Friday, May 13, 2022

ਬੇਰੁਜ਼ਗਾਰੀ: ਕੰਮ ਬਾਝੋਂ ਰੁਲਦੀ ਕਿਰਤ ਸ਼ਕਤੀ

ਬੇਰੁਜ਼ਗਾਰੀ:

ਕੰਮ ਬਾਝੋਂ ਰੁਲਦੀ ਕਿਰਤ ਸ਼ਕਤੀ

ਭਾਰਤ ਦੀ ਰੁਜ਼ਗਾਰ ਪੈਦਾ ਕਰਨ ਦੀ ਸਮੱਸਿਆ ਹੌਲੀ ਹੌਲੀ ਇੱਕ ਗੰਭੀਰ ਵੰਗਾਰ ਬਣਦੀ ਜਾ ਰਹੀ ਹੈ: ਵਧ-ਫੁੱਲ ਕੇ ਵੱਡੀ ਹੋਈ ਲੋਕਾਂ ਦੀ ਗਿਣਤੀ ਹੁਣ ਕੰਮ ਦੀ ਤਲਾਸ਼ ਕਰਨੋਂ ਵੀ ਹਟ ਗਈ ਹੈ। ਮੁੰਬਈ ਦੀ ਇੱਕ ਪ੍ਰਾਈਵੇਟ ਖੋਜ ਫ਼ਰਮ-ਭਾਰਤੀ ਆਰਥਿਕਤਾ ਦੇ ਨਿਰੀਖਣ ਕੇਂਦਰ-ਸੀ.ਐਮ ਆਈ. ਈ, (Centre for Monitoring Indian Economy) ਦੇ ਨਵੇਂ ਅੰਕੜਿਆਂ ਅਨੁਸਾਰ, ਢੁੱਕਵਾਂ ਰੁਜ਼ਗਾਰ ਪ੍ਰਾਪਤ ਨਾ ਕਰ ਸਕਣ ਤੋਂ ਮਾਯੂਸ, ਲੱਖਾਂ ਭਾਰਤੀ, ਖਾਸ ਕਰਕੇ ਔਰਤਾਂ ਕਿਰਤ ਸ਼ਕਤੀ ’ਚੋਂ ਪੂਰਨ ਤੌਰ ’ਤੇ ਬਾਹਰ ਹੋ ਰਹੀਆਂ ਹਨ। 

ਜਦ ਭਾਰਤ ਸੰਸਾਰ ਦੀਆਂ ਸਭ ਤੋਂ ਤੇਜ਼ੀ ਨਾਲ ਵਧ-ਫੁੱਲ ਰਹੀਆਂ ਆਰਥਿਕਤਾਵਾਂ ’ਚੋਂ ਇੱਕ ਦੇ ਹਾਣ ਦਾ ਬਣਨ ਲਈ ਨੌਜਵਾਨ ਕਾਮਿਆਂ ਨੂੰ ਦਾਅ ’ਤੇ ਲਾ ਰਿਹਾ ਹੈ, ਤਾਜ਼ਾ ਅੰਕੜੇ ਇੱਕ ਬਦਸ਼ਗਨਾ ਅਗਰਦੂਤ ਬਣੇ ਹੋਏ ਹਨ। 2017 ਤੋਂ 2022 ਵਿਚਕਾਰ ਸਮੁੱਚੇ ਤੌਰ ’ਤੇ ਕਿਰਤ ’ਚ ਸ਼ਮੂਲੀਅਤ ਦਰ 46% ਤੋਂ 40% ’ਤੇ ਆ ਡਿੱਗੀ ਹੈ। ਔਰਤਾਂ ਵਿੱਚ ਇਹ ਅੰਕੜਾ ਹੋਰ ਵੀ ਉੱਘੜਵਾਂ ਹੈ। ਮਜ਼ਦੂਰ ਗਿਣਤੀ ’ਚੋਂ ਲਗਭਗ 21 ਮਿਲੀਅਨ ਅਲੋਪ ਹੋ ਗਈਆਂ ਹਨ, ਜਦ ਕਿ ਰੁਜ਼ਗਾਰ-ਪ੍ਰਾਪਤ ਜਾਂ ਨੌਕਰੀ ਦੀ ਤਲਾਸ਼ ’ਚ ਯੋਗ ਆਬਾਦੀ ’ਚੋਂ ਸਿਰਫ਼ 9% ਹੀ ਬਾਕੀ ਰਹਿ ਗਈ ਹੈ। ਸੀ. ਐਮ. ਆਈ. ਈ. ਅਨੁਸਾਰ, ਕਾਨੂੰਨੀ ਪੱਖੋਂ ਕੰਮਕਾਰ ਦੀ ਉਮਰ ਦੇ 900 ਮਿਲੀਅਨ ਭਾਰਤੀਆਂ ’ਚੋਂ ਅੱਧੇ ਤੋਂ ਵੱਧ-ਮੋਟੇ ਤੌਰ ’ਤੇ ਅਮਰੀਕਾ ਤੇ ਰੂਸ ਦੀ ਜੁੜਵੀਂ ਆਬਾਦੀ ਦੇ ਬਰਾਬਰ ਬਣਦੇ- ਰੁਜ਼ਗਾਰ ਚਾਹੁੰਦੇ ਹੀ ਨਹੀਂ ਹਨ। 

