Tuesday, November 8, 2022

4 ਨਵੰਬਰ 1977 ਦਾ ‘‘ ਵਿਦਿਆਰਥੀ ਮਾਰਚ’’

 ਇਤਿਹਾਸ ਦੇ  ਪੰਨਿਆਂ ਤੋਂ......

4 ਨਵੰਬਰ 1977 ਦਾ ‘‘ ਵਿਦਿਆਰਥੀ ਮਾਰਚ’’
ਜਮਹੂਰੀ ਹੱਕਾਂ ਲਈ ਗੂੰਜਦੇ ਹਜ਼ਾਰਾਂ ਵਿਦਿਆਰਥੀ ਬੋਲ


4 ਨਵੰਬਰ ਦੇ ਦਿਨ ਪੰਜਾਬ ਦੇ ਚੱਪੇ-ਚੱਪੇ  ਤੋਂ ਵਹੀਰਾਂ ਘੱਤ ਕੇ ਮੋਗੇ ਵੱਲ ਧਾਏ ਹਜ਼ਾਰਾਂ ਹੀ ਮਾਣਮੱਤੇ ਵਿਦਿਆਰਥੀ ਜਮਹੂਰੀ ਹੱਕਾਂ ਦੀ ਰਾਖੀ ਤੇ ਸ਼ਹਿਰੀ ਆਜ਼ਾਦੀਆਂ ਦੀ ਮੁਕੰਮਲ ਬਹਾਲੀ ਲਈ, ਕਦਮ ਤਾਲ ਮੇਲ ਕੇ ‘‘ਮਾਰਚ’’ ਕਰਦੇ, ਪੰਜ ਸਾਲ ਪਹਿਲਾਂ  ਏਸੇ ਧਰਤੀ ਉੱਤੇ ਦੁਸ਼ਮਣ  ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਆਪਣੇ ਸੰਗੀ-ਸਾਥੀਆਂ ਦੇ  ਅਦਬ ਵਿੱਚ ਸ਼ਰਧਾ ਨਾਲ ਸਲਾਮ ਭੇਟ ਕਰਦੇ, ਗਰਜਵੇਂ ਬੋਲਾਂ ਦੀ ਗੂੰਜ ਨਾਲ ਮੋਗੇ ਦੀ ਫਿਜ਼ਾ ਵਿੱਚ ਝਰਨਾਟਾਂ ਛੇੜ ਰਹੇ ਸਨ।  ਪੰਜਾਬ ਸਟੂਡੈਂਟਸ ਯੂਨੀਅਨ ਦੇ ਝੰਡੇ ਹੇਠ ਲਾਮਬੰਦ  ਹੋਏ ਹਜ਼ਾਰਾਂ ਨੌਜਵਾਨ ਵਿਦਿਆਰਥੀਆਂ ਦੀ ਇਹ ਕਾਨਫਰੰਸ ਤੇ ‘‘ਮਾਰਚ’’, ਲੋਕਾਂ ਦੇ ਜਮਹੂਰੀ ਹੱਕਾਂ ਦੀਆਂ ਮੰਗਾਂ ਲਈ , ਪੰਜਾਬ ਦੇ ਕੋਨੇ ਕੋਨੇ ਵਿੱਚ ਸੁਨੇਹਾ ਵੰਡਦੀ ਮੁਹਿੰਮ ਦਾ ਇਹ ਸਿਖ਼ਰ ਸੀ।  ਪੰਜਾਬ ਦੇ ਨੌਜਵਾਨ ਵਿਦਿਆਰਥੀਆਂ ਵੱਲੋਂ ਜਮਹੂਰੀ ਹੱਕਾਂ ਦੀ ਰਾਖੀ ਤੇ  ਸ਼ਹਿਰੀ ਆਜ਼ਾਦੀਆਂ ਦੀ ਮੁਕੰਮਲ ਬਹਾਲੀ ਲਈ ਸੁਨੇਹਾ ਵੰਡਦੀ  ਮੁਹਿੰਮ ਦਾ ਇਹ ਸਿਖ਼ਰਲਾ ਕਦਮ  ਸੂਬੇ ਭਰ ਦੇ ਜਮਹੂਰੀਅਤ ਪਸੰਦ ਅਨਸਰਾਂ ਤੇ ਇਨਸਾਫ਼ ਪਸੰਦ ਲੋਕਾਂ ਨੂੰ, ਮੌਕਾਪ੍ਰਸਤ ਸਿਆਸੀ ਪਾਰਟੀਆਂ ਤੋਂ ਆਜ਼ਾਦ ਰਹਿ ਕੇ, ਇਸ ਮਸਲੇ ’ਤੇ ਜ਼ਬਰਦਸਤ ਲੋਕ ਲਹਿਰ ਖੜ੍ਹੀ ਕਰਨ ਵੱਲ ੳੱੁਲਰੀਆਂ ਹਜ਼ਾਰਾਂ ਬਾਹਾਂ ਦਾ, ਸੈਨਤੀ ਪੈਗਾਮ ਹੈ। 

