Friday, May 13, 2022

 ਸਮਾਜਵਾਦੀ ਚੀਨ:

ਸਿੱਖਿਆ ਖੇਤਰ  ਦੀ ਇਨਕਲਾਬੀ ਕਾਇਆ ਪਲਟੀ

ਆਪਣੀ ਸਥਾਪਨਾ ਤੋਂ ਲੈ ਕੇ ਵਿਸ਼ਾਲ ਪੱਧਰ ’ਤੇ ਲੋਕਾਂ ਲਈ ਕੀਤੀਆਂ ਪ੍ਰਾਪਤੀਆਂ ’ਚੋਂ ਇੱਕ, ਸਿੱਖਿਆ ਬਾਰੇ ਹੈ। ਅੱਜ ਯੂਨੀਵਰਸਿਟੀ, ਮਿਡਲ ਅਤੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਦੀ ਗਿਣਤੀ ਕੁੱਲ ਆਬਾਦੀ ਦੇ ਪੰਜਵੇਂ ਹਿੱਸੇ ਤੋਂ ਵੱਧ ਹੈ। ਮੁਕਤੀ ਤੋਂ ਪਹਿਲੇ ਦਿਨਾਂ ਦੀ ਸਿਖਰਲੀ ਗਿਣਤੀ ਦੇ ਮੁਕਾਬਲੇ, ਪ੍ਰਾਇਮਰੀ ਸਕੂਲ ਦੇ ਵਿਦਿਆਰਥੀ 7 ਗੁਣਾ ਅਤੇ ਮਿਡਲ ਸਕੂਲ ਦੇ ਵਿਦਿਆਰਥੀ 24 ਗੁਣਾ ਹੋ ਗਏ ਹਨ। ਸਕੂਲੀ ਉਮਰ ਦੇ ਕੁੱਲ ਬੱਚਿਆਂ ਦੀ 90% ਤੋਂ ਵੱਧ ਗਿਣਤੀ ਮਿਡਲ ਸਕੂਲਾਂ ਵਿਚ ਹੈ। 1974 ਦੇ ਅਖੀਰ ਤੱਕ ਨਵੇਂ ਚੀਨ ਦੀਆਂ ਯੂਨੀਵਰਸਿਟੀਆਂ ਵਿਚੋਂ 1949 ਦੇ ਪਹਿਲਾਂ ਦੇ 20 ਸਾਲਾਂ ਨਾਲੋਂ 12.6 ਗੁਣਾ ਵੱਧ ਗਰੈਜੂਏਸ਼ਨ ਡਿਗਰੀਆਂ ਪ੍ਰਾਪਤ ਕੀਤੀਆਂ ਗਈਆਂ। ਦਿਹਾਤੀ ਖੇਤਰ, ਪਹਾੜੀ ਇਲਾਕਿਆਂ, ਸਰਹੱਦੀ ਖੇਤਰਾਂ ਅਤੇ ਕੌਮੀ ਘੱਟ-ਗਿਣਤੀ ਇਲਾਕਿਆਂ ਵਿੱਚ ਹੋਰ ਵੀ ਵਡੇਰੀ ਤਬਦੀਲੀ ਹੋਈ ਹੈ। ਕੁੱਝ ਕੌਮੀ ਘੱਟ-ਗਿਣਤੀ ਇਲਾਕਿਆਂ, ਜਿੰਨ੍ਹਾਂ ਦੀ ਪਹਿਲਾਂ ਲਿਖਤੀ ਭਾਸ਼ਾ ਵੀ ਨਹੀਂ ਸੀ ਹੁੰਦੀ, ਹਣ ਉੱਥੇ ਪ੍ਰਾਇਮਰੀ ਤੇ ਮਿਡਲ ਸਕੂਲ ਹਨ ਅਤੇ ਹੋਰਨਾਂ ਇਲਾਕਿਆਂ ਦੇ ਵਿਦਿਆਰਥੀ ਯੂਨੀਵਰਸਿਟੀਆਂ ਵਿੱਚ ਹਨ। ਪੁਰਾਣੇ ਚੀਨ ਵਿਚ 10 ਵਿੱਚੋਂ 8 ਵਿਅਕਤੀ ਅਨਪੜ੍ਹ ਸਨ। ਸਾਮਰਾਜਵਾਦ, ਜਗੀਰਦਾਰੀ, ਅਫਸਰਸ਼ਾਹ ਪੂੰਜੀਵਾਦ ਵੱਲੋਂ ਲੁੱਟ ਅਤੇ ਦਾਬੇ ਦੇ ਨਤੀਜੇ ਵਜੋਂ ਪਛੜੇਪਣ ਦੀ ਹਾਲਤ ਦਾ ਅੰਤ ਹੋ ਗਿਆ ਹੈ। 

