Friday, May 13, 2022

ਛੱਤੀਸਗੜ੍ਹ ’ਚ ਆਦਿਵਾਸੀ ਖੇਤਰਾਂ ’ਤੇ ਡਰੋਨ ਹਮਲਿਆਂ ਦੀ ਚਰਚਾ, ਆਦਿਵਾਸੀਆਂ ਵੱਲੋਂ ਵਿਰੋਧ

 ਛੱਤੀਸਗੜ੍ਹ ’ਚ ਆਦਿਵਾਸੀ ਖੇਤਰਾਂ ’ਤੇ ਡਰੋਨ ਹਮਲਿਆਂ ਦੀ ਚਰਚਾ
ਆਦਿਵਾਸੀਆਂ ਵੱਲੋਂ ਵਿਰੋਧ

ਛੱਤੀਸਗੜ੍ਹ ਦੇ ਬੀਜਾਪੁਰ ਜਿਲ੍ਹੇ ਵਿੱਚ ਆਦਿਵਾਸੀਆਂ ਨੇ ਦੋਸ਼ ਲਾਇਆ ਹੈ ਕਿ 14-15 ਅਪ੍ਰੈਲ ਦੇ ਵਿਚਕਾਰਲੀ ਰਾਤ ਨੂੰ ਪੁਲਸ ਨੇ ਮਾਓਵਾਦੀਆਂ ਨੂੰ ਬੇਅਸਰ ਕਰਨ ਦੀ ਕੋਸ਼ਿਸ਼ ਵਜੋਂ ਹਵਾਈ ਹਮਲੇ ਕੀਤੇ ਹਨ ਅਤੇ ਉਨ੍ਹਾਂ ਦੇ ਪਿੰਡਾਂ ਦੇ ਆਸ-ਪਾਸ ਦੇ ਜੰਗਲ ਦੇ ਹਿੱਸਿਆਂ ’ਤੇ ਬੰਬਾਰੀ ਕੀਤੀ। 

ਬੀਜਾਪੁਰ ਜਿਲ੍ਹੇ ਦੇ ਪਾਮੈਡ ਬਲਾਕ ਵਿੱਚ ਪੇਂਡੂ ਲੋਕ ਸੁਰੱਖਿਆ ਬਲਾਂ ਵੱਲੋਂ ਕੀਤੇ ਹਵਾਈ ਹਮਲੇ ਦਾ ਦਾਅਵਾ ਕਰਦੇ ਹਨ, ਕਹਿੰਦੇ ਹਨ ਕਿ ਉਹਨਾਂ ਨੇ ਮੁਸ਼ਕਲ ਨਾਲ ਹੀ ਆਪਣਾ ਬਚਾ ਕੀਤਾ। 

30 ਵਰ੍ਹਿਆਂ ਦੇ ਅਮਰ ਨੇ ਜੰਗਲਾਂ ਵਿੱਚ ਡਰੋਨ ਹਮਲਿਆਂ ਦੀ ਵਰਤੋਂ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਹੈ,‘‘ਇਹ ਇੱਕ ਜਾਲਮਾਨਾ ਵਾਰ ਹੈ, ਲੋਕਾਂ ’ਤੇ ਕਸ਼ਟ ਟੁੱਟ ਸਕਦੇ ਸਨ।’’ 