ਚਾਰ ਨਵੰਬਰ ਨੂੰ ਜਮਹੂਰੀ ਆਵਾਜ਼ ਬੁਲੰਦ ਕਰਨ ਵਾਲੇ ਇਸ ਵਿਦਿਆਰਥੀ ਮਾਰਚ ਦੀ ਛੱਬ ਨੂੰ ਫਿੱਕਾ ਪਾਉਣ ਲਈ,  ਜਮਹੂਰੀ ਕਦਰਾਂ ਕੀਮਤਾਂ ਦਾ ਭੇਖ ਧਾਰ ਕੇ ਤਾਕਤ ’ਚ ਆਈ  ਪੰਜਾਬ ਦੀ ਅਕਾਲੀ ਜਨਤਾ ਸਰਕਾਰ ਨੇ ਤਰ੍ਹਾਂ ਤਰ੍ਹਾਂ ਦੇ ਕਮੀਨੇ ਹੱਥਕੰਡੇ ਅਗਾਊਂ ਵਰਤੇ ਸਨ ।

ਵੱਖ ਵੱਖ ਥਾਵਾਂ ਤੋਂ  ਮੋਗੇ ਵੱਲ ਕੂਚ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਕਰਨ ਲਈ ਸੰਗਰੂਰ, ਸੁਨਾਮ , ਬਰਨਾਲਾ, ਨਾਭਾ ਅਤੇ ਪਟਿਆਲਾ ਦੇ  ਟਰੱਕ ਡਰਾਈਵਰਾਂ ਤੇ ਟਰੱਕ ਯੂਨੀਅਨਾਂ ਨੂੰ ਪੁਲਸੀ ਡੰਡੇ ਦੇ ਜ਼ੋਰ ’ਤੇ ਲਾਇਸੈਂਂਸ ਕੈਂਸਲ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਜਮਹੂਰੀਅਤ ਦਾ ਫਰੇਬੀ ਮਖੌਟਾ ਪਰ੍ਹਾਂ ਸੁੱਟ ਕੇ  ਮੋਗੇ ਵਿੱਚ ਦਫ਼ਾ 144 ਲਾ ਦਿੱਤੀ। ਮੋਗਾ ਤਹਿਸੀਲ ਦੇ ਸਾਰੇ ਵਿੱਦਿਅਕ ਅਦਾਰੇ ਤਿੰਨ ਦਿਨ ਲਈ ਬੰਦ ਕਰ ਦਿੱਤੇ ਗਏ। 

 ‘‘ਮਾਰਚ’’  ਵਾਲੇ ਦਿਨ ਪੰਜਾਬ ਦੀ ਅਕਾਲੀ ਜਨਤਾ ਸਰਕਾਰ ਨੇ ਵੱਖੋ ਵੱਖਰੇ ਪੁਲਸ ਕੇਂਦਰਾਂ ਤੋਂ ਹਜ਼ਾਰਾਂ ਪੁਲਸੀਏ ਰਾਤੋ ਰਾਤ ਢੋਅ ਕੇ ਮੋਗੇ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ  ਦਿੱਤਾ। ਭਾਰੀ ਪੁਲਸ ਫੋਰਸ ਦੀ ਹੋਂਦ ਨਾਲ ਮੋਗੇ ਦੀ ਫ਼ਿਜ਼ਾ ਵਿੱਚ ਆਮ ਦਿਨਾਂ ਨਾਲੋਂ ਕਸਾਅ ਆਇਆ ਹੋਇਆ ਸੀ। ਹਜ਼ਾਰਾਂ ਬਾ-ਵਰਦੀ ਪੁਲਸ ਵਾਲੇ ਸ਼ਹਿਰ ਦੇ ਵੱਖ ਵੱਖ ਥਾਵਾਂ ੳੱੁਤੇ,  ਸ਼ਹਿਰੀ  ਜਾਇਦਾਦ ਦੀ ਰੱਖਿਆ ਦੇ ਪੱਜ , ਲੋਕਾਂ ਵਿੱਚ ਇਹ ਭਰਮ ਪੈਦਾ ਕਰਨ ਲਈ ਤੈਨਾਤ ਕਰ ਦਿੱਤੇ ਗਏ ਕਿ ਵਿਦਿਆਰਥੀ ਇਸ ਨੂੰ ਤਬਾਹ ਨਾ ਕਰ ਦੇਣ।  ਲੋਕਾਂ ਵਿੱਚ ਸਹਿਮ ਪੈਦਾ ਕਰਨ ਲਈ ਉਸੇ ਦਿਨ ਸਵੇਰੇ ਸੰਗੀਨ ਜੜੀਆਂ  ਬੰਦੂਕਾਂ ਨਾਲ ਲੈਸ ਪੁਲਸ ਫੋਰਸ ਨੇ ਸ਼ਹਿਰ ਦੀਆਂ ਸੜਕਾਂ ੳੱੁਤੇ ਫੌਜ ਵਾਂਗ ਬਕਾਇਦਾ ਮਾਰਚ ਕੀਤਾ। ਹਾਲਾਤ ਦੀ ਨਜ਼ਾਕਤ ਜਾਣਨ ਲਈ, ਤੇ ਰਾਜਧਾਨੀ ਤੋਂ ਮਿਲੇ ਇਸ਼ਾਰੇ ’ਤੇ ਹਰ ਲੋੜੀਂਦਾ ਕਦਮ ਚੁੱਕਣ ਲਈ ਤੱਤਪਰ ਉੱਚਕੋਟੀ ਦੇ ਪੁਲਸ ਅਫਸਰਾਂ ਨੇ ਇੱਕ ਦਿਨ ਪਹਿਲਾਂ ਹੀ ਮੋਗੇ ਆ ਕੇ ਡੇਰੇ ਲਾ ਲਏ ਸਨ। ਵਾਇਰਲੈੱਸ ਸੈੱਟਾਂ ਨਾਲ ਲੈਸ ਪੁਲਸ ਟੁਕੜੀਆਂ ਉੱਚ-ਕੋਟੀ ਦੇ ਪੁਲਸ ਅਫਸਰਾਂ ਦੀ ਮਾਰਫ਼ਤ  ਚੰਡੀਗੜ੍ਹ ਵਿੱਚ ਬੈਠੇ ਹਾਕਮਾਂ ਨੂੰ ਹਰ ਬੀਤਦੇ ਪਲ ਸੁਨੇਹੇ ਘੱਲ ਰਹੀਆਂ ਸਨ। ਸੋ ਵਿਦਿਆਰਥੀ ਮਾਰਚ ਨੂੰ ਫੇਲ੍ਹ ਕਰਨ ਲਈ ਹਰ ਸੰਭਵ ਹੱਥਕੰਡੇ ਵਰਤਣ ਅਤੇ ਇਨ੍ਹਾਂ ਦੇ ਬਾਵਜੂਦ ਹੋਣ ਵਾਲੇ ਮਾਰਚ ਨੂੰ ਲੋੜੀਂਦੇ ਢੰਗ-ਤਰੀਕਿਆਂ ਨਾਲ ‘ਨਜਿੱਠਣ’  ਲਈ ਅਕਾਲੀ ਜਨਤਾ ਸਰਕਾਰ ਦੀਆਂ ਅੱਖਾਂ ਚਾਰ ਨਵੰਬਰ ਨੂੰ ਮੋਗੇ ’ਤੇ ਲੱਗੀਆਂ ਹੋਈਆਂ ਸਨ। ਪਰ ਸਭ ਕੁਝ ਦੇ ਬਾਵਜੂਦ ਯੂਨੀਅਨ ਦੇ ਲਾਲ ਝੰਡਿਆਂ ਹੇਠ ਵਗਦਾ ਹਜ਼ਾਰਾਂ ਨੌਜਵਾਨਾਂ ਵਿਦਿਆਰਥੀਆਂ ਦਾ ਹੜ੍ਹ ਮੋਗੇ ਦੀਆਂ ਸੜਕਾਂ ’ਤੇ ਬੇਖ਼ੌਫ਼ ‘‘ਮਾਰਚ’’ ਕਰਦਾ ਅੱਗੇ ਵਧ ਰਿਹਾ ਸੀ।  

