Tuesday, November 8, 2022

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਲੋਕ ਮੋਰਚਾ ਪੰਜਾਬ ਦੀ ਮੁਹਿੰਮ

 


ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਲੋਕ ਮੋਰਚਾ ਪੰਜਾਬ ਦੀ ਮੁਹਿੰਮ

ਸ਼ਹੀਦ-ਏ-ਆਜਮ, ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ, ਲੋਕ ਮੋਰਚਾ ਪੰਜਾਬ ਨੇ ਸ਼ਹੀਦ ਦੇ ਇਨਕਲਾਬੀ ਵਿਚਾਰਾਂ ਦੇ ਪ੍ਰਚਾਰ ਪ੍ਰਸਾਰ ਦੀ ਸਰਗਰਮੀ ਕੀਤੀ ਹੈ। ਲਗਾਤਾਰ ਦੋ ਹਫਤੇ ਦੀ ਇਸ ਸਰਗਰਮੀ ਤਹਿਤ ਪਿੰਡ ਤੇ ਬਲਾਕ ਪੱਧਰੀ  ਇਕੱਤਰਤਾਵਾਂ ਕੀਤੀਆਂ ਗਈਆਂ ਹਨ। ਬਠਿੰਡਾ, ਬਰਨਾਲਾ, ਮੁਕਤਸਰ, ਮਾਨਸਾ, ਸੰਗਰੂਰ, ਮਲੇਰਕੋਟਲਾ ਤੇ ਮੋਗਾ ਜ਼ਿਲ੍ਹਿਆਂ ਵਿੱਚ 53 ਥਾਵਾਂ ਉੱਤੇ ਹੋਈਆਂ ਇਕੱਤਰਤਾਵਾਂ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨ ਦੀ, ਸਾਮਰਾਜ ਨੂੰ ਮੁਲਕ ’ਚੋਂ ਬਾਹਰ ਕੱਢਣ ਦੀ, ਪੂੰਜੀਪਤੀਆਂ ਤੇ ਜਗੀਰਦਾਰਾਂ ਦਾ ਫਸਤਾ ਵੱਢਣ ਦੀ ਅਤੇ  ਦੱਬੇ ਕੁਚਲੇ ਲੋਕਾਂ ਹੱਥ ਰਾਜ ਦੇਣ ਦੇ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਨੂੰ ਮੌਜੂਦਾ ਹਾਲਤਾਂ ਨਾਲ ਜੋੜ ਕੇ ਉਭਾਰਿਆ ਗਿਆ। ਖੇਤੀ, ਸਨਅਤੀ ਤੇ ਸੇਵਾਵਾਂ ਦੇ ਖੇਤਰ ਅੰਦਰ ਸਾਮਰਾਜੀਆਂ, ਸਰਮਾਏਦਾਰਾਂ ਤੇ ਜਗੀਰਦਾਰਾਂ ਵੱਲੋਂ ਕੇਂਦਰੀ ਤੇ ਸੂਬਾਈ ਹਕੂਮਤਾਂ ਦੁਆਰਾ ਨੀਤੀਆਂ ਕਾਨੂੰਨਾਂ ਰਾਹੀਂ ਲੁੱਟ ਮਚਾਉਣ ਦੇ ਠੋਸ ਕਦਮਾਂ ਦੀ ਨਿਸ਼ਾਨਦੇਹੀ ਕਰਵਾਉਂਦਿਆਂ ਇਹਨਾਂ ਖਿਲਾਫ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ ਹੈ। 

ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਅਕਸ ਨੂੰ ਵਰਤ ਕੇ ਸੂਬੇ ਦੀ ਰਾਜ ਗੱਦੀ ’ਤੇ ਬੈਠਣ ਅਤੇ ਸ਼ਹੀਦ ਦੇ ਵਿਚਾਰਾਂ ਨੂੰ ਰੋਲਣ ਵਾਲੀ ਆਪ ਪਾਰਟੀ ਦੀ ਸਰਕਾਰ ਦਾ ਸ਼ਹੀਦ ਪ੍ਰਤੀ ਨਕਲੀ ਹੇਜ ਦਾ ਅਸਲ ਸਾਹਮਣੇ ਲਿਆਂਦਾ ਗਿਆ। ਸਾਮਰਾਜ ਸਰਮਾਏਦਾਰ ਤੇ ਜਗੀਰਦਾਰ ਪੱਖੀ ਕਿਰਦਾਰ ਤੇ ਅਮਲ ਦਾ ਪਰਦਾਚਾਕ ਕੀਤਾ ਗਿਆ ਹੈ। ਹਕੀਕਤ ਇਹ ਹੈ ਕਿ ਸ਼ਹੀਦ ਦੇ ਵਿਚਾਰਾਂ ਦੇ ਉਲਟ ਜਾ ਕੇ ਆਪ ਪਾਰਟੀ ਸਾਮਰਾਜੀਆਂ ਤੇ ਸਰਮਾਏਦਾਰਾਂ ਪ੍ਰਤੀ ਵਫਾਦਾਰੀ ਪਾਲਣ ਦਾ ਰਿਕਾਰਡ ਬਣਾ ਰਹੀ ਹੈ। ਪਹਿਲੀਆਂ ਸਰਕਾਰਾਂ ਵਾਂਗ ‘ਵਿਕਾਸ’ ਦੇ ਨਾਂਅ ਹੇਠ ਦੇਸੀ ਵਿਦੇਸ਼ੀ ਕੰਪਨੀਆਂ ਨੂੰ ਸੂਬਾ ਲੁੱਟਣ ਦੇ ਸੱਦੇ ਦੇ ਰਹੀ ਹੈ। ਵੱਡਾ ਖਰਚਾ ਕਰਕੇ “ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸਮੇਲਨ’’ ਕਰ ਰਹੀ ਹੈ। ਕਾਰਪੋਰੇਟਾਂ ਨੂੰ ਸਲਾਹਕਾਰ ਬਣਾ ਰਹੀ ਹੈ। ਹੱਕ ਮੰਗਦੇ ਲੋਕਾਂ ’ਤੇ ਪੁਲਸੀਆ ਜਬਰ ਢਾਹ ਰਹੀ ਹੈ। ਪੁਲਸੀ ਡਾਂਗਾਂ ਤੇ ਕਾਲੇ ਕਾਨੂੰਨਾਂ ਦੇ ਜ਼ੋਰ ਰੋਸ ਪ੍ਰਗਟਾਉਣ ਦੇ ਬੁਨਿਆਦੀ ਹੱਕ ਖੋਹ ਰਹੀ ਹੈ। ਆਪ ਪਾਰਟੀ ਦੀ ਸਰਕਾਰ ਦੇ ਇਸ ਦੰਭ ਨੂੰ ਬੇਨਕਾਬ ਕੀਤਾ ਗਿਆ।

        ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਖ਼ਿਲਾਫ਼ ਸਿੱਖ ਫ਼ਿਰਕਾਪ੍ਰਸਤਾਂ ਵੱਲੋਂ ਕੀਤੇ ਕੂੜ ਪ੍ਰਚਾਰ ਦੀ ਅਸਲ ਵਜ੍ਹਾ, ਉਹਨਾਂ ਦੀਆਂ ਰਾਜਸੀ ਤੇ ਧਾਰਮਿਕ ਲਾਲਸਾਵਾਂ ਪੁੱਗਣ ਦੇ ਰਾਹ ਵਿੱਚ ਅੜਿੱਕਾ ਬਣਦੇ ਸ਼ਹੀਦ ਦੇ ਵਿਚਾਰਾਂ ਨੂੰ ਦੱਸਦਿਆਂ ਇਹਨਾਂ ਫ਼ਿਰਕਾਪ੍ਰਸਤਾਂ ਦੀਆਂ ਭਰਾ ਮਰਵਾਊ ਤੇ ਲੋਕ ਏਕਾ ਤੋੜੂ ਭਰੀਆਂ ਚਾਲਾਂ ਤੋਂ ਸੁਚੇਤ ਰਹਿਣ ਦਾ ਹੋਕਾ ਦਿੱਤਾ ਗਿਆ ਹੈ।

      ਮੀਟਿੰਗਾਂ ਉਪਰੰਤ ਸ਼ਾਮਲ ਸਾਥੀਆਂ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਵਾਲੇ ਪੋਸਟਰ ਤੇ ਨਾਹਰੇ ਲਿਖੀਆਂ ਤਖਤੀਆਂ ਉਠਾ ਕੇ ਸ਼ਹੀਦ ਵੱਲੋਂ ਸ਼ਹਾਦਤ ਸਮੇਂ ਗੁੰਜਾਏ “ਇਨਕਲਾਬ ਜ਼ਿੰਦਾਬਾਦ’’ ਤੇ  ‘‘ਸਾਮਰਾਜਵਾਦ ਮੁਰਦਾਬਾਦ’’ ਦੇ ਨਾਹਰੇ ਗੁੰਜਾਉਂਦਿਆਂ ਮਾਰਚ ਕੀਤੇ ਗਏ ਹਨ। ਇਹ ਮਾਰਚ ਬਠਿੰਡਾ ਜ਼ਿਲ੍ਹੇ ਅੰਦਰ 4 ਥਾਵਾਂ ਉੱਪਰ ਹੋਏ ਹਨ।

