Friday, May 13, 2022

ਮੁਸਲਿਮ ਭਾਈਚਾਰੇ ’ਤੇ ਹੋ ਰਹੇ ਫਿਰਕੂ ਹਮਲਿਆਂ ਖਿਲਾਫ਼ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ

 ਮੁਸਲਿਮ ਭਾਈਚਾਰੇ ’ਤੇ ਹੋ ਰਹੇ ਫਿਰਕੂ ਹਮਲਿਆਂ  ਖਿਲਾਫ਼ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ

ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਹਿੰਦੂ ਤਿਉਹਾਰਾਂ ਨੂੰ ਵਰਤ ਕੇ ਮੁਲਕ ਦੇ ਘੱਟ ਗਿਣਤੀ ਮੁਸਲਿਮ ਭਾਈਚਾਰੇ ਨੂੰ ਫ਼ਿਰਕੂ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਜਪਾ ਹਕੂਮਤ ਵੱਲੋਂ 10 ਅਪਰੈਲ ਨੂੰ ਰਾਮਨੌਮੀ ਅਤੇ 16 ਅਪ੍ਰੈਲ ਨੂੰ ਹਨੰੂਮਾਨ ਜਯੰਤੀ ਵਾਲੇ ਦਿਨ ਮੁਲਕ ਦੇ ਵੱਖ ਵੱਖ ਹਿੱਸਿਆਂ ’ਚ ਹੋਏ ਪ੍ਰੋਗਰਾਮਾਂ ਨੂੰ ਫਿਰਕੂ ਰੰਗਤ ਦਿੱਤੀ ਗਈ ਹੈ। ਭਾਜਪਾਈ ਫਿਰਕਾਪ੍ਰਸਤਾਂ ਵੱਲੋਂ ਗਿਣ ਮਿਥ ਕੇ ਸ਼ੋਭਾ ਯਾਤਰਾਵਾਂ ਮੁਸਲਿਮ ਆਬਾਦੀ ਵਾਲੇ ਖੇਤਰਾਂ ਵਿੱਚੋਂ ਦੀ ਕੱਢੀਆਂ ਗਈਆਂ ਹਨ। ਮੱਧ ਪ੍ਰਦੇਸ਼ ’ਚ ਰਾਮ ਨੌਮੀ ਵਾਲੇ ਦਿਨ ਕੱਢੀ ਗਈ ਸ਼ੋਭਾ ਯਾਤਰਾ ’ਚ ਸ਼ਾਮਲ ਹਿੰਦੂ ਫਿਰਕਾਪ੍ਰਸਤਾਂ ਦੇ ਹੱਥਾਂ ਵਿੱਚ ਤਲਵਾਰਾਂ, ਡੰਡੇ ਤੇ ਹੋਰ ਮਾਰੂ ਹਥਿਆਰ ਸਨ ਜਿਨ੍ਹਾਂ ਨੇ ਖਰਗੌਨ ਇਲਾਕੇ ’ਚ ਮੌਜੂਦ ਇੱਕ ਮਸੀਤ ਉਤੇ ਝੰਡਾ ਝੁਲਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਖ਼ਿਲਾਫ਼ ਮੰਦੀ ਸ਼ਬਦਾਵਲੀ  ਦਾ ਪ੍ਰਯੋਗ ਕਰਕੇ ਫਿਰਕੂ ਦੰਗੇ ਭੜਕਾਉਣ ਦੀ ਕੋਸ਼ਿਸ਼ ਵੀ ਕੀਤੀ। ਇਸੇ ਤਰ੍ਹਾਂ ਦੀਆਂ ਘਟਨਾਵਾਂ ਗੁਜਰਾਤ, ਛੱਤੀਸਗੜ੍ਹ, ਯੂਪੀ ਤੇ ਦਿੱਲੀ ਦੇ ਵਿੱਚ ਵੀ ਵਾਪਰੀਆਂ ਹਨ। ਭਾਜਪਾਈ ਹਾਕਮਾਂ ਵੱਲੋਂ ਇਨ੍ਹਾਂ ਫਿਰਕੂ ਘਟਨਾਵਾਂ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ’ਤੇ ਬਣਦੀ ਕਾਰਵਾਈ ਕਰਨ ਦੀ ਬਜਾਏ ਉਲਟਾ ਮੁਸਲਿਮ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ’ਤੇ ਪਰਚੇ ਦਰਜ ਕੀਤੇ ਗਏ ਹਨ ਜੇਲ੍ਹਾਂ ’ਚ ਸੁੱਟਿਆ ਗਿਆ ਹੈ ਅਤੇ ਮੱਧ ਪ੍ਰਦੇਸ਼ ਦੇ ਖਰਗੌਨ ਅਤੇ ਦਿੱਲੀ ਦੇ ਜਹਾਂਗੀਰਪੁਰੀ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਘਰਾਂ ਨੂੰ ਬੁਲਡੋਜ਼ਰ ਚਲਾ ਕੇ ਢਾਹਿਆ ਗਿਆ ਹੈ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ ਇੱਕ ਬਿਆਨ ਰਾਹੀਂ ਮੁਸਲਿਮ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਦੇ ਘਰ ਢਾਹੁਣ ਦੀ ਚਿਤਾਵਨੀ ਵੀ ਦਿੱਤੀ ਸੀ। ਇਸੇ ਤਰ੍ਹਾਂ ਰਾਮ ਨੌਮੀ ਵਾਲੇ ਦਿਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਅਤੇ ਦਿੱਲੀ ਯੂਨੀਵਰਸਿਟੀ ’ਚ ਵੀ ਫਿਰਕੂ ਅਨਸਰਾਂ ਵੱਲੋਂ ਹੋਸਟਲਾਂ ’ਚ ਮੀਟ ਬਣਾਏ ਜਾਣ ਦਾ ਬਹਾਨਾ ਬਣਾ ਕੇ ਵਿਦਿਆਰਥੀ  ਕਾਰਕੁੰਨਾਂ ਉਤੇ ਹਮਲੇ ਕੀਤੇ ਗਏ ਹਨ। ਇਹ ਸਾਰੀ ਕਸਰਤ ਕਈ ਸੂਬਿਆਂ ਦੇ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾਈ ਚੋਣਾਂ ਅਤੇ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਧਿਆਨ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ, ਸਿਹਤ ਪ੍ਰਬੰਧ ਦੀਆਂ ਖਾਮੀਆਂ ਵੱਲ ਨਾ ਜਾਵੇ ਤੇ ਉਨ੍ਹਾਂ ਨੂੰ ਸਿਰਫ਼ ਹਿੰਦੂ ਮੁਸਲਿਮ ਦੇ ਮਸਲੇ ’ਚ ਉਲਝਾ ਕੇ ਰੱਖਿਆ ਜਾ ਸਕੇ। ਹਿੰਦੂ ਮੁਸਲਿਮ ਫਿਰਕੂ ਪਾਟਕਾਂ ਦੇ ਬਹਾਨੇ ਮੁਲਕ ਦੇ ਅਹਿਮ ਖੇਤਰਾਂ ’ਚ ਜਲ, ਜੰਗਲ, ਜ਼ਮੀਨ, ਸਿਹਤ, ਸਿੱਖਿਆ ਆਦਿ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। 