‘‘ਮਾਰਚ’’  ਤੋਂ ਪਹਿਲਾਂ ਹੋਈ ਕਾਨਫ਼ਰੰਸ ਇਨਕਲਾਬੀ ਗੀਤਾਂ ਤੇ ਡਰਾਮਿਆਂ ਨਾਲ ਆਰੰਭ ਹੋਈ। ਯੂਨੀਅਨ ਦੀ ਸਟੇਜ ਤੋਂ ਬੋਲਦੇ ਵਿਦਿਆਰਥੀ ਆਗੂਆਂ ਦੀ ਗਰਜਵੀਂ ਆਵਾਜ਼ ‘ਜਨਤਾ’  ਸਰਕਾਰ ਦੀ ਜਮਹੂਰੀਅਤ ਦਾ ਮੋਮੋਠਗਣਾ ਮਖੌਟਾ ਲਾਹ ਕੇ ਵਿਦਿਆਰਥੀਆਂ ਨੂੰ ਇਸ ਦੇ ਪਖੰਡੀ ਚਿਹਰੇ ਦੀ ਜਾਣ ਪਛਾਣ ਕਰਵਾ ਰਹੀ ਸੀ।  ਉਹ ਆਪਣੇ ਬੋਲਾਂ ਰਾਹੀਂ ਦੱਸ ਰਹੇ ਸਨ ਕਿ ‘ਜਨਤਾ’ ਸਰਕਾਰ ਨੇ ਭਾਵੇਂ ਕਾਂਗਰਸੀ ਜੱਲਾਦਾਂ ਦੇ ਐਮਰਜੈਂਸੀ  ਰਾਜ ਸਮੇਂ  ਦੇ ਰੜਕਵੇਂ ਇਜ਼ਹਾਰਾਂ ਨੂੰ ਖਤਮ ਕਰ ਦਿੱਤਾ ਹੈ, ਪਰ ਇਸ ਨੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਮੁਕੰਮਲ ਰੂਪ ’ਚ ਬਹਾਲ ਕਰਨ ਸਬੰਧੀ  ਲੋਕਾਂ ਨੂੰ ਬਣਾਈ ਧਰਵਾਸ ਨੂੰ ਨਾ ਕੇਵਲ ਠੇਸ ਮਾਰੀ  ਹੈ, ਸਗੋਂ ਉਨ੍ਹਾਂ ਨੇ ਐਮਰਜੈਂਸੀ ਤੋਂ ਪਹਿਲਾਂ ਦੇ ਕਾਂਗਰਸ ਰਾਜ ਦੌਰਾਨ ਲੋਕਾਂ ਨੂੰ ਪ੍ਰਾਪਤ ਨਿਗੂਣੇ ਹੱਕਾਂ ਨੂੰ ਦਰੜਨ ਦਾ ਰੱਥ ਵੀ ਫੜ ਲਿਆ ਹੈ। ਯੂਨੀਅਨ ਆਗੂਆਂ ਦੇ ਬੋਲ ਜਮੂਹਰੀ ਹੱਕਾਂ ਦੀ ਰਾਖੀ  ਤੇ  ਸ਼ਹਿਰੀ ਆਜ਼ਾਦੀਆਂ ਦੀ ਮੁਕੰਮਲ ਬਹਾਲੀ ਲਈ ਅਤੇ ਪ੍ਰਾਪਤ ਨਿਗੂਣੇ ਹੱਕਾਂ ’ਤੇ ਹੋ ਰਹੇ ਤੇ ਹੋਣ ਵਾਲੇ ਧਾਵਿਆਂ ਨੂੰ ਪਛਾਣਨ ਲਈ ਇੱਕ ਜ਼ਬਰਦਸਤ ਜਮਹੂਰੀ ਲਹਿਰ ਉਸਾਰਨ ਦੀ ਅਹਿਮ ਲੋੜ ਦਾ ਅਹਿਸਾਸ ਕਰਾ ਰਹੇ ਸਨ। ਐਮਰਜੈਂਸੀ ਦੌਰਾਨ ਮੀਸਾ ਅਧੀਨ ਨਜ਼ਰਬੰਦ ਰਹੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਪਿ੍ਰਥੀਪਾਲ ਸਿੰਘ ਰੰਧਾਵਾ ਨੇ ਸ਼ਹਿਰੀ ਆਜ਼ਾਦੀਆਂ ਦੇ ਮਸਲੇ ਦੀ ਦੂਰ-ਰਸ ਅਹਿਮੀਅਤ ਅਤੇ ਇਸ ਦੇ ਵਿਸ਼ਾਲ ਘੇਰੇ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਆਖਿਆ ਕਿ ਸਾਨੂੰ ਇਸ ਮਸਲੇ ਨੂੰ ਕੁਝ ਕੁ ਮੰਗਾਂ ਤੱਕ ਸੀਮਤ ਨਹੀਂ ਕਰਨਾ ਚਾਹੀਦਾ। ਸਿਆਸੀ ਕੈਦੀਆਂ ਦੀ ਬਿਨਾਂ ਸ਼ਰਤ  ਰਿਹਾਈ, ਅਖੌਤੀ ਮੁਕਾਬਲਿਆਂ ਵਿੱਚ ਮਾਰੇ ਗਏ ਇਨਕਲਾਬੀਆਂ ਦੀ ਅਦਾਲਤੀ ਜਾਂਚ ਅਤੇ ਕਸੂਰਵਾਰ ਪੁਲੀਸ ਅਫ਼ਸਰਾਂ ਨੂੰ ਸਜ਼ਾਵਾਂ ਦੁਆਉਣ, ਮੀਸਾ ਵਰਗੇ ਕਾਲੇ ਕਾਨੂੰਨ ਨੂੰ ਖਤਮ ਕਰਵਾਉਣ ਵਰਗੀਆਂ ਮੰਗਾਂ  ਉਭਾਰਨਾ ਭਾਵੇਂ ਬਹੁਤ ਜ਼ਰੂਰੀ  ਹੈ, ਪਰ ਤਾਂ ਵੀ ਸਾਨੂੰ ਜਮਹੂਰੀ ਹੱਕਾਂ ਦੇ ਮਸਲੇ ਨੂੰ ਸਿਰਫ਼ ਇਨ੍ਹਾਂ ਮੰਗਾਂ ਤੱਕ ਸੀਮਤ ਨਹੀਂ ਕਰਨਾ ਚਾਹੀਦਾ।। ਜਮਹੂਰੀ ਹੱਕਾਂ ਦੇ ਵਿਸ਼ਾਲ ਘੇਰੇ ਦੀ ਰੂਪ ਰੇਖਾ ਮਿਥਦਿਆਂ ਯੂਨੀਅਨ ਆਗੂ ਨੇ ਦੱਸਿਆ ਕਿ  ਮੀਜ਼ੋਰਮ, ਨਾਗਾਲੈਂਡ ਤੇ ਆਂਧਰਾ ਪ੍ਰਦੇਸ਼ ਆਦਿ ਥਾਵਾਂ ’ਤੇ ਫ਼ੌਜੀ ਤੇ ਨੀਮ ਫ਼ੌਜੀ ਸ਼ਕਤੀਆਂ ਨੂੰ ਵਾਪਸ ਬੁਲਾਉਣ, ਹਰੀਜਨਾਂ ਤੇ ਇਸਤਰੀਆਂ ’ਤੇ ਹੋ ਰਹੇ ਅੱਤਿਆਚਾਰਾਂ ਨੂੰ ਬੰਦ ਕਰਵਾਉਣ, ਮਜ਼ਦੂਰਾਂ ਦੇ ਹਕੀਕੀ ਟ੍ਰੇਡ ਯੂਨੀਅਨ ਹੱਕ ਬਹਾਲ ਕਰਾਉਣ,ਤਸੀਹੇ ਦੇਣ ਦੇ ਬੁੱਚੜ ਕੇਂਦਰਾਂ ਨੂੰ ਬੰਦ ਕਰਵਾਉਣ ਵਰਗੇ ਮਹੱਤਵਪੂਰਨ ਮਸਲਿਆਂ ਲਈ ਜੂਝਣਾ ਸਮੇਂ ਦੀ  ਲੋੜ ਹੈ। ਇਨ੍ਹਾਂ ਮੰਗਾਂ ਬਾਰੇ ਮਤਿਆਂ ਨੂੰ ਜੋਸ਼ ਖ਼ਰੋਸ਼ ਨਾਲ ਪ੍ਰਵਾਨਗੀ ਦਿੰਦਿਆਂ ਕਾਨਫ਼ਰੰਸ ਰੋਹ ਭਰਪੂਰ ‘‘ਮਾਰਚ’’ ਦੀ ਸ਼ਕਲ ਵਿੱਚ ਤਬਦੀਲ ਹੋ ਗਈ। ਕਾਨਫ਼ਰੰਸ ਤੋਂ ਪਿੱਛੋਂ  ਜਬਤਬੱਧ ਕਦਮ ਪੁੱਟਦੇ ਤਣੇ ਹੋਏ ਮੁੱਕੇ ਲਹਿਰਾਉਂਦੇ ਹਜ਼ਾਰਾਂ ਵਿਦਿਆਰਥੀ ਇੱਕ ‘‘ਮਾਰਚ’’ ਦੀ ਸ਼ਕਲ ਵਿੱਚ ਉਸ ਸਿਨੇਮਾ ਹਾਲ ਵੱਲ ਤੁਰ ਪਏ, ਜਿੱਥੇ ਪੰਜ ਸਾਲ ਪਹਿਲਾਂ ਸਿਨੇਮਾ ਮਾਲਕਾਂ ਦੀ ਗੁੰਡਾਗਰਦੀ ਤੇ ਧੱਕੇਸ਼ਾਹੀ ਵਿਰੁੱਧ  ਜੂਝਦੇ ਵਿਦਿਆਰਥੀਆਂ ਉੱਤੇ  ਪੁਲਸੀ ਬੁੱਚੜਾਂ ਨੇ ਵਿਦੇਸ਼ੀ ਜਰਵਾਣਿਆਂ ਵਾਂਗ ਅੰਨ੍ਹੇਂਵਾਹ ਗੋਲੀਆਂ ਦਾ ਮੀਂਹ ਵਰਸਾ ਕੇ ਮੋਗੇ ਦੀ ਧਰਤੀ ਨੂੰ ਲਹੂ ਲੁਹਾਣ ਕਰ ਦਿੱਤਾ ਸੀ।  ਉਸ ਲਹੂ ਲੁਹਾਣ ਪਵਿੱਤਰ ਮਿੱਟੀ ਨੂੰ ਨਮਸਕਾਰ ਕਰਨ ਲਈ  ਨਵੇਂ ਕਾਫਲੇ ਦੇ ਬੋਲਾਂ ਦੀ ਪਲ ਪਲ ਉੱਚੀ ੳੱੁਠਦੀ ਗੂੰਜ ਸ਼ਹਿਰ ਦੀਆਂ ਕੰਧਾਂ ਨਾਲ ਟਕਰਾ ਕੇ ਅਸਮਾਨ ਨੂੰ ਚੀਰਦੀ ਜਾਂਦੀ ਸੀ।  

