Tuesday, November 8, 2022

ਗ਼ਦਰ ਪਾਰਟੀ ਦੇ ਰਾਹ ਤੇ ਦਿ੍ਰਸ਼ਟੀਕੋਣ ਬਾਰੇ

 ਗ਼ਦਰ ਅਖ਼ਬਾਰ ਦੀ ਵਰ੍ਹੇ ਗੰਢ ਮੌਕੇ.. .. .. 

ਗ਼ਦਰ ਪਾਰਟੀ ਦੇ ਰਾਹ ਤੇ ਦਿ੍ਰਸ਼ਟੀਕੋਣ ਬਾਰੇ

ਗ਼ਦਰ ਪਾਰਟੀ ਦੀ ਪਹੁੰਚ ਸੀ ਕਿ 

-ਅਰਜ਼ੀ-ਪਰਚਾ ਅਤੇ ਸੱਤਿਆਗ੍ਰਹਿ ਤਜਰਬੇ ’ਚੋਂ ਸਪਸ਼ਟ ਤੌਰ ’ਤੇ ਰੱਦ ਹੋ ਚੁੱਕਿਆ ਰਾਹ ਹੈ। ਇਸਨੂੰ ਅਪਨਾਉਣ ਤੇ ਇਸਦੀ ਵਜਾਹਤ ਕਰਨ ਵਾਲੀਆਂ ਸ਼ਕਤੀਆਂ ਵੀ ਰੱਦ ਕੀਤੀਆਂ ਗਈਆਂ ਸਨ। 

- ਹਥਿਆਰਬੰਦ ਬਗਾਵਤ ਰਾਹੀਂ ਅੰਗਰੇਜ਼ੀ ਹਕੂਮਤ ਦਾ ਤਖਤਾ ਪਲਟਣਾ, ਅੰਗਰੇਜ਼ੀ ਫ਼ੌਜ ਅਤੇ ਅੰਗਰੇਜ਼ ਅਫ਼ਸਰਸ਼ਾਹੀ ਨੂੰ ਸਰੀਰਕ ਤੌਰ ’ਤੇ ਖਤਮ ਕਰਨਾ। ਪਿੱਠੂਆਂ ਨੂੰ ਸਜ਼ਾਵਾਂ ਦੇਣਾ।

- ਗੁਪਤ ਕੰਮ ਢੰਗ ਰਾਹੀਂ ਫ਼ੌਜ ਦੇ ਅੰਦਰ ਕੰਮ ਕਰਨਾ ਤੇ ਉਸਨੂੰ ਬਗਾਵਤ ਲਈ ਤਿਆਰ ਕਰਨਾ। ਬਾਹਰੋਂ ਮਜ਼ਦੂਰਾਂ-ਕਿਸਾਨਾਂ ਨੂੰ ਪ੍ਰਚਾਰ ਰਾਹੀਂ ਫ਼ੌਜ ਦੀ ਬਗਾਵਤ ਸਮੇਂ ਉੱਠ ਖੜ੍ਹੇ ਹੋਣ ਲਈ ਤਿਆਰ ਕਰਨਾ।

- ਵਿਦੇਸ਼ਾਂ ਵਿੱਚੋਂ ਗ਼ਦਰ ਪਾਰਟੀ ਦੀਆਂ ਸਮੁੱਚੀਆਂ ਇਕਾਈਆਂ ਨੂੰ ਹਥਿਆਰਬੰਦ ਕਰਕੇ ਭਾਰਤ ਵਿੱਚ ਪਹੁੰਚਦੇ ਕਰਨਾ ਅਤੇ ਉਪਰੋਕਤ ਕਾਰਜ਼ ਨੂੰ ਨੇਪਰੇ ਚਾੜ੍ਹਨ ਲਈ ਮੈਦਾਨ ’ਚ ਉਤਾਰਨਾ।

- ਗੋਰੇ ਹਾਕਮਾਂ ਦੀ ਨੀਤੀ “ਪਾੜੋ ਅਤੇ ਰਾਜ ਕਰੋ” ਦੀ ਹੈ----ਇਸਦੀ ਪਛਾਣ ਕਰਨਾ ਹੈ, ਇਸਨੂੰ ਭਾਂਜ ਦੇਣਾ ਅਤੇ ਇਸਦਾ ਬਦਲ ਦੇਣਾ ਹੈ।