ਨਵੇਂ ਚੀਨ ਵੱਲੋਂ ਵਾਸਤਵਿਕ ਹਾਲਤਾਂ ਦੀ ਪੂਰਤੀ ਲਈ ਭਿੰਨ ਭਿੰਨ ਤਰ੍ਹਾਂ ਦੇ ਸਕੂਲ ਚਲਾਏ ਜਾਂਦੇ ਹਨ। ਉਚੇਰੀਆਂ ਵਿੱਦਿਅਕ ਸੰਸਥਾਵਾਂ ਅਤੇ ਪ੍ਰਾਇਮਰੀ ਤੇ ਮਿਡਲ ਸਕੂਲਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਫੈਕਟਰੀਆਂ ਵੱਲੋਂ ਚਲਾਏ ਜਾਂਦੇ ਮਜ਼ਦੂਰਾਂ ਦੇ ਕਾਲਜ ਹਨ, ਖੇਤੀ ਫਾਰਮਾਂ ਵੱਲੋਂ ਚਲਾਏ ਜਾਂਦੇ ਕਾਲਜ ਹਨ, ਯੂਨੀਵਰਸਿਟੀ ਵੱਲੋਂ ਥੋੜ੍ਹੇ ਸਮੇਂ ਦੇ ਟਰੇਨਿੰਗ ਕੋਰਸ ਹਨ, ਪੱਤਰ ਵਿਹਾਰ ਕੋਰਸ ਹਨ, ਪੇਸ਼ੇਵਰਾਨਾ ਸਕੂਲ ਹਨ ਅਤੇ ਕਾਸ਼ਤਕਾਰੀ ਲੋਕਾਂ ਲਈ ਅੰਸ਼ਕ-ਕੰਮ ਅੰਸ਼ਕ ਪੜ੍ਹਾਈ ਸਕੂਲ ਅਤੇ ਤਕਨੀਕੀ ਸਕੂਲ ਹਨ। 

ਨਵਾਂ ਚੀਨ ‘ਦੋ ਲੱਤਾਂ ’ਤੇ ਤੁਰਨ’ ਅਨੁਸਾਰ ਸਿੱਖਿਆ ਨੂੰ ਵਿਕਸਤ ਕਰਦਾ ਹੈ। ਇਸ ਦਾ ਅਰਥ ਹੈ ਕਿ ਸਰਕਾਰ ਵੱਲੋਂ ਚਲਾਏ ਜਾਂਦੇ ਸਕੂਲਾਂ ਤੋਂ ਇਲਾਵਾ, ਪੇਂਡੂ ਕਮਿਉੂਨਾਂ ਅਤੇ ਪੈਦਾਵਾਰੀ ਬਰਿਗੇਡਾਂ ਵੱਲੋਂ ਕੁੱਝ ਕੁ ਸਰਕਾਰੀ ਸਹਾਇਤਾ ਨਾਲ ਵੱਡੀ ਗਿਣਤੀ ’ਚ ਪ੍ਰਾਇਮਰੀ ਤੇ ਮਿਡਲ ਸਕੂਲ ਸਥਾਪਤ ਕੀਤੇ ਗਏ ਹਨ। ਹਾਜ਼ਰੀ ਨੂੰ ਆਸਾਨ ਬਣਾਉਣ ਲਈ ਕਲਾਸਾਂ ਦਾ ਪ੍ਰਬੰਧ ਕਿਸਾਨੀ ਅਤੇ ਪੇਂਡੂ ਜੀਵਨ ਦੀਆਂ ਵਿਸ਼ੇਸ਼ਤਾਈਆਂ ਦੇ ਅਨੁਸਾਰ ਕੀਤਾ ਜਾਂਦਾ ਹੈ। ਮਿਸਾਲ ਵਜੋਂ, ਚਲਦੇ-ਫਿਰਦੇ ਸਕੂਲ ਅਤੇ ਸਫਰੀ ਅਧਿਆਪਕ ਹਨ, ਜਿਹੜੇ ਸਿਰਫ ਕੁੱਝ ਕੁ ਪਰਿਵਾਰਾਂ ਵਾਲੇ ਦੂਰ-ਦੁਰਾਡੇ ਦੇ ਪਿੰਡਾਂ ਦੇ ਚੱਕਰ ਲਾਉਦੇ ਹਨ। ‘ਘੋੜ ਦੀ ਸਵਾਰੀ’ ਵਾਲੇ ਸਕੂਲ ਵੀ ਹਨ ਜਿੱਥੇ ਵਾਗੀਆਂ ਤੇ ਉਹਨਾਂ ਦੇ ਬੱਚਿਆਂ ਦੇ ਨਾਲ ਅਧਿਆਪਕ ਚਰਾਂਦਾਂ ’ਚ ਘੁੰਮਦੇ ਹਨ। 