ਹਰ ਤਬਕੇ ਦਾ ਆਪੋ ਆਪਣੇ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਦੇ ਰੁਝੇਵਿਆਂ ਕਾਰਨ ਤੇ ਮੌਸਮ ਦੀ ਖਰਾਬੀ ਕਾਰਨ ਕੁਝ ਮੀਟਿੰਗਾਂ ਨੂੰ ਛੱਡ ਕੇ ਸਭ ਮੀਟਿੰਗਾਂ ਵਿੱਚ ਹਾਜ਼ਰੀ ਭਰਵੀਂ ਰਹੀ ਹੈ, ਜਿਹਨਾਂ ਦੀ ਕੁੱਲ ਗਿਣਤੀ ਲੱਗਭਗ ਤਿੰਨ ਹਜਾਰ ਬਣਦੀ ਹੈ। ਇਹਨਾਂ ਮੀਟਿੰਗਾਂ ਵਿੱਚ ਕਿਸਾਨ, ਮਜ਼ਦੂਰ, ਔਰਤਾਂ, ਨੌਜਵਾਨਾਂ, ਵਿਦਿਆਰਥੀਆਂ, ਅਧਿਆਪਕਾਂ, ਮੁਲਾਜ਼ਮਾਂ ਅਤੇ ਥਰਮਲਾਂ ਤੇ ਜਲ ਸਪਲਾਈ ਵਿਭਾਗ ਦੇ ਠੇਕਾ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ ਹੈ।

ਇਹ ਮੀਟਿੰਗਾਂ ਸੂਬਾ ਕਮੇਟੀ ਮੈਂਬਰਾਂ ਅਤੇ ਸਥਾਨਕ ਕਮੇਟੀ ਮੈਂਬਰਾਂ ਵੱਲੋਂ ਕਰਵਾਈਆਂ ਗਈਆਂ ਹਨ। ਕਈ ਥਾਵਾਂ ਦੇ ਸਾਥੀਆਂ ਨੇ ਅਜਿਹੀਆਂ ਮੀਟਿੰਗਾਂ ਕਰਵਾਏ ਜਾਂਦੇ ਰਹਿਣ ਦੀ ਮੰਗ ਕੀਤੀ ਹੈ।

          ਮੀਟਿੰਗ ਵਿੱਚ ਸ਼ਾਮਲ ਵਰਕਰਾਂ ਨੂੰ ਸੱਦਾ ਦਿੰਦਿਆਂ ਆਗੂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਤੇ ਅਮਲ ਤੋਂ ਰੌਸ਼ਨੀ, ਉਤਸ਼ਾਹ ਤੇ ਸੇਧ ਲੈਂਦਿਆਂ ਹਕੂਮਤਾਂ ਤੋਂ ਭਲੇ ਦੀ ਝਾਕ ਛੱਡੋ। ਜਾਤਾਂ, ਧਰਮਾਂ, ਇਲਾਕਿਆਂ ਦੀਆਂ ਵਿੱਥਾਂ ਉਲੰਘ ਕੇ ਵਿਸ਼ਾਲ ਲੋਕ ਤਾਕਤ ਜੋੜੋ। ਜਨਤਕ ਖਾੜਕੂ ਸੰਘਰਸ਼ਾਂ ਦੇ ਰਾਹ ’ਤੇ ਕਦਮ ਵਧਾਓ। ਹਾਕਮਾਂ ਦਾ ਕਿਰਦਾਰ ਪਛਾਣੋ। ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਸੰਘਰਸ਼ਾਂ ਦੇ ਨਿਸ਼ਾਨੇ ’ਤੇ ਲਿਆਓ। ਸਾਮਰਾਜੀਆਂ ਨੂੰ ਮੁਲਕ ’ਚੋਂ ਬਾਹਰ ਕੱਢਣ, ਜਗੀਰਦਾਰੀ ਦਾ ਫਸਤਾ ਵੱਢਣ ਅਤੇ ਰਾਜ ਸੱਤਾ ਦੱਬੇ ਕੁਚਲੇ ਲੋਕਾਂ ਹੱਥ ਲੈਣ ਦੇ ਰਾਹ ਤੁਰੋ। 

 _                                                                                                                        ਜਗਮੇਲ ਸਿੰਘ                                                                                                                       ਸੂਬਾ ਸਕੱਤਰ   

No comments:

Post a Comment