ਅਮਰ ਨੇ ਮੁੱਕਾ ਵੱਟਦੇ ਹੋਏ ਕਿਹਾ,‘‘ਅਸੀਂ ਆਦਿਵਾਸੀ ਲੋਕ ਹਾਂ, ਦੇਖੋ ਅਸੀਂ ਕਿਵੇਂ ਰਹਿੰਦੇ ਹਾਂ। ਅਸੀਂ ਜੰਗਲਾਂ ਵਿੱਚ ਰਹਿੰਦੇ ਹਾਂ, ਆਪਣੇ ਛੋਟੇ ਛੋਟੇ ਖੇਤਾਂ ’ਚ ਕੰਮ ਕਰਦੇ ਹਾਂ ਅਤੇ ਜੰਗਲ ’ਚੋਂ ਹੋਰ ਵਸਤਾਂ ਵਸੂਲ ਕਰਦੇ ਹਾਂ। ਕਿਉਕਿ ਸਾਡੇ ਦਿਨ ਦਾ ਬਹੁਤ ਵੱਡਾ ਹਿੱਸਾ ਜੰਗਲਾਂ ’ਚ ਜਾਂ ਉਨ੍ਹਾਂ ਦੇ ਨੇੜੇ-ਤੇੜੇ ਗੁਜ਼ਰਦਾ ਹੈ, ਉਹ ਸਾਡੀ ਜ਼ਿੰਦਗੀ ਦਾ ਹਿੱਸਾ ਹਨ। ਸਾਡੀ ਮੰਗ ਹੈ ਕਿ ਉਨ੍ਹਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਸਾਡੇ ਜੰਗਲਾਂ ਵਿੱਚ ਬੰਬਾਰੀ ਨਹੀਂ ਹੋਣੀ ਚਾਹੀਦੀ।’’

ਇਸ ਤੋਂ ਅੱਗੇ ਅਮਰ ਨੇ ਪੁਲਸ ’ਤੇ ਦੋਸ਼ ਲਾਇਆ ਅਤੇ ਉਨ੍ਹਾਂ ਨੂੰ ਲਾਪ੍ਰਵਾਹੀ ਲਈ ਜਿੰਮੇਵਾਰ ਠਹਿਰਾਇਆ। 

ਉਸਨੇ ਅੱਗੇ ਆਖਿਆ,‘‘ਇਸ ਸਭ ਕੁੱਝ ਦੀ ਜਿੰਮੇਵਾਰ ਪੁਲਸ ਹੈ। ਉਨ੍ਹਾਂ ਨੇ ਨਕਸਲਬਾੜੀਆਂ ਨੂੰ ਮਾਰਨ ਲਈ ਟਿੱਲ ਲਾਇਆ ਸੀ, ਪਰ ਉਹ ਪਹਿਲਾਂ ਹੀ ਬਚ ਕੇ ਨਿੱਕਲ ਚੁੱਕੇ ਸਨ। ਪੁਲਸ ਨਕਸਲਬਾੜੀਆਂ ਨੂੰ ਤਾਂ ਮਾਰ ਨਹੀਂ ਸਕੀ, ਪਰ ਉਸਨੇ ਸਾਡੇ ਜੰਗਲਾਂ ਦਾ ਨੁਕਸਾਨ ਕਰ ਦਿੱਤਾ। ਇੱਕ ਵੱਡਾ ਦੁਖਾਂਤ ਵਾਪਰ ਸਕਦਾ ਸੀ ਅਤੇ ਬਹੁਤ ਸਾਰੇ ਆਦਿਵਾਸੀ ਲੋਕ ਮਾਰੇ ਜਾ ਸਕਦੇ ਸਨ।’’

ਬਹੁਤਾ ਚਿਰ ਨਹੀਂ ਹੋਇਆ, ਅਪ੍ਰੈਲ 2021 ਵਿੱਚ ਸੁਰੱਖਿਆ ਬਲਾਂ ’ਤੇ ਡਰੋਨਾਂ ਦੀ ਵਰਤੋਂ ਕਰਨ ਦਾ ਦੋਸ਼ ਲੱਗਿਆ ਸੀ, ਪਰ ਉਸ ਵੇਲੇ ਬੰਬਾਰੀ ਦੇ ਦਾਅਵੇ ਵਜੋਂ ਕੋਈ ਖਬਰ ਨਹੀਂ ਸੀ ਪ੍ਰਾਪਤ ਹੋਈ। ਘਟਨਾ ਦੇ ਕੁੱਝ ਦਿਨਾਂ ਮਗਰੋਂ ਵਿਗੜ ਕੇ ਗਿਰ ਚੁੱਕੇ ਡਰੋਨਾਂ ਦੇ ਨਮੂਨੇ ਬੀਜਾਪੁਰ ਜਿਲ੍ਹੇ ਦੇ ਬੋਟਾਲਿੰਕਾ ਪਿੰਡ ਦੇ ਸਥਾਨਕ ਲੋਕਾਂ ਵੱਲੋਂ ਉਭਾਰੇ ਗਏ ਸਨ। 