ਬੰਗਲੂਰੂ ਵਿੱਚ ਫਰਾਂਸੀਸੀ ਬਹੁਕੌਮੀ ਨਿਵੇਸ਼ ਬੈਂਕ ਅਤੇ ਵਿੱਤੀ ਕੰਪਨੀ  ਪ੍ਰਾਈਵੇਟ ਲਿਮ. (Societe Generale GSC Pvt.) ਦੇ ਇੱਕ ਅਰਥਸ਼ਾਸਤਰੀ ਕੁਨਾਲ ਕੁੰਡੂ ਨੇ ਕਿਹਾ,‘‘ਹਿੰਮਤ ਹਾਰ ਚੁੱਕੇ ਕਾਮਿਆਂ ਦੀ ਵੱਡੀ ਗਿਣਤੀ ਸੁਝਾਉਦੀ ਹੈ, ਕਿ ਭਾਰਤ ਲਈ ਇਸਦੀ ਨੌਜਵਾਨ ਆਬਾਦੀ ਵੱਲੋਂ ਪੇਸ਼ ਕੀਤੇ ਜਾ ਸਕਣ ਵਾਲੇ ਲਾਭੰਸ਼ ਨੂੰ ਸਾਂਭ ਲੈਣਾ ਅਸੰਭਵ ਹੋਣਾ ਹੈ।’’ ‘‘ਸ਼ਾਇਦ ਭਾਰਤ ਅਣਸਾਵੇਂ ਵਿਕਾਸ (K-shaped Growth ) ਨਾਲ ਦਰਮਿਆਨੀ ਆਮਦਨ ਦੀ ਕੁੜਿੱਕੀ ’ਚ ਫਸਿਆ ਰਹੇਗਾ। ਰੁਜ਼ਗਾਰ ਪੈਦਾ ਕਰਨ ਦੁਆਲੇ ਭਾਰਤ ਦੀਆਂ ਚਣੌਤੀਆਂ ਇਸਦੇ ਸਪਸ਼ਟ ਸਬੂਤ ਹਨ । ਆਬਾਦੀ ਦਾ ਲੱਗਭੱਗ ਦੋ ਤਿਹਾਈ ਹਿੱਸਾ 15 ਤੋਂ 64 ਸਾਲ ਦੀ ਉਮਰ ਵਿੱਚ ਆਉਦਾ ਹੈ। ਨੌਕਰ-ਚਾਕਰ ਜਿਹੀਆਂ ਨੀਵੀਂਆਂ ਕਿਰਤਾਂ ਤੋਂ ਅਗਾਂਹ ਹਰ ਕਿਤੇ ਸਖਤ ਮੁਕਾਬਲਾ ਹੈ। ਸਰਕਾਰ ਵਿੱਚ ਪੱਕੀਆਂ ਨੌਕਰੀਆਂ ਲਈ ਰੋਜ਼-ਦਿਹਾੜੀ ਲੱਖਾਂ ਦਰਖਾਸਤਾਂ ਦੀ ਧੂਹ ਪੈਂਦੀ ਹੈ। ਸਿਖਰਲੇ ਇੰਜਨੀਅਰਿੰਗ ਸਕੂਲਾਂ ਵਿੱਚ ਦਾਖਲਾ ਜੂਏ ਦੀ ਖੇਡ ਬਣਿਆ ਹੋਇਆ ਹੈ। 

