Tuesday, November 29, 2022

 ਸਿੱਖਾਂ ਤੇ ਕਾਮਰੇਡਾਂ ਦਰਮਿਆਨ ਟਕਰਾਅ ਦਾ ਝੂਠਾ ਬਿਰਤਾਂਤ ਰੱਦ ਕਰੋ
ਫ਼ਿਰਕੂ ਤਾਕਤਾਂ ਅਤੇ ਲੋਕ-ਪੱਖੀ ਧਰਮ-ਨਿਰਪੱਖ ਤਾਕਤਾਂ ਦੇ ਅਸਲ ਵਿਰੋਧ ਨੂੰ ਉਜਾਗਰ ਕਰੋ 
- ਫ਼ਿਰਕਾਪ੍ਰਸਤ ਤਾਕਤਾਂ ਦੇ ਛੁਪੇ ਸਿਆਸੀ ਮਨਸੂਬਿਆਂ ਦੀ ਪਛਾਣ ਕਰੋ  

ਪੰਜਾਬ ਅੰਦਰ ਸਿੱਖਾਂ ਤੇ ਕਾਮਰੇਡਾਂ ਦੇ ਟਕਰਾਅ ਦਾ ਬਿਰਤਾਂਤ ਝੂਠਾ ਹੈ। ਅਜਿਹਾ ਕੋਈ ਟਕਰਾਅ ਹੈ ਹੀ ਨਹੀਂ। ਅਸਲ ਟਕਰਾਅ ਤਾਂ ਫ਼ਿਰਕਾਪ੍ਰਸਤ ਤਾਕਤਾਂ ਨਾਲ ਇਨਸਾਫ਼ਪਸੰਦ, ਜਮਹੂਰੀਅਤ-ਪਸੰਦ ਤੇ ਧਰਮ-ਨਿਰਪੱਖ ਲੋਕਾਂ ਦਾ ਹੈ। ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਅੱਗੇ ਵਧਾਉਣਾ ਚਾਹੁੰਦੇ ਲੋਕਾਂ ਨਾਲ ਫ਼ਿਰਕਾਪ੍ਰਸਤ ਤਾਕਤਾਂ ਦਾ ਟਕਰਾਅ ਹੈ। ਪਰ ਫ਼ਿਰਕੂ ਤਾਕਤਾਂ ਵੱਲੋਂ ਮਨ ਚਾਹੇ ਢੰਗ  ਨਾਲ ਹਰ ਇਨਸਾਫ਼ਪਸੰਦ, ਧਰਮ-ਨਿਰਪੱਖ ਤੇ ਜਮਹੂਰੀ ਵਿਅਕਤੀ ਨੂੰ ਕਾਮਰੇਡ ਕਰਾਰ ਦਿੱਤਾ ਜਾ ਰਿਹਾ ਹੈ ਤੇ ਆਪਣੇ ਆਪ ਨੂੰ ਸਿੱਖ ਧਰਮੀ। ਜਿਹੜਾ ਵੀ ਵਿਅਕਤੀ ਉਨ੍ਹਾਂ ਦੇ ਫ਼ਿਰਕੂੂ ਤੇ ਪਾਟਕਪਾਊ ਮਨਸ਼ਿਆਂ ਨੂੰ ਪਛਾਣਦਾ ਹੈ ਤੇ ਰੱਦ ਕਰਦਾ ਹੈ,  ਹਰ ਉਹ ਵਿਅਕਤੀ ਉਨ੍ਹਾਂ ਲਈ ਕਾਮਰੇਡ ਹੈ। ਹਾਲਾਂਕਿ ਕਾਮਰੇਡ ਸ਼ਬਦ ਆਪਣੇ ਆਪ ’ਚ ਪੰਜਾਬ ਅੰਦਰ ਕਿਸੇ ਵਿਸ਼ੇਸ਼ ਵਰਗ, ਤਬਕੇ ਜਾਂ ਖਾਸ ਸਮੂਹ ਦੀ ਨੁਮਾਇੰਦਗੀ ਨਹੀਂ ਕਰਦਾ। ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਤੇ ਨਾ ਮੰਨਣ ਵਾਲੇ, ਵੱਖ-ਵੱਖ ਵਿਚਾਰਧਾਰਾਵਾਂ ਨੂੰ ਪ੍ਰਣਾਏ ਤੇ ਵੱਖੋ ਵੱਖਰੀਆਂ ਸਿਆਸੀ ਪਹੁੰਚਾਂ ਵਾਲੇ ਲੋਕ ਧਰਮ ਨਿਰੱਪਖ ਤੇ ਜਮਹੀਰੀ ਤਾਕਤਾਂ ’ਚ ਸ਼ੁਮਾਰ ਹੁੰਦੇ ਹਨ।ਇਹਨਾਂ ਸਭਨਾਂ ਹਿੱਸਿਆਂ ਲਈ ਫ਼ਿਰਕਾਪ੍ਰਸਤ ਅਨਸਰ ਕਾਮਰੇਡ ਸ਼ਬਦ ਵਰਤ ਰਹੇ ਹਨ। ਸਿੱਖਾਂ ਤੇ ਕਾਮਰੇਡਾਂ ਦੇ ਟਕਰਾਅ ਦਾ ਝੂਠਾ ਬਿਰਤਾਂਤ ਇਉਂ ਪੇਸ਼ਕਾਰੀ ਕਰਦਾ ਹੈ ਜਿਵੇਂ ਹੋਰਨਾਂ ਧਰਮਾਂ ਵਾਂਗ ਕਾਮਰੇਡ ਵੀ ਕੋਈ ਇੱਕ ਫ਼ਿਰਕਾ ਹੋਵੇ। ਲੋਕ ਪੱਖੀ ਸਿਆਸੀ ਤਾਕਤਾਂ ਨੂੰ ਵੀ ਬਿਰਤਾਂਤ ਦੀ ਅਜਿਹੀ ਪੇਸ਼ਕਾਰੀ ਤੋਂ ਬਚਣਾ ਚਾਹੀਦਾ ਹੈ।   