ਯੂਨੀਅਨ ਦੇ ਲਾਲ ਝੰਡਿਆਂ ਨਾਲ ਲੈਸ ਵਿਦਿਆਰਥੀ ‘‘ਮਾਰਚ’’ ਦੀ ਨੌਂ ਝੰਡਿਆਂ ਵਾਲੀ ਮੂਹਰਲੀ ਟੁਕੜੀ ਜਦੋਂ ਸਿਨੇਮਾ ਹਾਲ ਦੇ ਐਨ ਸਾਹਮਣੇ ਪਹੁੰਚੀ ਤਾਂ ਨਾਅਰਿਆਂ ਦੀ ਗੂੰਜ ਇਕਦਮ  ਬੰਦ ਹੋ ਗਈ ਅਤੇ ਓਸ ਅਜੀਬ ਚੁੱਪ ਵਿੱਚ ਯੂਨੀਅਨ ਦੇ ਲਾਲ ਝੰਡੇ ਸ਼ਹੀਦਾਂ ਦੇ ਦਰ ਵਿੱਚ ਪ੍ਰਣਾਮ ਕਰਨ ਲਈ ਝੁਕ ਗਏ, ਉਦੋਂ ਹੀ ਯੂਨੀਅਨ ਦੇ ਇੱਕ ਆਗੂ ਨੇ ਸਿਨੇਮਾ ੳੱੁਪਰ ਚੜ੍ਹ ਕੇ ਯੂਨੀਅਨ ਦਾ ਸ਼ਾਨਾਮੱਤਾ ਜੇਤੂ ਝੰਡਾ ਸਿਨੇਮੇ ’ਤੇ ਲਹਿਰਾ ਦਿੱਤਾ। ਆਸੇ ਪਾਸੇ ਖੜ੍ਹੇ ਸੈਂਕੜੇ ਲੋਕਾਂ ’ਚੋਂ ਉੱਠੀ ਤਾੜੀਆਂ ਦੀ ਗੂੰਜ ਤੋਂ ਇਉਂ ਲੱਗਦਾ ਸੀ ਜਿਵੇਂ ਉਹ ਸੁਤੇ-ਸਿਧ ਝੰਡੇ ਦਾ ਸਨਮਾਨ ਕਰਨ ਲਈ ਖਿੱਚੇ ਗਏ ਹੋਣ।  