ਚੀਨ ਵਿਚ ਸਿੱਖਿਆ, ਸਕੂਲਾਂ ਵਿੱਚ ਕੈਦ ਨਹੀਂ ਹੈ। ਮਜ਼ਦੂਰ, ਕਿਸਾਨ, ਦਫਤਰੀ ਕਾਮੇ, ਫੌਜੀ, ਕਲਰਕ ਅਤੇ ਗੁਆਂਢ ਦੇ ਸ਼ਹਿਰੀ ਲੋਕ ਸਭ ਤਰ੍ਹਾਂ ਦੇ ਵਿਹਲੇ ਸਮੇਂ ’ਚ ਥੋੜ੍ਹੇ ਸਮੇਂ ਵਾਲੀਆਂ ਪੜ੍ਹਾਈ ਦੀਆਂ ਕਲਾਸਾਂ ਅਤੇ ਰਾਤਾਂ ਦੇ ਸਿਆਸੀ ਸਕੂਲਾਂ ਸਮੇਤ ਸੁਚੇਤ ਸਿੱਖਿਆ ਪ੍ਰੋਗਰਾਮਾਂ ਰਾਹੀਂ ਆਪਣੇ ਵਿੱਦਿਅਕ ਪੱਧਰ ਨੂੰ ਉੱਚਾ ਚੁੱਕ ਰਹੇ ਹਨ ਜਾਂ ਇਨਕਲਾਬੀ ਸਿਧਾਂਤ ਦੀ ਪੜ੍ਹਾਈ ਕਰ ਰਹੇ ਹਨ।

ਸਿੱਖਿਆ ਵਿੱਚ ਇਨਕਲਾਬ ਸੱਚਮੁੱਚ ਸਿਰਫ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੌਰਾਨ ਹੀ ਸ਼ੁਰੂ ਹੋਇਆ ਅਤੇ ਅਜੇ ਜਾਰੀ ਰਹਿ ਰਿਹਾ ਹੈ। ਇਸ ਦਾ ਤੱਤ ਚੇਅਰਮੈਨ ਮਾਓ ਦੀਆਂ ਸਿੱਖਿਆਵਾਂ ਦੀ ਰੌਸ਼ਨੀ ’ਚ, ਪੁਰਾਣੇ ਵਿੱਦਿਅਕ ਸਿਸਟਮ  ਅਤੇ ਇਸ ਦੇ ਅਸੂਲਾਂ ਨੂੰ ਅਤੇ ਅਧਿਆਪਨ ਦੇ ਢੰਗਾਂ ਦੀ ਕਾਇਆ ਕਲਪ ਕਰਨਾ ਹੈ। 

ਸਿੱਖਿਆ ਨੂੰ ਹਰ ਹਾਲ ਪ੍ਰੋਲੇਤਾਰੀ ਸਿਆਸਤ ਦੀ ਸੇਵਾ ਕਰਨੀ ਚਾਹੀਦੀ ਹੈ, ਅਤੇ ਪੈਦਾਵਾਰੀ ਕਿਰਤ ਨਾਲ ਸੰਮਿਲਤ ਕੀਤੀ ਜਾਣੀ  ਚਾਹੀਦੀ ਹੈ। ਅਤੇ ਜਿਹੜਾ ਵੀ ਸਿੱਖਿਆ ਨੂੰ  ਪ੍ਰਾਪਤ ਕਰਦਾ ਹੈ, ਸਾਡੀ ਵਿੱਦਿਅਕ ਨੀਤੀ ਹਰੇਕ ਨੂੰ ਸਦਾਚਾਰਕ ਪੱਖੋਂ, ਬੌਧਿਕ ਪੱਖੋਂ ਅਤੇ ਸਰੀਰਕ ਪੱਖੋਂ ਵਿਕਸਿਤ ਕਰਨ ਅਤੇ ਸਮਾਜਵਾਦੀ ਚੇਤਨਾ ਤੇ ਸੱਭਿਆਚਾਰ, ਦੋਹਾਂ ਪੱਖੋਂ ਹਰ ਹਾਲ ਯੋਗ ਬਣਾਵੇ। 