ਭਾਵੇਂ ਪ੍ਰਧਾਨ ਮੰਤਰੀ ਮੋਦੀ ਨੇ ‘‘ਅੰਮਿ੍ਰਤ ਕਾਲ’’ ਜਾਂ ਵਿਕਾਸ ਦੇ ਸੁਨਹਿਰੀ ਦੌਰ ਲਈ ਭਾਰਤ ’ਤੇ ਦਬਾਅ ਪਾਉਦੇ ਹੋਏ ਰੁਜ਼ਗਾਰ ਨੂੰ ਤਰਜੀਹ ’ਤੇ ਰੱਖਿਆ ਹੈ, ਪਰ ਇਸਦੇ ਪ੍ਰਸਾਸ਼ਨ ਨੇ ਆਬਾਦੀ ਦੀ ਬਣਤਰ ਤੇ ਤਬਦੀਲੀ ਦੇ ਅੰਕੜਿਆਂ ਦੇ ਅਸੰਭਵ ਦਿਖਦੇ ਸੁਆਲ ਨੂੰ ਹੱਲ ਕਰਨ ਦੇ ਮਾਮਲੇ ’ਚ ਕੋਈ ਖਾਸ ਤਰੱਕੀ ਨਹੀਂ ਕੀਤੀ। 

ਮੈਕਿਨਜ਼ੀ ਗਲੋਬਲ ਇੰਸਟੀਚਿਊਟ ਦੀ 2020 ਦੀ ਰਿਪੋਰਟ ਅਨੁਸਾਰ, ਨੌਜਵਾਨਾਂ ਦੇ ਉਭਾਰ ਨਾਲ ਕਦਮ ਮਿਲਾ ਕੇ ਚੱਲਣ ਲਈ ਭਾਰਤ ਨੂੰ 2030 ਤੱਕ ਘੱਟੋ ਘੱਟ 90 ਮਿਲੀਅਨ ਗੈਰ-ਖੇਤੀ ਨਵੇਂ ਰੁਜ਼ਗਾਰ ਪੈਦਾ ਕਰਨ ਦੀ ਲੋੜ ਹੈ। ਇਸ ਵਾਸਤੇ ਕੁੱਲ ਘਰੇਲੂ ਉਤਪਾਦਕ ਵਾਧੇ ਦੀ 8%-8.5% ਦੀ ਲੋੜ ਹੋਵੇਗੀ। 

ਸ਼ਿਵਾਨੀ ਠਾਕੁਰ (25), ਜਿਸਨੇ ਕੰਮ ਦੇ ਘੰਟੇ ਬਹੁਤ ਕਸੂਤੇ ਹੋਣ ਕਰਕੇ, ਹੁਣੇ ਹੁਣੇ ਇੱਕ ਹੋਟਲ ਦੀ ਨੌਕਰੀ ਛੱਡੀ ਹੈ ਨੇ ਕਿਹਾ,‘‘ਮੈਂ ਪੈਸੇ ਪੈਸੇ ਲਈ ਹੋਰਾਂ ’ਤੇ ਨਿਰਭਰ ਹਾਂ।’’ 