ਵਿਦਿਆਰਥੀ ਲਹਿਰ ਦੀ ਚੜ੍ਹਤ ਦੇਖ ਕੇ ਉਨ੍ਹਾਂ ਨੂੰ ‘ਵਰਾਉਣ’ ਖਾਤਰ ਪੰਜਾਬ ਦੀ ਅਕਾਲੀ ਜਨਤਾ ਸਰਕਾਰ ਨੇ ਵਿਦਿਆਰਥੀ ‘‘ਮਾਰਚ’’ ਤੋਂ ਸਿਰਫ ਦੋ ਦਿਨ ਪਹਿਲਾਂ ਮੋਗੇ ਦੇ ਇਸ ਸਿਨੇਮੇ ਨੂੰ ‘‘ਵਿਦਿਆਰਥੀ ਯਾਦਗਾਰ’’  ਵਿੱਚ ਤਬਦੀਲ ਕਰਨ ਦੀ ਵਿਦਿਆਰਥੀਆਂ ਦੀ ਚਿਰਾਂ ਤੋਂ ਲਮਕਦੀ ਆ ਰਹੀ ਮੰਗ ਪ੍ਰਵਾਨ ਕਰਨ ਦਾ ਐਲਾਨ ਕਰ ਦਿੱਤਾ।  ਮੌਜੂਦਾ ਸਰਕਾਰ ਵਿੱਚ ਭਾਈਵਾਲ ਜਾਂ ਇਸ ਦੀਆਂ ਹਮਾਇਤੀ ਪਾਰਟੀਆਂ ਨੇ ਗੱਦੀਆਂ ’ਤੇ ਕਾਬਜ਼ ਹੋਣ ਤੋਂ  ਪਹਿਲਾਂ ਵਿਦਿਆਰਥੀ ਸ਼ਹੀਦਾਂ ਦੇ ਕਾਤਲਾਂ ਨੂੰ ਸਜ਼ਾਵਾਂ ਦੁਆਉਣ ਦੇ ਅੱਡੀਆਂ ਚੱਕ ਚੱਕ ਐਲਾਨ ਕੀਤੇ ਸਨ।  ਪਰ ਹੁਣ ਬੜੀ ਮੱਕਾਰੀ ਨਾਲ ਇਸ ਮਸਲੇ ਬਾਰੇ ਦੜ ਵੱਟ ਜਾਣਾ ਚਾਹੁੰਦੇ ਸਨ। ਪੰਜਾਬ  ਦੇ ਵਿਦਿਆਰਥੀ ਜਾਣਦੇ ਹਨ ਕਿ ਉਨ੍ਹਾਂ ਦੀ ਜਥੇਬੰਦਕ ਸ਼ਕਤੀ ਮੂਹਰੇ ਹੀ ਹਾਕਮਾਂ ਦੀ ਮਗਰੂਰ ਧੌਣ ਝੁਕਦੀ ਹੈ।  ਇਸ ਲਈ ਮੋਗੇ ਦੇ ਸ਼ਹੀਦਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਅਤੇ ਹੋਰਨਾਂ ਮੰਗਾਂ ਲਈ ਵਚਨਬੱਧ ਹੋਏ ਵਿਦਿਆਰਥੀਆਂ ਨੇ ਆਪਣੀ ਜਥੇਬੰਦ ਸ਼ਕਤੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ’ ਤੇ ਜ਼ੋਰ ਦਿੱਤਾ ਹੈ।  