ਸਕੂਲੀ ਵਿੱਦਿਆ ਹੁਣ ਜਮਾਤ ਦੇ ਕਮਰਿਆਂ ’ਚ ਕੈਦ ਨਹੀਂ ਹੈ। ਸ਼ਹਿਰ ਅਤੇ ਪਿੰਡ ਦੇ ਪ੍ਰਾਇਮਰੀ ਤੇ ਮਿਡਲ ਸਕੂਲਾਂ ਨੇ ਨਜ਼ਦੀਕੀ ਫੈਕਟਰੀਆਂ, ਜਨ ਕਮਿਊਨਾਂ ਅਤੇ ਫੌਜੀ ਯੂਨਿਟਾਂ ਨਾਲ ਕਰੀਬੀ ਰਿਸ਼ਤੇ ਸਥਾਪਤ ਕੀਤੇ ਹੋਏ ਹਨ, ਜਿਹੜੇ ਅਸਲ ਵਿਚ ਵੱਡੇ ਜਮਾਤ-ਕਮਰੇ ਬਣੇ ਹੋਏ ਹਨ। ਜਿੱਥੇ ਹਾਲਤਾਂ ਇਜਾਜ਼ਤ ਦਿੰਦੀਆਂ ਹਨ, ਕਈ ਪ੍ਰਾਇਮਰੀ ਤੇ ਮਿਡਲ ਸਕੂਲਾਂ ਨੇ ਛੋਟੀਆਂ 2 ਫੈਕਟਰੀਆਂ ਤੇ ਫਾਰਮ ਖੋਲ੍ਹ ਰੱਖੇ ਹਨ, ਅੰਸ਼ਕ ਸਮੇਂ ਵਾਲੇ  ਅਧਿਆਪਕਾਂ ਵਜੋਂ ਮਜ਼ਦੂਰਾਂ, ਕਿਸਾਨਾਂ ਤੇ ਫੌਜੀਆਂ ਨੂੰ ਬੁਲਾਵਾ ਦਿੰਦੇ ਹਨ। ਯੂਨੀਵਰਸਿਟੀਆਂ ਨੇ ਅਧਿਆਪਨ, ਵਿਗਿਆਨਕ ਖੋਜ ਅਤੇ ਉਤਪਾਦਕ ਕਿਰਤ ਦੇ ਸੁਮੇਲ ਵਾਲਾ ਨਵਾਂ ਸਿਸਟਮ ਕਾਇਮ ਕੀਤਾ ਹੈ। ਇਸ ਦਾ ਅਰਥ ਹੈ ਕਿ ਫੈਕਟਰੀਆਂ ਅਤੇ ਜਨ ਕਮਿਊਨਾਂ ਨਾਲ ਨਿਰੰਤਰ ਮੇਲ-ਜੋਲ ਸਥਾਪਤ ਕੀਤਾ ਗਿਆ ਹੈ ਅਤੇ ਸਕੂਲ ਆਵਦੀਆਂ ਫੈਕਟਰੀਆਂ ਤੇ ਫਾਰਮ ਚਲਾਉਦੇ ਹਨ। ਉਦਾਰ ਕਲਾਵਾਂ ਦੇ ਵਿਦਿਆਰਥੀ ਸਮਾਜ ਨੂੰ ਆਪਣੀ ਇੱਕ ਫੈਕਟਰੀ ਮੰਨਦੇ ਹਨ, ਫੈਕਟਰੀਆਂ, ਕਮਿਊਨਾਂ ਅਤੇ ਟਰੇਡ ਜਥੇਬੰਦੀਆਂ ਸਮਾਜਕ ਸਰਵੇ ਕਰਨ ਅਤੇ ਮਜ਼ਦੂਰਾਂ ਕਿਸਾਨਾਂ ਤੇ ਸੈਨਿਕਾਂ ਤੋਂ ਸਿੱਖਣ ਲਈ ਜਾਂਦੇ ਹਨ। ਤਿੰਨ ਮਹਾਨ ਇਨਕਲਾਬੀ ਲਹਿਰਾਂ -ਜਮਾਤੀ ਸੰਘਰਸ਼, ਪੈਦਾਵਾਰ ਲਈ ਸੰਘਰਸ਼ ਅਤੇ ਵਿਗਿਆਨਕ ਤਜਰਬਿਆਂ ਵਿਚ ਸਿੱਧੀ ਸ਼ਮੂਲੀਅਤ ਰਾਹੀਂ ਉਹ ਉਦਾਰ ਕਲਾਵਾਂ ਨੂੰ ਖਾੜਕੂ ਰੋਲ ਵਜੋਂ ਹਰਕਤਸ਼ੀਲ ਹੋਣ ਦੇ ਯੋਗ ਬਣਾਉਦੇ ਹਨ। 

