Sunday, December 7, 2014

ਬਰਤਾਨੀਆ ਵਿੱਚ ਨਾਟੋ ਸਿਖਰ ਸੰਮੇਲਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ


ਬਰਤਾਨੀਆ ਵਿੱਚ ਨਾਟੋ ਸਿਖਰ ਸੰਮੇਲਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ 
30 ਅਗਸਤ ਨੂੰ ਵੇਲਜ਼ ਅਤੇ ਬਰਤਾਨੀਆ ਦੇ ਹੋਰ ਭਾਗਾਂ ਤੋਂ ਕਈ ਹਜ਼ਾਰ ਲੋਕ ਨਿਊਪੋਰਟ ਦੇ ਸਿਵਿਕ ਸੈਂਟਰ ਕੋਲ ਇਕੱਤਰ ਹੋਏ। ਉਨ੍ਹਾਂ ਨੇ ''ਕੋਈ ਨਵੀਂ ਜੰਗ ਨਹੀਂ, ਨਾਟੋ ਨਹੀਂ'' ਦੇ ਨਾਅਰੇ ਵਾਲੇ ਬੈਨਰ ਹੇਠ ਨਿਊਪੋਰਟ ਦੀਆਂ ਸੜਕਾਂ ਉਤੇ ਇੱਕ ਜੋਸ਼-ਭਰਪੂਰ ਪ੍ਰਦਰਸ਼ਨ ਕੀਤਾ ਅਤੇ ਇਸ ਦੇ ਅੰਤ ਵਿੱਚ ਇੱਕ ਰੈਲੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਨਾਟੋ ਸਿਖਰ ਸੰਮੇਲਨ ਦੀ ਨਿੰਦਾ ਕੀਤੀ ਅਤੇ ਇਸਨੂੰ ''ਬਾਲਟਿਕ, ਪੂਰਬੀ ਯੂਰਪ, ਮੱਧ-ਪੂਰਬ ਅਤੇ ਹੋਰ ਇਲਾਕਿਆਂ ਵਿੱਚ ਨਾਟੋ ਦੀ ਹਮਲਾਵਰ ਕਾਬਲੀਅਤ ਵਧਾਉਣ ਵਾਸਤੇ ਅਪਰਾਧਿਕ ਸੰਰਚਨਾ ਸਥਾਪਤ ਕਰਨ ਵਾਸਤੇ ਇੱਕ ਸਾਜ਼ਿਸ਼'' ਕਿਹਾ। 
ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਪਰ੍ਹੇ ਰੱਖਣ ਵਾਸਤੇ ਕੈਲਟਿਕ ਸੈਂਟਰ ਦੇ ਆਲੇ-ਦੁਆਲੇ 12 ਮੀਲ ਲੰਬੀ ਲੋਹੇ ਦੀ ਕੰਡੇਦਾਰ ਵਾੜ ਲਾਈ ਹੋਈ ਸੀ ਵੇਲਜ਼ ਦੇ ਸਮੁੰਦਰ ਨਾਲ ਲਗਦੇ ਤੱਟ ਰਾਹੀਂ ਪ੍ਰਦਰਸ਼ਨਕਾਰੀਆਂ ਨੂੰ ਆਉਣ ਤੋਂ ਰੋਕਣ ਵਾਸਤੇ ਨਾਟੋ ਨੇ ਵੱਡੇ ਸਮੁੰਦਰੀ ਬੇੜੇ ਤਾਇਨਾਤ ਕੀਤੇ ਗਏ ਸਨ। ਅੰਦਾਜੇ ਅਨੁਸਾਰ ਇਸ ਸਿਖਰ ਸੰਮੇਲਨ ਦੇ ਨੇੜੇ-ਤੇੜੇ ਜਲੂਸ ਆਦਿ ਕੱਢੇ ਜਾਣ ਤੋਂ ਰੋਕਣ ਵਾਸਤੇ ਸੁਰੱਖਿਆ ਪ੍ਰਬੰਧਾਂ ਉਤੇ ਕੋਈ 550 ਲੱਖ ਪੋਂਡ ਖਰਚ ਕੀਤੇ ਗਏ ਸਨ। 
ਹੋਰ ਐਕਸ਼ਨਾਂ ਦੇ ਨਾਲ ਨਾਲ ਮੁਜ਼ਾਹਰਾਕਾਰੀਆਂ ਨੇ ਨਿਊਪੋਰਟ ਦੇ ਟਰੈਡਾਗਾਰ ਪਾਰਕ ਵਿੱਚ ਇਸ ਸਿਖਰ ਸੰਮੇਲਨ ਦੇ ਵਿਰੋਧ ਵਿੱਚ ਇੱਕ ਅਮਨ ਮੋਰਚਾ ਲਾਇਆ ਹੋਇਆ ਸੀ।
ਬਰਤਾਨੀਆ, ਆਇਰਲੈਂਡ, ਯੂਰਪ, ਰੂਸ, ਯੂਕਰੇਨ ਅਤੇ ਅਮਰੀਕਾ ਤੋਂ ਆਏ ਜੰਗ ਵਿਰੋਧੀ ਲਹਿਰ ਦੇ ਪ੍ਰਤੀਨਿਧਾਂ ਨੇ ਇਸ ਪ੍ਰਦਰਸ਼ਨ ਅਤੇ ਰੈਲੀ ਵਿੱਚ ਭਾਗ ਲਿਆ ਅਤੇ ਨਾਟੋ ਵਿਰੋਧੀ ਬੈਠਕਾਂ ਨੂੰ ਸੰਬੋਧਨ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਨਾਟੋ ਅਤੇ ਇਸਦੇ ਮੈਂਬਰ ਦੇਸ਼ਾਂ ਦੀਆਂ ਸਰਕਾਰਾਂ ਦੀਆਂ ਜੰਗ ਫਰੋਸ਼ ਨੀਤੀਆਂ ਦੀ ਨਿਖੇਧੀ ਕੀਤੀ ਅਤੇ ਇਨ੍ਹਾਂ ਨੀਤੀਆਂ ਨੂੰ ਗਰੀਬੀ, ਬੇਰੁਜ਼ਗਾਰੀ, ਨਾ-ਬਰਾਬਰਤਾ ਅਤੇ ਅਸੁਰੱਖਿਆ ਵਾਸਤੇ ਜ਼ਿੰਮੇਵਾਰ ਠਹਿਰਾਇਆਂ। ਉਨ੍ਹਾਂ ਕਿਹਾ ਕਿ ਨਾਟੋ ਦੇਸ਼ਾਂ ਦੇ ਵਿਸ਼ਾਲ ਫੌਜੀ ਬਜਟ ਦੇ ਪੈਸੇ ਨਾਲ ਇਹ ਮਸਲੇ ਕਾਫੀ ਹੱਦ ਤੱਕ ਦੂਰ ਹੋ ਸਕਦੇ ਹਨ, ਸਭ ਨੂੰ ਸਿਖਿਆ ਅਤੇ ਸਿਹਤ ਸੇਵਾ ਪ੍ਰਦਾਨ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਸਾਮਰਾਜਵਾਦੀ ਤਾਕਤਾਂ ਵਲੋਂ ਦੁਨੀਆਂ ਦੇ ਲੋਕਾਂ ਨੂੰ ਹੋਰ ਲੁੱਟਣ ਅਤੇ ਆਪਣੇ ਇਰਾਦੇ ਪੂਰੇ ਕਰਨ ਵਾਸਤੇ ਜੰਗਾਂ ਲਾਉਣ ਅਤੇ ਸਾਡੇ ਨੌਜਵਾਨਾਂ ਨੂੰ ਇਨ੍ਹਾਂ ਵਿੱਚ ਤੋਪਾਂ ਦਾ ਚਾਰਾ ਬਣਾਏ ਜਾਣ ਦੀ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਿਆ ਕੀਤੀ। ਇਰਾਕ, ਗਾਜ਼ਾ, ਫਲਸਤੀਨ, ਯੂਕਰੇਨ, ਸੀਰੀਆ ਅਤੇ ਅਫ਼ਗਾਨਿਸਤਾਨ ਵਿੱਚ ਅਮਰੀਕਾ ਅਤੇ ਉਸਦੇ ਮਿੱਤਰਾਂ ਦੀ ਭੂਮਿਕਾ ਦੀ ਖੂਬ ਨਿਖੇਧੀ ਕੀਤੀ ਗਈ। ਬੁਲਾਰਿਆਂ ਨੇ ਯੂਕਰੇਨ ਦੇ ਦੱਖਣ-ਪੂਰਬੀ ਇਲਾਕੇ ਵਿੱਚ ਆਪਣੀ ਪ੍ਰਭੂਸਤਾ ਅਧਿਕਾਰਾਂ ਵਾਸਤੇ ਸੰਘਰਸ਼ ਕਰ ਰਹੇ ਲੋਕਾਂ ਉਪਰ ਕੀਤੇ ਜਾ ਰਹੇ ਵਹਿਸ਼ੀ ਹਮਲਿਆਂ ਦੀ ਨਿੰਦਾ ਕੀਤੀ।
ਫਲਸਤੀਨੀ ਭਾਈਚਾਰਾ ਮੁਹਿੰਮ ਦੀ ਇੱਕ ਪ੍ਰਤੀਨਿਧ ਨੇ ਦੱਸਿਆ ਕਿ ਨਾਟੋ ਵਲੋਂ ਸਾਊਦੀ ਅਰਬ ਅਤੇ ਇਸਰਾਇਲ ਨੂੰ ਹਥਿਆਰ ਸਪਲਾਈ ਕੀਤੇ ਜਾਂਦੇ ਹਨ, ਅਮਰੀਕਾ ਵਲੋਂ ਇਜ਼ਰਾਈਲ ਨੂੰ ਹਰ ਸਾਲ 3 ਅਰਬ ਡਾਲਰ ਤੋਂ ਵੀ ਜਿਆਦਾ ਫੌਜੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਇਹ ਕਿ ਇਜ਼ਰਾਈਲ ਦੀ ਫੌਜ ਦੁਨੀਆਂ ਵਿੱਚ ਚੌਥੇ ਸਥਾਨ ਉਤੇ ਹੈ। ਉਸਨੇ ਬੜੇ ਜਜ਼ਬਾਤੀ ਹੋ ਕੇ ਵਰਨਣ ਕੀਤਾ ਕਿ ਗਾਜ਼ਾ ਵਿੱਚ ਇਜ਼ਰਾਈਲ ਵਲੋਂ ਨਸਲਕੁਸ਼ੀ ਵਿੱਚ ਕਈ ਹਜ਼ਾਰ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਲੱਖਾਂ ਲੋਕਾਂ ਦੀ ਬਰਬਾਦੀ ਹੋਈ ਹੈ ਅਤੇ ਉਸਨੇ ਨਾਟੋ ਦੇ ਆਗੂਆਂ ਵਲੋਂ ਇਜ਼ਰਾਈਲ ਦੀ ਗਾਜ਼ਾ, ਪੱਛਮੀ ਤੱਟ ਅਤੇ ਪੂਰਬੀ ਜੇਰੂਸ਼ਲਮ ਦੇ ਇਲਾਕਿਆਂ ਵਿੱਚ ਪਸਾਰਵਾਦੀ ਨੀਤੀ ਨੂੰ ਹੱਲਾਸ਼ੇਰੀ ਦਿੱਤੇ ਜਾਣ ਦੀ ਨਿਖੇਧੀ ਕੀਤੀ।