- ਧਰਮ ਇੱਕ ਨਿੱਜੀ ਮਾਮਲਾ ਹੈ। ਹਰ ਇੱਕ ਦੇ ਨਿੱਜੀ ਧਾਰਮਿਕ ਵਿਚਾਰਾਂ ਦਾ ਸਤਿਕਾਰ ਕਰਨਾ ਹੈ ਪਰ ਜਥੇਬੰਦੀ ਲਈ, ਗ਼ਦਰ ਪਾਰਟੀ ਲਈ ਕਿਸੇ ਧਰਮ ਨਾਲ ਸਬੰਧ ਰੱਖਣਾ ਵਰਜਿਤ ਹੈ। ਬਰਤਾਨਵੀ ਰਾਜ ਨੂੰ ਉਲਟਾਕੇ ਸਥਾਪਤ ਕੀਤੇ ਜਾਣ ਵਾਲੇ ਰਾਜ ਦਾ ਵੀ ਧਰਮ ਨਾਲ ਕੋਈ ਸਬੰਧ ਨਹੀਂ ਹੋਵੇਗਾ ਪਰ ਉਹ ਹਰ ਇੱਕ ਨਿੱਜੀ ਧਾਰਮਿਕ ਵਿਚਾਰਾਂ ਦਾ  ਸਤਿਕਾਰ ਕਰੇਗਾ।

- ਵੱਖ-ਵੱਖ ਧਰਮਾਂ ਦੀ ਲੜਾਕੂ ਅਤੇ ਹਾਂ-ਪੱਖੀ ਵਿਰਾਸਤ ਨੂੰ ਉਭਾਰਦੇ ਹੋਏ ਧਰਮੀ ਲੋਕਾਂ ਨੂੰ ਕੌਮ ਦੀ ਆਜ਼ਾਦੀ ਲਈ ਅੱਗੇ ਆਉਣ ਦੀ ਪ੍ਰੇਰਨਾ ਦੇਣ ਦੇ ਰੂਪ ’ਚ ਧਰਮ ਦੀ ਵਰਤੋਂ ਪ੍ਰਵਾਨਤ ਨੀਤੀ ਰਹੀ ਹੈ ਪਰ ਧਰਮ ਦੀ ਫ਼ਿਰਕੂ ਵਰਤੋਂ ਨਾਲ ਵਰਜਿਤ ਕੀਤੀ ਗਈ ।

- ਆਪਸੀ ਮੇਲ-ਜੋਲ ਸਮੇਂ ਧਾਰਮਿਕ ਤੌਰ ’ਤੇ ਪ੍ਰਚਲਤ ਦੁਆ-ਸਲਾਮ ਦੀ ਬਜਾਏ ਬੰਦੇ-ਮਾਤਰਮ ਨੂੰ ਪ੍ਰਚਲਤ ਕਰਨਾ ਅਮਲ ਲਿਆਂਦਾ ਗਿਆ। 

- ਜਾਤ-ਪ੍ਰਸਤੀ ਤੇ ਛੂਤ-ਛਾਤ ਖ਼ਿਲਾਫ਼ ਲਗਾਤਾਰ ਜਹਾਦ ਵਿੱਢਿਆ ਗਿਆ । 

- ਇਲਾਕਾ, ਸੂਬਾ, ਖਿੱਤਾ ਜਾਂ ਅਜਿਹੀ ਹੋਰ ਇਲਾਕਾਈ ਪਛਾਣ ਨੂੰ ਉੱਕਾ ਹੀ ਵਰਜਿਤ ਕੀਤਾ ਗਿਆ ਹੈ। ਕੁੱਲ ਹਿੰਦ ਹਿੰਦੀ ਕੌਮ ਵਜੋਂ ਕੌਮੀ ਏਕਤਾ ’ਤੇ ਪੂਰਾ ਜ਼ੋਰ ਰੱਖਿਆ ਗਿਆ। -  ਸਮਾਜਿਕ ਨਿਆਂ ਤੇ ਬਰਾਬਰੀ, ਸਮਾਜ ਵਿੱਚ ਔਰਤ ਦੀ ਆਜ਼ਾਦੀ ਤੇ ਬਰਾਬਰੀ ਦੀ ਸਥਾਪਤੀ ਨੂੰ ਆਦਰਸ਼ ਬਣਾਇਆ ਗਿਆ । 