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਨਅਤੀ ਕਾਮਿਆਂ ਤੇ ਕਿਸਾਨਾਂ ਦੇ ਬਰਾਬਰ ਕੰਮ ਕਰਨ ਨਾਲ ਉਨ੍ਹਾਂ ’ਚ ਕਿਰਤੀ ਲੋਕਾਂ ਪ੍ਰਤੀ ਡੂੰਘੀਆਂ ਭਾਵਨਾਵਾਂ ਵਿਕਸਤ ਹੁੰਦੀਆਂ ਹਨ ਅਤੇ ਸਿਖਦੇ ਹਨ ਕਿ ਉਨ੍ਹਾਂ ਦੀ ਹਕੀਕੀ ਸੇਵਾ ਦੇ ਕੀ ਅਰਥ ਹਨ।  ਅਧਿਆਪਕਾਂ ਤੇ ਵਿਦਿਆਰਥੀਆਂ ’ਚ ਸਾਥੀਆਨਾ ਰਿਸ਼ਤਾ ਬਣਦਾ ਹੈ, ਜਿਹੜੇ ਇਨਕਲਾਬੀ ਅਤੇ ਜਮਹੂਰੀ ਭਾਵਨਾਵਾਂ ’ਚ ਅਜ਼ਾਦੀ ਨਾਲ ਬਹਿਸ ਵਿਚਾਰ ਅਤੇ ਵਿਚਾਰ-ਵਟਾਂਦਰਾ ਕਰਨ ਲੱਗਦੇ ਹਨ। 

ਸਿੱਖਿਆ ਅਤੇ ਇਸ ਦੀ ਰਹਿਨੁਮਾਈ ਕਰਦੀ ਸਿਆਸੀ ਲੀਹ ਦੇ ਇਨਕਲਾਬੀਕਰਨ, ਪ੍ਰੋਲੇਤਾਰੀ ਸਿਆਸਤ ਦੀ ਸੇਵਾ ਵਾਲੀ ਵਿਚਾਰਧਾਰਾ, ਸਮਾਜਵਾਦੀ ਇਨਕਲਾਬ ਅਤੇ ਉਸਾਰੀ ਨੂੰ ਉੱਭਰਵਾਂ ਸਥਾਨ ਦੇਣ ਅਤੇ ਪ੍ਰੋਲੇਤਾਰੀ ਇਨਕਲਾਬੀ ਕਾਜ਼ ਲਈ ਵਾਰਸਾਂ ਦੀ ਟਰੇਨਿੰਗ ਲਈ ਨਵੀਂ ਅਧਿਆਪਨ ਸਮੱਗਰੀ ਵਿਚ ਚੇਅਰਮੈਨ ਮਾਓ  ਦੇ ਵਿਚਾਰਾਂ ਦੀ ਰੂਹ ਫੂਕਣ ਲਈ ਵੱਡੀ ਪੱਧਰ ’ਤੇ ਯਤਨ ਕੀਤੇ ਗਏ ਹਨ। 