ਪਰ ਆਦਿਵਾਸੀਆਂ ਦੇ ਦਾਅਵਿਆਂ ਦਾ ਖੰਡਨ ਕਰਦੇ ਹੋਏ ਬਸਤਰ ਰੇਂਜ ਦੇ ਪੁਲਸ ਦੇ ਆਈ. ਜੀ. ਪੀ. ਸੁੰਦਰ ਰਾਜ ਨੇ ਕਿਹਾ: 

‘‘ਬਾਕੀ ਦੇਸ਼ ਵਾਂਗ ਬਸਤਰ ਵਿੱਚ ਸੁਰੱਖਿਆ ਬਲ ਜਾਨ-ਮਾਲ ਦੀ ਸੁਰੱਖਿਆ ’ਚ ਰੁੱਝੇ ਹੋਏ ਹਨ। ਮਾਓਵਾਦੀ ਹਾਰ ਰਹੇ ਹੋਣ ਦੀ ਮਾਯੂਸੀ ਕਰਕੇ ਸਾਡੇ ਨਕਸ਼ੇ ’ਤੇ ਕਾਲਖ ਫੇਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੇ ਆਗੂ ਜਿਹੜੇ ਸਭ ਬਾਹਰੋਂ ਹਨ, ਆਦਿਵਾਸੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਹੁਣ ਵੇਲਾ ਹੈ ਕਿ ਲੋਕ ਉਨ੍ਹਾਂ ਦੇ ਅਸਲ ਹਿੰਸਕ ਹੁਲੀਏ ਦੀ ਪਛਾਣ ਕਰਨ।’’

ਤਾਂ ਵੀ 2021 ਵਿੱਚ ਸੁਰੱਖਿਆ ਬਲਾਂ ਵੱਲੋਂ ਵਰਤੇ ਜਾ ਰਹੇ ਡਰੋਨਾਂ ਦੀਆਂ ਤਸਵੀਰਾਂ ਉੱਭਰ ਆਉਣ ਮਗਰੋਂ ਛੱਤੀਸਗੜ੍ਹ ਪੁਲਸ ਦੇ ਇੱਕ ਸੀਨੀਅਰ ਅਫ਼ਸਰ ਨੇ ਗੈਰ-ਸਰਕਾਰੀ ਬਾਤਚੀਤ ਦੌਰਾਨ ਕਿਹਾ ਸੀ ਕਿ ਸੁਰੱਖਿਆ ਬਲ ਜੰਗਲਾਂ ਵਿੱਚ ਡਰੋਨਾਂ ਦੀ ਵਰਤੋਂ ਬਾਰੇ ਟੈਸਟ ਕਰ ਰਹੇ ਸਨ। ਉਸਨੇ ਅੱਗੇ ਤਸਦੀਕ ਕੀਤੀ ਕਿ ਉਹ ਕੋਈ ਹਥਿਆਰਾਂ ਨਾਲ ਲੱਦੇ ਹੋਏ ਨਹੀਂ ਸਨ, ਪਰ ਫੌਜੀ ਦਸਤੇ ਛੇਤੀ ਹੀ ਹਥਿਆਰਬੰਦ ਡਰੋਨਾਂ ਦੀ ਵਰਤੋਂ ਕਰਨ ਲਈ ਤਿਆਰ ਹੋ ਸਕਦੇ ਸਨ। 