ਨੌਜਵਾਨਾਂ ਨੂੰ ਰੁਜ਼ਗਾਰ ਦੇਣ ’ਚ ਅਸਫ਼ਲ ਹੋਣ ਨਾਲ ਭਾਰਤ ਵਿਕਸਤ ਦੇਸ਼ਾਂ ਦੇ ਹਾਣ ਦੇ ਹੋਣ ਪੱਖੋਂ ਲੀਹੋਂ ਲਹਿ ਸਕਦਾ ਹੈ। ਭਾਵੇਂ ਮੁਲਕ ਨੇ ਆਪਣੀ ਆਰਥਿਕਤਾ ਦੇ ਉਦਾਰੀਕਰਨ ’ਚ ਵੱਡੀਆਂ ਮੱਲਾਂ ਮਾਰੀਆਂ ਹਨ, ਐਪਲ ਤੇ ਐਮੈਜ਼ੋਨ ਦੀ ਬਰਾਬਰੀ ਕਰਨ ਪੱਖੋਂ, ਛੇਤੀ ਹੀ ਭਾਰਤ ਦੀ ਨਿਰਭਰਤਾ ਦਾ ਅਨੁਪਾਤ ਵਧਣ ਲੱਗੇਗਾ। 

ਅਰਥਸ਼ਾਸਤਰੀਆਂ ਨੂੰ ਚਿੰਤਾ ਹੈ ਕਿ ਮੁਲਕ ਜਨ-ਅੰਕੜਾ ਲਾਭੰਸ਼  (demographic dividend ) ਨੂੰ ਸਾਂਭਣ ਦੇ ਅਵਸਰ ਗੁਆ ਸਕਦਾ ਹੈ। ਦੂਜੇ ਲਫ਼ਜ਼ਾਂ ’ਚ ਭਾਰਤੀ ਬੁੱਢੇ ਹੋ ਸਕਦੇ ਹਨ, ਪਰ ਅਮੀਰ ਨਹੀਂ। 

ਕਿਰਤ ਵਿੱਚ ਗਿਰਾਵਟ ਮਹਾਂਮਾਰੀ ਤੋਂ ਪਹਿਲਾਂ ਦੀ ਹੈ। 2016 ਵਿੱਚ ਸਰਕਾਰ ਨੇ ਕਾਲੇ ਧਨ ਦਾ ਖੁਰਾਖੋਜ  ਮਿਟਾਉਣ ਦੀ ਕੋਸ਼ਿਸ਼ ਵਜੋਂ ਕਰੰਸੀ ਨੋਟਾਂ ’ਤੇ ਪਾਬੰਦੀ ਮੜ੍ਹ ਦਿੱਤੀ, ਆਰਥਿਕਤਾ ਲੜਖੜਾ ਗਈ। ਉਸੇ ਸਮੇਂ ਹੀ ਮੁਲਕ ਵਿਆਪੀ ਸੇਲ ਟੈਕਸ ਦੀ ਛੇੜਛਾੜ ਨੇ ਇੱਕ ਹੋਰ ਚੈਲਿੰਜ ਖੜ੍ਹਾ ਕਰ ਦਿੱਤਾ। ਭਾਰਤ ਨੇ ਗੈਰ-ਰਸਮੀ ਤੋਂ ਰਸਮੀ ਆਰਥਿਕਤਾ ’ਚ ਤਬਦੀਲੀ ਅਨੁਸਾਰ ਢਲਣ ਲਈ ਜਦੋਜਹਿਦ ਕੀਤੀ ਹੈ। 