ਇਨ੍ਹਾਂ ਫਿਰਕੂ ਹਮਲਿਆਂ ਦੇ ਖਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਵੱਲੋਂ ਪੰਜਾਬ ਭਰ ਦੀਆਂ ਵਿੱਦਿਅਕ ਸੰਸਥਾਵਾਂ ਦੇ ਵਿੱਚ ਰੋਸ ਪ੍ਦਰਸ਼ਨ ਕੀਤੇ ਗਏ। ਇਹ ਪ੍ਦਰਸ਼ਨ ਯੂਨੀਵਰਸਿਟੀ ਕਾਲਜ ਮੂਨਕ, ਯੂਨੀਵਰਸਿਟੀ ਕਾਲਜ ਬਹਾਦਰਪੁਰ, ਯੂਨੀਵਰਸਿਟੀ ਕਾਲਜ ਜੈਤੋ, ਯੂਨੀਵਰਸਿਟੀ ਕਾਲਜ ਘੁੱਦਾ, ਟੀ ਪੀ ਡੀ ਕਾਲਜ ਰਾਮਪੁਰਾ ਫੂਲ, ਸਰਕਾਰੀ ਰਣਬੀਰ ਕਾਲਜ ਸੰਗਰੂਰ, ਸਰਕਾਰੀ ਕਿਰਤੀ ਕਾਲਜ ਨਿਆਲ-ਪਾਤੜਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਹੋਏ ਹਨ। ਇਨ੍ਹਾਂ ਪ੍ਦਰਸ਼ਨਾਂ ’ਚ ਇੱਕ ਮਤੇ ਰਾਹੀਂ ਯੂ ਜੀ ਸੀ ਤੇ ਭਾਰਤੀ ਤਕਨੀਕੀ ਸਿੱਖਿਆ ਕੌਂਸਲ ਦੇ ਵੱਲੋਂ 22 ਅਪ੍ਰੈਲ ਨੂੰ ਇੱਕ ਪੱਤਰ ਜਾਰੀ ਕਰਕੇ ਭਾਰਤੀ ਵਿਦਿਆਰਥੀਆਂ ਦੇ ਪਾਕਿਸਤਾਨ ਵਿੱਚ ਪੜ੍ਹਾਈ ਕਰਨ ਲਈ ਜਾਣ ’ਤੇ ਰੋਕ ਲਾਉਣ ਅਤੇ ਫਿਰਕੂ ਮੁਹਿੰਮ ਤਹਿਤ ਸੀ ਬੀ ਐੱਸ ਈ ਬੋਰਡ ਵੱਲੋਂ ਮੌਜੂਦਾ ਸੈਸ਼ਨ ਲਈ ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਕਲਾਸਾਂ ਦੇ ਸਿਲੇਬਸ ਨੂੰ ਬਦਲਣ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਅਜਿਹੇ ਫ਼ਿਰਕੂ ਕਦਮ ਫੌਰੀ ਵਾਪਸ ਲੈਣ ਦੀ ਮੰਗ ਕੀਤੀ ਗਈ।  ਇਸ ਤਰ੍ਹਾਂ ਹੀ ਇੱਕ ਹੋਰ ਵਿਦਿਆਰਥੀ ਜਥੇਬੰਦੀ, ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵੀ ਪੰਜਾਬ ਦੀਆਂ ਕਈ ਵਿੱਦਿਅਕ  ਸੰਸਥਾਵਾਂ ’ਚ ਰੋਸ ਪ੍ਰਦਰਸ਼ਨ ਕੀਤੇ ਜਾਣ ਦੀਆਂ ਖ਼ਬਰਾਂ ਹਾਸਲ ਹੋਈਆਂ ਹਨ। ਇਹਨਾਂ ਸਰਗਰਮੀਆਂ ਰਾਹੀਂ ਪੰਜਾਬ ਦੇ ਵਿੱਦਿਆਰਥੀਆਂ ਨੇ ਇੱਕ ਲੋਕ ਪੱਖੀ ਜਮਹੂਰੀਂ ਆਵਾਜ਼ ਵਜੋਂ ਆਪਣਾ ਬਣਦਾ ਫਰਜ਼ ਅਦਾ ਕੀਤਾ ਹੈ।      

No comments:

Post a Comment