Friday, May 13, 2022

ਫ਼ਿਰਕੂ ਹੱਲੇ ਖ਼ਿਲਾਫ਼ ਆਵਾਜ਼ ਬੁਲੰਦ

 ਫ਼ਿਰਕੂ ਹੱਲੇ ਖ਼ਿਲਾਫ਼ ਆਵਾਜ਼ ਬੁਲੰਦ

ਦਿੱਲੀ ਕਿਸਾਨ ਮੋਰਚੇ ਕਾਰਨ ਭਾਜਪਾ ਅਤੇ ਆਰ.ਐਸ.ਐਸ. ਵੱਲੋਂ ਹਿੰਦੂ ਫਿਰਕਾਪ੍ਰਸਤੀ ਦੇ ਹੱਲੇ ਵਿੱਚ ਤੇਜ਼ੀ ਲਿਆਉਂਦਿਆਂ ਅਪ੍ਰੈਲ ਮਹੀਨੇ ਵਿੱਚ ਰਾਮ ਨੌਮੀ ਤੇ ਹਨੰੂਮਾਨ ਜੈਯੰਤੀ ਮੌਕੇ ਕਈ ਸੂਬਿਆਂ ਅੰਦਰ ਮਿਥ ਕੇ ਮੁਸਲਿਮ ਭਾਈਚਾਰੇ ਨੂੰ ਵਿਸ਼ੇਸ਼ ਨਿਸ਼ਾਨਾ ਬਣਾਇਆ ਗਿਆ। ਮੁਸਲਿਮ ਆਬਾਦੀ ਤੇ ਉਹਨਾਂ ਦੇ ਧਰਮ ਉੱਪਰ ਫ਼ਿਰਕੂ ਫ਼ਾਸ਼ੀ ਹਮਲੇ ਕੀਤੇ ਗਏ। ਉਲਟਾ ਮੁਸਲਿਮ ਭਾਈਚਾਰੇ ਖ਼ਿਲਾਫ਼ ਹੀ ਪੁਲਸ ਕੇਸ ਬਣਵਾਏ ਗਏ ਤੇ ਗਿ੍ਰਫਤਾਰੀਆਂ ਕੀਤੀਆਂ ਗਈਆਂ। ਮਕਾਨ ਤੇ ਦੁਕਾਨਾਂ ਢਾਹੀਆਂ ਗਈਆਂ। ਇਹਨਾਂ ਹਿੰਦੂ ਫਿਰਕੂ ਫ਼ਾਸ਼ੀ ਟੋਲਿਆਂ ਨੂੰ ਕੇਂਦਰੀ ਭਾਜਪਾਈ ਹਕੂਮਤ ਦੀ ਨੰਗੀ ਚਿੱਟੀ ਸਰਪ੍ਰਸਤੀ ਹਾਸਲ ਹੈ। ਸਰਕਾਰ ਦੇ ਨਾਲ ਨਾਲ ਦੇਸ਼ ਦਾ ਸਿਵਲ, ਪੁਿਲਸ ਤੇ ਨਿਆਂ ਪ੍ਰਸਾਸ਼ਨ ਵੀ ਇਨ੍ਹਾਂ ਫ਼ਿਰਕੂ ਅਨਸਰਾਂ ਦੀ ਪਿੱਠ ਥਾਪੜਦਾ ਰਹਿੰਦਾ ਹੈ।