ਕਿਰਤ ਸ਼ਕਤੀ ਵਿੱਚ ਗਿਰਾਵਟ ਦੀਆਂ ਵਿਆਖਿਆਵਾਂ ਵੱਖ ਵੱਖ ਹਨ। ਬੇਰੁਜ਼ਗਾਰ ਭਾਰਤੀ ਬਹੁਤਾ ਕਰਕੇ ਵਿਦਿਆਰਥੀ ਜਾਂ ਘਰੇਲੂ ਵਿਅਕਤੀ (ਔਰਤਾਂ) ਹਨ। ਉਨ੍ਹਾਂ ਵਿੱਚੋਂ ਬਹੁਤੇ ਕਿਰਾਏ ਜਾਂ ਜ਼ਮੀਨ ਦੇ ਠੇਕੇ, ਬੁਢਾਪਾ ਪੈਨਸ਼ਨਾਂ ਜਾਂ ਸਰਕਾਰੀ ਸਹਾਇਤਾ ਅਦਾਇਗੀਆਂ ਦੇ ਸਿਰ ’ਤੇ ਜੀਵਨ ਬਸਰ ਕਰਦੇ ਹਨ। ਤੇਜ਼ ਤਕਨੀਕੀ ਤਬਦੀਲੀ ਦੇ ਦੌਰ ਵਿੱਚ ਬਹੁਤ ਸਾਰੇ ਹੋਰ ਮਾਰਕੀਟ ’ਚ ਮੁੱਲ ਪੈਣ ਵਾਲੀ ਮੁਹਾਰਤ ਦੇ ਸੈੱਟਾਂ ਨੂੰ ਹਥਿਆਉਣ ਪੱਖੋਂ ਪਿੱਛੇ ਰਹਿ ਜਾਂਦੇ ਹਨ। 

ਔਰਤਾਂ ਦੇ ਮਾਮਲੇ ’ਚ ਕਾਰਨ, ਕਈ ਵਾਰ ਸੁਰੱਖਿਆ ਨਾਲ ਸਬੰਧਤ ਹੁੰਦੇ ਹਨ ਜਾਂ ਘਰਾਂ ਵਿੱਚ ਸਮਾਂ ਖਪਾਉਣ ਵਾਲੀਆਂ ਜਿੰਮੇਵਾਰੀਆਂ ਹੁੰਦੀਆਂ ਹਨ। ਭਾਵੇਂ ਉਹ ਭਾਰਤੀ ਆਬਾਦੀ ਦੇ 49% ਦੀ ਨੁਮਾਇੰਦਗੀ ਕਰਦੀਆਂ ਹਨ, ਆਰਥਕ ਉਤਪਾਦਨ ਵਿੱਚ ਔਰਤਾਂ ਦਾ ਯੋਗਦਾਨ ਸਿਰਫ਼ 18% ਹੈ, ਸੰਸਾਰ ਦੇ ਔਸਤ ਤੋਂ ਲਗਭਗ ਅੱਧਾ। 

ਸੀ. ਐਮ. ਆਈ. ਈ. ਦੇ ਮਹੇਸ਼ ਵਿਆਸ ਨੇ ਕਿਹਾ, ‘‘ਔਰਤਾਂ ਕਿਰਤ ਸ਼ਕਤੀ ’ਚ ਐਨੀ ਵਧੇਰੇ ਗਿਣਤੀ ’ਚ ਨਹੀਂ ਜਾਂਦੀਆਂ, ਕਿਉਕਿ ਰੁਜ਼ਗਾਰ ਉਹਨਾਂ ਨਾਲ ਇਨਸਾਫ਼ ਨਹੀਂ ਕਰਦਾ। ਮਿਸਾਲ ਵਜੋਂ ਮਰਦ ਨੌਕਰੀ ’ਤੇ ਪਹੁੰਚਣ ਲਈ ਗੱਡੀਆਂ ਦੀ ਅਦਲਾ-ਬਦਲੀ ਲਈ ਰਾਜ਼ੀ ਹੋ ਜਾਂਦੇ ਹਨ, ਔਰਤਾਂ ਅਜਿਹਾ ਕਰਨ ਲਈ ਸ਼ਾਇਦ ਘੱਟ ਰਾਜ਼ੀ ਹੋਣ। ਇਹ ਬਹੁਤ ਵੱਡੀ ਪੱਧਰ ’ਤੇ ਵਾਪਰ ਰਿਹਾ ਹੈ।’’ ਸਟੇਟ ਬੈਂਕ ਆਫ਼ ਇੰਡੀਆ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ, ਸਰਕਾਰ ਨੇ ਇਸ ਸਮੱਸਿਆ ਨੂੰ ਸੰਬੋਧਤ ਹੋਣ ਦੀ ਕੋਸ਼ਿਸ਼ ਕੀਤੀ ਹੈ, ਔਰਤਾਂ ਲਈ ਵਿਆਹ ਦੀ ਘੱਟੋ ਘੱਟੋ ਉਮਰ 21 ਸਾਲ ਕਰਨ ਸਮੇਤ ਔਰਤਾਂ ਨੂੰ ਉਚੇਰੀ ਸਿੱਖਿਆ ਅਤੇ ਜੀਵਨ-ਪੰਧ (career) ਲਈ ਖੁੱਲ੍ਹ ਦੇਣ ਰਾਹੀਂ ਕਾਮਾ ਸ਼ਕਤੀ ਦੀ ਸ਼ਮੂਲੀਅਤ ’ਚ ਸੁਧਾਰ ਹੋ ਸਕਦਾ ਹੈ। 