4 ਨਵੰਬਰ ਦੀ ਮੋਗੇ ਦੀ ਵਿਦਿਆਰਥੀ ਕਾਨਫ਼ਰੰਸ ਅਤੇ ‘‘ਮਾਰਚ’’ ਦੀ ਇੱਕ ਹੋਰ ਪੱਖੋਂ ਵੀ ਮਹੱਤਤਾ ਹੈ। ਪੰਜਾਬ ਸਟੂਡੈਂਟਸ ਯੂਨੀਅਨ ਨੇ ਕਿਸੇ ਮੌਕਾਪ੍ਰਸਤ ਸਿਆਸੀ ਪਾਰਟੀ ਵਾਂਗ, ਆਪਣੇ ਸੌੜੇ ਹਿੱਤਾਂ ਨੂੰ ਮੂਹਰੇ ਰੱਖਦਿਆਂ, ਜਮਹੂਰੀ ਹੱਕਾਂ ਦੇ ਮਾਮਲੇ ’ਤੇ ਇੱਕਾ-ਦੁੱਕਾ ਜਨਤਕ ਰੈਲੀਆਂ ਜਾਂ ਅਖ਼ਬਾਰੀ ਬਿਆਨ ਦਾਗਣ ’ਤੇ ਟੇਕ ਨਹੀਂ ਰੱਖੀ। ਉਸ ਨੇ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ, ਜਮਹੂਰੀ ਹੱਕਾਂ ਦੀ ਰਾਖੀ ਤੇ ਸ਼ਹਿਰੀ ਆਜ਼ਾਦੀਆਂ ਦੀ ਮੁਕੰਮਲ ਬਹਾਲੀ ਲਈ, ਵਿਸ਼ਾਲ ਜਨਤਕ ਲਹਿਰ ਖੜ੍ਹੀ ਕਰਨ ਦੇ ਵਿਸ਼ੇਸ਼ ਮਕਸਦ ਨੂੰ ਮੂਹਰੇ ਰੱਖ ਕੇ ਕਾਨਫਰੰਸ ਤੋਂ ਪਹਿਲਾਂ ਮਹੀਨਾ ਭਰ ਲੰਮੀ ਮੁਹਿੰਮ ਰਾਹੀਂ ਪੰਜਾਬ ਦੇ ਸੈਂਕੜੇ ਕਾਲਜਾਂ ਵਿੱਚ ਰੈਲੀਆਂ ਤੇ ਮੁਜ਼ਾਹਰੇ ਲਾਮਬੰਦ ਕਰਨ ਅਤੇ  ਹਜ਼ਾਰਾਂ ਹੀ ਪੋਸਟਰਾਂ ਤੇ ਹੱਥ ਪਰਚਿਆਂ ਰਾਹੀਂ, ਆਪਣੇ ਖ਼ਬਰਨਾਮੇ ‘‘ਜੈ ਸੰਘਰਸ਼’’ ਰਾਹੀਂ, ਵਿਸਾਲ ਵਿਦਿਆਰਥੀ ਜਨਤਾ ਨੂੰ ਸਿੱਖਿਅਤ ਕਰਨ ਦੇ  ਗੰਭੀਰ ਤੇ ਹਕੀਕੀ ਉੱਦਮ ਕੀਤੇ। ਇਸ ਵਿਸ਼ਾਲ ਮੁਹਿੰਮ ਦੌਰਾਨ ਵਿਦਿਆਰਥੀਆਂ ਨੇ ‘‘ਅਖੌਤੀ ਪੁਲਸ ਮੁਕਾਬਲਿਆਂ’’ ਵਿੱਚ ਮਾਰੇ ਗਏ ਬਹੁਤ ਸਾਰੇ ਨਕਸਲੀਆਂ ਦੇ ਪਿੰਡਾਂ  ਵਿੱਚ ਵੀ ਰੈਲੀਆਂ, ਜਲਸੇ ਤੇ ਇਨਕਲਾਬੀ ਡਰਾਮਿਆਂ ਦੇ ਪ੍ਰੋਗਰਾਮ ਪੇਸ਼ ਕਰ ਕੇ ਇਨ੍ਹਾਂ  ‘‘ਅਖੌਤੀ ਪੁਲਿਸ  ਮੁਕਾਬਲਿਆਂ’’ ਦੀ ਅਦਾਲਤੀ ਪੜਤਾਲ ਦੀ ਮੰਗ ਕੀਤੀ ਹੈ।  ਆਪਣੇ ਖਿੱਤੇ ਦੀਆਂ ਮੰਗਾਂ ਦੇ ਤੰਗ ਘੇਰੇ ਤੋਂ ਬਾਹਰ ਜਾ ਕੇ ਸਮਾਜ ਦੇ ਵੱਖ ਵੱਖ ਹਿੱਸਿਆਂ ਨਾਲ ਤੁਅੱਲਕ ਰੱਖਦੇ ਜਮਹੂਰੀ ਹੱਕਾਂ ਦੇ ਮਹੱਤਵਪੂਰਨ ਮਸਲਿਆਂ ਉੱਤੇ ਸ਼ਕਤੀਸ਼ਾਲੀ ਤੇ ਹਕੀਕੀ ਘੋਲ ਲਾਮਬੰਦ  ਕਰਨ ਦਾ ਮਾਣ ਸੱਚੀਓਂ ਹੀ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਜਾਂਦਾ ਹੈ ।