  ਇਸ ਫ਼ਿਰਕੂ ਫਾਸ਼ੀ ਮੁਹਿੰਮ ਖ਼ਿਲਾਫ਼ ਲੋਕ ਮੋਰਚਾ ਪੰਜਾਬ ਵੱਲੋਂ ਬਠਿੰਡਾ ਬਰਨਾਲਾ ਮੁਕਤਸਰ ਅਤੇ ਸੰਗਰੂਰ ਦੇ ਲੱਗਭਗ ਦੋ ਦਰਜਨ ਪਿੰਡਾਂ ਅੰਦਰ ਲੋਕ ਮੋਰਚਾ ਪੰਜਾਬ ਦੇ ਬੈਨਰ ਹੇਠ  ਜਨਤਕ ਇਕੱਤਰਤਾਵਾਂ ਕੀਤੀਆਂ ਗਈਆਂ ਤੇ ਕਈ ਪਿੰਡਾਂ ਵਿਚ ਮਾਰਚ ਵੀ ਕੀਤੇ ਗਏ ਹਨ। ਮਾਰਚ ਵਿੱਚ ਸ਼ਾਮਲ ਮੈਂਬਰਾਂ ਕੋਲ ਫਿਰਕਾਪ੍ਰਸਤੀ ਵਿਰੋਧੀ ਸੁਨੇਹਾ ਦਿੰਦੀਆਂ ਤਖਤੀਆਂ ਫੜੀਆਂ ਹੋਈਆਂ ਸਨ। ਇਨ੍ਹਾਂ ਇਕੱਤਰਤਾਵਾਂ ਵਿੱਚ ਮੋਰਚੇ ਦੇ ਬੁਲਾਰਿਆਂ ਨੇ  ਸਮੂਹ ਲੋਕਾਂ ਨੂੰ ਅਜਿਹੀਆਂ ਕੋਸ਼ਿਸ਼ਾਂ ਤੋਂ ਸੁਚੇਤ ਰਹਿ ਕੇ ਆਪਣੀ ਭਾਈਚਾਰਕ ਸਾਂਝ ਦੀ ਰਾਖੀ ਲਈ ਨਿੱਤਰਨ ਦਾ ਸੱਦਾ ਦਿੱਤਾ ਹੈ। ਇਸ ਸਾਂਝ ਨੂੰ ਅਮਲੀ ਪੱਧਰ ’ਤੇ ਸਾਕਾਰ ਕਰਨ ਲਈ ਲੋਕ ਮੁੱਦਿਆਂ ਉੱਪਰ ਸਾਂਝੇ ਸੰਘਰਸ਼ ਉਸਾਰਨ ਦੇ ਰਾਹ ਪੈਣ ਦਾ ਸੱਦਾ ਦਿੱਤਾ ਹੈ। ਕਿਸਾਨ ਸੰਘਰਸ਼ ਦੇ ਤਜਰਬੇ ਤੋਂ ਸਿੱਖਦੇ ਹੋਏ ਹਕੂਮਤੀ ਨੀਤੀਆਂ ਦੇ ਸਨਮੁੱਖ ਸਮੂਹ ਕਿਰਤੀ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਆਗੂਆਂ ਨੇ ਇਨ੍ਹਾਂ ਘਟਨਾਵਾਂ ਦੇ ਜਿੰਮੇਵਾਰ ਹਿੰਦੂਤਵੀ ਫ਼ਿਰਕੂ ਅਨਸਰਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਗਿ੍ਰਫਤਾਰ ਕਰਨ, ਬੇਦੋਸ਼ੇ ਘੱਟਗਿਣਤੀ ਪੀੜਤਾਂ ਉੱਤੇ ਦਰਜ ਝੂਠੇ ਕੇਸ ਵਾਪਸ ਲੈਣ, ਨੁਕਸਾਨੇ ਗਏ ਜਾਨ-ਮਾਲ  ਦਾ ਮੁਆਵਜ਼ਾ ਦੇਣ ਅਤੇ ਅੱਗੋਂ ਤੋਂ ਅਜਿਹੀਆਂ ਕਾਰਵਾਈਆਂ ਖ਼ਿਲਾਫ਼ ਅਗਾਊਂ ਪੇਸ਼ਬੰਦੀਆਂ ਕਰਨ ਦੀ ਮੰਗ ਕੀਤੀ ਹੈ।   

No comments:

Post a Comment