ ਨੂੰ ਐਡੀ ਛੇਤੀ ਤਬਾਹ ਨਾ ਕਰ ਸਕੇ। ਪੱਲਿਉਂ ਧਨ ਦੀ ਅਦਾਇਗੀ ਵਾਲੀ ਮੈਡੀਕਲ ਸਹੂਲਤ ਦੇ ਵਿਸ਼ਾਲ ਤੇ ਵਿਸਤ੍ਰਿਤ ਦਾਖ਼ਲੇ ਦੇ ਬਾਵਜੂਦ ਉਹ ਸਿਮਾਸ਼ਕੋ ਸਿਸਟਮ ਨੂੰ ਮਕੰਮਲ ਰੂਪ ’ਚ ਤਬਾਹ ਨਹੀਂ ਕਰ ਸਕੇ ਹਨ। ਸਿੱਟੇ ਵਜੋਂ ‘‘ਵਿਕਸਤ ਪੂੰਜੀਵਾਦੀ ਦੇਸ਼ਾਂ’’ ( ਮਿਸਾਲ ਵਜੋਂ ਅਮਰੀਕਾ ਤੇ ਬਰਤਾਨੀਆ) ਦੇ ਮੁਕਾਬਲੇ ਕੋਰੋਨਾ ਮਹਾਂਮਾਰੀ ਦੇ ਪੀੜਤਾਂ ਦੇ ਦ੍ਰਿਸ਼ ਰੂਸ ਵਿੱਚ ਐਨੇ ਭਿਆਨਕ ਦਿਖਾਈ ਨਹੀਂ ਦਿੱਤੇ। ਇਹ ਸੋਵੀਅਤ ਸਿਹਤ ਸਿਸਟਮ ਸਿਮਾਸ਼ਕੋ ਸਿਸਟਮ ਦੀ ਅਜੇ ਤਬਾਹ ਹੋਣੋਂ ਬਚੀ ਹੋਈ ਰਹਿੰਦ-ਖੂੰਹਦ ਕਰਕੇ ਹੀ ਹੈ, ਜਿਸਦੇ ਅਸੀਂ ਸਾਰੇ ਰਿਣੀ ਮਹਿਸੂਸ ਕਰਦੇ ਹਾਂ। 

(ਰੈਵੋਲੂਸ਼ਨਰੀ ਡੈਮੋਕਰੇਸੀ ਦੀ ਲਿਖਤ ਦੇ ਅਧਾਰ ’ਤੇ)

No comments:

Post a Comment