ਸੱਭਿਆਚਾਰਕ ਸੰਭਾਵਨਾਵਾਂ ਦੀ ਤਬਦੀਲੀ ਸ਼ਾਇਦ ਕਠਿਨ ਕਰਤੱਵ ਹੈ। 

ਕਾਲਜ ਤੋਂ ਗਰੈਜੂਏਸ਼ਨ ਕਰਨ ਮਗਰੋਂ, ਠਾਕੁਰ ਨੇ ਮਹਿੰਦੀ ਕਲਾਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਆਗਰਾ ਸ਼ਹਿਰ ਵਿੱਚ ਇੱਕ ਪੰਜ ਤਾਰਾ ਹੋਟਲ ’ਤੇ ਮਹਿਮਾਨਾਂ ਦੇ ਹੱਥਾਂ ’ਤੇ ਮਹਿੰਦੀ ਲਾਉਣ ਨਾਲ ਉਹ 20000 ਰੁਪਏ ਮਹੀਨੇ ਦੀ ਕਮਾਈ ਕਰ ਰਹੀ ਹੈ। 

ਕੰਮ ਦੇ ਘੰਟੇ ਦੇਰ ਤੱਕ ਰਹਿਣ ਕਰਕੇ ਉਸਦੇ ਮਾਪਿਆਂ ਨੇ ਉਹਨੂੰ ਇਸ ਵਰ੍ਹੇ  ਇਹ ਕੰਮ  ਛੱਡ ਦੇਣ ਨੂੰ ਆਖਿਆ ਹੈ। ਉਹ ਹੁਣ ਉਸਦੀ ਸ਼ਾਦੀ ਕਰਨਾ ਚਾਹੁੰਦੇ ਹਨ। ਉਸਨੇ ਕਿਹਾ,‘‘ ਵਿੱਤੀ ਆਜ਼ਾਦੀ ਦੀ ਜ਼ਿੰਦਗੀ ਹੱਥੋਂ ਨਿੱਕਲ ਰਹੀ ਹੈ। ਠਾਕੁਰ ਨੇ ਕਿਹਾ,‘‘ ਮੇਰੀਆਂ ਅੱਖਾਂ ਦੇ ਸਾਹਮਣੇ ਭਵਿੱਖ ਨੂੰ ਤਬਾਹ ਕੀਤਾ ਜਾ ਰਿਹਾ ਹੈ, ਮੈਂ ਆਪਣੇ ਮਾਪਿਆਂ ਨੂੰ ਮੰਨਾਉਣ ਲਈ ਹਰ ਹੀਲਾ ਵਰਤਿਆ ਹੈ, ਪਰ ਕਿਸੇ ਨੇ ਕੰਮ ਨਹੀਂ ਕੀਤਾ। ’’ 

(ਇੰਡੀਅਨ ਐਕਸਪ੍ਰੈਸ ਦੀ ਰਿਪੋਰਟ)

   

No comments:

Post a Comment