4 ਕਿਲੋਮੀਟਰ ਦੀ ਦੂਰੀ ’ਤੇ ਰਹਿ ਰਹੇ ਸਥਾਨਕ ਲੋਕ ਕਹਿੰਦੇ ਹਨ,‘‘ਚਮਕਦੀ ਲਾਲ ਰੋਸ਼ਨੀ ਦੇਖੀ’’

ਬੀਜਾਪੁਰ ਜਿਲ੍ਹੇ ਦੇ ਰਸਪਾਲੀ ਪਿੰਡ ਦੇ 35 ਵਰ੍ਹਿਆਂ ਦੇ ਦੇਵਾ ਪੋਡੀਯਾਮੀ ਨੇ ਦਾਅਵਾ ਕੀਤਾ, ‘‘ਮੈਂ ਕਥਿਤ ਡਰੋਨ ਹਮਲੇ ਦੀ ਜਗ੍ਹਾ ਤੋਂ 4 ਕਿਲੋਮੀਟਰ ਦੀ ਦੂਰੀ ’ਤੇ ਰਹਿੰਦਾ ਹਾਂ। ਅੱਧੀ ਰਾਤ ਦੇ ਆਸ-ਪਾਸ ਸੀ, ਜਦ ਜ਼ੋਰਦਾਰ ਧਮਾਕੇ ਸੁਣਾਈ ਦਿੱਤੇ ਅਤੇ ਧਮਾਕਿਆਂ ਕਰਕੇ ਜੰਗਲ ਤੋਂ ਬਹੁਤ ਚਮਕਦਾਰ ਲਾਲ ਰੰਗ ਦੀ ਰੋਸ਼ਨੀ ਦਿਖਾਈ ਦਿੱਤੀ। ਸਵੇਰ ਨੂੰ ਜਦ ਅਸੀਂ ਇਹ ਦੇਖਣ ਲਈ, ਕਿ ਕੀ ਵਾਪਰਿਆ ਹੈ, ਇੱਥੇ ਆਏ, ਅਸੀਂ ਇੱਕ ਵੱਡਾ ਟੋਆ ਦੇਖਿਆ। ਅਸੀਂ ਅਸਮਾਨ ਤੋਂ ਡਿੱਗੇ ਕਿਸੇ ਵੱਡੇ ਬੰਬ ਦਾ ਹਿਸਾਬ ਲਾਇਆ।’’

ਇੱਕ ਹੋਰ ਪੇਂਡੂ ਨੇ ਭੋਲੇ-ਭਾਲੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖਤਰੇ ’ਚ ਪਾਉਣ ਲਈ ਸੁਰੱਖਿਆ ਬਲਾਂ ਨੂੰ ਦੋਸ਼ੀ ਠਹਿਰਾਇਆ । 

ਇੱਕ ਪੇਂਡੂ ਨੇ ਸੁਆਲ ਕੀਤਾ,‘‘ਜੇ ਉਹ ਨਕਸਲਬਾੜੀਆਂ ਨਾਲ ਲੜਾਈ ’ਚ ਪੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਹਮੋ-ਸਾਹਮਣੇ ਆਉਣਾ ਚਾਹੀਦਾ ਹੈ। ਸਾਡੀਆਂ ਜ਼ਿੰਦਗੀਆਂ ਲਈ ਕਿਉ ਖਤਰਾ ਖੜ੍ਹਾ ਕਰਦੇ ਹਨ? ਜੰਗਲ ਨੂੰ ਕਿਉ ਉਜਾੜਦੇ ਹਨ? 