ਯੂਨੀਵਰਸਿਟੀ  ਦਾਖਲਾ ਸਿਸਟਮ ਵਿੱਚ ਬੁਨਿਆਦੀ ਤਬਦੀਲੀ ਕੀਤੀ ਗਈ ਹੈ। ‘ਕਿਤਾਬੀ ਗਿਆਨ ਪ੍ਰਮੁੱਖ’ ਦਾ ਪੈਮਾਨਾ, ਜਿਹੜਾ ਅਨਿਆਈਂ ਰੂਪ ’ਚ ਕਿਰਤੀ ਲੋਕਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਯੂਨੀਵਰਸਿਟੀ ਜਾਣ ਦੇ ਰਾਹ ’ਚ ਰੋੜਾ ਸੀ, ਨੂੰ ਤਿਆਗ ਦਿੱਤਾ ਗਿਆ ਹੈ। ਸਿਰਫ਼ ਸੀਨੀਅਰ ਮਿਡਲ ਸਕੂਲ ਵਿਦਿਆਰਥੀਆਂ ਲਈ ਦਾਖਲੇ ਦੀ ਖੁੱਲ੍ਹ ਦੀ ਬਜਾਏ ਨਵੇਂ ਵਿਦਿਆਰਥੀਆਂ ਦੀ ਚੋਣ ਆਮ ਤੌਰ ’ਤੇ ਮਜ਼ਦੂਰਾਂ, ਕਿਸਾਨਾਂ ਤੇ ਸੈਨਿਕਾਂ ਵਿੱਚੋਂ  ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਦੋ ਜਾਂ ਵੱਧ ਸਾਲ ਅਮਲੀ ਕੰਮ ਕੀਤਾ ਹੁੰਦਾ ਹੈ ਅਤੇ ਜਨਤਾ ਵੱਲੋਂ ਸਿਫ਼ਾਰਸ਼ ਕੀਤੀ ਹੋਵੇ, ਆਪਣੇ ਇਲਾਕੇ ਜਾਂ ਯੂਨਿਟ ਦੀ ਲੀਡਰਸ਼ਿੱਪ ਵੱਲੋਂ ਪ੍ਰਵਾਨਗੀ ਹੋਵੇ। ਤਜਰਬੇ ਦੇ ਧਨੀ ਵੱਡੀ ਉਮਰ ਦੇ ਮਜ਼ਦੂਰਾਂ, ਕਿਸਾਨਾਂ ਅਤੇ ਇਲਾਕਾਈ ਕਾਡਰ ਨੂੰ ਵੀ ਵਿਚਾਰਿਆ ਜਾਂਦਾ ਹੈ, ਭਾਵੇਂ ਉਹਨਾਂ ਨੇ ਉਮਰ ਦੀ ਹੱਦ ਲੰਘਾ ਲਈ ਹੋਵੇ ਅਤੇ ਲੋੜੀਂਦੀ ਸਕੂਲੀ ਪੜ੍ਹਾਈ ਨਾ ਵੀ ਹੋਵੇ। 

ਅੱਜ ਮਜ਼ਦੂਰ ਅਤੇ ਕਿਸਾਨ ਇਨਕਲਾਬੀ ਅਧਿਆਪਕਾਂ ਨਾਲ ਮਿਲ ਕੇ ਸਿੱਖਿਆ ਦੀ ਕਾਇਆਕਲਪ ਕਰਨ ਅਤੇ ਜਮਾਤੀ ਜੱਦੋਜਹਿਦ ਤੇ ਪੈਦਾਵਾਰ ਦੀਆਂ  ਲੋੜਾਂ ਦੀ ਪੂਰਤੀ ਲਈ ਚੇਅਰਮੈਨ  ਮਾਓ ਦੇ ਆਦੇਸ਼ਾਂ ਦਾ ਪਾਲਣ ਕਰ ਰਹੇ ਹਨ। ਮਜਦੂਰਾਂ ਕਿਸਾਨਾਂ ਤੇ ਸੈਨਿਕਾਂ ਵੱਲੋਂ ਭਾਸ਼ਣ ਦਿੱਤੇ ਜਾਂਦੇ ਹਨ। ਸੱਭਿਆਚਾਰਕ ਇਨਕਲਾਬ ਦੀ ਪਾਣ ਚੜ੍ਹਨ ਮਗਰੋਂ ਅਧਿਆਪਕਾਂ ਦਾ ਮਾਨਸਿਕ ਨਜ਼ਰੀਆ ਬਹੁਤ ਬਦਲ ਗਿਆ ਹੈ ਅਤੇ ਕਈ ਆਪਣੇ ਖੇਤਰਾਂ ’ਚ ਨਵੇਂ ਯੋਗਦਾਨ ਪਾ ਰਹੇ ਹਨ। 