ਹੋਰ ਬੁਲਾਰਿਆਂ ਨੇ ਲੋਕਾਂ ਨੂੰ ਯਾਦ ਦਿਲਾਇਆ ਕਿ ਬਰਤਾਨਵੀ-ਅਮਰੀਕੀ ਨਾਟੋ ਤਾਕਤਾਂ ਜੰਗ ਨੂੰ ਜਾਇਜ਼ ਠਹਿਰਾਉਣ ਵਾਸਤੇ ਝੂਠ ਦੀ ਵਰਤੋਂ ਕਰਦੀਆਂ ਹਨ। ਉਹ ਨਿਤਨੇਮ ਨਾਲ ''ਰੂਸੀ ਖ਼ਤਰੇ'' ,''ਆਈ.ਐਸ.ਆਈ.ਐਸ ਖ਼ਤਰੇ'', ''ਹਮਾਸ ਖ਼ਤਰੇ'' ਦਾ ਪ੍ਰਚਾਰ ਕਰਦੇ ਹਨ ਪਰ ਇਹ ਵੱਡੀਆਂ ਸਾਮਰਾਜਵਾਦੀ ਤਾਕਤਾਂ ਅਤੇ ਉਨ੍ਹਾਂ ਦਾ ਗਠਬੰਧਨ, ਨਾਟੋ ਹੀ ਹੈ ਜੋ ਸੱਭ ਤੋਂ ਵਧੇਰੇ ਖ਼ਤਰੇ ਦੇ ਜੜ੍ਹ ਹਨ ਅਤੇ ਇਨ੍ਹਾਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ।  ਵਿਖਾਵਾਕਾਰੀਆਂ ਨੇ ਸਰਬਸੰਮਤੀ ਨਾਲ ਦ੍ਰਿੜ ਵਿਸ਼ਵਾਸ਼ ਦਾ ਪ੍ਰਗਟਾਵਾ ਕੀਤਾ ਕਿ ''ਸਿਰਫ਼ ਅਸੀਂ ਹੀ, ਯਾਨੀ ਲੋਕ ਹੀ ਇਤਿਹਾਸ ਦੀ ਦਿਸ਼ਾ ਬਦਲ ਸਕਦੇ ਹਾਂ ਅਤੇ ਜੰਗਾਂ ਨੂੰ ਰੋਕ ਸਕਦੇ ਹਾਂ''। 
ਇਸ ਤੋਂ ਬਾਅਦ, ਦੋ ਵਿਰੋਧੀ ਸਿਖਰ ਸੰਮੇਲਨ ਜਥੇਬੰਦ ਕੀਤੇ ਗਏ। ਨਾਟੋ, ਜੰਗ ਅਤੇ ਫੌਜੀਕਰਣ ਦੇ ਖਿਲਾਫ਼ ਲਹਿਰ ਨੂੰ ਮਜ਼ਬੂਤ ਕਰਨ ਵਾਸਤੇ ਅਤੇ ਯੂਰਪ ਭਰ ਵਿੱਚ ਆਉਣ ਵਾਲੇ ਸਮੇਂ ਵਿੱਚ ਸਾਂਝੇ ਐਕਸ਼ਨ ਕਰਨ ਦੀ ਯੋਜਨਾ ਬਣਾਉਣ ਵਾਸਤੇ। ਇਨ੍ਹਾਂ ਕਾਨਫ਼ਰੰਸਾਂ ਵਿੱਚ ਇਨ੍ਹਾਂ ਸੱਚਾਈਆਂ ਨੂੰ ਉਘਾੜਿਆ ਗਿਆ ਕਿ ਦੁਨੀਆਂ ਦੇ ਹਰ ਹਿੱਸੇ ਵਿੱਚ ਅਰਾਜਕਤਾ, ਤਬਾਹੀ ਅਤੇ ਜੰਗ ਦੇ ਪਿੱਛੇ ਅਮਰੀਕਾ ਅਤੇ ਉਸਦੇ ਸ਼ਕਤੀਸ਼ਾਲੀ ਭਾਈਵਾਲ ਅਤੇ ਉਨ੍ਹਾਂ ਦੇ ਅਪਰਾਧੀ ਗਠਬੰਧਨ, ਨਾਟੋ, ਹੀ ਹਨ।