ਅਸਲ ਵਿੱਚ ਧਰਮ ਨਿਰਪੱਖ, ਇਨਸਾਫ਼ਪਸੰਦ ਤੇ ਜਮਹੂਰੀਅਤ-ਪਸੰਦ ਲੋਕਾਂ ਦਾ ਸਿੱਖ ਧਰਮੀ ਲੋਕਾਂ ਨਾਲ ਕੋਈ ਟਕਰਾਅ ਨਹੀਂ ਹੈ। ਇਨ੍ਹਾਂ ਵਿੱਚ ਖ਼ੁਦ ਕਿੰਨੇ ਹੀ ਸਿੱਖ ਧਰਮੀ ਲੋਕ ਸ਼ਾਮਲ ਹਨ। ਜਦ ਕਿ ਖ਼ੁਦ ਸਿੱਖ ਬਣ ਕੇ ਪੇਸ਼ ਹੋ ਰਹੇ ਲੋਕ ਅਸਲ ਵਿਚ ਫ਼ਿਰਕੂ ਸੋਚ ਵਾਲੇ ਸਿਆਸੀ ਲੋਕ ਹਨ ਜਿਹੜੇ ਇਸ ਰਾਜ ਭਾਗ ਵਿੱਚ ਗੱਦੀਆਂ ਖ਼ਾਤਰ ਆਪਣੇ ਵਿਰੋਧੀ ਸ਼ਰੀਕਾਂ ਨਾਲ ਭਿੜ ਰਹੇ ਹਨ। ਚਾਹੇ ਕੋਈ ਇਸੇ ਰਾਜ ਭਾਗ ਵਿੱਚ ਗੱਦੀ ’ਤੇ ਬੈਠਣ ਦੀ ਲਾਲਸਾ ਰੱਖਦਾ ਹੈ ਤੇ ਕੋਈ ਵਿਸ਼ੇਸ਼ ਅਧਿਕਾਰਾਂ ਵਾਲਾ ਇਲਾਕਾ ਬਣਾ ਕੇ। ਇਹ ਫ਼ਿਰਕਾਪ੍ਰਸਤੀ ਲੁਟੇਰੀਆਂ ਜਮਾਤਾਂ ਦੀ ਸੇਵਾ ਲਈ ਹੈ ਤੇ ਲੋਕਾਂ ਉਪਰ ਮੜ੍ਹੇ ਹੋਏ ਲੁੱਟ ਦੇ ਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਹੈ। ਇਹ ਤਾਕਤਾਂ ਪੰਜਾਬ ਅੰਦਰ ਫਿਰਕਾਪ੍ਰਸਤੀ ਨੂੰ ਹਵਾ ਦੇ ਕੇ ਆਪਣੇ ਸੌੜੇ ਫ਼ਿਰਕੂ ਤੇ ਸਿਆਸੀ ਮਨਸੂਬਿਆਂ ਦੀ ਪੂਰਤੀ ਲਈ ਪਰ ਤੋਲ ਰਹੀਆਂ ਹਨ।  