- ਸਾਡੇ ਮੁਲਕ ਦੀ ਸੱਭਿਆਚਾਰਕ ਵਿਰਾਸਤ ਦੇ ਨਰੋਏ ਅੰਸ਼ਾਂ ਨੂੰ ਅਪਨਾਉਣਾ ਅਤੇ ਵੇਲਾ ਵਿਹਾਅ ਚੁੱਕੇ ਜਗੀਰੂ ਤੇ ਪਿਛਾਖੜੀ ਸੱਭਿਆਚਰ ਨੂੰ ਰੱਦ ਕਰਨ ਦੀ ਪਹੁੰਚ ਰੱਖੀ ਗਈ। ਇਸੇ ਤਰ੍ਹਾਂ ਯੂਰਪੀ ਅਤੇ ਅਮਰੀਕੀ ਮੁਲਕਾਂ ਦੇ ਸੱਭਿਆਚਾਰਕ ਦੇ ਨਰੋਏ ਅੰਸ਼ਾਂ ਨੂੰ ਅਪਣਾਇਆ। ਨਿੱਘਰੇ ਸੱਭਿਆਚਾਰ ਨੂੰ ਰੱਦ ਕੀਤਾ । ਜਿਵੇਂ ਪੱਛਮੀ ਮੁਲਕਾਂ ’ਚ ਆਈ ਜਾਗਰਤੀ, ਤਰੱਕੀ ਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਖੁੱਲ੍ਹ ਨੂੰ ਉਚਿਆਇਆ ਅਤੇ ਅਪਣਾਇਆ।  ਇਸਦੇ ਨਾਲ ਹੀ ਉੱਥੋਂ ਮਿਲੇ ਤਿ੍ਰਸਕਾਰ ਤੇ ਨਸਲ-ਪ੍ਰਸਤ ਨਫ਼ਰਤ ਦੇ ਜਵਾਬ ’ਚ ਨਸਲੀ ਪਹੁੰਚ ਅਖ਼ਤਿਆਰ ਨਹੀਂ ਕੀਤੀ। ਉਥੋਂ ਦੀ ਮਜ਼ਦੂਰ ਲਹਿਰ, ਜਮਹੂਰੀ ਲਹਿਰ ਨਾਲ ਰਾਬਤਾ ਰੱਖਿਆ ਗਿਆ। ਇਵੇਂ ਭਾਰਤੀ, ਪੁਰਾਤਨ ਸੱਭਿਅਤਾ ਵਿੱਚ ਤੁਰੀ ਆਉਂਦੀ ਰਾਜ-ਭਗਤੀ ਤੇ ਗੁਲਾਮ ਜ਼ਹਿਨੀਅਤ ਨੂੰ ਛੰਡਿਆ। ਬਰਤਾਨਵੀਆਂ ਦੀ ਉੱਤਮਤਾ ਨੂੰ ਸਲਾਮ ਕਰਨ ਦੀ ਜ਼ਹਿਨੀਅਤ ਨੂੰ ਛੰਡਿਆ। ਧਾਰਮਿਕ ਮੁੜ-ਸੁਰਜੀਤੀ ਦੇ ਪੈਂਤੜੇ ਤੋਂ, ਰਾਜਾਸ਼ਾਹੀ ਦੀ ਮੁੜ ਸਥਾਪਤੀ ਤੋਂ ਵੱਖਰੇ ਹੋ ਕੇ ਲਕੀਰ ਖਿੱਚ ਕੇ ਤੁਰਿਆ ਗਿਆ ਆਦਿ। ਉਹਨਾਂ ਨੇ ਮੁਲਕਾਂ ਦੇ ਜੁਝਾਰੂ ਵਿਰਸੇ ਨੂੰ ਉਭਾਰਿਆ  ਪਰ ਉਹਨਾਂ ਨਾਲ ਜੁੜੀਆਂ ਹੋਈਆਂ ਜਗੀਰੂ ਕਦਰਾਂ-ਕੀਮਤਾਂ ਨੂੰ ਰੱਦ ਕੀਤਾ ਹੈ। 

- ਗ਼ਦਰ ਲਹਿਰ ਨੇ ਆਵਦੇ ਸਮੁੱਚੇ ਪ੍ਰੋਗਰਾਮ,ਵਿਚਾਰਧਾਰਾ  ਅਤੇ ਸੱਭਿਆਚਾਰ ਨੂੰ ਲੋਕ-ਮੁਹਾਵਰੇ ’ਚ, ਦੋ-ਟੁਕ ਸ਼ਬਦਾਂ ’ਚ, ਸਪਸ਼ਟ ਸੰਦੇਸ਼ ਦੇਣ ਦੇ ਤਰੀਕਾਕਾਰ ਦੀ ਵਰਤੋਂ ਕਰਦਿਆਂ ਉਭਾਰਿਆ ਹੈ। ਕਵਿਤਾ ਦੇ ਮਾਧਿਅਮ ਦੀ ਇਸ ਮਕਸਦ ਖਾਤਰ ਬਹੁਤ ਸ਼ਾਨਦਾਰ ਤਰੀਕੇ ਨਾਲ ਭਰਪੂਰ ਵਰਤੋਂ ਕੀਤੀ ਹੈ। ਜਿਸ ਦੇ ਸਿੱਟੇ ਵਜੋਂ ਗ਼ਦਰ ਅਖਬਾਰ ਦੇ ਇਸਦੇ ਵਿਚਾਰਾਂ ਦਾ ਵਿਆਪਕ ਸੰਚਾਰ ਬਹੁਤ ਤੇਜ਼ੀ ਨਾਲ ਤੇ ਬਹੁਤ ਦੁਰਾਡੇ ਤੱਕ ਹੋਇਆ।


No comments:

Post a Comment