ਇਨ੍ਹਾਂ ਵਿਰੋਧ ਵਿਖਾਵਿਆਂ ਦੇ ਅੰਤ ਵਿੱਚ 4 ਸਤੰਬਰ ਨੂੰ ਨਾਟੋ ਸਿਖਰ ਸੰਮੇਲਨ ਵਾਲੀ ਜਗ੍ਹਾ ਤੱਕ ਇੱਕ ਮਾਰਚ ਕੀਤਾ ਗਿਆ ਅਤੇ ਕਾਰਡਿਫ ਕਾਸਲ, ਜਿੱਥੇ ਨਾਟੋ ਦੇ ਆਗੂਆਂ ਦੀ ਇੱਕ ਦਾਅਵਤ ਚੱਲ ਰਹੀ ਸੀ, ਦੇ ਸਾਹਮਣੇ ਇੱਕ ਵਿਖਾਵਾ ਕੀਤਾ ਗਿਆ। ਮੁਜ਼ਾਹਰਾਕਾਰੀਆਂ ਨੇ ਇਸ ਦਾਅਵਤ ਨੂੰ ''ਮੌਤ ਦੀ ਦਾਅਵਤ'' ਦਾ ਨਾਮ ਦਿੱਤਾ। ਇਸ ਮਾਰਚ ਵਿਚ ਕੋਈ 2500 ਲੋਕਾਂ ਨੇ ਭਾਗ ਲਿਆ। ਉਨ੍ਹਾਂ ਦੇ ਨਾਅਰੇ ਸਨ: ''ਲੋਕ ਭਲਾਈ ਨਾ ਕਿ ਜੰਗ'' ,''ਪ੍ਰਮਾਣੂ ਨਾਟੋ-ਦਫਾ ਹੋਵੇ'', ''ਨਾਟੋ ਨੂੰ ਰੋਕੋ'' ਆਦਿ। ਮੁਜ਼ਾਹਰਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਨਾਟੋ ਸਿਖਰ ਸੰਮੇਲਨ ਇੱਕ ਭਿਆਨਕ ਵਿਸ਼ਵ ਯੁੱਧ ਦੀ ਤਿਆਰੀ ਹੈ। ਉਨ੍ਹਾਂ ਨੇ ਇਹ ਵੀ ਸਮਝਾਇਆ ਕਿ ਨਾਟੋ ਵਲੋਂ ਜੰਗਾਂ ਦੀਆਂ ਤਿਆਰੀਆਂ ਅਤੇ ਨਾਟੋ ਦੇ ਮੈਂਬਰ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਚੁੱਕੇ ਗਏ ਕਠੋਰਤਾ ਦੇ ਕਦਮਾਂ, ਯਾਨੀ ਜਨਤਕ ਸੇਵਾਵਾਂ ਉਪਰ ਕਟੌਤੀਆਂ, ਵਿਚਕਾਰ ਸਿੱਧਾ ਸਬੰਧ ਹੈ। ਪ੍ਰਦਰਸ਼ਨਕਾਰੀਆਂ ਵਲੋਂ ਮੰਗ ਉਠਾਈ ਗਈ ਕਿ ਉਨ੍ਹਾਂ ਦੀਆਂ ਸਰਕਾਰਾਂ ਜੰਗੀ ਮਸ਼ੀਨਰੀ ਦੀ ਬਜਾਇ ਜਨਤਾ ਉਤੇ ਖਰਚਾ ਕਰਨ। 
(ਧੰਨਵਾਦ ਸਹਿਤ ਮਜ਼ਦੂਰ ਏਕਤਾ ਲਹਿਰ) 

No comments:

Post a Comment