ਕਾਮਰੇਡਾਂ ਤੇ ਸਿੱਖਾਂ ਦਰਮਿਆਨ ਟਕਰਾਅ ਦੀ ਇਹ ਝੂਠੀ ਪੇਸ਼ਕਾਰੀ ਸਿਰਫ ਫ਼ਿਰਕਾਪ੍ਰਸਤ ਤਾਕਤਾਂ ਦੇ ਹਿੱਤਾਂ ਲਈ ਹੈ। ਇਸੇ ਲਈ ਉਹ ਕਿਸਾਨ ਜਥੇਬੰਦੀਆਂ ’ਤੇ ਵੀ ਕਾਮਰੇਡ ਹੋਣ ਦਾ ਲੇਬਲ ਚਿਪਕਾ ਰਹੇ ਹਨ। ਹਾਲਾਂਕਿ ਕਿਸਾਨ ਜਥੇਬੰਦੀਆਂ ਦੀ ਕੋਈ ਵਿਸ਼ੇਸ਼ ਵਿਚਾਰਧਾਰਾ ਨਹੀਂ ਹੈ ਤੇ ਬਹੁਤ ਸਾਰੀਆਂ ਜਥੇਬੰਦੀਆਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਧਰਮ ਵਿਅਕਤੀ ਦਾ ਨਿੱਜੀ ਮਸਲਾ ਹੈ। ਫ਼ਿਰਕਾਪ੍ਰਸਤ ਤਾਕਤਾਂ ਵੱਲੋਂ ਉਭਾਰੇ ਜਾ ਰਹੇ ਇਸ ਬਿਰਤਾਂਤ ਨੂੰ ਕੱਟਣ ਦੀ ਜ਼ਰੂਰਤ ਹੈ ਨਾ ਕਿ ਹੋਰ ਤਕੜਾ ਕਰਨ ਦੀ। ਫਿਰਕੂ ਤਾਕਤਾਂ ਨੂੰ ਆਮ ਸਿੱਖ ਧਰਮੀ ਲੋਕਾਂ ਨਾਲ ਰਲਗੱਡ ਨਹੀਂ ਕੀਤਾ ਜਾਣਾ ਚਾਹੀਦਾ ਜਦ ਕਿ ਇਹੀ ਫ਼ਿਰਕਾਪ੍ਰਸਤ ਕਰਨਾ ਚਾਹੁੰਦੇ ਹਨ। ਉਹ ਆਮ ਸਿੱਖ ਧਰਮੀ ਲੋਕਾਂ ਦੇ ਨੁਮਾਇੰਦੇ ਬਣ ਕੇ ਪੇਸ਼ ਹੁੰਦੇ ਹਨ। 