ਪੰਜਾਬ ਸਟੂਡੈਂਟਸ ਯੂਨੀਅਨ ਨੇ ਅਜਿਹਾ ਸ਼ਾਨਦਾਰ ਘੋਲ ਲਾਮਬੰਦ ਕਰਨ ਉੱਤੇ ਫੋਕਾ ਮਾਣ ਨਹੀਂ ਕੀਤਾ, ਉਸ ਨੇ ਆਪਣੇ ਪਰਚੇ ‘‘ਜੈ ਸੰਘਰਸ਼’’ ਤੇ ਬੁਲਾਰਿਆਂ ਰਾਹੀਂ ਜਮਹੂਰੀ ਹੱਕਾਂ ਤੇ ਸ਼ਹਿਰੀ ਆਜ਼ਾਦੀਆਂ ਦੀ ਮੁਕੰਮਲ ਬਹਾਲੀ  ਲਈ ਇੱਕ ਵਿਸ਼ਾਲ ਜਨਤਕ ਲਹਿਰ ਲਾਮਬੰਦ ਕਰਨ ਲਈ ਕਿਸੇ ਮੌਕਾਪ੍ਰਸਤ ਸਿਆਸੀ ਪਾਰਟੀ ਵਾਂਗ ਇਸ ਵਿਸ਼ਾਲ ਘੇਰੇ ਵਾਲੇ ਘੋਲ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਸੀਮਤ ਰੱਖਣ ਦਾ ਯਤਨ ਨਹੀਂ ਕੀਤਾ, ਸਗੋਂ ਸੂਬੇ ਦੀਆਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਜੱਫੇ ਤੋਂ ਆਜ਼ਾਦ ਇੱਕ ਖਰੀ ਜਮਹੂਰੀ ਜਥੇਬੰਦੀ ਖੜ੍ਹੀ ਕਰਨ ਦੀ ਜ਼ਰੂਰਤ ’ਤੇ ੋਜ਼ੋਰ ਦਿੱਤਾ ਹੈ। ਉਸ ਮੁਤਾਬਕ  ਇੱਕ ਅਜਿਹੀ ਜਥੇਬੰਦੀ ਹੀ ਜਮਹੂਰੀ ਤਰਜ਼ ਰੱਖਣ ਵਾਲੇ ਵੱਖ ਵੱਖ ਕਿਸਮ ਦੇ ਵਿਅਕਤੀਆਂ ਨੂੰ ਆਪਣੀ ਬੁੱਕਲ ਵਿੱਚ ਸਮੋ ਸਕਦੀ ਹੈ ।

ਪੰਜਾਬ ਦੇ ਸੂਝਵਾਨ ਜਮਹੂਰੀ ਹਲਕਿਆਂ ਲਈ ਵਿਦਿਆਰਥੀਆਂ ਦਾ ਇਹ ਸ਼ਾਨਦਾਰ ਉੱਦਮ ਇੱਕ ਵੰਗਾਰ ਹੈ, ਜਿਹੜੀ ਉਨ੍ਹਾਂ ਨੂੰ ਕਬੂਲਣੀ ਚਾਹੀਦੀ ਹੈ। 

                                 (ਜੈਕਾਰਾ ਦਸੰਬਰ 1977’ਚੋਂ)  

No comments:

Post a Comment