ਸੱਭਿਆਚਾਰਕ ਇਨਕਲਾਬ ਦੌਰਾਨ ਦਾਖਲ ਹੋਏ ਪਹਿਲੀ ਮਜ਼ਦੂਰ-ਕਿਸਾਨ-ਸੈਨਿਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗਰੈਜੂਏਸ਼ਨ ਕਰ ਲਈ ਹੈ। ਉਹਨਾਂ ਨੇ ਉੱਚ ਪੱਧਰ ਦੀ ਸਿਆਸੀ ਚੇਤਨਾ ਹਾਸਲ ਕੀਤੀ ਹੈ ਅਤੇ ਪੁਰਾਣੀਆਂ ਯੂਨੀਵਰਸਿਟੀਆਂ ਤੋਂ ਆਏ ਗਰੈਜੂਏਟਾਂ ਨਾਲੋਂ ਆਪਣੇ ਪੇਸ਼ੇਵਾਰਾਨਾ ਹੁਨਰ ਚੰਗੇਰੇ ਸਿੱਖੇ ਹਨ। ਕਈ ਸੈਂਕੜੇ ਫੈਕਟਰੀਆਂ ਅਤੇ ਇੱਕ ਦਰਜਨ ਪ੍ਰਾਂਤਾਂ ਤੇ ਮਿਊਂਸਪੈਲਟੀਆਂ ’ਚ ਕੰਮ ਕਰ ਰਹੇ ਸਿੰਗਹੂਆ ਯੂਨੀਵਰਸਿਟੀ ਤੋਂ ਆਏ ਵਿਦਿਆਰਥੀਆਂ ਨੇ ਗਰੈਜੂਏਸ਼ਨ ਤੋਂ ਪਹਿਲੇ ਅਭਿਆਸ ਵਜੋਂ 360 ਤੋਂ ਵੱਧ ਪ੍ਰੋਜੈਕਟਾਂ ਦੀ ਉਸਾਰੀ ਦੇ ਕੰਮ ਨੂੰ ਹੱਥ ਲਿਆ। ਮੁਕੰਮਲ ਹੋਣ ’ਤੇ ਉਨ੍ਹਾਂ ’ਚੋਂ ਇੱਕ-ਤਿਹਾਈ ਪ੍ਰੋਜੈਕਟਾਂ ਦੀ ਦੇਸ਼ ਵਿੱਚ ਵਿਕਸਤ ਪੱਧਰ ’ਤੇ ਪਹੁੰਚੇ ਹੋਣ ਵਜੋਂ ਪਰਖ ਹੋਈ ਅਤੇ ਉਹਨਾਂ ਵਿਚੋਂ 80 ਫੀਸਦੀ ਨੂੰ ਢੁੱਕਵੀਆਂ  ਸਨਅਤਾਂ ਵਿਚ ਅਪਣਾਇਆ ਗਿਆ। 