ਆਰ.ਐਸ.ਐਸ. ਦੀ ਫ਼ਿਰਕੂ ਫਾਸ਼ੀ ਵਿਚਾਰਧਾਰਾ ਖ਼ਿਲਾਫ਼ ਸੰਘਰਸ਼ ਕਰਦਿਆਂ ਹੋਰਨਾਂ ਧਰਮਾਂ ਅੰਦਰਲੇ ਫਿਰਕੂ ਫਾਸ਼ੀ ਰੁਝਾਨਾਂ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ, ਸਗੋਂ ਹਰ ਤਰ੍ਹਾਂ ਦੇ ਫ਼ਿਰਕਾਪ੍ਰਸਤਾਂ ਖ਼ਿਲਾਫ ਸੰਘਰਸ਼ ਦੀ ਲੋੜ ਹੈ। ਜੇਕਰ ਫ਼ਿਰਕਾਪ੍ਰਸਤ ਤਾਕਤਾਂ ਨਾਲ ਸੰਵਾਦ ਹੋ ਸਕਦਾ ਹੁੰਦਾ ਤਾਂ ਫਿਰ ਆਰ.ਐੱਸ.ਐੱਸ. ਨਾਲ ਕਰਨ ’ਚ ਵੀ ਕੀ ਹਰਜ਼ ਹੋਣਾ ਸੀ। ਇਹ ਸੰਵਾਦ ਸਾਧਾਰਨ ਧਾਰਮਿਕ ਵਿਸ਼ਵਾਸਾਂ ਵਾਲੇ ਲੋਕਾਂ ਨਾਲ ਹੀ ਹੋ ਸਕਦਾ ਹੁੰਦਾ ਹੈ ਕਿਉਂਕਿ ਉਹ ਲੋਕਾਂ ਦੀਆਂ ਆਪਣੀਆਂ ਜਮਾਤਾਂ ਦਾ ਹੀ ਹਿੱਸਾ ਹਨ, ਪਰ ਹਾਕਮ ਜਮਾਤੀ ਸਿਆਸਤ ਦਾ ਅੰਗ ਬਣ ਕੇ ਕੁਰਸੀ ਹਥਿਆਉਣ ਦੀ ਖੇਡ ਖੇਡ ਰਹੇ ਫ਼ਿਰਕੂ ਟੋਲਿਆਂ ਨਾਲ ਨਹੀਂ ਹੋ ਸਕਦਾ ਹੁੰਦਾ। ਕਿਉਂਕਿ ਉਨ੍ਹਾਂ ਦਾ ਕਿਰਦਾਰ ਬੁਨਿਆਦੀ ਤੌਰ ’ਤੇ ਲੋਕ ਦੁਸ਼ਮਣ ਜਮਾਤਾਂ ਵਾਲਾ ਹੈ। ਇਹ ਨਾ ਅੱਸੀਵਿਆਂ ਦੇ ਦਹਾਕੇ ਦੀਆਂ ਫ਼ਿਰਕਾਪ੍ਰਸਤ ਤਾਕਤਾਂ ਨਾਲ ਹੋ ਸਕਦਾ ਸੀ ਤੇ ਨਾ ਹੁਣ ਵੀ ਕਿਸੇ ਵੰਨਗੀ ਦੀਆਂ ਫ਼ਿਰਕਾਪ੍ਰਸਤ ਸਿਆਸੀ ਤਾਕਤਾਂ ਨਾਲ ਹੋ ਸਕਦਾ ਹੈ। ਹਰ ਤਰ੍ਹਾਂ ਦੀ ਫ਼ਿਰਕਾਪ੍ਰਸਤੀ ਦੇ ਖਾਸ ਜਮਾਤੀ ਸਿਆਸੀ ਹਿੱਤ ਹਨ। ਲੋਕਾਂ ਸਾਹਮਣੇ ਉਨ੍ਹਾਂ ਜਮਾਤੀ ਸਿਆਸੀ ਹਿੱਤਾਂ ਨੂੰ ਉਭਾਰਨ ਦੀ ਲੋੜ ਹੈ।

ਇਸ ਹਾਲਤ ਅੰਦਰ ਲੋਕਾਂ ਦੇ ਜਮਾਤੀ ਤੇ ਤਬਕਾਤੀ ਹੱਕਾਂ ਦੇ ਮੁੱਦਿਆਂ ਵਾਲੇ ਸੰਘਰਸ਼ਾਂ ’ਤੇ ਧਿਆਨ ਕੇਂਦਰਿਤ ਰੱਖਣ ਦੀ ਲੋੜ ਹੈ। ਨਾਲ ਹੀ ਫ਼ਿਰਕਾਪ੍ਰਸਤ ਤਾਕਤਾਂ ਦੇ ਮਨਸੂਬੇ ਲੋਕਾਂ ’ਚ ਉਘਾੜਨ ਤੇ ਹਰ ਤਰ੍ਹਾਂ ਦੇ ਪਾਟਕ-ਪਾਊ ਵਿਚਾਰਾਂ/ਕਦਮਾਂ ਨੂੰ ਰੱਦ ਕਰਨ ਦੀ ਲੋੜ ਹੈ।

---0---  

No comments:

Post a Comment