ਇਸ ਮਸਲੇ ’ਤੇ ਕਿਸੇ ਵੱਲੋਂ ਜਾਂਚ-ਪੜਤਾਲ ਕਰਨ ਲਈ ਇੱਕ ਸਬੂਤ ਵਜੋਂ ਪੇਂਡੂ ਲੋਕ ਬੰਬਾਂ ਦਾ ਮਲਬਾ ਇਕੱਠਾ ਕਰ ਲੈਣ ਦਾ ਦਾਅਵਾ ਕਰਦੇ ਹਨ। 

ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਨੇ ਵੀ 15 ਅਪ੍ਰੈਲ ਨੂੰ ਜਾਰੀ ਇੱਕ ਪ੍ਰੈਸ ਨੋਟ ਰਾਹੀਂ ਸੁਰੱਖਿਆ ਬਲਾਂ ਵੱਲੋਂ ਡਰੋਨ ਹਮਲੇ ਦੀ ਨਿਖੇਧੀ ਕੀਤੀ ਹੈ ਅਤੇ ਬਿਆਨ ਕੀਤਾ, ਕਿ ਲਗਭਗ 50 ਥਾਵਾਂ ’ਤੇ ਬੰਬਾਰੀ ਕੀਤੀ ਗਈ ਹੈ। 

ਉਨ੍ਹਾਂ ਨੇ ਅੱਗੇ ਦਰਸਾਇਆ ਕਿ ਕੈਂਪ ਵਿੱਚ ਸੁਰੱਖਿਆ ਬਲਾਂ ਦੀ ਗਿਣਤੀ ਵਧੀ ਹੋਈ ਹੈ ਅਤੇ ਦਾਅਵਾ ਕੀਤਾ ਕਿ ਫੌਜੀ ਦਸਤਿਆਂ ਨੇ ਅਧੁਨਿਕ ਹੈਲੀਕਾਪਟਰਾਂ, ਡਰੋਨਾਂ ਅਤੇ ਹਲਕੇ ਵਿਮਾਨਾਂ ਸਮੇਤ ਭਾਰੀ ਮਾਤਰਾ ’ਚ ਅਸਲੇ ਦੇ ਭੰਡਾਰ ਨਾਲ ਆਪਣੇ ਆਪ ਨੂੰ ਲੈਸ ਕਰ ਰੱਖਿਆ ਹੈ। 

ਬਸਤਰ ਦੇ ਜੰਗਲਾਂ ਵਿੱਚ ਕੀਤੇ ਗਏ ਡਰੋਨ ਹਮਲਿਆਂ ਦੇ ਦਾਅਵਿਆਂ ਬਾਰੇ ਗੱਲ ਕਰਦਿਆਂ ਇੱਕ ਸਰਗਰਮ ਕਾਰਕੰੁਨ ਅਤੇ ਵਕੀਲ ਬੇਲਾ ਭਾਟੀਆ ਨੇ ਕਿਹਾ: 

‘‘ਭਾਰਤ ਸਰਕਾਰ ਨੇ ਜੈਨੇਵਾ ਕਨਵੈਨਸ਼ਨ (1949) ਨੂੰ ਜਾਇਜ਼ ਕਰਾਰ ਦਿੱਤਾ ਹੋਇਆ ਹੈ। ਅਜਿਹੇ ਇਲਾਕਿਆਂ ’ਤੇ ਹਮਲੇ ਜਿੱਥੇ ਸਿਵਲੀਅਨ ਲੋਕ ਵੀ ਵਸਦੇ ਹਨ ਗੈਰ-ਕਾਨੂੰਨੀ ਅਤੇ ਅਨੈਤਿਕ ਹਨ। ਗ੍ਰਹਿ ਵਿਭਾਗ ਨੂੰ ਲਾਜ਼ਮੀ ਹੀ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਸਦੀ ਇਜਾਜ਼ਤ ਕਿਵੇਂ ਦਿੱਤੀ ਗਈ?’’

      (ਦਿ ਕੁਇੰਟ, ਤੋਂ ਅੰਗਰੇਜ਼ੀ ਤੋਂ ਅਨੁਵਾਦ)    

No comments:

Post a Comment