ਮਿਡਲ ਸਕੂਲ ਤੋਂ ਸਿੱਧੇ ਕਾਲਜ ਵਿਚ ਜਾਣ ਦੀ ਬਜਾਏ ਵਿਦਿਆਰਥੀ ਹੁਣ  ਸਾਧਾਰਨ ਕਿਸਾਨਾਂ, ਮਜ਼ਦੂਰਾਂ ਜਾਂ ਸੈਨਿਕਾਂ ਵਜੋਂ ਕੰਮ ਕਰਨ ਅਤੇ ਉਹਨਾਂ ਤੋਂ ਮੁੜ ਸਿੱਖਿਆ ਲੈਣ ਲਈ  ਦਿਹਾਤੀ ਇਲਾਕਿਆਂ, ਫੈਕਟਰੀਆਂ ਵਿੱਚ ਜਾਂਦੇ ਹਨ, ਜਾਂ ਫੌਜ ਵਿਚ ਭਰਤੀ ਹੁੰਦੇ ਹਨ।  ਸੱਭਿਆਚਾਰਕ ਇਨਕਲਾਬ ਦੇ ਸ਼ੁਰੂ ਹੋਣ ਵੇਲੇ ਤੋਂ ਹੀ 10 ਮਿਲੀਅਨ ਮਿਡਲ ਸਕੂਲ ਗਰੈਜੂਏਟ ਦਿਹਾਤੀ ਖੇਤਰਾਂ ’ਚ ਜਾ ਚੁੱਕੇ ਹਨ ਅਤੇ ਸਮਾਜਵਾਦੀ ਚੇਤਨਾ ਦੇ ਰੰਗ ’ਚ ਰੰਗੇ ਹੋਏ ਪੜ੍ਹੇ ਲਿਖੇ ਕਿਸਾਨਾਂ ਦੀ ਨਵੀਂ ਸੰਤਾਨ ਬਣ ਗਏ ਹਨ। ਨਵੇਂ ਸਮਾਜਵਾਦੀ ਦਿਹਾਤੀ ਖੇਤਰ ਦੀ ਉਸਾਰੀ ’ਚ ਉਹਨਾਂ ਦਾ ਯੋਗਦਾਨ ਮਹੱਤਵਪੂਰਨ ਹੈ। ਉਹ ਲੁਟੇਰੀ ਜਮਾਤ ਦੇ ਸਦੀਆਂ ਪੁਰਾਣੇ ਵਿਚਾਰਾਂ ਅਤੇ ਰੀਤੀ-ਰਿਵਾਜਾਂਵਿਚਾਰ, ਜਿਹੜੇ ਕਿਸਾਨਾਂ ਨੂੰ ਅਤੇ ਕਿਰਤ ਨੂੰ ਘਿਰਣਾ ਕਰਦੇ ਸਨਨੂੰ ਹੂੰਝਣ ’ਚ ਮਦਦ ਕਰਨ ਰਾਹੀਂ ਮਹੱਤਵਪੂਰਨ ਹਿੱਸਾ ਪਾ ਰਹੇ ਹਨ। ਇਸ ਨਾਲ ਸਹਿਜੇ ਸਹਿਜੇ ਸਨਅਤ ਤੇ ਖੇਤੀ ਵਿਚਕਾਰ, ਸ਼ਹਿਰ ਤੇ ਪਿੰਡ ਵਿਚਕਾਰ, ਦਿਮਾਗੀ ਤੇ ਸਰੀਰਕ ਕੰਮ ਵਿਚਕਾਰ ਵਖਰੇਵਿਆਂ ਨੂੰ ਖਤਮ ਕਰਨ ’ਚ ਮਦਦ ਮਿਲ ਰਹੀ ਹੈ। 

ਸਿੱਖਿਆ ਵਿੱਚ ਇਨਕਲਾਬ, ਇਸ ਦੀਆਂ ਅਨੇਕਾਂ ਸਫਲਤਾਵਾਂ ਦੇ ਬਾਵਜੂਦ ਅਜੇ ਪ੍ਰਯੋਗ ਦੇ ਪੜਾਅ ’ਤੇ ਹੈ। ਇਸ ਦਾ ਮਕਸਦ ਸੋਧਵਾਦ ਖਿਲਾਫ ਲੜਾਈ ਤੇ ਇਸ ਦੇ ਅੱਗੇ ਰੋਕ ਬਣਨਾ, ਪ੍ਰੋਲੇਤਾਰੀ ਇਨਕਲਾਬੀ ਕਾਜ਼ ਲਈ ਲੱਖਾਂ ਵਾਰਸਾਂ ਦੀ ਸਿਖਲਾਈ ਕਰਨੀ, ਸਮਾਜਵਾਦੀ ਇਨਕਲਾਬ ਤੇ ਉਸਾਰੀ ਦੀ ਰਫ਼ਤਾਰ ਵਧਾਉਣੀ ਅਤੇ ਯਕੀਨੀ ਕਰਨਾ ਹੈ ਕਿ ਸਮਾਜਵਾਦੀ ਚੀਨ ਆਪਣਾ ਸਿਆਸੀ ਰੰਗ ਬਦਲੇਗਾ ਨਹੀਂ। 

( ਪੁਸਤਕ  ‘‘ਚੀਨ ਵਿੱਚ ਸਿੱਖਿਆ’’   ’ਚੋਂ ਇੱਕ ਪਾਠ)

(ਅੰਗਰੇਜ਼ੀ ਤੋਂ ਅਨੁਵਾਦ)   

No comments:

Post a Comment